Saturday, 6 May 2017

ਡਾ. ਅੰਬੇਡਕਰ, ਭਗਤ ਸਿੰਘ, ਮਾਰਕਸ ਅਤੇ ਦਲਿਤ ਅੰਦੋਲਨ

ਪੀਡੀਐਫ ਫਾਈਲ ਡਾਊਨਲੋਡ ਕਰਨ ਲਈ ਕਲਿੱਕ ਕਰੋ ਜੀ।


ਡਾ. ਕਰਮਜੀਤ ਸਿੰਘ*
ਡਾ. ਅੰਬੇਡਕਰ ਦਾ ਜਨਮ ਦਿਨ ਮਨਾਉਂਦਿਆਂ ਅਸੀਂ ਉਸ ਸਮੇਂ ਵਿਚ ਵਿਚਰ ਰਹੇ ਹਾਂ ਜਿੱਥੇ ਉਨ੍ਹਾਂ ਦੇ ਵੱਡੇ-ਵੱਡੇ ਬੁੱਤ ਉਸਾਰੇ ਜਾ ਰਹੇ ਹਨ ਪਰੰਤੂ ਉਨ੍ਹਾਂ ਦੀ ਜਾਤ-ਪਾਤ ਵਿਰੋਧੀ ਵਿਚਾਰਧਾਰਾ ਨੂੰ ਮਲੀਆ ਮੇਟ ਕੀਤਾ ਜਾ ਰਿਹਾ ਹੈ। ਅਜੋਕੀ ਰਾਜ-ਸੱਤਾ ਜੋ ਵਿਚਾਰਧਾਰਾ ਲੈ ਕੇ ਆ ਰਹੀ ਹੈ ਉਹ ਮੂਲੋਂ ਹੀ ਦਲਿਤ ਵਿਰੋਧੀ ਹੈ। ਚਾਹੇ ਉਹ ਗਊ ਮਾਸ ਦਾ ਸਵਾਲ ਹੋਵੇ, ਘੱਟ ਗਿਣਤੀਆਂ ਦਾ ਸਵਾਲ ਹੋਵੇ, ਯੂਨੀਵਰਸਿਟੀਆਂ ਵਿਚ ਮਹਿੰਗੀ ਵਿਦਿਆ ਦਾ ਸਵਾਲ ਹੋਵੇ ਜਾਂ ਪਬਲਿਕ ਸੈਕਟਰ ਦੀ ਥਾਂ ਕਾਰਪੋਰੇਟ ਸੈਕਟਰ ਨੂੰ ਵਿਕਸਿਤ ਕਰਨ ਦਾ ਸਵਾਲ ਹੋਵੇ, ਇਨ੍ਹਾਂ ਦੇ ਕੇਂਦਰ ਵਿਚ ਦਲਿਤਾਂ ਨੂੰ ਪੈ ਰਹੀ ਮਾਰ ਪ੍ਰਮੁੱਖ ਮੁੱਦਾ ਬਣ ਕੇ ਉਭਰਦੀ ਹੈ। ਇਸ ਮਾਰ ਤੋਂ ਧਿਆਨ ਹਟਾਉਣ ਲਈ ਹੀ ਡਾ. ਅੰਬੇਡਕਰ ਦੇ ਪ੍ਰਤੀਕ ਨੂੰ ਵਰਤ ਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਦਰਕਿਨਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਡਾ. ਅੰਬੇਡਕਰ ਸਾਰੀ ਉਮਰ ਉਸ ਬ੍ਰਾਹਮਣਵਾਦੀ ਸੋਚ ਦੇ ਖ਼ਿਲਾਫ਼ ਲੜੇ ਜੋ ਦਲਿਤ ਅਤੇ ਅਤਿ-ਦਲਿਤ ਮਨੁੱਖ ਨੂੰ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਤੋਂ ਵਿਰਵੇ ਰੱਖਦੀ ਹੈ।
ਰਿਗਵੇਦ ਦੇ ਪੁਰਸ਼ ਸੂਤਰ ਨੂੰ ਆਧਾਰ ਬਣਾ ਕੇ ਮਨੂੰਸਿਮ੍ਰਤੀ ਚਾਰੇ ਵਰਣਾਂ ਲਈ ਕੰਮ ਅਤੇ ਦੰਡ ਨਿਰਧਾਰਿਤ ਕਰਦੀ ਹੋਈ ਸ਼ੂਦਰਾਂ ਨੂੰ ਚੌਥੇ ਦਰਜੇ ਦੇ ਸ਼ਹਿਰੀ ਬਣਾ ਕੇ ਰੱਖ ਦਿੰਦੀ ਹੈ। ਮਨੂੰ ਅਨੁਸਾਰ ''ਅਨਾਦੀ ਬ੍ਰਹਮ ਨੇ ਲੋਕ ਕਲਿਆਣ ਦੀ ਭਾਵਨਾ ਨਾਲ਼ ਆਪਣੇ ਮੂੰਹ, ਭੁਜਾਵਾਂ, ਜੰਘਾਂ ਅਤੇ ਪੈਰਾਂ ਤੋਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰਾਂ ਨੂੰ ਪੈਦਾ ਕੀਤਾ।''ઑ'ਲੋਕ ਕਲਿਆਣ ਦੀ ਭਾਵਨਾ' ਨੇ ਬ੍ਰਾਹਮਣ ਨੂੰ ਪੜ੍ਹਨ-ਪੜ੍ਹਾਉਣ, ਯੱਗ ਕਰਨ-ਕਰਾਉਣ ਅਤੇ ਦਾਨ ਲੈਣ ਤੇ ਕਰਨ ਦੀ ਜ਼ਿੰਮੇਵਾਰੀ ਦਿੱਤੀ। ਖੱਤਰੀਆਂ ਨੂੰ ਲੜਨ ਅਤੇ ਵੈਸ਼ ਨੂੰ ਵਪਾਰਕ ਗਤੀਵਿਧੀਆਂ ਲਈ ਨਾਮਜਦ ਕੀਤਾ। ਸਾਨੂੰ 'ਲੋਕ ਕਲਿਆਣ ਦੀ ਭਾਵਨਾ' ਉਪਰਲੇ ਤਿੰਨਾਂ ਵਰਣਾਂ ਦੀ ਸੇਵਾ ਕਰਨ ਦਾ ਹੁਕਮ ਦਿੰਦੀ ਹੈ। ਇਹ ਸੇਵਾઑਬਿਨਾਂ ਕਿਸੇ ਮਲਾਲ ਦੇ ''ਨਿਰਵਿਕਾਰ ਭਾਵ'' ਨਾਲ਼ ਕੀਤੀ ਜਾਣੀ ਚਾਹੀਦੀ ਹੈ। ਇਥੇ ਸਪੱਸ਼ਟ ਹੋਣਾ ਜ਼ਰੂਰੀ ਹੈ ਕਿ ਹੱਥੀਂ ਕੰਮ ਕਰਨ ਵਾਲ਼ਾ ਹਰ ਸਮੂਹ ਕਿਸਾਨੀ ਸਮੇਤ ਸ਼ੂਦਰ ਸ਼੍ਰੇਣੀ ਵਿਚ ਆਉਂਦਾ ਹੈ। ਸ਼ੂਦਰਾਂ ਨੂੰ ਅਧਿਕਾਰ ਬਸ ਇਹੀ ਹੈ, ਪਰ ਉਸਨੂੰ ਦੰਡ ਬਾਕੀ ਵਰਣਾਂ ਦੇ ਮੁਕਾਬਲੇ ਸਭ ਤੋਂ ਵਧੇਰੇ ਤੇ ਅਣਮਨੁੱਖੀ ਹਨ।
ਨਾਮਕਰਣ ਸੰਸਕਾਰ ਕਰਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਬ੍ਰਾਹਮਣ ਦਾ ਨਾਂ ਮੰਗਲ ਸੂਚਕ ਹੋਵੇ, ਖੱਤਰੀ ਦਾ ਸ਼ਕਤੀ ਸੂਚਕ ਤੇ ਵੈਸ਼ ਦਾ ਵੈਭਵ-ਸੂਚਕ ਹੋਵੇ ਅਤੇ ਸ਼ੂਦਰ ਦਾ ਨਾਂ ਸੇਵਾ ਵ੍ਰਿਤੀ ਸੂਚਕ ਹੋਣਾ ਚਾਹੀਦਾ ਹੈ। ਮਨੂੰਸਿਮ੍ਰਤੀ ਦੇ ਇਸ ਆਦੇਸ਼ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਕਾਮਿਆਂ/ਸ਼ੂਦਰਾਂ ਦੇ ਨਾਂ ਅੱਧੇ, ਕੂੜਾ, ਬੂੜਾ, ਬੁੱਧੂ ਆਦਿ ਕਿਉਂ ਰੱਖੇ ਜਾਂਦੇ ਰਹੇ ਹਨ। ਮਨੂੰ ਦੀ ਇਹ ਵਿਵਸਥਾ ਹੈ ਕਿ ਸ਼ੂਦਰ ਜਿਸ ਕਿਸੀ ਅੰਗ (ਹੱਥ ਪੈਰ ਆਦਿ) ਨਾਲ਼ ਉਪਰਲੀਆਂ ਤਿੰਨਾਂ ਜਾਤੀਆਂ ਤੇ ਹਮਲਾ ਕਰੇ ਉਸਦੇ ਉਸ ਅੰਗ ਨੂੰ ਕੱਟ ਦੇਣਾ ਚਾਹੀਦਾ ਹੈ। ਜੇ ਸ਼ੂਦਰ ਇਨ੍ਹਾਂ ਜਾਤੀਆਂ ਦੇ ਕਿਸੇ ਵਿਅਕਤੀ ਉਪਰ ਹੱਥ ਚੁੱਕਦਾ ਹੈ ਜਾਂ ਲਾਠੀ ਨਾਲ਼ ਹਮਲਾ ਕਰਦਾ ਹੈ ਤਾਂ ਉਸਦਾ ਹੱਥ ਕੱਟ ਦੇਣਾ ਚਾਹੀਦਾ ਹੈ ਅਤੇ ਜੇ ਗੁੱਸੇ ਵਿਚ ਆ ਕੇ ਪੈਰ ਨਾਲ਼ ਮਾਰ ਕਰਦਾ ਹੈ ਤਾਂ ਉਸਦਾ ਪੈਰ ਕੱਟ ਦੇਣਾ ਚਾਹੀਦਾ ਹੈ। ਜੇ ਕੋਈ ਸ਼ੂਦਰ ਊਚੇ ਵਰਣਾਂ ਦੇ ਲੋਕਾਂ ਨਾਲ਼ ਇਕੋ ਆਸਣ ਤੇ ਬੈਠਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਦੀ ਕਮਰ ਨੂੰ ਦਾਗ ਕੇ ਉਸਨੂੰ ਉਥੋਂ ਕੱਢ ਦੇਣਾ ਚਾਹੀਦਾ ਹੈ ਜਾਂ ਰਾਜੇ ਨੂੰ ਉਸਦੇ ਚੁਤੜ ਕਟਵਾ ਦੇਣੇ ਚਾਹੀਦੇ ਹਨ। ਇਸ ਨਿਯਮ ਅਨੁਸਾਰ ਹੀ ਸ਼ੂਦਰ ਉਪਰਲੀਆਂ ਜਾਤਾਂ ਸਾਹਮਣੇ ਹਮੇਸ਼ਾ ਜ਼ਮੀਨ ਤੇ ਬੈਠਦਾ ਰਿਹਾ ਹੈ। ਅੱਜ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਕਿ ਉਹ ਵਿਆਹ ਸਮੇਂ ਘੋੜੀ 'ਤੇ ਨਹੀਂ ਚੜ੍ਹ ਸਕਦਾ, ਬੈਂਡ ਬਾਜਾ ਨਹੀਂ ਬਜਾ ਸਕਦਾ। ਅਜਿਹੀਆਂ ਘਟਨਾਵਾਂ ਪਿੱਛੇ ਹਜ਼ਾਰਾਂ ਸਾਲ ਪੁਰਾਣੀ ਮਨੂੰ ਸਿਮ੍ਰਤੀ ਦੀ ਗੂੰਜ ਸੁਣਾਈ ਦਿੰਦੀ ਹੈ। ਮਨੂੰ ਅਨੁਸਾਰ ਜੇਕਰ ਹੰਕਾਰ ਵਿਚ ਆ ਕੇ ਸ਼ੂਦਰ ਊਚੀ ਜਾਤ ਦੇ ਵਿਅਕਤੀ ਉਪਰ ਥੁੱਕਦਾ ਹੈ ਤਾਂ ਉਸਦੇ ਦੋਨੋਂ ਬੁਲ੍ਹ, ਪੇਸ਼ਾਬ ਕਰਦਾ ਹੈ ਤਾਂ ਉਸਦਾ ਲਿੰਗ ਅਤੇ ਪੱਦ ਮਾਰਨ ਤੇ ਉਸਦੀ ਗੁਦਾ ਨੂੰ ਕਟਵਾ ਦੇਣਾ ਚਾਹੀਦਾ ਹੈ। ਅਜਿਹੇ ਅਣਮਨੁੱਖੀ ਆਦੇਸ਼ਾਂ ਲਈ ਮੂਲ਼ ਮਨੂੰ ਸਿਮ੍ਰਤੀ ਪੜ੍ਹੀ ਜਾ ਸਕਦੀ ਹੈ ਜਾਂ ਫਿਰ ਸ਼ਮਸੂਲ ਇਸਲਾਮ ਦੀ ਛੋਟੀ ਜਿਹੀ ਪੁਸਤਕ,ઑ'ਮਨੂ ਕੇ ਭਾਰਤ ਮੇਂ ਸ਼ੂਦਰ' (ਮੀਡੀਆ ਹਾਊਸ, ਦਿੱਲੀ, 2001) ਦੇਖੀ ਜਾ ਸਕਦੀ ਹੈ। ਡਾ. ਅੰਬੇਡਕਰ ਨੇ ਇਸ ਗ੍ਰੰਥ ਨੂੰ ਮਾਨਵਤਾ, ਸਮਾਨਤਾ ਅਤੇ ਨਿਆਂ ਦਾ ਘੋਰ ਤ੍ਰਿਸਕਾਰ ਅਤੇ ਅਪਮਾਨ ਮੰਨਦੇ ਹੋਏ 1928 ਈ. ਨੂੰ ਨਰਮਦਾ ਨਦੀ ਦੇ ਕੰਢੇ 'ਤੇ ਸਾਮੂਹਿਕ ਤੌਰ ਤੇ ਇਸ ਦੀ ਹੋਲੀ ਜਲ਼ਾਈ ਸੀ।
ਇਸ ਅਨਿਆਂ, ਅਮਾਨਵੀ ਵਿਹਾਰ ਅਤੇ ਅਸਮਾਨਤਾ ਖ਼ਿਲਾਫ ਬੁੱਧ ਤੇ ਜੈਨ ਧਰਮ ਨੇ ਆਵਾਜ਼ ਉਠਾਈ ਜਿਸ ਉਪਰ ਲੰਬੀ ਵਿਚਾਰ ਹੋ ਸਕਦੀ ਹੈ, ਪਰ ਅਸੀਂ ਇੱਥੇ ਇਹ ਟਿੱਪਣੀ ਕਰਕੇ ਅਗਾਂਹ ਚਲਾਂਗੇ ਕਿ ਇਨ੍ਹਾਂ ਨੂੰ ਬ੍ਰਾਹਮਣਵਾਦੀ ਵਿਚਾਰਾਂ ਨੇ ਮਾਤ ਦੇ ਦਿੱਤੀ ਅਤੇ ਇਕ ਸੀਮਾ ਤੋਂ ਅਗਾਂਹ ਪ੍ਰਭਾਵਿਤ ਨਹੀਂ ਹੋ ਸਕੇ। ਵਿਦਵਾਨਾਂ ਅਨੁਸਾਰ ਭਗਤੀ ਅੰਦੋਲਨ ਬੁੱਧ ਧਰਮ ਦਾ ਹੀ ਵਿਕਸਿਤ ਰੂਪ ਸੀ ਕਿਉਂਕਿ ਇਹ ਬਰਾਬਰੀ ਦੇ ਸਮਾਜ ਦੇ ਹੱਕ ਵਿਚ ਸੀ, ਜਾਤਪਾਤ ਦੇ ਵਿਰੋਧ ਵਿਚ ਵੀ ਸੀ, ਏਕ ਈਸ਼ਵਰਵਾਦੀ, ਨਿਰਵਾਣ ਨੂੰ ਪ੍ਰਮੁੱਖਤਾ ਦਿੰਦੀ ਸੀ, ਬ੍ਰਾਹਮਣ ਦੀ ਥਾਂ ਗੁਰੂ ਨੂੰ ਮਾਨਤਾ ਦਿੰਦੀ ਸੀ ਅਤੇ ਇਸਨੇ ਲੋਕ ਭਾਸ਼ਾ ਨੂੰ ਪ੍ਰਚਾਰ ਦਾ ਮਾਧਿਅਮ ਬਣਾਇਆ। ਪਰ ਇਕ ਗੱਲ ਜਿਸ ਉਪਰ ਪ੍ਰਮੁੱਖਤਾ ਨਾਲ਼ ਜ਼ੋਰ ਦੇਣਾ ਚਾਹੀਦਾ ਹੈ ਉਹ ਇਹ ਕਿ ਭਗਤੀ ਲਹਿਰ ਹੇਠਲੀਆਂ ਜਾਤਾਂ/ਜਮਾਤਾਂ ਦੀ ਲਹਿਰ ਸੀ ਅਤੇ ਲਹਿਰ ਵਿਦੇਸ਼ੀਆਂ ਦੇ ਆਉਣ ਨਾਲ਼ ਉਵੇਂ ਹੀ ਵਿਕਸਿਤ ਹੁੰਦੀ ਹੈ ਜਿਵੇਂ ਬੁੱਧ/ਜੈਨ ਮੱਤ। ਡਾ. ਸੇਵਾ ਸਿੰਘ ਨੇ ਇਸ ਦ੍ਰਿਸ਼ਟੀ ਤੋਂ ਪਹਿਲੀ ਬਾਰ ਸੋਚਦਿਆਂ ਲਿਖਿਆ ਹੈ ਕਿ, ''ਯੱਗ ਪੁਰਾਣ ਦੇ ਵਰਣਨਾਂ ਵਿਚ ਬ੍ਰਾਹਮਣਾਂ ਦੀ ਉਸ ਤਰਸਯੋਗ ਸਥਿਤੀ ਬਾਰੇ ਇਸ਼ਾਰਾ ਮਿਲ਼ਦਾ ਹੈ, ਜੋ ਯੂਨਾਨੀਆਂ, ਸ਼ੱਕਾਂ ਅਤੇ ਕੁਸ਼ਾਣਾਂ ਦੀਆਂ ਸਰਗਰਮੀਆਂ ਦਾ ਸਿੱਟਾ ਸੀ। ਸੰਭਵ ਹੈ ਉਨ੍ਹਾਂ ਹਮਲਿਆਂ ਕਾਰਣ ਸ਼ੂਦਰਾਂ ਦੀ ਸਥਿਤੀ ਵਿਚ ਪਰਿਵਰਤਨ ਹੋਇਆ ਹੋਵੇ ਤੇ ਉਹ ਉਠ ਖੜ੍ਹੇ ਹੋਏ ਹੋਣ। ''ਦਾਸ ਅਤੇ ਭਾੜੇ ਦੇ ਮਜ਼ਦੂਰਾਂ ਦੇ ਰੂਪ ਵਿਚ ਸ਼ੂਦਰਾਂ ਦੀ ਗ਼ੁਲਾਮੀ ਘਟੀ ਹੋਈ ਹੋਵੇਗੀ ਕਿਉਂਕਿ ਹੁਣ ਉਹ ਵਰਣ ਵੰਡ ਵਾਲ਼ੇ ਸਮਾਜ ਦਾ ਆਦਰਸ਼ ਨਿਭਾਉਣ ਲਈ ਮਜਬੂਰ ਨਹੀਂ।'' (ਭਗਤੀ ਅਤੇ ਸ਼ੂਦਰ, ਪੰਜ ਆਬ  ਪ੍ਰਕਾਸ਼ਕ ਜਲੰਧਰ, ਪੰਨਾ-208) ਭਗਤੀ ਲਹਿਰ ਦੇ ਸੰਬੰਧ ਵਿਚ ਇਹ ਸੰਭਾਵਨਾ ਹਕੀਕਤ ਬਣ ਜਾਂਦੀ ਹੈ ਕਿਉਂਕਿ ਇਹ ਤੱਥ ਹੈ ਕਿ ਸ਼ੂਦਰ ਵਿਦੇਸ਼ੀਆਂ ਦੇ ਰਾਜ ਵਿਚ ਕੁਝ ਸੁੱਖ ਦਾ ਸਾਹ ਲੈਣ ਲੱਗੇ ਸਨ ਅਤੇ ਉਹ ਧਰਮ ਪਰਿਵਰਤਨ ਵੀ ਕਰ ਰਹੇ ਸਨ।
ਆਚਾਰੀਆ ਰਾਮ ਚੰਦਰ ਸ਼ੁਕਲ ਭਗਤੀ ਲਹਿਰ ਨੂੰ 'ਨਿਰਾਸ਼ ਹੋ ਚੁੱਕੀ ਕੌਮ ਅਤੇ ਹਿੰਦੂ ਜਨਤਾ ਦੀ ਉਦਾਸੀ' ਨਾਲ਼ ਜੋੜਦਾ ਹੈ। ਸ਼ੁਕਲ ਦੇ ਵਿਚਾਰਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਸ ਦੀਆਂ ਸੀਮਾਵਾਂ ਸਾਹਮਣੇ ਆ ਜਾਂਦੀਆਂ ਹਨ। ਉਸ ਅਨੁਸਾਰ, "ਦੇਸ਼ ਵਿਚ ਮੁਸਲਮਾਨਾਂ ਦਾ ਰਾਜ ਕਾਇਮ ਹੋ ਜਾਣ ਤੇ ਹਿੰਦੂ ਜਨਤਾ ਦੇ ਦਿਲ ਵਿਚ ਗੌਰਵ, ਗਰਵ ਅਤੇ ਉਤਸ਼ਾਹ ਲਈ ਉਹ ਥਾਂ ਨਾ ਰਿਹਾ। ਉਸਦੇ ਸਾਹਮਣੇ ਹੀ ਉਸਦੇ ਦੇਵ ਮੰਦਰ ਢਹਿ ਢੇਰੀ ਕੀਤੇ ਜਾਂਦੇ ਸਨ, ਦੇਵ ਮੂਰਤੀਆਂ ਤੋੜੀਆਂ ਜਾਂਦੀਆਂ ਸਨ ਅਤੇ ਪੂਜ-ਪੁਰਸ਼ਾਂ ਦਾ ਅਪਮਾਨ ਹੁੰਦਾ ਸੀ ਅਤੇ ਉਹ ਕੁਝ ਵੀ ਨਹੀਂ ਕਰ ਸਕਦੇ ਸੀ ਅਤੇ ਨਾ ਹੀ ਬਿਨਾਂ ਸ਼ਰਮਸਾਰ ਹੋਏ ਸੁਣ ਹੀ ਸਕਦੇ ਸੀ। ਅੱਗੇ ਚਲ ਕੇ ਜਦ ਮੁਸਲਿਮ ਸਾਮਰਾਜ ਦੂਰ-ਦੂਰ ਤਕ ਕਾਇਮ ਹੋ ਗਿਆ ਤਾਂ ਪਰਸਪਰ ਲੜਨ ਵਾਲੇ ਸੁਤੰਤਰ ਰਾਜ ਵੀ ਨਾ ਰਹੇ। ਏਡੇ ਭਾਰੇ ਰਾਜਨੀਤਕ ਉਲਟ ਫੇਰ ਪਿੱਛੋਂ ਆਮ ਹਿੰਦੂ ਜਨਤਾ ਉੱਤੇ ਬਹੁਤ ਦਿਨਾਂ ਤਕ ਉਦਾਸੀ ਛਾਈ ਰਹੀ। ਆਪਣੀ ਸੂਰਬੀਰਤਾ ਨਿਰਾਸ਼ ਹੋ ਚੁੱਕੀ ਕੌਮ ਲਈ ਭਗਵਾਨ ਦੀ ਸ਼ਕਤੀ ਅਤੇ ਕਰੁਣਾ ਵਲ ਧਿਆਨ ਲੈ ਜਾਣ ਤੋਂ ਛੁੱਟ ਦੂਜਾ ਰਸਤਾ ਹੀ ਕਿਹੜਾ ਸੀ?'' (ਡਾ. ਧਰਮ ਪਾਲ ਸੰਗਲ, ਪੰਜਾਬੀ ਸਾਹਿਤ ਦਾ ਇਤਿਹਾਸ, ਲੋਕ ਗੀਤ ਪ੍ਰਕਾਸ਼ਨ, 2002, ਪੰਨਾ-61) ਇਸੇ ਆਧਾਰ ਤੇ ਧਰਮਪਾਲ ਸਿੰਗਲ ਨੇ ਭਗਤੀ ਲਹਿਰ ਨੂੰઑ'ਹਿੰਦੂ ਸਮਾਜ ਵਿਚ ਆਤਮ ਵਿਸ਼ਵਾਸ' ਪੈਦਾ ਕਰਨ ਲਈ ਪੈਦਾ ਹੋਈ ਲਹਿਰ ਮੰਨਿਆਂ। ਪਰ ਸ਼ੁਕਲ ਤੇ ਸਿੰਗਲ ਇਹ ਗੱਲ ਭੁੱਲ ਗਏ ਕਿ ਜਿਸ ਹਿੰਦੂ ਸਮਾਜ ਦੀ ਗੱਲ ਉਹ ਕਰ ਰਹੇ ਹਨ ਉਸ ਦੇ ਵੱਡੇ ਹਿੱਸੇ, ਸ਼ੂਦਰਾਂ ਨੂੰ ਤਾਂ ਮੰਦਿਰਾਂ ਵਿਚ ਜਾਣ ਦਾ ਅਧਿਕਾਰ ਹੀ ਨਹੀਂ ਸੀ। ਦੇਵ ਮੂਰਤੀਆਂ ਦੇ ਉਹ ਦਰਸ਼ਨ ਨਹੀਂ ਸਨ ਕਰ ਸਕਦੇ। 'ਪੂਜ-ਪੁਰਸ਼' ਬ੍ਰਾਹਮਣਾਂ ਦੇ ਅਪਮਾਨਿਤ ਹੋਣ ਨਾਲ਼ ਉਹ ਕਿਵੇਂ ਅਪਮਾਨਿਤ ਮਹਿਸੂਸ ਕਰ ਸਕਦੇ ਸਨ? ਇਸ ਲਈ ਇਹ ਵਿਚਾਰ ਮੂਲੋਂ ਹੀ ਨਿਰਮੂਲ਼ ਹੈ ਤੇ ਇਸ ਤੱਥ ਨੂੰ ਅੱਖੋਂ ਪਰੋਖੇ ਕਰਦਾ ਹੈ ਕਿ ਭਗਤੀ ਲਹਿਰ ਸ਼ੂਦਰਾਂ ਦੀ ਲਹਿਰ ਸੀ। ਪੰਜਾਬ ਵਿਚ ਛੋਟੀ ਵਪਾਰੀ ਜਮਾਤ ਦੀ ਅਗਵਾਈ ਵਿਚ ਸਾਰੇ ਸ਼ੂਦਰਾਂ ਨੂੰ ਸ਼ਾਮਿਲ ਕਰਕੇ ਅਗਾਂਹ ਵੱਧਦੀ ਲਹਿਰ ਸੀ। ਮੁਸਲਮਾਨੀ ਰਾਜ ਵਿਚ ਭਗਤਾਂ ਉਪਰ ਜਿਹੜੇ ਜ਼ੁਲਮਾਂ ਦਾ ਹਵਾਲਾ ਦਿੱਤਾ ਜਾਂਦਾ ਹੈ, ਉਸ ਵਿਚ ਵੀ ਇਕ ਤੱਥ ਲੁਕੋ ਲਿਆ ਜਾਂਦਾ ਹੈ ਕਿ ਭਗਤਾਂ ਖਿਲਾਫ਼ ਸਾਰੀਆਂ ਸ਼ਿਕਾਇਤਾਂ ਬ੍ਰਾਹਮਣਾਂ ਵਲੋਂ ਹੀ ਕੀਤੀਆਂ ਗਈਆਂ। ਸਿੰਗਲ ਦਾ ਇਹ ਕਥਨ ਸਹੀ ਹੈ ਕਿ, ''ਭਗਤੀ ਲਹਿਰ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਇਸ ਨਾਲ਼ ਭਗਤੀ ਦੀ ਵਾਗਡੋਰ ਪੰਡਾ ਪੁਰੋਹਿਤਵਾਦ ਹੱਥੋਂ ਨਿਕਲ਼ ਕੇ ਆਮ ਜੰਤਾ(ਸ਼ੂਦਰਾਂ) ਅਤੇ ਇਸ ਵਿਚੋਂ ਪੈਦਾ ਹੋਣ ਵਾਲੇ ਹਰ ਸੂਬੇ, ਹਰ ਜਾਤ ਦੇ ਸੰਤਾਂ ਭਗਤਾਂ ਹੱਥ ਆ ਗਈ ਅਤੇ ਨੀਚ ਜਾਤ ਦੇ ਬੰਦਿਆਂ ਅਤੇ ਇਸਤਰੀ ਜਾਤੀ ਨੂੰ ਵੀ ਭਗਤੀ ਦਾ ਪੂਰਾ-ਪੂਰਾ ਅਧਿਕਾਰ ਪਹਿਲੀ ਬਾਰ ਇੱਥੇ ਹੀ ਮਿਲ਼ਿਆ ਸੀ।''
(ਸਿੰਗਲ, ਪੰਨਾ-65)
ਕਬੀਰ, ਨਾਮਦੇਵ, ਰਵਿਦਾਸ, ਤ੍ਰਿਲੋਚਨ, ਧੰਨਾ, ਸੈਣ, ਸਧਨਾ ਆਦਿ ਸਾਰੇ ਦਲਿਤ (ਸ਼ੂਦਰ) ਜਾਤੀਆਂ ਵਿਚੋਂ ਸਨ। ਗੁਰੂ ਗ੍ਰੰਥ ਸਾਹਿਬ ਵਿਚ ਭਗਤਾਂ ਵਿਚੋਂ ਸਭ ਤੋਂ ਵੱਧ ਬਾਣੀ ਕਬੀਰ ਦੀ ਹੈ। ਉਸ ਤੋਂ ਬਾਅਦ ਨਾਮਦੇਵ ਅਤੇ ਭਗਤ ਰਵਿਦਾਸ ਦੀ। ਇਨ੍ਹਾਂ ਤਿੰਨਾਂ ਨੇ ਭਾਰਤੀ ਸਮਾਜ ਉਪਰ ਆਪਣਾ ਪ੍ਰਭਾਵ ਪਾਇਆ ਅਤੇ ਉਨ੍ਹਾਂ ਦੀ ਬਾਣੀ ਸਮਕਾਲ ਵਿਚ ਵੀ ਆਪਣੇ ਵਿਚਾਰਾਂ ਕਰਕੇ ਪ੍ਰਭਾਵਸ਼ਾਲੀ ਬਣੀ ਹੋਈ ਹੈ। ਇਨ੍ਹਾਂ ਨੇ ਸਭ ਤੋਂ ਪਹਿਲਾਂ ਬ੍ਰਾਹਮਣ ਨਾਲ਼ ਵਿਚਾਰਧਾਰਕ ਟੱਕਰ ਲਈ ਅਤੇ ਆਪਣੀ ਵੱਖਰੀ ਪਛਾਣ ਸਥਾਪਿਤ ਕੀਤੀ। ਭਗਤ ਕਬੀਰ ਨੇ ਬ੍ਰਾਹਮਣ ਨਾਲੋਂ ਆਪਣੀ ਵੱਖਰੀ ਪਛਾਣ ਦੱਸੀ।
ਹਮ ਘਰ ਸੂਤੁ ਤਨਹਿ ਨਿਤ ਤਾਨਾ, ਕੰਠ ਜਨੇਊ ਤੁਮ੍ਹਾਰੇ।
ਤੁਮ ਤਉ ਬੇਦ ਪੜਹੁ ਗਾਇਤ੍ਰੀ, ਗੋਬਿੰਦ ਰਿਦੈ ਹਮਾਰੇ।
ਮੇਰੀ ਜਿਹਬਾ ਬਿਸਨ, ਨੈਨ ਨਾਰਾਇਣ, ਹਿਰਦੇ ਬਸਹਿ ਗੋਬਿੰਦਾ।
ਜਮ ਦੁਆਰ ਜਬ ਪੂਛਸਿ ਬਾਵਰੇ, ਤਬ ਕਿਆ ਕਹਿਸ ਮੁਕੰਦਾ। ਰਹਾਉ।
ਹਮ ਗੋਰੂ, ਤੁਮ ਗੁਆਰ ਗੋਸਾਈਂ ਜਨਮ ਜਨਮ ਰਖਵਾਰੇ।
ਕਬਹੂੰ ਨਾ ਪਾਰ ਉਤਾਰਿ ਚਰਾਇਹੁ ਕੈਸੇ ਖਸਮੁ ਹਮਾਰੇ।
ਤੂੰ ਬਾਮਨ ਮੈ ਕਾਸੀ ਕਾ ਜੁਲਹਾ ਬੂਝਹੁ ਮੋਰ ਗਿਆਨਾ।
ਤੁਮ ਤੋ ਜਾਚੇ ਭੂਪਤਿ ਰਾਜੇ, ਹਰ ਸਿਉ ਮੋਰ ਧਿਆਨਾ।
                (ਆਸਾ ਕਬੀਰ)
ਕਬੀਰ-ਬ੍ਰਾਹਮਣ ਸੰਵਾਦ ਬੜਾ ਤਿੱਖਾ ਹੈ। ਜੁਲਾਹਾ ਤਾਣਾ ਤਣਦਾ ਹੈ ਪਰ ਬ੍ਰਾਹਮਣ ਜਨੇਊ ਪਾ ਕੇ ਊਚਾ ਬਣਦਾ ਹੈ, ਇਕ ਵਿਹਲਾ ਦੂਜਾ ਕਾਮਾ। ਇਕ ਬਾਹਰੀ ਗਾਇਤ੍ਰੀ ਮੰਤਰ ਉਚਾਰਦਾ ਹੈ, ਦੂਜੇ ਦੇ ਹਿਰਦੇ ਵਿਚ ਗੋਬਿੰਦ ਹੈ। ਜਮ ਦੇ ਦੁਆਰ ਤੇ ਜਾ ਕੇ ਬ੍ਰਾਹਮਣ ਨੂੰ ਕਹਿਣ ਨੂੰ ਕੁਝ ਨਹੀਂ। ਬ੍ਰਾਹਮਣ ਰਾਜਿਆਂ ਅੱਗੇ ਜਾਚਕ ਬਣਦਾ ਹੈ ਪਰ ਕਾਮਾ ਕਬੀਰ ਹਰਿ ਵਲ ਧਿਆਨ ਲੱਗਾ ਰਿਹਾ ਹੈ। ਕਬੀਰ ਦੀ ਬ੍ਰਾਹਮਣ ਨਾਲ਼ ਤਕਰਾਰ ਇਸ ਤੋਂ ਵੀ ਤਿੱਖੀ ਹੁੰਦੀ ਦਿਖਾਈ ਦਿੰਦੀ ਹੈ।
ਜੇ ਤਉ ਬ੍ਰਾਹਮਣ ਬ੍ਰਾਹਮਣੀ ਜਾਇਆ, ਅਨਿ ਵਾਟੁ ਕਾਹੇ ਨਹੀਂ ਆਇਆ।
ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ।
ਜਦੋਂ ਕਬੀਰ ਆਪਣੀ ਥਾਂ ਤੋਂ ਕਹਿੰਦਾ ਹੈ ਕਿ 'ਅਵਲ ਅਲਹੁ ਨੂਰ ਉਪਾਇਆ, ਕੁਦਰਤਿ ਕੇ ਸਭ ਬੰਦੇ। ਇਕ ਨੂਰੁ ਤੇ ਸਭ ਜਗੁ ਉਪਜਿਆ, ਕੌਨ ਭਲੇ ਕੌਨ ਮੰਦੇ' ਤਾਂ ਉਹ ਸੱਚ ਮੁੱਚ ਬਰਾਬਰੀ ਦੀ ਗੱਲ ਕਰ ਰਿਹਾ ਹੈ। ਬ੍ਰਾਹਮਣ ਗ੍ਰੰਥਾਂ ਵਿਚ ਸ਼ੂਦਰ ਕਿਤੇ ਬਰਾਬਰ ਨਹੀਂ ਹੈ। ਕਬੀਰ ਆਪਣੀ ਥਾਂ ਤੋਂ ਬਰਾਬਰੀ ਦਾ ਸੰਕਲਪ ਦੇ ਰਿਹਾ ਹੈ। ਸ਼ਬਦਾਵਲੀ ਸਾਮੀ ਸਭਿਆਚਾਰ ਦਾ ਪ੍ਰਭਾਵ ਵੀ ਲੈ ਕੇ ਆ ਰਹੀ ਹੈ।
ਭਗਤ ਰਵਿਦਾਸ ਜਦੋਂ ਆਪਣੇ ਆਪ ਨੂੰ 'ਕਹਿ ਰਵਿਦਾਸ ਚਮਾਰਾ' ਕਹਿੰਦਾ ਹੈ ਤਾਂ ਉਹ ਬ੍ਰਾਹਮਣ ਨੂੰ ਆਪਣੇ ਕਾਮੇ ਹੋਣ ਦਾ ਉਸੇ ਤਰ੍ਹਾਂ ਸ਼ੀਸ਼ਾ ਦਿਖਾਉਂਦਾ ਹੈ ਜਿਵੇਂ ਕਬੀਰ ਨੇ ਦਿਖਾਇਆ ਹੈ। ਇਥੇ ਇਹ ਭਗਤ ਇਕ ਪਾਸੇ ਬ੍ਰਾਹਮਣਵਾਦੀ ਸੋਚ ਨੂੰ ਨਕਾਰ ਰਹੇ ਹਨ ਦੂਜੇ ਪਾਸੇ ਵਿਦੇਸ਼ੀ ਸੱਤਾ-ਸਭਿਆਚਾਰ ਨੂੰ ਵੀ ਪ੍ਰਵਾਨ ਨਹੀਂ ਕਰਦੇ। ਇਸ ਦੁਵੱਲੇ ਵਿਰੋਧ ਵਿਚੋਂ ਭਗਤ ਰਵਿਦਾਸ ਦਾ 'ਬੇਗ਼ਮਪੁਰੇ' ਦਾ ਸੰਕਲਪ ਉਜਾਗਰ ਹੁੰਦਾ ਹੈ। ਇਥੇ ਗ਼ੁਲਾਮੀ ਨਹੀਂ, ਦੁੱਖ ਦਰਦ ਨਹੀਂ। ਉਥੇ ਹਮੇਸ਼ਾ ਖ਼ੈਰ-ਸੁੱਖ ਹੈ। ਉਥੇ ਕੋਈ ਦੋਮ (ਹੇਠਲੀ ਜਾਤੀ) ਸੇਮ (ਅਤਿ ਸ਼ੂਦਰ) ਨਹੀਂ। ਅਜਿਹੇ ਵਿਚਾਰ ਰੱਖਣ ਵਾਲਾ ਵਿਅਕਤੀ ਭਗਤ ਰਵਿਦਾਸ ਦਾઑ'ਹਮ ਸ਼ਹਿਰੀ' ਹੈ। ਇਹੋ ਜਿਹੇ ਸ਼ਹਿਰੀ ਭਗਤ ਕਵੀ ਹੀ ਸਨ। ਇਨ੍ਹਾਂ ਦੀ ਲਹਿਰ ਇਵੇਂ ਇਕ ਵੱਖਰੇ ਬ੍ਰਾਹਮਣਵਾਦ ਵਿਰੋਧੀ (ਜਾਤ-ਪਾਤ ਵਿਰੋਧੀ) ਲਹਿਰ ਬਣਦੀ ਹੈ।
ਬੇਗ਼ਮਪੁਰਾ ਸਹਿਰ ਕੋ ਨਾਉ,
ਦੂਖੁ ਅੰਦੋਹ ਨਹੀਂ ਤਿਹਿ ਠਾਉ।
ਨਾ ਤਸਵੀਸ ਖਿਰਾਜ ਨਾ ਮਾਲ।
ਖਉਫ਼ ਨਾ ਖ਼ਤਾ ਨਾ ਤਰਸ ਜਵਾਲ।
ਅਬਿ ਮੋਹਿ ਖੂਬ ਵਤਨ ਗਹ ਪਾਈ।
ਊਹਾ ਖ਼ੈਰ ਸਦਾ ਮੇਰੇ ਭਾਈ। ਰਹਾਉ।
ਕਾਇਮ ਦਾਇਮ ਸਦਾ ਪਾਤਸਾਹੀ।
ਦੋਮ ਨਾ ਸੇਮ ਏਕ ਸੋ ਆਹੀ।
ਆਬਾਦਾਨ ਸਦਾ ਮਸਹੂਰ।
ਊਹਾ ਗਨੀ ਬਸਹਿ ਮਾਮੂਰ।
ਤਿਉ ਤਿਉ ਸੈਲ ਕਰਹਿ, ਜਿਉ ਭਾਵੈ।
ਮਹਰਮ ਮਹਲ ਨਾ ਕੋ ਅਟਕਾਵੈ।
ਕਹਿ ਰਵਿਦਾਸ ਖਲਾਸ ਚਮਾਰਾ।
ਜੋ ਹਮ ਸਹਰੀ ਸੁ ਮੀਤ ਹਮਾਰਾ।
ਬ੍ਰਹਮਨ ਬੈਸ ਸ਼ੂਦ ਅਰੁ ਖਤ੍ਰੀ,
ਡੋਮ ਚੰਡਾਰ ਮਲੇਛ ਮਨ ਸੋਇ।
ਹੋਇ ਪੁਨੀਤ ਭਗਵੰਤ ਭਜਨ ਤੇ,
ਆਪ ਤਾਰਿ ਤਾਰੇ ਕੁਲ ਦੋਇ।       (ਬਿਲਾਵਲੁ ਰਵਿਦਾਸ)
ਭਗਤ ਕਵੀਆਂ ਦੀ ਇਕ ਸਾਂਝੀ ਸੋਚ ਇਹ ਹੈ ਕਿ ਇਹ ਨਾ ਤਾਂ ਇਸ ਸੰਸਾਰ ਤੋਂ ਪਾਰ ਜਾਂਦੇ ਹਨ ਤੇ ਨਾਹੀ ਪਦਾਰਥਕ ਲੋੜਾਂ ਤੋਂ ਇਨਕਾਰੀ ਹਨ। ਉਨ੍ਹਾਂ ਲਈ ਪਦਾਰਥਕ ਲੋੜਾਂ ਪਹਿਲਾਂ ਹਨ, ਰਹੱਸਵਾਦੀ ਦੁਨੀਆਂ ਬਾਅਦ ਵਿਚ। ਇਹ ਇਸੇ ਕਰਕੇ ਹੈ ਕਿ ਇਹ ਸਾਰੇ ਕਾਮਾ ਸ਼੍ਰੇਣੀ ਵਿਚੋਂ ਸਨ, ਖੇਤੀਬਾੜੀ, ਜੁਲਾਹਾ, ਚਮੜੇ ਦਾ ਕੰਮ, ਕਸਾਈ, ਝੀਊਰ, ਦਰਜੀ ਆਦਿ ਕਿੱਤਿਆਂ ਨਾਲ਼ ਜੁੜੇ ਹੋਏ ਸਨ। ਕਬੀਰ ਦੀ ਏਹ ਉਕਤੀ ਹਰ ਜੁਬਾਨ ਤੇ ਹੈ ਕਿ 'ਭੂਖੇ ਭਗਤ ਨਾ ਕੀਜੈ, ਇਹ ਮਾਲ਼ਾ ਆਪਨੀ ਲੀਜੈ।' ਇਸੇ ਵਿਚਾਰ ਨਾਲ਼ ਸਹਿਮਤੀ ਧੰਨਾ ਭਗਤ ਦੀ ਹੈ ਜੋ ਗੋਪਾਲ ਤੋਂ ਦਾਲ਼, ਆਟਾ, ਘਿਉ, ਜੁੱਤੀ, ਅਨਾਜ, ਲਵੇਰੀ ਗਾਂ-ਮੱਝ, ਘੋੜੀ ਤੇ ਘਰਵਾਲ਼ੀ ਦੀ ਮੰਗ ਕਰਦਾ ਹੈ।
ਗੋਪਾਲ ਤੇਰਾ ਆਰਤਾ।
ਜੋ ਜਨ ਤੁਮਰੀ ਭਗਤ ਕਰੰਤੇ, ਤਿਨਕੇ ਕਾਜ ਸਵਾਰਤਾ।
ਦਾਲ ਸੀਧਾ ਮਾਂਗਉ ਘੀਉ, ਹਮਰਾ ਖੁਸੀ ਕਰੈ ਨਿਤ ਜੀਉ।
ਪਨੀਆ ਛਾਦਨ ਨੀਕਾ, ਅਨਾਜ ਮਾਂਗਉ ਸਤ ਸੀਕਾ।
ਗਊ ਭੈਸ ਮਾਂਗਉ ਲਵੇਰੀ, ਇਕ ਤਾਜਨਿ ਤੁਰੀ ਚੰਗੇਰੀ।
ਘਰ ਕੀ ਗੀਹਨਿ ਚੰਗੀ, ਜਨੁ ਧੰਨਾ ਲੇਵੈ ਮੰਗੀ।
'ਪੰਜਾਬ ਵਿਚ ਗੁਰੂ ਖਤਰੀ ਹਨ ਪਰ ਉਹ 'ਨੀਚਾਂ' ਦੇ 'ਸੰਗਿ ਸਾਥ' ਹਨ। ਉਹ ਭਗਤ ਕਵੀਆਂ ਨੂੰ ਆਪਣੇ ਨਾਲ਼ ਰਲ਼ਾ ਕੇ ਬ੍ਰਾਹਮਣਵਾਦ ਖ਼ਿਲ਼ਾਫ਼ ਇਕ ਵੱਡੀ ਮੁਹਿੰਮ ਦਾ ਆਗਾਜ਼ ਕਰਦੇ ਹਨ। ਉਹ ਬ੍ਰਾਹਮਣ ਦੇ ਨਾਲ਼ ਨਾਲ਼ ਜੋਗੀ ਅਤੇ ਮੁੱਲਾਂ ਨੂੰ ਵੀ ਨਿਸ਼ਾਨੇ ਤੇ ਲਿਆਉਂਦੇ ਹਨ। ਸੰਤ ਸਿੰਘ ਸੇਖੋਂ ਨੇ ਸਾਹਿਤਾਰਥ ਪੁਸਤਕ ਵਿਚ ਇਸ ਬਣੇ ਗੱਠਜੋੜ ਨੂੰ ਬਹੁਤ ਮਹੱਤਵ ਦਿੱਤਾ ਹੈ। ਉਨ੍ਹਾਂ ਦੀ ਕਸਵੱਟੀ ਸੀ 'ਓਹ ਸਭ ਤੇ ਊਚਾ, ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨੁ' ਇਸੇ ਕਸਵੱਟੀ ਤੋਂ ਭਿੱਟ-ਸੁੱਚ ਦੇ ਵਿਚਾਰਾਂ ਦਾ ਤਿਆਗ ਕਰਕੇ ਉਨ੍ਹਾਂ ਦੇ ਸਾਰੇ ਭਗਤਾਂ ਦੀ ਉਪਮਾ ਕੀਤੀ ਹੈ ਜਿਨ੍ਹਾਂ ਦੇ ਕਿੱਤੇ ਘਟੀਆ ਗਿਣੇ ਜਾਂਦੇ ਸਨ ਪਰ ਭਗਵਾਨ ਨੂੰ ਮਨ ਵਿਚ ਵਸਾ ਕੇ ਇਹ ਉਚੇਰੇ ਪਦ ਨੂੰ ਪ੍ਰਾਪਤ ਹੋਏ। ਹੇਠ ਲਿਖੀਆਂ ਪੰਗਤੀਆਂ ਸਪੱਸ਼ਟ ਹਨ।
ਨੀਚਾ ਅੰਦਰਿ ਨੀਚੁ ਜਾਤਿ, ਨੀਚੀ ਹੂ ਅਤਿ ਨੀਚੁ।
ਨਾਨਕ ਤਿਨ ਕੇ ਸੰਗਿ ਸਾਥਿ ਵੱਡਿਆਂ ਸਿਉਂ ਕਿਆ ਰੀਸ
ਜਿਥੇ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ।
            (ਸ੍ਰੀ ਰਾਗੁ ਮਹਲਾ ਪਹਿਲਾ)
ਜਨ ਨਾਨਕ ਤਿਨ ਕੇ ਚਰਨ ਖਖਾਲੇ ਜੋ ਹਰਿ ਜਨ ਨੀਚੁ ਜਾਤਿ ਸੇਵਕਾਣੁ।
(ਗੋਂਡ ਮਹਲਾ ਚੌਥਾ)
ਭਾਰਤ ਵਿਚ ਅੰਗ੍ਰੇਜ਼ੀ ਰਾਜ ਸਥਾਪਿਤ ਹੋਣ ਨਾਲ਼ ਜਾਤਪਾਤ ਵਿਰੁੱਧ ਨਵੇਂ ਸਿਰਿਉਂ ਅੰਦੋਲਨ ਉਠਣੇ ਸ਼ੁਰੂ ਹੋਏ ਇਸਦੇ ਸੂਤਰਧਾਰ ਜਯੋਤੀਬਾ ਫੂਲੇ (1827ਈ.-1890ਈ.) ਅਤੇ ਡਾ. ਅੰਬੇਡਕਰ (1891ਈ.-1956ਈ.) ਬਣੇ। ਮਹਾਤਮਾ ਫੂਲੇ ਸਿਰਜਣਾਤਮ ਸਾਹਿਤਕਾਰ ਸਨ ਜਿਸਨੇ ਸ਼ਿਵਜੀ ਉਪਰ ਨਾਟਕ ਵੀ ਲਿਖਿਆ। ਫੂਲੇ ਨੇ ਇਹ ਪਛਾਣ ਕੀਤੀ ਕਿ ਬ੍ਰਾਹਮਣਾਂ ਦੁਆਰਾ ਲਿਖੇ ਗਏ ਗ੍ਰੰਥ ਬ੍ਰਾਹਮਣਾਂ ਨੂੰ ਹੀ ਸਥਾਪਿਤ ਕਰਦੇ ਹਨ। ਫੂਲੇ ਨੇ ਇਨ੍ਹਾਂ ਨੂੰ ਸ਼ਾਤਰ, ਹੰਕਾਰੀ, ਕੱਟੜ, ਸਵੈ-ਪ੍ਰਸੰਸਕ ਆਦਿ ਕਿਹਾ ਹੈ ਜਿਨ੍ਹਾਂ ਨੇ ਵਿਰੋਧੀਆਂ ਨੂੰ ਸ਼ੂਦਰ, ਮਹਾਰੀ (ਵੱਡਾ ਦੁਸ਼ਮਣ), ਅੰਤਿਅਜ, ਚਾਂਡਾਲ ਅਤੇ ਰਾਕਸ਼ਸ਼ ਨਾਮ ਨਾਲ਼ ਸੰਬੋਧਿਤ ਕੀਤਾ। ਫੂਲੇ ਤੇ ਡਾ. ਅੰਬੇਡਕਰ ਸ਼ੂਦਰਾਂ ਨੂੰ ਮੂਲ਼ ਰੂਪ ਵਿਚ ਖੱਤਰੀ ਮੰਨਦੇ ਹਨ ਜਿਨ੍ਹਾਂ ਨੂੰ ਪਰਸੁਰਾਮ ਵਰਗੇ ਬ੍ਰਾਹਮਣਾਂ ਨੇ ਤਬਾਹ ਕਰਕੇ ਅਛੂਤ ਬਣਾ ਦਿੱਤਾ। ਇਸ ਧਾਰਣਾ ਨਾਲ਼ ਸਹਿਮਤ ਨਾ ਹੋਣ ਦੇ ਕਈ ਕਾਰਣ ਹਨ ਪਰ ਇਥੇ ਸੰਕੇਤ ਮਾਤਰ ਹੀ ਕਾਫ਼ੀ ਹੈ। ਫੂਲੇ ਅਨੁਸਾਰ ਬ੍ਰਾਹਮਣਾਂ ਨੇ ਸ਼ੂਦਰ ਨੂੰઑ'ਆਮ ਮਾਨਵੀ ਅਧਿਕਾਰਾਂ ਤੋਂ ਵੀ ਵਾਂਝਿਆਂ ਰੱਖਿਆ' ਅਤੇ ਇਨ੍ਹਾਂ ਦਾ, 'ਮੁੱਖ ਮਕਸਦ ਝੂਠੀਆਂ ਸੱਚੀਆਂ ਕਹਾਣੀਆਂ ਰਾਹੀਂ ਅਣਜਾਣ ਲੋਕਾਂ ਨੂੰ ਧੋਖਾ ਦੇ ਕੇ ਉਨ੍ਹਾਂ ਨੂੰ ਗੁਲਾਮ ਬਣਾਉਣਾ ਸੀ।' ਫੂਲੇ ਦੀ ਪੁਸਤਕ 'ਗੁਲਾਮਗਿਰੀ' ਇਨ੍ਹਾਂ ਵਿਚਾਰਾਂ ਦਾ ਹੀ ਵਿਸਤਾਰ ਹੈ। ਕਈ ਲੋਕ ਅੰਗਰੇਜ਼ਾਂ ਦੀਆਂ ਸਿਫ਼ਤਾਂ ਕਰਦੇ ਸਨ ਪਰ ਫੂਲੇ ਨੇ ਜ਼ੋਰ ਦੇ ਕੇ ਕਿਹਾ, ਕਿ ਇਨ੍ਹਾਂ ਨੇ ਆਮ ਲੋਕਾਂ ਨੂੰ ਅਣਗੌਲ਼ਿਆਂ ਕੀਤਾ ਅਤੇ ਕੇਵਲ ਉਪਰਲ਼ਿਆਂ ਉਪਰ ਹੀ ਪੈਸਾ ਖਰਚ ਕੀਤਾ। ਇਸ ਲਈ ਫੂਲੇ ਤੇ ਉਸਦੀ ਪਤਨੀ ਨੇ ਸਾਰਾ ਜੀਵਨ ਸ਼ੂਦਰਾਂ ਨੂੰ ਸਿਖਿਆ ਦੇਣ ਵਿਚ ਲਾਇਆ। ਦੋਨਾਂ ਨੇ ਸਭ ਤੋਂ ਪਹਿਲਾਂ  ਸ਼ੂਦਰ ਕੁੜੀਆਂ ਲਈ ਸਕੂਲ ਖੋਲ੍ਹਿਆ। ਕਾਮਿਆਂ ਲਈ ਰਾਤ ਦਾ ਸਕੂਲ ਚਲਾਇਆ। ਬਿਨ ਪਿਉਆਂ ਬੱਚਿਆਂ ਤੇ ਉਨ੍ਹਾਂ ਦੀਆਂ ਮਾਵਾਂ ਲਈ ਘਰ ਬਣਵਾਇਆ, ਅਛੂਤਾਂ ਲਈ ਪਾਣੀ ਦਾ ਤਲਾਅ ਬਣਾਇਆ ਅਤੇ ઑ'ਸਤਯਸ਼ੋਧਕ' ਸਮਾਜ ਦੀ ਸਥਾਪਨਾ ਕੀਤੀ।
ਬੀ.ਟੀ. ਰਣਦੀਵੇ ਨੇ ਆਪਣੇ ਕਿਤਾਬਚੇ 'ਜਾਤ ਵਰਗ ਅਤੇ ਜਾਇਦਾਦ ਦੇ ਸੰਬੰਧ' ਵਿਚ ਜੋਤੀਬਾ ਫੂਲੇ, ਪੈਰੀਆਰ ਅਤੇ ਡਾ. ਅੰਬੇਡਕਰ ਦਾ ਸੰਖੇਪ ਪਰ ਬੜਾ ਡੂੰਘਾ ਵਿਸ਼ਲੇਸ਼ਣ ਕੀਤਾ ਹੈ। ਰਣਦੀਵੇ ਨੇ ਫੂਲੇ ਦੀ ਗੈਰ-ਸਮਝੌਤਾਵਾਦੀ ਨੀਤੀ ਦੀ ਬਣਦੀ ਪ੍ਰਸੰਸਾ ਕੀਤੀ ਹੈ। ਰਣਦੀਵੇ ਨੇ ਸਤਯਸ਼ੋਧਕ ਅੰਦੋਲਨ ਬਾਰੇ ਲਿਖਿਆ ਹੈ ਕਿ, ''ਇਸ ਵਿਚ ਕੋਈ ਅਚਰਜ ਨਹੀਂ ਕਿ ਅੰਦੋਲਨ ਦਾ ਮੂਲ਼ ਨਾ ਸਤ/ਸੋ ਅੰਦੋਲਨ ਸੀ, ਇਹ ਅੰਦੋਲਨ ਬ੍ਰਾਹਮਣਾਂ ਦੀ ਸਰਵ-ਉੱਚਤਾ 'ਤੇ ਆਧਾਰਿਤ ਹਿੰਦੂ ਸਮਾਜ ਵਿਵਸਥਾ ਦੇ ਝੂਠ ਅਨਿਆਂ ਅਤੇ ਦੋਗਲੇਪਨ ਦਾ ਵਿਰੋਧ ਕਰਨ ਵਾਲ਼ਾ ਅੰਦੋਲਨ ਸੀ। ਉਨ੍ਹਾਂ ਨੇ ਬ੍ਰਾਹਮਣਾਂ ਅਤੇ ਉਨ੍ਹਾਂ ਦੀ ਵਿਚਾਰਧਾਰਾ ਦੇ ਖ਼ਿਲਾਫ਼ ਆਪਣਾ ਧਰਮ ਯੁੱਧ ਛੇੜ ਰੱਖਿਆ ਸੀ, ਜਾਤੀਆਂ ਦੀ ਉਤਪਤੀ ਦਾ ਅਤੇ ਧਾਰਣਾ ਦਾ ਪਰਦਾਫ਼ਾਸ਼ ਕੀਤਾ, ਉਨ੍ਹਾਂ ਨੇ ਸਭ ਦੇ ਲਈ ਪੂਰਣ ਸਮਾਨਤਾ ਦੀ ਮੰਗ ਕੀਤੀ, ਮੁਸਲਮਾਨਾਂ ਅਤੇ ਇਸਾਈਆਂ ਦੇ ਨਾਲ਼ ਸਮਾਨਤਾ ਦਾ ਵਿਹਾਰ ਕਰਨ ਦੀ ਮੰਗ ਕੀਤੀ, ਹੇਠਲੇ ਤੋਂ ਹੇਠਲੇ ਤਬਕੇ ਲਈ ਸਿਖਿਆ ਦੀ ਮੰਗ ਕੀਤੀ ਅਤੇ ਮਰਦ ਔਰਤ ਦੀ ਬਰਾਬਰੀ ਉਪਰ ਜੋਰ ਦਿੱਤਾ। ਕੁੱਲ ਮਿਲ਼ਾ ਕੇ ਉਨ੍ਹਾਂ ਨੇ ਅਸਮਾਨਤਾ ਉਪਰ ਆਧਾਰਿਤ ਪੁਰਾਣੀ ਵਿਵਸਥਾ ਦੇ ਖ਼ਿਲਾਫ਼ ਖੁਲ੍ਹੀ ਜੰਗ ਦਾ ਐਲਾਨ ਕੀਤਾ।'' ਵਿਲਾਸ ਸੋਣਵਣੇ ਨੇ ਸਾਡਾ ਧਿਆਨ ਇਸ ਤੱਥ ਵਲ ਦੁਆਇਆ ਹੈ ਕਿ 1876 ਈ. ਦੀ ਸ਼ਾਹੂਕਾਰਾਂ ਖ਼ਿਲਾਫ਼ ਲੜਾਈ ਜਿਸਨੂੰ 'ਡਕਨਰਾਇਟਸ' ਕਿਹਾ ਜਾਂਦਾ ਹੈ ਉਸਦੀ ਅਗਵਾਈ ਜੋਤੀਬਾ ਫੂਲੇ ਨੇ ਕੀਤੀ। ਸੋਨਵਣੇ ਅਨੁਸਾਰ, ''ਫੂਲੇ ਜਾਤੀ ਪ੍ਰਥਾ ਦੇ ਖ਼ਿਲਾਫ਼ ਜ਼ਰੂਰ ਸਨ ਪਰੰਤੂ ਭਾਰਤ ਵਿਚ ਜੋ ਵਰਗ ਬਣੇ ਉਨ੍ਹਾਂ ਵਿਚ ਵਰਗ ਸੰਘਰਸ਼ ਦਾ ਪਹਿਲਾ ਲੀਡਰ, ਜੋਤੀਬਾ ਫੂਲੇ ਸੀ।'' (ਨਯਾਪਥ, ਅਕਤੂਬਰ 2015-ਜੂਨ 2016, ਪੰਨਾ-226) ਫੂਲੇ ਤੋਂ ਬਾਅਦ ਅੰਦੋਲਨ ਕੋਹਲਾਪੁਰ ਦੇ ਮਹਾਰਾਜੇ ਦੀ ਲੀਡਰਸ਼ਿਪ ਹੇਠ ਆ ਗਿਆ ਜਿਸਦਾ ਹਰਾਸ ਹੋਣਾ ਸੁਭਾਵਿਕ ਸੀ।
ਇਸੇ ਸਮੇਂ ਈ. ਵੀ. ਐਮ. ਪੈਰੀਆਰ ਨੇ ਵੀ ਜਾਤੀ-ਪ੍ਰਥਾ ਦੇ ਖਿਲਾਫ਼ ਆਪਣੇ ਢੰਗ ਨਾਲ਼ ਥੋੜ੍ਹ ਚਿਰੀ ਲੜਾਈ ਲੜੀ। ਮਾਰਗ੍ਰੇਟ ਰੌਸਬਰਨਟ ਅਨੁਸਾਰ ''ਉਸਨੇ ਕਾਂਗਰਸ ਦੇ ਉਚ ਜਾਤੀ ਰਵੱਈਏ ਅਤੇ ਸਮਾਜਿਕ ਰੂੜ੍ਹੀਵਾਦ ਦੇ ਖ਼ਿਲਾਫ਼ ਸਮਾਜ ਸੁਧਾਰ ਦਾ ਝੰਡਾ ਬੁਲੰਦ ਕੀਤਾ। ਉਸਨੇ ਸੋਵੀਅਤ ਸੰਘ ਦੀ ਯਾਤਰਾ ਤੋਂ ਬਾਅਦ ਥੋੜ੍ਹੇ ਜਿਹੇ ਸਮੇਂ ਤਕ ਹੀ ਸਹੀ ਕਮਿਊਨਿਜ਼ਮ ਦਾ ਅਭਿਆਨ ਵੀ ਚਲਾਇਆ ਅਤੇ ਜਿੰਮੀਦਾਰੀ ਪ੍ਰਥਾ ਦੇ ਵਿਰੁੱਧ ਇਕ ਸੰਮੇਲਨ ਵੀ ਕੀਤਾ।'' (ਨਯਾਪੱਥ, ਪੰਨਾ -261) 
ਡਾ. ਅੰਬੇਡਕਰ ਜਾਤ-ਪਾਤ ਦੇ ਵਿਰੋਧ ਕਰਨ ਵਾਲ਼ਿਆਂ ਵਿਚੋਂ ਸਭ ਤੋਂ ਵੱਧ ਪੜ੍ਹੇ ਲਿਖੇ ਤੇ ਮੋਹਰੀ ਸਨ। ਉਹ ਲਾਅ ਮਨਿਸਟਰ, ਕੰਸਟੀਟਿਊਸ਼ਨ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਅਤੇ ਲੇਬਰ ਮਨਿਸਟਰ ਵੀ ਰਹੇ। ਉਨ੍ਹਾਂ ਨੇ ਸਮਤਾ ਸੈਨਿਕ ਦਲ, ਇੰਡੀਪੈਂਡੈਂਟ ਲੇਬਰ ਪਾਰਟੀ ਅਤੇ ਸ਼ਿਡਊਲਡ ਕਾਸਟ ਫੈਡਰੇਸ਼ਨ ਦਾ ਗਠਨ ਕੀਤਾ। ਉਨ੍ਹਾਂ ਨੂੰ ਔਰਤਾਂ ਦੇ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਲਈ ਖੜ੍ਹਾ ਹੋਣ ਵਾਲੇ ਨਿਆਂ ਸ਼ਾਸਤਰੀ, ਰਾਜਨੀਤੀ ਵੇਤਾ ਅਤੇ ਸਮਾਜ ਸੁਧਾਰਕ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਜਾਤਪਾਤ ਦੇ ਵਿਰੋਧੀ ਹੋਣ ਪਿੱਛੇ ਉਨ੍ਹਾਂ ਦਾ ਸਦੀਆਂ ਤੋਂ ਸ਼ੂਦਰਾਂ ਨਾਲ਼ ਹੋਈ ਬੇਇਨਸਾਫ਼ੀ ਦੇ ਅਹਿਸਾਸ ਅਤੇ ਸਮਝ ਤੋਂ ਇਲਾਵਾ ਕੌੜਾ ਨਿੱਜੀ ਅਨੁਭਵ ਵੀ ਸਨ। ਸਕੂਲ ਕਾਲ ਸਮੇਂ ਉਸਦੀ ਹਜਾਮਤ ਕਰਨ ਲਈ ਕੋਈ ਨਾਈ ਤਿਆਰ ਨਹੀਂ ਸੀ ਹੁੰਦਾ, ਇਹ ਹਜਾਮਤ ਉਸਦੀਆਂ ਭੈਣਾਂ ਕਰਦੀਆਂ। ਜਮਾਤ ਵਿਚ ਵਿਦਿਆਰਥੀਆਂ ਤੋਂ ਵੱਖ ਬੈਠਣਾ ਪੈਂਦਾ, ਉਸਨੂੰ ਕੋਈ ਉੱਚ ਜਾਤੀ ਦਾ ਵਿਦਿਆਰਥੀ ਦੂਰੋਂ ਖੜ ਕੇ ਪਾਣੀ ਪਿਲਾਉਂਦਾ, ਕ੍ਰਿਕਟ ਖੇਡਣ ਦੀ ਉਸ ਲਈ ਮਨਾਹੀ ਸੀ। ਇਸ ਸਭ ਨੇ ਡਾ. ਅੰਬੇਡਕਰ ਨੂੰ ਜਾਤਪਾਤ ਦੇ ਕੋਹੜ ਨਾਲ਼ ਨਿਰੰਤਰ ਲੜਾਈ ਲੜਨ ਲਈ ਤਿਆਰ ਕੀਤਾ।
