Saturday, 6 May 2017

ਪੰਜਾਬ ਵਿਚ ਸੱਤਾ ਤਬਦੀਲੀ ਅਤੇ ਖੱਬੀਆਂ ਧਿਰਾਂ ਸਨਮੁੱਖ ਕਾਰਜ

ਮੰਗਤ ਰਾਮ ਪਾਸਲਾ 
ਸਮੁੱਚੇ ਦੇਸ਼ ਵਾਂਗ ਪੰਜਾਬ ਵੀ ਡਾਢੇ ਆਰਥਿਕ ਤੇ ਸਮਾਜਿਕ ਸੰਕਟ ਦਾ ਸ਼ਿਕਾਰ ਹੈ। ਰਾਜਨੀਤਕ ਸੰਕਟ ਦੇ ਰੂਪ ਵਿਚ ਅਜੇ ਇਸਦਾ ਪ੍ਰਗਟਾਵਾ ਨਹੀਂ ਹੋ ਰਿਹਾ। ਦਸਾਂ ਸਾਲਾਂ ਬਾਅਦ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਦੇ ਖਾਤਮੇ ਨਾਲ ਆਮ ਆਦਮੀ ਦੇ ਮਨ ਵਿਚ ਨਵੀਆਂ ਆਸਾਂ-ਉਮੰਗਾਂ ਨੇ ਜਨਮ ਲਿਆ ਹੈ। ਸੁਖਬੀਰ ਸਿੰਘ ਬਾਦਲ ਦਾ ਵਿਕਾਸ ਮਾਡਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਜ਼ ਵਾਲਾ ਹੀ ਸੀ, ਜੋ ਕਾਰਪੋਰੇਟ ਘਰਾਣਿਆਂ ਅਤੇ ਭਰਿਸ਼ਟਾਚਾਰ ਵਰਗੇ ਅਸਮਾਜਿਕ ਵਰਤਾਰਿਆਂ ਰਾਹੀਂ ਲੋਕਾਂ ਦੀ ਲੁੱਟ ਖਸੁੱਟ ਕਰਕੇ ਬਣੇ ਧਨਵਾਨਾਂ, ਕਾਲੇ ਧੰਦਿਆਂ ਵਿਚੋਂ ਉਪਜੇ ਮਾਫੀਆ ਗਰੁੱਪਾਂ ਤੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਦਾ ਸੀ। ਅਜਿਹਾ ਵਿਕਾਸ ਮਾਡਲ ਆਮ ਆਦਮੀ ਦੇ ਹਿਤਾਂ ਨੂੰ ਕੂੜੇਦਾਨ ਵਿਚ ਸੁੱਟਦਾ ਹੈ। ਆਰਥਿਕ ਪੱਖੋਂ ਪੰਜਾਬ ਦੀ ਬਰਬਾਦੀ ਦਾ ਨਵਾਂ ਦਿਸਹੱਦਾ ਕਾਇਮ ਕੀਤਾ ਇਸ ਸਰਕਾਰ ਨੇ। ਸਿੱਖੀ ਦੀ ਦਿੱਖ ਵਾਲੇ ਇਸ ਅਕਾਲੀ ਕੁਸ਼ਾਸਨ ਤੋਂ ਸਿੱਖ ਜਨਸਮੂਹਾਂ ਦਾ ਵੱਡਾ ਹਿੱਸਾ ਵਧੇਰੇ ਪ੍ਰੇਸ਼ਾਨ ਸੀ, ਜਿਸਨੇ ਇਕ ਲੋਕ ਪੱਖੀ 'ਸਿੱਖ ਰਾਜ' ਦੀ ਕਲਪਨਾ ਕਰਕੇ ਬਾਦਲ ਦਲ ਤੇ ਇਸਦੇ ਇਤਿਹਾਦੀ ਭਾਜਪਾ ਨੂੰ ਵੋਟਾਂ ਪਾਈਆਂ ਸਨ। ਅੱਜ ਲੋਕ ਸ਼ੁਕਰ ਕਰਦੇ ਹਨ ਕਿ ਸੁਖਬੀਰ ਬਾਦਲ ਦਾ 25 ਸਾਲ ਰਾਜ ਕਰਨ ਦਾ ਸੁਪਨਾ ਪੂਰਾ ਨਹੀਂ ਹੋਇਆ।
