Friday 5 May 2017

ਦਿਹਾਤੀ ਮਜ਼ਦੂਰ ਸਭਾ ਵੱਲੋਂ ਡਾਕਟਰ ਅੰਬੇਡਕਰ ਦੇ ਜਨਮ ਦਿਨ 'ਤੇ ਸੈਮੀਨਾਰ

ਦਿਹਾਤੀ ਮਜ਼ਦੂਰ ਸਭਾ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਮੌਕੇ 14 ਅਪ੍ਰੈਲ ਨੂੰ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਦੇ ਮੁੱਖ ਬੁਲਾਰੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸੇਵਾ ਮੁਕਤ ਚੇਅਰਮੈਨ ਡਾਕਟਰ ਕਰਮਜੀਤ ਸਿੰਘ ਸਨ। ਦੇਸ਼ ਭਗਤ ਯਾਦਗਾਰ ਕੰਪਲੈਕਸ ਦੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ 'ਸਮਕਾਲੀ ਦਲਿਤ ਸਰੋਕਾਰ, ਭਗਤੀ ਅੰਦੋਲਨ ਅਤੇ ਡਾ. ਬੀ ਆਰ ਅੰਬੇਡਕਰ' ਦੇ ਅਨੁਵਾਨ ਹੇਠ ਹੋਏ ਇਸ ਸੈਮੀਨਾਰ ਦੀ ਪ੍ਰਧਾਨਗੀ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਦਰਸ਼ਨ ਨਾਹਰ ਨੇ ਕੀਤੀ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਮਨੂੰ ਸਿਮਰਤੀ ਤੋਂ ਲੈ ਕੇ ਅੱਜ ਤੱਕ ਦਲਿਤਾਂ ਦਾ ਮੁੱਦਾ ਵੱਖ-ਵੱਖ ਰੂਪ 'ਚ ਉਭਰ ਕੇ ਸਾਹਮਣੇ ਆਉਂਦਾ ਰਿਹਾ ਹੈ। ਡਾ. ਅੰਬੇਡਕਰ ਨੇ ਨਾ ਕੇਵਲ ਦਲਿਤ ਉਤਪੀੜਨ ਨੂੰ ਖੁਦ ਹੱਡੀਂ ਹੰਢਾਇਆ ਸਗੋਂ ਇਸ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਭਾਰਦਿਆਂ ਇਸ ਦੇ ਹੱਲ ਲਈ ਰਾਹ ਵੀ ਦੱਸਿਆ ਤੇ ਖੁਦ ਅਗਵਾਈ ਵੀ ਕੀਤੀ।
