Friday, 3 November 2017

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਨਵੰਬਰ 2017)

ਪਾਕਿਸਤਾਨੀ ਕਹਾਣੀ
ਜਤੀ ਸਤੀ
 
- ਅਮੀਨ ਮਲਿਕ 
ਉਹ ਆਪਣੇ ਹਾਣ ਦੇ ਬਾਲਾਂ ਨਾਲ ਛੱਪੜ ਕੰਢੇ ਮਿੱਟੀ ਗੋਹ ਕੇ ਆਕੇ ਬਾਕੇ ਪਾ ਰਹੀ ਸੀ। ਅਜੇ ਖੇਡ ਨਹੀਂ ਸੀ ਮੁੱਕੀ। ਅਜੇ ਉਹਨੇ ਮਿੱਟੀ ਦੇ ਬਾਵੇ ਨੂੰ ਅੱਖਾਂ ਲਾਉਣੀਆਂ ਸਨ। ਨਾਲੇ ਘੁੱਗੂ ਘੋੜੇ ਬਣਾਉਣੇ ਸਨ, ਪਰ ਉਹਦੇ ਪਿਉ ਮੌਲਵੀ ਖ਼ੈਰ ਦੀਨ ਨੇ ਬਾਹੋਂ ਫੜ ਕੇ ਆਖਿਆ, ''ਉੱਠ ਪਓ ਮੇਰੀ ਧੀ, ਆ ਜਾ ਘਰ ਚੱਲੀਏ।'' ਹਾਣ ਦੇ ਬਾਲਾਂ ਨਾਲ ਭੋਏਂ ਤੇ ਬਹਿ ਕੇ ਗਿੱਲੀ ਮਿੱਟੀ ਦੇ ਆਲੇ ਭੋਲੇ ਛੱਡ ਕੇ ਘਰ ਦੀਆਂ ਕੰਧਾਂ ਉਹਲੇ ਕੈਦ ਹੋਣ ਨੂੰ ਕਿਸ ਦਾ ਜੀ ਕਰਦਾ? ਉਹ ਬੜਾ ਰੋਈ, ਬੜਾ ਖਹਿੜਾ ਕੀਤਾ ਅਤੇ ਮਿੱਟੀ ਨਾਲ ਲਿਬੜੇ ਹੋਏ ਨਿੱਕੇ ਨਿੱਕੇ ਹੱਥਾਂ ਨਾਲ ਆਪਣੇ ਪਿਉ ਕੋਲੋਂ ਬਾਂਹ ਛੁਡਾ ਕੇ ਆਪਣੇ ਬਾਵੇ ਨੂੰ ਮੁਕੰਮਲ ਕਰਨ ਦੀ ਇੱਛਾ ਲਈ ਤਰਲੇ ਲੈਂਦੀ ਰਹੀ। ਪਰ ਮੌਲਵੀ ਖ਼ੈਰ ਦੀਨ ਨੇ ਬਦੋਬਦੀ ਚੁੱਕ ਕੇ ਉਹਨੂੰ ਗਲ਼ ਨਾਲ ਲਾ ਲਿਆ। ਬਾਲੜੀ ਨੇ ਆਪਣੇ ਪਿਉ ਦੀ ਚੁੱਪ ਨੂੰ ਸੁੰਘ ਕੇ ਉਹਦੇ ਮੂੰਹ ਵੱਲ ਵੇਖਿਆ ਤੇ ਖਿਡਾਉਣੇ ਭੁੱਲ ਗਈ। ਖੇਡ ਖਰਾਬ ਹੋ ਜਾਏ ਤੇ ਆਸਾਂ ਦੇ ਬਾਵੇ ਟੁੱਟ ਹੀ ਜਾਂਦੇ ਨੇ। ਖ਼ੈਰ ਦੀਨ ਦੀਆਂ ਅੱਖਾਂ 'ਚ ਅੱਥਰੂ ਵੇਖ ਕੇ ਉਹਨੂੰ ਆਪਣਾ ਦੁੱਖ ਭੁੱਲ ਗਿਆ। ਉਹਦੀ ਉਮਰ ਐਡੀ ਨਹੀਂ ਸੀ ਕਿ ਆਪਣੇ ਪਿਉ ਨੂੰ ਰੋਣ ਦਾ ਕਾਰਨ ਪੁੱਛ ਸਕਦੀ। ਰੋਂਦੇ ਪਿਉ ਨੂੰ ਵੇਖ ਕੇ ਸਾਰੇ ਹੀ ਮਿੱਟੀ ਦੇ ਬਾਵੇ ਟੁੱਟ ਭੱਜ ਗਏ ਤੇ ਉਹ ਪਿਉ ਦੇ ਹੰਝੂਆਂ ਦੇ ਹੜ੍ਹ ਵਿਚ ਵੜ ਕੇ ਡੁੱਬ ਗਈ। ਉਹਨੂੰ ਰੋਂਦੀ ਵੇਖ ਕੇ ਖ਼ੈਰ ਦੀਨ ਆਪਣਾ ਦੁੱਖ ਭੁੱਲ ਕੇ ਵੀ ਧੀ ਦੇ ਦੁੱਖ ਨਾਲ ਰੂੰ ਵਾਂਗ ਤੁੰਬਿਆ ਗਿਆ। ਕੀਹਦੇ ਆਸਰੇ ਜੀਵੇਗੀ ਇਹ ਭੋਰਾ ਭਰ ਬਾਲੜੀ? ਘਰ ਅੱਪੜ ਕੇ ਵੇਖਿਆ ਤੇ ਉਸ ਨਿੱਕੀ ਜਿਹੀ ਜਾਨ ਨੂੰ ਹੋਰ ਕਮਲ਼ ਪੈ ਗਿਆ। ਵਿਹੜਾ ਜ਼ਨਾਨੀਆਂ ਨਾਲ ਭਰਿਆ ਹੋਇਆ ਸੀ। ਕੁਝ ਚੌਂਤਰੇ ਦੀ ਕੰਧ ਉੱਤੇ ਬਹਿ ਕੇ ਰੋ ਰਹੀਆਂ ਸਨ ਤੇ ਬਹੁਤੀਆਂ ਸਕੀਆਂ ਸੋਧਰੀਆਂ ਮੰਜੀ ਦੀਆਂ ਹੀਆਂ ਫੜ ਕੇ ਵੈਣ ਪਾ ਰਹੀਆਂ ਸਨ। ਇਹ ਸਾਰਾ ਕੁੱਝ ਵੇਖ ਕੇ ਇਕ ਨਿੱਕੀ ਜਿਹੀ ਮਾਂ ਮਹਿਟਰ ਨੇ ਚਾਂਗਰਾਂ ਮਾਰੀਆਂ ਤੇ ਉਹਦੀ ਫੁੱਫੀ ਨੇ ਆਖਿਆ, ''ਵੇਖ ਖ਼ੈਰ ਦੀਨਾ! ਸੁਗਰਾਂ ਨੂੰ ਕਾਹਨੂੰ ਲੈ ਆਂਦਾ ਈ। ਏਸ ਮਾਸੂਮ ਨੂੰ ਖੇਡਣ ਦੇਣਾ ਸੀ ਜਿੱਥੇ ਖੇਡ ਰਹੀ ਸੀ। ਇਹ ਸਹਿਮ ਹੁਣ ਕੌਣ ਵੇਖੇਗਾ।''
ਸੁਗਰਾਂ ਹੌਲੀ ਹੌਲੀ ਮੰਜੀ ਦੇ ਕੋਲ ਗਈ। ਆਲੇ ਦਆਲੇ ਹਰ ਜ਼ਨਾਨੀ ਵੱਲ ਵੇਖਿਆ ਕਿਸੇ ਵੀ ਜ਼ਨਾਨੀ ਦਾ ਮੂੰਹ ਉਹਦੀ ਮਾਂ ਵਰਗਾ ਨਹੀਂ ਸੀ। ਜਿਸ ਦਾ ਮੂੰਹ ਉਹਦੀ ਮਾਂ ਵਰਗਾ ਸੀ ਉਹ ਇਕ ਲਾਸ਼ ਸੀ ਜਿਹੜੀ ਅੱਖਾਂ ਮੀਟ ਕੇ ਸੁਗਰਾਂ ਦੀ ਦੁਨੀਆਂ ਨੂੰ ਹਨੇਰ ਕਰ ਗਈ ਸੀ। ਸੁਗਰਾਂ ਨੇ ਮਿੱਟੀ ਨਾਲ ਲਿਬੜੇ ਹੋਏ ਨਿੱਕੇ ਨਿੱਕੇ ਹੱਥਾਂ ਨਾਲ ਮਾਂ ਦੇ ਮੂੰਹ ਨੂੰ ਫੜ ਕੇ 'ਬੇਬੇ' ਆਖਿਆ ਤੇ ਪੱਥਰ ਵੀ ਪਾਣੀ ਬਣ ਕੇ ਰੁੜ੍ਹ ਗਏ। ਕਈਆਂ ਨੂੰ ਸੁਗਰਾਂ ਦੇ ਦੁੱਖ ਨੇ ਦਾਹਦੜ ਕੀਤਾ ਤੇ ਕਈਆਂ ਨੇ ਸੁਗਰਾਂ ਨੂੰ ਸ਼ੀਸ਼ਾ ਬਣਾ ਕੇ ਆਪਣੇ ਸੱਲ ਵੇਖ ਲਏ। ਹਰ ਇਕ ਨੇ ਕਿਸੇ ਨਾ ਕਿਸੇ ਗ਼ਮ ਦੀ ਫਾਹੀ ਗਲ ਪਾ ਕੇ ਆਪਣੇ ਆਪ ਨੂੰ ਲਮਕਾਇਆ।
ਐਵੇਂ ਚਾਰ ਹੀ ਦਿਹਾੜੇ ਢਿੱਲੀ ਮੱਠੀ ਜਿਹੀ ਹੋ ਕੇ ਮੰਜੀ 'ਤੇ ਪਈ ਸੁਗਰਾਂ ਦੀ ਮਾਂ ਆਪਣੀ ਜਵਾਨੀ ਦੀਆਂ ਬਹਾਰਾਂ ਨਾਲ ਲੈ ਕੇ ਪੰਜਾਂ ਵਰ੍ਹਿਆ ਦੀ ਧੀ ਨੂੰ ਦੁਨੀਆਂ ਦੇ ਰੰਗ ਵੇਖਣ ਨੂੰ ਛੱਡ ਗਈ।
ਮੌਲਵੀ ਖ਼ੈਰ ਦੀਨ ਨਿੱਕੇ ਜਿਹੇ ਪਿੰਡ ਦੀ ਨਿੱਕੀ ਜਿਹੀ ਮਸੀਤ ਦਾ ਮੌਲਵੀ ਸੀ। ਨਿੱਕੀ ਮਸੀਤ ਦਾ ਮੌਲਵੀ ਕਿਹੜਾ ਵੱਡਾ ਆਦਮੀ ਹੁੰਦਾ ਏ? ਕੰਮ ਕਾਰ ਤੋਂ ਰਹੇ ਹੋਏ ਮਸੀਤ ਦੀਆਂ ਸਫ਼ਾਂ ਹੰਢਾਵਣ ਵਾਲੇ ਪੰਜ ਸੱਤ ਬੁੱਢੇ ਠੇਰੇ ਹੀ ਨਮਾਜ਼ ਪੜ੍ਹਨ ਆਉਂਦੇ ਸਨ, ਜਿਹੜੇ ਆਪਣੀਆਂ ਨੂੰਹਾਂ ਦੀਆਂ ਚੁਗਲੀਆਂ ਕਰਨ ਦੀ 'ਅੱਯਾਸ਼ੀ' ਵੀ ਮਸੀਤੇ ਹੀ ਕਰ ਲੈਂਦੇ ਸਨ। ਜਾਂ ਕਦੀ ਕਦੀ ਉਹ ਲੋਕੀਂ ਆ ਜਾਂਦੇ ਸਨ ਜਿਹਨਾਂ ਨੇ ਨਮਾਜ਼ਾਂ ਸੁੱਖੀਆਂ ਹੁੰਦੀਆਂ ਸਨ ਕਿ ਰੱਬਾ ਹੱਕ ਸ਼ੁਫੇ ਦਾ ਕੇਸ ਮੇਰੇ ਹੱਕ 'ਚ ਕਰਦੇ, ਮੈਂ ਚਾਲੀ ਦਿਨ ਨਮਾਜ਼ ਪੜ੍ਹਾਂਗਾ। ਜੇ ਮੁਕੱਦਮਾ ਪਹਿਲਾਂ ਹੀ ਹਾਰ ਜਾਵੇ ਤੇ ਨਮਾਜ਼ਾਂ ਦਾ ਚਾਲੀਹਾ ਵੀ ਵਿਚੇ ਹੀ ਰਹਿ ਜਾਂਦਾ ਸੀ। ਉਂਜ ਵੀ ਮਸੀਤ ਵਿਚ ਮੌਲਵੀ ਦੀ ਟਹਿਲ ਐਵੇਂ ਤੋਕੜ ਮੱਝ ਵਰਗੀ ਹੀ ਹੁੰਦੀ ਏ। ਬੜੇ ਵੀ ਕਰਮਾਂ ਵਾਲੇ ਘਰਾਂ 'ਚ ਮੁੰਡਾ ਜੰਮੇ ਤੇ ਕੰਨ 'ਚ ਬਾਂਗ ਦੇਣ ਦਾ ਮੁੱਲ ਗੁੜ ਦੀ ਰੋੜੀ ਤੇ ਸਵਾ ਰੁਪਈਆ ਹੀ ਪੈਂਦਾ ਸੀ।
ਤਾਪ ਜਿਹੀ ਬਿਮਾਰੀ ਤੇ ਗ਼ਰੀਬਾਂ ਨੂੰ ਕੁੱਝ ਵੀ ਨਹੀਂ ਆਖਦੀ, ਜਾਂ ਗਰੀਬ ਹੁੰਦੇ ਈ ਐਡੇ ਢੀਠ ਨੇ ਕਿ ਤਾਪ ਕੋਲੋਂ ਢੱਠਦੇ ਹੀ ਨਹੀਂ। ਮੌਲਵੀ ਖ਼ੈਰ ਦੀਨ ਦੀ ਬੀਬੀ ਜੈਨਬ ਜਦੋਂ ਬਿਲਕੁਲ ਹੀ ਹੰਭ ਗਈ ਤੇ ਮੰਜੀ ਉੱਤੇ ਪੈ ਗਈ। ਮੀਆਂ ਖ਼ੈਰ ਦੀਨ ਹਕੀਮ ਕਰੀਮ ਬਖਸ਼ ਵੱਲ ਗਿਆ ਪਰ ਗਰੀਬ ਦੀ ਨਬਜ਼ 'ਤੇ ਹਕੀਮ ਕਰੀਮ ਬਖਸ਼ ਜਿਹਾ ਗਰੀਬ ਵੀ ਨਹੀਂ ਜਾਂਦਾ। ਉਸ ਨੇ ਉਥੋਂ ਹੀ ਓਪਰੀਆਂ ਜਿਹੀਆਂ ਗੱਲਾਂ ਸੁਣ ਕੇ ਦੁੱਧ ਨਾਲ ਖਾਣ ਨੂੰ ਦੇ ਛੱਡੀਆਂ ਚਾਰ ਪੂੜੀਆਂ। ਘੜੇ ਦੇ ਪਾਣੀ ਨਾਲ ਅਜੇ ਤਿੰਨ ਹੀ ਖਾਧੀਆਂ ਸਨ ਕਿ ਇਕ ਪੁੜੀ ਆਪਣੀ ਆਖ਼ਰੀ ਨਿਸ਼ਾਨੀ ਛੱਡ ਕੇ ਜੈਨਬ ਅੱਖਾਂ ਮੀਟ ਗਈ।
ਮੌਲਵੀ ਖ਼ੈਰ ਦੀਨ ਰੰਡਾ ਹੋ ਗਿਆ। ਸੁਗਰਾਂ ਯਤੀਮ ਹੋ ਗਈ ਤੇ ਨਸੀਬਾਂ ਦੇ ਚੰਨ ਨੂੰ ਵੇਖਦਿਆਂ ਵੇਖਦਿਆਂ ਹੀ ਗ੍ਰਹਿਣ ਲੱਗ ਗਿਆ। ਖ਼ੁਸ਼ੀਆਂ ਦੀ ਕੋਮਲ ਕਰੂੰਬਲੀ ਨੂੰ ਮੌਤ ਦੀ ਜ਼ਾਲਮ ਬੱਕਰੀ ਖਾ ਗਈ। ਸੁਗਰਾਂ ਸਾਰੀ ਦਿਹਾੜੀ ਮੀਆਂ ਖ਼ੈਰ ਦੀਨ ਦੇ ਕੁੜਤੇ ਦੀ ਨੁੱਕਰ ਫੜ ਕੇ ਡਰੀ ਡਰੀ ਜਿਹੀ ਉਹਦੇ ਨਾਲ ਨਾਲ ਫਿਰਦੀ ਰਹਿੰਦੀ ਤੇ ਇੰਜ ਹੀ ਫਿਰਦਿਆਂ ਫਿਰਦਿਆਂ ਦਿਨ ਫਿਰ ਗਏ। ਮਾਂ ਦੀ ਮੌਤ ਦੇ ਸੱਲ ਨੂੰੂ ਸੀਨੇ ਵਿਚ ਵਸਾ ਕੇ ਜੀਣ ਵਾਲੀ ਸੁਗਰਾਂ ਸਿਰ ਕੱਢਣ ਲੱਗ ਪਈ। ਮੌਲਵੀ ਖ਼ੈਰ ਦੀਨ ਨੂੰ ਜੈਨਬ ਦੀ ਸੱਟ ਅਤੇ ਗਰੀਬੀ ਦੀ ਧੂਲ ਨੇ ਵਕਤ ਤੋਂ ਪਹਿਲਾਂ ਹੀ ਹੱਥ ਵਿਚ ਖੂੰਡੀ ਫੜਾ ਦਿੱਤੀ। ਅੱਲ੍ਹਾ ਲੋਕ ਤੇ ਉਹ ਪਹਿਲਾਂ ਹੀ ਸੀ ਪਰ ਜਦੋਂ ਦੁਨੀਆ ਵਿਚ ਕੁਝ ਨਾ ਰਿਹਾ ਤੇ ਫੇਰ ਅੱਲ੍ਹਾ ਹੀ ਅੱਲ੍ਹਾ ਸੀ। ਉਸ ਨੇ ਸੁਗਰਾਂ ਨੂੰ ਕੁਰਾਨ ਮਜੀਦ, ਹਦੀਸ਼ਾ ਅਤੇ ਅੱਲ੍ਹਾ ਦਾ ਨਾਂ ਹੀ ਪੜ੍ਹਾਇਆ ਤੇ ਇਕੋ ਹੀ ਰਾਹ ਵਿਖਾਇਆ। ਸੁਗਰਾਂ ਨੇ ਵੀ ਦੁਨੀਆਂ ਦਾ ਕੁੱਝ ਨਾ ਵੇਖਿਆ। ਨਾ ਮਾਂ ਦੇ ਲਾਡ, ਨਾ ਗੁੱਡੀਆਂ ਪਟੋਲੇ, ਨਾ ਸਹੇਲੀਆਂ ਨਾਲ ਕਿੱਕਲੀ ਤੇ ਨਾ ਹੀ ਸ਼ੀਸ਼ੇ ਕੋਲੋਂ ਆਪਣੀ ਜਵਾਨੀ ਦੀਆਂ ਚੁਗਲੀਆਂ ਸੁਣ ਕੇ ਸ਼ਰਮਾਈ। ਬਾਲਪੁਣੇ ਨੂੰ ਕੋਈ ਵੀ ਪਤਾ ਨਾ ਲੱਗਾ ਕਿ ਉਹਨੇ ਕਿਹੜੇ ਵੇਲੇ ਜਵਾਨੀ ਦੇ ਸੋਹਲਵੇਂ ਡੰਡੇ ਉੱਤੇ ਪੈਰ ਰੱਖ ਲਿਆ ਸੀ। ਨਾ ਫੁੱਲਾਂ ਵਾਲੀ ਕੁੜਤੀ ਪਾਈ, ਨਾ ਖੁੱਲ੍ਹੇ ਪੌਚੇ ਹੋਏ ਤੇ ਨਾ ਵਿੰਗਾ ਚੀਰ ਕੱਢਿਆ। ਜਿਸਮ ਵਿਚ ਤਬਦੀਲੀਆਂ ਦੀਆਂ ਸਾਰੀਆਂ ਮਠਿਆਈਆਂ ਆ ਗਈਆਂ ਪਰ ਮਨ ਵਿਚ ਕੋਈ ਵੀ ਲੱਡੂ ਨਾ ਫੁੱਟਿਆ। ਚਿੱਟੇ ਸਫ਼ੈਦ ਲੀੜੇ ਪਾ ਕੇ ਪਿਉ ਕੋਲੋਂ ਕੁਰਾਨ ਸ਼ਰੀਫ ਪੜ੍ਹਨ ਵਾਲੀ ਨੇ ਜ਼ਿੰਦਗੀ ਦਾ ਹੋਰ ਕੋਈ ਵੀ ਸਬਕ ਨਾ ਪੜ੍ਹਿਆ। ਰੂੜੀ ਉੱਤੇ ਉੱਗ ਪੈਣ ਵਾਲੀ ਵੱਲ ਵਾਂਗ ਉਹ ਵੱਧ ਕੇ ਜਵਾਨ ਹੋ ਗਈ ਪਰ ਜਵਾਨੀ ਨੇ ਉਹਦੇ ਕੰਨ ਵਿਚ ਕੋਈ ਅਜਿਹੀ ਗੱਲ ਨਾ ਆਖੀ, ਜਿਹਦੇ ਨਾਲ ਉਹ ਆਕੜ ਕੇ ਟੁਰਦੀ।
ਅਜੇ ਉਹ ਆਪ ਹੀ ਬਾਲੜੀ ਸੀ ਜਦੋਂ ਬਾਲੜੀਆਂ ਨੇ ਉਹਨੂੰ 'ਆਪਾ ਸੁਗਰਾਂ' ਆਖ ਕੇ ਉਹਦੇ ਕੋਲੋਂ ਸਬਕ ਲੈਣਾ ਸ਼ੁਰੂ ਕਰ ਦਿੱਤਾ। ਉਹਦੇ ਅਹਿਸਾਸ ਨੇ ਉਹਨੂੰ ਆਪਣੇ ਵਰਗਾ ਕਰ ਦਿੱਤਾ ਤੇ ਉਹ ਵਿਚਾਰੀ ਬਜ਼ੁਰਗਾਂ  ਵਰਗੀ ਹੋ ਗਈ। ਸਾਰੇ ਪਿੰਡ ਦੀਆਂ ਨਿੱਕੀਆਂ ਨਿੱਕੀਆਂ ਕੁੜੀਆਂ ਕਾਇਦੇ ਸਪਾਰੇ ਲੈ ਕੇ ਸਵੇਰੇ ਸਵੇਰੇ ਆ ਜਾਂਦੀਆਂ ਤੇ ਉਹਨੂੰ 'ਆਪਾ ਜੀ' ਆਖ ਕੇ ਸਲਾਮ ਕਰਦੀਆਂ। ਇਹ ਨਿੱਕੀਆਂ ਨਿੱਕੀਆਂ ਬਾਲੜੀਆਂ ਸੋਲਾਂ ਸਾਲ ਦੀ ਜਵਾਨ ਸੁਗਰਾਂ ਨੂੰ ਧੀਆਂ ਵਾਂਗ ਲੱਗਣ ਲੱਗ ਪਈਆਂ ਤੇ ਐਸਰਾਂ ਹੀ ਹਾਲਾਤ ਦੀ ਮੱਕੜੀ ਨੇ ਉਹਦੇ ਦਵਾਲੇ ਬਜ਼ੁਰਗੀ ਦਾ ਜਾਲ਼ਾ ਤਣ ਦਿੱਤਾ।
ਸੁਗਰਾਂ ਸ਼ੋਹਦੀ ਦੀ ਮਾਂ ਕਾਹਦੀ ਮਰੀ ਉਹ ਆਪ ਹੀ ਮਾਵਾਂ ਵਰਗੀ ਹੋ ਗਈ। ਉਹਨੇ ਮੁਟਿਆਰਾਂ ਵਾਲੀ ਚਾਲ ਭੁੱਲ ਕੇ ਸੰਜੀਦਗੀ ਦੀ ਬੁੱਕਲ ਮਾਰ ਲਈ। ਸਬਕ ਪੜ੍ਹਦਿਆਂ ਪੜ੍ਹਦਿਆਂ ਬਾਲੜੀਆਂ ਵੀ ਉੱਚੀਆਂ ਹੁੰਦੀਆਂ ਗਈਆਂ। ਸੁਗਰਾਂ ਦੇ ਸਿਰ ਵਿਚ ਬੱਗੇ ਵਾਲ ਆਵਣ ਲੱਗ ਪਏ ਤੇ ਮੌਲਵੀ ਖ਼ੈਰ ਦੀਨ ਦੇ ਲੱਕ ਵਿਚ ਕੁੱਬ ਆ ਗਿਆ। ਹਰ ਕੋਈ ਆਪਣੇ ਆਪਣੇ ਅਗਲੇ ਸਟੇਸ਼ਨ ਉੱਤੇ ਪੁੱਜ ਗਿਆ।
ਆਪਾ ਸੁਗਰਾਂ ਹੁਣ 'ਜਗਤ ਆਪਾ' ਸੀ। ਪਿੰਡ ਦੀਆਂ ਬੁੱਢੀਆਂ ਠੇਰੀਆਂ ਵੀ ਆਖਦੀਆਂ ਸਨ ''ਸਲਮਾ ਲੈਕਮ ਆਪਾ ਸੁਗਰਾਂ।'' ਆਪਾ ਸੁਗਰਾਂ ਦੀ ਇੱਜ਼ਤ ਲੋਕੀਂ ਮੰਨਤਾਂ ਵਰਗੀ ਜਿਹੀ ਕਰਨ ਲੱਗ ਪਏ ਸਨ। ਹਾਕੂ ਰੰਘੜ ਦੀ ਧੀ ਬਸ਼ੀਰਾਂ ਨੇ ਆਪਣਾ ਸਪਾਰਾ ਕੰਧ 'ਤੇ ਰੱਖ ਕੇ ਆਖਿਆ, ''ਆਪਾ ਜੀ, ਸਾਡੀ ਪੱਠੀ ਨੇ ਅੱਜ ਪਹਿਲਾ ਆਂਡਾ ਦਿੱਤਾ ਏ, ਬੇਬੇ ਨੇ ਆਖਿਆ ਇਹ ਆਂਡਾ ਆਪਾ ਸੁਗਰਾਂ ਲਈ ਲੈ ਜਾ, ਬਰਕਤ ਪਵੇਗੀ।'' ਸੁਗਰਾਂ ਨਿੰਮ੍ਹਾ ਜਿਹਾ ਹੱਸੀ ਤੇ ਆਂਡੇ ਨੂੰ ਦੁਨੀਆਂ ਦੇ ਗੋਲ ਨਕਸ਼ੇ ਵਾਂਗ ਹੱਥ ਵਿਚ ਘੁੰਮਾ ਫਿਰਾ ਕੇ ਵੇਖਿਆ। ਬੜੀ ਗੋਲ ਮੋਲ ਹੈ ਇਹ ਨਿੱਕੀ ਦੁਨੀਆਂ। ਕੁੱਝ ਦਿਨਾਂ ਪਿੱਛੋਂ ਨਜ਼ਮਾ ਨੇ ਦੁੱਧ ਦਾ ਕਰਮੰਡਲ ਸੁਗਰਾਂ ਕੋਲ ਰੱਖ ਕੇ ਆਖਿਆ, ''ਆਪਾ ਜੀ, ਪਰਸੋਂ ਸਾਡੀ ਕੁੰਢੀ ਪਹਿਲਣ ਝੋਟੀ ਸੂਈ ਸੀ ਤੇ ਅੰਮਾਂ ਨੇ ਤੁਹਾਡੇ ਲਈ ਹੋਬਲੂ ਘੱਲਿਆ ਏ। ਨਾਲੇ ਆਖਦੀ ਸੀ ਝੋਟੀ ਅਤੇ ਕੱਟੀ ਨੂੰ ਫੂਕ ਮਾਰ ਛੱਡੋ।'' ਏਸ ਸ਼ਰਧਾ ਤੇ ਅਕੀਦਤ ਦਾ ਖਲਾਰ ਖੁੱਲ੍ਹਾ ਹੁੰਦਾ ਗਿਆ। ਸੱਤੂ, ਗੁੜ ਦੀ ਰੋੜੀ, ਮੱਕੀ ਦਾ ਆਟਾ, ਗੰਨਿਆਂ ਦੀ ਪੋਲੀ ਅਤੇ ਇੰਜ ਦੀਆਂ ਵਧੇਰੇ ਸੁਗਾਤਾਂ ਆਪਾ ਸੁਗਰਾਂ ਵੱਲ ਆਉਂਦੀਆਂ ਰਹੀਆਂ। ਏਥੋਂ ਤੀਕਰ ਕਿ ਲੰਬੜਦਾਰਾਂ ਦੀ ਨੌਕਰਾਣੀ ਰਾਤ ਨੂੰ ਸੁੱਚੀ ਟਾਕੀ ਵਿਚ ਲਪੇਟੀ ਲਾਲ ਥੇਵੇ ਵਾਲੀ ਸੋਨੇ ਦੀ ਛਾਪ ਸੁਗਰਾਂ ਨੂੰ ਦੇ ਕੇ ਆਖਣ ਲੱਗੀ, ''ਆਪਾ ਜੀ, ਲੰਬੜਾਂ ਘਰ ਤਿੰਨ ਕੁੜੀਆਂ ਪਿਛੋਂ ਪੁੱਤ ਜੰਮਿਆ ਏ ਤੇ ਉਹਨਾਂ ਨੇ ਸੋਨੇ ਦੀ ਛਾਪ ਸੁੱਖੀ ਹੋਈ ਸੀ। ਲਉ ਸੰਭਾਲ ਲਵੋ।'' ਪਿੰਡ ਦੀਆਂ ਜ਼ਨਾਨੀਆਂ ਸੁਗਰਾਂ ਕੋਲੋਂ ਤਵੀਤ ਧਾਗਾ ਵੀ ਕਰਾਣ ਲੱਗ ਪਈਆਂ।
ਇਹ ਸਾਰਾ ਕੁੱਝ ਹੁੰਦਾ ਰਿਹਾ, ਵੇਲੇ ਦੀ ਅੱਖ ਵੇਖਦੀ ਰਹੀ ਅਤੇ ਆਪਾ ਸੁਗਰਾਂ ਵੇਲੇ ਕੋਲੋਂ ਕਈ ਗੱਲਾਂ ਪੁੱਛਦੀ ਪੁੱਛਦੀ ਚੁੱਪ ਚਾਪ ਟੁਰਦੀ ਰਹੀ। ਸੁਗਰਾਂ ਦੀ ਹਯਾਤੀ ਦੀ ਗੱਡੀ ਜਵਾਨੀ ਵਾਲੇ ਸਟੇਸ਼ਨ ਨੂੰ ਹੱਥ ਹਿਲਾਉਂਦੀ ਹੌਲੀ ਹੌਲੀ ਛੱਡ ਰਹੀ ਸੀ। ਨਾ ਅਜੇ ਉਹਦੀ ਉਮਰ ਦੀ ਦੁਪਹਿਰ ਮੁੱਕੀ ਸੀ ਤੇ ਨਾ ਹੀ ਚੰਗੀ ਤਰ੍ਹਾ ਲੌਢਾ ਵੇਲਾ ਹੋਇਆ ਸੀ। ਸਬਕ ਪੜ੍ਹਨ ਵਾਲਿਆਂ ਕਈ ਸਪਾਰੇ ਪੜ੍ਹ ਸੁੱਟੇ ਸਨ ਪਰ ਸੁਗਰਾਂ ਦੀ ਕਿਤਾਬ ਦੇ ਸਾਰੇ ਵਰਕੇ ਅਜੇ ਤੀਕਰ ਖ਼ਾਲੀ ਸਨ ਕਿ ਮੀਆਂ ਖ਼ੈਰ ਦੀਨ ਅੱਲ੍ਹਾ ਨੂੰ ਪਿਆਰਾ ਹੋ ਗਿਆ। ਗਰੀਬ ਦੀ ਮੌਤ ਅਤੇ ਅਮੀਰ ਦੇ ਐਬ ਦਾ ਰੌਲਾ ਬਹੁਤ ਚਿਰ ਨਹੀਂ ਪੈਂਦਾ। ਛੇਤੀ ਹੀ ਸਾਰਾ ਕੁੱਝ ਠੱਪਿਆ ਜਾਂਦਾ ਏ। ਪਿੰਡ ਦੀਆਂ ਜ਼ਨਾਨੀਆਂ ਨੇ ਚਾਰ ਦਿਹਾੜੇ ਆ ਕੇ ਸੁਗਰਾਂ ਨਾਲ ਦੁਨੀਆਂਦਾਰੀ ਵਾਲੇ ਫਫੜੇ ਕੀਤੇ ਤੇ ਹੌਲੀ ਹੌਲੀ ਸੁਗਰਾਂ ਦੇ ਫੱਟ ਉੱਤੇ ਵੀ ਅੰਗੂਰ ਆ ਗਿਆ। ਕੁੜੀਆਂ ਕਾਇਦੇ ਸਪਾਰੇ ਲੈ ਕੇ ਆਪਾ ਸੁਗਰਾਂ ਦੇ ਦਵਾਲੇ ਪੜ੍ਹਾਈ ਦਾ ਰੌਲਾ ਪਾਉਣ ਲੱਗ ਪਈਆਂ ਤੇ ਸਾਰਾ ਕੁੱਝ ਮੁੱਕ ਗਿਆ ਜ਼ਮਾਨੇ ਦੇ ਸ਼ੋਰ ਵਿਚ।