ਸਿੱਕੇ ਦੇ ਇਸ ਬਦਸ਼ਕਲ ਪਾਸੇ ਦਾ ਦੂਸਰਾ ਪਾਸਾ ਵੀ ਕੋਈ ਸੁਖਾਵਣਾ ਨਹੀਂ ਹੈ। ਪੰਜਾਬ ਵਿਚ ਕਾਂਗਰਸ ਦਾ ਮੁੜ ਸੱਤਾਧਾਰੀ ਹੋਣਾ ਵੀ ਰਾਜਨੀਤਕ ਤੇ ਆਰਥਿਕ ਨਜ਼ਰੀਏ ਤੋਂ ਕੋਈ ਸ਼ੁਭ ਸੰਕੇਤ ਨਹੀਂ ਹੈ। ਇਸ ਦੇਸ਼ ਦੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਦੇ ਜੜ੍ਹੀਂ ਤੇਲ ਦੇਣ ਵਾਲੀਆਂ ਨਵ ਉਦਾਰਵਾਦੀ ਆਰਥਿਕ ਨੀਤੀਆਂ ਦਾ ਸ਼੍ਰੀ ਗਣੇਸ਼ ਇਸੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਹੀ ਕੀਤਾ ਸੀ। ਇਨ੍ਹਾਂ ਨੀਤੀਆਂ ਬਾਰੇ ਅੰਧਾਧੁੰਦ ਝੂਠਾ ਪ੍ਰਚਾਰ ਵੀ ਕੀਤਾ ਗਿਆ ਸੀ। ਸਾਮਰਾਜੀ ਸ਼ਕਤੀਆਂ ਤੇ ਦੇਸੀ ਕਾਰਪੋਰੇਟ ਘਰਾਣੇ ਇਨ੍ਹਾਂ ਨੀਤੀਆਂ ਉਪਰ ਕੱਛਾਂ ਵਜਾ ਰਹੇ ਸਨ ਤੇ ਕਿਰਤੀ ਲੋਕ ਆਪਣੀਆਂ ਲੋੜਾਂ ਦੀ ਪਿਆਸ ਬੁਝਾਉਣ ਲਈ ਇਨ੍ਹਾਂ ਨੀਤੀਆਂ ਵੱਲ 'ਮ੍ਰਿਗ ਤਰਿਸ਼ਨਾਂ' ਵਾਂਗ ਟਿਕਟਿਕੀ ਲਾਈ ਬੈਠੇ ਸਨ। ਪਰ ਸਿੱਟਾ ਉਹੀ ਨਿਕਲਿਆ ਜੋ ਹਕੀਕਤ ਵਿਚ ਨਿਕਲਣਾ ਸੀ। ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਅੰਦਰ ਗਰੀਬੀ, ਭੁਖਮਰੀ, ਬੇਰੁਜ਼ਗਾਰੀ, ਭਰਿਸ਼ਟਾਚਾਰ, ਕੁਪੋਸ਼ਣ ਭਾਵ ਸੱਭੇ ਬਿਮਾਰੀਆਂ ਸਮਾਜ ਦਾ ਖੂਨ ਨਿਚੋੜਦੀਆਂ ਰਹੀਆਂ ਤੇ ਪੂੰਜੀਪਤੀ ਹੋਰ ਵਧੇਰੇ ਮਾਲਾਮਾਲ ਹੁੰਦੇ ਰਹੇ। ਪੰਜਾਬ ਅਸੈਂਬਲੀ ਚੋਣਾਂ ਲਈ ਕਾਂਗਰਸ ਦੇ ਮੈਨੀਫੈਸਟੋ ਦੀ ਰੂਪ ਰੇਖਾ ਤੇ ਦਿਸ਼ਾ ਨਿਰਦੇਸ਼ਨਾਂ ਵੀ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਨੇ ਹੀ ਤਿਆਰ ਕੀਤੀ ਹੈ, ਜਿਸਨੇ ਦੇਸ਼ ਦੇ ਅਰਥਚਾਰੇ ਦੀ ਬੇੜੀ ਨੂੰ ਡੋਬਣ ਦੀ ਪ੍ਰਕਿਰਿਆ ਨੂੰ ਹੋਰ ਤਿੱਖਾ ਕੀਤਾ। ਕਾਂਗਰਸੀ ਆਗੂਆਂ ਵਲੋਂ ਗੁੰਡਾਗਰਦੀ ਤੇ ਧਮਕੀਆਂ ਦਾ ਦੌਰ ਆਰੰਭ ਕਰਨਾ ਵੀ ਅਕਾਲੀਆਂ ਵਾਲੇ ਕਾਰਨਾਮਿਆਂ ਦਾ ਤਰਜ਼ਮਾ ਹੀ ਹੈ।
