Friday 5 May 2017

ਆਰ.ਐਮ.ਪੀ.ਆਈ. ਵਲੋਂ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਹਕੀਕੀ ਰਾਸ਼ਟਰਵਾਦ ਦੀ ਰਾਖੀ ਦੇ ਮੁੱਦੇ 'ਤੇ ਸੈਮੀਨਾਰ

ਆਰ.ਐਮ.ਪੀ.ਆਈ. ਦੀ ਕੇਂਦਰੀ ਕਮੇਟੀ ਦੇ ਸੱਦੇ 'ਤੇ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ 'ਚ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਹਕੀਕੀ ਰਾਸ਼ਟਰਵਾਦ ਦੀ ਰਾਖੀ ਦੇ ਮੁੱਦੇ 'ਤੇ ਮਹਾਨ ਕਮਿਊਨਿਸਟ ਆਗੂ ਲੈਨਿਨ ਦੇ ਜਨਮ ਦਿਨ ਨੂੰ ਸਮਰਪਤ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਨੂੰ ਦਿੱਲੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਪ੍ਰੋਫੈਸਰ ਡਾ. ਅਪੂਰਵਾਨੰਦ ਝਾਅ ਨੇ ਸੰਬੋਧਨ ਕੀਤਾ। ਇਸ ਸੈਮੀਨਾਰ 'ਚ ਉਨ੍ਹਾ ਕਈ ਨੁਕਤਿਆਂ 'ਤੇ ਚਰਚਾ ਕੀਤੀ। ਅੰਧ ਰਾਸ਼ਟਰਵਾਦ ਦੇ ਨਾਂਅ ਹੇਠ ਮੋਦੀ ਸਰਕਾਰ ਵਲੋਂ ਜਿਸ ਢੰਗ ਨਾਲ ਹਮਲਾ ਆਰੰਭਿਆ ਗਿਆ ਹੈ, ਉਸ ਨਾਲ ਦੇਸ਼ ਦੇ ਅੰਦਰ ਘੱਟ ਗਿਣਤੀਆਂ 'ਚ ਡਰ ਸਹਿਮ ਦਾ ਮਾਹੌਲ ਬਣ ਗਿਆ ਹੈ। ਉਹਨਾ ਕਿਹਾ ਕਿ ਬਹੁਗਿਣਤੀ ਦੀ ਫਿਰਕਾਪ੍ਰਸਤੀ ਅਤੇ ਘੱਟਗਿਣਤੀ ਦੀ ਫਿਰਕਾਪ੍ਰਸਤੀ ਨੂੰ ਇਕ ਸਾਰ ਨਹੀਂ ਦੇਖਿਆ ਜਾਣਾ ਚਾਹੀਦਾ। ਆਪਣੇ ਭਾਸ਼ਣ ਦੇ ਆਰੰਭ 'ਚ ਉਹਨਾ ਇੱਕ ਇਤਿਹਾਸਕ ਘਟਨਾ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਦੇਸ਼ ਦੀਆਂ ਬੁਨਿਆਦਾਂ ਫਿਰਕਾਪ੍ਰਸਤੀ ਦੇ ਅਧਾਰ 'ਤੇ ਨਹੀਂ ਟਿਕੀਆਂ ਹੋਈਆਂ। ਆਜ਼ਾਦੀ ਵੇਲੇ ਉਹਨਾਂ ਸਾਰੀਆਂ ਘੱਟ ਗਿਣਤੀਆਂ ਨੂੰ ਨਾਲ ਲਿਆ ਗਿਆ ਸੀ ਅਤੇ ਇਹ ਵਾਅਦਾ ਵੀ ਕੀਤਾ ਗਿਆ ਸੀ ਕਿ ਧਰਮ ਅਤੇ ਭਾਸ਼ਾ ਦੇ ਅਧਾਰ 'ਤੇ ਘੱਟ ਗਿਣਤੀ ਭਾਈਚਾਰੇ, ਦੀ ਗਿਣਤੀ ਚਾਹੇ ਕਿੰਨੀ ਵੀ ਘੱਟ ਕਿਉਂ ਨਾ ਹੋਵੇ, ਇਨ੍ਹਾਂ ਦਾ ਖਿਆਲ ਰੱਖਿਆ ਜਾਵੇਗਾ ਤਾਂ ਜੋ ਉਹ ਆਪਣੇ ਰੀਤੀ ਰਿਵਾਜ, ਰਹਿਣ ਸਹਿਣ ਦੇ ਢੰਗ ਤਰੀਕਿਆਂ ਦੀ ਹਿਫਾਜ਼ਤ ਕਰ ਸਕਣ। ਹੁਣ ਜਿਸ ਢੰਗ ਨਾਲ ਮਾਹੌਲ ਸਿਰਜਿਆ ਜਾ ਰਿਹਾ ਹੈ, ਉਸ ਨਾਲ ਘੱਟ ਗਿਣਤੀਆਂ ਨੂੰ ਖਤਰਾ ਹੀ ਪੈਦਾ ਨਹੀਂ ਹੋ ਰਿਹਾ ਸਗੋਂ ਇਸ ਨਾਲ ਦੇਸ਼ ਦੀਆਂ ਜੜ੍ਹਾਂ ਵੀ ਖੋਖਲੀਆਂ ਹੋ ਰਹੀਆਂ ਹਨ। ਮੋਦੀ ਸਰਕਾਰ 'ਤੇ ਹਮਲੇ ਬੋਲਦੇ ਹੋਏ ਉਹਨਾ ਕਿਹਾ ਕਿ ਗੱਲ-ਗੱਲ 'ਤੇ ਇਹ ਗੱਲ ਚਿਤਾਰੀ ਜਾ ਰਹੀ ਹੈ ਕਿ ਦੇਸ਼ ਦੇ ਲੋਕਾਂ ਗੁਲਾਬੀ ਕ੍ਰਾਂਤੀ (ਬੁੱਚੜਖਾਨੇ) ਜਾਂ ਸਫੇਦ ਕ੍ਰਾਂਤੀ (ਦੁੱਧ) 'ਚੋਂ ਕਿਸੇ ਇਕ ਨੂੰ ਚੁਣਨਾ ਹੈ। ਇਸ ਦੇ ਨਾਲ ਹੀ ਕਬਰਿਸਤਾਨ ਅਤੇ ਸ਼ਮਸ਼ਾਨਘਾਟ ਆਦਿ ਦੇ ਵੇਰਵੇ ਦੇਕੇ ਵੰਡ ਨੂੰ ਤਿੱਖੇ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਝਾਅ ਨੇ ਇੱਕ ਹੋਰ ਨੁਕਤਾ ਉਠਾਇਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਮੁਸਲਮਾਨ ਔਰਤਾਂ ਨੂੰ ਅਪੀਲ ਕਰਨ ਦੇ ਨਾਂਅ ਹੇਠ ਕਹਿ ਰਿਹਾ ਹੈ ਕਿ ਮੁਸਲਮਾਨ ਭੈਣਾਂ ਨੇ ਹੁਣ ਇਹ ਫੈਸਲਾ ਕਰਨਾ ਹੈ ਕਿ 'ਤੀਨ ਤਲਾਕ' ਤੋਂ ਨਿਜਾਤ ਪਾਉਣੀ ਹੈ ਕਿ ਨਹੀਂ। ਜਦੋਂ 'ਤੀਨ ਤਲਾਕ' ਦੀ ਗੱਲ ਕਰਦਾ ਹੈ ਤਾਂ ਉਹ ਮੁਸਲਮਾਨ ਭੈਣਾਂ ਕਹਿਕੇ ਸੰਬੋਧਨ ਕਰਦਾ ਹੈ ਅਤੇ  ਮੁਸਲਮਾਨਾਂ 'ਤੇ ਹਮਲਾ ਕਰਨ ਵੇਲੇ ਕਹਿੰਦਾ ਹੈ ਕਿ 'ਹਮ ਪਾਂਚ, ਹਮਾਰੇ ਪਚੀਸ' ਤਾਂ ਉਹ ਵੱਧ ਬੱਚੇ ਪੈਦਾ ਕਰਨ ਦਾ ਦੋਸ਼ ਲਾਉਂਦਿਆਂ ਮੁਸਲਮਾਨ ਔਰਤਾਂ ਦਾ ਘੋਰ ਅਪਮਾਨ ਕਰ ਰਿਹਾ ਹੁੰਦਾ ਹੈ। ਉਹਨਾਂ ਕਿਹਾ ਕਿ ਮੋਦੀ ਨੂੰ ਮੁਸਲਮਾਨ ਔਰਤਾਂ ਦਾ ਹੇਜ ਨਹੀਂ ਹੈ ਸਗੋਂ ਉਹ ਉਨ੍ਹਾਂ ਦੇ ਧਰਮ ਦੀ ਅੰਦਰੂਨੀ ਕਮਜ਼ੋਰੀ ਨੂੰ ਉਸਨੂੰ ਬਦਨਾਮ ਕਰਨ ਲਈ ਵਰਤ ਰਿਹਾ ਹੁੰਦਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕੋਈ ਵੀ ਜਮਹੂਰੀਅਤ ਪਸੰਦ ਵਿਅਕਤੀ 'ਤੀਨ ਤਲਾਕ' ਦੀ ਪ੍ਰਥਾ ਨੂੰ ਠੀਕ ਨਹੀਂ ਸਮਝਦਾ ਅਤੇ ਇਸਨੂੰ ਮੁਸਲਮਾਨ ਔਰਤਾਂ ਪ੍ਰਤੀ ਅਨਿਆਂ ਸਮਝਦਾ ਹੈ ਪ੍ਰੰਤੂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਉਸਦੇ ਸੰਗੀ ਸਾਥੀ ਇਸ ਕੁਰੀਤੀ ਨੂੰ ਉਸ ਧਰਮ ਨੂੰ ਭੰਡਣ ਲਈ ਵਰਤ ਰਹੇ ਹਨ।
ਹਿੰਦੀ ਸਾਹਿਤ ਦੇ ਉਘੇ ਵਿਦਵਾਨ ਪ੍ਰੋਫੈਸਰ ਝਾਅ ਨੇ ਕਿਹਾ ਕਿ ਮੁਸਲਮਾਨ ਧਰਮ ਦੀਆਂ ਆਪਣੀਆਂ ਧਾਰਨਾਵਾਂ ਹਨ, ਇਹ ਚੰਗੀਆਂ ਹੋਣ ਜਾਂ ਨਾ ਹੋਣ, ਇਸ ਬਾਰੇ ਜਦੋਂ ਉਹ ਕਿਸੇ ਨੂੰ ਤਕਲੀਫ ਨਹੀਂ ਦੇ ਰਹੇ ਤਾਂ ਮੁਸਲਮਾਨ ਧਰਮ ਦੀ ਬਦਨਾਮੀ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਔਰਤਾਂ ਦੇ ਪਰਦੇ 'ਚ ਰਹਿਣ ਤੋਂ ਪ੍ਰੇਸ਼ਾਨੀ ਹੋ ਸਕਦੀ ਹੈ ਪਰ ਇਸ ਤੋਂ ਦੂਜੇ ਕਿਸੇ ਧਰਮ 'ਤੇ ਹਮਲਾ ਨਹੀਂ ਹੋ ਰਿਹਾ ਹੁੰਦਾ ਤਾਂ ਫਿਰ ਕਿਸੇ ਨੂੰ ਕੋਈ ਤਕਲੀਫ ਕਿਉਂ ਹੋਵੇ। ਬਕਰੀਦ ਵੇਲੇ ਬਣਾਇਆ ਜਾਣ ਵਾਲਾ ਮੀਟ ਉਨ੍ਹਾਂ ਦੇ ਧਰਮ ਦੇ ਮੁਤਾਬਿਕ ਠੀਕ ਹੋ ਸਕਦਾ ਹੈ ਤਾਂ ਦੂਜਿਆਂ ਨੂੰ ਤਕਲੀਫ ਕਿਉਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਫੈਲਾਏ ਦਹਿਸ਼ਤ ਦੇ ਇਸ ਦੌਰ 'ਚ ਆਪਣੇ ਧਰਮ ਦੇ ਨਿਯਮਾਂ ਅਨੁਸਾਰ ਬਣਾਏ ਮੀਟ ਨੂੰ ਮੁਸਲਮਾਨ ਕਿਸੇ ਹੋਰ ਨੂੰ ਵੰਡ ਵੀ ਨਹੀਂ ਸਕਦੇ। ਉਹਨਾ ਕਿਹਾ ਕਿ ਮੁਸਲਮਾਨ ਧਰਮ 'ਚ ਇਹ ਰਵਾਇਤ ਹੈ ਕਿ ਬਣਾਏ ਮੀਟ ਨੂੰ ਉਹ ਆਪਣੇ ਭਾਈਚਾਰੇ ਅਤੇ ਮੁਹੱਲੇ 'ਚ ਵੰਡਦੇ ਹਨ ਪਰ ਹੁਣ ਇਹ ਉਨ੍ਹਾਂ ਦੇ ਧਰਮ ਅਨੁਸਾਰ ਪਵਿੱਤਰ ਕਾਰਜ ਵੀ ਦਹਿਸ਼ਤ ਹੇਠ ਆ ਗਿਆ ਹੈ। ਕਿਸੇ ਦੀ ਰਸੋਈ 'ਚ ਕੀ ਬਣ ਰਿਹਾ ਹੈ, ਉਸ ਦੀ ਤਲਾਸ਼ੀ ਲਈ ਜਾ ਸਕਦੀ ਹੈ ਅਤੇ ਕਿਸੇ ਨੂੰ ਵੀ ਕਿਹਾ ਜਾ ਸਕਦਾ ਹੈ ਕਿ ਮੁਸਲਮਾਨ ਦੇ ਘਰ ਗਾਂ ਦਾ ਮੀਟ ਰਿੱਝ ਰਿਹਾ ਹੈ। ਝਾਅ ਨੇ ਕਿਹਾ ਕਿ ਗਾਂ ਦੇ ਮੀਟ ਦੇ ਬਹਾਨੇ ਲੜਾਈ ਨੂੰ ਹੋਰ ਤਿੱਖਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਝੌਪੜੀਆਂ 'ਚ ਰਹਿ ਰਹੇ ਮੁਸਲਮਾਨਾਂ ਦੇ ਘਰਾਂ ਦੀ ਤਲਾਸ਼ੀ ਇਹ ਕਹਿ ਕੇ ਲਈ ਗਈ ਕਿ ਉਹਨਾ ਨੇ ਆਪਣੀਆਂ ਝੋਪੜੀਆਂ 'ਚ ਗਾਂ ਰੱਖੀ ਹੋਈ ਹੈ ਜਦੋਂ ਕਿ ਝੌਪੜੀਆਂ ਇੰਨੀਆਂ ਨੀਵੀਆਂ ਹਨ ਕਿ ਅਜਿਹੀ ਜਗ੍ਹਾਂ 'ਤੇ ਗਾਂ ਰੱਖਣੀ ਸੰਭਵ ਹੀ ਨਹੀਂ ਹੈ। ਉਹਨਾ ਹੈਰਾਨੀ ਪ੍ਰਗਟਾਉਂਦਿਆ ਕਿਹਾ ਕਿ ਅਜਿਹੇ ਮਾਮਲੇ 'ਚ ਪੁਲੀਸ ਬਹੁਗਿਣਤੀ ਦਾ ਸਾਥ ਦਿੰਦੀ ਹੈ ਅਤੇ ਖੁਦ ਮੁਸਲਮਾਨਾਂ ਦੇ ਘਰਾਂ ਦੀਆਂ ਫਰਿੱਜਾਂ ਤੱਕ ਦੀ ਤਲਾਸ਼ੀ ਹੀ ਨਹੀਂ ਲਈ ਜਾਂਦੀ ਸਗੋਂ ਮੀਟ ਦੀ ਕਿਸਮ ਜਾਨਣ ਤੱਕ ਉਨ੍ਹਾਂ ਨੂੰ ਥਾਣੇ ਵੀ ਧੱਕ ਦਿੱਤਾ ਜਾਂਦਾ ਹੈ। ਡਾ. ਝਾਅ ਨੇ ਕਿਹਾ ਕਿ ਹੁਣ ਮੁਸਲਮਾਨਾਂ ਦੇ ਘਰਾਂ ਦੇ ਦਰਵਾਜੇ ਖੁੱਲੇ ਪਏ ਹਨ ਅਤੇ ਜਦੋਂ ਮਰਜ਼ੀ ਤਲਾਸ਼ੀ ਲਈ ਜਾ ਸਕਦੀ ਹੈ, ਜਦੋਂ ਕਿ ਕਾਨੂੰਨ ਦੇ ਮੁਤਾਬਿਕ ਕਿਸੇ ਦੀ ਇਜ਼ਾਜਤ ਤੋਂ ਬਿਨ੍ਹਾਂ ਉਸਦੇ ਘਰ 'ਚ ਪ੍ਰਵੇਸ਼ ਨਹੀਂ ਕੀਤਾ ਜਾ ਸਕਦਾ।
ਉਹਨਾ ਮੁਸਲਮਾਨਾਂ 'ਤੇ ਹੋ ਰਹੇ ਇੱਕ ਹੋਰ ਹਮਲੇ ਦਾ ਜਿਕਰ ਕਰਦਿਆਂ ਕਿਹਾ ਕਿ ਹੁਣ ਉਰਦੂ ਨੂੰ ਵੀ ਹਮਲੇ ਦਾ ਆਧਾਰ ਬਣਾਇਆ ਜਾ ਰਿਹਾ ਹੈ। ਕਿਸੇ ਦੀ ਜੇਬ 'ਚੋਂ ਮਿਲੀ ਉਰਦੂ ਦੀ ਲਿਖਤ ਨੂੰ ਕਿਹਾ ਜਾ ਸਕਦਾ ਹੈ ਕਿ ਇਹ ਰਾਸ਼ਟਰ ਵਿਰੋਧੀ ਲਿਖਤ ਹੈ ਅਤੇ ਇਸ ਵਿਅਕਤੀ ਦੇ ਵਿਦੇਸ਼ੀਆਂ ਨਾਲ ਸਬੰਧ ਹਨ। ਮਾਮਲੇ ਦੀ ਜਾਂਚ ਕਰਨ ਦੇ ਨਾਂਅ ਹੇਠ ਜਿੰਨੀ ਮਰਜ਼ੀ ਖੱਜਲ ਖੁਆਰੀ ਕੀਤੀ ਜਾ ਸਕਦੀ ਹੈ।
ਸੋਸ਼ਲ ਮੀਡੀਏ ਬਾਰੇ ਉਨ੍ਹਾਂ ਕਿਹਾ ਕਿ ਇਸ ਦਾ ਕਿਸੇ ਕੋਲ ਕੋਈ ਕੰਟਰੋਲ ਨਾ ਹੋਣ ਕਾਰਨ ਇੱਕ ਹਿੱਸੇ ਵਲੋਂ ਲਗਾਤਾਰ ਮੁਸਲਮ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ। ਕਦੇ ਕਿਸੇ ਦੇ ਬਾਪ-ਪੜਦਾਦੇ ਨੂੰ ਮੁਸਲਮਾਨ ਬਣਾ ਦਿੱਤਾ ਜਾਂਦਾ ਹੈ ਅਤੇ ਕਦੇ ਕਿਸੇ ਦੇ ਜਵਾਈ ਨੂੰ ਮੁਸਲਮਾਨ ਬਣਾ ਦਿੱਤਾ ਜਾਂਦਾ ਹੈ। ਹਰ ਵਿਅਕਤੀ ਕੋਲ ਤੱਥਾਂ ਦੀ ਪੜਤਾਲ ਲਈ ਨਾ ਸਮਾਂ ਹੁੰਦਾ ਹੈ ਅਤੇ ਨਾ ਹੀ ਸਮਰਥਾ। ਇਸ ਲਈ ਆਮ ਸਧਾਰਨ ਵਿਅਕਤੀ ਇਸ ਨਾਲ ਗੁਮਰਾਹ ਹੋ ਜਾਂਦਾ ਹੈ। ਜਦੋਂ ਅਜਿਹੇ ਤੱਥਾਂ ਦੀ ਪੜਤਾਲ ਕੀਤੀ ਜਾਂਦੀ ਹੈ ਤਾਂ ਇਹ ਬੇਬੁਨਿਆਦ ਨਿਕਲਦੀ ਹੈ ਅਤੇ ਨਾ ਹੀ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਕੋਈ ਕਾਰਵਾਈ ਹੁੰਦੀ ਹੈ।  