ਅੱਲ੍ਹਾ ਜਿਵਾਈ ਦੂਰੋਂ ਨੇੜਿਓਂ ਫੁੱਫੀ ਲੱਗਦੀ ਸੀ ਸੁਗਰਾਂ ਦੀ। ਇਹ ਤੇ ਰੱਬ ਨੂੰ ਹੀ ਪਤਾ ਹੋਸੀ ਕਿ ਅੱਲ੍ਹਾ ਜਿਵਾਈ ਨੂੰ ਸੁਗਰਾਂ ਦਾ ਦੁੱਖ ਖਾਂਦਾ ਸੀ ਜਾਂ ਨੂਰਾਂ ਤਰਖਾਣੀ ਦੀ ਸਾਂਝ ਪਿਆਰੀ ਸੀ। ਉਸ ਨੇ ਨੂਰਾਂ ਦੇ ਪੁੱਤ ਨਾਲ ਸੁਗਰਾਂ ਦੇ ਰਿਸ਼ਤੇ ਦੀ ਗੱਲ ਟੋਰ ਦਿੱਤੀ। ਸੁਗਰਾਂ ਵਿਚਾਰੀ ਵੇਲੇ ਅਤੇ ਹਾਲਾਤ ਦੇ ਹੜ੍ਹ ਵਿਚ ਰੁੜ੍ਹ ਪੁੜ ਕੇ ਸਾਰਾ ਕੁਝ ਡੋਬ ਬੈਠੀ ਸੀ। ਪਰ ਨੂਰਾਂ ਦਾ ਪੁੱਤ ਜੀਰਾ ਵੀ ਵਿਆਹ ਦੇ ਜਹਾਜ਼ ਦੀ ਉਸੇ ਟਿਕਟ ਦੀ ਉਡੀਕ ਵਿਚ ਸੀ ਜਿਹਦੀ ਕੋਈ ਵੀ ਸੀਟ ਖ਼ਾਲੀ ਨਾ ਹੋਵੇ। ਉਹ ਵੀ ਚਾਂਸ ਵਾਲੀ ਟਿਕਟ ਫੜ ਕੇ ਬੜੇ ਹੀ ਚਿਰ ਦਾ ਬੈਠਾ ਹੋਇਆ ਸੀ।
ਨੂਰਾਂ ਤਰਖਾਣੀ ਫੁੱਫੀ ਅੱਲ੍ਹਾ ਜਿਵਾਈ ਦੀ ਗੂਹੜੀ ਸਹੇਲੀ ਸੀ ਤੇ ਨਾਲੇ ਕਈ ਵਰ੍ਹਿਆਂ ਤੋਂ ਲਏ ਹੋਏ ਚਾਲ੍ਹੀ ਰੁਪਏ ਅਜੇ ਤੀਕ ਨੂਰਾਂ ਨੂੰ ਨਹੀਂ ਸੀ ਮੋੜ ਸਕੀ। ਰੱਬ ਜਾਣੇ ਭਤੀਜੀ ਦਾ ਗ਼ਮ ਸੀ ਜਾਂ ਸਹੇਲੀ ਦੀ ਖੁਸ਼ੀ ਜਾਂ ਹੋ ਸਕਦਾ ਏ ਕਰਜ਼ਾ ਲਾਹੁਣ ਦਾ ਹੀ ਇਹ ਵੇਲਾ ਸੀ। ਏਸ ਕਰਕੇ ਅੱਲ੍ਹਾ ਜਿਵਾਈ ਨੂੰ ਇਹ ਰਿਸ਼ਤਾ ਪੱਕਾ ਕਰਨ ਦੀ ਬੜੀ ਕਾਹਲ ਸੀ।
ਜੇ ਸੁਗਰਾਂ ਨੂੰ ਹਾਲਾਤ ਨੇ ਧੱਕੇ ਨਾ ਦਿੱਤੇ ਹੁੰਦੇ ਤਾਂ ਜੀਰਾ ਤਰਖਾਣ ਪਾਸਕੂ ਵੀ ਨਹੀਂ ਸੀ ਸੁਗਰਾਂ ਦੇ। ਸੁਗਰਾਂ ਦੇ ਮਾਸੂਮ ਅਤੇ ਸਾਫ਼ ਸੁਥਰੇ ਸ਼ਰੀਫ ਜਿਹੇ ਚਿਹਰੇ ਉੱਤੇ ਅਜੇ ਵੀ ਅੰਤਾਂ ਦਾ ਰੂਪ ਸੀ। ਉਸ ਨੇ ਦੁਨੀਆਂ ਦੀ ਕਿਸੇ ਵੀ ਮੈਲ ਨੂੰ ਕਦੀ ਉਂਗਲ ਵੀ ਨਹੀਂ ਸੀ ਲਾ ਕੇ ਵੇਖੀ। ਉਹਦੇ ਚਿਹਰੇ ਉੱਤੇ ਅਜੇ ਬੜੀਆਂ ਸੱਚੀਆਂ ਲਿਖਤਾਂ ਸਨ।
ਅੱਲ੍ਹਾ ਜਿਵਾਈ ਨੇ ਸੁਗਰਾਂ ਨਾਲ ਜੀਰੇ ਦੀ ਗੱਲ ਟੋਰੀ ਤੇ ਸੁਗਰਾਂ ਦੀ ਬੇਵਸੀ ਦੇ ਖੂਹ ਦਾ ਪਾਣੀ ਉਤਰ ਆਇਆ, ਪਰ ਸੁਗਰਾਂ ਨੇ ਆਪਣੀ ਸ਼ਰਾਫਤ ਦਾ ਹੱਥ ਦੇ ਕੇ ਉਸ ਪਾਣੀ ਨੂੰ ਅੱਖਾਂ ਵਿਚੋਂ ਵੱਗਣ ਤੋਂ ਪਹਿਲਾਂ ਹੀ ਡੱਕ ਲਿਆ। ਉਸਦੀ ਚੁੱਪ ਨੂੰ ਅੱਲ੍ਹਾ ਜਿਵਾਈ ਨੇ ਉਹਦੀ ਹਾਂ ਸਮਝ ਕੇ ਨੂਰਾਂ ਤਰਖਾਣੀ ਨੂੰ ਮੁਬਾਰਕਾਂ ਦੇ ਦਿੱਤੀਆਂ। ਹੌਲੀ ਹੌਲੀ ਇਹ ਗੱਲ ਪਿੰਡ ਦੀਆਂ ਗਲੀਆਂ 'ਚੋਂ ਹੁੰਦੀ ਹੋਈ ਘਰ ਘਰ ਫਿਰਨ ਲੱਗ ਪਈ। ਪਿੰਡ ਦੀਆਂ ਮੁਟਿਆਰਾਂ ਨੂੰ ਸੁਗਰਾਂ ਦੀ ਢਲਦੀ ਜਵਾਨੀ ਉੱਤੇ ਰੱਜ ਕੇ ਤਰਸ ਆਇਆ ਅਤੇ ਪਿੰਡ ਦੇ ਜਵਾਨਾਂ ਦਾ ਜੀ ਕੀਤਾ ਕਿ ਜੀਰੇ ਤਰਖਾਣ ਵਿਚ ਆਰਾ ਫੇਰ ਕੇ ਚੀਰ ਪਾ ਦੇਈਏ। ਰੋਹੀ ਦੀ ਕਿੱਕਰ ਨਾਲੋਂ ਕਾਲਾ ਜੀਰਾ ਊਠ ਦੇ ਗਲ਼ ਫੁੰਮਣ ਪਾਉਣ ਵਾਲੀ ਗੱਲ ਸੀ। ਸਾਰਾ ਪਿੰਡ ਹੱਕਾ ਬੱਕਾ ਰਹਿ ਗਿਆ। ਅਖੇ ਖਸਮਾਂ ਬਾਝੋਂ ਸਾਉਣ ਤਿਰਹਾਈਆਂ। ਸੁਗਰਾਂ ਜਿਹੇ ਹੀਰੇ ਨੂੰ ਜੀਰੇ ਜਿਹੇ ਊਠ ਦੇ ਲੜ ਲੱਗਦਾ ਵੇਖ ਕੇ ਸਾਰਾ ਪਿੰਡ ਕਚੀਚੀਆਂ ਵੱਟਦਾ ਸੀ। ਲੋਕੀਂ ਤੇ ਆਪਾ ਸੁਗਰਾਂ ਦੀ ਇੱਜ਼ਤ ਨੂੰ ਮੁੱਖ ਰੱਖਦਿਆਂ ਚੁੱਪ ਦੇ ਚੁੱਪ ਹੀ ਰਹਿ ਗਏ ਪਰ ਬਾਲਾਂ ਨੂੰ ਕਿਹੜੀ ਲੱਥੀ ਚੜ੍ਹੀ ਸੀ। ਨਿੱਕੀ ਜਿਹੀ ਬਾਲੜੀ ਨਜ਼ਮਾ ਸਵੇਰੇ ਸਵੇਰੇ ਆਪਣੀ ਹਿੱਕ ਨਾਲ ਸਪਾਰਾ ਲਾ ਕੇ ਅੰਦਰ ਵੜੀ ਤੇ ਸੁਗਰਾਂ ਇਕ ਟੁੱਟੇ ਹੋਏ ਘੜੇ ਦੀ ਠੀਕਰੀ ਨਾਲ ਜ਼ਮੀਨ ਤੇ ਲਕੀਰਾਂ ਵਾਹ ਰਹੀ ਸੀ। ਪਤਾ ਨਹੀਂ ਉਹਨੇ ਆਪਣੇ ਨਸੀਬਾਂ ਦਾ ਨਕਸ਼ਾ ਅਜੇ ਵਾਹ ਲਿਆ ਸੀ ਕਿ ਨਹੀਂ, ''ਅਸਲਾਮਾਂ ਲੈਕਮ ਆਪਾ ਸੁਗਰਾਂ'' ਆਖ ਕੇ ਨਜ਼ਮਾ ਨੇ ਸਾਰਾ ਕੁਝ ਢਾਹ ਦਿੱਤਾ। ਨਜ਼ਮਾ ਨੇ ਆਪਣੀ ਚੌਂਕੀ ਫੜੀ ਤੇ ਆਪਾ ਸੁਗਰਾਂ ਦੇ ਕੋਲ ਬਹਿ ਕੇ ਆਖਣ ਲੱਗੀ, ''ਆਪਾ ਜੀ ਤੁਹਾਡਾ ਵਿਆਹ ਹੋ ਗਿਆ ਤੇ ਅਸੀਂ ਕਿਹਦੇ ਕੋਲੋਂ ਪੜ੍ਹਾਂਗੇ?'' ਜਿਹੜੀ ਛੱਤ ਥੱਲੇ ਆਸਾਂ ਦੀਆਂ ਥੰਮੀਆਂ ਦੇ ਕੇ ਸੁਗਰਾਂ ਖਲਿਹਾਰ ਰਹੀ ਸੀ, ਉਸ ਛੱਤ ਨੂੰ ਨਜ਼ਮਾਂ ਦੇ ਮਾਯੂਸ ਜਿਹੇ ਸਵਾਲ ਨੇ ਧੜੱਮ ਕਰਕੇ ਡੇਗ ਦਿੱਤਾ। ਨਜ਼ਮਾ ਸਵਾਲ ਕਰਕੇ ਜਵਾਬ ਉਡੀਕਦੀ ਰਹੀ ਤੇ ਸੁਗਰਾਂ ਛੱਤ ਥੱਲੇ ਆ ਕੇ ਦੁਹਾਈ ਪਾਉਣ ਲੱਗ ਪਈ। ਨਾ ਨਜ਼ਮਾ ਦੀ ਮਸੂਮੀਅਤ ਨੂੰ ਕੋਈ ਜਵਾਬ ਲੱਭਿਆ ਤੇ ਨਾ ਹੀ ਸੁਗਰਾਂ ਦੀ ਮਜ਼ਲੂਮੀਅਤ ਨੂੰ ਕੋਈ ਗੱਲ ਸੁੱਝੀ। ਨਜ਼ਮਾ ਨੇ ਚੁੱਪ ਦੀ ਗੰਭੀਰਤਾ ਕੋਲੋਂ ਡਰ ਕੇ ਆਪਣਾ ਸਪਾਰਾ ਖੋਲ੍ਹਿਆ ਤੇ ਰੱਬ ਦੇ ਕਲਾਮ ਉੱਤੇ ਉਂਗਲ ਰੱਖ ਕੇ ਆਪਣਾ ਸਬਕ ਪੜ੍ਹਨ ਲੱਗ ਪਈ। ਅੱਜ ਦਾ ਸਬਕ ਵੀ ਰੱਬ ਸਬੱਬੋਂ ਇਕ ਸਬਕ ਹੀ ਸੀ। ਰੱਬ ਨੇ ਆਖਿਆ, ''ਮੈਂ ਆਪਣੇ ਬੰਦੇ ਦਾ ਇਮਤਿਹਾਨ ਲੈਂਦਾ ਹਾਂ ਤੇ ਮੇਰੇ ਬੰਦੇ ਏਸ ਇਮਤਿਹਾਨ ਵਿਚ ਪੂਰੇ ਉਤਰਦੇ ਨੇ।'' ਸੋਚਿਆ ਤੇ ਹੋਵੇਗਾ ਸੁਗਰਾਂ ਨੇ ਕਿ ਇਮਤਿਹਾਨ ਸਿਰਫ਼ ਗਰੀਬਾਂ ਦਾ ਹੀ ਕਿਉਂ ਲਿਆ ਜਾਂਦਾ ਏ? ਰੱਬ ਦੇ ਸਾਰੇ ਬੰਦੇ ਗਰੀਬ ਹੀ ਕਿਉਂ ਹੁੰਦੇ ਨੇ ਅਤੇ ਇਮਤਿਆਨ ਦੀਆਂ ਔਕੜਾਂ ਵਿਚ ਗ਼ਰੀਬਾਂ ਨੂੰ ਹੀ ਕਿਉਂ ਪੀੜਿਆ ਜਾਂਦਾ ਏ?
ਨਜ਼ਮਾ ਦੇ ਸਵਾਲ ਵਾਂਗਰ ਸੁਗਰਾਂ ਦਾ ਜਵਾਬ ਵੀ ਕਿਸੇ ਨਾ ਦਿੱਤਾ। ਸਵਾਲੀ ਮਾੜਾ ਗ਼ਰੀਬ ਹੋਵੇ ਤੇ ਉਹਦੀ ਝੋਲੀ ਵਿਚ ਜਵਾਬ ਦੀ ਖ਼ੈਰ ਮਰਜ਼ੀ ਨਾਲ ਹੀ ਪਾਉਂਦਾ ਏ ਕੋਈ।