ਜਾਤ-ਪਾਤ ਖਿਲ਼ਾਫ਼ ਮੁਕਤੀ ਅੰਦੋਲਨ ਸਮੁੱਚੇ ਭਾਰਤੀ ਸਮਾਜ ਲਈ ਮਹੱਤਵਪੂਰਣ ਹੈ। ਮੰਨੂ ਸਿਮ੍ਰਤੀ ਦੇ ਯੁੱਗ ਦੇ ਕਾਲ਼ੇ ਕਾਨੂੰਨਾਂ ਨੂੰ ਡਾ. ਅੰਬੇਡਕਰ 'ਅੰਧਕਾਰਮਈ ਅਤੇ ਅਗਿਆਨੀ ਯੁੱਗਾਂ ਵਿਚ ਤਿਆਰ ਕੀਤੇ ਗਏ ਕਾਨੂੰਨ' ਮੰਨਦੇ ਸਨ। ਉਨ੍ਹਾਂ ਦੇ ਆਪਣੇ ਚਲਾਏ ਅੰਦੋਲਨ ਬਾਰੇ ਵਿਚਾਰ ਸਨ ਕਿ, ''ਇਹ ਅੰਦੋਲਨ ਆਪਣੇ ਖ਼ਿਲਾਫ਼ ਹੋ ਰਹੇ ਭੇਦ ਭਾਵ ਨੂੰ ਖ਼ਤਮ ਕਰਨ ਦੇ ਲਈ ਹੀ ਨਹੀਂ, ਇਹ ਇਕ ਸਮਾਜਿਕ ਕ੍ਰਾਂਤੀ ਲਿਆਉਣ ਦੇ ਲਈ ਵੀ ਹੈ। ਇਹ ਕ੍ਰਾਂਤੀ ਇਨਸਾਨ ਦੁਆਰਾ ਜਾਤ ਪਾਤ ਦੇ ਬੰਧਨਾਂ ਨੂੰ ਖ਼ਤਮ ਕਰਨ ਦੇ ਲਈ ਵੀ ਹੈ। ਇਹ ਕ੍ਰਾਂਤੀ ਸਭ ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਦੇ ਲਈ ਵੀ ਹੈ। ਵਰਤਮਾਨ ਜਾਤ ਪਾਤ ਵਿਵਸਥਾ ਸਾਡੇ ਰਾਸ਼ਟਰ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਸਾਡਾ ਅੰਦੋਲਨ ਸ਼ਕਤੀ ਅਤੇ ਭਾਈਚਾਰੇ ਦੇ ਲਈ ਹੈ। ਅਸੀਂ ਉਨ੍ਹਾਂ ਸ਼ਾਸਤਰਾਂ ਅਤੇ ਸਿਮਰਤੀਆਂ ਦੁਆਰਾ ਨਿਯੰਤ੍ਰਿਤ ਹੋਣ ਅਤੇ ਬੰਨ੍ਹੇ ਜਾਣ ਤੋਂ ਇਨਕਾਰ ਕਰਦੇ ਹਾਂ ਜੋ ਕਾਲੇ ਕਾਨੂੰਨ ਅੰਧਕਾਰਮਈ ਅਤੇ ਅਗਿਆਨੀ ਯੁੱਗਾਂ ਵਿਚ ਤਿਆਰ ਕੀਤੇ ਗਏ ਸਨ। ਸਾਡੀ ਸਫ਼ਲਤਾ ਦੇਸ਼ ਦੀ ਮਹਾਨ ਸੇਵਾ ਹੋਵੇਗੀ।'' (ਰੌਣਕੀ ਰਾਮ, ਦਲਿਤ ਪਛਾਣ ਮੁਕਤੀ ਅਤੇ ਸ਼ਕਤੀਕਰਨ, ਪਬਲਿਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2012, ਪੰਨਾ -117)
ਇਹ ਗੱਲ ਧਿਆਨ ਦੇਣ ਵਾਲ਼ੀ ਹੈ ਕਿ ਅੰਬੇਡਕਰ ਆਪਣੀਆਂ ਮੁਹਿੰਮਾਂ ਦੀਆਂ ਸੀਮਾਵਾਂ ਵੀ ਜਾਣਦੇ ਸਨ। ਜੇ ਉਹ ਸ਼ੂਦਰਾਂ ਨੂੰ ਮੰਦਿਰਾਂ ਵਿਚ ਦਾਖਲ ਕਰਵਾਉਣਾ ਚਾਹੁੰਦੇ ਸਨ ਤਾਂ ਉਹ ਇਸ ਪੱਖੋਂ ਵੀ ਸੁਚੇਤ ਕਰਦੇ ਹਨ ਕਿ, ઑ''ਮੰਦਰਾਂ ਵਿਚ ਪ੍ਰਵੇਸ਼ ਨਾਲ਼ ਤੁਹਾਡੀਆਂ ਸਮੱਸਿਆਵਾਂ ਖ਼ਤਮ ਨਹੀਂ ਹੋਣਗੀਆਂ। ਰਾਜਨੀਤੀ, ਅਰਥ ਸ਼ਾਸਤਰ, ਵਿਦਿਆ ਅਤੇ ਧਰਮ ਸਭ ਸਮੱਸਿਆ ਦਾ ਹਿੱਸਾ ਹਨ। ਸਾਨੂੰ ਪਤਾ ਹੈ ਕਿ ਮੰਦਰ ਵਿਚਲਾ ਭਗਵਾਨ ਪੱਥਰ ਦਾ ਹੈ। ਦਰਸ਼ਨ ਅਤੇ ਪੂਜਾ ਸਾਡੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਦੇ।''
ਵਿਲਾਸ ਸੋਣਵਣੇ ਨੇ ਡਾ. ਅੰਬੇਡਕਰ ਵਲੋਂ ਇੰਡੀਪੈਂਡੈਂਟ ਲੇਬਰ ਪਾਰਟੀ ਬਣਾਏ ਜਾਣ ਦੇ ਮਹੱਤਵ ਨੂੰ ਰੇਖਾਂਕਿਤ ਕਰਦਿਆਂ ਲਿਖਿਆ ਹੈ, ''ਅੰਬਡੇਕਰ ਨੇ ਜਦੋਂ 1936 ਵਿਚ ਇੰਡੀਪੈਂਡੈਂਟ ਲੇਬਰ ਪਾਰਟੀ ਬਣਾਈ ਤਾਂ ਉਥੋਂ ਦੇ (ਕੋਂਕਣ) ਜ਼ਿਲਾ ਪਰੀਸ਼ਦ ਦੀਆਂ ਚੋਣਾਂ ਵਿਚ ਰਤਨਾਗਿਰੀ ਜ਼ਿਲੇ ਵਿਚ 18 ਵਿਚੋਂ 14 ਸੀਟਾਂ ਲੇਬਰ ਪਾਰਟੀ ਨੂੰ ਮਿਲੀਆਂ ਪਰ ਬਾਅਦ ਵਿਚ ਜਦੋਂ ਕਮਿਊਨਲ ਅਵਾਰਡ ਮਿਲਣ ਲੱਗਾ ਤਾਂ ਸ਼ੂਦਰਾਂ ਦੇ ਪ੍ਰਤਿਨਿਧ ਵਜੋਂ ਉਸ ਸਾਹਮਣੇ ਪੇਸ਼ ਹੋਣ ਲਈ ਸ਼ਿਡਿਊਲਡ ਕਾਸਟ ਫੈਡਰੇਸ਼ਨ ਦਾ ਗਠਨ ਕਰ ਲਿਆ ਗਿਆ। ਸੋਣਵਣੇ ਨੇ ਇਹ ਤੱਥ ਉਭਾਰ ਕੇ ਪੇਸ਼ ਕੀਤਾ ਹੈ ਕਿ 1929 ਈ. ਤੋਂ ਲੈ ਕੇ 1936 ਈ. ਤਕ ਭਾਰਤ ਵਿਚ ਕਿਸਾਨਾਂ ਦੀ ਪਹਿਲੀ ਹੜਤਾਲ਼ ਮਹਾਂਰਾਸ਼ਟਰ ਕੋਲਾਬਾ ਜ਼ਿਲੇ ਵਿਚ ਹੋਈ ਜਿਸਦੇ ਚਾਰ ਨੇਤਾ ਸਨ ਬਹੁਗਿਣਤੀ ਵਿਚ ਡਾ. ਅੰਬੇਡਕਰ, ਸ਼ਿਆਮਾਰਾਉ ਪਰੂਲੇਕਰ, ਨਾਰਾਇਣ ਨਾਗੋਪਾਟਿਲ ਅਤੇ ਆਰ. ਬੀ. ਮੋਰੇ। ਇਹ ਹੜਤਾਲ ਜ਼ਮੀਦਾਰੀ ਦੇ ਖ਼ਿਲਾਫ਼ ਸੀ। ਇਸ ਇਲਾਕੇ ਵਿਚ ਮਹਾਰ ਜਾਤੀ ਜਿਸ ਵਿਚੋਂ ਡਾ. ਅੰਬੇਡਕਰ ਸਨ 4 ਹੋਣ ਦੇ ਬਾਵਜੂਦ ਇਸ ਇਲਾਕੇ ਵਿਚ ਮਨੂੰ ਸਿਮ੍ਰਤੀ ਜਲ਼ਾਈ ਜਾਂਦੀ ਹੈ। ਇਸ ਲੜਾਈ ਦਾ ਨਤੀਜਾ ਬੜਾ ਮਹੱਤਵਪੂਰਣ ਰਿਹਾ, ''ਕੋਂਕਣ ਵਿਚ ਜਾਵੋਗੇ ਤਾਂ ਜ਼ਿਮੀਂਦਾਰ ਦੇ ਖ਼ਿਲਾਫ ਜਿੰਨ੍ਹਾਂ ਨੇ ਵੀ ਲੜਾਈਆਂ ਲੜੀਆਂ ਉਨ੍ਹਾਂ ਸਾਰਿਆਂ ਦੇ ਘਰਾਂ ਵਿਚ ਅੰਬੇਡਕਰ ਦੀ ਤਸਵੀਰ ਮਿਲ਼ ਜਾਵੇਗੀ।'' (ਨਯਾਪੱਥ, ਪੰਨਾ-228)
ਬੀ.ਟੀ. ਰਣਦੀਵੇ ਨੇ ਡਾ. ਅੰਬੇਡਕਰ ਵਲੋਂ ਕਾਂਗਰਸੀ ਪਖੰਡਾਂ ਦੇ ਖ਼ਿਲਾਫ਼ ਕੀਤੇ ਤਿੱਖੇ ਹਮਲਿਆਂ ਦਾ ਜ਼ਿਕਰ ਕਰਦਿਆਂ ਸੰਵਿਧਾਨ ਨਿਰਮਾਤਾ ਦੇ ਤੌਰ ਤੇ ਉਨ੍ਹਾਂ ਦੀ ਤਾਰੀਫ਼ ਵੀ ਕੀਤੀ ਹੈ, ਪਰ ਨਾਲ਼ ਹੀ ਸੀਮਾ ਨੂੰ ਵੀ ਰੇਖਾਂਕਿਤ ਕੀਤਾ ਹੈ, ਜਿਸ ਕਰਕੇ ਡਾ. ਅੰਬੇਡਕਰ ਦਾ ਮੋਹ ਭੰਗ ਹੋਇਆ। ਉਹ ਲਿਖਦੇ ਹਨ, ''ਕਾਂਗਰਸੀ ਨੇਤਾਵਾਂ ਅਤੇ ਉਨ੍ਹਾਂ ਦੇ ਪਾਖੰਡਾਂ ਦੇ ਖ਼ਿਲਾਫ਼ ਅੰਬੇਡਕਰ ਵਰਗਾ ਤਿੱਖਾ ਤੇ ਲਗਾਤਾਰ ਹਮਲਾ ਹੋਰ ਕਿਸੇ ਨੇ ਸ਼ਾਇਦ ਹੀ ਕੀਤਾ ਹੋਏ। ਇਸਦੇ ਬਾਵਜੂਦ ਉਹ ਸਾਡੇ ਸੰਵਿਧਾਨ ਦੇ ਪ੍ਰਮੁੱਖ ਨਿਰਮਾਤਾਵਾਂ ਵਿਚੋਂ ਇਕ ਸਨ। ਇਹ ਉਹੀ ਸੰਵਿਧਾਨ ਹੈ ਜਿਸਨੂੰ ਹੁਣ ਤਕ ਕਾਂਗਰਸ ਲੋਕਤੰਤਰ ਦਾ ਬੇਮਿਸਾਲ ਨਮੂਨਾ ਕਹਿ ਕੇ ਉਸਦੀ ਤਾਰੀਫ਼ ਕਰਦੀ ਨਹੀਂ ਥੱਕਦੀ। ਇਹ ਉਹੀ ਸੰਵਿਧਾਨ ਹੈ ਜਿਸ ਅਧੀਨ ਅਛੂਤਾਂ ਦੇ ਘਰ ਜਲ਼ਾਏ ਜਾਂਦੇ ਹਨ, ਉਨ੍ਹਾਂ ਦੇ ਘਰ ਲੁੱਟੇ ਜਾਂਦੇ ਹਨ, ਉਨ੍ਹਾਂ ਦੀਆਂ ਔਰਤਾਂ ਨਾਲ਼ ਬਲਾਤਕਾਰ ਕੀਤਾ ਜਾਂਦਾ ਹੈ, ਉਨ੍ਹਾਂ ਦੀਆਂ ਹੱਤਿਆਵਾਂ ਹੁੰਦੀਆਂ ਹਨ। ਹੈਰਾਨੀ ਦੀ ਗੱਲ ਨਹੀਂ ਹੈ ਜੇਕਰ ਅੰਬੇਡਕਰ ਨੂੰ ਮਹਿਸੂਸ ਹੋਇਆ ਹੋਵੇ ਕਿ ਉਨ੍ਹਾਂ ਨਾਲ਼ ਧੋਖਾ ਕੀਤਾ ਗਿਆ ਹੈ।'' ਇਸ ਵਿਚ ਜੇ ਬੀਜੇਪੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਦਲਿਤਾਂ ਨਾਲ਼ ਕੀ ਹੋਇਆ ਉਹ ਵੀ ਜੋੜ ਦਿੱਤਾ ਜਾਵੇ ਤਾਂ ਸੰਵਿਧਾਨ ਦੀਆਂ ਸੀਮਾਵਾਂ ਹੋਰ ਵੀ ਸਪੱਸ਼ਟ ਰੂਪ ਵਿਚ ਸਾਹਮਣੇ ਆ ਜਾਂਦੀਆਂ ਹਨ। 

ਪੰਜਾਬ ਵਿਚ ਡਾ. ਅੰਬੇਡਕਰ ਦੇ ਸਮਕਾਲੀ ਬਾਬੂ ਮੰਗੂਰਾਮ ਮੁੱਗੋਵਾਲ਼ੀਆ ਵੀ ਦਲਿਤ ਉੱਥਾਨ ਲਈ ਕਾਰਜਸ਼ੀਲ ਸਨ। ਉਨ੍ਹਾਂ ਦਾ ਪ੍ਰੇਰਨਾ ਸਰੋਤ ਗ਼ਦਰ ਪਾਰਟੀ ਦਾ ਆਜ਼ਾਦ ਭਾਰਤ ਵਿਚ ਬਰਾਬਰੀ ਦਾ ਸੰਕਲਪ ਸੀ। ਗ਼ਦਰੀ ਲਹਿਰ ਦੇ ਕੇਂਦਰ ਵਿਚ ਰਹਿ ਕੇ ਉਨ੍ਹਾਂ ਇਹੋ ਮਹਿਸੂਸ ਕੀਤਾ। ਗ਼ਦਰੀ ਪਾਰਟੀ ਦੇ ਵਫ਼ਾਦਾਰ ਯੋਧੇ ਹੋਣ ਕਰਕੇ ਹੀ ਉਨ੍ਹਾਂ ਨੂੰ ਚਾਰ ਹੋਰ ਸਾਥੀਆਂ ਸਮੇਤ ਹਥਿਆਰ ਲੈ ਕੇ ਹਿੰਦੁਸਤਾਨ ਭੇਜਿਆ ਗਿਆ। ਗ਼ਦਰ ਲਹਿਰ ਦੀ ਨਾਕਾਮਯਾਬੀ ਸਦਕਾ ਇਸਦੇ ਮੈਂਬਰ ਵੱਖ-ਵੱਖ ਖੇਤਰਾਂ ਵਿਚ ਚਲੇ ਗਏ ਜਿਵੇਂ ਬੱਬਰ ਅਕਾਲੀ, ਕਿਰਤੀ ਲਹਿਰ, ਕਮਿਊਨਿਸਟ ਲਹਿਰ ਆਦਿ। ਪਰ ਬਾਬੂ ਮੰਗੂਰਾਮ ਨੇ 1925 ਵਿਚ ਵਾਪਸੀ ਤੋਂ ਬਾਅਦ ਆਦਿ ਧਰਮ ਲਹਿਰ ਦੀ ਸ਼ੁਰੂਆਤ ਕੀਤੀ। ਡਾ. ਅੰਬੇਡਕਰ ਵਾਂਗ ਨਿੱਜੀ ਅਨੁਭਵਾਂ ਦੇ ਆਧਾਰ 'ਤੇ ਉਹ ਦਲਿਤਾਂ ਦੀ ਸਥਿਤੀ ਤੋਂ ਡੂੰਘੀ ਤਰ੍ਹਾਂ ਵਾਕਿਫ਼ ਸਨ। ਇਸ ਲਈ ਉਨ੍ਹਾਂ ਨੇ ਸ਼ੂਦਰਾਂ ਨੂੰ ਹਿੰਦੂ ਧਰਮ ਤੋਂ ਵੱਖ ਆਦਿ-ਧਰਮੀ ਕਿਹਾ ਤੇ ਸਰਕਾਰ ਤੋਂ ਇਹ ਤੱਥ ਮੰਨਵਾ ਵੀ ਲਿਆ। ਉਨ੍ਹਾਂ ਦੀਆਂ ਮੰਗਾਂ ਵਿਚ-ਪੰਜਾਬ ਭੂਮੀ ਇੰਤਕਾਲ ਐਕਟ 1900 ਵਿਚ ਆਦਿ ਧਰਮੀਆਂ ਨੂੰ ਸਹੂਲਤਾਂ ਦੇਣ ਸੰਬੰਧੀ ਸੋਧ ਕਰਨਾ, ਹੋਰਨਾਂ ਵਾਂਗ ਜਾਇਦਾਦ ਦਾ ਅਧਿਕਾਰ ਦੁਆਉਣਾ, ਆਦਿ ਧਰਮੀਆਂ ਨੂੰ ਆਦਿ ਧਰਮੀਆਂ ਦੀ ਜ਼ਾਮਨੀ ਦਾ ਅਧਿਕਾਰ ਦੇਣਾ, ਇਨ੍ਹਾਂ ਉਂਪਰ ਜਰਾਇਮ-ਪੇਸ਼ਾ ਹੋਣ ਦੇ ਧੱਬੇ ਨੂੰ ਧੋਣਾ, ਆਦਿ ਧਰਮੀਆਂ ਨੂੰ ਵੀ ਬੈਂਕਾਂ ਵਲੋਂ ਕਰਜ਼ੇ ਦੇਣ ਦਾ ਪ੍ਰਬੰਧ ਕਰਵਾਉਣਾ ਆਦਿ ਸ਼ਾਮਲ ਸੀ। ਡੀ.ਸੀ. ਅਹੀਰ ਨੇ ਆਦਿ ਧਰਮ ਦੀ ਬੇਗਾਰ ਪ੍ਰਥਾ ਵਿਰੁੱਧ ਲੜਾਈ ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ ਕਿਉਂਕਿ ਇਨ੍ਹਾਂ ਨੇ ਹੀ ਬੇਗਾਰ ਪ੍ਰਥਾ ਬੰਦ ਕਰਵਾਈ। ਅਹੀਰ ਨੇ ਲਿਖਿਆ ਹੈ, ''ਆਦਿ ਧਰਮ ਮੰਡਲ ਨੇ ਬੇਗਾਰ ਪ੍ਰਥਾ ਵਿਰੁੱਧ ਸੰਘਰਸ਼ ਕੀਤਾ ਤੇ ਉਨ੍ਹਾਂ ਨੂੰ ਖ਼ਤਮ ਕਰਵਾਇਆ। ਮੰਡਲ ਨੇ ਪੰਜਾਬ ਇੰਤਕਾਲ ਇਰਾਜ਼ੀ ਕਾਨੂੰਨ ਵਿਰੁੱਧ ਜ਼ਬਰਦਸਤ ਸੰਘਰਸ਼ ਕੀਤਾ ਜਿਸ ਰਾਹੀਂ ਅਛੂਤਾਂ ਨੂੰ ਜ਼ਮੀਨ ਦਾ ਇਕ ਛੋਟਾ ਜਿਹਾ ਟੁਕੜਾ ਖਰੀਦਣ ਦੀ ਵੀ ਮਨਾਹੀ ਸੀ। ਆਦਿ ਧਰਮ ਮੰਡਲ 1931 ਦੀ ਮਰਦਮਸ਼ੁਮਾਰੀ ਸਮੇਂ ਆਪਣੀ ਪੂਰੀ ਚੜ੍ਹਤ ਉੱਤੇ ਸੀ। ਲਗਾਤਾਰ ਪ੍ਰਚਾਰ ਦੇ ਨਤੀਜੇ ਵਜੋਂ ਤਕਰੀਬਨ 5 ਲੱਖ ਲੋਕਾਂ ਨੇ ਆਪਣੇ ਆਪ ਨੂੰ ਆਦਿ ਧਰਮੀ ਐਲਾਨਿਆ।''
(ਅਨੁਵਾਦਕ ਬਲਬੀਰ ਮਾਧੋਪੁਰੀ
ਦੇਸ਼ ਦੁਆਬਾ, ਅਪ੍ਰੈਲ 27, 2017)
ਡਾ. ਅੰਬੇਡਕਰ ਅਤੇ ਬਾਬੂ ਮੰਗੂਰਾਮ ਇਕ ਦੂਜੇ ਤੋਂ ਵੱਖ ਪ੍ਰਸਥਿਤੀਆਂ ਵਿਚ ਕੰਮ ਕਰ ਰਹੇ ਸਨ, ਇਸ ਲਈ ਉਨ੍ਹਾਂ ਦੇ ਵਿਚਾਰਾਂ ਵਿਚ ਕੁਝ ਅੰਤਰ ਵੀ ਹੋ ਸਕਦਾ ਹੈ। ਪਰੰਤੂ ਦੋਨੋਂ ਸ਼ੂਦਰ ਜਾਤੀਆਂ ਦੇ ਨਿੱਜੀ ਅਨੁਭਵ ਲੈ ਕੇ ਵੱਖਰੇ ਪ੍ਰੇਰਣਾ ਸਰੋਤਾਂ ਅਧੀਨ ਇਨ੍ਹਾਂ ਦੇ ਉਥਾਨ ਵਲ ਪੂਰੀ ਪ੍ਰਤਿਬੱਧਤਾ ਨਾਲ਼ ਲੱਗੇ ਹੋਏ ਸਨ। ਇਸ ਲਈ ਇਨ੍ਹਾਂ ਦਰਮਿਆਨ ਸਾਂਝਾਂ ਵਧੇਰੇ ਹਨ। ਡੀ. ਸੀ. ਅਹੀਰ ਦਾ ਨਤੀਜਾ ਬਿਲਕੁਲ ਸਹੀ ਹੈ ਕਿ, 'ਦੋਵਾਂ ਆਗੂਆਂ ਦਾ ਵਿਸ਼ਵਾਸ ਆਪਣੀ ਮਦਦ ਆਪ ਕਰਨ ਵਿਚ ਸੀ ਅਤੇ ਆਪਣੇ ਮੰਤਵ-ਮਨੋਰਥ ਦੀ ਪ੍ਰਾਪਤੀ ਲਈ ਸ਼ਾਂਤਮਈ ਤਰੀਕਿਆਂ ਦੀ ਜੱਦੋ ਜਹਿਦ ਦੀ ਵਕਾਲਤ ਕਰਦੇ ਸਨ। ਦੋਵਾਂ ਨੇ ਸਿਖਿਆ ਉੱਤੇ ਭਰਵਾਂ ਜ਼ੋਰ ਦਿੱਤਾ। ਬਾਬਾ ਸਾਹਿਬ ਨੇ ਸਿਖਿਆ ਨੂੰ ਸਮੁੱਚੀ ਤਰੱਕੀ ਦੀ ਚਾਬੀ ਵਜੋਂ ਵਿਚਾਰਿਆ ਜਦਕਿ ਮੰਗੂ ਰਾਮ ਦਾ ਕਹਿਣਾ ਸੀ ਕਿ ઑਸਿੱਖਿਆ ਸਾਨੂੰ ਸੱਚਖੰਡ (ਸਚਾਈ ਦਾ ਮੰਡਲ) ਵਲ ਲਿਜਾਂਦੀ ਹੈ।' ਹੋਰ ਅੱਗੇ ਬਾਬਾ ਸਾਹਿਬ ਨੇ 'ਸਿਖਿਆ, ਸੰਘਰਸ਼ ਅਤੇ ਸੰਗਠਨ' ਦੀਆਂ ਤਿੰਨ ਪ੍ਰਮੁੱਖ ਗੱਲਾਂ ਲੋਕਾਂ ਨੂੰ ਮੰਨਣ ਲਈ ਆਖਿਆ ਜਦ ਕਿ ਬਾਬੂ ਮੰਗੂਰਾਮ ਅਨੁਸਾਰ ਗਰੀਬਾਂ ਕੋਲ਼ ਤਿੰਨ ਕਿਸਮ ਦੀਆਂ ਤਾਕਤਾਂ ਹਨ, ਕੌਮੀਅਤ (ਸਾਮੂਹਿਕ ਇਕਮੁੱਠਤਾ), ਮਜ਼੍ਹਬ (ਅਧਿਆਤਮਕਤਾ) ਅਤੇ  ਮਜਲਿਸ (ਸੰਗਠਨ)। ਇਨ੍ਹਾਂ ਵਿਚਾਰਕਾਂ ਦਾ ਪ੍ਰਭਾਵ ਹੀ ਹੈ ਕਿ ਅਜੋਕਾ ਦਲਿਤ ਵਰਗ ਆਪਣੀ ਵੱਖਰੀ ਪਛਾਣ ਲਈ ਲੜ ਰਿਹਾ ਹੈ। ਇਸ ਲਈ ਖੂਨੀ ਟਕਰਾਅ ਵੀ ਹੋ ਰਹੇ ਹਨ।
ਇਕ ਸਮਾਂ ਆਉਂਦਾ ਹੈ ਕਿ ਦਲਿਤ ਲਹਿਰਾਂ ਦੇ ਪ੍ਰਮੁੱਖ ਆਗੂ ਕਾਂਗਰਸ ਵਿਚ ਜਾ ਸਮਾਉਂਦੇ ਹਨ। ਇਨ੍ਹਾਂ ਲਹਿਰਾਂ ਦੇ ਇਤਿਹਾਸਕਾਰ ਇਹ ਹਿੱਸਾ ਜਾਂ ਤਾਂ ਛੱਡ ਜਾਂਦੇ ਹਨ ਜਾਂ ਫਿਰ ਸੀਮਤ ਸੂਚਨਾ ਦੇ ਕੇ ਸਾਰੀ ਗੱਲ ਸਮੇਟ ਦਿੰਦੇ ਹਨ। ਪਰ ਪ੍ਰਗਤੀਵਾਦੀ ਮਾਰਕਸਵਾਦੀ ਇਸ ਸਵਾਲ ਨਾਲ਼ ਟਕਰਾਉਂਦੇ ਹਨ। ਬੀ.ਟੀ. ਰਣਦੀਵੇ ਨੇ ਇਸਦੇ ਦੋ ਕਾਰਣ ਦੱਸੇ ਹਨ। ਪਹਿਲਾ ਉਸ ਸਮੇਂ ਉਂਠੀ ਸਾਮਰਾਜ ਵਿਰੋਧੀ ਲਹਿਰ ਅਤੇ ਦੂਸਰਾ ਇਨ੍ਹਾਂ ਨੇਤਾਵਾਂ ਦੀ ਪੂਰਵ-ਪੂੰਜੀਵਾਦੀ ਭੂਮੀ ਸੰਬੰਧਾਂ ਦੀਆਂ ਜੜ੍ਹਾਂ ਉਪਰ ਵਾਰ ਕਰਨ ਦੀ ਅਸਮਰੱਥਤਾ। ਰਣਦੀਵੇ ਨੇ ਇਸਨੂੰ ਇਵੇਂ ਸੂਤਰਬੱਧ ਕੀਤਾ ਹੈ, ''ਇਸਦੇ ਕਾਰਣ ਦੋ ਸਨ। ਪਹਿਲਾ ਇਹ ਕਿ ਕਿਸਾਨ ਜਨਤਾ ਨਾਲ਼ ਜੁੜੀ ਲੀਡਰਸ਼ਿਪ ਦੇਸ਼ ਵਿਚ ਉੱਠੀ ਸਾਮਰਾਜਵਾਦ ਵਿਰੋਧੀ ਲਹਿਰ ਨੂੰ ਮਹਿਸੂਸ ਕਰ ਰਹੀ ਸੀ। ਜਦੋਂ ਕਿਸਾਨ ਜਨਤਾ ਇਸ ਅੰਦੋਲਨ ਵਿਚ ਸ਼ਿਰਕਤ ਕਰ ਰਹੀ ਸੀ ਤਾਂ ਨੇਤਾਵਾਂ ਨੂੰ ਰਾਸ਼ਟਰੀ ਅੰਦੋਲਨ ਤੋਂ ਵੱਖ ਰਹਿਣ ਦਾ ਰਵੱਈਆ ਤਿਆਗਣਾ ਪਿਆ। ਦੂਸਰੀ ਵਜ੍ਹਾ ਇਹ ਸੀ ਕਿ ਇਹ ਅੰਦੋਲਨ ਤਾਂ ਹੀ ਸੁਤੰਤਰ ਰਸਤਾ ਅਖਤਿਆਰ ਕਰ ਸਕਦਾ ਸੀ ਜੇ ਉਹ ਉਨ੍ਹਾਂ ਪੂਰਵ ਪੂੰਜੀਵਾਦੀ ਭੂਮੀ ਸੰਬੰਧਾਂ ਦੀਆਂ ਜੜ੍ਹਾਂ ਉਪਰ ਵਾਰ ਕਰਦਾ ਜੋ ਕਿਸਾਨਾਂ ਦੇ ਸ਼ੋਸ਼ਣ ਅਤੇ ਜਾਤੀਗਤ ਅਸਮਾਨਤਾ ਦਾ ਜਨਮਦਾਤਾ ਹੈ। ਕਾਂਗਰਸੀ ਬੁੱਧੀਜੀਵੀਆਂ ਵਾਂਗ ਹੀ ਬ੍ਰਾਹਮਣ ਵਿਰੋਧੀ ਅੰਦੋਲਨ ਦੇ ਬੁੱਧੀਜੀਵੀ ਵੀ ਇਸਦੇ ਲਈ ਤਿਆਰ ਨਹੀਂ ਸਨ।''
