Saturday 6 May 2017

ਬੇਕਾਬੂ ਹੋ ਰਹੀ ਹੈ ਕਾਂਗਰਸੀਆਂ ਦੀ ਹਾਬੜ

ਇੰਦਰਜੀਤ ਚੁਗਾਵਾਂ
 
ਮਾਰਚ 2017 'ਚ ਜਦ ਨਵੀਂ ਪੰਜਾਬ ਵਿਧਾਨ ਸਭਾ ਦਾ ਗਠਨ ਹੋਇਆ ਤੇ ਕਾਂਗਰਸ ਨੇ ਸੰਤਾ ਸੰਭਾਲੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਆਇਆ ਸੀ ਕਿ ਉਹ ਬਦਲੇ ਦੀ ਸਿਆਸਤ ਨਹੀਂ ਕਰਨਗੇ। ਉਨ੍ਹਾਂ ਵੀ.ਆਈ.ਪੀ. ਕਲਚਰ ਖਤਮ ਕਰਨ ਦਾ ਵੀ ਵਾਅਦਾ ਕੀਤਾ ਜਿਸ ਮੁਤਾਬਕ ਕਿਸੇ ਵੀ ਮੰਤਰੀ ਜਾਂ ਅਧਿਕਾਰੀ 'ਤੇ ਲਾਲ ਬੱਤੀ ਨਹੀਂ ਲਾਈ ਜਾਵੇਗੀ। ਇਸ ਦੌਰਾਨ ਹੀ ਉਨ੍ਹਾ ਇਕ ਮਹੀਨੇ ਦੇ ਅੰਦਰ-ਅੰਦਰ ਸੂਬੇ 'ਚੋਂ ਨਸ਼ਿਆਂ ਦੇ ਖਾਤਮੇ ਬਾਰੇ ਆਪਣਾ ਚੋਣ ਵਾਅਦਾ ਪੂਰਾ ਕਰਨ ਦਾ ਵੀ ਐਲਾਨ ਕੀਤਾ।  ਉਨ੍ਹਾਂ ਦੇ ਇਸ ਬਿਆਨ ਤੋਂ ਪੰਜਾਬ ਦੇ ਲੋਕਾਂ ਨੂੰ ਆਸ ਬੱਝੀ ਸੀ ਕਿ ਹੁਣ ਸੂਬੇ ਅੰਦਰ ਸਿਹਤਮੰਦ ਸਿਆਸਤ ਦੇਖਣ ਨੂੰ ਮਿਲੇਗੀ ਤੇ ਅਮਨ ਕਾਨੂੰਨ ਦੀ ਵਿਵਸਥਾ 'ਚ ਸੁਧਾਰ ਆਵੇਗਾ। ਅਕਾਲੀ-ਭਾਜਪਾ ਗਠਜੋੜ ਦੇ 10 ਸਾਲਾ ਹਕੂਮਤ ਦੇ ਜੰਗਲ ਰਾਜ ਤੋਂ ਅੱਕੇ ਤੇ ਭਰੇ ਪੀਤੇ ਲੋਕਾਂ ਦਾ ਇਹ ਆਸ ਕਰਨਾ ਕੁਦਰਤੀ ਵੀ ਸੀ। ਉਹਨਾਂ ਵੋਟਾਂ ਪਾ ਕੇ ਕਾਂਗਰਸ ਨੂੰ ਸੱਤਾ 'ਚ ਲਿਆਂਦਾ ਹੀ ਇਸ ਮਨੋਰਥ ਲਈ ਸੀ  ਪਰ ਉਨ੍ਹਾਂ ਦਾ ਇਹ ਭਰਮ ਇਕ ਮਹੀਨੇ ਦੇ ਅੰਦਰ-ਅੰਦਰ ਹੀ ਟੁੱਟ ਗਿਆ।
14 ਅਪ੍ਰੈਲ ਨੂੰ ਨਾਭਾ 'ਚ ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਇਕ ਬਲਾਕ ਦਾ ਉਦਘਾਟਨ ਹੋਣਾ ਸੀ। ਇਸ ਮੌਕੇ ਨਵੇਂ-ਨਵੇਂ ਮੰਤਰੀ ਬਣੇ ਸ. ਸਾਧੂ ਸਿੰਘ ਧਰਮਸੋਤ ਨੂੰ ਵੀ ਸੱਦਿਆ ਗਿਆ ਸੀ। ਕਿਉਂਕਿ ਇਹ ਬਲਾਕ ਸਕੂਲ ਦੀ ਇਕ ਸਾਬਕਾ ਵਿਦਿਆਰਥਣ ਅਤੇ ਉਸਦੇ ਸਨਅਤਕਾਰ ਭਰਾ ਵਲੋਂ ਦਾਨ ਕੀਤੀ ਗਈ ਰਕਮ ਨਾਲ ਬਣਿਆ ਸੀ, ਪ੍ਰਬੰਧਕਾਂ ਨੇ ਨੀਂਹ ਪੱਥਰ 'ਚ ਭੈਣ-ਭਰਾ ਦਾ ਨਾਂਅ ਸਭ ਤੋਂ ਉਪਰ ਲਿਖਵਾ ਦਿੱਤਾ ਤੇ ਮੰਤਰੀ ਸਾਹਿਬ ਦਾ ਨਾਂਅ ਤੀਸਰੇ ਥਾਂ ਚਲਾ ਗਿਆ। ਉਦਘਾਟਨ ਕਰਦੇ ਵਕਤ ਜਦ ਉਨ੍ਹਾ ਦੀ ਨਜ਼ਰ ਆਪਣੇ ਨਾਂਅ ਉਪਰ ਗਈ ਤਾਂ ਉਨ੍ਹਾ ਲਈ ਇਹ ਗੱਲ ਬਰਦਾਸ਼ਤ ਤੋਂ ਬਾਹਰ ਹੋ ਗਈ। ਸਾਰੇ ਸ਼ਿਸ਼ਟਾਚਾਰ ਪਰ੍ਹੇ ਵਗਾਹ ਕੇ ਉਨ੍ਹਾ ਮੌਕੇ 'ਤੇ ਹੀ ਸਕੂਲ ਦੀ ਪ੍ਰਿੰਸੀਪਲ ਬੀਬੀ ਨਿਸ਼ੀ ਜਲੋਟਾ ਨੂੰ ਮੁਅੱਤਲ ਕਰਨ ਦੀ ਧਮਕੀ ਦੇ ਮਾਰੀ। ਅਖੇ ਤੈਨੂੰ ਪਤਾ ਨਹੀਂ ਚੀਫ ਗੈਸਟ ਕੌਣ ਐ, ਮੇਰਾ ਨਾਂਅ ਤੀਸਰੇ ਥਾਂ ਕਿਵੇਂ ਚਲਾ ਗਿਆ, ਮੈਂ ਤੈਨੂੰ ਸਸਪੈਂਡ ਕਰ ਦਊਂ। ਬੇਚਾਰੀ ਪ੍ਰਿੰਸੀਪਲ ਨੇ ਕਿਹਾ ਵੀ ਕਿ ਇਹ ਪੱਥਰ ਉਸ ਨੇ ਨਹੀਂ ਬਣਾਇਆ। ਪ੍ਰਬੰਧਕੀ ਕਮੇਟੀ ਨੇ ਬਣਾਇਆ ਹੈ ਪਰ ਧਰਮਸੋਤ ਦਾ ਧਰਮ-ਕਰਮ ਕਿਤੇ ਦੂਰ ਚਲਾ ਗਿਆ ਸੀ, ਉਹ ਸ਼ਾਂਤ ਨਹੀਂ ਹੋਏ। ਇਹ ਸਾਰਾ ਕੁੱਝ ਮੌਕੇ 'ਤੇ ਮੌਜੂਦ ਮੀਡੀਆ ਕਰਮੀਆਂ ਦੇ ਕੈਮਰੇ ਵਿਚ ਕੈਦ ਹੋ ਗਿਆ ਤੇ ਇਸ ਦੀ ਵੀਡਿਓ ਵੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਈ।
ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਗੱਡੀਆਂ ਤੋਂ ਲਾਲ ਬੱਤੀ ਤਾਂ ਉਤਰਵਾ ਦਿੱਤੀ ਹੈ ਪਰ 'ਲਾਲ ਬੱਤੀ ਮਾਨਸਿਕਤਾ' ਦਾ ਕੀ ਇਲਾਜ ਹੋਵੇਗਾ? ਇਹ ਉਹ ਮਾਨਸਿਕਤਾ ਹੈ ਜੋ ਹਰ ਕੀਮਤ 'ਤੇ ਸਭਨਾ 'ਤੇ ਰਾਜ ਕਰਨਾ ਚਾਹੁੰਦੀ ਹੈ ਭਾਵੇਂ ਕਦਰਾਂ-ਕੀਮਤਾਂ ਦਾ ਘਾਣ ਕਿੰਨਾ ਵੀ ਕਿਉਂ ਨਾ ਕਰਨਾ ਪਵੇ। ਇਹੀ ਕਾਰਨ ਸੀ ਕਿ ਧਰਮਸੋਤ ਆਪਣਾ ਨਾਂਅ ਤੀਸਰੇ ਨੰਬਰ 'ਤੇ ਉਕਰੇ ਜਾਣ ਨੂੰ ਬਰਦਾਸ਼ਤ ਨਹੀਂ ਕਰ ਸਕੇ। ਉਨ੍ਹਾ ਇਸ ਗੱਲ ਦਾ ਖਿਆਲ ਕੀਤੇ ਬਿਨਾਂ ਕਿ ਥਾਂ ਕਿਹੜੀ ਹੈ, ਸਮਾਂ ਕਿਹੜਾ ਹੈ ਤੇ ਨਿਸ਼ਾਨੇ 'ਤੇ ਕੌਣ ਹੈ, ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਕ ਅਧਿਆਪਕ ਨੂੰ ਕੌਮ ਦੇ ਨਿਰਮਾਤਾ ਦਾ ਖਿਤਾਬ ਦਿੱਤਾ ਗਿਆ ਹੈ ਤੇ ਇਸ ਨਿਰਮਾਤਾ ਨੂੰ ਸਰੇਆਮ ਧਮਕੀਆਂ ਦੇ ਕੇ ਕਿਹੜੀ ਕੌਮ ਦਾ ਨਿਰਮਾਣ ਕਰਨਾ ਚਾਹੁੰਦੇ ਹਨ ਮੰਤਰੀ ਸਾਧੂ ਸਿੰਘ ਧਰਮਸੋਤ?
ਧਰਮਸੋਤ ਦੇ ਇਸ ਕਾਰਨਾਮੇ ਤੋਂ ਇਕ ਦਿਨ ਪਹਿਲਾਂ ਖਡੂਰ ਸਾਹਿਬ ਤੋਂ ਕਾਂਗਰਸ ਦੇ ਚਰਚਿਤ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਵਿਸਾਖੀ ਮੌਕੇ ਚੋਹਲਾ ਸਾਹਿਬ 'ਚ ਹੋਈ ਕਾਨਫਰੰਸ ਦੀ ਸਟੇਜ ਤੋਂ ਸਰੇਆਮ ਇਸ ਤੋਂ ਵੀ ਵੱਡੇ ਕਾਰਨਾਮੇ ਨੂੰ ਅੰਜਾਮ ਦੇ ਦਿੱਤਾ। ਕਾਨਫਰੰਸ 'ਚ ਮੌਜੂਦ ਡੀਐਸਪੀ ਨੂੰ ਮੁਖਾਤਿਬ ਹੁੰਦਿਆਂ ਸਿੱਕੀ ਨੇ ਪੂਰੀ ਪੁਲਸ ਨੂੰ ਧਮਕੀ ਦੇ ਦਿੱਤੀ ਕਿ ਉਸਦਾ ਕੋਈ ਕਾਂਗਰਸੀ ਵਰਕਰ ਥਾਣੇ 'ਚੋਂ ਨਿਰਾਸ਼ ਨਹੀਂ ਪਰਤਣਾ ਚਾਹੀਦਾ। ਜੇ ਕੋਈ ਵਰਕਰ ਨਿਰਾਸ਼ ਪਰਤਿਆ ਤਾਂ ਉਹ ਖ਼ੁਦ ਗੱਡੀ ਲੈ ਕੇ ਥਾਣੇ ਪਹੁੰਚਣਗੇ ਤੇ ਸੰਬੰਧਤ ਪੁਲਸ ਮੁਲਾਜ਼ਮਾਂ ਨੂੰ ਲੰਮੇ ਪਾਉਣਗੇ। ਸਿੱਕੀ ਦਾ ਇਹ ਵੀਡਿਓ ਵੀ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲ ਗਿਆ ਹੈ। ਇਸ ਧਮਕੀ ਦਾ ਅਰਥ ਕੀ ਹੈ? ਇਹ ਕਿ ਪਹਿਲਾਂ ਪੁਲਸ ਅਕਾਲੀਆਂ-ਭਾਜਪਾਈਆਂ ਦੀ ਜੀ ਹਜ਼ੂਰੀ ਕਰਦੀ ਸੀ ਤੇ ਹੁਣ ਉਸ ਨੂੰ ਨਵੇਂ ਮਾਲਕਾਂ ਕਾਂਗਰਸੀਆਂ ਦੀ ਟਹਿਲ ਸੇਵਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ? ਫਿਰ ਸਧਾਰਨ ਲੋਕ ਕਿੱਥੇ ਜਾਣ, ਉਹ ਕਿਹਦੀ ਮਾਂ ਨੂੰ ਮਾਸੀ ਆਖਣ?