ਡਾ. ਝਾਅ ਨੇ ਅੱਗੇ ਕਿਹਾ ਕਿ ਮੁਸਲਮਾਨਾਂ 'ਤੇ ਮੁਹੱਲੇ-ਦਰ-ਮੁਹੱਲੇ ਹਮਲੇ ਹੋ ਰਹੇ ਹਨ। ਨਿੱਕੀ-ਨਿੱਕੀ ਗੱਲ 'ਤੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇੱਕ ਪਿੰਡ ਦੀ ਉਦਹਾਰਣ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਮੁਸਲਮਾਨਾਂ ਨੂੰ ਮਸੀਤ ਬਣਾਉਣ ਤੋਂ ਰੋਕਿਆ ਗਿਆ। ਅਦਾਲਤ ਦੀ ਦਖਲ  ਅੰਦਾਜ਼ੀ ਤੋਂ ਬਾਅਦ ਵੀ ਮਸੀਤ ਨਹੀਂ ਬਣਨ ਦਿੱਤੀ ਗਈ ਸਗੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਪਿੰਡ ਤੋਂ ਬਾਹਰ ਮਸੀਤ ਬਣਾਈ ਜਾਵੇ। ਉਨ੍ਹਾਂ ਹੋਰ ਉਦਾਹਰਣਾ ਦੇ ਕੇ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਪਿੰਡ-ਪਿੰਡ, ਸ਼ਹਿਰ-ਸ਼ਹਿਰ 'ਚ ਰਾਸ਼ਟਰਵਾਦ ਦੇ ਨਾਂਅ ਹੇਠ ਵੰਡੀਆਂ ਪਾ ਕੇ ਮੁਸਲਮਾਨਾਂ ਨੂੰ ਹਾਸ਼ੀਏ ਵੱਲ ਧੱਕਣ ਦੀਆਂ ਕਾਰਵਾਈਆਂ ਚੱਲ ਰਹੀਆਂ ਹਨ ਤਾਂ ਜੋ ਮੁਸਲਮਾਨ ਅਬਾਦੀ ਇੱਕ ਥਾਂ 'ਤੇ ਇਕੱਠੀ ਨਾ ਹੋ ਸਕੇ ਅਤੇ ਇਨ੍ਹਾਂ ਦੀਆਂ ਆਪਸੀ ਵਿਥਾਂ ਨੂੰ ਵਧਾ ਦਿੱਤਾ ਜਾਵੇ ਤਾਂ ਜੋ ਲੋੜ ਪੈਣ 'ਤੇ ਮੁਸਲਮਾਨ ਇਕ ਦੂਜੇ ਦੀ ਮਦਦ ਲਈ ਇੱਕਦਮ ਇਕੱਠੇ ਨਾ ਹੋ ਸਕਣ। 
ਬਹੁਗਿਣਤੀ ਫਿਰਕਾਪ੍ਰਸਤੀ ਇੱਕ ਹੋਰ ਨੁਕਤੇ ਦਾ ਪ੍ਰਚਾਰ ਵੀ ਕਰ ਰਹੀ ਹੈ, ਜਿਸ 'ਚ ਉਹ ਕਹਿੰਦੇ ਹਨ ਕਿ 'ਭਾਰਤੀਏ ਧਰਮ', ਮੁਸਲਮਾਨਾਂ ਨੂੰ ਬਾਹਰੋਂ ਆਇਆ ਧਰਮ ਗਰਦਾਨਦੇ ਹਨ ਅਤੇ ਦੂਜੇ ਪਾਸੇ ਸਿੱਖ, ਜੈਨ, ਬੋਧੀ ਆਦਿ ਧਰਮਾਂ ਹਿੰਦੂ ਧਰਮ ਦੇ ਹੀ ਪੰਥ ਦਰਸਾਕੇ ਇਕ ਨਵੀਂ ਵੰਡ ਪੈਦਾ ਕਰ ਰਹੇ ਹਨ। ਮੁਸਲਮਾਨਾਂ ਨੂੰ ਛੱਡ ਕੇ ਉਹ ਦੂਜੇ ਧਰਮਾਂ ਨੂੰ ਭਾਰਤ 'ਚ ਪੈਦਾ ਹੋਏ ਧਰਮ ਦੱਸਦੇ ਹੋਏ ਇਨ੍ਹਾਂ ਨੂੰ ਹਿੰਦੂ ਧਰਮ ਦਾ ਹੀ ਹਿੱਸਾ ਦੱਸਦੇ ਹਨ। ਇਸੇ ਆਧਾਰ ਨੂੰ ਸਾਹਮਣੇ ਰੱਖਦੇ ਹੋਏ ਆਰਐਸਐਸ ਨੇ ਰਾਸ਼ਟਰੀਆ ਸਿੱਖ ਸੰਗਤ ਨਾਂਅ ਦੀ ਸੰਸਥਾ ਵੀ ਬਣਾਈ ਹੋਈ ਹੈ।  ਇਸ ਮੁੱਦੇ 'ਤੇ ਚਰਚਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਹੁਗਿਣਤੀਵਾਦ ਅਧੀਨ ਇਸਲਾਮ (ਮੁਸਲਮ ਧਰਮ) ਨੂੰ ਵਿਦੇਸ਼ੀ ਧਰਮ ਦੱਸਦੇ ਹੋਏ ਇਸਦੇ ਪੈਰੋਕਾਰਾਂ ਨੂੰ ਦੇਸ਼ 'ਚੋਂ ਬਾਹਰ ਕੱਢਣ ਲਈ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਇਹ ਦਲੀਲ ਮੰਨ ਵੀ ਲਈ ਜਾਵੇ ਤਾਂ ਹਿੰਦੂਆਂ ਦਾ ਅਮਰੀਕਾ, ਕਨੇਡਾ ਸਮੇਤ ਦੂਜੇ ਦੇਸ਼ਾਂ 'ਚ ਕੀ ਬਣੇਗਾ। ਜਦੋਂ ਦੂਜੇ ਦੇਸ਼ਾਂ ਦੇ ਮੁਖੀ ਵਿਦੇਸ਼ਾਂ 'ਚ ਸਾਡੇ ਗੁਰਦੁਆਰਿਆਂ, ਮੰਦਰਾਂ 'ਚ ਜਾਂਦੇ ਹਨ ਤਾਂ ਅਸੀਂ ਖੁਸ਼ ਹੁੰਦੇ ਹਾਂ ਪਰ ਸਾਡੇ ਦੇਸ਼ 'ਚ ਪੱਖਪਾਤ ਹੋ ਰਿਹਾ ਹੋਵੇ ਤਾਂ ਅਸੀਂ ਚੁੱਪ ਹੋ ਜਾਂਦੇ ਹਾਂ। ਬਹੁਗਿਣਤੀਵਾਦ ਦੇ ਮਹੱਤਵਪੂਰਨ ਨੁਕਤੇ ਵੱਲ ਧਿਆਨ ਦਵਾਉਂਦਿਆਂ ਉਨ੍ਹਾਂ ਕਿਹਾ ਕਿ ਬੁੱਧ ਧਰਮ ਅਹਿੰਸਾ ਦਾ ਪੁਜਾਰੀ ਹੈ ਪਰ ਸ਼੍ਰੀ ਲੰਕਾ 'ਚ ਹਿੰਦੂ ਤਾਮਿਲਾਂ 'ਤੇ ਹਮਲੇ ਕੀਤੇ ਗਏ ਜਦੋਂਕਿ ਬੁੱਧ ਧਰਮ ਉਥੇ ਬਹੁਗਿਣਤੀ 'ਚ ਹੈ। ਉਨ੍ਹਾਂ ਸੱਪਸ਼ਟ ਕੀਤਾ ਕਿ ਬਹੁਗਿਣਤੀ ਦੀ ਫਿਰਕਾਪ੍ਰਸਤੀ ਬਹੁਤ ਹੀ ਖਤਰਨਾਕ ਹੁੰਦੀ ਹੈ।