ਪੰਜਾਬ ਦੇ ਸੰਦਰਭ ਵਿਚ 18ਵੀਂ-19ਵੀਂ ਸਦੀ ਦਾ ਕਾਲ ਪੁਨਰ ਜਾਗ੍ਰਤੀ ਦਾ ਕਾਲ ਹੈ ਜਿਸਦੀ ਸ਼ਕਤੀ ਸਾਮਰਾਜ-ਵਿਰੋਧ ਵਿਚੋਂ ਪੈਦਾ ਹੁੰਦੀ ਹੈ ਅਤੇ ਇਸੇ ਸਮੇਂ ਦੌਰਾਨ ਬਰਾਬਰੀ, ਭਾਈਚਾਰਾ, ਆਜ਼ਾਦੀ ਆਦਿ ਸੰਕਲਪ ਜੜ੍ਹਾਂ ਫੜ੍ਹਦੇ ਹਨ। ਇਨ੍ਹਾਂ ਨੂੰ ਮੰਨਣ ਵਾਲ਼ੇ ਧਰਮ ਨੂੰ ਹੀ ਡਾ. ਅੰਬੇਡਕਰ ਨੇ ਅਸਲੀ ਧਰਮ ਮੰਨਿਆ। ਪਰ ਇਸੇ ਸਮੇਂ ਧਾਰਮਿਕ ਪੁਨਰ ਉਥਾਨਵਾਦ ਵੀ ਜ਼ੋਰਾਂ ਤੇ ਸੀ। ਪੰਜਾਬ ਵਿਚ ਸਿੰਘ ਸਭਾ, ਆਰੀਆ ਸਮਾਜ ਤੇ ਮੁਸਲਮ ਸੰਗਠਨ ਬਰਾਬਰੀ ਦੇ ਨਾਂ ਤੇ ਦਲਿਤਾਂ/ਸ਼ੂਦਰਾਂ ਨੂੰ ਆਪਣੇ ਵਿਚ ਸ਼ਾਮਿਲ ਕਰਨ ਲਈ ਮੁਹਿੰਮਾਂ ਚਲਾ ਰਹੇ ਸਨ। ਉਪਰਲੇ ਆਗੂਆਂ ਦੇ ਸਮਾਨੰਤਰ ਹੀ ਭਗਤ ਸਿੰਘ ਤੇ ਉਸ ਵਲੋਂ ਚਲਾਈ ਲਹਿਰ ਜ਼ੋਰ ਫੜ੍ਹ ਰਹੀ ਹੈ। ਭਗਤ ਸਿੰਘ ਅਛੂਤ ਦੇ ਸਵਾਲ ਨੂੰ ਸਿੱਧਾ ਮਾਨਵਵਾਦੀ/ਪ੍ਰਗਤੀਵਾਦੀ ਦ੍ਰਿਸ਼ਟੀ ਤੋਂ ਸੰਬੋਧਿਤ ਹੁੰਦਾ ਹੈ।ઑ'ਅਛੂਤ ਦਾ ਸਵਾਲ' ਉਸਦਾ ਲੇਖ ਡੂੰਘੇ ਅਧਿਐਨ ਦੀ ਮੰਗ ਕਰਦਾ ਹੈ। ਭਗਤ ਸਿੰਘ ਅਨੁਸਾਰ ਸਾਰੇ ਇਨਸਾਨ ਇਕੋ ਜਿਹੇ ਹਨ, ਕੰਮ ਕਾਜ ਨਾਲ਼ ਭਿੰਨ ਭੇਦ, ਜਨਮ ਨਾਲ਼ ਨਹੀਂ। ਭਗਤ ਸਿੰਘ ਪੁਨਰ-ਜਨਮ ਦਾ ਵਿਸ਼ਲੇਸ਼ਣ ਕਰਦਿਆਂ ਕਹਿੰਦਾ ਹੈ ਕਿ ਇਸ ਵਿਸ਼ਵਾਸ ਨੇ ਭਾਰਤੀਆਂ ਵਿਚ ਆਤਮ ਵਿਸ਼ਵਾਸ, ਇਨਸਾਨੀਅਤ ਅਤੇ ਆਤਮ ਨਿਰਭਰਤਾ ਨੂੰ ਹੀ ਤਬਾਹ ਨਹੀਂ ਕੀਤਾ ਸਗੋਂ ਇਸਨੇ ਜ਼ਰੂਰੀ ਕੰਮਾਂ ਲਈ ਘ੍ਰਿਣਾ ਵੀ ਪੈਦਾ ਕੀਤੀ ਹੈ। ਇਹ ਘ੍ਰਿਣਾ ਇਥੋਂ ਤਕ ਜਾਂਦੀ ਹੈ ਕਿ, ''ਕੁੱਤਾ ਸਾਡੀ ਗੋਦੀ ਵਿਚ ਬੈਠ ਸਕਦਾ ਹੈ, ਸਾਡੇ ਚੌਕੇ ਵਿਚ ਨਿਸ਼ੰਗ ਫਿਰਦਾ ਹੈ ਪਰ ਇਕ ਆਦਮੀ (ਸ਼ੂਦਰ) ਸਾਡੇ ਨਾਲ਼ ਛੂਹ ਜਾਵੇ ਤਾਂ ਬਸ ਧਰਮ ਖ਼ਰਾਬ ਹੋ ਜਾਂਦਾ ਹੈ.... ਜਾਨਵਰਾਂ ਦੀ ਪੂਜਾ ਕਰ ਸਕਦੇ ਹਾਂ ਪਰ ਇਨਸਾਨ ਨੂੰ ਕੋਲ਼ ਨਹੀਂ ਬਿਠਾ ਸਕਦੇ।'' ਅੱਜ ਦੇ ਪ੍ਰਸੰਗ ਵਿਚ ਗਾਂ ਦੇ ਸਵਾਲ ਨਾਲ਼ ਇਸਨੂੰ ਜੋੜ ਕੇ ਦੇਖਿਆ ਜਾ ਸਕਦਾ ਹੈ।
ਭਗਤ ਸਿੰਘ ਅਛੂਤਾਂ/ਸ਼ੂਦਰਾਂ ਦੇ ਧਰਮ ਪਰਿਵਰਤਨ ਦੇ ਖ਼ਿਲਾਫ਼ ਹੈ। ਉਹ ਇਨ੍ਹਾਂ ਨੂੰ ਇਨਸਾਨ ਮੰਨ ਕੇ ਇਨ੍ਹਾਂ ਨਾਲ਼ ਮੇਲ਼ ਜੋਲ਼ ਬਣਾਉਣਾ ਚਾਹੁੰਦਾ ਹੈ। ਹਿੰਦੂ, ਮੁਸਲਮਾਨ ਅਤੇ ਸਿੱਖਾਂ ਵਿਚ ਚਲਾਈ ਜਾ ਰਹੀ ਧਰਮ ਪਰਿਵਰਤਨ ਦੀ ਲਹਿਰ ਦੀ ਥਾਂ ਭਗਤ ਸਿੰਘ ਕਿੰਨਾ ਸਪੱਸ਼ਟ ਹੈ ਇਹ ਉਸਦੇ ਇਨ੍ਹਾਂ ਸ਼ਬਦਾਂ ਤੋਂ ਵੇਖਿਆ ਜਾ ਸਕਦਾ ਹੈ,"''ਜਿਨ੍ਹਾਂ ਭਰਾਵਾਂ ਨੂੰ ਅੱਜ ਤੀਕ ਅਛੂਤ-ਅਛੂਤ ਕਿਹਾ ਕਰਦੇ ਸਾਂ ਉਨ੍ਹਾਂ ਕੋਲੋਂ ਆਪਣੇ ਇਸ ਪਾਪ ਵਾਸਤੇ ਖ਼ਿਮਾ ਮੰਗਣੀ ਅਤੇ ਉਨ੍ਹਾਂ ਨੂੰ ਆਪਣੇ ਵਰਗਾ ਆਦਮੀ ਸਮਝਣਾ, ਬਿਨਾਂ ਅੰਮ੍ਰਿਤ ਛਕਾਇਆਂ, ਕਲਮਾ ਪੜ੍ਹਾਇਆਂ ਜਾਂ ਸ਼ੁੱਧੀਕਰਣ ਕੀਤਿਆਂ ਹੀ ਉਸਨੂੰ ਆਪਣੇ ਵਿਚ ਰਲ਼ਾ ਲੈਣਾ, ਉਸਦੇ ਹੱਥ ਦਾ ਪਾਣੀ ਪੀਣਾ ਇਹੋ ਠੀਕ ਤਰੀਕਾ ਹੈ।'' ਭਗਤ ਸਿੰਘ ਇਤਿਹਾਸਕ ਦ੍ਰਿਸ਼ਟੀ ਤੋਂ ਦੇਖ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਸੈਨਿਕ ਸ਼ਕਤੀ ਇਹੀ ਲੋਕ ਸਨ। (ਇਨ੍ਹਾਂ ਲਈ ਹੀ ਗੁਰੂ ਸਾਹਿਬ ਕਹਿੰਦੇ ਹਨ-ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ, ਨਹੀਂ ਮੋ ਸੋ ਗਰੀਬ ਕਰੋਰ ਪਰੇ) ਇਨ੍ਹਾਂ ਦੇ ਦਮ ਤੇ ਹੀ ਸ਼ਿਵਾਜ਼ੀ ਨੇ ਰਾਜ ਸਥਾਪਿਤ ਕੀਤਾ। 'ਦੁਨੀਆਂ ਭਰ ਦੇ ਮਜਦੂਰੋ ਇਕ ਹੋ ਜਾਉ' ਦੀ ਤਰਜ਼ ਤੇ ਭਗਤ ਸਿੰਘ ਨਾਅਰਾ ਦਿੰਦਾ ਹੈ,ઑ'ਕਿਰਤੀਉ ਜਥੇਬੰਦ ਹੋ ਜਾਉ' 'ਤੁਸੀਂ ਅਸਲੀ ਕਿਰਤੀ ਹੋ, ਕਿਰਤੀਉ ਜਥੇਬੰਦ ਹੋ ਜਾਉ। ਤੁਹਾਡਾ ਨੁਕਸਾਨ ਨਹੀਂ ਹੋਵੇਗਾ ਕੇਵਲ ਗ਼ੁਲਾਮੀ ਦੀਆਂ ਜੰਜੀਰਾਂ ਕੱਟੀਆਂ ਜਾਣਗੀਆਂ।'' ਭਗਤ ਸਿੰਘ ਦੇ ਇਨ੍ਹਾਂ ਵਿਚਾਰਾਂ ਨੂੰ ਬਹੁਤ ਚਿਰ ਪਹਿਲਾਂ ਆਤਮਸਾਤ ਕੀਤਾ ਜਾਣਾ ਚਾਹੀਦਾ ਸੀ ਪਰ ਅੱਜ ਇਨ੍ਹਾਂ ਨੂੰ ਆਤਮਸਾਤ ਕਰਨ ਦੀ ਪਹਿਲਾਂ ਨਾਲੋਂ ਵੀ ਵਧੇਰੇ ਲੋੜ ਹੈ।
ਦਲਿਤ ਲਹਿਰ ਦੇ ਸਬਕਾਂ ਨੂੰ ਆਤਮਸਾਤ ਕਰਦਿਆਂ ਸਾਨੂੰ ਦਲਿਤ ਨਾਰੀਵਾਦੀ ਚਿੰਤਨ ਨਾਲ਼ ਵੀ ਭਾਈਵਾਲ਼ੀ ਪਾਉਣੀ ਪਵੇਗੀ, ਕਿਉਂਕਿ ਅਖੌਤੀ ਉਚ ਜਾਤੀਵਾਦੀ ਪ੍ਰਬੰਧ ਵਿਚ ਨਾਰੀ ਨੂੰ ਅਤਿ ਸ਼ੂਦਰ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਅਨੀਤਾ ਭਾਰਤੀ ਨੇ ਸਾਨੂੰ ਇਸ ਤੱਥ ਤੋਂ ਜਾਣੂ ਕਰਵਾਇਆ ਹੈ ਕਿ 2500 ਸਾਲ ਪਹਿਲਾਂ 73 ਔਰਤਾਂ ਬੁੱਧ ਧਰਮ ਵਿਚ ਭਿਕਸ਼ੂਣੀਆਂ ਬਣੀਆਂ ਜਿਨ੍ਹਾਂ ਨੇ ਕਵਿਤਾਵਾਂ ਵਿਚ ਸਵੈਜੀਵਨੀਆਂ ਲਿਖੀਆਂ। ਇਨ੍ਹਾਂ ਵਿਚ ਨਗਰਵਧੂਆਂ, ਦਲਿਤ ਤੇ ਗਰੀਬ ਭਿਕਸ਼ੂਣੀਆਂ ਸਨ। ਕਸ਼ਮੀਰ ਦੀ ਲਲਦੇ ਮਿਹਤਰ ਸੀ, ਰਾਮੀ ਚੰਡੀਦਾਸ ਧੋਬੀਆਂ ਵਿਚੋਂ ਸੀ। ਸਾਵਿਤ੍ਰੀ ਬਾਈ ਫੂਲੇ, ਜੋ ਆਪ ਕਵਿਤ੍ਰੀ ਵੀ ਸੀ, ਉਸਦੇ ਸਮਾਜਿਕ ਕਾਰਜਾਂ ਦਾ ਜ਼ਿਕਰ ਉਪਰ ਆ ਚੁੱਕਾ ਹੈ। ਰਮਾ ਬਾਈ ਨੇ ਭਰੂਣ ਹੱਤਿਆ ਦਾ ਮੁੱਦਾ ਉਠਾਇਆ। ਉਸਨੇ ਪੰਜਾਬ ਹਰਿਆਣਾ ਵਿਚ ਆਪਣੇ ਸਮੇਂ ਹੋ ਰਹੀ ਭਰੂਣ ਹੱਤਿਆ ਤੋਂ ਬਾਅਦ ਇਨ੍ਹਾਂ ਬਹਾਨਿਆਂ ਦਾ ਮਜ਼ਾਕ ਉੜਾਇਆ ਕਿ ਕੁੜੀ ਨੂੰ ਜੰਮਦਿਆਂ ਜੰਗਲੀ ਜਾਨਵਰ ਲੈ ਗਿਆ। ਜਿਵੇਂ ਜਾਨਵਰ ਨੂੰ ਇਹ ਪਤਾ ਹੋਵੇ ਕਿ ਕਿਸ ਘਰ ਕੁੜੀ ਪੈਦਾ ਹੋਈ ਹੈ! ਅਨੀਤਾ ਭਾਰਤੀ ਨੇ ਸਾਮੂਹਿਕ ਲੜਾਈ ਉਪਰ ਜ਼ੋਰ ਦਿੱਤਾ ਹੈ ਤਾਂ ਹੀ ਉਸਦਾ ਸੂਤ੍ਰਵਾਕ ਹੈ ਕਿ, 'ਮੁਕਤੀ ਦੇ ਰਸਤੇ ਇਕੱਲਿਆਂ ਨਹੀਂ ਮਿਲ਼ਦੇ।'
ਦਿਲੀਪ ਚਵਾਹਣ ਨੇ ਹੇਠਲੀਆਂ ਜਾਤੀਆਂ ਦੀਆਂ ਔਰਤਾਂ ਦੀ ਮਿਹਨਤ ਉਪਰ ਆਪਣਾ ਧਿਆਨ ਕੇਂਦ੍ਰਿਤ ਕਰਦਿਆਂ ਲਿਖਿਆ ਹੈ ਕਿ, ''ਮਾਰਕਸਵਾਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਦੁਨੀਆਂ ਨੂੰ ਬਚਾਉਣ ਵਿਚ ਜਿੰਨੀ ਮਿਹਨਤ ਲੱਗੀ ਹੈ ਉਸ ਵਿਚ ਹੇਠਲੀਆਂ ਜਾਤੀਆਂ ਦੀਆਂ ਔਰਤਾਂ ਦੀ ਮਿਹਨਤ ਸਭ ਤੋਂ ਜ਼ਿਆਦਾ ਹੈ।''
