Friday, 5 May 2017

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਮਈ 2017)

ਰਵੀ ਕੰਵਰ 
ਟਰੰਪ ਦੀ ਸਦਾਰਤ 'ਚ ਅਮਰੀਕੀ ਸਾਮਰਾਜ ਦੀ ਫੌਜੀ ਧੌਂਸਬਾਜੀ ਦੇ ਨਵੇਂ ਆਯਾਮ
ਅਮਰੀਕੀ ਸਾਮਰਾਜ ਵਲੋਂ ਇਸ ਮਹੀਨੇ ਦੇ ਪਹਿਲੇ ਹਫਤੇ ਵਿਚ ਕੀਤੇ ਗਏ ਸੀਰੀਆ ਸਰਕਾਰ  ਦੀਆਂ ਹਵਾਈ ਫੌਜਾਂ ਦੇ ਟਿਕਾਣਿਆਂ 'ਤੇ ਹਮਲੇ, ਅਫਗਾਨਿਸਤਾਨ ਵਿਚ ਆਪਣੇ ਅਸਲੇਖਾਨੇ ਦੇ ਸਭ ਤੋਂ ਸ਼ਕਤੀਸ਼ਾਲੀ ਗੈਰ ਪ੍ਰਮਾਣੂ ਬੰਬ ਨਾਲ ਹਮਲਾ ਕਰਨਾ ਅਤੇ ਉੱਤਰੀ ਕੋਰੀਆ ਨੂੰ ਆਪਣਾ ਸ਼ਕਤੀਸ਼ਾਲੀ ਸਮੁੰਦਰੀ ਫੌਜੀ ਬੇੜਾ-ਕਾਰਲ ਵਿਨਸਨ ਭੇਜਕੇ ਉਸਨੂੰ ਸਬਕ ਸਿਖਾਉਣ ਦੀਆਂ ਧਮਕੀਆਂ ਦੇਣ ਨਾਲ ਇਸਦੀ ਫੌਜੀ ਧੌਂਸਬਾਜੀ ਨੇ ਨਵਾਂ ਆਕਾਰ ਗ੍ਰਹਿਣ ਕਰ ਲਿਆ ਹੈ।
ਅਮਰੀਕੀ ਸਾਮਰਾਜ ਹਮੇਸ਼ਾਂ ਤੋਂ ਹੀ ਦੁਨੀਆਂ ਭਰ ਵਿਚ ਆਪਣੀ ਫੌਜੀ ਧੌਂਸਬਾਜ਼ੀ ਚਲਾਉਂਦਾ ਰਿਹਾ ਹੈ। ਇਹ ਕੋਈ ਇਸਦੀ ਨਵੀਂ ਗੱਲ ਨਹੀਂ ਹੈ। ਪਰ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਸਨੇ ਨਵਾਂ ਆਕਾਰ ਜ਼ਰੂਰ ਅਖਤਿਆਰ ਕਰ ਲਿਆ ਹੈ। ਰਾਸ਼ਟਰਪਤੀ ਟਰੰਪ ਖੁਦ ਬੜੇ ਹੀ ਹੈਂਕੜ ਭਰੇ ਢੰਗ ਨਾਲ ਇਨ੍ਹਾਂ ਹਮਲਿਆਂ ਦਾ ਐਲਾਨ ਕਰਦਾ ਹੈ। ਉਤਰੀ ਕੋਰੀਆ ਨੂੰ ਖੁਦ ਧਮਕਾਉਂਦਾ ਹੈ। ਉਸਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਵਲੋਂ ਦੱਖਣੀ ਤੇ ਉਤਰੀ ਕੋਰੀਆ ਦੇ ਬਾਰਡਰ 'ਤੇ ਸਥਿਤ 'ਨੋ ਮੈਂਨਜ ਲੈਂਡ' 'ਤੇ ਖੜੇ ਹੋ ਕੇ ਭੜਕਾਹਟ ਭਰੇ ਬਿਆਨ ਅਤੇ ਦੂਜੇ ਪਾਸੇ ਖੜੇ ਉਤਰੀ ਕੋਰੀਆਈ ਫੌਜੀਆਂ ਸਾਹਮਣੇ ਉਨ੍ਹਾਂ ਦੇ ਦੇਸ਼ ਨੂੰ ਧਮਕੀਆਂ ਦੇਣੀਆਂ ਇਸ ਫੌਜੀ ਧੌਂਸਬਾਜ਼ੀ ਦੇ ਨਵੇਂ ਧਕੜਸ਼ਾਹ ਰੂਪ ਨੂੰ ਹੋਰ ਵਧੇਰੇ ਸਪੱਸ਼ਟ ਕਰਦੀਆਂ ਹਨ।
ਅਮਰੀਕੀ ਸਾਮਰਾਜ ਦੇ ਸੀਰੀਆ ਅਤੇ ਅਫਗਾਨਿਸਤਾਨ ਉਤੇ ਹਾਲੀਆ ਫੌਜੀ ਹਮਲੇ ਅਤੇ ਉਸਦੇ ਉਤਰੀ ਕੋਰੀਆ ਨੂੰ ਤਬਾਹ ਕਰ ਦੇਣ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਆਮ ਆਦਮੀ ਨੂੰ ਤਾਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਸਾਮਰਾਜ ਆਪਣੀ ਫੌਜੀ ਸ਼ਕਤੀ ਦੀ ਵਰਤੋਂ ਲੋਕਾਂ ਨੂੰ ਅੱਤਵਾਦੀਆਂ ਦੇ ਕਹਿਰ ਅਤੇ ਪਰਮਾਣੂ ਜੰਗ ਤੋਂ ਬਚਾਉਣ ਲਈ ਕਰ ਰਿਹਾ ਹੈ। ਦੁਨੀਆਂ ਭਰ ਵਿਚ ਬਹੁਕੌਮੀ ਕੰਪਨੀਆਂ ਦੀ ਮਲਕੀਅਤ ਵਾਲਾ ਵਿਸ਼ਾਲ ਮੀਡੀਆ-ਤੰਤਰ ਚੀਖ-ਚੀਖ ਕੇ ਉਸਦੇ ਜ਼ਿਹਨ ਵਿਚ ਇਹ ਭਰ ਰਿਹਾ ਹੈ। ਲੋਕ-ਪੱਖੀ ਮੀਡੀਆ ਦੀ ਆਵਾਜ ਉਸ ਸਾਹਮਣੇ ਨੱਕਾਰਖਾਨੇ ਵਿਚ ਤੂਤੀ ਦੀ ਆਵਾਜ਼ ਹੀ ਸਾਬਤ ਹੋ ਰਹੀ ਹੈ। ਇਨ੍ਹਾਂ ਹਮਲਿਆਂ ਦੀ ਸੱਚਾਈ ਨੂੰ ਜਾਨਣ ਲਈ ਇਨ੍ਹਾਂ ਨਾਲ ਸਬੰਧਤ ਤੱਥਾਂ ਨੂੰ ਦੇਖਣਾ ਜਰੂਰੀ ਹੈ।
ਅਪ੍ਰੈਲ ਦੇ ਪਹਿਲੇ ਹਫਤੇ ਵਿਚ ਅਮਰੀਕੀ ਫੌਜ ਦੇ ਸਮੁੰਦਰੀ ਬੇੜੇ ਵਲੋਂ 4 ਮਿਨਟਾਂ ਵਿਚ ਹੀ ਸੀਰੀਆ ਸਰਕਾਰ ਦੇ ਕੰਟਰੋਲ ਵਾਲੇ ਹਵਾਈ ਅੱਡਿਆਂ ਉੱਤੇ 59 ਟਾਮਹਾਕ ਕਰੂਜ ਮਿਜਾਇਲ ਦਾਗੇ ਗਏ। ਇਸ ਬਾਰੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਕਿ ਇਹ ਹਮਲੇ ਉਨ੍ਹਾਂ ਹਵਾਈ ਅੱਡਿਆਂ 'ਤੇ ਕੀਤੇ ਗਏ ਹਨ, ਜਿੱਥੋਂ ਉਡਕੇ ਹਵਾਈ ਜਹਾਜਾਂ ਨੇ 'ਰਸਾਇਣਿਕ ਹਥਿਆਰਾਂ' ਨਾਲ ਲੋਕਾਂ 'ਤੇ ਹਵਾਈ ਹਮਲੇ ਕੀਤੇ ਹਨ। ਅਤੇ ਇਹ 'ਰਸਾਇਣਿਕ ਗੈਸ' ਹਮਲੇ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਹਨ। ਇਥੇ ਇਹ ਵਰਨਣਯੋਗ ਹੈ ਕਿ 3 ਅਪ੍ਰੈਲ ਨੂੰ ਹੋਏ ਇਸ 'ਰਸਾਇਣਿਕ ਹਥਿਆਰਾਂ' ਦੇ ਹਮਲੇ ਨਾਲ ਸੀਰੀਆ ਦੇ ਇਦਲਿਬ ਪ੍ਰਾਂਤ ਵਿਚ  85 ਲੋਕ ਮਾਰੇ ਗਏ ਸਨ, ਜਿਨ੍ਹਾਂ 'ਚ 24 ਬੱਚੇ ਅਤੇ 16 ਔਰਤਾਂ ਸ਼ਾਮਲ ਸਨ। 350 ਲੋਕ ਇਸ ਵਿਚ ਜਖਮੀ ਹੋਏ ਸਨ। ਇਦਲਿਬ ਪ੍ਰਾਂਤ ਦਾ ਸ਼ੇਖੂਨ ਕਸਬਾ, ਜਿੱਥੇ ਇਹ ਘਟਨਾ ਵਾਪਰੀ ਉਹ ਸੀਰੀਆ ਸਰਕਾਰ ਦੇ ਵਿਰੁੱਧ ਲੜਨ ਵਾਲੇ ਉਨ੍ਹਾਂ ਗੁਟਾਂ ਦੇ ਕਬਜ਼ੇ ਵਿਚ ਹੈ, ਜਿਨ੍ਹਾਂ ਨੂੰ ਅਮਰੀਕੀ ਸਾਮਰਾਜ, ਉਸਦੇ ਹੱਥਠੋਕੇ ਸਾਉੱਦੀ ਅਰਬ ਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਸਮਰਥਨ ਹਾਸਲ ਹੈ। ਇੱਥੋਂ ਉਹ ਨਿਰੰਤਰ ਸੀਰੀਆ ਸਰਕਾਰ ਵਿਰੁੱਧ ਹਮਲੇ ਕਰਦੇ ਹਨ। ਇਸ ਹਮਲੇ ਦੀ ਖਬਰ ਤੋਂ ਫੌਰੀ ਬਾਅਦ ਹੀ ਸੀਰੀਆ ਸਰਕਾਰ ਦੇ ਬੁਲਾਰੇ ਅਤੇ ਸੀਰੀਆ ਦੀ ਅਸਦ ਸਰਕਾਰ ਦਾ ਸਮਰਥਨ ਕਰਨ ਵਾਲੀ ਰੂਸ ਦੀ ਸਰਕਾਰ ਦੇ ਬੁਲਾਰਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਵਲੋਂ ਕਿਸੇ ਵੀ ਰਸਾਇਣਿਕ ਹਥਿਆਰ ਦੀ ਵਰਤੋਂ ਕਰਦਿਆਂ ਹਵਾਈ ਹਮਲਾ ਨਹੀਂ ਕੀਤਾ ਗਿਆ। ਸੀਰੀਆ ਸਰਕਾਰ ਦੇ ਬੁਲਾਰੇ ਵਲੋਂ ਤਾਂ ਸਰਕਾਰ ਵਲੋਂ ਘਟਨਾ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਇਕ ਹਵਾਈ ਹਮਲਾ, ਜਿਹੜਾ ਕਿ ਸ਼ੇਖੂਨ ਸਥਿਤ ਬਾਗੀਆਂ ਦੇ ਟਿਕਾਣਿਆਂ 'ਤੇ ਕੀਤਾ ਗਿਆ ਸੀ, ਦੌਰਾਨ ਬਾਗੀਆਂ ਵਲੋਂ ਕਾਇਮ ਕੀਤਾ ਗਿਆ ਹਥਿਆਰਾਂ ਦਾ ਜਖੀਰਾ ਮਾਰ ਹੇਠ ਆ ਗਿਆ ਸੀ, ਜਿਸ ਵਿਚ ਉਨ੍ਹਾਂ ਵਲੋਂ ਰਸਾਇਣਿਕ ਹਥਿਆਰ ਜਮਾਂ ਕੀਤੇ ਗਏ ਸਨ। ਸੀਰੀਆ ਸਰਕਾਰ ਦੇ ਬੁਲਾਰੇ ਵਲੋਂ ਇਹ ਵੀ ਕਿਹਾ ਗਿਆ ਕਿ ਸੀਰੀਆ ਦੀ ਸਰਕਾਰ ਇਸ ਘਟਨਾ ਦੀ ਕਿਸੇ ਵੀ ਕੌਮਾਂਤਰੀ ਸੰਸਥਾ ਵਲੋਂ ਨਿਰਪੱਖ ਪੜਤਾਲ ਕੀਤੇ ਜਾਣ ਲਈ ਤਿਆਰ ਹੈ। ਪ੍ਰੰਤੂ, ਦੁਨੀਆਂ ਭਰ ਵਿਚ ਟਰੰਪ, ਉਸਦੇ ਹੋਰ ਹਥਠੋਕੇ ਅਤੇ ਬਹੁਕੌਮੀ ਕੰਪਨੀਆਂ ਦੀ ਮਲਕੀਅਤ ਵਾਲਾ ਭੋਂਪੂ ਬਣਿਆ ਮੀਡੀਆ ਇਸ ਅਖੌਤੀ ਗੈਸ ਹਮਲੇ ਨੂੰ ਸੀਰੀਆ ਸਰਕਾਰ 'ਤੇ ਮੜ੍ਹਦੇ ਹੋਏ ਉਸਨੂੰ ਗੱਦੀ ਤੋਂ ਲਾਹੁਣ ਦੀਆਂ ਧਮਕੀਆਂ ਦੇ ਰਿਹਾ ਹੈ। ਜਦੋਂਕਿ ਅਸਲ ਵਿਚ ਇਹ ਰਸਾਇਣਿਕ ਗੈਸ ਹਮਲਾ ਹੈ ਹੀ ਨਹੀਂ। ਬਲਕਿ ਇਹ ਬਾਗੀਆਂ ਵਲੋਂ ਰਸਾਇਣਿਕ ਹਥਿਆਰਾਂ ਦੇ ਜਮਾ ਕੀਤੇ ਗਏ ਜਖੀਰੇ ਉਤੇ ਹਵਾਈ ਹਮਲੇ ਦੌਰਾਨ ਬੰਬ ਡਿੱਗ ਪੈਣ ਕਾਰਨ ਹੋਇਆ ਇਕ ਹਾਦਸਾ ਹੈ। ਇਥੇ ਇਹ ਵੀ ਨੋਟ ਕਰਨ ਯੋਗ ਹੈ ਕਿ ਅਮਰੀਕੀ ਸਾਮਰਾਜ ਅਤੇ ਉਸਦੇ ਹਥਠੋਕਿਆਂ ਵਲੋਂ ਸਮਰਥਨ ਪ੍ਰਾਪਤ ਸੁੰਨੀ ਬਾਗੀਆਂ ਨੇ ਰਸਾਇਣਿਕ ਹਥਿਆਰ ਜਮਾ ਕੀਤੇ ਹੋਏ ਹਨ ਜਦੋਂਕਿ ਸੀਰੀਆ ਦੀ ਸਰਕਾਰ ਨੇ ਕਈ ਸਾਲ ਪਹਿਲਾਂ ਰੂਸ ਤੇ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਹੇਠ ਆਪਣਾ ਰਸਾਇਣਿਕ ਹਥਿਆਰਾਂ ਦਾ ਜਖੀਰਾ ਨਸ਼ਟ ਕਰ ਦਿੱਤਾ ਸੀ। ਉਹ ਪਹਿਲਾਂ ਵੀ ਰਸਾਇਣਿਕ ਹਮਲੇ ਕਰਦੇ ਰਹੇ ਹਨ ਅਤੇ 2015 ਵਿਚ ਤਾਂ ਰਸਾਇਣਿਕ ਹਥਿਆਰਾਂ ਉਤੇ ਰੋਕ ਨਾਲ ਸਬੰਧਤ ਜਥੇਬੰਦੀ (OPCW) ਵਲੋਂ ਇਸ ਬਾਰੇ ਪੁਸ਼ਟੀ ਵੀ ਕੀਤੀ ਗਈ ਹੈ। ਦਸੰਬਰ 2016 ਵਿਚ ਵੀ ਸੀਰੀਆ ਸਰਕਾਰ ਨੇ ਇਕ ਅਜਿਹੇ ਹੀ ਹਮਲੇ ਨਾਲ ਸਬੰਧਤ ਤੱਥ ਅਤੇ ਦਸਤਾਵੇਜ ਇਸ ਜਥੇਬੰਦੀ ਨੂੰ ਸਬੂਤਾਂ ਸਮੇਤ ਸੌਂਪੇ ਹਨ।
ਅਮਰੀਕੀ ਸਾਮਰਾਜ ਦੀ ਹਾਲੀਆ ਧੌਂਸਬਾਜੀ ਦੀ ਦੂਜੀ ਘਟਨਾ ਹੈ, 13 ਅਪ੍ਰੈਲ ਨੂੰ ਸਾਡੇ ਗੁਆਂਢੀ ਦੇਸ਼ ਅਫਗਾਨਿਸਤਾਨ ਦੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਨਾਂਗਾਰਹਾਰ ਸੂਬੇ ਦੇ ਅਚਿਨ ਜਿਲ੍ਹੇ ਵਿਖੇ ਸਥਿਤ ਸੁਰੰਗਾਂ ਤੇ ਗੁਫ਼ਾਵਾਂ ਦੇ ਸਮੂਹ 'ਤੇ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਗੈਰ-ਪਰਮਾਣੂ ਬੰਬਾਂ ਵਿਚੋਂ ਇਕ ਨਾਲ ਕੀਤਾ ਗਿਆ ਹਮਲਾ। ਅਮਰੀਕਾ ਦੇ ਹਥਿਆਰ ਭੰਡਾਰ ਦਾ ਇਹ ਬੰਬ, ਜਿਸਦਾ ਤਕਨੀਕੀ ਨਾਂਅ GBU-43-'ਮੈਸਿਵ ਆਰਡੀਨੈਂਸ ਏਅਰ ਬਲਾਸਟ' ਹੈ, ਨੂੰ ਅਮਰੀਕੀ ਫੌਜ ਵਲੋਂ 'ਮਦਰ ਆਫ ਆਲ ਬੋਂਬਜ' MOAB ਦਾ ਨਾਂਅ ਦਿੱਤਾ ਗਿਆ ਹੈ, ਜਿਸਦਾ ਭਾਵ ਹੈ, ''ਸਭ ਬੰਬਾਂ ਦੀ ਮਾਂ'', ਪਰ ਇਸਨੂੰ ਭਾਰਤੀ ਬੋਲੀ ਵਿਚ ''ਸਭ ਬੰਬਾਂ ਦਾ ਪਿਊ'' ਕਿਹਾ ਜਾਣਾ ਹੀ, ਉਸਦੀ ਮਾਰਕ-ਸ਼ਕਤੀ ਨੂੰ ਠੀਕ ਤਰ੍ਹਾਂ ਦਰਸਾਉਂਦਾ ਹੈ। 9,797 ਕਿਲੋ ਭਾਰੇ ਇਸ ਬੰਬ ਦੇ ਫੱਟਣ ਨਾਲ 11 ਟਨ ਟੀ.ਐਨ.ਟੀ. ਦੀ ਤਬਾਹਕੁੰਨ ਸ਼ਕਤੀ ਪੈਦਾ ਹੁੰਦੀ ਹੈ। ਲਗਭਗ 4 ਕਿਲੋਮੀਟਰ ਦਾਇਰੇ ਵਿਚ ਆਉਣ ਵਾਲੀ ਹਰ ਵਸਤ ਨੂੰ ਇਹ ਤਬਾਹ ਕਰ ਦਿੰਦਾ ਹੈ। ਅਮਰੀਕਾ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਜਿਸ ਗੁਆਵਾਂ ਤੇ ਸੁਰੰਗਾਂ ਦੇ ਸਮੂਹ ਉਤੇ ਇਹ ਬੰਬ ਸੁੱਟਿਆ ਗਿਆ ਹੈ, ਉਹ ਆਈ.ਐਸ.ਆਈ.ਐਸ. ਦੇ ਲੜਾਕਿਆਂ ਦਾ ਅਜਿਹਾ ਆਧਾਰ ਕੈਂਪ ਹੈ, ਜਿੱਥੋਂ ਉਹ ਸਮੁੱਚੇ ਅਫਗਾਨਿਸਤਾਨ ਵਿਚ ਹਮਲੇ ਕਰਦੇ ਹਨ। ਅਮਰੀਕਾ ਦੀ ਹਥਠੋਕਾ ਅਫਗਾਨ ਸਰਕਾਰ ਦੇ ਸੂਤਰਾਂ ਮੁਤਾਬਕ 69 ਲੋਕ ਇਸ ਹਮਲੇ ਵਿਚ ਮਾਰੇ ਗਏ ਹਨ, ਜਿਹੜੇ ਸਾਰੇ ਹੀ ਆਈ.ਐਸ.ਆਈ.ਐਸ. ਦੇ ਲੜਾਕੇ ਹਨ। ਕਿਸੇ ਵੀ ਆਮ ਨਾਗਰਿਕ ਦੀ ਇਸ ਵਿਚ ਮੌਤ ਦੀ ਸੂਚਨਾ ਨਹੀਂ ਹੈ ਪ੍ਰੰਤੂ ਇਹ ਦਰੁਸਤ ਨਹੀਂ ਜਾਪਦੀ ਕਿ ਇਨ੍ਹਾਂ ਦੇ ਚਾਰ ਕਿਲੋਮੀਟਰ ਦੇ ਘੇਰੇ ਵਿਚ ਕੋਈ ਪਿੰਡ ਹੀ ਨਾ ਹੋਵੇ।
ਅਫਗਾਨਿਤਸਾਨ ਦੇ ਅਵਾਮ ਵਲੋਂ ਇਸ ਹਮਲੇ ਦਾ ਵਿਰੋਧ ਕਰਦੇ ਹੋਏ ਇਸਨੂੰ ਦੇਸ਼ ਦੀ ਧਰਤੀ ਨੂੰ ਅਮਰੀਕਾ ਵਲੋਂ ਤਬਾਹਕੁੰਨ ਹਥਿਆਰਾਂ ਦੇ ਤਜ਼ਰਬੇ ਕਰਨ ਹਿੱਤ ਪ੍ਰਯੋਗਸ਼ਾਲਾ ਵਜੋਂ ਵਰਤਣ ਦੇ ਦੋਸ਼ ਲਾਏ ਗਏ ਹਨ। ਇੱਥੇ ਇਹ ਵਰਣਨਯੋਗ ਹੈ ਕਿ ਇਹ 'ਮਦਰ ਆਫ ਆਲ ਬੰਬਜ', ਬੰਬ ਨੂੰ ਪਹਿਲੀ ਵਾਰ ਪ੍ਰਯੋਗਸ਼ਾਲਾ ਤੋਂ ਬਾਹਰ ਵਰਤਿਆ ਗਿਆ ਹੈ। ਦੇਸ਼ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਆਪਣਾ ਰੋਸ ਜਾਹਰ ਕਰਦਿਆਂ ਕਿਹਾ, ''ਇਹ ਅੱਤਵਾਦ ਵਿਰੁੱਧ ਜੰਗ ਨਹੀਂ ਬਲਕਿ ਇਹ ਤਾਂ ਸਾਡੇ ਦੇਸ਼ ਦੀ ਗੈਰਮਨੁੱਖੀ ਤੇ ਸਭ ਤੋਂ ਨਿਰਦਈ ਵਰਤੋਂ ਹੈ ਕਿ ਉਸਨੂੰ ਨਵੇਂ ਅਤੇ ਖਤਰਨਾਕ ਹਥਿਆਰਾਂ ਦੇ ਟੈਸਟਾਂ ਲਈ ਪ੍ਰਯੋਗਸ਼ਾਲਾ ਵਜੋਂ ਵਰਤਿਆ ਜਾ ਰਿਹਾ ਹੈ।'' ਅਫਗਾਨਿਸਤਾਨ ਦੇ ਇਕ ਸੀਨੀਅਰ ਪੱਤਰਕਾਰ ਨੇ ਆਪਣੇ ਟਵੀਟ ਵਿਚ ਕਿਹਾ, ''ਜਦੋਂ 'ਸਭਿਆ ਪੱਛਮ' ਈਸਟਰ ਦਾ ਤਿਉਹਾਰ ਮਨਾ ਰਿਹਾ ਸੀ, 'ਅਸਭਿਆ ਅਤੇ ਬਰਬਰ ਅਫਗਾਨ ਮੁਸਲਮਾਨਾਂ' ਨੂੰ 21000 ਪੌਂਡ ਦਾ ਵਜਨੀ ਬੰਬ ਪਰੋਸਿਆ ਜਾ ਰਿਹਾ ਸੀ.... 'ਮਦਰ ਆਫ ਆਲ ਬੰਬਜ' ਦਾ ਸੁੱਟੇ ਜਾਣਾ ਟਰੰਪ ਦਾ ਇਕ ਹੋਰ ਕੁਕਰਮ ਹੈ, ਜਿਸਨੇ ਇਹ ਚਿੱਟੇ ਦਿਨ ਵਾਂਗ ਸਾਫ ਕਰ ਦਿੱਤਾ ਹੈ ਕਿ ਮੁਸਲਮਾਨ ਵਸੋਂ ਵਾਲੇ ਦੇਸ਼ ਪੱਛਮ ਦੀਆਂ ਹਥਿਆਰ ਟੈਸਟ ਕਰਨ ਦੀਆਂ ਪ੍ਰਯੋਗਸ਼ਾਲਾਵਾਂ ਹਨ।''
ਇੱਥੇ ਇਹ ਵੀ ਯਾਦ ਕਰਨ ਯੋਗ ਹੈ ਕਿ ਅਫਗਾਨਿਸਤਾਨ ਵਿਚ ਜਿਨ੍ਹਾਂ ਅੱਤਵਾਦੀਆਂ ਨੂੰ ਖਤਮ ਕਰਨ ਲਈ ਇਹ ਮਨੁੱਖਤਾ ਦਾ ਘਾਣ ਕਰਨ ਵਾਲਾ ਬੰਬ ਸੁੱਟਿਆ ਗਿਆ ਹੈ, ਇਹ ਇਸੇ ਅਮਰੀਕੀ ਸਾਮਰਾਜ ਦੀ ਹੀ ਦੇਣ ਹਨ। ਜਿਸਨੇ ਪਿਛਲੀ ਸਦੀ ਦੇ 70ਵਿਆਂ ਵਿਚ ਦੇਸ਼ ਵਿਚ ਕਾਇਮ ਨਜੀਬੁਲਾਹ ਦੀ ਲੋਕ ਪੱਖੀ ਖੱਬੀ ਸਰਕਾਰ ਨੂੰ ਗੱਦੀਓਂ ਲਾਹੁਣ ਲਈ ਪਾਕਿਸਤਾਨ ਤੇ ਉਸਾਮਾ-ਬਿਨ-ਲਾਦੇਨ ਵਰਗੇ ਕਟੜਪੰਥੀਆਂ ਦੀ ਮਦਦ ਨਾਲ ਅਲ-ਕਾਇਦਾ ਵਰਗੇ ਅੱਤਵਾਦੀ ਸੰਗਠਨ ਖੜ੍ਹੇ ਕੀਤੇ ਸਨ, ਆਈ.ਐਸ.ਆਈ.ਐਸ ਉਸਦਾ ਹੀ ਨਵਾਂ ਰੂਪ ਹੈ। ਉਹ ਗੁਫ਼ਾਵਾਂ ਤੇ ਸੁਰੰਗਾਂ ਦਾ ਟੋਰਾ-ਬੋਰਾ ਸਮੂਹ, ਜਿੱਥੇ ਇਹ ਬੰਬ ਸੁੱਟਿਆ ਗਿਆ ਹੈ ਵੀ, ਉਸੇ ਸਮੇਂ ਸੀ.ਆਈ.ਏ, ਅਮਰੀਕੀ ਸਾਮਰਾਜ ਦੀ ਬਦਨਾਮ ਸੂਹੀਆ ਅਜੰਸੀ ਵਲੋਂ ਬਣਵਾਇਆ ਗਿਆ ਸੀ। ਨਿਊਯਾਰਕ ਟਾਈਮਜ਼ ਅਖਬਾਰ ਵਿਚ ਮੈਰੀ ਅੰਨੇ ਵੀਵਰ ਦੇ ਲੇਖ ਦੀ ਇਹ ਟੂਕ ਇਸਦੀ ਸ਼ਾਹਦੀ ਭਰਦੀ ਹੈ-''ਇਹ ਮੀਲਾਂ ਲੰਬੇ ਬੰਕਰ, ਸੁਰੰਗਾਂ ਤੇ ਬੇਸ ਕੈਂਪ ਚੱਟਾਨਾਂ ਨੂੰ ਡੂੰਘੇ ਖੋਦਕੇ ਮੁਜ਼ਾਹਦੀਨ ਵਲੋਂ ਸੀ.ਆਈ.ਏ. ਵਲੋਂ ਦਿੱਤੇ ਗਏ ਪੈਸੇ ਨਾਲ ਉਸਾਰੇ ਗਏ ਸਨ।'' ਅਮਰੀਕੀ ਸਾਮਰਾਜ ਦੇ ਇਸੇ ਕੁਕਰਮ ਕਰਕੇ ਪਾਕਿਸਤਾਨ ਤੇ ਅਫਗਾਨਿਸਤਾਨ ਹੀ ਨਹੀਂ ਬਲਕਿ ਸਮੁੱਚਾ ਮੱਧ ਏਸ਼ੀਆ ਜੰਗ ਦਾ ਅਖਾੜਾ ਬਣਿਆ ਹੋਇਆ ਹੈ। ਪਿਛਲੀ ਸਦੀ ਦੇ ਨੌਵੇਂ ਦਹਾਕੇ ਤੱਕ ਖੁਸ਼ਹਾਲੀ ਮਾਣ ਰਹੇ ਇਸਦੇ ਲੋਕ ਕੰਗਾਲ ਹੋ ਕੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ। ਇਹ ਅਮਰੀਕੀ ਸਾਮਰਾਜ ਦੀ ਫੌਜੀ ਧੌਂਸਬਾਜੀ ਦਾ ਇਕ ਘਿਨਾਉਣਾ ਰੂਪ ਹੈ।
ਸਾਮਰਾਜ ਦੀ ਸਭ ਤੋਂ ਹੈਂਕੜ ਭਰੀ ਧੌਂਸਬਾਜੀ ਦਾ ਰੂਪ ਉਤਰੀ ਕੋਰੀਆ ਨੂੰ ਨਿੱਤ ਦਿਨ ਦਿੱਤੀਆਂ ਜਾ ਰਹੀਆਂ ਤਬਾਹ ਕਰ ਦੇਣ ਦੀਆਂ ਧਮਕੀਆਂ ਹਨ। ਐਨਾ ਹੀ ਨਹੀਂ ਉਸਦੇ ਸਭ ਤੋਂ ਨੇੜਲੇ ਗੁਆਂਢੀ ਅਤੇ ਸਹਿਯੋਗੀ ਦੇਸ਼ ਚੀਨ ਦੀ ਵੀ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਬਾਂਹ ਮਰੋੜੀ ਜਾ ਰਹੀ ਹੈ ਕਿ ਉਹ ਉਤਰੀ ਕੋਰੀਆ ਨੂੰ ਕਾਬੂ ਕਰੇ ਅਤੇ ਉਸ ਨੂੰ ਪ੍ਰਮਾਣੂ ਹਥਿਆਰਾਂ ਨੂੰ ਬਨਾਉਣੋਂ  ਵਰਜੇ।
ਉਤਰੀ ਕੋਰੀਆ (ਜਮਹੂਰੀ ਲੋਕ ਗਣਰਾਜ ਕੋਰੀਆ), ਦੁਨੀਆਂ ਵਿਚ ਇਸ ਵੇਲੇ ਕਾਇਮ ਉਨ੍ਹਾਂ ਦੋ-ਤਿੰਨ ਸਮਾਜਵਾਦੀ ਦੇਸ਼ਾਂ ਵਿਚੋਂ ਇਕ ਹੈ, ਜਿਨ੍ਹਾਂ ਦੀ ਅਗਵਾਈ ਕਮਿਊਨਿਸਟ ਪਾਰਟੀਆਂ ਕਰਦੀਆਂ ਹਨ। ਵਰਕਰਸ ਪਾਰਟੀ ਆਫ ਕੋਰੀਆ, ਕਮਿਊਨਿਸਟ ਵਿਚਾਰਧਾਰਾ ਦੀ ਪੈਰੋਕਾਰ ਪਾਰਟੀ ਹੈ, ਜਿਸਨੂੰ ਦੇਸ਼ ਦੇ ਮੌਜੂਦਾ ਆਗੂ ਕਿਮ-ਜੋਂਗਾ-ਉਨ ਦੇ ਦਾਦਾ ਸਾਥੀ ਕਿਮ-ਇਲ-ਸੁੰਗ ਨੇ ਸਥਾਪਤ ਕੀਤਾ ਸੀ। ਅਮਰੀਕੀ ਸਾਮਰਾਜ ਵਲੋਂ ਪਿਛਲੀ ਸਦੀ ਵਿਚ ਦੁਨੀਆਂ ਭਰ ਦੇ ਪੰਜ ਦੇਸ਼ਾਂ ਈਰਾਕ, ਈਰਾਨ, ਲੀਬੀਆ, ਉਤਰੀ ਕੋਰੀਆ ਤੇ ਸੀਰੀਆ ਨੂੰ ਬਦਮਾਸ਼ ਦੇਸ਼ਾਂ ਵਜੋਂ ਗਰਦਾਨਿਆ ਗਿਆ ਸੀ ਅਤੇ ਉਨ੍ਹਾਂ ਦੇਸ਼ਾਂ ਵਿਚ ਰਾਜ ਕਰਦੀਆਂ ਸਰਕਾਰਾਂ ਦਾ ਤਖਤਾ ਪਲਟ ਦੇਣ ਦਾ ਅਹਿਦ ਕੀਤਾ ਸੀ। ਉਨ੍ਹਾਂ ਵਿਚੋਂ ਈਰਾਕ ਤੇ ਲੀਬੀਆ ਦੇ ਆਗੂਆਂ ਸੱਦਾਮ ਹੁਸੈਨ ਤੇ ਗੱਦਾਫੀ ਨੂੰ ਮੌਤ ਦੇ ਘਾਟ ਉਤਾਰ ਕੇ ਸਾਮਰਾਜ ਤਖਤ ਪਲਟ ਕਰਨ ਵਿਚ ਹੀ ਨਹੀਂ ਸਫਲ ਰਿਹਾ ਬਲਕਿ ਇਨ੍ਹਾਂ ਦੇਸ਼ਾਂ ਨੂੰ ਵੀ ਜੰਗ ਦੀ ਭੱਠੀ ਵਿਚ ਝੌਂਕਕੇ ਤਬਾਹ-ਬਰਬਾਦ ਕਰ ਚੁੱਕਾ ਹੈ। ਸੀਰੀਆ ਵਿਚ ਵੀ ਖਾਨਾ ਜੰਗੀ ਚਲ ਰਹੀ ਹੈ। ਜੇਕਰ, ਰੂਸ ਉਸਦੀ ਮਦਦ 'ਤੇ ਨਾ ਆਉਂਦਾ ਤਾਂ ਹੁਣ ਤੱਕ ਦੇਸ਼ ਦੇ ਆਗੂ ਬਸ਼ਰ-ਅਲ-ਅਸਦ ਨੂੰ ਕਦੇ ਦਾ ਮੁਕਾ ਕੇ ਸਾਮਰਾਜ ਆਪਣੀ ਹਥਠੋਕਾ ਹਕੂਮਤ ਕਾਇਮ ਕਰ ਚੁਕਿਆ ਹੁੰਦਾ। ਪਰ ਫੇਰ ਵੀ ਦੇਸ਼ ਨੂੰ ਖਾਨਾਜੰਗੀ ਵਿਚ ਧੱਕਦੇ ਹੋਏ ਤਬਾਹ-ਬਰਬਾਦ ਕਰਨ ਵਿਚ ਉਹ ਕਾਫੀ ਹੱਦ ਤੱਕ ਕਾਮਯਾਬ ਰਿਹਾ ਹੈ। ਈਰਾਨ ਆਪਣੇ ਪ੍ਰਮਾਣੂ ਹਥਿਆਰਾਂ ਦੇ ਆਸਰੇ ਆਪਣੀ ਹੋਂਦ ਕਾਇਮ ਰੱਖਣ ਵਿਚ ਸਭ ਤਰ੍ਹਾਂ ਦੀਆਂ ਪਾਬੰਦੀਆਂ ਤੋਂ ਬਾਵਜੂਦ ਸਫਲ ਰਿਹਾ ਹੈ। ਉਤਰੀ ਕੋਰੀਆ ਵੀ ਦੋ ਕਾਰਨਾਂ ਕਰਕੇ ਹੀ ਈਰਾਕ ਤੇ ਸੀਰੀਆ ਦੇ ਹਸ਼ਰ ਤੱਕ ਪਹੁੰਚਣ ਤੋਂ ਬਚਿਆ ਹੈ। ਇਕ ਤਾਂ ਉਸ ਕੋਲ ਅਮਰੀਕੀ ਹਥਠੋਕਿਆਂ, ਦੱਖਣ ਕੋਰੀਆ, ਜਪਾਨ ਅਤੇ ਅਮਰੀਕਾ ਦੇ ਦੱਖਣ ਕੋਰੀਆ ਸਥਿਤ ਵੱਡੇ ਫੌਜੀ ਅੱਡੇ ਉਕੀਨਾਵਾ ਨੂੰ ਤਹਿਸ-ਨਹਿਸ ਕਰ ਦੇਣ ਦੀ ਸਮਰੱਥਾ ਹੈ, ਭਾਵ ਉਸ ਕੋਲ ਇੱਥੇ ਤੱਕ ਮਾਰ ਕਰ ਸਕਣ ਵਾਲੇ ਪ੍ਰਮਾਣੂ ਹਥਿਆਰ ਹਨ। ਦੂਜਾ, ਉਸ ਕੋਲ ਖਾੜੀ ਦੇਸ਼ਾਂ ਦੀ ਤਰ੍ਹਾਂ ਤੇਲ ਦੇ ਭੰਡਾਰ ਵੀ ਨਹੀਂ ਹਨ।