ਗੱਲ ਸਿਰਫ ਧਮਕੀਆਂ ਤੱਕ ਹੀ ਰਹਿ ਜਾਂਦੀ ਤਾਂ ਵੀ ਕਿਸੇ ਹੱਦ ਤੱਕ ਸਹਿਣ ਕਰ ਲਈ ਜਾਂਦੀ ਪਰ ਇਹ ਇੱਥੋਂ ਤੱਕ ਹੀ ਸੀਮਤ ਨਹੀਂ ਰਹੀ, ਬਹੁਤ ਅੱਗੇ ਚਲੇ ਗਈ ਹੈ। ਮੀਡੀਆ ਨੂੰ ਜਮਹੂਰੀਅਤ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ ਕਿਉਂਕਿ ਇਸਨੇ ਬਾਕੀ ਦੇ ਤਿੰਨ ਥੰਮ੍ਹਾਂ ਵਿਧਾਨਪਾਲਕਾ, ਕਾਰਜਪਾਲਕਾ ਤੇ ਨਿਆਂਪਾਲਕਾ 'ਤੇ ਨਜ਼ਰ ਰੱਖਣੀ ਹੁੰਦੀ ਹੈ। ਇਸ ਚੌਥੇ ਥੰਮ੍ਹ ਨਾਲ ਗਿੱਦੜਬਾਹਾ 'ਚ ਜੋ ਕੁੱਝ ਵਾਪਰਿਆ ਉਹ ਕੰਬਣੀ ਛੇੜ ਦੇਣ ਵਾਲਾ ਹੈ।
ਗਿੱਦੜਬਾਹਾ ਤੋਂ ਰੋਜ਼ਾਨਾ ਅਜੀਤ ਲਈ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਪੱਤਰਕਾਰ ਸ਼ਿਵਰਾਜ ਰਾਜੂ ਕਾਂਗਰਸੀਆਂ ਖਿਲਾਫ ਇਕ ਖਬਰ ਭੇਜ ਬੈਠਾ ਸੀ। ਰਾਜਾ ਵੜਿੰਗ, ਜੋ ਗਿੱਦੜਬਾਹਾ ਤੋਂ ਕਾਂਗਰਸ ਦਾ ਵਿਧਾਇਕ ਹੈ ਅਤੇ ਯੂਥ ਕਾਂਗਰਸ ਦਾ ਕੌਮੀ ਪ੍ਰਧਾਨ ਹੈ, ਦੇ ਸਮਰਥਕ ਲੱਠਮਾਰਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਕਾਂਗਰਸੀਆਂ ਖਿਲਾਫ਼ ਕੋਈ ਵੀ ਖਬਰ ਆਪਣੀ ਅਖਬਾਰ ਨੂੰ ਨਾ ਭੇਜੇ। ਇਨ੍ਹਾਂ ਧਮਕੀਆਂ ਦੇ ਬਾਵਜੂਦ ਰਾਜੂ ਨੇ ਰਿਪੋਰਟਿੰਗ ਦਾ ਕੰਮ ਬੰਦ ਨਹੀਂ ਕੀਤਾ। 15 ਅਪ੍ਰੈਲ ਦੀ ਅਜੀਤ ਵਿਚ ਉਸ ਦੀ ਇਕ ਅਜਿਹੀ ਖਬਰ ਪ੍ਰਕਾਸ਼ਿਤ ਹੋ ਗਈ ਜਿਸ ਵਿਚ ਟਰੱਕ ਯੂਨੀਅਨ ਗਿੱਦੜਬਾਹਾ ਦੇ ਧੱਕੇ ਨਾਲ ਬਣਾਏ ਦੱਸੇ ਜਾਂਦੇ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ ਦੇ ਪਰਵਾਰਕ ਝਗੜੇ ਦਾ ਜ਼ਿਕਰ ਸੀ। 