ਡਾ. ਝਾਅ ਨੇ ਇੱਕ ਹੋਰ ਨੁਕਤਾ ਉਭਾਰਦਿਆਂ ਕਿਹਾ ਕਿ ਕਾਂਗਰਸ ਸਮੇਤ ਆਪਣੇ ਆਪ ਨੂੰ ਅਗਾਂਹਵਧੂ ਕਹਾਉਣ ਵਾਲਿਆਂ ਨੇ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਸਕੂਲਾਂ ਦਾ ਸਲੇਬਸ ਕਿਹੋ ਜਿਹਾ ਹੋਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਮਹਾਤਮਾ ਗਾਂਧੀ ਦੀ ਮੌਤ ਕਿਸ ਢੰਗ ਨਾਲ ਹੋਈ ਹੈ, ਇਸ ਦੇ ਕਾਰਨਾਂ ਨੂੰ ਹਾਲੇ ਤੱਕ ਉਭਾਰਿਆ ਹੀ ਨਹੀਂ ਜਾ ਸਕਿਆ। ਉਨ੍ਹਾਂ ਦਾ ਕਾਤਲ ਕੌਣ ਸੀ ਬਾਰੇ ਦੱਸਣ ਦੀ ਥਾਂ ਬੱਚਿਆਂ ਨੂੰ ਇਹ ਹੀ ਪੜ੍ਹਾਇਆ ਜਾਂਦਾ ਹੈ ਕਿ ਮਹਾਤਮਾ ਗਾਂਧੀ ਦਾ ਕਤਲ 1948 'ਚ ਹੋ ਗਿਆ ਸੀ। ਉਨ੍ਹਾ ਕਿਹਾ ਕਿ ਰਾਸ਼ਟਰ ਪਿਤਾ ਦੇ ਕਤਲ ਦੇ ਪਿਛੋਕੜ, ਕਿਉਂ ਇਹ ਕਤਲ ਕੀਤਾ ਗਿਆ ਆਦਿ ਬਾਰੇ ਹਾਲੇ ਤੱਕ ਵੀ ਉਂਨੀ ਚਰਚਾ ਨਹੀਂ ਕੀਤੀ ਜਾ ਸਕੀ, ਜਿੰਨੀ ਕਿ ਕੀਤੀ ਜਾਣੀ ਬਣਦੀ ਸੀ।   
ਗੁਜਰਾਤ 'ਚ 2002 ਤੋਂ ਬਾਅਦ ਹੁਣ ਯੂਪੀ 'ਚ ਵੀ ਭਾਜਪਾ ਨੇ ਕੁਰਸੀ ਸੰਭਾਲ ਕੇ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਕਿ ਸਿਆਸਤ 'ਚ ਮੁਸਲਮਾਨਾਂ ਦੀ ਕੋਈ ਅਹਿਮੀਅਤ ਹੀ ਨਹੀਂ ਹੈ। ਡਾ. ਝਾਅ ਨੇ ਕਿਹਾ ਕਿ ਦੇਸ਼ ਦੀਆਂ ਕੁੱਝ ਪਾਰਟੀਆਂ ਆਪਣੇ ਆਪ ਨੂੰ ਧਰਮ ਨਿਰੱਪਖ ਵੀ ਸਮਝਦੀਆਂ ਹੋਣ ਤਾਂ ਵੀ ਉਹ ਮੁਸਲਮਾਨਾਂ ਨੂੰ ਅੱਗੇ ਨਹੀਂ ਲੈ ਕੇ ਆ ਰਹੀਆਂ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮੁਸਲਮਾਨਾਂ ਨੂੰ ਅੱਗੇ ਲਿਆਉਣ ਦਾ ਅਰਥ ਹਿੰਦੂਆਂ ਨੂੰ ਗੁੱਸੇ ਕਰਨਾ ਹੀ ਹੈ। ਅਤੇ, ਉਹ ਇਹ ਵੀ ਸਮਝਣ ਲੱਗ ਪਈਆਂ ਹਨ ਕਿ ਮੁਸਲਮਾਨਾਂ ਤੋਂ ਬਿਨਾਂ ਵੀ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ। ਉਨ੍ਹਾ ਇੱਕ ਹੋਰ ਨੁਕਤੇ 'ਤੇ ਵੀ ਚਰਚਾ ਕੀਤੀ ਕਿ ਗੁਜਰਾਤ ਦੰਗਿਆਂ 'ਚ ਮਾਰੇ ਗਏ ਕਾਂਗਰਸ ਪਾਰਟੀ ਦੇ ਚੁਣੇ ਗਏ ਸਾਬਕਾ ਸੰਸਦ ਮੈਂਬਰ ਅਹਿਸਾਨ ਜਾਫਰੀ ਦੀ ਪਤਨੀ ਕੋਲ ਸੋਨੀਆ ਗਾਂਧੀ  ਅਫਸੋਸ ਕਰਨ ਲਈ ਵੀ ਨਹੀਂ ਗਈ ਕਿਉਂਕਿ ਉਸਦੀ ਧਾਰਨਾ ਹੈ ਕਿ ਜੇਕਰ ਉਸ ਨਾਲ ਫੋਟੋ ਵੀ ਖਿਚਵਾ ਲਈ ਤਾਂ ਦੇਸ਼ ਦੇ ਹਿੰਦੂ ਗੁੱਸੇ ਹੋ ਜਾਣਗੇ। ਮਹਾਰਾਸ਼ਟਰ ਦੀ ਇੱਕ ਹੋਰ ਘਟਨਾ ਦਾ ਜਿਕਰ ਕਰਦੇ ਹੋਏ ਉਨ੍ਹਾ ਕਿਹਾ ਕਿ ਕਾਂਗਰਸ ਅਤੇ ਐਨਸੀਪੀ ਦੀ ਸਰਕਾਰ ਹੁੰਦਿਆਂ 6 ਮੁਸਲਮਾਨ ਨੌਜਵਾਨ ਪੁਲੀਸ ਦੀ ਗੋਲੀ ਨਾਲ ਮਾਰੇ ਗਏ। ਉਥੋਂ ਦੀ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਨਾ ਤਾਂ ਮੁਸਲਮਾਨਾਂ ਦੇ ਘਰਾਂ 'ਚ ਜਾ ਕੇ ਅਫਸੋਸ ਕੀਤਾ ਅਤੇ ਨਾ ਹੀ ਖੁਲੇਆਮ ਮੁਆਵਜੇ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਅਜਿਹਾ ਹੀ ਇੱਕ ਹਮਲਾ ਦਲਿਤਾਂ 'ਤੇ ਵੀ ਕੀਤਾ ਜਾ ਰਿਹਾ ਹੈ। ਕੁੱਝ ਥਾਵਾਂ 'ਤੇ ਦਲਿਤਾਂ ਅਤੇ ਹੋਰ ਲੋਕਾਂ ਵਲੋਂ ਇਸ ਦੇ ਵਿਰੋਧ ਵਿਚ ਧਰਨੇ ਮੁਜ਼ਾਹਰੇ ਵੀ ਹੋਏ ਹਨ। ਜਦੋਂ ਕਿ ਮੁਸਲਮਾਨਾਂ ਉਤੇ ਹੋਏ ਹਮਲਿਆਂ ਦਾ ਨਾ ਉਨ੍ਹਾਂ ਖੁਦ ਅਤੇ ਨਾ ਹੀ ਹੋਰਨਾਂ ਵਲੋਂ ਕਿਤੇ ਅਜਿਹਾ ਵਿਰੋਧ ਸਾਹਮਣੇ ਆਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਵਿਰੋਧ ਦੇ ਵੀ ਅਰਥ ਕੱਢੇ ਜਾਣਗੇ। ਇੱਕ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੁਸਲਮਾਨਾਂ ਵਲੋਂ ਕਿਤੇ ਵੀ ਹਿੰਸਕ ਕਾਰਵਾਈ ਕੀਤੀ ਦਿਖਾਈ ਨਹੀਂ ਦੇ ਰਹੀ ਸਗੋਂ ਇਸ ਦੇ ਮੁਕਾਬਲੇ ਹਿੰਦੂ ਬਹੁਗਿਣਤੀ ਵਲੋਂ ਅਜਿਹੀ ਕਾਰਵਾਈ ਨਿਰੰਤਰ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਮੁਸਲਮਾਨਾਂ ਨੂੰ ਗੱਲਬਾਤ ਅਤੇ ਹੋਰ ਅਜਿਹੇ ਰਸਤੇ ਅਪਣਾਉਣੇ ਹੀ ਪੈਣਗੇ ਕਿਉਂਕਿ ਮੁਸਲਮਾਨਾਂ ਨੂੰ ਹੁਣ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਜਿਸਮਾਨੀ ਤੌਰ 'ਤੇ ਵੀ ਅਤੇ ਸਿਆਸੀ ਤੌਰ 'ਤੇ ਵੀ ਬੇਦਖਲ ਕੀਤਾ ਜਾ ਰਿਹਾ ਹੈ। ਇਕ ਹੋਰ ਪ੍ਰਸ਼ਨ ਦੇ ਉਤਰ ਵਿਚ ਉਨ੍ਹਾਂ ਕਿਹਾ ਕਿ ਹੋਰ ਦੇਸ਼ਾਂ 'ਚ ਵੀ ਰਾਸ਼ਟਰਵਾਦ ਦਾ ਰਾਗ ਅਲਾਪਿਆ ਜਾ ਰਿਹਾ ਹੈ ਅਤੇ ਇਸ ਦਾ ਅਰਥ ਇਹ ਨਹੀਂ ਕਿ ਅਸੀਂ ਸਿਰ ਝੁਕਾ ਦੇਈਏ ਜਾਂ ਗੋਡੇ ਟੇਕ ਦੇਈਏ। ਉਨ੍ਹਾ ਇਹ ਵੀ ਸੁਝਾਅ ਦਿੱਤਾ ਕਿ ਸਾਨੂੰ ਘੱਟ ਗਿਣਤੀਆਂ ਦੇ ਹੱਕ 'ਚ ਸਿਰਫ ਭਾਸ਼ਣ ਦੇਣ ਨਾਲ ਹੀ ਫਾਇਦਾ ਨਹੀਂ ਹੋਣਾ।
ਡਾ. ਝਾਅ ਨੇ ਕਿਹਾ ਕਿ ਉਹ ਆਪ ਕਮਿਊਨਿਸਟ ਨਹੀਂ ਹਨ ਪਰ ਉਹ ਹਿੰਦੂ ਬਹੁਗਿਣਤੀ ਦੀ ਫਿਰਕਾਪ੍ਰਸਤੀ ਵਲੋਂ ਕਮਿਊਨਿਸਟਾਂ 'ਤੇ ਹਮਲੇ ਦੇ ਅਰਥ ਸਮਝਦੇ ਹਨ। ਕਮਿਊਨਿਸਟ ਬਰਾਬਰਤਾ ਦੀ ਗੱਲ ਕਰਦੇ ਹਨ ਅਤੇ ਹਰ ਰੰਗ ਦੇ ਬਹੁਗਿਣਤੀਵਾਦੀ ਫਿਰਕਾਪ੍ਰਸਤ ਬਰਾਬਰਤਾ ਦੀ ਗੱਲ ਕਰਨ ਵਾਲੇ ਅਜਿਹੇ ਲੋਕਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ।
ਅੰਤ 'ਚ ਆਰਐਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੈਮੀਨਾਰ ਕਰਵਾਉਣ ਦਾ ਅਰਥ ਦੇਸ਼ ਦੇ ਲੋਕਾਂ ਸਾਹਮਣੇ ਦਰਪੇਸ਼ ਹਕੀਕੀ ਖਤਰੇ ਦੀ ਨਿਸ਼ਾਨਦੇਹੀ ਕਰਵਾਉਣਾ ਹੈ। ਉਨ੍ਹਾ ਕਿਹਾ ਕਿ ਖੱਬੀਆਂ ਪਾਰਟੀਆਂ ਡਟ ਕੇ ਫਿਰਕਾਪ੍ਰਸਤੀ ਦੇ ਖਿਲਾਫ ਹਨ ਅਤੇ ਇਸ ਦਾ ਅਰਥ ਇਹ ਨਹੀਂ ਕਿ ਉਹ ਹਿੰਦੂ ਧਰਮ ਦੇ ਖਿਲਾਫ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ 'ਚ ਅਤਿਵਾਦ ਨੂੰ ਸਿੱਖਾਂ ਦੀ ਬਹੁਗਿਣਤੀ ਨੂੰ ਨਾਲ ਲਏ ਬਿਨਾਂ ਖਤਮ ਨਹੀਂ ਸੀ ਕੀਤਾ ਜਾ ਸਕਿਆ। ਇਸ ਤਰ੍ਹਾਂ ਦੇਸ਼ ਦੇ ਲੋਕ ਜਿਹੜੇ ਅੰਧ ਰਾਸ਼ਟਰਵਾਦ ਅਤੇ ਫਿਰਕਾਪ੍ਰਸਤੀ ਦੇ ਖਿਲਾਫ ਹਨ, ਉਨ੍ਹਾਂ ਨੂੰ ਨਾਲ ਲੈ ਕੇ ਲੜਾਈ ਲੜੀ ਜਾਵੇਗੀ।