ਅਕਾਲੀ ਦਲ ਦੀ ਇਤਿਹਾਦੀ ਭਾਜਪਾ ਪੰਜਾਬ ਅੰਦਰ, ਕਦੀ ਵੀ ਆਜ਼ਾਦ ਰੂਪ ਵਿਚ ਕੋਈ ਠੋਸ ਰਾਜਨੀਤਕ ਸ਼ਕਤੀ ਦੇ ਤੌਰ 'ਤੇ ਨਹੀਂ ਉਭਰੀ। ਹਾਂ, ਅਕਾਲੀ ਦਲ ਨਾਲ ਸਾਂਝ ਭਿਆਲੀ ਦੌਰਾਨ ਆਰ.ਐਸ.ਐਸ. ਤੇ ਭਾਜਪਾ ਨੇ ਪੰਜਾਬ ਦੇ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਆਪਣੇ ਪੈਰ ਪਸਾਰਨ ਦੇ ਵੱਡੇ ਯਤਨ ਜ਼ਰੂਰ ਕੀਤੇ ਹਨ। ਭਾਵੇਂ ਅਜੇ ਤੱਕ ਇਸ ਪ੍ਰੋਜੈਕਟ ਵਿਚ ਉਹਨਾਂ ਨੂੰ ਬਹੁਤੀ ਸਫਲਤਾ ਨਹੀਂ ਮਿਲੀ। ਬਸਪਾ, ਜੋ ਕਦੀ ਪੰਜਾਬ ਦੇ ਦਲਿਤ ਸਮਾਜ ਵਿਚ ਇਕ ਗਿਣਨਯੋਗ ਰਾਜਸੀ ਸ਼ਕਤੀ ਦੇ ਤੌਰ 'ਤੇ ਉਭਰੀ ਸੀ, ਹੁਣ ਲਗਭਗ ਹਾਸ਼ੀਏ 'ਤੇ ਉਪੜ ਗਈ ਹੈ। ਸ਼ੁਰੂ ਵਿਚ ਇਸਦੇ ਜਨ ਆਧਾਰ ਵਿਚ ਵਾਧਾ ਕਿਸੇ ਆਰਥਿਕ ਜਾਂ ਰਾਜਨੀਤਕ ਸੰਘਰਸ਼ਾਂ ਦਾ ਸਿੱਟਾ ਨਹੀਂ ਸੀ। ਇਹ ਸਿਰਫ ਦਲਿਤ ਸਮਾਜ ਉਪਰ ਸਦੀਆਂ ਤੋਂ ਜਾਤ ਪਾਤ ਦੇ ਅਧਾਰ ਉਤੇ ਹੋ ਰਹੇ ਨਿਰੰਤਰ ਸਮਾਜਿਕ ਜਬਰ ਦੀ ਮਨੋਵਿਗਿਆਨਕ ਪ੍ਰਤੀਕਿਰਿਆ (Reaction) ਦਾ ਪ੍ਰਗਟਾਵਾ ਸੀ। ਜਦੋਂ ਬਸਪਾ ਦੇ ਉਚ ਆਗੂਆਂ ਨੇ ਦਲਿਤ ਸ਼ਕਤੀ ਦੀ ਦੁਰਵਰਤੋਂ ਕਰਕੇ ਆਪਣੇ ਖਜ਼ਾਨੇ ਭਰਨੇ ਸ਼ੁਰੂ ਕੀਤੇ, ਤਦ ਬਸਪਾ ਦੇ ਇਮਾਨਦਾਰ ਤੇ ਸਮਰਪਤ ਕਾਰਕੁੰਨਾਂ ਦੇ ਮਨਾਂ ਨੂੰ ਡੂੰਘੀ ਠੇਸ ਪੁੱਜੀ। ਸਧਾਰਣ ਦਲਿਤ ਸਮਾਜ ਅੰਦਰ ਉਤਪਨ ਹੋਈਆਂ ਚੰਗੇ ਭਵਿੱਖ ਦੀਆਂ ਆਸਾਂ ਉਪਰ ਵੀ ਪਾਣੀ ਫਿਰ ਗਿਆ। ਦਲਿਤ ਵਰਗ, ਅੰਗਰੇਜ਼ ਰਾਜ ਸਮੇਂ ਰਜਵਾੜਿਆਂ ਦੇ ਜ਼ੁਲਮਾਂ ਦੀ ਚੱਕੀ ਹੇਠ ਪਿੱਸ ਰਹੀ ਪੈਪਸੂ ਦੀ ਜਨਤਾ ਵਾਂਗ, ਦੋਹਰੀ ਗੁਲਾਮੀ ਦਾ ਸ਼ਿਕਾਰ ਹੋਇਆ। ਇਕ ਜਗੀਰਦਾਰ ਤੇ ਪੂੰਜੀਪਤੀ ਵਰਗ ਦੀ ਗੁਲਾਮੀ ਤੇ ਦੂਸਰੀ ਆਪਣੇ ਸਵਾਰਥੀ ਆਗੂਆਂ ਦੀ।