ਪਿਛਲੀ ਸਦੀ ਦੌਰਾਨ ਹੋਈ ਕੋਰੀਆਈ ਜੰਗ ਸਮੇਂ ਉਤਰੀ ਕੋਰੀਆ ਉਤੇ ਅਮਰੀਕੀ ਸਾਮਰਾਜ ਵਲੋਂ ਢਾਹੇ ਗਏ ਜੰਗੀ ਜੁਰਮ ਲੂੰ-ਕੰਡੇ ਖੜੇ ਕਰ ਦੇਣ ਵਾਲੇ ਹਨ। 'ਵਾਕਸ ਵਰਲਡ' ਰਸਾਲੇ ਵਿਚ ਛਪੇ ਲੇਖ ''ਅਮਰੀਕੀ ਭੁੱਲ ਗਏ ਹਨ ਕਿ ਅਸੀਂ ਉਤਰ ਕੋਰੀਆ ਪ੍ਰਤੀ ਕੀ ਕੁਕਰਮ ਕੀਤੇ ਹਨ?'' ਦੀਆਂ ਕੁੱਝ ਟੂਕਾਂ :
''ਦੂਜੀ ਸੰਸਾਰ ਜੰਗ ਦੌਰਾਨ 1950 ਦੇ ਸ਼ੁਰੂ ਵਿਚ ਕੋਰੀਆਈ ਜੰਗ ਦੇ ਦੌਰਾਨ ਅਮਰੀਕਾ ਨੇ ਇਕੱਲੇ ਉਤਰੀ ਕੋਰੀਆ ਵਿਚ ਸਮੁੱਚੇ ਪੈਸੀਫਿਕ ਖੇਤਰ ਨਾਲੋਂ ਵਧੇਰੇ ਬੰਬ ਸੁੱਟੇ। ਬੰਬਾਰੀ ਦੌਰਾਨ ਦਰੀ ਦੀ ਤਰ੍ਹਾਂ ਧਰਤੀ 'ਤੇ ਬੰਬ ਵਿਛਾਏ, ਜਿਸ ਵਿਚ 32000 ਟਨ ਨਾਪਾਮ ਬੰਬਾਂ ਦੀ ਵਰਤੋਂ ਕੀਤੀ ਗਈ, ਫੌਜੀ ਟਿਕਾਣਿਆਂ ਤੋਂ ਬਿਨਾਂ ਅਕਸਰ ਹੀ ਸ਼ਹਿਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਜੰਗ ਲਈ ਲੋੜੀਂਦੀ ਤੋਂ ਕਿਤੇ ਵੱਧ ਤਬਾਹੀ ਕਰਦੇ ਹੋਏ ਸਮੁੱਚਾ ਦੇਸ਼ ਹੀ ਤਬਾਹ ਕਰ ਦਿੱਤਾ ਗਿਆ। ਸ਼ਹਿਰਾਂ ਨੂੰ ਤਬਾਹ ਕਰਦੇ ਹੋਏ, ਹਜ਼ਾਰਾਂ ਬੇਦੋਸ਼ੇ ਨਾਗਰਿਕ ਮੌਤ ਦੇ ਘਾਟ ਤਾਂ ਉਤਾਰੇ ਹੀ ਗਏ ਨਾਲ ਹੀ ਲੱਖਾਂ ਨੂੰ ਬੇਘਰੇ ਕੀਤਾ ਤੇ ਭੁੱਖੇ ਮਾਰ ਦਿੱਤਾ ਗਿਆ।
''ਦੇਸ਼ ਦੀ ਰਾਜਧਾਨੀ ਪਿਉਂਗਯਾਂਗ ਵਿਚ ਬੰਬਾਂ ਦੇ ਟੁਕੜਿਆਂ ਤੋਂ ਮਰਨ ਵਾਲੇ, ਜਿਉਂਦੇ ਸੜ ਜਾਣ ਵਾਲੇ, ਧੂਏਂ ਤੋਂ ਦਮ ਘੁਟਕੇ ਮਰ ਜਾਣ ਵਾਲਿਆਂ ਦੀ ਸੰਖਿਆ ਅਣਗਿਣਤ ਸੀ.... ਲਗਭਗ 50,000 ਲੋਕ ਉਸ ਸ਼ਹਿਰ ਵਿਚ ਜੰਗ ਤੋਂ ਬਾਅਦ ਬਚੇ ਸਨ, ਜਿਸਦੀ ਜੰਗ ਤੋਂ ਪਹਿਲਾਂ ਅਬਾਦੀ 5 ਲੱਖ ਸੀ।''
ਅਮਰੀਕੀ ਸਾਮਰਾਜ ਨੇ ਇਸ ਜੰਗ ਦੌਰਾਨ ਛੋਟੇ ਜਿਹੇ ਇਸ ਦੇਸ਼ ਦੇ, ਜਿਹੜਾ ਕਿ ਉਸਦੀ ਸੁਰੱਖਿਆ ਲਈ ਕੋਈ ਖਤਰਾ ਨਹੀਂ ਸੀ, 20 ਲੱਖ ਲੋਕਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ ਸੀ। ਇਸ ਤੋਂ ਬਾਅਦ ਵੀ ਜਦੋਂ ਕੁੱਝ ਵੀ ਤਬਾਹ ਕਰਨ ਲਈ ਨਹੀਂ ਬਚਿਆ ਫਿਰ ਵੀ ਸਾਮਰਾਜ ਨੂੰ ਚੈਨ ਨਹੀਂ ਆਈ। ਏਸ਼ੀਆ ਪੈਸੀਫਿਕ ਜਰਨਲ ਤੋਂ ਟੂਕ :
''1952 ਦੀ ਬਸੰਤ ਤੱਕ, ਦੇਸ਼ ਵਿਚ ਕੋਈ ਅਜਿਹਾ ਟਿਕਾਣਾ ਨਹੀਂ ਬਚਿਆ ਸੀ, ਜਿਸਨੂੰ ਕਿ ਅਮਰੀਕੀ ਹਵਾਈ ਜਹਾਜ ਫੁੰਡ ਸਕਦੇ। ਉਤਰੀ ਕੋਰੀਆ ਦਾ ਹਰ ਕਸਬਾ, ਸ਼ਹਿਰ, ਸਨਅਤੀ ਖੇਤਰ ਬੰਬਾਰੀ ਨਾਲ ਤਬਾਹ ਕੀਤਾ ਜਾ ਚੁੱਕਾ ਸੀ। 1953 ਦੀ ਬਸੰਤ ਦੌਰਾਨ, ਹਵਾਈ ਫੌਜ ਨੇ ਯਾਲੂ ਦਰਿਆ 'ਤੇ ਉਸਰੇ ਸਿੰਚਾਈ ਡੈਮਾਂ ਨੂੰ ਨਿਸ਼ਾਨਾ ਬਣਾਇਆ ਤਾਂਕਿ ਦੇਸ਼ ਦੀ ਚੌਲਾਂ ਦੀ ਫਸਲ ਨੂੰ ਤਬਾਹ ਕਰਕੇ ਉਸਦੇ ਬਚੇ-ਖੁਚੇ ਨਾਗਰਿਕਾਂ ਨੂੰ ਵੀ ਭੁੱਖਿਆਂ ਮਾਰਿਆ ਜਾਵੇ ਅਤੇ ਨਾਲ ਹੀ ਚੀਨ 'ਤੇ ਉਸਨੂੰ ਹੋਰ ਵਧੇਰੇ ਖੁਰਾਕੀ ਮਦਦ ਦੇਣ ਲਈ ਦਬਾਅ ਬਣਾਇਆ ਜਾਵੇ। 5 ਡੈਮਾਂ ਦੀਆਂ ਝੀਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਹਜ਼ਾਰਾਂ ਏਕੜ ਖੇਤੀ ਅਧੀਨ ਜ਼ਮੀਨ ਨੂੰ ਹੜ੍ਹਾਂ ਦੀ ਭੇਂਟ ਚਾੜਕੇ ਦੇਸ਼ ਦੇ ਭੋਜਨ ਦੇ ਵਸੀਲਿਆਂ ਨੂੰ ਤਬਾਹ ਕਰ ਦਿੱਤਾ। ਸ਼ਹਿਰਾਂ ਤੇ ਕਸਬੇ ਵੀ ਹੜ੍ਹਾਂ ਦੀ ਮਾਰ ਹੇਠ ਆ ਗਏ। ਚੀਨ, ਸੋਵੀਅਤ ਰੂਸ ਅਤੇ ਹੋਰ ਸਮਾਜਵਾਦੀ ਦੇਸ਼ਾਂ ਤੋਂ ਆਈ ਐਮਰਜੈਂਸੀ ਮਦਦ ਕਰਕੇ ਹੀ ਉਤਰ ਕੋਰੀਆ ਅਕਾਲ ਤੋਂ ਬਚ ਸਕਿਆ।''
ਅਮਰੀਕੀ ਸਾਮਰਾਜ ਦੇ ਇਸ ਜੰਗੀ ਵਹਿਸ਼ੀਪੁਣੇ ਨੇ ਹੀ ਉਤਰੀ ਕੋਰੀਆ ਦੇ ਲੋਕਾਂ ਦੇ ਮਨ-ਸਮਤਕ 'ਤੇ ਡੂੰਘੀ ਛਾਪ ਛੱਡੀ ਹੈ ਕਿ ਉਹ ਅਜਿਹਾ ਭਵਿੱਖ ਵਿਚ ਮੁੜ ਨਾ ਵਾਪਰਨ ਦੇਣ ਲਈ ਦ੍ਰਿੜ ਹਨ। ਉਸ ਲਈ ਉਨ੍ਹਾਂ ਨੂੰ ਚਾਹੇ ਕਿੰਨੀ ਵੀ ਕੀਮਤ ਤਾਰਨੀ ਪਵੇ, ਚਾਹੇ ਉਹ ਪ੍ਰਮਾਣੂ ਹਥਿਆਰ ਹਾਸਲ ਕਰਨ ਲਈ ਔਕੜਾਂ ਝੱਲਣ ਦੀ ਹੀ ਕਿਉਂ ਨਾ ਹੋਵੇ।
ਹੁਣ, ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ, ਕੀ ਉਤਰੀ ਕੋਰੀਆ ਤੇ ਅਮਰੀਕਾ ਦਰਮਿਆਨ ਚਲ ਰਹੇ ਇਸ ਵਿਵਾਦ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਜਿਸ ਨਾਲ ਇਹ ਤਣਾਅ ਖਤਮ ਹੋ ਸਕੇ ਅਤੇ ਆਪਸੀ ਵਿਸ਼ਵਾਸ ਪੈਦਾ ਹੋ ਸਕੇ?
ਹਾਂ, ਇਹ ਹੋ ਸਕਦਾ ਹੈ ਜੇਕਰ ਅਮਰੀਕਾ ਉਤਰੀ ਕੋਰੀਆ ਨਾਲ ਸਨਮਾਨਜਨਕ ਵਿਵਹਾਰ ਕਰਦਾ ਹੋਇਆ ਉਸ ਨਾਲ ਕੀਤੇ ਵਾਅਦੇ ਪੂਰੇ ਕਰੇ। ਕਿਹੜੇ ਵਾਅਦੇ?
ਉਤਰ ਕੋਰੀਆ ਨੂੰ ਉਸਦਾ ਪ੍ਰਮਾਣੂ ਪ੍ਰੋਗਰਾਮ ਖਤਮ ਕਰ ਦੇਣ ਦੀ ਏਵਜ ਵਿਚ ਦੋ ਹਲਕੇ ਪਾਣੀ ਦੇ ਪ੍ਰਮਾਣੂ ਰਿਐਕਟਰ ਬਣਾਉਣ ਦੀ ਇਜਾਜ਼ਤ, ਜਿਸ ਨਾਲ ਉਹ ਆਪਣੇ ਦੇਸ਼ ਦੇ ਲੋਕਾਂ ਨੂੰ ਬਿਜਲੀ ਤੇ ਈਂਧਣ ਉਪਲੱਬਧ ਕਰਵਾ ਸਕੇ। ਪਰ, ਦੁਨੀਆਂ ਦੇ ਆਮ ਲੋਕਾਂ ਨੂੰ ਇਸ ਵਾਅਦੇ ਬਾਰੇ ਕੁੱਝ ਪਤਾ ਨਹੀਂ, ਕਿਉਂਕਿ ਬਹੁਕੌਮੀ ਕੰਪਨੀਆਂ ਦੇ ਕੰਟਰੋਲ ਵਾਲਾ ਮੀਡੀਆ ਤਾਂ ਪੈਂਟਾਗਨ (ਅਮਰੀਕੀ ਸਾਮਰਾਜ ਦਾ ਫੌਜੀ ਵਿਭਾਗ) ਦੇ ਪ੍ਰਚਾਰ ਦਾ ਭੋਂਪੂ ਹੈ। ਪੈਂਟਾਗਨ ਦਾ ਹਿੱਤ ਅਮਨ ਵਿਚ ਨਹੀਂ ਬਲਕਿ ਉਸ ਦਾ ਹਿੱਤ ਤਾਂ ਜੰਗ ਅਤੇ ਹੋਰ ਵਧੇਰੇ ਜੰਗ ਵਿਚ ਹੈ, ਜਿਸ ਨਾਲ ਅਮਰੀਕਾ ਦੀ ਸ਼ਕਤੀਸ਼ਾਲੀ ਹਥਿਆਰ ਪੈਦਾ ਕਰਨ ਵਾਲੀ ਸਨਅਤੀ ਲਾਬੀ ਦੇ ਹਥਿਆਰ ਵਿਕਦੇ ਹਨ।
ਉਤਰ ਕੋਰੀਆ ਚਾਹੁੰਦਾ ਹੈ ਕਿ 1994 ਵਿਚ ਹੋਈ ਆਪਸੀ ਸਹਿਮਤੀ ਦੇ ਚੌਖਟੇ ਵਿਚ ਕੀਤੇ ਵਾਅਦਿਆਂ ਨੂੰ ਅਮਰੀਕਾ ਮੰਨੇ ਅਤੇ ਲਾਗੂ ਕਰੇ। ਹੋਰ ਕਿਸੇ ਦੇ ਨਹੀਂ ਬਲਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ 24 ਨਵੰਬਰ 2010 ਨੂੰ ਵਾਸ਼ਿੰਗਟਨ ਪੋਸਟ ਵਿਚ ਲਿਖਿਆ ਲੇਖ (ਨਾਰਥ ਕੋਰੀਆਜ ਕਨਸਿਸਟੈਂਟ ਮੈਸੇਜ ਟੂ ਦੀ ਯੂ.ਐਸ.) ਕਿ ਕਹਿੰਦਾ ਹੈ, ਇਸ ਬਾਰੇ :
''.... ਸਿਤੰਬਰ 2005 ਵਿਚ, ਇਕ ਸਮਝੌਤਾ.... 1994 ਦੇ ਸਮਝੌਤੇ ਦੀ ਮੁੜ ਪ੍ਰੋੜਤਾ ਕਰਦਾ ਹੈ (ਸਹਿਮਤੀ ਅਧਾਰਤ ਚੌਖਟਾ)। ਇਸਦੇ ਪਾਠ ਵਿਚ ਕੋਰੀਆ ਪ੍ਰਾਇਦੀਪ ਨੂੰ ਪ੍ਰਮਾਣੂ ਮੁਕਤ ਕਰਨਾ, ਅਮਰੀਕਾ ਵਲੋਂ ਹਮਲਾ ਨਾ ਕਰਨ ਦਾ ਅਹਿਦ ਅਤੇ ਅਮਰੀਕਾ-ਉਤਰੀ ਕੋਰੀਆ-ਚੀਨ ਦਰਮਿਆਨ ਹੋਈ ਗੋਲੀਬਾਰੀ, ਜਿਹੜੀ ਜੁਲਾਈ 1953 ਵਿਚ ਹੋਈ ਸੀ ਦੀ ਥਾਂ ਇਕ ਸਥਾਈ ਅਮਨ ਸਮਝੌਤਾ ਕਰਨ ਵੱਲ ਪੜਾਅਵਾਰ ਵੱਧਣਾ ਸ਼ਾਮਲ ਸਨ। ਪਰ ਦੁੱਖ ਦੀ ਗੱਲ ਹੈ 2005 ਤੋਂ ਬਾਅਦ ਉਸ ਵੱਲ ਵੱਧਣ ਦੇ ਕੋਈ ਖਾਸ ਯਤਨ ਨਹੀਂ ਹੋਏ...
''ਪਿਛਲੀ ਜੁਲਾਈ ਵਿਚ ਮੈਨੂੰ ਇਕ ਅਮਰੀਕੀ ਦੀ ਰਿਹਾਈ ਦੇ ਸਿਲਸਿਲੇ ਵਿਚ ਪਿਉਂਗਯਾਂਗ ਬੁਲਾਇਆ ਗਿਆ ਸੀ। ਕੋਰੀਆਈ ਅਧਿਕਾਰੀਆਂ ਨਾਲ ਗੱਲਬਾਤ ਹੋਈ। ਵਿਸਥਾਰ ਨਾਲ ਗੱਲ ਕਰਦਿਆਂ ਉਨ੍ਹਾਂ ਕੋਰੀਆਈ ਪ੍ਰਾਇਦੀਪ ਨੂੰ ਪ੍ਰਮਾਣੂ ਮੁਕਤ ਕਰਨ ਅਤੇ ਸਥਾਈ ਜੰਗਬੰਦੀ ਕਰਨ ਦੀ ਇੱਛਾ ਪ੍ਰਗਟ ਕੀਤੀ ਜਿਹੜੀ 1994 ਦੇ ਸਮਝੌਤੇ ਅਤੇ 2005 ਸਿਤੰਬਰ ਵਿਚ 6 ਦੇਸ਼ਾਂ ਵਲੋਂ ਪ੍ਰਵਾਨਤ ਸ਼ਰਤਾਂ ਉਤੇ ਅਧਾਰਤ ਹੋਵੇ....।''
''ਅਜਿਹਾ ਹੀ ਸੁਨੇਹਾ ਉਤਰੀ ਕੋਰੀਆਈ ਅਧਿਕਾਰੀਆਂ ਨੇ ਹੋਰ ਅਮਰੀਕੀ ਯਾਤਰੀਆਂ ਨੂੰ ਵੀ ਦਿੱਤਾ ਅਤੇ ਇਕ ਯੂਰੇਨੀਅਮ ਸੋਧਣ ਦੇ ਪਲਾਂਟ ਤੱਕ ਪ੍ਰਮਾਣੂ ਮਾਹਰਾਂ ਨੂੰ ਪਹੁੰਚ ਦੀ ਵੀ ਇਜਾਜਤ ਦਿੱਤੀ। ਉਨ੍ਹਾਂ ਹੀ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਪ੍ਰਮਾਣੂ ਭੱਠੀਆਂ 'ਤੇ ਅਮਰੀਕਾ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਭਾਵੇਂ ਕਿ ਯੂਰੇਨੀਅਮ ਸੋਧਣ ਦੀ ਪ੍ਰਕਿਰਿਆ, ਇਸ ਵਿਚ ਸ਼ਾਮਲ ਨਹੀਂ, ਜਿਹੜੀ ਕਿ 1994 ਦੇ ਸਮਝੌਤੇ ਦਾ ਹਿੱਸਾ ਨਹੀਂ ਹੈ।...
''ਪਿਉਂਗਯਾਂਗ, ਅਮਰੀਕਾ ਨਾਲ ਸਿੱਧੀ ਗੱਲਬਾਤ ਦੌਰਾਨ ਨਿਰੰਤਰ ਇਹ ਸੁਨੇਹਾ ਦਿੰਦਾ ਰਿਹਾ ਹੈ, ਉਹ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਖਤਮ ਕਰਨ ਹਿੱਤ ਸਮਝੌਤਾ ਕਰਨ ਲਈ ਤਿਆਰ ਹੈ। ਉਸਨੂੰ ਕੌਮਾਂਤਰੀ ਪ੍ਰਮਾਣੂ ਇਨਰਜੀ ਸੰਸਥਾ (IAEA) ਦੇ ਨਰੀਖਣ ਹੇਠ ਕਰਨ ਅਤੇ 1953 ਦੀ ਅਸਥਾਈ ਗੋਲੀਬੰਦੀ ਨੂੰ ਇਕ ਸਥਾਈ ਅਮਨ ਸੰਧੀ ਰਾਹੀਂ ਬਦਲਣ ਲਈ ਤਿਆਰ ਹੈ। ਸਾਨੂੰ ਇਸ ਪੇਸ਼ਕਸ਼ ਉਪਰ ਗੌਰ ਕਰਨਾ ਚਾਹੀਦਾ ਹੈ। ਉਤਰੀ ਕੋਰੀਆਈਆਂ ਕੋਲ ਇਕੋ ਇਕ ਬਦਲ ਹੈ ਕਿ ਉਹ ਆਪਣੇ ਆਪ ਨੂੰ ਉਸ ਸਭ ਤੋਂ ਵੱਡੇ ਡਰ ਤੋਂ ਸੁਰੱਖਿਅਤ ਕਰਨ ਲਈ ਹਰ ਜ਼ਰੂਰੀ ਕਦਮ ਚੁੱਕਣ, ਉਹ ਡਰ ਹੈ : ਦੇਸ਼ ਦੀ ਰਾਜਨੀਤਕ ਸੱਤਾ ਦਾ ਤਖਤਾਪਲਟ ਕਰਨ ਲਈ ਅਮਰੀਕਾ ਵਲੋਂ ਫੌਜੀ ਹਮਲਾ।''
ਉਪਰੋਕਤ ਤੋਂ ਸਾਫ ਹੋ ਜਾਂਦਾ ਹੈ ਕਿ ਉਤਰ ਕੋਰੀਆ ਤਾਂ ਅਮਨਪੂਰਨ ਹੱਲ ਚਾਹੁੰਦਾ ਹੈ, ਪ੍ਰੰਤੂ ਸਮੱਸਿਆ ਅਮਰੀਕੀ ਸਾਮਰਾਜ ਹੈ, ਉਹ ਉਸ ਦੇਸ਼ ਦੇ ਸਮਾਜਵਾਦੀ ਢਾਂਚੇ ਨੂੰ ਖਤਮ ਕਰਨ ਲਈ ਬਜਿੱਦ ਹੈ। ਅਜਿਹੀ ਸਥਿਤੀ ਵਿਚ ਉਤਰੀ ਕੋਰੀਆ ਦਾ ਪ੍ਰਮਾਣੂ ਹਥਿਆਰ ਰੱਖਣਾ ਹੀ ਨਹੀਂ ਬਲਕਿ ਅੰਤਰ-ਮਹਾਂਦੀਪੀ ਮਾਰ ਕਰਨ ਵਾਲੀ ''ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜਾਇਲ'' ਦਾ ਵਿਕਾਸ ਕਰਨਾ ਵੀ ਜਾਇਜ਼ ਹੈ। ਇਸਨੂੰ Deterent (ਰੋਕ) ਵਜੋਂ ਵਰਤਦਾ ਹੋਇਆ ਉਹ ਆਪਣੇ ਦੇਸ਼ਵਾਸੀਆਂ ਦੀ ਰੱਖਿਆ ਕਰਦਾ ਅਮਰੀਕੀ ਸਾਮਰਾਜ ਦੀ ਫੌਜੀ ਧੌਂਸਬਾਜੀ ਤੋਂ ਆਪਣਾ ਬਚਾਅ ਕਰ ਸਕਦਾ ਹੈ।     
(29.4.2017)


ਇਕਵਾਡੋਰ ਵਿਚ ਮੁੜ ਖੱਬੀ ਧਿਰ ਸੱਤਾਸੀਨ, ਲੈਨਿਨ ਮੋਰੀਨੋ ਰਾਸ਼ਟਰਪਤੀ ਚੁਣੇ ਗਏ ਲਾਤੀਨੀ ਅਮਰੀਕਾ ਦੇ ਦੇਸ਼ ਇਕਵਾਡੋਰ ਵਿਚ 2 ਅਪ੍ਰੈਲ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਮੁੜ ਇਕ ਵਾਰ ਖੱਬੀ ਧਿਰ ਦੀ ਜਿੱਤ ਹੋਈ ਹੈ। ਸਾਥੀ ਲੈਨਿਨ ਮੋਰੀਨੋ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ਦੇਸ਼ ਦੇ ਤੀਜੇ ਵੱਡੇ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਗੁਈਲੇਰਮੋ ਲਾਸੋ ਨੂੰ ਹਰਾਇਆ। ਇਹ ਜਿੱਤ ਇਸ ਲਈ ਵੀ ਮਹੱਤਵਪੂਰਨ ਹੈ ਕਿ ਅੱਜ ਜਦੋਂ ਇਸ ਮਹਾਂਦੀਪ ਦੀਆਂ ਹੋਰ ਕਈ ਖੱਬੇ ਪੱਖੀ ਸਰਕਾਰਾਂ ਸੰਕਟ ਵਿਚ ਹਨ ਅਤੇ ਸੱਜ ਪਿਛਾਖੜੀ ਵਿਰੋਧੀ ਲੋਕਾਂ ਨੂੰ ਭਰਮਾਕੇ ਆਪਣੇ ਪਿੱਛੇ ਲਾਉਣ ਵਿਚ ਸਫਲ ਹੋ ਰਹੇ ਹਨ, ਉਸ ਵੇਲੇ ਅਮਰੀਕੀ ਸਾਮਰਾਜ ਦੀ ਵਿਰੋਧੀਆਂ ਨੂੰ ਹਰ ਤਰ੍ਹਾਂ ਦੀ ਮਦਦ ਤੋਂ ਬਾਵਜੂਦ, ਉਨ੍ਹਾਂ ਨੂੰ ਭਾਂਜ ਦਿੰਦੇ ਹੋਏ ਇਹ ਜਿੱਤ ਪ੍ਰਾਪਤ ਹੋਈ ਹੈ। ਇੱਥੇ ਇਹ ਵਰਣਨਯੋਗ ਹੈ ਕਿ ਲਾਤੀਨੀ ਅਮਰੀਕਾ ਦੇ ਇਨ੍ਹਾਂ ਖੱਬੇ ਪੱਖੀ ਦੇਸ਼ਾਂ, ਵੈਨਜੁਏਲਾ, ਬੋਲੀਵੀਆ ਆਦਿ ਦੇ ਅਰਥਚਾਰੇ ਪੂਰੀ ਤਰ੍ਹਾਂ ਧਰਤੀ ਹੇਠਲੇ ਈਂਧਣਾਂ, ਕੱਚੇ ਤੇਲ ਅਤੇ ਗੈਸ ਆਦਿ ਉਤੇ ਅਧਾਰਤ ਹਨ। ਇਸ ਦਹਾਕੇ ਦੇ ਸ਼ੁਰੂ ਤੋਂ ਹੀ ਕੱਚੇ ਤੇਲ ਅਤੇ ਗੈਸ ਦੀਆਂ ਕੀਮਤਾਂ ਕੌਮਾਂਤਰੀ ਪੱਧਰ 'ਤੇ ਬੁਰੀ ਤਰ੍ਹਾਂ ਥੱਲੇ ਡਿੱਗ ਰਹੀਆਂ ਹਨ। ਇਸ ਕਰਕੇ ਇਨ੍ਹਾਂ ਦੇਸ਼ਾਂ ਦੀ ਕੌਮੀ ਆਮਦਨ ਬਹੁਤ ਘੱਟ ਗਈ ਹੈ, ਵੈਨਜੁਏਲਾ ਵਰਗੇ ਦੇਸ਼ ਲਈ ਤਾਂ ਆਪਣੇ ਦੇਸ਼ ਦੇ ਲੋਕਾਂ ਨੂੰ ਨਿੱਤ ਵਰਤੋਂ ਦੀਆਂ ਚੀਜਾਂ ਵੀ ਸਬਸਿਡੀ 'ਤੇ ਦੇਣਾ ਮੁਸ਼ਕਲ ਹੋ ਗਿਆ ਹੈ, ਇਸ ਮੌਕੇ ਦਾ ਲਾਹਾ ਦੇਸ਼ ਦੀਆਂ ਸਾਮਰਾਜ ਪੱਖੀ ਵਿਰੋਧੀ ਪਾਰਟੀਆਂ ਨੇ ਵੀ ਪੂਰਾ ਪੂਰਾ ਲੈਂਦੇ ਹੋਏ ਇਨ੍ਹਾਂ ਸਰਕਾਰਾਂ 'ਤੇ ਅਮਰੀਕਾ ਸਾਮਰਾਜ ਦੀ ਮਦਦ ਨਾਲ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਉਹ ਆਪਣੇ ਇਸ ਮਕਸਦ ਵਿਚ ਸਫਲ ਵੀ ਹੋਏ ਹਨ। ਇਕਵਾਡੋਰ ਵੀ ਤੇਲ ਦੀਆਂ ਕੀਮਤਾਂ ਦੇ ਡਿੱਗਣ ਕਰਕੇ 2015 ਤੋਂ ਹੀ ਸੰਕਟ ਦਾ ਸ਼ਿਕਾਰ ਹੈ। ਇਸੇ ਲਈ 2 ਅਪ੍ਰੈਲ ਨੂੰ, ਚੋਣ ਵਾਲੇ ਦਿਨ ਵੀ ਦੇਸ਼ ਦਾ ਪੂੰਜੀਵਾਦੀ ਮੀਡੀਆ, ਇਹ ਦਾਅਵਾ ਕਰ ਰਿਹਾ ਸੀ ਕਿ ਚੋਣ ਤਾਂ ਮਹਿਜ ਇਕ ਤਕਨੀਕੀ ਰਸਮ ਹੈ, ਲਾਸੋ ਤਾਂ ਰਾਸ਼ਟਰਪਤੀ ਚੁਣਿਆ ਹੀ ਪਿਆ ਹੈ। ਇਸ ਲਈ ਉਹ 2013 ਵਿਚ ਵੈਨਜ਼ੁਏਲਾ ਦੇ ਖੱਬੇ ਪੱਖੀ ਰਾਸ਼ਟਰਪਤੀ ਨਿਕੋਲਸ ਮਾਦੂਰੋ ਦੀ ਪਾਰਟੀ ਦੇ ਦੇਸ਼ ਦੀਆਂ ਸੰਸਦੀ ਚੋਣਾਂ ਵਿਚ ਬਹੁਮਤ ਨਾ ਲਿਜਾ ਸਕਣ ਨੂੰ ਆਧਾਰ ਵਜੋਂ ਪੇਸ਼ ਕਰ ਰਿਹਾ ਸੀ ਅਤੇ ਦੇਸ਼ ਵਿਚ ਹੋਏ ਸਰਕਾਰ ਵਿਰੋਧੀ ਮੁਜ਼ਾਹਰਿਆਂ ਦੀਆਂ ਤਸਵੀਰਾਂ ਵਾਰ-ਵਾਰ ਨਸ਼ਰ ਕਰ ਰਿਹਾ  ਸੀ। ਪ੍ਰੰਤੂ, ਖੱਬੇ ਪੱਖੀ ਉਮੀਦਵਾਰ ਸਾਥੀ ਲੈਨਿਨ ਮੋਰੀਨੋ 51.16% ਵੋਟਾਂ ਲੈ ਕੇ ਜੇਤੂ ਰਹੇ। ਇਸ ਤਰ੍ਹਾਂ ਪਿਛਲੇ 10 ਸਾਲਾਂ, 2007 ਤੋਂ 2017 ਤੱਕ ਰਾਸ਼ਟਰਪਤੀ ਰਹੇ ਉਘੇ ਖੱਬੇ-ਪੱਖੀ ਅਰਥਸ਼ਾਸਤਰੀ ਰਫਾਇਲ ਕੋਰੀਆ ਨੇ ਦੇਸ਼ ਦੀ ਬਾਗਡੋਰ ਆਪਣੇ ਖੱਬੇ ਪੱਖੀ ਸਾਥੀ ਨੂੰ ਸਫਲਤਾ ਸਹਿਤ ਸੌਂਪ ਦਿੱਤੀ। ਇੱਥੇ ਇਹ ਵੀ ਨੋਟ ਕਰਨ ਯੋਗ ਹੈ ਕਿ ਜਿੱਤ ਦਾ ਅੰਤਰ ਪਿਛਲੀ ਵਾਰ ਨਾਲੋਂ ਜ਼ਰੂਰ ਘਟਿਆ ਹੈ।