ਆਪਾ ਸੁਗਰਾਂ ਦੇ ਵਿਆਹ ਬਾਰੇ ਘਟਾਵਾਂ ਚੜ੍ਹੀਆਂ, ਬੱਦਲ ਗੱਜੇ ਅਤੇ ਫਾਂਡਾ ਵਰ੍ਹ ਕੇ ਹੌਲੀ ਹੌਲੀ ਅਸਮਾਨ ਸਾਫ਼ ਹੋ ਗਿਆ। ਗੱਲ ਆਈ ਗਈ ਹੋ ਗਈ। ਹੁੰਦਾ ਤੇ ਸਾਰਾ ਕੁੱਝ ਰੱਬੋਂ ਹੀ ਹੈ ਪਰ ਕਦੀ ਕਦੀ ਗੱਲਾਂ ਕਿਸੇ ਹੋਰ ਦੇ ਮੱਥੇ ਲੱਗ ਜਾਂਦੀਆਂ ਨੇ। ਜੀਰੇ ਤਰਖਾਣ ਨੂੰ ਚਾਣਚੱਕ ਅਜਿਹਾ ਹੈਜ਼ਾ ਹੋਇਆ ਕਿ ਉਹ ਮਸਾਂ ਮਸਾਂ ਮੌਤ ਦੇ ਮੂੰਹ 'ਚੋਂ ਬਚਿਆ। ਉਹਦੀ ਮਾਂ ਨੂਰਾਂ ਨੇ ਜਿੱਥੇ ਹੋਰ ਮੰਨਤਾਂ ਮੰਨੀਆਂ ਇਕ ਐਸੀ ਮੰਨਤ ਵੀ ਦਿਲ ਵਿਚ ਧਾਰ ਲਈ ਜਿਹਨੂੰ ਧਾਰਨ ਲੱਗਿਆਂ ਉਹ ਬੜੀ ਹੀ ਔਖੀ ਹੋਈ ਸੀ। ਪਰ ਪੁੱਤ ਦੀ ਹਯਾਤੀ ਲਈ ਉਸ ਨੇ ਇਕ ਵੱਡੇ ਸਾਰੇ ਸ਼ੌਕ ਨੂੰ ਵੀ ਕੁਰਬਾਨ ਕਰਨ ਦੀ ਮੰਨਤ ਮੰਨ ਲਈ। ਜੀਰਾ ਤਰਖਾਣ ਮੰਜੀ ਤੋਂ ਉੱਠ ਕੇ ਹੌਲੀ ਹੌਲੀ ਟੁਰਨ ਲੱਗ ਪਿਆ ਤੇ ਲੋਕਾਂ ਦੀ ਆਸ ਫੇਰ ਟੁੱਟ ਗਈ। ਗੱਲ ਇਹ ਨਹੀਂ ਸੀ ਕਿ ਲੋਕੀ ਸੁਗਰਾਂ ਆਪਾ ਨੂੰ ਕੁਆਰੀ ਹੀ ਵੇਖਣਾ ਚਾਹੁੰਦੇ ਸਨ। ਅਸਲ ਗੱਲ ਇਹ ਸੀ ਕਿ ਮੈਲਾ ਜਿਹਾ ਜੀਰਾ ਸੁਗਰਾਂ ਦੀ ਚਿੱਟੀ ਜਵਾਨੀ ਉੱਤੇ ਛਿੱਟ ਬਣ ਕੇ ਪੈ ਜਾਵੇ, ਕਿਸੇ ਨੂੰ ਪਸੰਦ ਨਹੀਂ ਸੀ।
ਸਾਵਣ ਭਾਦੋਂ ਦਾ ਸਿੱਲ੍ਹਾ ਸਿੱਲ੍ਹਾ ਜਿਹਾ ਦਿਹਾੜਾ ਸੀ। ਮੀਂਹ ਸਾਰੀ ਦਿਹਾੜੀ ਰੁਕ ਰੁਕ ਕੇ ਪੈਂਦਾ ਰਿਹਾ ਤੇ ਸ਼ਾਮੀਂ ਖਰਾ ਹੋ ਗਿਆ। ਲੋਕਾਂ ਨੇ ਪੂੜੇ ਅਤੇ ਪਕੌੜੇ ਕੱਢਣ ਦੀਆਂ ਤਿਆਰੀਆਂ ਕੀਤੀਆਂ ਪਰ ਜੀਰੇ ਨੂੰ ਬੀਮਾਰੀ ਕਾਰਨ ਕੁਝ ਵੀ ਚੰਗਾ ਨਹੀਂ ਸੀ ਲੱਗਦਾ। ਉਹ ਰੂਹ ਦੇ ਆਖੇ ਲੱਗ ਕੇ, ਲੱਤਾਂ ਦੀ ਮਰਜ਼ੀ ਟਾਲ ਕੇ, ਕਾਵਾਂ ਵਾਲੇ ਖੂਹ ਵੱਲ ਟੁਰ ਪਿਆ। ਸਮਾਂ ਚੰਗਾ ਸੀ, ਕਈ ਦਿਨਾਂ ਦੀ ਬਿਮਾਰੀ ਪਿੱਛੋਂ ਅੱਜ ਖੂਹ ਦੀ ਮਣ ਉੱਤੇ ਲੱਤਾਂ ਲਮਕਾ ਕੇ ਬੈਠਣਾ ਉਹਨੂੰ ਚੰਗਾ ਲੱਗਾ। ਉਹਦਾ ਜੀਅ ਕਰਦਾ ਸੀ ਅੱਜ ਉਹਦੇ ਕੋਲ ਕੋਈ ਨਾ ਆਵੇ ਤੇ ਨਾ ਹੀ ਕੋਈ ਗੱਲ ਕਰੇ। ਪਰ ਜੀਅ ਦੀ ਕੋਈ ਸੁਣਦਾ ਈ? ਇਕ ਦੂਜੇ ਨੂੰ ਟਿਚਕਰਾਂ ਅਤੇ ਠੱਠੇ ਕਰਦੇ ਹੋਏ ਮੁੰਡਿਆਂ ਦੀ ਟੋਲੀ ਵੀ ਪਿੰਡੋਂ ਆਣ ਵੜੀ, ''ਹਾਈ ਸ਼ਵਾਸ਼ੇ, ਹਾਈ ਸ਼ਵਾਸ਼ੇ, ਅੱਜ ਤੇ ਜੀਰਾ ਲਾੜਾ ਵੀ ਆਪਦੀਆਂ ਹੀ ਲੱਤਾਂ ਉੱਤੇ ਟੁਰਿਆ ਫਿਰਦਾ ਏ।'' ਖੁਸ਼ੀਏ ਤੇਲੀ ਨੇ ਮਖ਼ੌਲ ਕੀਤਾ।
''ਉਏ ਇਹਨੂੰ ਆਖੋ ਉਏ ਕੋਈ ਖ਼ੈਰ ਖ਼ੈਰਾਤ ਕੱਢੇ। ਬਚ ਗਿਆ ਜੇ ਆਪਾ ਸੁਗਰਾਂ ਦੀ ਬੰਦੂਕ ਵਰਗੀ ਬਦਦੁਆ ਕੋਲੋਂ।'' ਗਫੂਰਾ ਕਾਣਾ ਆਪਣੀ ਗੱਲ ਆਖ ਕੇ ਜ਼ੀਰੇ ਦੇ ਕੋਲ ਹੀ ਬਹਿ ਗਿਆ ਤੇ ਆਖਣ ਲੱਗਾ, ''ਉਏ ਜੀਰਿਆ, ਤੈਨੂੰ ਆਖਿਆ ਨਹੀਂ ਸੀ ਆਪਾ ਸੁਗਰਾਂ ਜਿਹੀ ਜਤੀ ਸਤੀ ਜ਼ਨਾਨੀ ਨਾਲ ਆਪਣੇ ਵਿਆਹ ਵਰਗਾ ਜ਼ੁਲਮ ਨਾ ਕਰੀਂ। ਉਹ ਪਹੁੰਚੀ ਹੋਈ ਰੂਹ ਏ ਤੇ ਉਹਦੀ ਸਿੱਧੀ ਰੱਬ ਨਾਲ ਗੱਲਬਾਤ ਈ। ਸ਼ੁਕਰ ਕਰ ਬਚ ਗਿਆ ਏਂ ਉਹਦੀ ਬਲਦੇ ਤੰਦੂਰ ਵਰਗੀ ਹਾਅ ਕੋਲੋਂ। ਫੁੱਫੀ ਅੱਲ੍ਹਾ ਜਿਵਾਈ ਨੇ ਤੇਰੀ ਮਾਂ ਦਾ ਹੇਜ ਵੰਡ ਕੇ ਵਿਚਾਰੀ ਆਪਾ ਸੁਗਰਾਂ ਦੀ ਮਜ਼ਬੂਰੀ ਨਾਲ ਉਹਦੀਆਂ ਲੱਤਾਂ ਜੂੜ ਕੇ ਤੇਰੇ ਲੜ ਲਾਵਣ ਦਾ ਮਤਾ ਪਕਾ ਹੀ ਦਿੱਤਾ ਸੀ। ਤੈਨੂੰ ਆਪ ਸੋਚਣਾ ਚਾਹੀਦਾ ਸੀ ਕਿ ਕਿੱਥੇ ਰਾਮ ਰਾਮ ਤੇ ਕਿੱਥੇ ਟੈਂ ਟੈਂ। ਸ਼ੁਕਰ ਕਰ ਘੱਟਿਆ ਬਚ ਗਿਆ ਏਂ।'' ਕੋਲੋਂ ਫੀਮਾ ਘੁਮਿਆਰ ਆਖਣ ਲੱਗਾ, ''ਉਏ ਦੁਹਾਈ ਰੱਬ ਦੀ ਇਹਨਾਂ ਨੇ ਆਪਾ ਸੁਗਰਾਂ ਦਾ ਸਿਰਫ਼ ਚਾਲ੍ਹੀ ਰੁਪਏ ਹੀ ਮੁੱਲ ਪਾਇਆ ਏ। ਫੁੱਫੀ ਅੱਲ੍ਹਾ ਜਿਵਾਈ ਨੇ ਆਪਣਾ ਉਧਾਰ ਲਾਹੁਣ ਸਦਕਾ ਆਪਾ ਸੁਗਰਾਂ ਨੂੰੂ ਬੱਕਰੀ ਵਾਂਗ ਮਾਸੀ ਨੂਰਾਂ ਦੀ ਖੁਰਲੀ 'ਤੇ ਬੰਨ੍ਹ ਦਿੱਤਾ ਏ।''
ਇਹ ਗੱਲਾਂ ਸੁਣ ਕੇ ਜੀਰੇ ਦੇ ਕੰਨ ਤਾਂ ਖੜ੍ਹੇ ਹੋਏ। ਉਹ ਉੱਠਦਾ ਉੱਠਦਾ ਬਹਿ ਗਿਆ ਤੇ ਆਖਣ ਲੱਗਾ, ''ਮੈਂ ਏਸ ਗੱਲ ਨੂੰ ਇੰਜ ਵੀ ਨਹੀਂ ਸਮਝਦਾ। ਇਹ ਬੀਮਾਰੀ ਰੱਬੋਂ ਆਉਂਦੀ ਏ। ਮੈਂ ਕੀੜਿਆਂ ਵਾਲੇ ਅਮਰੂਦ ਖਾ ਲਏ ਸੀ, ਜਿਹਦੇ ਨਾਲ ਹੈਜ਼ਾ ਹੋ ਗਿਆ ਸੀ।''
ਇਹ ਸੁਣ ਕੇ ਕੋਲੋਂ ਅੱਲ੍ਹਾ ਰੱਖਾ ਬੁੱਲ੍ਹੜ ਹੱਸਿਆ ਤੇ ਆਖਣ ਲੱਗਾ, ''ਉਏ ਜੀਰਿਆ! ਜਾਪਦਾ ਏ ਅਜੇ ਵੀ ਤੈਨੂੰ ਸਬਕ ਨਹੀਂ ਮਿਲਿਆ? ਅੱਜ ਤੇ ਪੁੱਤਰਾ ਤੂੰ ਕੀੜਿਆਂ ਵਾਲੇ ਅਮਰੂਦ ਖਾਧੇ ਨੇ, ਸਾਨੂੰੂ ਲੱਗਦਾ ਏ ਅੱਗੋਂ ਹੁਣ ਤੈਨੂੰ ਕਬਰ 'ਚ ਕੀੜੇ ਖਾਵਣਗੇ। ਉਏ ਛੱਡ ਦੇ ਆਪਾ ਸੁਗਰਾਂ ਦਾ ਖਹਿੜਾ। ਤੋਬਾ ਤੋਬਾ ਹੋ ਕੇ ਸਾਰਾ ਟੱਬਰ ਆਪਾ ਸੁਗਰਾਂ ਕੋਲੋਂ ਮੁਆਫ਼ੀ ਮੰਗ ਲਵੋ। ਵਿਆਹ ਕਰਾਵਾਉਂਦਾ ਕਰਵਾਉਂਦਾ ਕਿਧਰੇ ਜਨਾਜ਼ਾ ਨਾ ਕਢਵਾ ਲਵੀਂ।''
ਰੱਖੇ ਬੁੱਲ੍ਹੜ ਦੀ ਗੱਲ ਅਜੇ ਭੁੰਜੇ ਨਹੀਂ ਸੀ ਪਈ ਤੇ ਰੋਸ਼ਾ ਕਸ਼ਮੀਰੀ ਬੋਲਿਆ, ''ਲਉ ਹੋਰ ਸੁਣ ਲਉ, ਇਹ ਜੀਰਾ ਅਜੇ ਵੀ ਅਮਰੂਦਾਂ ਦੇ ਕੀੜਿਆਂ ਦਾ ਨਾਂਅ ਲਾ ਕੇ ਆਪਾ ਸੁਗਰਾਂ ਜਿਹੀ ਸੰਧੂਰੀ ਅੰਬੀ ਨੂੰ ਚੱਕ ਮਾਰਨ ਨੂੰ ਫਿਰਦਾ ਜੇ। ਏਸ ਨੂੰ ਪੁੱਛੋ ਕਮਲਿਆ ਤੂੰ ਤੇ ਭਲਾ ਕੀੜੇ ਖਾ ਕੇ ਮਰਨ ਲੱਗਾ ਸੈਂ ਤੇ ਫੱਜਾ ਗੁੱਜਰ ਕਿਉਂ ਮਰਿਆ ਸੀ? ਸਾਰੇ ਪਿੰਡ ਨੂੰ ਪਤਾ ਏ ਕਿ ਉਸ ਨੇ ਆਪਾ ਸੁਗਰਾਂ ਨੂੰ ਦੁੱਧ ਦੀ ਗੜਵੀ ਫੜਾਉਣ ਲੱਗਿਆਂ ਉਹਦੀ ਵੀਣੀ ਨੂੰ ਹੱਥ ਲਾ ਦਿੱਤਾ ਸੀ ਤੇ ਤੀਜੇ ਦਿਹਾੜੇ ਖੁਰਲੀ 'ਚ ਪੱਠੇ ਰਲਾਉਂਦਿਆਂ ਸੱਪ ਲੜਿਆ ਤੇ ਫੁੜਕ ਗਿਆ।''
ਐਸਰਾਂ ਦੀਆਂ ਪੰਜ ਸੱਤ ਗੱਲਾਂ ਹੋਰ ਹੋਈਆਂ ਤੇ ਜੀਰੇ ਤਰਖਾਣ ਦੀ ਅੰਦਰੋਂ ਕੋਠੀ ਹਿੱਲ ਗਈ। ਉਹਨੂੰ ਕਬਰ ਦੇ ਕੀੜੇ, ਸੱਪ ਦਾ ਜ਼ਹਿਰ ਤੇ ਮੌਤ ਦਾ ਫੰਦਾ ਡਰਾਉਣ ਲੱਗ ਪਿਆ। ਖੂਹ ਦੀ ਮਣ ਤੋਂ ਮਲਕੜੇ ਹੀ ਉੱਠ ਕੇ ਘਰ ਨੂੰ ਟੁਰ ਪਿਆ। ਸਾਰੀ ਦਿਹਾੜੀ ਜੀਰਾ ਚੁੱਪ ਚਾਪ ਰਿਹਾ ਤੇ ਤਕਾਲੀਂ ਉਹਦੀ ਮਾਂ ਨੂਰਾ ਨੇ ਆਖਿਆ, ''ਵੇ ਜੀਰਿਆ! ਅੱਜ ਤੇ ਤੂੰ ਚੰਗਾ ਭਲਾ ਏ ਤੇ ਐਵੇਂ ਬੁੱਲ੍ਹ ਅਟੇਰ ਕੇ ਘੁੱਟਿਆ ਵੱਟਿਆ ਜਿਹਾ ਕਾਹਨੂੰ ਬੈਠਾ ਏ?''
ਜੀਰੇ ਨੇ ਕਬਰ ਦੇ ਕੀੜੇ, ਫੱਜੇ ਗੁੱਜਰ ਦਾ ਸੱਪ ਅਤੇ ਆਪਾ ਸੁਗਰਾਂ ਦੀ ਬਦਦੁਆ ਕੋਲੋਂ ਡਰਨ ਵਾਲੀਆਂ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਦੱਸ ਕੇ ਆਖਿਆ, ''ਬੇਬੇ! ਐਦਕਾਂ ਤੇ ਬਚ ਗਿਆ ਹਾਂ, ਪਰ ਜੇ ਆਪਾ ਸੁਗਰਾਂ ਨਾਲ ਵਿਆਹ ਵਾਲੀ ਗੱਲ ਨਾ ਛੱਡੀ ਤੇ ਮੌਤ ਨੇ ਮੈਨੂੰ ਨਹੀਂ ਛੱਡਣਾ।''