14-15 ਅਪ੍ਰੈਲ ਦੀ ਰਾਤ ਨੂੰ ਹੀ ਰਾਜਾ ਵੜਿੰਗ ਦਾ ਪੀ.ਏ. ਅਖਵਾਉਂਦੇ ਜੱਸਪ੍ਰੀਤ ਜੱਸਾ ਨੇ ਰਾਜੂ ਨੂੰ ਫੋਨ 'ਤੇ ਪ੍ਰਧਾਨ ਖਿਲਾਫ ਕੋਈ ਵੀ ਖਬਰ ਨਾ ਭੇਜਣ ਦਾ ਹੁਕਮ ਸੁਣਾਇਆ ਸੀ। ਸਵੇਰ ਦੀ ਅਖਬਾਰ 'ਚ ਖਬਰ ਦੇਖ ਕੇ ਪ੍ਰਧਾਨ ਚਰਨਜੀਤ ਢਿੱਲੋਂ ਦੀ ਅਗਵਾਈ 'ਚ ਕਾਂਗਰਸੀ ਲੱਠਮਾਰਾਂ ਨੇ ਉਸਦੇ ਦਫਤਰ 'ਤੇ ਧਾਵਾ ਬੋਲ ਦਿੱਤਾ। ਬੇਕਿਰਕੀ ਨਾਲ ਕੁੱਟਮਾਰ ਕਰਦਿਆਂ ਉਸ ਦੇ ਮੂੰਹ 'ਚ ਪਹਿਲਾਂ ਸ਼ਰਾਬ ਤੇ ਫਿਰ ਪਿਸ਼ਾਬ ਪਾਇਆ ਗਿਆ। ਨੱਕ ਨਾਲ ਲਕੀਰਾਂ ਕਢਵਾਈਆਂ ਗਈਆਂ। ਡੰਡ ਬੈਠਕਾਂ ਕਢਵਾ ਕੇ ਰਾਜੂ ਦੇ ਮੂੰਹੋਂ ਵਾਰ ਵਾਰ ਇਹ ਅਖਵਾਇਆ ਗਿਆ ਕਿ ਉਹ ਅੱਗੇ ਤੋਂ ਕਾਂਗਰਸੀਆਂ ਖਿਲਾਫ ਕੋਈ ਵੀ ਖਬਰ ਨਹੀਂ ਲਿਖੇਗਾ। ਇਸ ਸਮੁੱਚੇ ਘਟਨਾਕ੍ਰਮ ਦੀ ਵੀਡਿਓਗ੍ਰਾਫੀ ਵੀ ਕੀਤੀ ਗਈ। ਹੁਕਮਰਾਨ ਧਿਰ ਦੇ ਲੱਠਮਾਰਾਂ ਦੀ ਦਹਿਸ਼ਤ ਏਨੀ ਕਿ ਗਿੱਦੜਬਾਹਾ ਤੇ ਮੁਕਤਸਰ ਦੇ ਕਿਸੇ ਵੀ ਡਾਕਟਰ ਨੇ ਰਾਜੂ ਦਾ ਇਲਾਜ ਕਰਨ ਦੀ ਹਿੰਮਤ ਨਹੀਂ ਕੀਤੀ। ਅਖੀਰ ਉਸ ਨੇ ਆਪਣੇ ਕੁੱਝ ਹਮਦਰਦਾਂ ਦੀ ਮਦਦ ਨਾਲ ਬਠਿੰਡਾ ਦੇ ਪ੍ਰੈਸ ਕਲੱਬ ਪੁੱਜ ਕੇ ਆਪਣੀ ਹੱਡਬੀਤੀ ਸੁਣਾਈ। ਬਠਿੰਡਾ ਦੇ ਪੱਤਰਕਾਰਾਂ ਨੇ ਰਾਜੂ ਦਾ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ, ਤਾਂ ਜਾ ਕੇ ਰਾਜੂ ਨੂੰ ਇਨਸਾਫ ਮਿਲਣ ਦੀ ਕੋਈ ਆਸ ਬੱਝੀ।