ਸਾਥੀ ਮੋਰੀਨੋ, 1998 ਵਿਚ ਇਕ ਡਕੈਤੀ ਦਾ ਸ਼ਿਕਾਰ ਹੋਣ ਦੌਰਾਨ ਸਖਤ ਜਖ਼ਮੀ ਹੋ ਗਏ ਸਨ ਅਤੇ ਉਸ ਵੇਲੇ ਤੋਂ ਹੀ ਉਹ ਪਹੀਆ ਕੁਰਸੀ (ਵਹੀਲ ਚੇਅਰ) 'ਤੇ ਹਨ। ਉਹ ਬੜੇ ਹੀ ਨਿਮਰ ਸੁਭਾਅ ਦੇ ਪਰ ਦਿੜ੍ਹ ਇਰਾਦੇ ਦੇ ਵਿਅਕਤੀ ਹਨ। ਆਪਣੀ ਚੋਣ ਮੁਹਿੰਮ ਦੌਰਾਨ ਵੀ ਜਦੋਂ ਉਨ੍ਹਾਂ ਨੂੰ ਆਪਣੇ ਵਿਰੋਧੀ ਨਾਲ ਬਹਿਸ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਉਸਨੂੰ ਸੁਣਨਗੇ ਅਤੇ ਉਸਦੇ ਨਾਲ ਗਲਬਾਤ ਕਰਨਗੇ। ਉਹ ਸੰਯੁਕਤ ਰਾਸ਼ਟਰ ਦੇ 'ਅਪੰਗਤਾ ਤੇ ਪਹੁੰਚ' ਬਾਰੇ ਮਿਸ਼ਨ ਦੇ ਵਿਸ਼ੇਸ਼ ਦੂਤ ਰਹੇ ਹਨ ਅਤੇ ਉਨ੍ਹਾਂ ਆਪਣੇ ਦੇਸ਼ ਵਿਚ ਅਪੰਗਾਂ ਦੇ ਅਧਿਕਾਰਾਂ ਦੀ ਪ੍ਰਾਪਤੀ ਦੇ ਸੰਘਰਸ਼ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ।
ਉਨ੍ਹਾਂ ਦਾ ਵਿਰੋਧੀ ਰਾਜਨੀਤੀਵਾਨ ਲਾਸੋ ਦੇਸ਼ ਦੇ ਅਰਬਪਤੀਆਂ ਵਿਚੋਂ ਇਕ ਹੈ। ਉਹ ਸਾਮਰਾਜ ਪੱਖੀ ਸੱਜ ਪਿਛਾਖੜੀ ਰਾਜਨੀਤੀ ਦਾ ਪੈਰੋਕਾਰ ਸ਼ੁਰੂ ਤੋਂ ਹੀ ਰਿਹਾ ਹੈ ਅਤੇ 22 ਸਾਲ ਦੀ ਉਮਰ ਵਿਚ ਹੀ ਇਕ ਬੈਂਕ ਦਾ ਉਪ ਪ੍ਰਧਾਨ ਬਣ ਗਿਆ ਸੀ।  1996 ਵਿਚ ਉਹ ਬੈਂਕਿੰਗ ਸੈਕਟਰ ਨਾਲ ਸਬੰਧਤ ਬੋਰਡ ਦਾ ਮੈਂਬਰ ਬਣ ਗਿਆ। 1999 ਵਿਚ ਦੇਸ਼ ਦੇ ਵਿੱਤੀ ਖੇਤਰ ਵਿਚ ਆਈ ਸਖਤ ਮੰਦੀ, ਜਿਸ ਕਰਕੇ ਦੇਸ਼ ਦੇ ਲੱਖਾਂ ਲੋਕਾਂ ਦੀਆਂ ਜਿੰਦਗੀ ਭਰ ਦੀਆਂ ਬਚਤਾਂ ਮਿੱਟੀ ਹੋ ਗਈਆਂ ਸਨ, ਇਸੇ ਬੈਂਕਿੰਗ ਨਾਲ ਸਬੰਧਤ ਬੋਰਡ ਵਲੋਂ ਸਾਮਰਾਜੀ ਨਵਉਦਾਰਵਾਦੀ ਨੀਤੀਆਂ ਦੀ ਲੀਹ 'ਤੇ ਲਾਗੂ ਕੀਤੇ ਗਏ ਨਿਯਮਾਂ ਦਾ ਸਿੱਟਾ ਸਨ। ਉਸਨੇ ਆਪਣੀ ਚੋਣ ਮੁਹਿੰਮ ਦੌਰਾਨ ਸਿਹਤ ਸੇਵਾਵਾਂ, ਪੁਲਸ ਅਤੇ ਕੌਮੀ ਪਾਰਕਾਂ ਵਿਚ ਨਿੱਜੀ ਖੇਤਰ ਨੂੰ ਲਿਆਉਣ ਲਈ ਵਿਸ਼ੇਸ਼ ਪ੍ਰੋਤਸਾਹਨ ਦੇਣ ਦੇ ਵਾਅਦੇ ਦੇ ਨਾਲ-ਨਾਲ 14 ਵੱਖ-ਵੱਖ ਟੈਕਸਾਂ ਨੂੰ ਖਤਮ ਕਰ ਦੇਣ, ਸੈਰ ਸਪਾਟੇ ਉਤੇ ਟੈਕਸ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣ ਦਾ ਵਾਅਦਾ ਵੀ ਕੀਤਾ ਸੀ। ਉਸਨੇ ਦੇਸ਼ ਦੀ ਘੱਟੋ ਘੱਟ ਤਨਖਾਹ 500 ਅਮਰੀਕੀ ਡਾਲਰ ਪ੍ਰਤੀ ਮਹੀਨਾ ਨੂੰ ਘਟਾਉਣ ਦੀ ਤਾਂ ਸਿੱਧੇ ਰੂਪ ਵਿਚ ਗੱਲ ਨਹੀਂ ਕੀਤੀ ਬਲਕਿ 'ਨਵਾਂ ਰੁਜ਼ਗਾਰ ਤਾਂ ਤੱਕ ਨਹੀਂ ਪੈਦਾ ਕੀਤਾ ਜਾ ਸਕਦਾ ਜਦੋਂ ਤੱਕ ਕਿ ਤਨਖਾਹਾਂ ਮੁਕਾਬਲੇ ਯੋਗ ਨਾ ਹੋਣ' ਕਹਿੰਦੇ ਹੋਏ, ਅਸਿੱਧੇ ਰੂਪ ਵਿਚ ਇਸਨੂੰ ਘਟਾਉਣ ਦੀ ਗੱਲ ਜ਼ਰੂਰ ਕੀਤੀ ਸੀ।
ਅਗਾਂਹਵਧੂ ਰਾਜਨੀਤੀਵਾਨ ਅਤੇ ਖੱਬੇ ਪੱਖੀ ਅਰਥਸ਼ਾਸਤਰੀ ਸੱਤਾ ਵਿਚ ਰਹਿਕੇ ਲੋਕਾਂ ਨੂੰ ਕਿਸ ਤਰ੍ਹਾਂ ਲਾਭ ਪਹੁੰਚਾ ਸਕਦੇ ਹਨ ਇਕਵਾਡੋਰ, ਇਸਦੀ ਇਕ ਠੋਸ ਉਦਾਹਰਣ ਹੈ।
ਰਾਸ਼ਟਰਪਤੀ ਰਫਾਇਲ ਕੋਰੀਆ ਦੇ ਕਾਰਜਕਾਲ, 2007-2017 ਦੌਰਾਨ ਦੇਸ਼ ਦੇ ਅਰਥਚਾਰੇ ਦਾ ਆਕਾਰ ਦੁਗਣਾ ਹੋ ਗਿਆ ਅਤੇ ਇਸਦੇ ਨਾਲ ਹੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਸਮਾਜਕ ਖਰਚਿਆਂ ਲਈ ਕੀਤੇ ਜਾਣ ਵਾਲਾ ਹਿੱਸਾ ਵੀ 3.6% ਤੋਂ ਵੱਧਕੇ 9.9.% ਹੋ ਗਿਆ। ਜਿਸਦੇ ਸਿੱਟੇ ਵਜੋਂ ਸਿਹਤ ਸੇਵਾਵਾਂ ਤੇ ਸਿੱਖਿਆ ਸਭ ਲਈ ਮੁਫ਼ਤ ਕਰ ਦਿੱਤੀ ਗਈ। ਇਸਦੇ ਨਾਲ ਹੀ ਸਰਕਾਰ ਨੇ ਸਮਾਜ ਦੇ ਸਭ ਤੋਂ ਹੇਠਲੇ ਵਰਗਾਂ ਨੂੰ ਕਲਿਆਣਕਾਰੀ ਪ੍ਰੋਗਰਾਮਾਂ ਅਧੀਨ ਦਿੱਤੀਆਂ ਜਾਂਦੀਆਂ ਰਕਮਾਂ ਨੂੰ ਵਧਾਇਆ ਵੀ ਅਤੇ ਹੋਰ ਲੋਕਾਂ ਨੂੰ ਵੀ ਇਸ ਘੇਰੇ ਵਿਚ ਸ਼ਾਮਲ ਕੀਤਾ। ਇਸਦੀ ਤਸਦੀਕ ਪੂੰਜੀਵਾਦੀ ਅਖਬਾਰ 'ਦੀ ਇਕੋਨੋਮਿਸਟ' ਨੇ ਵੀ ਕੀਤੀ। ''2006 ਤੋਂ 2011 ਦਰਮਿਆਨ ਇਕਵਾਡੋਰ ਵਿਚ ਸੰਸਾਰ ਦਾ  ਸਭ ਤੋਂ ਵਧੇਰੇ ਸਮਾਵੇਸ਼ੀ (ਸਭ ਦੀ ਸ਼ਮੂਲੀਅਤ ਵਾਲਾ) ਆਰਥਕ ਵਾਧਾ ਹੋਇਆ ਸੀ, ਉ.ਡੀ.ਆਈ., ਇਕ ਬ੍ਰਿਟਿਸ਼ ਥਿੰਕ ਟੈਂਕ ਮੁਤਾਬਕ, ਇਕਵਾਡੋਰ ਦੇ 40% ਸਭ ਤੋਂ ਵੱਧ ਗਰੀਬ ਲੋਕਾਂ ਦੀ ਆਮਦਨ ਵਾਧਾ ਦਰ ਕੌਮੀ ਔਸਤਨ ਵਾਧਾ ਦਰ ਨਾਲੋਂ 8 ਗੁਣਾ ਵਧੇਰੇ ਤੇਜ਼ੀ ਨਾਲ ਵਧੀ ਸੀ। ਗਰੀਬੀ ਦਰ, ਜਿਹੜੀ 2006 ਦੇ ਸ਼ੁਰੂ ਵਿਚ 40% ਸੀ, 2016 ਵਿਚ 23% ਤੋਂ ਵੀ ਘੱਟ ਸੀ।''
ਇਹ ਚਾਰ ਮਹੱਤਵਪੂਰਨ ਨੀਤੀਗਤ ਦਖਲਅੰਦਾਜ਼ੀਆਂ ਦਾ ਸਿੱਟਾ ਸੀ। ਸਭ ਤੋਂ ਪਹਿਲੀ ਸੀ, ਇਕਵਾਡੋਰ ਵਿਚ ਹਕੀਕੀ ਰੂਪ ਵਿਚ ਕਾਰਪੋਰੇਟ ਟੈਕਸ ਨੂੰ ਵਧਾਇਆ ਅਤੇ ਸਖਤੀ ਨਾਲ ਲਾਗੂ ਕੀਤਾ ਗਿਆ।