ਡਾ. ਕਰਮਜੀਤ ਸਿੰਘ ਨੇ ਇਸ ਗੱਲ 'ਤੇ ਵਿਸ਼ੇਸ਼ ਜੋਰ ਦਿੱਤਾ ਕਿ ਡਾ. ਅੰਬੇਡਕਰ ਨੂੰ ਕੇਵਲ ਦਲਿਤਾਂ ਤੱਕ ਸੀਮਤ ਕਰ ਦੇਣਾ ਵੀ ਉਨ੍ਹਾ ਨਾਲ ਧੱਕਾ ਹੈ। ਔਰਤਾਂ ਨਾਲ ਹੁੰਦੇ ਵਿਤਕਰੇ, ਸਮਾਜਿਕ ਜਬਰ ਅਤੇ ਹੋਰਨਾਂ ਗਰੀਬ, ਮਿਹਨਤਕਸ਼ ਵਰਗਾਂ ਲਈ ਡਾ. ਅੰਬੇਡਕਰ ਦੀ ਦੇਣ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾ ਕਿਹਾ ਕਿ ਦੇਸ਼ ਅੰਦਰ ਤੇਜ਼ੀ ਨਾਲ ਚੱਲੇ ਭਗਵੇਂਕਰਨ ਦੇ ਦੌਰ ਵਿੱਚ ਲਾਲ ਝੰਡੇ ਵਾਲੇ ਕਮਿਊਨਿਸਟਾਂ ਅਤੇ ਨੀਲੇ ਝੰਡੇ ਵਾਲੇ ਅੰਬੇਡਕਰਵਾਦੀਆਂ 'ਚ  ਏਕਤਾ ਉਭਰ ਕੇ ਸਾਹਮਣੇ ਆਈ ਹੈ। ਇਹ ਸੁਮੇਲ ਦੇਸ਼ ਦੇ ਸਮੁੱਚੇ ਮਿਹਨਤਕਸ਼ ਵਰਗ ਲਈ ਇੱਕ ਸ਼ੁਭ ਸ਼ਗਨ ਹੈ। ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਵੀ ਅਛੂਤਾਂ ਦੇ ਮੁੱਦੇ 'ਤੇ ਬੜੀ ਪ੍ਰਮੁੱਖਤਾ ਤੇ ਤੀਬਰਤਾ ਨਾਲ ਆਪਣੇ ਵਿਚਾਰ ਪ੍ਰਗਟਾਏ ਸਨ ਜੋ ਅੱਜ ਵੀ ਪੂਰੀ ਤਰ੍ਹਾਂ ਪ੍ਰਸੰਗਿਕ ਹਨ। ਸ਼ਹੀਦ ਭਗਤ ਸਿੰਘ, ਮਾਰਕਸ ਅਤੇ ਡਾ. ਅੰਬੇਡਕਰ ਦੀ ਵਿਚਾਰਧਾਰਾ ਨੂੰ ਨਾਲੋ-ਨਾਲ ਲੈ ਕੇ ਦੇਸ਼ ਦਾ ਸਮਾਜਿਕ ਤੇ ਸਿਆਸੀ ਮੁਹਾਂਦਰਾ ਪੂਰੀ ਤਰ੍ਹਾਂ ਬਦਲਿਆ ਜਾ ਸਕਦਾ ਹੈ, ਇਹ ਗੱਲ ਕਹਿਣਾ ਕੋਈ ਅਤਕਥਨੀ ਨਹੀਂ ਹੋਵੇਗੀ।  ਉਨ੍ਹਾ ਦਿਹਾਤੀ ਮਜ਼ਦੂਰ ਸਭਾ ਨੂੰ ਇਸ ਸੈਮੀਨਾਰ ਲਈ ਵਧਾਈ ਦਿੰਦਿਆਂ ਕਿਹਾ ਕਿ ਡਾ. ਅੰਬੇਡਕਰ ਨੂੰ ਸਮਰਪਿਤ ਖੱਬੇ-ਪੱਖੀ ਜਥੇਬੰਦੀ ਵੱਲੋਂ ਇਹ ਪਹਿਲਾ ਸੈਮੀਨਾਰ ਹੈ।  ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਲਿਤਾਂ ਦਾ ਸਵਾਲ ਸਦੀਆਂ ਤੋਂ ਸਾਡੇ ਸਮਾਜ ਦੇ ਸਨਮੁੱਖ ਹੈ। ਇਸ ਵਰਗ ਦੀ ਦਸ਼ਾ ਸੁਧਾਰਨ ਲਈ ਵੱਖ-ਵੱਖ ਲਹਿਰਾਂ ਨੇ ਸਮੇਂ-ਸਮੇਂ ਆਪਣਾ ਬਣਦਾ ਰੋਲ ਨਿਭਾਇਆ। ਇਸ ਸੇਧ ਵਿੱਚ ਡਾ. ਅੰਬੇਡਕਰ ਦੀ ਬਹੁਤ ਵੱਡੀ ਦੇਣ ਹੈ। ਉਨ੍ਹਾਂ ਕਿਹਾ ਕਿ ਇਸ ਮਹਾਨ ਦਾਰਸ਼ਨਿਕ ਦਾ ਜਨਮ ਦਿਹਾੜਾ ਅੱਜ ਹਾਕਮ ਜਮਾਤਾਂ ਵੀ ਮਨਾ ਰਹੀਆਂ ਹਨ, ਪਰ ਉਹ ਡਾ. ਅੰਬੇਡਕਰ ਦੀ ਵਿਚਾਰਧਾਰਾ 'ਤੇ ਮਿੱਟੀ ਪਾ ਕੇ ਕੇਵਲ ਇੱਕ ਸਖ਼ਸ਼ੀਅਤ ਦੀ ਬੁੱਤ ਪੂਜਾ ਤੱਕ ਹੀ ਸੀਮਤ ਹਨ। ਉਹ ਨਹੀਂ ਚਾਹੁੰਦੀਆਂ ਕਿ ਡਾ. ਅੰਬੇਡਕਰ ਦਾ ਅਸਲ ਰੂਪ ਲੋਕਾਂ ਦੇ ਸਾਹਮਣੇ ਆਵੇ। ਇਹੀ ਕਾਰਨ ਹੈ ਕਿ ਰਾਖਵੇਂਕਰਨ ਦਾ ਅਹਿਮ ਮੁੱਦਾ ਨਿੱਜੀਕਰਨ ਦੀ ਹਨ੍ਹੇਰੀ ਨਾਲ ਖ਼ਤਮ ਹੋਣ ਤੱਕ ਚਲਾ ਗਿਆ ਹੈ।
ਕਾਮਰੇਡ ਪਾਸਲਾ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਅੱਜ ਲਾਲ ਝੰਡੇ ਹੇਠ ਕੰਮ ਕਰਦੇ ਲੋਕਾਂ ਦਾ ਇੱਕ ਹਿੱਸਾ ਡਾ. ਅੰਬੇਡਕਰ ਦੀ ਵਿਚਾਰਧਾਰਾ ਤੋਂ ਵੀ ਪ੍ਰਭਾਵਿਤ ਹੈ ਤੇ ਇਸੇ ਤਰ੍ਹਾਂ ਨੀਲੇ ਝੰਡੇ ਹੇਠ ਕੰਮ ਕਰਦੇ ਅੰਬੇਡਕਰਵਾਦੀਆਂ ਦਾ ਇੱਕ ਹਿੱਸਾ ਵੀ ਮਾਰਕਸ ਦੇ ਵਿਚਾਰਾਂ ਦਾ ਪੂਰੀ ਤਰ੍ਹਾਂ ਕਾਇਲ ਹੈ। ਇਸ ਲਈ ਦੋਵਾਂ ਦਾਰਸ਼ਨਿਕਾਂ ਦੇ ਪੈਰੋਕਾਰਾਂ ਵਿਚਾਲੇ ਏਕਤਾ ਨਾਲ ਭਵਿੱਖ 'ਚ ਚੰਗੇ ਸਿੱਟੇ ਨਿਕਲਣ ਦੀ ਆਸ ਬੱਝੀ ਹੈ ਜਿਸ ਵਾਸਤੇ ਆਰ ਐਮ ਪੀ ਆਈ ਪੂਰੀ ਤਨਦੇਹੀ ਨਾਲ ਆਪਣਾ ਰੋਲ ਨਿਭਾਏਗੀ। ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਇਸ ਮੌਕੇ ਕਿਹਾ ਕਿ ਸਾਮਰਾਜੀ ਸੰਸਾਰੀਕਰਨ, ਉਦਾਰੀਕਰਨ ਤੇ ਨਿਜੀਕਰਨ ਦੇ ਦੌਰ ਦੇ ਨਾਲ ਭਗਵੇਂਕਰਨ ਦੇ ਤਿੱਖੇ ਹਮਲੇ ਨੇ ਸਾਡੇ ਅੱਗੇ ਇੱਕ ਵੱਡੀ ਚੁਣੌਤੀ ਪੇਸ਼ ਕੀਤੀ ਹੈ।

No comments:

Post a Comment