ਹੁਣ ਜੇ ਮੀਡੀਆ ਦੀ ਜ਼ੁਬਾਨ ਬੰਦੀ ਲਈ ਇਥੋਂ ਤੱਕ ਜਾਇਆ ਜਾ ਸਕਦਾ ਹੈ ਤਾਂ ਸਧਾਰਨ ਬੰਦੇ ਦਾ ਕੀ ਹਾਲ ਹੋਵੇਗਾ? ਇਸ ਦਾ ਕਿਆਸ ਲਾਇਆਂ ਹੀ ਝੁਣਝੁਣੀ ਛਿੜਦੀ ਹੈ। ਇਸ ਸੰਦਰਭ 'ਚ ਝੁਨੀਰ ਥਾਣੇ ਦੇ ਅਧਿਕਾਰ ਖੇਤਰ 'ਚ ਵਾਪਰੀ ਇਕ ਘਟਨਾ ਦਾ ਜ਼ਿਕਰ ਲਾਜ਼ਮੀ ਬਣ ਜਾਂਦਾ ਹੈ ਜਿਸ ਨੂੰ ਆਉਂਦੇ ਦਿਨਾਂ ਦੀ ਤਸਵੀਰ ਕਹਿ ਲਿਆ ਜਾਵੇ ਤਾਂ ਸ਼ਾਇਦ ਕੋਈ ਅੱਤ ਕਥਨੀ ਨਹੀਂ ਹੋਵੇਗੀ। ਇਸ ਮਾਮਲੇ ਦਾ ਪਿਛੋਕੜ ਇਹ ਹੈ ਕਿ ਪਿੰਡ ਚਹਿਲਾਂਵਾਲੀ ਦੇ ਸਾਬਕਾ ਸਰਪੰਚ ਪ੍ਰੇਮ ਸਿੰਘ ਅਤੇ ਸਾਹਨੇਵਾਲੀ ਦੇ ਬਲਵਿੰਦਰ ਰਾਮ ਨੇ ਜੈ ਮਾਤਾ ਫਰਮ ਦੇ ਨਾਂਅ ਹੇਠ ਸੋਲਰ ਪਲਾਂਟ ਦੀਆ ਪਲੇਟਾਂ ਸਾਫ ਕਰਨ ਦਾ ਇਕ ਸਾਲ ਦਾ ਠੇਕਾ ਲਿਆ ਹੋਇਆ ਸੀ, ਜਿਸ ਦੀ ਮਿਆਦ ਅਜੇ ਬਾਕੀ ਹੈ। ਇਸੇ ਅਰਸੇ ਦੌਰਾਨ ਕਾਂਗਰਸ ਦੀ ਹਕੂਮਤ ਬਣਨ ਨਾਲ ਸਿਆਸੀ ਮਾਹੌਲ ਤਬਦੀਲ ਹੋ ਗਿਆ, ਇਸ ਲਈ ਉਹਨਾਂ ਕਾਂਗਰਸ ਵਰਕਰਾਂ ਨੇ ਉਕਤ ਠੇਕਾ ਹਥਿਆਉਣ ਦੇ ਇਰਾਦੇ ਨਾਲ ਇਹਨਾਂ ਭਾਈਵਾਲਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।
ਇਹ ਅਹਿਸਾਸ ਹੋਣ 'ਤੇ ਕਿ ਸਰਕਾਰੇ-ਦਰਬਾਰੇ ਉਹਨਾਂ ਦੀ ਸੁਣਵਾਈ ਅਸੰਭਵ ਹੈ, ਬਲਵਿੰਦਰ ਰਾਮ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਕ ਰਿੱਟ ਪਟੀਸ਼ਨ ਦਾਇਰ ਕਰਦਿਆਂ ਇਨਸਾਫ ਦੀ ਮੰਗ ਕੀਤੀ। ਹਾਈਕੋਰਟ ਦੇ ਜੱਜ ਤੇਜਿੰਦਰ ਸਿੰਘ ਢੀਂਡਸਾ ਨੇ ਠੇਕੇ ਦੇ ਮਾਮਲੇ 