ਇਹ ਗੱਲਾਂ ਸੁਣ ਕੇ ਨੂਰਾਂ ਤਰਖਾਣੀ ਦਾ ਤ੍ਰਾਹ ਨਿਕਲ ਗਿਆ  ਤੇ ਉਸ ਨੇ ਆਪਣੀਆਂ ਦੋਵੇਂ ਉਂਗਲਾਂ ਭੋਏਂ ਨਾਲ ਲਾ ਕੇ ਕੰਨਾਂ ਨੂੰ ਲਾਉਂਦਿਆਂ ਆਖਿਆ, ''ਵੇ ਰੱਬਾ! ਮੈਨੂੰ ਮੁਆਫ਼ ਕਰ ਦੇਈਂ। ਜੀਰਾ ਜਦੋਂ ਮੰਜੀ ਉੱਤੇ ਪਿਆ ਬੜਾ ਲਾਗ਼ਰ ਸੀ ਤੇ ਮੈਂ ਵੀ ਮੰਨਤ ਮੰਨੀ ਸੀ ਕਿ ਇਹ ਰਾਜ਼ੀ ਹੋ ਜਾਵੇ ਤੇ ਇਹਦਾ ਵਿਆਹ ਆਪਾ ਸੁਗਰਾਂ ਨਾਲ ਨਹੀਂ ਕਰਾਂਗੀ। ਪਰ ਮੈਂ ਔਗਣਹਾਰੀ ਵਾਇਦਾ ਕਰਕੇ ਫਿਰ ਗਈ ਸਾਂ। ਕਸੂਰ ਅਸਲ ਵਿਚ ਮੇਰਾ ਵੀ ਕੋਈ ਬਹੁਤਾ ਨਹੀਂ। ਇਹ ਔਂਤਰਾ ਸ਼ੈਤਾਨ ਬੜਿਆਂ ਬੜਿਆਂ ਨੂੰ ਉਂਗਲੀ ਲਾ ਲੈਂਦਾ ਏ। ਮੈਂ ਵੀ ਆਪਣੇ ਜੀਅ ਵਿਚ ਇਹ ਹੀ ਆਖ ਛੱਡਿਆ ਸੀ ਕਿ ਮੇਰੇ ਜੀਰੇ ਦੀ ਬੀਮਾਰੀ ਦਾ ਕਾਰਨ ਅਮਰੂਦ ਹੀ ਸਨ। ਆਪਾ ਸੁਗਰਾਂ ਨੇ ਇਹਦੇ ਵਿਚ ਕੀ ਕੀਤਾ ਏ?'' ਇਹ ਗੱਲ ਕਰਕੇ ਨੂਰਾਂ ਨੇ ਜੀਰੇ ਨੂੰ ਗਲ਼ ਨਾਲ ਲਾਇਆ ਤੇ ਆਖਣ ਲੱਗੀ, ''ਚੰਗਾ ਕੀਤਾ ਈ ਪੁੱਤ, ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਨੀ। ਮੈਂ ਅੱਜ ਹੀ ਆਪਾ ਸੁਗਰਾਂ ਦੇ ਪੈਰਾਂ ਨੂੰ ਹੱਥ ਲਾ ਕੇ ਮੁਆਫ਼ੀ ਮੰਗ ਆਵਾਂਗੀ। ਖਸਮਾਂ ਨੂੰ ਖਾਣ ਚਾਲੀ ਰੁਪਏ ਜੇ ਅੱਲ੍ਹਾ ਜਿਵਾਈ ਨਹੀਂ ਦੇਂਦੀ ਤੇ ਉਹਦੇ ਵੀ ਕਿਸੇ ਪੁੱਤ ਦੇ ਖੱਫਣ ਉੱਤੇ ਹੀ ਲੱਗਣਗੇ। ਜਾਨ ਆ ਤੇ ਜਹਾਨ ਆ। ਅੱਜ ਤੋਂ ਆਪਾ ਸੁਗਰਾਂ ਦੇ ਵਿਆਹ ਦਾ ਅਸਾਂ ਨਾਂ ਨਹੀਂ ਲੈਣਾ। ਸਾਨੂੰੂ ਕੀ ਲੋੜ ਏ ਰੱਬ ਦੇ ਵਲੀ ਹੱਥੋਂ ਮਰਨ ਦੀ।''
ਆਪਾ ਸੁਗਰਾਂ ਦਾ ਬਾਲਪੁਣਾ ਜਵਾਨੀ ਦੀ ਘਾਟੀ ਲੰਘ ਕੇ ਢਲਦੀ ਉਮਰ ਦੇ ਪੱਤਣ ਉੱਤੇ ਆ ਖਲੋਤਾ। ਭੁੱਖ ਨੰਗ ਦੇ ਔਖੇ ਸੌਖੇ ਦਿਹਾੜੇ ਉਸ ਨੇ ਆਪਣੇ ਇਕਲਾਪੇ ਨੂੰ ਗਲ਼ ਲਾ ਕੇ ਕੱਢ ਲਏ। ਉਹਦੀਆਂ ਮੰਗਣੀਆਂ ਹੋਈਆਂ ਤੇ ਹੋ ਕੇ ਟੁੱਟੀਆਂ। ਕਿਸੇ ਨੇ ਉਸ ਨੂੰ ਵਲੀ ਅੱਲ੍ਹਾ ਬਜ਼ੁਰਗ ਆਖਿਆ ਤੇ ਕਿਸੇ ਨੇ ਜਤੀ ਸਤੀ। ਕੌਣ ਜਾਣੇ ਹਯਾਤੀ ਦੇ ਚੁੱਲ੍ਹੇ ਉੱਤੇ ਚੜ੍ਹੇ ਸਾਹਵਾਂ ਦੀ ਰਿਝਦੀ ਖੀਰ ਵਿਚ ਜਜ਼ਬਿਆਂ 'ਤੇ ਕੀ ਗੁਜ਼ਰੀ ਏ? ਉਹ ਤੇ ਵਿਚਾਰੀ ਚੁੱਪ ਦਾ ਰੋਜ਼ਾ ਰੱਖ ਕੇ ਡੰਡ ਪਾਉਂਦੇ ਲੋਕਾਂ ਦੀਆਂ ਗੱਲਾਂ ਸੁਣ ਕੇ ਰੱਬ ਵੱਲ ਝਾਤੀ ਮਾਰ ਛੱਡਦੀ ਸੀ। ਇਕ ਜੀਰੇ ਤਰਖਾਣ ਨੇ ਹੀ ਉਹਦੇ ਵੱਲ ਪੈਰ ਪੁੱਟਿਆ ਤੇ ਉਹ ਵੀ ਪਰਤ ਗਿਆ। ਆਪਾ ਸੁਗਰਾਂ ਵਿਚਾਰੀ ਦਾ ਉਹੀ ਨੱਕ ਦੀ ਸੇਧ ਵਾਲਾ ਸਫ਼ਰ, ਜਿਸ ਵਿਚ ਕਦੀ ਵੀ ਕੋਈ ਮੋੜ ਨਾ ਆਇਆ। ਉਹਦੇ ਕੋਲੋਂ ਪੜ੍ਹਨ ਵਾਲੀਆਂ ਕੁੜੀਆਂ ਦਾ ਦੂਜਾ ਪੂਰ ਵੀ ਪੜ੍ਹ ਕੇ ਜਵਾਨ ਹੋ ਗਿਆ। ਬਹੁਤੀਆਂ ਕੁੜੀਆਂ ਨੂੰ ਆਪਾ ਸੁਗਰਾਂ ਦੀ ਜ਼ਿੰਦਗੀ ਨਾਲ ਐਸਰਾਂ ਦੀ ਅਕੀਦਤ ਸੀ ਕਿ ਉਸੇ ਤਰ੍ਹਾਂ ਦੀਆਂ ਬਣ ਕੇ ਉਹਦੇ ਵਰਗੇ ਹੀ ਇੱਜ਼ਤ ਇਹਤਰਾਮ ਅਤੇ ਬਜ਼ੁਰਗੀ ਦੀ ਖਾਹਸ਼ ਕਰਦੀਆਂ ਤੇ ਉਸ ਵਾਂਗ ਜ਼ਿੰਦਗੀ ਗੁਜ਼ਾਰਨ ਨੂੰ ਚੰਗਾ ਸਮਝਦੀਆਂ।
ਸੂਰਜ ਹੌਲੀ ਹੌਲੀ ਚੁੱਪ ਚਪੀਤਾ ਲਹਿੰਦੇ ਵੱਲ ਟੁਰਿਆ ਜਾ ਰਿਹਾ ਸੀ। ਕੰਧਾਂ ਦੇ ਪਰਛਾਵੇਂ ਪਲ ਪਲ ਲੰਮੇ ਹੁੰਦੇ ਜਾ ਰਹੇ ਸਨ। ਖੱਦਰ ਦੀ ਚਿੱਟੀ ਚਾਦਰ ਦੀ ਬੁੱਕਲ ਮਾਰੀ ਪੀੜ੍ਹੀ 'ਤੇ ਬੈਠੀ ਆਪਾ ਸੁਗਰਾਂ ਪਰਛਾਵੇਂ ਤੋਂ ਡਰਦੀ ਆਪਣੀ ਪੀੜ੍ਹੀ ਨੂੰ ਹੋਰ ਅੱਗੇ ਖਿੱਚ ਕੇ ਧੁੱਪ ਦੀ ਭਾਲ ਦਾ ਪੈਂਡਾ ਕਰਦੀ ਜਾਂਦੀ ਸੀ। ਉਮਰ ਹੰਢਾਅ ਕੇ ਝੜ ਗਏ ਪੱਤਿਆਂ ਵਾਲੀ ਵਿਹੜੇ 'ਚ ਖਲੋਤੀ ਵੀਰਾਨ ਕੰਡਿਆਲੀ ਬੇਰੀ ਉੱਤੇ ਚਿੜੀਆਂ ਦਾ ਰੌਲਾ ਦੱਸ ਰਿਹਾ ਸੀ ਕਿ ਅਨ੍ਹੇਰਾ ਹੋਣ ਈ ਵਾਲਾ ਏ। ਦੋ ਤਿੰਨਾ ਦਿਹਾੜੀਆਂ ਦੇ ਤਾਪ ਨੇ ਆਪਾ ਨੂੰ ਕੁਝ ਮਧੋਲ ਜਿਹਾ ਛੱਡਿਆ ਸੀ। ਉਹ ਆਪਣੀ ਹਿੱਕ ਉੱਤੇ ਹੱਥ ਰੱਕ ਕੇ ਹੌਲੀ ਹੌਲੀ ਦਬ ਰਹੀ ਸੀ ਕਿ ਕੋਲ ਬੈਠੀ ਇਕ ਜਵਾਨ ਸ਼ਗਿਰਦ ਨੇ ਆਖਿਆ, ''ਆਪਾ ਜੀ, ਮੈਂ ਤੁਹਾਡਾ ਬਿਸਤਰਾ ਸਿੱਧਾ ਕਰ ਦਿੱਤਾ ਏ ਤੇ ਉੱਠ ਕੇ ਅੰਦਰ ਚਲੇ ਚਲੋ।'' ਉਸਨੇ ਸੂਰਜ ਦੀ ਅੱਖ ਮੀਟਦੀ ਲਾਲੀ ਵੱਲ ਵੇਖ ਕੇ ਆਖਿਆ, ''ਕੋਈ ਨਹੀਂ ਮਰੀਅਮ, ਕੁਝ ਚਿਰ ਬਾਹਰ ਬੈਠ ਲੈਣ ਦੇ, ਆਖ਼ਰ ਅੰਦਰ ਹੀ ਤੇ ਜਾਣਾ ਏ ਇਕ ਦਿਨ।''
ਬੇਰੀ ਉੱਤੇ ਚਿੜੀਆਂ ਦਾ ਰੌਲਾ ਮੁੱਕ ਗਿਆ, ਮਸੀਤ ਵਿਚੋਂ ਅਜ਼ਾਨ ਦੀ ਆਵਾਜ਼ ਆਈ ਕਿ ਅੱਲ੍ਹਾ ਸਭ ਤੋਂ ਵੱਡਾ ਏ। ਆਪਾ ਸੁਗਰਾਂ ਨਮਾਜ਼ ਲਈ ਉੱਠਣ ਲੱਗੀ ਤੇ ਲੱਤਾਂ ਨੇ ਸਾਥ ਨਾ ਦਿੱਤਾ। ਡਿੱਗਦੀ ਨੇ ਕੰਧ ਦਾ ਆਸਰਾ ਲੈ ਲਿਆ। ਮਰੀਅਮ ਨੇ ਵੇਖਿਆ ਤੇ ਦੌੜ ਕੇ ਆਪਾ ਨੂੰ ਸਾਂਭ ਲਿਆ। ਉਹ ਸਹਾਰਾ ਦੇ ਕੇ ਅੰਦਰ ਬਿਸਤਰੇ ਤੱਕ ਲੈ ਗਈ ਪਰ ਆਪਾ ਨੇ ਜ਼ਿਦ ਕਰਕੇ ਵਜੂ ਲਈ ਪਾਣੀ ਮੰਗਿਆ ਤੇ ਮਰੀਅਮ ਨੇ ਆਖਿਆ, ''ਰਹਿਣ ਦੇਵੋ ਆਪਾ ਜੀ, ਨਮਾਜ਼ ਫੇਰ ਪੜ੍ਹੀ ਜਾਏਗੀ, ਤੁਸੀਂ ਮੰਜੀ ਉੱਤੇ ਲੇਟ ਜਾਵੋ।'' ਸੁਗਰਾਂ ਬੁੱਲ੍ਹਾਂ ਵਿਚ ਨਿੰਮ੍ਹਾ ਜਿਹਾ ਹੱਸ ਕੇ ਆਖਣ ਲੱਗੀ, ''ਨੀ ਝੱਲੀਏ! ਇਹ ਨਮਾਜ਼ ਫੇਰ ਨਹੀਂ ਆਉਣੀ, ਲੇਟਣ ਲਈ ਤੇ ਹੁਣ ਇਹ ਵੇਲਾ ਸਾਰਾ ਹੀ ਮੇਰੇ ਕੋਲ ਹੈ।'' ਆਪਾ ਨਮਾਜ਼ ਪੜ੍ਹਦਿਆਂ ਪੜ੍ਹਦਿਆਂ ਬਹਿ ਗਈ ਤੇ ਮੁਸੱਲੇ ਤੋਂ ਉੱਠ ਕੇ ਮੰਜੀ ਉੱਤੇ ਜਾਣ ਦਾ ਪੈਂਡਾ ਬੜਾ ਹੀ ਔਖਾ ਹੋ ਗਿਆ। ਮਰੀਅਮ ਨੇ ਪਾਣੀ ਦੇ ਦੋ ਘੁੱਟ ਪਿਆ ਕੇ ਦਵਾਖੇ ਵਿਚ ਪਏ ਦੀਵੇ ਨੂੰ ਤੀਲੀ ਲਾਈ ਤੇ ਉਹਦਾ ਤੇਲ ਵੇਖ ਕੇ ਆਖਣ ਲੱਗੀ, ''ਆਪਾ ਜੀ, ਦੀਵੇ ਵਿਚ ਤੇ ਬੜਾ ਹੀ ਥੋੜ੍ਹਾ ਤੇਲ ਰਹਿ ਗਿਆ ਏ। ਤੇਲ ਵਾਲੀ ਬੋਤਲ ਕਿੱਥੇ ਹੈ? ਮੈਂ ਰਤੀ ਕੁ ਤੇਲ ਪਾ ਦੇਵਾਂ।'' ਆਪਾ ਸੁਗਰਾਂ ਨੇ ਦੀਵੇ ਦੀ ਲੋਅ ਵੱਲ ਵੇਖ ਕੇ ਆਖਿਆ, ''ਨੀ ਛੱਡ ਮਰੀਅਮ ਕੀ ਕਰਨੀ ਏ ਬਹੁਤੀ ਲੋਅ, ਹੁਣ ਤੇ ਉਂਜ ਵੀ ਲੋਅ ਲੱਗਣ ਦਾ ਵੇਲਾ ਆ ਗਿਆ ਏ। ਮੈਨੂੰ ਲੱਗਦਾ ਏ ਤੇਲ ਵਾਲੀ ਬੋਤਲ ਵੀ ਸੱਖਣੀ ਹੋ ਗਈ ਏ। ਏਸ ਦੀਵੇ ਦਾ ਤੇਲ ਪੂਰੀ ਰਾਤ ਨਾ ਵੀ ਕੱਢੇਗਾ ਤਾਂ ਕੀ ਫ਼ਰਕ ਪੈਂਦਾ ਹੈ? ਜਦੋਂ ਬੰਦਾ ਸੌਂ ਜਾਵੇ ਜਾਂ ਅੱਖਾਂ ਮੀਟ ਲਵੇ ਤੇ ਫੇਰ ਕੀ ਪਤਾ ਲੱਗਦਾ ਏ ਕਿ ਰੌਸ਼ਨੀ ਹੈ ਜਾਂ ਅਨ੍ਹੇਰਾ?'' ਆਪਾ ਸੁਗਰਾਂ ਦੇ ਪੈਰਾਂ ਤੇ ਚੰਗੀ ਤਰ੍ਹਾਂ ਰਜਾਈ ਦੇ ਕੇ ਮਰੀਅਮ ਨੇ ਆਖਿਆ, ''ਆਪ ਜੀ, ਅੱਜ ਮੈਂ ਤੁਹਾਡੇ ਕੋਲ ਹੀ ਸੌਵਾਂਗੀ ਤੇ ਹੁਣ ਮੈਂ ਦੌੜ ਕੇ ਆਪਣੀ ਬੇਬੇ ਨੂੰ ਦੱਸ ਆਵਾਂ।'' ਸੁਗਰਾਂ ਨੇ ਹੱਥ ਦੇ ਇਸ਼ਾਰੇ ਨਾਲ ਆਗਿਆ ਦੇ ਕੇ ਆਖਿਆ, ''ਮਰੀਅਮ ਬਹੁਤੀ ਦੇਰ ਨਾ ਕਰ ਦਈਂ, ਕਿਧਰੇ ਦੇਰ ਹੀ ਨਾ ਹੋ ਜਾਏ। ਛੇਤੀ ਮੁੜੀਂ ਤੇ ਕਿਸੇ ਹੋਰ ਕੁੜੀ ਨੂੰ ਨਾਲ ਨਾ ਲਿਆਈਂ। ਅੱਜ ਮੈਂ ਤੇਰੇ ਨਾਲ ਬੜੀਆਂ ਗੂਹੜੀਆਂ ਗੱਲਾਂ ਕਰਨੀਆਂ ਨੇ।''
ਮਰੀਅਮ ਹੱਥ ਵਿਚ ਦੁੱਧ ਦਾ ਛੰਨਾ ਲੈ ਕੇ ਪਰਤੀ ਤੇ ਦਵਾਖੇ 'ਚ ਪਏ ਹੋਏ ਦੀਵੇ ਦੀ ਲੋਅ ਤੇਲ ਦੀ ਘਾਟ ਹੋਣ ਕਰਕੇ ਬੜੀ ਹੀ ਨਿੰਮ੍ਹੀ ਹੋ ਚੁੱਕੀ ਸੀ। ਦੀਵਾ ਉਭੇ ਜਿਹੇ ਸਾਹ ਲੈ ਰਿਹਾ ਸੀ। ਮਰੀਅਮ ਨੇ ਰਹਿੰਦੇ ਖੂੰਹਦੇ ਤੇਲ ਵਿਚ ਪੋਟਾ ਡੋਬ ਕੇ ਰੂੰ ਦੀ ਬੱਤੀ ਉੱਤੇ ਨਚੋੜਿਆ ਕਿ ਕੁਝ ਚਿਰ ਲਈ ਲੋਅ ਹੁੰਦੀ ਰਵ੍ਹੇ। ਫੇਰ ਚੁੱਪਚਾਪ ਪਈ ਸੁਗਰਾਂ ਦੇ ਮੂੰਹ ਵਿਚ ਦੋ ਘੁੱਟ ਦੁੱਧ ਪਾਇਆ ਕਿ ਸਾਹ ਸੌਖਾ ਹੋ ਜਾਵੇ। ਇੰਜ ਲੱਗਦਾ ਸੀ ਜਿਵੇਂ ਦੋਵੇਂ ਹੀ ਦੀਵੇ ਬੜੇ ਕਾਹਲੇ ਨੇ ਆਪਣੀ ਆਪਣੀ ਮੰਜ਼ਿਲ ਲਈ।
ਦੁੱਧ ਦੇ ਦੋ ਘੁੱਟ ਪੀ ਕੇ ਆਪਾ ਸੁਗਰਾਂ ਨੇ ਮਰੀਅਮ ਦੀ ਬਾਂਹ ਫੜ ਕੇ ਆਪਣੀ ਮੰਜੀ ਦੀ ਬਾਹੀ 'ਤੇ ਬਿਠਾ ਲਿਆ ਤੇ ਆਖਣ ਲੱਗੀ, ''ਵੇਖ ਮਰੀਅਮ! ਮੇਰੇ ਲਈ ਅੱਜ ਇਹ ਅਖ਼ੀਰਲੀ ਤੇ ਤੇਰੇ ਜਿਹੀਆਂ ਮੁਟਿਆਰਾਂ ਲਈ ਇਹ ਪਹਿਲੀ ਗੱਲ ਹੈ। ਮੇਰੀ ਏਸ ਗੱਲ ਨੂੰ ਪੱਲੇ ਬੰਨ੍ਹ ਕੇ ਸਾਰੇ ਜਹਾਨ ਦੀਆਂ ਕੁੜੀਆਂ ਨੂੰ ਇਹ ਸੁਨੇਹਾ ਦੇ ਦਈਂ। ਉਹਨਾਂ ਨੂੰ ਆਖੀਂ ਨੇਕੀ ਅਤੇ ਸ਼ਰਾਫਤ ਦਾ ਲੜ ਫੜ ਕੇ ਜਵਾਨੀ ਦੇ ਜਿੱਲ੍ਹਣ ਵਿਚੋਂ ਦੀ ਲੰਘ ਜਾਣਾ ਗੱਲ ਤੇ ਬੜੀ ਚੰਗੀ ਏ ਪਰ ਲੰਘਣ ਲੱਗਿਆਂ ਕਿੰਨੀ ਵਾਰੀ ਮਰਨਾ ਪੈਂਦਾ ਹੈ ਇਹ ਸਿਰਫ ਮੈਨੂੰ ਹੀ ਪਤਾ ਏ। ਅੜੀਓ ਕਿਧਰੇ ਤੁਸੀਂ ਨਾ ਰੱਬ ਦੇ ਕਾਨੂੰਨ ਨੂੰ ਕਤਲ ਕਰਕੇ ਫਾਂਸੀ ਚੜ੍ਹਨਾ। ਵੇਖਿਓ! ਕਿਧਰੇ ਤੁਸੀਂ ਵੀ ਆਪਾ ਸੁਗਰਾਂ ਬਣਨ ਦੀ ਗ਼ਲਤੀ ਨਾ ਕਰਿਓ। ਮੈਨੂੰ ਤੇ ਜੇਸਰਾਂ ਦਾ ਵੀ ਬਣਾ ਛੱਡਿਆ ਉਹ ਵੇਲੇ ਦੇ ਘੁਮਿਆਰ ਦੀ ਮਜ਼ਬੂਰੀ ਸੀ। ਮੈਂ ਜੋ ਵੀ ਬਣੀ, ਜੇਸਰਾਂ ਦੀ ਵੀ ਬਣੀ ਉਹ ਸਾਰੀ ਵੇਲੇ ਦੀ ਕਾਰਸਤਾਨੀ ਸੀ ਅਤੇ ਮੇਰੇ ਕੋਲੋਂ ਮੇਰੇ ਹਾਲਾਤ ਨੇ ਕਦੀ ਵੀ ਨਹੀਂ ਪੁੱਛਿਆ ਕਿ ਤੂੰ ਵੀ ਆਪਣੀ ਕੋਈ ਮਰਜ਼ੀ ਦੱਸ। ਮੇਰੀ ਮਰਜ਼ੀ ਕਦੋਂ ਕਿਸੇ ਨੇ ਪੁੱਛੀ ਸੀ। ਆਖ ਛੱਡੀਂ ਮਰੀਅਮ ਆਪਣੇ ਹਾਣ ਦੀਆਂ ਸਾਰੀਆਂ ਕੁੜੀਆਂ ਨੂੰ। ਕਿਧਰੇ ਉਹ ਮੇਰੇ ਪੈਰਾਂ 'ਤੇ ਪੈਰ ਰੱਖ ਕੇ ਟੁਰਨ ਦੀ ਕੋਸ਼ਿਸ਼ ਨਾ ਕਰਨ। ਬੜਾ ਔਖਾ ਏ ਇੰਜ ਮਰ ਮਰ ਕੇ ਜੀਵਣਾ। ਸਾਰੇ ਜਹਾਨ ਨਾਲ ਜੰਗ ਛੇੜੀ ਜਾ ਸਕਦੀ ਏ ਪਰ ਆਪਣੀ ਰੂਹ ਅਤੇ ਆਪਣੇ ਅੰਦਰ ਨਾਲ ਲੜਨਾ ਬੜਾ ਹੀ ਔਖਾ ਹੈ। ਨੀ ਮਰੀਅਮ। ਆਪਣੇ ਨਫਸ ਨਾਲ ਮੱਥਾ ਲਾ ਕੇ ਜੀਵਣਾ ਜਵਾਨੀ ਦੀ ਮੌਤ ਅਤੇ ਆਪਣੇ ਆਪ ਨੂੰ ਨਾਗ ਲੜਾਵਣ ਵਾਲੀ ਗੱਲ ਹੈ।
ਤੂੰ ਆਖ ਦੇਵੀਂ ਸਾਰੇ ਪਿੰਡ ਦੀਆਂ ਕੁੜੀਆਂ ਨੂੰ ਕਿ ਸੁਗਰਾਂ ਦੇ ਅੰਦਰ ਵੀ ਇਕ ਸੁਗਰਾਂ ਸੀ ਜਿਹਨੂੰ ਨਾ ਕਿਸੇ ਨੇ ਵੇਖਿਆ, ਨਾ ਸੁਣਿਆ। ਮੈਂ ਸਾਰੀ ਹਯਾਤੀ ਸਬਕ ਪੜ੍ਹਾਇਆ ਪਰ ਇਹ ਨਾ ਦੱਸ ਸਕੀ ਕਿ ਕੁਦਰਤ ਅਤੇ ਫਿਤਰਤ ਨਾਲ ਆਢਾ ਲਾ ਕੇ ਸਾਰੀ ਹਯਾਤੀ ਹੀ ਜੰਗ ਕਰਦਿਆਂ ਲੰਘ ਜਾਂਦੀ ਜੇ।
ਵੇਖੀਂ ਮਰੀਅਮ! ਕਿਧਰੇ ਸੁਗਰਾਂ ਨੂੰ ਨਮੂਨਾ ਬਣਾ ਕੇ ਕੋਈ ਕੁੜੀ ਸਾਰੀ ਉਮਰੇ ਆਪਣੇ ਆਪ ਨਾਲ ਹੱਥੋ ਪਾਈ ਨਾ ਹੁੰਦੀ ਰਹਵੇ।
ਦੀਵਾ ਫੇਰ ਉੱਚਾ ਹੋਣ ਲੱਗ ਪਿਆ। ਇੰਜ ਲੱਗਦਾ ਸੀ ਜਿਵੇਂ ਕਿਸੇ ਨੂੰ ਕਾਂਬਾ ਛਿੜ ਗਿਆ ਹੋਵੇ। ਜਿਵੇਂ ਕੋਈ ਡੁੱਬਣ ਵਾਲੀ ਜ਼ਿੰਦਗੀ ਦੀ ਫਰਿਆਦ ਕਰਦਾ ਏ। ਮਰੀਅਮ ਨੇ ਆਲੇ ਦਵਾਲੇ ਦੇ ਤੇਲ ਵਿਚ ਪੋਟਾ ਭਿਉਂ ਕੇ ਦੀਵੇ ਦੇ ਲਬਾਂ ਨੂੰ ਲਾਇਆ ਕਿ ਚਾਰ ਸਾਹ ਹੋਰ ਕੱਢ ਲਵੇ।
''ਨੀ ਮਰੀਅਮ, ਦੋ ਚੂਲੀਆਂ ਪਾਣੀ ਮੇਰੇ ਮੂੰਹ 'ਚ ਪਾਈਂ, ਜ਼ਬਾਨ ਬੜੀ ਹੀ ਸੁੱਕ ਗਈ ਏ।'' ਸੁਗਰਾਂ ਨੇ ਪਾਣੀ ਦੇ ਗਲਾਸ ਵੱਲ ਇਸ਼ਾਰਾ ਕਰਕੇ ਆਖਿਆ। ਮਰੀਅਮ ਨੇ ਦੋ ਚਮਚੇ ਪਾਣੀ ਆਪਾ ਸੁਗਰਾਂ ਦੇ ਮੂੰਹ ਵਿਚ ਪਾਇਆ ਤੇ ਉਸ ਨੇ ਫੇਰ ਅੱਖਾਂ ਪੁੱਟ ਲਈਆਂ। ਉਹ ਆਪਣੇ ਹੋਠਾਂ 'ਤੇ ਜੀਭ ਫੇਰ ਕੇ ਆਖਣ ਲੱਗੀ, ''ਵੇਖ ਮਰੀਅਮ! ਇਹ ਜ਼ਿੰਦਗੀ ਬੰਦੇ ਕੋਲੋਂ ਹਿਸਾਬ ਮੰਗਦੀ ਹੈ। ਵੇਖਿਓ ਕਿਧਰੇ ਬੇਹਿਸਾਬੀ ਨਾ ਕਰਿਓ। ਤੁਸੀਂ ਕਿਧਰੇ ਸੁਗਰਾਂ ਬਣਨ ਦੀ ਕੋਸ਼ਿਸ਼ ਨਾ ਕਰਿਓ। ਸਿਆਲ ਦੀਆਂ ਕਾਲੀਆਂ ਲੰਮੀਆਂ ਰਾਤਾਂ 'ਚ ਅੱਧੀ ਰਾਤ ਨੂੰ ਬਰਕਤ ਚੌਂਕੀਦਾਰ ਬਾਹਰ ਗਲੀ ਵਿਚ ਜਦੋਂ ਵੀ ਆਖਦਾ ਹੁੰਦਾ ਸੀ, ''ਜਾਗਦੇ ਰਹੋ ਪਈ ਜਾਗਦੇ ਰਹੋ'' ਤੇ ਮੇਰਾ ਜੀ ਕਰਦਾ ਹੁੰਦਾ ਸੀ ਬਰਕਤ ਦਾ ਗੁੱਟ ਫੜ ਕੇ ਅੰਦਰ ਲੈ ਆਵਾਂ ਤੇ ਉਹਨੂੰ ਜੱਫਾ ਪਾ ਕੇ ਉਹਦੇ ਵਿਚ ਗਵਾਚ ਜਾਵਾਂ।''
ਆਖਦੇ ਆਖਦੇ ਸੁਗਰਾਂ ਦੇ ਸਾਹ ਲੰਮੇ ਲੰਮੇ ਹੋ ਗਏ ਤੇ ਸਾਹਾਂ ਦੀ ਹਵਾ ਕੋਲੋਂ ਡਰਦਾ ਹੋਇਆ ਦੀਵਾ ਵੀ ਕੰਬਣ ਲੱਗ ਪਿਆ। ਉਹਦੇ ਆਖ਼ਰੀ ਸਾਹ ਦੀ ਚਪੇੜ ਨਾਲ ਦੀਵੇ ਦਾ ਸਾਹ ਵੀ ਨਿਕਲ ਗਿਆ।
ਮਰੀਅਮ ਨੇ ਆਪਾ ਸੁਗਰਾਂ ਦੇ ਨੇੜੇ ਜਿਹੇ ਹੋ ਕੇ ਵੇਖਿਆ। ਸੁਗਰਾਂ ਦੇ ਦੋਵੇਂ ਹੱਥ ਉਹਦੇ ਮੱਥੇ ਉੱਤੇ ਧਰੇ ਹੋਏ ਸਨ ਜਿਵੇਂ ਸਾਰੀ ਦੁਨੀਆਂ ਨੂੰ ਸਲਾਮ ਕਰ ਰਹੇ ਹੋਣ।