ਦੂਜਾ, ਸਰਕਾਰ ਨੇ ਉਸ ਅਸਹਿਣਯੋਗ ਵਿਦੇਸ਼ੀ ਕਰਜ਼ੇ ਨੂੰ ਵੱਟੇ ਖਾਤੇ ਵਿਚ ਪਾ ਦਿੱਤਾ, ਜਿਸਦੇ ਕਿ ਸੂਦ ਦੇ ਭੁਗਤਾਨ ਉਤੇ ਹੀ ਕੁੱਲ ਬਜਟ ਦਾ 40% ਹਿੱਸਾ ਖਰਚ ਹੋ ਜਾਂਦਾ ਸੀ। ਇਸ ਤੋਂ ਬਾਵਜੂਦ ਦੇਸ਼ ਨੂੰ ਕੌਮਾਂਤਰੀ ਮੰਡੀਆਂ ਤੋਂ ਕਰਜ਼ਾ ਮਿਲ ਰਿਹਾ ਹੈ, ਪਰ ਉਸ ਉਤੇ ਸੂਦ ਔਸਤਨ 9.64% ਦੇਣਾ ਪੈਂਦਾ ਹੈ।
ਤੀਜਾ, ਸਰਕਾਰ ਨੇ ਤੇਲ ਅਤੇ ਮਾਇਨਿੰਗ ਵਿਚ ਆਪਣੀਆਂ ਸਰਗਰਮੀਆਂ ਵਧਾਈਆਂ ਅਤੇ ਇਸਨੇ ਇਨ੍ਹਾਂ ਖੇਤਰਾਂ ਵਿਚ ਸਰਗਰਮ ਨਿੱਜੀ ਖੇਤਰ ਦੀਆਂ ਕੰਪਨੀਆਂ 'ਤੇ ਭਾਰੇ ਟੈਕਸ ਲਾਏ।
ਚੌਥਾ, ਇਸ ਦੇਸ਼ ਦੇ ਕੇਂਦਰੀ ਬੈਂਕ ਨੇ ਸਰਕਾਰ ਨੂੰ ਤੇਲ ਕੀਮਤਾਂ ਦੀ ਮੰਦੀ ਦੇ ਸੰਕਟ ਦਾ ਟਾਕਰਾ ਕਰਨ ਹਿੱਤ ਪ੍ਰੋਤਸਾਹਨ ਕਰਜ਼ੇ ਦਿੱਤੇ। ਇਹ ਨੀਤੀਆਂ ਲਾਗੂ ਤਾਂ ਹਰ ਕਿਸੇ ਵਲੋਂ ਕੀਤੀਆਂ ਜਾ ਸਕਦੀਆਂ ਹਨ ਪ੍ਰੰਤੂ ਇਸ ਲਈ ਸਭ ਤੋਂ ਜਰੂਰੀ ਹੈ ਦੇਸ਼ ਦੇ ਲੋਕਾਂ ਦੇ ਹਿੱਤਾਂ ਦਾ ਕੇਂਦਰ ਵਿਚ ਹੋਣਾ ਅਤੇ ਉਸ ਪ੍ਰਤੀ ਪ੍ਰਤੀਬੱਧ ਹੋਣਾ।
ਇਨ੍ਹਾਂ ਨੀਤੀਆਂ ਕਰਕੇ ਹੀ ਅਰਥਚਾਰੇ ਦਾ ਇਹ ਨਵੀਨੀਕਰਨ ਸੰਭਵ ਹੋਇਆ ਹੈ। ਇਸਨੇ ਦੁਨੀਆਂ ਭਰ ਸਾਹਮਣੇ ਖਲੋਤੇ ਮੌਸਮਾਂ ਦੇ ਬਦਲਨ ਅਤੇ ਪਰਿਆਵਰਣ ਦੇ ਪ੍ਰਦੂਸ਼ਨ ਦੇ ਸੰਕਟ ਨੂੰ ਹੱਲ ਕਰਨ ਵਿਚ ਵੀ ਆਪਣਾ ਉਘਾ ਯੋਗਦਾਨ ਪਾਇਆ ਹੈ।
ਇਕਵਾਡੋਰ ਹੁਣ 95% ਤੋਂ ਵਧੇਰੇ ਬਿਜਲੀ ਦਾ ਉਤਪਾਦਨ ਨਵਿਆਉਣ ਯੋਗ ਸਰੋਤਾਂ ਤੋਂ ਕਰਦਾ ਹੈ। ਸਭ ਤੋਂ ਵੱਧ ਬਿਜਲੀ ਉਤਪਾਦਨ ਪਣ ਬਿਜਲੀ ਘਰਾਂ ਤੋਂ ਹੁੰਦਾ ਹੈ। ਜਿਹੜੇ ਕਿ ਪਿਛਲੇ ਦਹਾਕੇ ਵਿਚ ਉਸਨੇ ਐਂਡੀਜ ਪਹਾੜਾਂ ਤੋਂ ਨਿਕਲਣ ਵਾਲੇ ਪਾਣੀ ਦੇ ਸਰੋਤਾਂ 'ਤੇ ਚੀਨੀ ਇੰਜੀਨੀਅਰਾਂ ਦੇ ਸਹਿਯੋਗ ਨਾਲ ਲਾਏ ਹਨ। ਇਸ ਤੋਂ ਪਹਿਲਾਂ ਇਕਵਾਡੋਰ ਵਿਚ ਵਧੇਰੇ ਬਿਜਲੀ ਦਾ ਉਤਪਾਦਨ ਦਰਾਮਦ ਕੀਤੀ ਕੁਦਰਤੀ ਗੈਸ ਰਾਹੀਂ ਹੁੰਦਾ ਸੀ। ਹੁਣ ਤਾਂ ਵੱਡੇ ਪੱਧਰ 'ਤੇ ਦੇਸ਼ ਭਰ ਵਿਚ ਸਰਕਾਰ ਦੇ ਦਖਲ ਨਾਲ ਗੈਸ ਦੇ ਚੁਲ੍ਹਿਆਂ ਨੂੰ ਵੀ ਬਿਜਲਈ ਚੁਲ੍ਹਿਆਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਦਾ ਇਕ ਹੋਰ ਪਰਿਆਵਰਣ ਦੀ ਸੰਭਾਲ ਕਰਨ ਵਾਲਾ ਪ੍ਰੋਗਰਾਮ ਹੈ, 'ਜੰਗਲ ਭਾਈਵਾਲ'। ਇਹ ਪ੍ਰੋਗਰਾਮ ਜੰਗਲਾਂ ਦੇ ਕੱਟਣ ਨੂੰ ਰੋਕਣ ਲਈ ਲਾਗੂ ਕੀਤਾ ਗਿਆ ਹੈ। ਇਹ ਅਮੇਜਨ ਖੇਤਰ ਦੇ 86% ਲੋਕਾਂ ਲਈ ਲਾਭਕਾਰੀ ਸਿੱਧ ਹੋ ਰਿਹਾ ਹੈ। ਉਹ ਜੰਗਲਾਂ ਦੀ ਰਾਖੀ ਕਰਦੇ ਹਨ, ਉਨ੍ਹਾਂ ਨੂੰ ਆਪਣੇ ਖੇਤਰਾਂ ਅੰਦਰ ਮੱਛੀਆਂ ਫੜਨ ਅਤੇ ਸ਼ਿਕਾਰ ਕਰਨ ਦੇ ਅਧਿਕਾਰ ਹਾਸਲ ਹਨ। ਇਸ ਵੇਲੇ 12 ਲੱਖ ਹੈਕਟੇਅਰ ਜੰਗਲ ਇਸ ਪ੍ਰੋਗਰਾਮ ਅਧੀਨ ਹਨ ਜਿਹੜੇ ਕਿ ਦੇਸ਼ ਦੇ ਸਮੁੱਚੇ ਜੰਗਲੀ ਖੇਤਰ ਦਾ 10% ਬਣਦਾ ਹੈ।
ਦੇਸ਼ ਵਿਚ ਪਰਿਆਵਰਣ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਵੱਡੇ ਸ਼ਹਿਰਾਂ ਵਿਚ ਵੱਡੀ ਪੱਧਰ 'ਤੇ ਜਨਤਕ ਟਰਾਂਸਪੋਰਟ ਨੈਟਵਰਕ ਵਿਚ ਨਿਵੇਸ਼ ਕੀਤਾ ਜਾ ਰਿਹਾ ਹੈ। ਰਾਜਧਾਨੀ ਕੁਇਟੋ ਵਿਚ ਮੈਟਰੋ ਰੇਲ ਅਤੇ ਇਸਦੇ ਪਹਾੜੀ ਖੇਤਰਾਂ ਵਿਚ ਕੇਬਲ ਕਾਰ ਨੈਟਵਰਕ ਉਸਾਰੇ ਗਏ ਹਨ। ਦੇਸ਼ ਦੇ ਤੀਜੇ ਵੱਡੇ ਸ਼ਹਿਰ ਕੁਏਨਸਾ ਵਿਚ ਲਾਇਟ ਰੇਲ ਨੈਟਵਰਕ ਉਸਾਰਿਆ ਗਿਆ ਹੈ।
ਦੇਸ਼ ਦੀ ਖੱਬੇ ਪੱਖੀ ਸਰਕਾਰ ਦੇ 10 ਸਾਲਾਂ ਦੇ ਰਾਜ ਦਾ ਹੀ ਸਿੱਟਾ ਹੈ ਕਿ ਅੱਜ ਦੇਸ਼, ਪ੍ਰਤੀ ਵਿਅਕਤੀ ਕੁੱਲ ਘਰੇਲੂ ਉਤਪਾਦ ਦੇ ਪੱਖੋਂ ਦੁਨੀਆਂ ਦੇ ਅਮੀਰ ਦੇਸ਼ਾਂ ਦੀ ਸੂਚੀ ਵਿਚ 84ਵੇਂ ਸਥਾਨ 'ਤੇ ਹੈ।
ਇੱਥੇ ਇਹ ਵੀ ਨੋਟ ਕਰਨ ਯੋਗ ਹੈ ਕਿ ਇਕਵਾਡੋਰ ਦਾ ਮੌਜੂਦਾ ਚੁਣਿਆ ਗਿਆ ਰਾਸ਼ਟਰਪਤੀ ਲੈਨਿਨ ਮੋਰੀਨੋ ਅਤੇ ਉਸ ਤੋਂ ਪਹਿਲੇ ਰਾਸ਼ਟਰਪਤੀ ਰਫਾਇਲ ਕੋਰੀਆ ਵੀ ਕਮਿਊਨਿਸਟ ਨਹੀਂ ਹਨ, ਪਰ ਉਹ ਖੱਬੇ ਪੱਖੀ ਜ਼ਰੂਰ ਹਨ, ਕਿਉਂਕਿ ਉਹ ਸਾਮਰਾਜੀ ਸੰਸਾਰੀਕਰਨ ਅਧਾਰਤ ਨਵਉਦਾਰਵਾਦੀ ਆਰਥਕ ਤੇ ਸਮਾਜਿਕ ਨੀਤੀਆਂ, ਜਿਹੜੀਆਂ ਕਿ ਮੌਜੂਦਾ ਦੌਰ ਵਿਚ ਦੁਨੀਆਂ ਭਰ ਦੇ ਮਿਹਨਤਕਸ਼ ਲੋਕਾਂ ਦਾ ਘਾਣ ਕਰਨ ਵਾਲੀਆਂ ਹਨ, ਦਾ ਉਸਦੇ ਜਨਕ ਅਮਰੀਕੀ ਸਾਮਰਾਜ ਦੇ ਬਿਲਕੁਲ ਗੁਆਂਢ ਵਿਚ ਹੀ ਟਾਕਰਾ ਕਰਦੇ ਹੋਏ ਉਸਦੇ ਬਦਲ ਦੇ ਰੂਪ ਵਿਚ ਲੋਕ ਪੱਖੀ ਸਮਾਜਕ ਆਰਥਕ ਨੀਤੀਆਂ ਨੂੰ ਸਿਰਫ ਲੈ ਕੇ ਹੀ ਨਹੀਂ ਆਏ ਬਲਕਿ ਉਨ੍ਹਾਂ ਨੂੰ ਲਾਗੂ ਕਰਦੇ ਹੋਏ ਆਪਣੇ ਦੇਸ਼ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਵਿਚ ਵੀ ਸਫਲ ਰਹੇ ਅਤੇ ਅਮਰੀਕੀ ਸਾਮਰਾਜ ਦੇ ਹਥਠੋਕਿਆਂ ਨੂੰ ਭਾਂਜ ਦੇਣ ਵਿਚ ਵੀ ਸਫਲ ਰਹੇ।

No comments:

Post a Comment