ਪੰਜਾਬ ਦੇ ਲੋਕ ਕਦੀ ਕਾਂਗਰਸ ਦੀ ਤੇ ਅੱਗੋਂ ਕਾਂਗਰਸ ਦੇ ਕੁਸ਼ਾਸਨ ਤੇ ਲੁੱਟ ਖਸੁੱਟ ਤੋਂ ਬਦਜ਼ਿਨ ਹੋ ਕੇ ਮੁੜ ਅਕਾਲੀ ਦਲ-ਭਾਜਪਾ ਦੀ ਝੋਲੀ ਪੈਂਦੇ ਰਹੇ ਹਨ। ਅਜੇਹਾ ਬਦਲਾਅ ਲੋਕਾਂ ਦੇ ਦਿਲੋ ਦਿਮਾਗ ਦੀਆਂ ਗਹਿਰਾਈਆਂ ਤੋਂ ਉਪਜਿਆ ਕੋਈ ਸਾਰਥਕ ਹੁਲਾਰਾ ਨਹੀਂ, ਬਲਕਿ ਰਾਜਸੀ ਮਜ਼ਬੂਰੀਆਂ ਦੀ ਉਪਜ ਹੈ। ਹੁਣ ਜਦੋਂ ਅਕਾਲੀ ਦਲ-ਭਾਜਪਾ ਤੇ ਕਾਂਗਰਸ ਦੋਵਾਂ ਹੀ ਰਵਾਇਤੀ ਰਾਜਸੀ ਧਿਰਾਂ ਦੇ ਵਿਰੋਧ ਵਿਚ 'ਆਪ' ਦੇ ਰੂਪ ਵਿਚ ਉਭਰਿਆ ਤੀਸਰਾ ਵਿਕਲਪ ਵੀ ਤਾਸ਼ ਦੇ ਪੱਤਿਆਂ ਵਾਂਗ ਢੈਅ ਢੇਰੀ ਹੋਣ ਵੱਲ ਨੂੰ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਤਦ ਇਕ ਮਜ਼ਬੂਤ ਖੱਬੇ ਪੱਖੀ ਲਹਿਰ ਦੇ ਰੂਪ ਵਿਚ ਸੁਹਿਰਦ, ਪ੍ਰਤੀਬੱਧ ਤੇ ਹਕੀਕੀ ਰਾਜਨੀਤਕ ਤੇ ਆਰਥਿਕ ਮੁਤਬਾਦਲ ਦੇ ਉਭਰਨ ਦੀਆਂ ਵੱਡੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ, ਜਿਨ੍ਹਾਂ ਦੀ ਭਰਪੂਰ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਜਦੋਂ ਸਰਮਾਏਦਾਰ-ਜਾਗੀਰਦਾਰ ਪੱਖੀ ਰਵਾਇਤੀ ਰਾਜਸੀ ਦਲ ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਜਲਦੀ ਹੀ ਰੱਦੀ ਦੀ ਟੋਕਰੀ ਵਿਚ ਸੁੱਟ ਕੇ ਸਵਾਰਥੀ ਹਿੱਤਾਂ ਦੀ ਰਾਖੀ ਦੇ ਰਾਹੇ ਪੈ ਜਾਂਦੇ ਹਨ, ਤਦ ਖੱਬੇ ਪੱਖੀ ਪਾਰਟੀਆਂ ਨੂੰ ਆਪਣੇ ਐਲਾਨੇ ਪ੍ਰੋਗਰਾਮ ਤਹਿਤ ਵਿਦਿਆ, ਸਿਹਤ, ਰਿਹਾਇਸ਼, ਪੀਣਯੋਗ ਪਾਣੀ, ਵਾਤਾਵਰਣ ਦੀ ਸ਼ੁਧਤਾ ਤੇ ਜਮਹੂਰੀ ਹੱਕਾਂ ਦੀ ਮੁੜ ਬਹਾਲੀ ਵਰਗੇ ਸਵਾਲਾਂ ਨੂੰ ਪਹਿਲਕਦਮੀ ਕਰਕੇ ਸ਼ਿੱਦਤ ਨਾਲ ਉਭਾਰਨਾ ਚਾਹੀਦਾ ਹੈ। ਉਹ ਉਪਰਲੇ ਅਮੀਰ ਵਰਗਾਂ ਵਲੋਂ ਹੜੱਪੀ ਧਨ ਦੌਲਤ ਨੂੰ, ਸਿੱਧੇ ਟੈਕਸਾਂ ਦੇ ਰੂਪ ਵਿਚ ਵਸੂਲ ਕੇ, ਇਕ ਹੱਦ ਤੱਕ ਹਲ ਕਰਨ ਦੀ ਰਾਜਸੀ ਇੱਛਾ ਸ਼ਕਤੀ ਰੱਖਦੀਆਂ ਹਨ। ਬਹੁਤ ਸਾਰੇ ਸਵਾਲ ਤਾਂ ਕੋਈ ਪੂੰਜੀ ਖਰਚ ਕੀਤੇ ਬਿਨਾਂ ਸਿਰਫ ਲੋਕਾਂ ਦੇ ਸਹਿਯੋਗ ਨਾਲ ਵੀ ਹਲ ਕੀਤੇ ਜਾ ਸਕਦੇ ਹਨ। ਇਹ ਸਹਿਯੋਗ ਵੱਡੀ ਪੱਧਰ ਉਪਰ ਜਨਤਕ ਘੋਲਾਂ ਤੇ ਹੋਰ ਅਵਾਮੀ ਸਰਗਰਮੀਆਂ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ।
ਅਕਾਲੀ ਦਲ ਦੇ ਜਨ ਅਧਾਰ ਨੇ ਆਪਣੀਆਂ ਅੱਖਾਂ ਨਾਲ ਤੱਕਿਆ ਹੈ ਕਿ 'ਸਿੱਖ ਪੰਥ' ਦੇ ਨਾਂਅ ਉਪਰ ਵੋਟਾਂ ਹਾਸਲ ਕਰਕੇ ਅਕਾਲੀ ਦਲ ਕਿਵੇਂ ਸਿੱਖ ਧਰਮ ਦੀਆਂ ਬੁਨਿਆਦੀ ਮਾਨਤਾਵਾਂ ਜਿਵੇਂ ਕਿਰਤ ਕਰਨੀ, ਕਿਰਤੀਆਂ ਦੀ ਰਾਖੀ ਲਈ ਹਰ ਕੁਰਬਾਨੀ ਲਈ ਤਿਆਰ ਰਹਿਣਾ, ਭਾਈ ਲਾਲੋ ਤੇ ਮਲਕ ਭਾਗੋ ਦੀ ਲੜਾਈ ਵਿਚ ਡਟਕੇ ਭਾਈ ਲਾਲੋ ਸੰਗ ਖੜਨਾ, ਜਾਤ ਪਾਤ ਤੇ ਮਜ਼ਹਬੀ ਵੱਖਰੇਵਿਆਂ ਤੋਂ ਉਪਰ ਉਠ ਕੇ ਲੋਕਾਈ ਦੀ ਨਿਰਸਵਾਰਥ ਸੇਵਾ ਕਰਨ ਵਰਗੀਆਂ ਮਾਨਵੀ ਪ੍ਰੰਪਰਾਵਾਂ ਤੋਂ ਪੂਰੀ ਤਰ੍ਹਾਂ ਕਿਨਾਰਾ ਕਸ਼ੀ ਕਰ ਗਿਆ ਹੈ। ਜ਼ੁਲਮ ਦਾ ਟਾਕਰਾ ਕਰਨ ਵਾਲੇ 'ਪੰਥ' ਦੇ ਇਹ ਕਥਿਤ ਆਗੂ ਦਸ ਸਾਲ ਮਿਹਨਤਕਸ਼ ਲੋਕਾਂ ਉਪਰ ਅਕਹਿ ਤੇ ਅਸਹਿ ਜ਼ੁਲਮ ਕਰਦੇ ਰਹੇ। ਔਰਤਾਂ, ਦਲਿਤਾਂ ਅਤੇ ਹੋਰ ਬੇਜ਼ਮੀਨੇ ਤੇ ਪਛੜੀਆਂ ਜਾਤੀਆਂ ਦੇ ਗਰੀਬ ਲੋਕਾਂ ਪ੍ਰਤੀ ਅਕਾਲੀ ਦਲ-ਭਾਜਪਾ ਦੀ ਸਰਕਾਰ ਜਿਸ ਹੱਦ ਤੱਕ ਨਿਰਦਈ ਬਣੀ ਰਹੀ, ਇਸ ਕਹਿਰ ਦਾ ਵਰਤਾਰਾ ਲੋਕਾਂ ਨੇ ਆਪ ਹੰਢਾਇਆ ਹੈ। ਇਸ ਸਰਕਾਰ ਨੇ ਹੀ ਸਿੱਖ ਧਰਮ ਵਿਚਲੀਆਂ ਉਚ ਧਾਰਮਿਕ ਪਦਵੀਆਂ ਤੇ ਸੰਸਥਾਵਾਂ ਨੂੰ ਵੀ ਆਪਣੀ ਨਿੱਜੀ ਜਾਇਦਾਦ ਸਮਝਕੇ ਲੋਕ ਨਜ਼ਰਾਂ ਵਿਚ ਹਾਸੋਹੀਣੀਆਂ ਤੇ ਨਿਰਬਲ ਬਣਾ ਦਿੱਤਾ। ਸਿੱਖ ਧਰਮ ਦਾ ਜਿੰਨਾ ਨੁਕਸਾਨ ਅਕਾਲੀ ਦਲ ਦੇ ਕਾਰਜ ਕਾਲ ਵਿਚ ਹੋਇਆ ਹੈ, ਸ਼ਾਇਦ ਏਨਾ ਕੋਈ ਸਿੱਖ ਧਰਮ ਦਾ ਦੋਖੀ ਵੀ ਨਾ ਕਰ ਸਕੇ! ਅਕਾਲੀ ਦਲ ਨੇ ਧਰਮ ਦੀ ਆੜ ਹੇਠਾਂ ਕਿਰਤੀ ਲੋਕਾਂ ਤੇ ਦਰਮਿਆਨੀਆਂ ਜਮਾਤਾਂ ਵਿਚਲੇ ਜਨ ਅਧਾਰ ਨੂੰ ਖੱਬੀਆਂ ਧਿਰਾਂ ਤੋਂ ਦੂਰ ਕਰਨ ਵਾਸਤੇ ਵਾਰ ਵਾਰ ਯਤਨ ਕੀਤੇ ਹਨ। ਜਦੋਂਕਿ ਆਪਣੇ ਇਤਿਹਾਸ, ਸਭਿਆਚਾਰ, ਭਗਤੀ ਲਹਿਰ ਤੇ ਸਾਮਰਾਜ ਵਿਰੋਧੀ ਰਵਾਇਤਾਂ ਪ੍ਰਤੀ ਪ੍ਰਤੀਬੱਧਤਾ ਤੇ ਅਮਲਾਂ ਰਾਹੀਂ ਅਤੇ ਲੋਕਾਂ ਦੀ ਰੋਟੀ, ਰੋਜ਼ੀ, ਮਕਾਨ ਤੇ ਹੋਰ ਬੁਨਿਆਦੀ ਲੋੜਾਂ ਦੀ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਸੰਘਰਸ਼ਾਂ ਦੀ ਬਦੌਲਤ, ਇਹਨਾਂ ਵਰਗਾਂ ਨੂੰ ਜਨਤਕ ਇਨਕਲਾਬੀ ਲਹਿਰ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਅਕਾਲੀ ਆਗੂਆਂ ਹੱਥੋਂ ਹੰਢਾਏ ਭਰਿਸ਼ਟਾਚਾਰ ਤੇ ਧੱਕੜਸ਼ਾਹੀਆਂ ਦਾ ਦਰਦ ਲੋਕਾਂ ਨੂੰ ਲੰਬਾ ਸਮਾਂ ਯਾਦ ਰਹਿਣ ਵਾਲਾ ਹੈ। ਲੋਕਾਂ ਵਲੋਂ ਇਸਨੂੰ ਭੁਲਾ ਦੇਣ ਤੋਂ ਪਹਿਲਾਂ ਖੱਬੀਆਂ ਸ਼ਕਤੀਆਂ ਨੂੰ ਇਨ੍ਹਾਂ ਸਾਰੇ ਜਨਤਕ ਜਖ਼ਮਾਂ ਉਪਰ ਮੱਲ੍ਹਮ ਪੱਟੀ ਕਰਨ ਦਾ ਯਤਨ ਕਰਨਾ ਹੋਵੇਗਾ।