ਮਿੰਨੀ ਕਹਾਣੀ
ਦਿਲਾਸਾ
 
ਆਪਣੀ ਸਖਤ ਬਿਮਾਰ ਛੋਟੀ ਭਰਜਾਈ ਦੀ ਹਸਪਤਾਲ ਦੇ ਆਈ.ਸੀ.ਯੂ. ਵਿਚੋਂ ਪਹਿਲੀ ਵਾਰ ਕੁਰਸੀ 'ਤੇ ਬੈਠ ਕੇ ਬਾਹਰ ਆਉਣ ਦੀ ਫੋਟੋ ਨੂੰ ਮੋਬਾਇਲ ਫੋਨ 'ਤੇ ਦਿਖਾਉਣ ਦੇ ਚਾਅ ਵਿਚ ਉਹ ਅਖਬਾਰਾਂ ਦਾ ਬਿਲ ਲੈਣਾ ਵੀ ਭੁਲ ਗਿਆ ਸੀ। ਕਾਹਲੀ-ਕਾਹਲੀ ਵਿਚ, ਪੈਸੇ ਲੈਣ ਤੋਂ ਬਿਨਾਂ ਹੀ, ਬਿੱਲ ਦੇ ਕੇ ਚਲਾ ਗਿਆ। ਕੁਝ ਪਲਾਂ ਲਈ ਉਸਦਾ ਜਰਦ ਤੇ ਉਦਾਸ ਚਿਹਰਾ ਟਹਿਕਣ ਲੱਗ ਪਿਆ ਸੀ।
ਘਟਨਾ ਅਸਲ ਵਿਚ ਪਾਰਟੀ ਦਫਤਰ ਵਿਚ ਅਖਬਾਰਾਂ ਦਾ ਬਿੱਲ ਉਗਰਾਹੁਣ ਆਏ ਹਾਕਰ ਨਾਲ ਸਬੰਧਤ ਹੈ। ਸਵੇਰ ਵੇਲੇ, ਸਾਡੇ ਅਖਬਾਰ ਪੜ੍ਹਦਿਆਂ-ਪੜ੍ਹਦਿਆਂ ਹੀ, ਹਾਕਰ ਅਖਬਾਰਾਂ ਦਾ ਮਹੀਨਾਵਾਰ ਭੁਗਤਾਨ ਲੈਣ ਆਇਆ। ਮੇਰੇ ਮਿੱਤਰ ਨੇ ਐਵੇਂ ਹਾਸੇ ਵਿਚ ਹੀ ਆਖ ਦਿੱਤਾ, ''ਪੈਸੇ ਲੈਣ ਆ ਗਿਆ ਏਂ, ਅਖਬਾਰ ਕੋਈ ਪਹੁੰਚਦੀ ਨਹੀਂ।''
''ਕਿਹੜੀ ਅਖਬਾਰ ਨਹੀਂ ਪਹੁੰਚੀ ਭਾਜੀ!''
'ਕੋਈ ਵੀ ਨਹੀਂ', ਮਸਖਰਾ ਜਿਹਾ ਹਾਸਾ ਹੱਸਦਿਆਂ ਮੇਰੇ ਮਿੱਤਰ ਨੇ ਝਬਦੇ ਹੀ ਜਵਾਬ ਸੁੱਟ ਮਾਰਿਆ।
ਮੈਂ ਉਸਦਾ ਪਲੱਤਣ ਫੜ੍ਹ ਰਿਹਾ ਚਿਹਰਾ ਭਾਂਪ ਦਿਆਂ ਕਿਹਾ, ਗਿਆ।
''ਨਹੀਂ-ਨਹੀਂ ਮਿੱਤਰ, ਇਹ ਤਾਂ ਐਵੇਂ ਮਖੌਲ ਕਰਦਾ ਏ। ਸਾਰੇ ਅਖਬਾਰ ਮਿਲਦੇ ਆ।''  ਮੈਂ ਆਪਣੇ ਦੋਸਤ ਦੇ ਮਜ਼ਾਕ 'ਚੋਂ ਉਪਜ਼ੀ ਤਲਖ਼ੀ 'ਤੇ ਪਰਦਾ ਪਾਉਣਾ ਚਾਹੁੰਦਾ ਸਾਂ।
''ਭਾਜੀ! ਮੈਂ ਤਾਂ ਪਹਿਲਾਂ ਹੀ ਬਹੁਤ ਟੈਨਸ਼ਨ 'ਚ ਆਂ। ਮੇਰੀ ਛੋਟੀ ਭਰਜਾਈ ਹੈਪੇਟਾਈਟਸ-ਬੀ ਨਾਲ ਬਿਮਾਰ ਆ। ਪੂਰਾ 18 ਲੱਖ ਲੱਗ ਗਿਆ, ਹਾਲੇ ਵੀ ਪਤਾ ਨਹੀਂ ਬਚੇ ਜਾਂ ਨਾ ਬਚੇ।''
ਮੇਰੇ ਵਲੋਂ ਕੋਈ ਸਵਾਲ ਪੁੱਛਣ ਤੋਂ ਪਹਿਲਾਂ ਹੀ ਉਹ ਫੁੱਟ ਪਿਆ, ਜਿਵੇਂ ਰੋ ਰਿਹਾ ਹੋਵੇ। ''ਸਾਰੇ ਪੈਸੇ ਉਧਾਰ ਲੈ ਕੇ ਲਾਏ ਆ ਜੀ। ਚਲੋ! ਉਹ ਬਚ ਜਾਵੇ।''
ਮੈਂ ਉਸਨੂੰ ਥੋੜਾ ਜਿਹਾ ਹੌਂਸਲਾ ਦੇਂਦਿਆਂ ਕਿਹਾ ''ਕਾਕਾ, ਹੁਣ ਲੱਗਦਾ ਠੀਕ ਹੋ ਜਾਣਾ ਉਸਨੇ। ਚਿਹਰਾ ਵੀ ਠੀਕ ਲੱਗਦਾ ਹੁਣ! ਚਿੰਤਾ ਨਾ ਕਰ ਤੂੰ।'' ਮੋਬਾਇਲ ਤੇ ਫੋਟੋ ਦੇਖ ਕੇ ਮੈਂ ਉਸਦੀ ਜਾਗੀ ਆਸ 'ਤੇ ਹੋਰ ਸ਼ਾਹਦੀ ਭਰ ਦਿੱਤੀ।
ਇਹ ਗੱਲ ਸੁਣਦਿਆਂ ਹੀ, ਅਖਬਾਰਾਂ ਦਾ ਬਿੱਲ ਦੇ ਕੇ ਉਹ ਇੰਝ ਭੱਜਾ, ਜਿਵੇਂ ਕੋਈ ਬੰਦਾ ਕਿਧਰੇ ਉਸ ਕੋਲੋਂ ਇਹ ਖੁਸ਼ੀ ਦੀ ਖਬਰ ਹੀ ਨਾ ਖੋਹ ਲਵੇ। ਲੱਗਦਾ ਸੀ ਮੇਰੇ ਮੋਹ ਭਿੱਜੇ ਸ਼ਬਦ ਅਖਬਾਰ ਦੇ ਬਿੱਲ ਨਾਲੋਂ ਕਿਤੇ ਜ਼ਿਆਦਾ ਪੈਸੇ ਉਸਨੂੰ ਦੇ ਗਏ ਹੋਣ।
- ਰਾਹਗੀਰ




 ਕਵਿਤਾ
- ਪ੍ਰਕਾਸ਼ ਸਿੰਘ ਆਜ਼ਾਦ
ਬਣ ਕੇ ਤੂਫ਼ਾਨ ਉੱਠਿਆ
 

ਤੂਫ਼ਾਨ ਬਣ ਕੇ ਉੱਠਿਆ, ਕੱਖਾਂ 'ਤੇ ਕਾਨ੍ਹਿਆਂ ਦਾ।
ਦਿਲ ਕੰਬਦਾ ਏ ਕਾਹਤੋਂ, ਇਹ ਬੇਈਮਾਨਿਆਂ ਦਾ।
ਆਜ਼ਾਦੀ ਦੀ ਸਮ੍ਹਾਂ 'ਤੇ, ਕਿੰਨੇ ਕੁ ਮਰ ਮਿਟੇ ਨੇ।
ਜੁਗਨੂੰ ਪਤਾ ਏ ਪੁੱਛਦਾ, ਐਸੇ ਦੀਵਾਨਿਆਂ ਦਾ।
ਇਸ ਕਿਰਤ ਨੂੰ ਸਮਰਪਣ ਹੈ ਜੀਣ-ਮਰਨ ਸਾਡਾ,
ਘੋਲਾਂ 'ਚ ਭੇਦ ਖੁੱਲ੍ਹਿਆ, ਆਪਣੇ ਬਗਾਨਿਆਂ ਦਾ।
ਬੰਬਾਂ ਦੀ ਮਾਰ ਹੇਠਾਂ, ਆਈ ਏ ਪੂਰੀ ਧਰਤੀ,
ਹਿੱਸਾ ਆਕਾਸ਼ ਵੀ ਏ, ਇਸਦੇ ਨਿਸ਼ਾਨਿਆਂ ਦਾ,
ਸੰਸਦ 'ਚ ਬੈਠ ਕਰਦੇ, ਜੋ ਰੋਜ਼ ਹੀ ਤਮਾਸ਼ਾ,
ਨਾ ਭੇਦ ਜਾਣਦੇ ਉਹ, ਗੁਰਬਤ ਦੇ ਮਾਅਨਿਆਂ ਦਾ।
ਜਦ ਤੋਂ ਨਾਜ਼ਾਤ ਪਾਈ, ਤੇਰੇ ਹਿਜ਼ਰ ਤੋਂ ਦਿਲ ਨੇ,
ਨਾ ਫ਼ਿਕਰ ਹੁਣ ਰਿਹਾ ਏ, ਤੇਰੇ ਬਹਾਨਿਆਂ ਦਾ।
ਮੁੱਲ ਤਾਰ ਕੇ ਸਿਰਾਂ ਦੇ, ਜੋ ਸਿਦਕ ਨੂੰ ਨਿਭਾ ਗਏ,
ਹੁਣ! ਹਰ ਥਾਂ ਹੋ ਰਿਹਾ ਏ, ਚਰਚਾ ਦੀਵਾਨਿਆਂ ਦਾ।


ਅਕਤੂਬਰ ਇਨਕਲਾਬ  

- ਹਰਭਜਨ ਸਿੰਘ ਹੁੰਦਲਕਵਣ ਸੁ ਦਿਨ ਅਕਤੂਬਰ ਦਾ ਸੀ
ਜਦੋਂ ਜ਼ਾਰ ਦੇ ਪੈਰਾਂ ਹੇਠੋਂ
ਧਰਤੀ ਡੋਲੀ?
ਕਵਣ ਮਨੁੱਖ ਨੇ ਇਸ ਵਿਦਰੋਹ ਦਾ
ਸੱਦਾ ਦਿੱਤਾ
ਕੌਣ ਕਿ ਜਿਸ ਦੇ ਸੁੱਚੇ
ਚਿੰਤਨ ਗੁੰਝਲ ਖੋਲ੍ਹੀ?

ਪੈਰਾਂ ਦੀਆਂ ਜ਼ੰਜੀਰਾਂ ਤੇ
ਹੱਥ-ਕੜੀਆਂ
ਲੋਕਾਂ ਦੀ ਸ਼ਕਤੀ ਦੇ
ਹੜ੍ਹ ਅੱਗੇ ਨੇ ਕਦ ਅੜੀਆਂ!

ਹਿਰਦੇ ਅੰਦਰ ਮਘਦੇ ਸੁਪਨੇ
ਚੜ੍ਹਦੇ ਸੂਰਜ ਦੇ ਮੂੰਹ ਵਾਂਗੂੰ
ਸੱਚੇ ਹੋਏ।
ਲਾਲ਼ ਸਿਪਾਹੀ
ਕਿਰਤੀ ਤੇ ਕਿਰਸਾਨ, ਜਿਨ੍ਹਾਂ ਦੇ
ਸੁੱਕੀ ਢੀਂਗਰ ਵਰਗੇ ਚਿਹਰੇ
ਚੁੱਕ ਵਿਦਰੋਹ ਦੇ ਸੂਹੇ ਪਰਚਮ
ਬਾਲ਼ ਮਿਸ਼ਾਲਾਂ ਤੁਰੇ ਮੁਸਾਫ਼ਰ,
ਲੋਏ ਲੋਏ।

ਧੁੰਦਾਂ, ਧੂੜ, ਧੂੰਏਂ ਦੇ ਧੱਬੇ
ਪਹਿਲੀ ਬਾਰਸ਼ ਨਾਲ ਗਏ ਨੇ
ਸੱਭੇ ਧੋਤੇ
ਚਿਹਰੇ ਦੀ ਪਹਿਚਾਣ ਕਿਸੇ ਤੋਂ
ਕਰ ਨਾ ਹੋਵੇ
ਉੱਠ ਜਦੋਂ ਸੀ ਕਾਮੇਂ ਪੈਰਾਂ
ਭਾਰ ਖਲੋਤੇ
ਕੈਸੀ ਕੰਧ ਕਿਲ੍ਹੇ ਦੀ ਤਿੜਕੀ

ਹਰ ਪਲ ਚੌੜਾ ਹੋਰ ਮਘੋਰਾ ਹੋਵੇ
ਵੰਨ-ਸਵੰਨੀਆਂ ਫ਼ੌਜਾਂ,
ਪਾਰੋਂ ਚੜ੍ਹ-ਚੜ੍ਹ ਆਈਆਂ
ਲਾਲ਼ ਫ਼ੌਜ ਦੇ ਅੱਗੇ ਐਪਰ
ਕੌਣ ਖਲੋਵੇ।

ਬੰਦ-ਖਲਾਸ ਰੰਗਾਂ ਦੀ ਹੋਈ
ਰਚਨਾ ਦੇ ਦਰਵਾਜ਼ੇ ਖੁੱਲ੍ਹੇ
ਚਿੱਟੀਆਂ ਫ਼ੌਜਾਂ, ਕਾਲੇ ਕਾਰੇ
ਕੀਤੇ ਲੱਖ ਉਹਨਾਂ ਨੇ ਚਾਰੇ
ਪਰ ਨਾ ਵੇਗ ਸਮੇਂ ਦਾ ਰੁਕਿਆ
ਨਾ ਹੀ ਰੁਕਿਆ ਅੱਥਰਾ ਝੱਖੜ
ਝੱਖੜ ਕਿਤਨਾ ਅੱਖੜ!

ਕਿੰਨਾ ਲਹੂ ਧਰਤੀ 'ਤੇ ਡੁੱਲ੍ਹਾ
ਕਿੰਨੀਆਂ ਲਾਸ਼ਾਂ
ਇਸ ਨੇ ਬੁੱਕਲ ਵਿਚ ਲੁਕੋਈਆਂ
ਕਦੇ ਕਿਸੇ ਤੋਂ ਗਿਣ ਨਾ ਹੋਈਆਂ।

ਜਿੱਥੇ ਜਿੱਥੇ ਇਹ ਲਹੂ ਡੁੱਲ੍ਹਦਾ
ਚਾਨਣ ਦੇ ਚਸ਼ਮੇਂ ਦਾ ਬੂਹਾ ਖੁੱਲ੍ਹਦਾ
ਏਸ ਲਹੂ ਦੀ
ਮੈਂ ਅਜ਼ਮਤ ਦੇ ਸਦਕੇ ਜਾਵਾਂ
ਔਖੇ ਵੇਲੇ
ਏਸੇ ਲਹੂ ਦਾ ਨਾਮ ਧਿਆਵਾਂ
ਘੋਰ ਨਿਰਾਸ਼ਾ ਦੀ ਦਲਦਲ 'ਚੋਂ
ਤੰਗ ਹਨੇਰੀ ਬੰਦ-ਗਲੀ 'ਚੋਂ
ਕਿੰਝ ਅਡੋਲ ਸਬੂਤਾ ਨਿਕਲ ਜਾਵਾਂ
ਲਾਲ਼-ਫੌਜ ਦੇ ਸੁਰਖ਼-ਲਹੂ ਦੀ
ਰੱਤੀ ਮਿੱਟੀ
ਜਾਂ ਮੈਂ ਮਸਤਕ ਲਾਵਾਂ
ਹੁੰਦੀਆਂ ਨੇ ਦੂਰ ਦੂਰ ਬਲਾਵਾਂ।

ਜਿੱਥੇ ਜਿੱਥੇ
ਸੱਤ ਸਮੁੰਦਰ ਪਾਰ
ਕਾਲ਼ੇ ਜੰਗਲ ਬੇਲੇ
ਮਾਰੂਥਲ ਵਿਚਕਾਰ
ਹੱਕ ਲਈ ਲੜਦੀ ਰੱਤ ਡੁੱਲ੍ਹਦੀ ਹੈ
ਇਸ ਰੱਤ ਅੰਦਰ
ਇਨਕਲਾਬ ਲਈ ਡੁੱਲ੍ਹੀ ਹੋਈ
ਰੱਤ ਘੁਲਦੀ ਹੈ

ਜਿੱਥੇ ਕਿਧਰੇ
ਖੇਤਾਂ, ਕਾਰਖਾਨਿਆਂ ਅੰਦਰ
ਜਾਂ ਚਾਨਣ ਦੇ ਗੋਰੇ ਮੰਦਰ
ਖ਼ਸ਼ਬੂ-ਲੱਦੇ
ਮਹਿਕ ਰਹੇ ਫੁੱਲ ਪੱਤਰ ਸੂਹੇ
ਇਸ ਖ਼ੁਸ਼ਬੂ ਦੇ
ਲਾਲ਼ ਫ਼ੌਜ ਦੀ ਸੂਰਮਗੱਤ ਨੇ
ਖੋਲ੍ਹੇ ਬੂਹੇ
ਉੱਠਦੇ ਬਹਿੰਦੇ, ਡਿੱਗਦੇ ਢਹਿੰਦੇ
ਉਹ ਦਿਨ ਯਾਦ ਅਸਾਨੂੰ ਆਉਂਦੇ
ਅਜੇ ਤੀਕ ਵੀ ਅੰਗਾਂ ਅੰਦਰ
ਸੁੱਤੀ ਹੋਈ ਰੱਤ ਗਰਮਾਉਂਦੇ।

ਜਬਰ-ਜ਼ੁਲਮ ਦੀ
ਤੰਗ ਹਨੇਰੀ, ਬੰਦ ਗਲੀ 'ਚੋਂ
ਲੰਘ ਜਾਵਣ ਦੀ ਕਲਾ ਸਿਖਾਉਂਦੇ
ਹਿਰਦੇ ਹਿਰਦੇ ਰੰਗ-ਬਰੰਗੇ
ਕਿਤਨੇ ਹੀ ਸੁਪਨੇ ਧੜਕਾਉਂਦੇ
ਅਕਤੂਬਰ ਦੇ ਉਹ ਦਿਨ ਸਾਡਾ
ਅੱਜ ਤੀਕ ਵੀ ਰਾਹ ਰੁਸ਼ਨਾਉਂਦੇ।
(12-11-88)



ਕਵਿਤਾ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ 'ਤੇ ਵਿਸ਼ੇਸ਼
ਬਾਬਾ ਗੂਰੂ ਨਾਨਕ
- ਭਾਗ ਸਿੰਘ 'ਸੱਜਣ'
ਬਾਬਾ ਨਾਨਕ ਸਭ ਨੇ ਤੱਕਿਆ,
ਕਿਸੇ ਨੇ ਮੱਝਾਂ ਚਾਰਦਾ ਤੱਕਿਆ,
ਕਿਸੇ ਨੇ ਪਾਪੀ ਤਾਰਦਾ ਤੱਕਿਆ,
ਕਿਸੇ ਨੇ ਪਾਂਧੇ ਘੇਰਦਾ ਤੱਕਿਆ,
ਕਿਸੇ ਨੇ ਮੱਕਾ ਫੇਰਦਾ ਤੱਕਿਆ,
ਕਿਸੇ ਨੇ ਬਾਣੀ ਗਾਉਂਦਾ ਤੱਕਿਆ,
ਅਰਸ਼ ਉਡਾਰੀ ਲਾਉਂਦਾ ਤੱਕਿਆ,
ਤੇਰਾਂ-ਤੇਰਾਂ ਪਾਉਂਦਾ ਤੱਕਿਆ,
ਵੜ ਬੇਈਂ ਵਿਚ ਨ੍ਹਾਉਂਦਾ ਤੱਕਿਆ।
ਪਰ ਮੈਂ ਬੰਦੀਖਾਨੇ ਅੰਦਰ,
ਚੱਕੀ ਪਿਆ ਚਲਾਉਂਦਾ ਤੱਕਿਆ।
ਰਾਜੇ ਸੀਂਹ ਮੁਕੱਦਮ ਕੁੱਤੇ,
ਲੋਕਾਂ ਨੂੰ ਦਰਸਾਉਂਦਾ ਤੱਕਿਆ।
ਪਰਜਾ ਕੋਹਣ ਕਸਾਈ ਰਾਜੇ,
ਏਧਰ ਹੋਕਾ ਲਾਉਂਦਾ ਤੱਕਿਆ।
ਪਾਪ ਦੀ ਜੰਝ ਲੈ ਕਾਬਲੇ ਧਾਇਆ,
ਬਾਬਰ ਨੂੰ ਫਰਮਾਉਂਦਾ ਤੱਕਿਆ।
ਹੈਂਕੜਬਾਜ਼ ਨਵਾਉਂਦਾ ਤੱਕਿਆ,
ਕਿਰਤ ਨੂੰ ਸਦਾ ਸਰਾਹੁੰਦਾ ਤੱਕਿਆ।
ਪੇਟੂ ਚੋਰ ਪਾਖੰਡੀ ਪਾਪੀ,
ਹਰ ਥਾਂ ਅੱਗੇ ਲਾਉਂਦਾ ਤੱਕਿਆ।
ਵਿੱਦਿਆ ਦੇ ਭੰਡਾਰੇ ਖੋਹ ਕੇ,
ਲੋਕਾਂ ਨੂੰ ਵਰਤਾਉਂਦਾ ਤੱਕਿਆ।
ਕੂੜ੍ਹ ਕੁਫ਼ਰ ਦਾ ਕੱਟੜ ਵੈਰੀ,
ਹਰ ਥਾਂ ਸੋਚ ਸੁਣਾਉਂਦਾ ਤੱਕਿਆ।
ਨੀਚਾਂ ਤੋਂ ਵੀ ਨੀਵਾਂ ਹੋਕੇ,
ਨੀਚਾਂ ਨੂੰ ਸਤਿਕਾਰਦਾ ਤੱਕਿਆ।
ਲਾਲੋ ਦੇ ਤੇਸੇ ਦਾ ਆਸ਼ਕ,
ਭਾਗੋ ਨੂੰ ਦੁਰਕਾਰਦਾ ਤੱਕਿਆ।



ਗ਼ਜ਼ਲ
- ਮੱਖਣ ਕੁਹਾੜ
ਇਹ ਕਿੱਦਾਂ ਦਾ ਮੌਸਮ ਹੈ ਨਾ ਲੱਭੇ ਸ਼ਾਮ-ਸਵੇਰਾ
ਸ਼ਿਖਰ ਦੁਪਹਿਰੇ ਵੀ ਲੱਗਦਾ ਹੈ ਰਾਤ ਦਾ ਗੂੜ੍ਹ ਹਨੇਰਾ।
ਸੂਰਜ ਨੂੰ ਉਹ ਮੱਤਾਂ ਦੇਂਦੇ, ਉਗਣੋਂ ਪਹਿਲਾਂ ਸੋਚੇ,
ਚੰਦਰਮਾਂ ਨੂੰ ਆਖ ਰਹੇ ਨੇ, ਰਾਤ ਨਾ ਪਾਵੇ ਫੇਰਾ।
ਗਿਰਝਾਂ ਨੇ ਨਈਂ ਬਹਿਣੋ ਹਟਣਾ ਜਦ ਤੱਕ ਬੋਹੜ ਨਾ ਵੱਢਿਆ
ਕੋਲ ਖਲੋਤੀਆਂ ਟਾਹਲੀਆਂ ਨਾਲ ਨਈਂ ਸਾਡਾ ਕੋਈ ਬਖੇਰਾ।
ਫੇਰ ਉਲਝਾਂਗੇ ਆਪਸ ਦੇ ਵਿਚ ਪਹਿਲੋਂ ਧੁੱਸੀ ਬੰਨੀਏ,
ਹੜ੍ਹ ਆਇਆ ਤਾਂ ਰੁੜ ਜਾਵੇਗਾ ਸਭ ਕੁਝ ਤੇਰਾ ਮੇਰਾ।
ਐ ਦਿਲ ਜੇ ਨਾ ਹੋਣ ਸ਼ਿਕਾਰੀ ਤੇ ਚੋਗੇ ਦੇ ਸੰਸੇ,
ਫੇਰ ਕਦੇ ਨਾ ਉਡਣ ਪੰਛੀ ਛੱਡ ਕੇ ਬਾਗ ਘਣੇਰਾ।
ਅੱਲਾਦੀਨ ਦੇ ਓਸ ਚਿਰਾਗ਼ ਨੂੰ ਕੀ ਕਰਨਾ ਘਰ ਰੱਖਕੇ,
ਜਿਸ 'ਚੋਂ ਨਿਕਲੇ ਜਿੰਨ ਜਦੋਂ ਵੀ ਗਲ ਘੁਟ ਦੇਵੇ ਮੇਰਾ।
ਜੇ ਹੈ ਸੂਰਜ ਸਭ ਦਾ ਸਾਂਝਾ ਝੌਪੜੀਆਂ ਤੱਕ ਜਾਵੇ,
ਪੱਸਰਿਆ ਰਹਿੰਦਾ ਹੈ ਜਿੱਥੇ ਹਰ ਪਲ ਗੂੜ੍ਹ-ਹਨੇਰਾ।
ਨੇੜੇ ਹੁੰਦਾ ਅੱਲਾ ਮੀਆਂ, ਪੁੱਛਦੇ ਕੋਲ ਬੈਠਕੇ,
ਜੇ ਸਭਨਾ ਨੂੰ ਘਰ ਦੇ ਦੇਂਦਾ ਕੀ ਘਟਣਾ ਸੀ ਤੇਰਾ।
ਪਰਦੇਸਾਂ ਨੂੰ ਜਾਂਦੇ ਨੂੰ ਕੋਈ ਕਿੱਦਾਂ ਇਹ ਗੱਲ ਆਖੇ,
'ਨਾ ਜਾ ਪੁੱਤਰਾ ਤੇਰੇ ਲਈ ਹੈ, ਏਥੇ ਰਿਜ਼ਕ ਬਥੇਰਾ'।

No comments:

Post a Comment