ਚਵਾਹਣ ਅਨੁਸਾਰ ''ਸਾਡੀ ਲੜਾਈ ਇਕੋ ਵੇਲੇ ਸਾਮੰਤਵਾਦ, ਪੂੰਜੀਵਾਦ, ਸਾਮਰਾਜਵਾਦ, ਧਰਮ ਸੱਤਾ, ਪਿੱਤਰ ਸੱਤਾ ਅਤੇ ਜਾਤੀ ਸੱਤਾ ਨਾਲ਼ ਬਣਦੀ ਹੈ ਜੋ ਬੇਹੱਦ ਮੁਸ਼ਕਲ ਕੰਮ ਹੈ। ਰੇਖਾ ਅਵਸਥੀ ਇਸੇ ਰੌਸ਼ਨੀ ਵਿਚ ਕਹਿ ਰਹੀ ਹੈ ਕਿ,"ਅੱਜ ਸਾਡੀ ਮੰਸ਼ਾ ਇਹ ਹੋਣੀ ਚਾਹੀਦੀ ਹੈ ਕਿ ਦੁਨੀਆਂ ਵਿਚ ਚਲ ਰਹੇ ਲਿੰਗ ਭੇਦ ਭਾਵ ਦੇ ਅੰਦੋਲਨ ਨੂੰ ਭਾਰਤ ਵਿਚ ਜਾਤੀਗਤ, ਭੇਦਭਾਵ ਅਤੇ ਸ਼ੋਸ਼ਣ ਦੇ ਖ਼ਿਲਾਫ਼ ਚਲ ਰਹੇ ਅੰਦੋਲਨਾਂ ਦੇ ਨਾਲ਼ ਜੋੜ ਕੇ ਵੀ ਅਤੇ ਵੱਖਰੇ ਵੀ ਪੁਖ਼ਤਾ ਅਤੇ ਧਾਰਦਾਰ ਬਣਾਉ। ਜ਼ਾਹਿਰ ਹੈ ਕਿ ਜਦੋਂ ਅਸੀਂ ਆਪਣੇ ਸਮਾਜ ਦਾ ਮੰਥਨ ਕਰ ਰਹੇ ਹਾਂ ਤਾਂ ਸਾਨੂੰ ਮਜ਼ਦੂਰਾਂ ਅਤੇ ਦਲਿਤ ਔਰਤਾਂ ਦੀ ਸਮੱਸਿਆ ਨੂੰ ਮਹੱਤਵ ਦੇਣਾ ਹੋਵੇਗਾ।''
ਡਾ. ਅੰਬੇਡਕਰ ਨੇ ਉਪਰੋਕਤ ਵਿਸ਼ਿਆਂ ਉਪਰ ਡੂੰਘੀ ਵਿਚਾਰ ਕੀਤੀ ਹੈ। ਅਸੀਂ ਅਨੀਤਾ ਭਾਰਤੀ ਨਾਲ਼ ਸਹਿਮਤ ਹਾਂ ਕਿ ਬ੍ਰਾਹਮਣਵਾਦੀ ਲੋਕਾਂ ਨੇ ਉਨ੍ਹਾਂ ਨੂੰ ਦਲਿਤ ਵਿਚਾਰਕ ਦੇ ਰੂਪ ਵਿਚ ਹੀ ਪਰਚਾਰਿਤ ਕੀਤਾ ਹੈ। ਇਥੋਂ ਤਕ ਕਿ ਅੰਬੇਡਕਰ ਦਾ ਨਾਂ ਲੈਣ ਵਾਲੇ ਨੂੰ ਵੀ ਜਾਤੀਵਾਦੀ ਐਲਾਨਿਆ ਜਾਂਦਾ ਹੈ। ਇਸ ਸਭ ਨੂੰ ਸਮਝਦੇ ਹੋਏ ਪ੍ਰਗਤੀਵਾਦੀਆਂ ਨੂੰ ਅੰਬੇਡਕਰ ਦਾ ਪਹਿਲਾਂ ਬਣੀਆਂ ਧਾਰਨਾਵਾਂ ਦੇ ਉਲਟ ਡੂੰਘਾ ਅਧਿਐਨ ਕਰਨ ਦੀ ਲੋੜ ਹੈ।
ਡਾ. ਅੰਬੇਡਕਰ ਇਸ ਪੱਖੋਂ ਸੁਚੇਤ ਸਨ ਕਿ ਬੁੱਧ ਤੇ ਕਾਰਲ ਮਾਰਕਸ ਦੀ ਤੁਲਨਾ ਨੂੰઑ'ਹਾਸੋ ਹੀਣਾ' ਕਿਹਾ ਜਾ ਸਕਦਾ ਹੈ ਪਰ ਫਿਰ ਵੀ ਆਪਣੇ ਕਾਰਣਾਂ ਕਰਕੇ ਉਨ੍ਹਾਂ ਨੇ ਇਸ ਤੁਲਨਾ ਨੂੰ ਅੱਗੇ ਵਧਾਇਆ। ਦੋਨਾਂ ਦੇ ਸਿਧਾਂਤਾਂ ਦੀ ਪੁਣਛਾਣ ਤੋਂ ਬਾਅਦ ਚਾਰ ਨੁਕਤਿਆਂ ਤੇ ਕਾਰਲ ਮਾਰਕਸ ਨਾਲ਼ ਸਹਿਮਤੀ ਪ੍ਰਗਟ ਕੀਤੀ। ਉਹ ਨੁਕਤੇ ਹਨ :
1. ਦਰਸ਼ਨ ਸ਼ਾਸਤਰ ਦਾ ਉਦੇਸ਼ ਸਮਾਜ ਦੀ ਪੁਨਰ ਰਚਨਾ ਕਰਨਾ ਹੈ, ਨਾਂ ਕਿ ਬ੍ਰਹਿਮੰਡ ਦੀ ਉਤਪੱਤੀ ਦਾ ਵਰਣਨ ਕਰਨਾ।
2. ਇਕ ਵਰਗ ਦੀ ਦੂਸਰੇ ਨਾਲ਼ ਲੜਾਈ ਆਪਣੇ ਸਵਾਰਥ ਲਈ ਹੈ।
3. ਵਿਅਕਤੀਗਤ ਸੰਪਤੀ ਤੇ ਅਧਿਕਾਰ ਇਕ ਵਰਗ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਜਦ ਕਿ ਦੂਸਰੇ ਨੂੰ ਸ਼ੋਸ਼ਣ ਰਾਹੀਂ ਦੁੱਖ ਦਿੰਦਾ ਹੈ।
4. ਸਮਾਜ ਹਿਤ ਵਿਚ ਜ਼ਰੂਰੀ ਹੈ ਕਿ ਵਿਅਕਤੀਗਤ ਸੰਪਤੀ ਦਾ ਖਾਤਮਾ ਕਰਕੇ ਦੁੱਖ ਦੂਰ ਕੀਤੇ ਜਾਣ। (ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ, ਬੁੱਧ ਔਰ ਕਾਰਲ ਮਾਰਕਸ, ਅਨੁ: ਸ਼ੀਲ ਪ੍ਰਿਯ ਬੌਧ, ਸਮਾਜਕ ਪ੍ਰਕਾਸ਼ਨ 2010 ਪੰਨਾ-19) ਨਿਚੋੜ ਕੱਢਦੇ ਹੋਏ ਡਾ. ਅੰਬੇਡਕਰ ਲਿਖਦੇ ਹਨ, 'ਇਹ ਸਪੱਸ਼ਟ ਹੈ ਕਿ ਬੁੱਧ ਅਤੇ ਕਾਰਲ ਮਾਰਕਸ ਵਿਚ ਕੀ ਸਮਾਨਤਾਵਾਂ ਹਨ ਤੇ ਕੀ ਭਿੰਨਤਾਵਾਂ, ਫ਼ਰਕ ਕੇਵਲ ਸਾਧਨਾਂ ਦਾ ਹੈ। ਉਦੇਸ਼ ਦੋਨਾਂ ਦਾ ਇਕ ਹੈ।''
(ਉਹੀ ਪੰਨਾ-26)
ਇਥੋਂ ਤਕ ਅਸੀਂ ਦਲਿਤ ਲਹਿਰ ਦਾ ਇਤਿਹਾਸਕ ਪਿਛੋਕੜ ਇਸਦੀ ਵਿਚਾਰਧਾਰਾ ਅਤੇ ਇਸਦੇ ਪ੍ਰਮੁੱਖ ਵਿਚਾਰਵਾਨਾਂ ਦੀਆਂ ਮੂਲ਼ ਧਾਰਣਾਵਾਂ ਨੂੰ ਵਿਚਾਰਦਿਆਂ ਉਨ੍ਹਾਂ ਦੀ ਮਾਰਕਸਵਾਦੀ ਦਰਸ਼ਨ ਨਾਲ਼ ਨੇੜਤਾ/ਦੂਰੀ ਦਾ ਵਿਸ਼ਲੇਸ਼ਣ ਵੀ ਕੀਤਾ ਹੈ। ਅੱਜ ਭਾਰਤ ਜਿਸ ਫਾਸ਼ੀਵਾਦੀ ਦੌਰ ਵਲ ਵਧ ਰਿਹਾ ਹੈ, ਉਹ ਮੁੜ ਮੰਨੂ ਸਿਮ੍ਰਤੀ ਵਲ ਪਰਤਣ ਲਈ ਤਰਲੋ ਮੱਛੀ ਹੋ ਰਿਹਾ ਹੈ, ਇਸ ਸੰਦਰਭ ਵਿਚ ਪ੍ਰਗਤੀਵਾਦੀ/ਮਾਨਵਵਾਦੀ ਸ਼ਕਤੀਆਂ ਦਾ ਸਾਂਝਾ ਮੰਚ ਬਣਾਉਣਾ ਸਮੇਂ ਦੀ ਲੋੜ ਹੈ। ਕਨ੍ਹਈਆ ਕੁਮਾਰ ਦੇ ਮੰਚ ਤੇ ਆਉਣ ਤੋਂ ਬਾਅਦ ਜੋ ਕੁਝ ਵਾਪਰ ਰਿਹਾ ਹੈ ਉਸ ਵਿਚ ਇਸਦੀ ਫੌਰੀ ਲੋੜ ਹੈ। ਇਕ ਪਾਸੇ ਅੰਧਰਾਸ਼ਟਰਵਾਦੀ ਫਾਸ਼ੀਵਾਦ ਦਾ ਹਮਲਾ ਅਤੇ ਦੂਜੇ ਪਾਸੇ ਵਿਸ਼ਵੀਕਰਣ/ਉਤਰਪੂੰਜੀਵਾਦ ਦਾ ਹਮਲਾ ਵੀ ਸਿਰਾਂ ਤੇ ਮੰਡਰਾ ਰਿਹਾ ਹੈ। ਨਿੱਜੀਕਰਣ ਨੇ ਪਬਲਿਕ ਸੈਕਟਰ ਨੂੰ ਸੁੰਗੇੜਦਿਆਂ ਹੋਇਆਂ ਦਲਿਤਾਂ ਲਈ ਹੋਰ ਵੀ ਵੱਡੀਆਂ ਮੁਸੀਬਤਾਂ ਲੈ ਆਂਦੀਆਂ ਹਨ। ਇਸਨੂੰ ਵਿਦਵਾਨ ਡੂੰਘੀ ਨਜ਼ਰ ਨਾਲ਼ ਦੇਖ ਰਹੇ ਹਨ। ਅਨੰਦ ਤੇਲ ਤੂੰਬੜੇ ਦਲਿਤਾਂ ਦੇ ਭਵਿੱਖ ਨੂੰ ਆਮ ਗਰੀਬਾਂ ਨਾਲ਼ ਜੁੜਿਆ ਦੇਖਦਾ ਹੈ। "ਵਿਸ਼ਵੀਕਰਣ ਨੇ ਇਹ ਸਾਫ਼ ਜ਼ਾਹਿਰ ਕਰ ਦਿੱਤਾ ਹੈ ਕਿ ਦਲਿਤਾਂ ਦਾ ਭਵਿੱਖ ਪੱਕੇ ਤੌਰ 'ਤੇ ਆਮ ਗਰੀਬਾਂ ਨਾਲ਼ ਜੁੜਿਆ ਹੋਇਆ ਹੈ। ਕਿਸੇ ਵੀ ਤਰ੍ਹਾਂ ਦਾ ਅਲਗ-ਥਲੱਗ ਰਹਿਣ ਅਤੇ ਇਕੱਲੇ ਚਲਣ ਦਾ ਤਰੀਕਾ ਅਪਨਾਉਣਾ ਕਾਰਗਰ ਨਹੀਂ ਹੋਵੇਗਾ। ਆਪਣੇ ਪੱਖ ਵਿਚ ਸਕਾਰਾਤਮਕ ਭੇਦ ਭਾਵ ਲਈ ਵੀ ਦਲਿਤਾਂ ਨੂੰ ਸਾਮਰਾਜਵਾਦ ਦੇ ਖ਼ਿਲਾਫ਼ ਇਕ ਸਾਂਝੀ ਲੜਾਈ ਵਿਚ ਦੂਸਰਿਆਂ ਨਾਲ਼ ਏਕਤਾ ਬਣਾਉਣ ਦੀ ਜ਼ਰੂਰਤ ਹੈ। ਸਟੇਟ ਨਹੀਂ ਬਲਕਿ ਜਨਤਾ ਦਲਿਤਾਂ ਦੀ ਅਸਲੀ ਸਹਿਯੋਗੀ ਹੈ। ਸਿਰਫ਼ ਏਕਤਾ ਬੱਧ ਸੰਘਰਸ਼ ਹੀ ਲੋਕਾਂ ਨੂੰ ਸਿਖਾ ਸਕਦਾ ਹੈ ਕਿ ਸਮਾਜ ਨੂੰ ਜਾਤ ਵਰਗੀਆਂ ਬੁਰਾਈਆਂ ਤੋਂ ਛੁਟਕਾਰਾ ਦਿੱਤਾ ਜਾ ਸਕਦਾ ਹੈ ਅਤੇ ਇਹੋ ਸੰਘਰਸ਼ ਹੀ ਦਲਿਤਾਂ ਦੀ ਮੁਕਤੀ ਦੇ ਮਨਸੂਬੇ ਨੂੰ ਕਾਮਯਾਬੀ ਦੁਆ ਸਕਦਾ ਹੈ।'' (ਨਯਾਪੱਥ ਪੰਨਾ-250) ਦੇਵੀ ਚੈਟਰਜੀ ਦਾ ਇਹ ਸੁਝਾਅ ਵੀ ਅਤੀ ਮਹੱਤਵਪੂਰਨ ਹੈ ਕਿ, "ਘੱਟੋ ਘੱਟ ਪ੍ਰੋਗਰਾਮ ਦੇ ਆਧਾਰ ਤੇ ਜ਼ਿਆਦਾ ਤੋਂ ਜ਼ਿਆਦਾ ਦੱਬੀਆਂ ਜਾਤੀਆਂ ਨੂੰ ਲੜਾਈ ਵਿਚ ਸ਼ਾਮਿਲ ਕਰਨਾ ਸਮੇਂ ਦੀ ਲੋੜ ਹੈ। ਕੋਈ ਇਕੋ ਪਾਰਟੀ ਅਧੀਨ ਇਹ ਹੋਵੇ ਜ਼ਰੂਰੀ ਨਹੀਂ। ਦਲਿਤ-ਮਿੱਤਰ ਪਾਰਟੀਆਂ ਅਤੇ ਸਮਾਜਿਕ ਸਮੂਹਾਂ ਦੀ ਕਨਫੈਡਰੇਸ਼ਨ ਕੰਮ ਚਲਾ ਸਕਦੀ ਹੈ। ਜ਼ਰੂਰੀ ਹੈ, ਪ੍ਰਤਿਬੱਧਤਾ ਅਤੇ ਵਿਜ਼ਨ (ਉਚਿਤ ਨਜ਼ਰੀਏ) ਦੀ।'' ਭੂਮੀ ਸੁਧਾਰ, ਸਿਖਿਆ, ਲੋਕਤੰਤਰ ਅਤੇ ਆਧੁਨਿਕ ਮੁੱਦਿਆਂ ਨੂੰ ਆਧਾਰ ਬਣਾ ਕੇ ਅਗਾਂਹ ਵਧਿਆ ਜਾ ਸਕਦਾ ਹੈ। ਡਾ. ਅੰਬੇਡਕਰ ਦੇ ਨਾਅਰੇ ਨੂੰ ਮੋਕਲ਼ਾ ਕਰਨ ਦੀ ਲੋੜ ਹੈ। 'ਪੜ੍ਹੋ, ਸੰਗਠਿਤ ਹੋਵੇ ਅਤੇ ਸੰਘਰਸ਼ ਕਰੋ' ਤੇ ਮਾਰਕਸ/ਭਗਤ ਸਿੰਘ ਦੇ ਨਾਅਰੇ ਨੂੰ ਨਾਲ਼ ਜੋੜਨ ਦੀ ਲੋੜ ਹੈ, 'ਕਿਰਤੀਉ ਜਥੇਬੰਦ ਹੋ ਜਾਉ।'

*(ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰ ਅਤੇ ਕੁਰੂਕਸ਼ੇਤਰਾ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ) 

No comments:

Post a Comment