ਇਸ ਸੈਮੀਨਾਰ ਦੀ ਪ੍ਰਧਾਨਗੀ ਆਰਐਮਪੀਆਈ ਦੇ ਕੇਂਦਰੀ ਕਮੇਟੀ ਮੈਂਬਰ ਹਰਕੰਵਲ ਸਿੰਘ, ਸੂਬਾ ਸਕੱਤਰੇਤ ਮੈਂਬਰ ਕੁਲਵੰਤ ਸਿੰਘ ਸੰਧੂ ਅਤੇ ਡਾ. ਕਰਮਜੀਤ ਸਿੰਘ ਨੇ ਕੀਤੀ। ਆਰੰਭ 'ਚ ਸਾਥੀ ਹਰਕੰਵਲ ਸਿੰਘ ਨੇ ਇਸ ਸੈਮੀਨਾਰ ਦੇ ਮਕਸਦ ਨੂੰ ਸਪੱਸ਼ਟ ਕੀਤਾ। ਇਸ ਮੌਕੇ ਡਾ. ਕਰਮਜੀਤ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪਰਗਟ ਸਿੰਘ ਜਾਮਾਰਾਏ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਈ। 
 

ਚੰਡੀਗੜ੍ਹ 
 
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਚੰਡੀਗੜ੍ਹ ਯੂਨਿਟ ਵਲੋਂ 23 ਅਪ੍ਰੈਲ ਨੂੰ ਕੇਂਦਰੀ ਕਮੇਟੀ ਦੇ ਸੱਦੇ ਮੁਤਾਬਕ ਧਰਮ-ਨਿਰਪੱਖਤਾ, ਜਮਹੂਰੀਅਤ ਅਤੇ ਹਕੀਕੀ ਰਾਸ਼ਟਰਵਾਦ ਵਿਸ਼ੇ 'ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਇਹ ਸੈਮੀਨਾਰ ਪੀਪਲਜ਼ ਕਨਵੈਨਸ਼ਨ ਸੈਂਟਰ, ਸੈਕਟਰ-36, ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਸੈਮੀਨਾਰ 'ਚ 150 ਤੋਂ ਵੱਧ ਲੋਕਾਂ ਨੇ ਭਾਗ ਲਿਆ। ਇਸਦੀ ਪ੍ਰਧਾਨਗੀ ਸਾਥੀ ਜੁਗਿੰਦਰ ਸਿੰਘ ਨੇ ਕੀਤੀ ਅਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਾਥੀ ਸਤੀਸ਼ ਖੋਸਲਾ ਨੇ ਨਿਭਾਈ।
ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਪ੍ਰਸਿੱਧ ਪੱਤਰਕਾਰ ਗੋਬਿੰਦ ਠੁਕਰਾਲ ਨੇ ਆਪਣੇ ਕੌਮੀ ਅਤੇ ਅੰਤਰ-ਰਾਸ਼ਟਰੀ ਤਜਰਬਿਆਂ ਦੇ ਆਧਾਰ 'ਤੇ ਭਾਰਤੀ ਜਮਹੂਰੀਅਤ, ਧਰਮ-ਨਿਰਪੱਖਤਾ ਅਤੇ ਰਾਸ਼ਟਰਵਾਦ ਦੀ ਵਿਆਖਿਆ ਭਾਰਤੀ ਇਤਿਹਾਸ ਦੀਆਂ ਜੜ੍ਹਾਂ ਦੇ ਆਧਾਰ 'ਤੇ ਕੀਤੀ। ਇਹ ਆਧਾਰ ਅਜੋਕੇ ਸਮੇਂ ਦੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ 'ਤੇ ਵੀ ਢੁੱਕਦੇ ਹਨ। ਉਪਰੋਕਤ ਹਕੀਕਤਾਂ ਨੂੰ ਕੇਂਦਰ ਵਿੱਚ ਰਾਜ ਕਰ ਰਹੀ ਪਾਰਟੀ ਹੀ ਖ਼ਤਮ ਕਰਨ 'ਤੇ ਤੁਲੀ ਹੋਈ ਹੈ। ਸਿੱਟੇ ਵਜੋਂ ਸਾਰੇ ਦੇਸ਼ 'ਚ ਅਰਾਜਕਤਾ ਦਾ ਮਾਹੌਲ ਹੈ, ਜੋ ਧਰਮ-ਨਿਰਪੱਖਤਾ ਤੇ ਜਮਹੂਰੀਅਤ ਲਈ ਬਹੁਤ ਵੱਡਾ ਖ਼ਤਰਾ ਹੈ। ਇਨ੍ਹਾਂ ਸਾਰੀਆਂ ਤਾਕਤਾਂ ਦੇ ਪਿੱਛੇ ਆਰ ਐੱਸ ਐੱਸ ਦਾ ਸਿੱਧਾ ਤੇ ਸਪੱਸ਼ਟ ਰੋਲ ਹੈ, ਜਿਸ ਦੀਆਂ ਜੜ੍ਹਾਂ ਹਿੰਦੂ ਰਾਸ਼ਟਰਵਾਦ ਵਿੱਚ ਹਨ, ਜਿਵੇਂ ਆਧਿਆਤਮਕ ਜਮਹੂਰੀਅਤ, ਗਊ ਰੱਖਿਆ ਭਾਰਤ ਦੇ ਧਰਮ-ਨਿਰਪੱਖ ਢਾਂਚੇ ਲਈ ਬਹੁਤ ਵੱਡਾ ਖ਼ਤਰਾ ਹੈ, ਜੋ ਕਿ ਹਰ ਰੋਜ਼ ਹੋਣ ਵਾਲੀ ਗੱਲ ਬਣ ਕੇ ਰਹਿ ਗਈ ਹੈ। ਸ਼੍ਰੀ ਗੋਬਿੰਦ ਠੁਕਰਾਲ ਨੇ ਚੋਣ ਪ੍ਰਬੰਧ ਵਾਲੀ ਜਮਹੂਰੀਅਤ ਵਿੱਚ ਸੁਧਾਰਾਂ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਭਾਰਤੀ ਚੋਣ ਪ੍ਰਣਾਲੀ ਵਿੱਚ ਅਨੁਪਾਤਕ ਪ੍ਰਤੀਨਿਧਤਾ, ਰਾਜ ਆਧਾਰਤ ਖ਼ਰਚ 'ਤੇ ਚੋਣਾਂ ਕਰਵਾਉਣ ਅਤੇ ਹੋਰ ਚੋਣ ਸੁਧਾਰਾਂ ਦੀ ਬੇਹੱਦ ਜ਼ਰੂਰਤ ਹੈ। ਉਨ੍ਹਾ ਖੱਬੀਆਂ ਤਾਕਤਾਂ ਦੇ ਕਮਜ਼ੋਰ ਹੋਣ 'ਤੇ ਚਿੰਤਾ ਜ਼ਾਹਰ ਕਰਦਿਆਂ ਸਾਰੀਆਂ ਜਮਹੂਰੀ, ਅਗਾਂਹਵਧੂ ਅਤੇ ਖੱਬੀਆਂ ਸ਼ਕਤੀਆਂ ਦੇ ਏਕੇ ਦੀ ਜ਼ਰੂਰਤ 'ਤੇ ਬਲ ਦਿੱਤਾ ਅਤੇ ਆਰ ਐੱਸ ਐੱਸ ਦੇ ਖ਼ਤਰਨਾਕ ਇਰਾਦਿਆਂ ਨੂੰ ਭਾਂਜ ਦੇਣ ਦੀ ਗੱਲ ਕੀਤੀ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਧਰਮ-ਨਿਰਪੱਖਤਾ, ਜਮਹੂਰੀਅਤ ਅਤੇ ਹਕੀਕੀ ਰਾਸ਼ਟਰਵਾਦ ਬਾਰੇ ਗੱਲ ਕਰਦਿਆਂ ਜ਼ੋਰ ਦਿੱਤਾ ਕਿ ਇਹ ਤਿੰਨੋਂ ਹੀ ਮੁੱਦੇ ਆਪਸ ਵਿੱਚ ਗੂੜ੍ਹਾ ਸੰਬੰਧ ਰੱਖਦੇ ਹਨ। ਉਨ੍ਹਾ ਕਿਹਾ ਅੱਜ ਘੱਟ ਗਿਣਤੀਆਂ 'ਤੇ ਵੱਡੀ ਪੱਧਰ 'ਤੇ ਹਮਲੇ ਹੋ ਰਹੇ ਹਨ ਅਤੇ ਉਹ ਦਹਿਸ਼ਤ ਦੇ ਸਾਏ ਵਿੱਚ ਜੀਅ ਰਹਿ ਰਹੇ ਹਨ। ਉਨ੍ਹਾ ਲੋਕਾਂ, ਵਿਸ਼ੇਸ਼ ਤੌਰ 'ਤੇ ਖੱਬੀਆਂ ਧਿਰਾਂ ਨੂੰ ਸਪੱਸ਼ਟ ਤੌਰ 'ਤੇ ਇਨ੍ਹਾਂ ਲੋਕ ਵਿਰੋਧੀ ਤਾਕਤਾਂ ਨੂੰ ਹਰਾਉਣ ਲਈ ਅੱਗੇ ਆਉਣ ਲਈ ਕਿਹਾ ਅਤੇ ਵਿਸ਼ੇਸ਼ ਤੌਰ ਤੇ ਜਮਹੂਰੀ ਅਤੇ ਧਰਮ-ਨਿਰਪੱਖ ਤਾਕਤਾਂ ਇਸ ਕਾਜ ਨੂੰ ਨੇਪਰੇ ਚਾੜ੍ਹਨ ਲਈ ਜੀ-ਜਾਨ ਲਾਅ ਦੇਣ, ਤਾਂ ਕਿ ਲੋਕਾਂ ਦੀ ਇੱਕ ਵਿਸ਼ਾਲ ਜਮਹੂਰੀ ਲਹਿਰ ਪੈਦਾ ਹੋ ਸਕੇ। ਇਹ ਲਹਿਰ ਪ੍ਰਮੁੱਖ ਮੁੱਦਿਆਂ ਦੇ ਆਧਾਰ 'ਤੇ ਹੋਵੇ ਤੇ ਕੰਮ ਕਰੇ, ਜਿਵੇਂ ਦੇਸ਼ ਦੇ ਪ੍ਰਮੁੱਖ ਮੁੱਢਲੇ ਆਰਥਕ ਮੁੱਦਿਆਂ ਅਤੇ ਫਿਰਕਾਪ੍ਰਸਤ ਤਾਕਤਾਂ ਖ਼ਿਲਾਫ਼ ਲਗਾਤਾਰ ਲੜਾਈ। ਸਰੋਤਿਆਂ ਦੇ ਪ੍ਰਸ਼ਨਾਂ ਦਾ ਜਵਾਬ ਦਿੰਦੇ ਹੋਏ ਉਨ੍ਹਾ ਕਿਹਾ ਕਿ ਚੋਣਾਂ ਦਾ ਪ੍ਰਸ਼ਨ ਏਨਾ ਮਹੱਤਵਪੂਰਨ ਨਹੀਂ, ਸਗੋਂ ਇਹ ਅਤਿਅੰਤ ਮਹੱਤਵਪੂਰਨ ਹੈ ਕਿ ਲੋਕ ਵਿਰੋਧੀ ਨੀਤੀਆਂ ਅਤੇ ਫ਼ਿਰਕਾਪ੍ਰਸਤ ਤਾਕਤਾਂ ਖ਼ਿਲਾਫ਼ ਲਗਾਤਾਰ ਅਤੇ ਬੇਕਿਰਕ ਲੜਾਈ ਛੇੜੀ ਜਾਵੇ।
ਬਹਿਸ ਵਿੱਚ ਭਾਗ ਲੈਣ ਵਾਲੀਆਂ ਪ੍ਰਸਿੱਧ ਹਸਤੀਆਂ ਵਿੱਚ ਪ੍ਰੋ. ਚਮਨ ਲਾਲ, ਪ੍ਰੋ. ਮਨਜੀਤ ਸਿੰਘ, ਪ੍ਰੋ. ਰਬਿੰਦਰ ਸ਼ਰਮਾ,  ਐੱਚ ਐੱਸ ਮਹਿਤਾ, ਡਾ. ਕਾਂਤਾ, ਡਾ. ਵਰਿੰਦਰ, ਡੀ ਐੱਸ ਚਾਹਲ, ਲਾਲ ਸਿੰਘ, ਕਾਮਰੇਡ ਤਰਲੋਚਨ ਸਿੰਘ ਰਾਣਾ, ਸਦੇਸ਼ ਤਲਵਾੜ (ਪ੍ਰਸਿੱਧ ਪੱਤਰਕਾਰ), ਗੁਰਦਰਸ਼ਨ ਬੀਕਾ, ਮਿ. ਬੇਦੀ ਅਤੇ ਡਾ. ਰਾਜੀਵ ਖੋਸਲਾ ਸ਼ਾਮਲ ਸਨ।
ਅੰਤ ਵਿੱਚ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਸਾਥੀ ਜੁਗਿੰਦਰ ਸਿੰਘ ਨੇ ਆਏ ਹੋਏ ਪ੍ਰਮੁੱਖ ਬੁਲਾਰਿਆਂ ਅਤੇ ਵਿਦਵਾਨ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਸੈਮੀਨਾਰ ਵਿੱਚ ਉਭਰੇ ਵਿਚਾਰਾਂ ਦੇ ਅਧਾਰ 'ਤੇ ਵਧ-ਚੜ੍ਹ ਕੇ ਲੋਕਾਂ ਵਿੱਚ ਕੰਮ ਕਰਨ ਦੀ ਅਪੀਲ ਕੀਤੀ।

No comments:

Post a Comment