Friday 3 November 2017

ਚਾਨਣ ਦੇ ਪਹਿਰੇਦਾਰਾਂ ਨੂੰ ਸ਼ਰਧਾਂਜਲੀ

ਨਰਿੰਦਰ ਦਭੋਲਕਰ, ਗੋਬਿੰਦ ਪਨਸਾਰੇ, ਐਮ.ਐਮ. ਕੁਲਬਰਗੀ ਵਰਗੇ ਉੱਘੇ ਸਾਹਿਤਕਾਰਾਂ ਦੇ ਕਤਲਾਂ ਤੋਂ ਦੋ ਸਾਲ ਬਾਅਦ ਹੁਣ ਉੱਘੀ ਚਿੰਤਕ ਤੇ ਸੀਨੀਅਰ ਕੰਨੜ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਦੇਸ਼ ਵਿੱਚ ਵੱਧ ਰਹੀ ਅਸਹਿਣਸ਼ੀਲਤਾ, ਕੱਟੜਪੰਥੀ ਵਿਚਾਰਧਾਰਾ ਤੇ ਇਕੋ ਸੋਚ ਨੂੰ ਹਾਣੀ ਬਨਾਉਣ ਦੇ ਯਤਨਾਂ ਦੇ ਸਬੂਤ ਹੋਣ ਦੇ ਨਾਲ-ਨਾਲ ਖੱਬੇ ਪੱਖੀ, ਧਰਮ-ਨਿਰਪੱਖ ਤੇ ਬਹੁਪੱਖੀ ਸੋਚ ਦੀਆਂ ਹਾਮੀ ਤਾਕਤਾਂ ਨੂੰ ਖਾਮੋਸ਼ ਤੇ ਖਤਮ ਕਰਨ ਦਾ ਇੱਕ ਹੋਰ ਯਤਨ ਹੈ। ਭਾਵੇਂ ਅਧਿਕਾਰਤ ਰੂਪ 'ਚ ਕਿਸੇ ਧਿਰ ਨੇ ਉਸ ਦੀ ਹੱਤਿਆ ਦੀ ਜ਼ਿੰਮੇਵਾਰੀ ਨਹੀਂ ਲਈ, ਪਰ ਜਿਸ ਤਰ੍ਹਾਂ ਉਸ ਨੂੰ ਮਾਣਹਾਨੀ ਦੇ ਦੋਸ਼ਾਂ 'ਚ ਉਲਝਾਇਆ ਗਿਆ ਸੀ ਤੇ ਉਸ ਦੀ ਬਾਗੀ ਸੁਰ ਕਰਕੇ, ਉਹ ਨਿਰੰਤਰ ਆਲੋਚਨਾ ਦਾ ਸ਼ਿਕਾਰ ਹੋ ਰਹੀ ਸੀ, ਉਸ ਨਾਲ ਉਸ ਦੇ ਸੰਭਾਵੀ ਕਾਤਲਾਂ ਵੱਲ ਇੱਕ ਠੋਸ ਇਸ਼ਾਰਾ ਜ਼ਰੂਰ ਜਾਂਦਾ ਹੈ। ਆਪਣੀ ਨਿਡਰਤਾ, ਮਿਹਨਤ, ਕੁਰਬਾਨੀ ਤੇ ਲੋਕ-ਹਿੱਤਾਂ ਖਾਤਰ ਲੜਨ ਤੇ ਮਰਨ ਦੀ ਭਾਵਨਾ ਨਾਲ ਇੱਕ ਔਰਤ ਕਿੰਨੀਆਂ ਘਰੇਲੂ, ਸਮਾਜਿਕ, ਆਰਥਿਕ ਤੇ ਰਾਜਸੀ ਦੁਸ਼ਵਾਰੀਆਂ ਨਾਲ ਲੋਹਾ ਲੈ ਕੇ ਇਸ ਮੁਕਾਮ 'ਤੇ ਪੁੱਜਦੀ ਹੈ ਤੇ ਕਿਸੇ ਅੰਨ੍ਹੀ ਸ਼ਰਧਾ ਦੇ ਸ਼ਿਕਾਰ ਦੀਆਂ ਗੋਲੀਆਂ ਦਾ ਸ਼ਿਕਾਰ ਬਣਕੇ ਸ਼ਹੀਦ ਹੋ ਜਾਂਦੀ ਹੈ, ਗੌਰੀ ਦੀ ਹੱਤਿਆ ਪੰਜਾਬ ਤੇ ਦੇਸ਼ 'ਚ ਕਾਲੇ ਦਿਨਾਂ ਦੀ ਯਾਦ  ਦਿਵਾਉਂਦੀ ਹੈ। ਠੀਕ ਇਸੇ ਢੰਗ ਨਾਲ ਇਨਕਲਾਬੀ ਕਵੀ ਪਾਸ਼ ਅਤੇ ਮਹਾਨ ਨਾਟਕਕਾਰ ਸ਼ਫਦਰ ਹਾਸ਼ਮੀ ਦਾ ਕਤਲ ਹੋਇਆ। ਆਪਣੇ ਆਪ ਵਿੱਚ ਕੋਈ ਵੀ ਧਰਮ ਇਸ ਗੱਲ ਦੀ ਇਜਾਜਤ ਨਹੀਂ ਦਿੰਦਾ, ਸਗੋਂ ਸਾਰੇ ਧਰਮ ਦੂਜੇ ਧਰਮਾਂ, ਕੌਮਾਂ ਤੇ ਲੋਕਾਂ ਦੀ ਇੱਜਤ ਕਰਨ ਦੀ ਸਿੱਖਿਆ ਦਿੰਦੇ ਹਨ। ਪਰ ਦੇਸ਼ ਦੀਆਂ ਫਾਸ਼ੀਵਾਦੀ ਤੇ ਫਿਰਕੂ ਤਾਕਤਾਂ ਹਿੰਦੂ ਰਾਸ਼ਟਰ ਦੇ ਨਾਮ 'ਤੇ, ਫਿਰਕੂ ਜ਼ਹਿਰ ਫੈਲਾ ਕੇ, ਫਿਰਕਾਪ੍ਰਸਤੀ ਦਾ ਵਿਰੋਧ ਕਰਨ ਵਾਲੇ ਲੋਕਾਂ ਉੱਤੇ ਹਮਲੇ ਕਰਵਾ ਕੇ ਉਨ੍ਹਾਂ ਦਾ ਕਤਲ ਕਰਵਾ ਰਹੀਆਂ ਹਨ। ਇਹ ਪੱਤਰਕਾਰ ਅਤੇ ਬੁੱਧੀਜੀਵੀ ਹਾਸ਼ੀਏ ਤੇ ਰਹਿ ਰਹੇ ਦਲਿਤ, ਆਦਿਵਾਸੀ, ਘੱਟ-ਗਿਣਤੀ ਭਾਈਚਾਰੇ ਅਤੇ ਨਿਗੂਣੇ ਤੇ ਲਤਾੜੇ ਵਰਗ, ਜਿਨ੍ਹਾਂ ਕੋਲ ਆਪਣੀ ਰੋਜ਼ੀ-ਰੋਟੀ  ਦਾ ਜੁਗਾੜ ਕਰਨ ਤੋਂ ਵਿਹਲ ਨਹੀਂ, ਵਾਸਤੇ ਆਪਣੇ ਸਵਾਰਥ, ਹਉਮੈਂ, ਸਵੈ-ਲੋੜਾਂ ਨੂੰ ਇੱਕ ਪਾਸੇ ਰੱਖ ਕੇ, ਤਿਲਾਂਜਲੀ ਦੇ ਕੇ, ਕੁਰਬਾਨ ਕਰਕੇ, ਪਰਿਵਾਰਾਂ ਤੇ ਸੰਬੰਧੀਆਂ ਦੇ ਤਾਅਨੇ-ਮਿਹਣੇ ਖਿੜ੍ਹੇ ਮੱਥੇ ਸਹਿੰਦਿਆਂ ਸਮਾਜ ਵਿੱਚੋਂ ਪੱਖਪਾਤ ਅਤੇ ਹੋਰ ਬੁਰਾਈਆਂ ਦੂਰ ਕਰਨ ਲਈ ਸੱਚਾਈ ਦਾ ਸਾਥ ਦਿੰਦੇ ਹੋਏ ਝੂਠ ਨਾਲ ਲੋਹਾ ਲੈਂਦੇ ਹਨ। ਅਸਲ ਵਿਚ ਬਹੁਤ ਹੀ ਘੱਟ ਸਾਹਿਤਕਾਰ ਹਨ ਜੋ ਸਮਾਜ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਬਿਨਾਂ ਕਿਸੇ ਡਰ ਤੋਂ ਪੇਸ਼ ਕਰਦੇ ਹਨ, ਨਹੀਂ ਤਾਂ ਬਹੁਤ ਸਾਰੇ ਸਾਹਿਤਕਾਰ ਅਤੇ ਬੁੱਧੀਜੀਵੀ ਸਿਰਫ਼ ਇਕ ਪਾਸੜ ਤੇ ਕੱਟੜ ਸੋਚ ਵਾਲੇ ਹਨ। ਜੋ ਸਥਾਪਤੀ ਦੀ ਆਲੋਚਨਾ ਕਰਨ ਦੀ ਥਾਂ ਉਸ ਦੀ ਹਾਂ ਵਿੱਚ ਹਾਂ ਮਿਲਾ ਕੇ ਆਪਣੀ ਸੌੜੀ ਤੇ ਆਰਾਮ-ਪੱਖੀ ਸੋਚ ਦੇ ਗੁਲਾਮ ਹਨ।
ਬਹਾਦਰ, ਬੇਬਾਕ, ਸਿਰੜੀ ਤੇ ਦਲੇਰ ਗੌਰੀ ਲੰਕੇਸ਼ ਫਿਰਕੂ ਸਦਭਾਵਨਾ ਲਈ ਕੰਮ ਕਰ ਰਹੇ ਅਨੇਕਾਂ ਜਨਸਮੂਹਾਂ ਦੇ ਸੰਗਠਨਾਂ ਦੀ ਅਹੁਦੇਦਾਰ ਵੀ ਸੀ। ਖੱਬੇ-ਪੱਖੀ, ਦਲਿਤ ਪੱਖੀ, ਗਰੀਬ-ਪੱਖੀ ਤੇ ਕੱਟੜਤਾ ਵਿਰੋਧੀ ਵਿਚਾਰਾਂ ਦੀ ਹਾਮੀ ਸੀ। ਗੌਰੀ ਨੇ ਕਿਸਾਨਾਂ, ਦਲਿਤਾਂ ਤੇ ਦੱਬੇ ਕੁਚਲੇ ਵਰਗਾਂ ਦੇ ਹੱਕ ਚ ਆਵਾਜ਼ ਬੁਲੰਦ ਕੀਤੀ। ਬੰਗਲੌਰ 'ਚ ਫਿਰਕੂ ਸਮੂਹਾਂ 'ਤੇ ਪਾਬੰਦੀ ਲਗਾਉਣ ਦੀ ਨਿਰੰਤਰ ਮੰਗ ਉਠਾਈ, ਸੂਫ਼ੀ ਦਰਗਾਹਾਂ ਨੂੰ ਕੱਟੜ ਹਿੰਦੂ ਫਿਰਕੂ ਰੰਗ ਚੜ੍ਹਾਉਣ ਦੀ ਆਲੋਚਨਾ ਕੀਤੀ, ਜਾਤੀ ਪ੍ਰਥਾ ਖਿਲਾਫ ਆਵਾਜ ਉਠਾਈ। ਨਕਸਲੀਆਂ ਤੇ ਮਾਉਵਾਦੀਆਂ ਨੂੰ ਮੁੱਖ ਧਾਰਾ 'ਚ ਸ਼ਾਮਲ ਕਰਾਉਣ ਲਈ ਜੱਦੋ-ਜਹਿਦ ਕੀਤੀ। ਗੌਰੀ ਧਰਮ-ਨਿਰਪੱਖ, ਫਿਰਕਾਪ੍ਰਸਤੀ ਵਿਰੋਧੀ ਦਲੇਰ ਤੇ ਬੁਲੰਦ ਆਵਾਜ਼ ਸੀ। ਇਹ ਕਤਲ ਸਿਰਫ਼ ਗੌਰੀ ਦਾ ਕਤਲ ਨਹੀਂ ਹੈ ਸਗੋਂ ਉਸ ਦੇ ਵਿਚਾਰਾਂ ਵਾਲੀ ਸੋਚ ਰੱਖਣ ਵਾਲੇ ਹਜ਼ਾਰਾਂ ਲੋਕਾਂ ਦੇ ਵਿਚਾਰਾਂ 'ਤੇ ਹਮਲਾ  ਹੈ। ਗੌਰੀ ਫਿਰਕੂ ਤਾਕਤਾਂ ਦੀਆਂ ਅੱਖਾਂ 'ਚ ਕਾਫ਼ੀ ਚਿਰ ਤੋਂ ਰੜਕਦੀ ਸੀ, ਪਰ ਕੁਝ ਰਾਜਸੀ ਦਲਾਂ ਵੱਲੋਂ ਸਮਾਜ 'ਚ ਫਿਰਕੂ ਕਤਾਰਬੰਦੀ ਕਰਕੇ ਆਪਣਾ ਰਾਜਸੀ ਉਲੂ ਸਿੱਧਾ ਕਰਨ ਦੇ ਉਦੇਸ਼ ਦੀ ਪੁਰਤੀ ਦੀ ਘਿਨਾਉਣੀ ਸਾਜਿਸ਼ ਦਾ ਪਰਦਾਫ਼ਾਸ ਕਰਨਾ, ਫਿਰਕੂ ਤਾਕਤਾਂ ਨੂੰ ਚੰਗਾ ਨਾ ਲੱਗਾ, ਤੇ ਇਸੇ ਗੱਲ ਕਰਕੇ ਉਸ ਦੀ ਕਲਮ ਨੂੰ ਹਮੇਸਾਂ ਲਈ ਤੋੜ ਦਿੱਤਾ ਗਿਆ।
ਸਾਧਾਰਨ ਮਨੁੱਖ ਨੂੰ ਤਾਂ ਇਸ ਬਾਰੇ ਕੋਈ ਗਿਆਨ ਨਹੀਂ ਕਿ ਉਸਦਾ ਆਪਣਾ ਕੌਣ ਹੈ ਤੇ ਪਰਾਇਆ ਕੌਣ ਹੈ? ਕਿਉਂਕਿ ਉਸਦਾ ਸਾਰਾ ਸਮਾਂ ਰੋਜ਼ੀ-ਰੋਟੀ ਦੇ ਜੁਗਾੜ ਵਿੱਚ ਹੀ ਲੰਘ ਜਾਂਦਾ ਹੈ, ਇਹ ਸਿਰਫ ਗੌਰੀ ਅਤੇ ਉਸ ਵਰਗੇ ਖੱਬੇ-ਪੱਖੀ ਸੋਚ ਰੱਖਣ ਵਾਲੇ ਮਨੁੱਖ ਹੀ ਮਜ਼ਦੂਰ ਜਮਾਤ ਦੀਆਂ ਦੁੱਖਾਂ-ਦਰਦਾਂ ਦੀਆਂ ਕਹਾਣੀਆਂ ਆਪਣੀ ਕਲਮ ਰਾਹੀਂ, ਬਿਨਾਂ ਕਿਸੇ ਡਰ ਅਤੇ ਖੌਫ ਦੇ ਜੱਗ ਜਾਹਰ ਕਰ ਸਕਦੇ ਹਨ। ਗੌਰੀ ਦੀ ਸ਼ਹਾਦਤ ਤੇ ਫਿਰਕਾਪ੍ਰਸਤੀ ਵਿਰੁੱਧ ਸੰਘਰਸ਼ ਕਰ ਰਹੇ ਲੋਕਾਂ ਨੂੰ ਅਹਿਦ ਕਰਨਾ ਚਾਹੀਦਾ ਹੈ ਕਿ ਇਸ ਲੜਾਈ ਨੂੰ ਆਪਣੀ ਇਕਜੁੱਟਤਾ ਅਤੇ ਸੰਘਰਸ਼ਾਂ ਰਾਹੀਂ ਉਸ ਮੁਕਾਮ ਤੱਕ ਪਹੁੰਚਾਈਏ, ਜਿਸ ਲਈ ਗੌਰੀ ਅਤੇ ਉਸ ਵਰਗੇ ਹੋਰ ਮਨੁੱਖ ਲੜਦੇ-ਲੜਦੇ ਸ਼ਹੀਦੀਆਂ ਪ੍ਰਾਪਤ ਕਰ ਗਏ ਹਨ। ਉਹਨਾਂ ਪ੍ਰਤੀ ਇਹੀ ਸਾਡੀ ਸੱਚੀ ਸਰਧਾਂਜਲੀ ਹੋਵੇਗੀ।                   
- ਰਵੀ ਕਟਾਰੂ ਚੱਕ

No comments:

Post a Comment