ਕਾਂਗਰਸ ਪ੍ਰਤੀ ਪੰਜਾਬੀ ਲੋਕਾਂ ਦੀ ਨਰਾਜ਼ਗੀ ਆਜ਼ਾਦੀ ਮਿਲਣ ਤੋਂ ਬਾਅਦ ਲਗਾਤਾਰ ਵੱਧਦੀ ਗਈ ਹੈ। ਚੋਣਾਂ ਅੰਦਰ ਕਾਂਗਰਸ ਦੀ ਜਿੱਤ ਕਿਸੇ ਲੋਕ ਪੱਖੀ ਰਾਜਨੀਤੀ ਜਾਂ ਸੇਵਾ ਭਾਵਨਾ ਦੇ ਇਵਜ਼ ਵਜੋਂ ਨਹੀਂ, ਸਗੋਂ ਅਕਾਲੀ ਦਲ-ਭਾਜਪਾ ਗਠਜੋੜ ਦੇ ਵਿਰੋਧ ਵਿਚ ਕਿਸੇ ਦੂਸਰੇ ਕਲਿਆਣਕਾਰੀ ਰਾਜਸੀ ਬਿੰਦੂ ਦੀ ਅਣਹੋਂਦ ਸਦਕਾ ਹੀ ਰਹੀ ਹੈ।
ਇਨ੍ਹਾਂ ਪ੍ਰਸਥਿਤੀਆਂ ਵਿਚ ਪੰਜਾਬ ਅੰਦਰ ਕਮਿਊਨਿਸਟਾਂ ਦੀ ਅਵਸਥਾ ਵੀ ਡਾਢੀ ਕਮਜ਼ੋਰ ਹੈ। ਕਦੀ ਦੇਸ਼ ਦੀ ਆਜ਼ਾਦੀ ਦੇ ਮਹਾਂ ਨਾਇਕਾਂ ਗਦਰੀ ਬਾਬਿਆਂ, ਭਗਤ ਸਿੰਘ ਹੁਰਾਂ ਦੇ ਸਾਥੀਆਂ ਤੇ ਕਿਰਤੀ ਪਾਰਟੀ ਦੇ ਜੰਗਜੂਆਂ ਦੀ ਜ਼ਬਾਨ ਵਿਚੋਂ ਨਿਕਲੇ 'ਇਨਕਲਾਬ-ਜ਼ਿੰਦਾਬਾਦ' ਦੇ ਨਾਅਰਿਆਂ ਹੇਠ ਪਨਪੀ ਕਮਿਊਨਿਸਟ ਲਹਿਰ, ਅੱਗੇ ਪਸਰਣ ਦੀ ਥਾਂ ਲਗਾਤਾਰ ਸੁੰਗੜਦੀ ਹੀ ਗਈ। ਅੱਜ ਇਹ ਆਪਣੀ ਹੋਂਦ ਨੂੰ ਕਾਇਮ ਰੱਖਣ ਤੇ ਰਾਜਨੀਤੀ ਵਿਚ ਆਪਣਾ ਖੁਸਿਆ ਸਥਾਨ ਮੁੜ ਹਾਸਲ ਕਰਨ ਲਈ ਯਤਨਸ਼ੀਲ ਜ਼ਰੂਰ ਹੈ।
ਅਜੋਕੀਆਂ ਹਾਲਤਾਂ ਵਿਚ ਭਾਵੇਂ ਕਮਿਊਨਿਸਟ ਤੇ ਹੋਰ ਖੱਬੀਆਂ ਧਿਰਾਂ ਜਨ ਅਧਾਰ ਦੇ ਪੱਖੋਂ ਕਾਫੀ ਕਮਜ਼ੋਰ ਹਨ, ਪ੍ਰੰਤੂ ਇਹਨਾਂ ਪ੍ਰਤੀਕੂਲ ਅਵਸਥਾਵਾਂ ਵਿਚ ਵੀ ਅੱਗੇ ਵੱਧਣ ਦੀਆਂ ਅਸੀਮ ਸੰਭਾਵਨਾਵਾਂ ਲੋਕ ਲਹਿਰਾਂ ਦੀ ਦਹਿਲੀਜ਼ ਉਪਰ ਦਸਤਕ ਦੇ ਰਹੀਆਂ ਹਨ। ਲੋਕ ਹਿੱਤਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ, ਧਰਮ ਨਿਰਪੱਖਤਾ-ਜਮਹੂਰੀਅਤ ਤੇ ਆਜ਼ਾਦੀ ਦੇ ਅਲੰਬਰਦਾਰ ਅਤੇ ਦੇਸ਼ ਧ੍ਰੋਹੀ ਸ਼ਕਤੀਆਂ ਨਾਲ ਲੋਹਾ ਲੈਣ ਵਾਲੀ ਕਮਿਊਨਿਸਟ ਲਹਿਰ ਸਾਰੀਆਂ ਘਾਟਾਂ ਦੇ ਬਾਵਜੂਦ ਲੋਕਾਂ ਦੇ ਮਨਾਂ ਵਿਚ ਆਪਣੀ ਸਤਿਕਾਰਤ ਜਗ੍ਹਾ ਕਾਇਮ ਰੱਖੀ ਬੈਠੀ ਹੈ। ਲੋਕਾਂ ਨੂੰ ਵਾਰ ਵਾਰ ਧੋਖਾ ਦੇਣ ਤੇ ਭਰਿਸ਼ਟਾਚਾਰ ਰਾਹੀਂ ਇਕੱਠੇ ਕੀਤੇ ਧਨ ਦੀ ਵਰਤੋਂ ਕਰਕੇ ਵੀ ਹਾਕਮ ਧਿਰਾਂ ਦੀਆਂ ਪਾਰਟੀਆਂ ਕਾਂਗਰਸ, ਅਕਾਲੀ ਪਾਰਟੀ ਤੇ ਭਾਜਪਾ ਆਦਿ ਜਨ ਸਮੂਹਾਂ ਦੇ ਦਿਲਾਂ ਦਿਮਾਗਾਂ ਵਿਚ ਹਕੀਕੀ ਰੂਪ ਵਿਚ ਆਪਣੀ ਥਾਂ ਬਣਾਉਣ ਦੇ ਅਯੋਗ ਸਿੱਧ ਹੋ ਚੁੱਕੀਆਂ ਹਨ। ਭਵਿੱਖ ਵਿਚ ਕਮਿਊਨਿਸਟ ਆਪਣੇ ਸਿਧਾਂਤਾਂ ਤੇ ਅਮਲਾਂ ਸਦਕਾ, ਝੂਠੇ ਵਾਅਦਿਆਂ, ਦਾਅਵਿਆਂ ਤੇ ਪ੍ਰਚਾਰ ਦੇ ਪ੍ਰਭਾਵ ਹੇਠਾਂ 'ਆਪ' ਵੱਲ ਖਿੱਚੇ ਗਏ ਨੌਜਵਾਨ, ਮੱਧ ਵਰਗੀ ਪੜ੍ਹੇ ਲਿਖੇ ਲੋਕਾਂ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦਾ ਵਿਸ਼ਵਾਸ ਹਾਸਲ ਕਰ ਸਕਦੇ ਹਨ। ਦਲਿਤਾਂ, ਕਥਿਤ ਨੀਵੀਆਂ ਤੇ ਪੱਛੜੀਆਂ ਜਾਤਾਂ ਨਾਲ ਸੰਬੰਧਤ ਕਿਰਤੀ ਲੋਕਾਂ, ਔਰਤਾਂ ਅਤੇ ਨੌਜਵਾਨਾਂ ਦਾ ਖੱਬੀ ਧਿਰ ਤੋਂ ਵਧੇਰੇ ਹੋਰ ਕੋਈ ਹਕੀਕੀ ਸੰਗੀ ਸਾਥੀ ਤੇ ਸ਼ੁਭ ਚਿੰਤਕ ਹੋ ਹੀ ਨਹੀਂ ਸਕਦਾ। ਸਮਾਜਿਕ ਤਬਦੀਲੀ ਦਾ ਟੀਚਾ ਭਾਵੇਂ ਕਠਿਨ, ਲੰਬੇਰਾ ਤੇ ਵਧੇਰੇ ਕੁਰਬਾਨੀ ਦੀ ਮੰਗ ਕਰਦਾ ਹੈ, ਪ੍ਰੰਤੂ ਪੰਜਾਬ ਦੀ ਸ਼ਾਨਾਮੱਤੀ ਵਿਰਾਸਤ ਸਾਨੂੰ ਇਹ ਨਿਸ਼ਾਨਾ ਹਾਸਲ ਕਰਨ ਲਈ ਪ੍ਰੇਰਨਾ ਵੀ ਦਿੰਦੀ ਹੈ ਤੇ ਸਾਡਾ ਮਾਰਗ ਦਰਸ਼ਨ ਵੀ ਕਰਦੀ ਹੈ। ਇਹ ਸਮਾਂ ਦੱਸੇਗਾ ਕਿ ਪੰਜਾਬ ਦੀ ਖੱਬੀ ਲਹਿਰ ਪ੍ਰਾਂਤ ਅੰਦਰ ਇਕ ਭਰੋਸੇਯੋਗ, ਲੋਕ ਪੱਖੀ ਸੰਭਾਵਤ ਮੁਤਬਾਦਲ ਪੇਸ਼ ਕਰਨ ਵਿਚ ਕਿਸ ਹੱਦ ਤੱਕ ਕਾਮਯਾਬੀ ਹਾਸਲ ਕਰਦੀ ਹੈ, ਜਿਹੜੀ ਕਿ ਸਮੁੱਚੇ ਮਿਹਨਤਕਸ਼ ਲੋਕਾਂ ਲਈ ਇਕ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਸਕੇ।

No comments:

Post a Comment