'ਤੇ ਕਿਸੇ ਕਿਸਮ ਦੀ ਟਿੱਪਣੀ ਨਾ ਕਰਦਿਆਂ ਪਟੀਸ਼ਨਰ ਦੀ ਉਸ ਮੰਗ ਨੂੰ ਗੰਭੀਰਤਾ ਨਾਲ ਨੋਟ ਕੀਤਾ, ਜਿਸ ਰਾਹੀਂ ਉਸ ਨੇ ਆਪਣੀ ਤੇ ਆਪਣੇ ਹਿੱਸੇਦਾਰਾਂ ਦੀ ਜਾਨ ਨੂੰ ਦਰਪੇਸ਼ ਖਤਰੇ ਦਾ ਜ਼ਿਕਰ ਕੀਤਾ ਸੀ।
ਸੀਆਰਐਮ ਨੇ ਕੇਸ ਨੰ. 12631 ਆਫ 2017 ਦਾ ਨਿਪਟਾਰਾ ਕਰਦਿਆਂ 14 ਅਪ੍ਰੈਲ 2017 ਨੂੰ ਲਿਖਾਏ ਹੁਕਮ ਰਾਹੀਂ ਦਰਖਾਸਤਕਰਤਾ ਨੂੰ ਐਸ.ਐਸ.ਪੀ. ਮਾਨਸਾ ਕੋਲ ਦਰਖਾਸਤ ਦੇਣ ਦੀ ਖੁੱਲ੍ਹ ਦਿੰਦਿਆਂ ਜਸਟਿਸ ਢੀਂਡਸਾ ਨੇ ਹਦਾਇਤ ਕੀਤੀ ਕਿ ਉਕਤ ਦਰਖਾਸਤ ਦਾ ਧਿਆਨ ਪੂਰਵਕ ਜਾਇਜ਼ਾ ਲੈਣ ਉਪਰੰਤ ਜ਼ਿਲ੍ਹਾ ਪੁਲਸ ਮੁਖੀ ਉਹ ਕਾਰਵਾਈ ਕਰੇਗਾ, ਜਿਸ ਦੀ ਇਸ ਮਾਮਲੇ ਵਿਚ ਲੋੜ ਹੈ। ਇਸ ਤੋਂ ਪਹਿਲਾਂ ਕਿ ਪੁਲਸ ਕੋਈ ਕਾਰਵਾਈ ਕਰਦੀ, ਡੇਢ ਦਰਜਨ ਦੇ ਕਰੀਬ ਕਾਂਗਰਸੀ ਵਰਕਰਾਂ ਨੇ ਦਲਿਤ ਭਾਈਚਾਰੇ ਨਾਲ ਸਬੰਧਤ ਸਾਬਕਾ ਸਰਪੰਚ ਪ੍ਰੇਮ ਸਿੰਘ ਅਤੇ ਉਸ ਦੇ ਪੁੱਤਰ ਸੁਖਵਿੰਦਰ ਸਿੰਘ 'ਤੇ ਅਗਨ ਸ਼ਾਸਤਰਾਂ ਨਾਲ ਹਮਲਾ ਕਰ ਦਿੱਤਾ।
21 ਸਾਲਾ ਨੌਜਵਾਨ ਸੁਖਵਿੰਦਰ ਸਿੰਘ ਦੀ ਤਾਂ ਰਸਤੇ ਵਿਚ ਹੀ ਮੌਤ ਹੋ ਗਈ, ਜਦਕਿ ਪ੍ਰੇਮ ਸਿੰਘ ਨੂੰ ਇਲਾਜ ਲਈ ਪਹਿਲਾਂ ਮਾਨਸਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੋਂ ਫਰੀਦਕੋਟ ਦੇ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ। ਇਸ ਤੋਂ ਪਹਿਲਾਂ ਬਲਵਿੰਦਰ ਰਾਮ ਨੇ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਹ ਦੋਸ਼ ਲਾਇਆ ਸੀ ਕਿ ਉਹ ਕਈ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਐਸ.ਐਸ.ਪੀ. ਨੂੰ ਸਾਰੇ ਹਾਲਾਤ ਤੋਂ ਜਾਣੂੰ ਕਰਵਾਉਣਾ ਚਾਹੁੰਦਾ ਸੀ, ਪ੍ਰੰਤੂ ਉਸ ਦੀ ਗੱਲ ਹੀ ਨਹੀਂ ਸੁਣੀ ਗਈ। ਜੇਕਰ ਉੱਚ ਅਦਾਲਤ ਦੀ ਹਦਾਇਤ 'ਤੇ ਜ਼ਿਲ੍ਹਾ ਪੁਲਸ ਮੁਖੀ ਨੇ ਵਕਤ ਰਹਿੰਦਿਆਂ ਅਮਲ ਕੀਤਾ ਹੁੰਦਾ ਤਾਂ ਸੁਖਵਿੰਦਰ ਦੀ ਜਾਨ ਬਚ ਸਕਦੀ ਸੀ।
ਇਹ ਘਟਨਾ ਦੋ ਪਹਿਲੂਆਂ ਨੂੰ ਮੁੜ ਉਜਾਗਰ ਕਰਦੀ ਹੈ। ਪਹਿਲਾ ਇਹ ਕਿ ਸੱਤਾਧਾਰੀ ਧਿਰ ਕੁੱਝ ਵੀ ਕਰਨ ਲਈ ਆਜ਼ਾਦ ਹੁੰਦੀ ਹੈ ਤੇ ਦੂਸਰਾ ਇਹ ਕਿ ਪੁਲਸ ਸਧਾਰਨ ਲੋਕਾਂ ਦੀ ਰਾਖੀ ਲਈ ਨਹੀਂ ਹੁੰਦੀ। ਉਸਦਾ ਕੰਮ ਸਿਰਫ ਕਾਨੂੰਨ-ਵਿਵਸਥਾ ਕਾਇਮ ਰੱਖਣਾ ਹੁੰਦਾ ਹੈ ਤੇ ਕਾਨੂੰਨ-ਵਿਵਸਥਾ ਨੂੰ ਖਤਰਾ ਹੋਰ ਕਿਸੇ ਤੋਂ ਨਹੀਂ, ਆਮ ਲੋਕਾਂ ਤੋਂ ਹੁੰਦਾ ਹੈ। ਜਦੋਂ ਉਹ ਆਪਣੇ ਵਾਜਬ ਹੱਕਾਂ ਦੀ ਮੰਗ ਕਰਦੇ ਹਨ, ਜਦੋਂ  ਉਹ ਆਪਣੇ ਨਾਲ ਹੁੰਦੀਆਂ ਵਧੀਕੀਆਂ ਖਿਲਾਫ ਆਵਾਜ਼ ਉਠਾਉਂਦੇ ਹਨ ਇਹ ਖ਼ਤਰਾ ਕਿਤੇ ਵੱਧ ਜਾਂਦਾ ਹੈ। ਇਸ ਮੌਕੇ ਫਰੀਦਕੋਟ 'ਚ ਵਾਪਰੇ ਸ਼ਰੂਤੀ ਅਗਵਾ ਕਾਂਡ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਜ਼ਦੀਕੀ ਨਿਸ਼ਾਨ ਸਿੰਘ ਨਾਂਅ ਦਾ ਗੁੰਡਾ ਸ਼ਰੂਤੀ ਨੂੰ ਉਸਦੇ ਘਰੋਂ, ਉਸਦੇ ਮਾਪਿਆਂ ਨੂੰ ਕੁੱਟਮਾਰ ਕੇ, ਅਗਵਾ ਕਰਕੇ ਲੈ ਗਿਆ ਸੀ। ਪੁਲਸ ਦਾ ਪੂਰਾ ਜ਼ੋਰ ਇਸ ਗੱਲ 'ਤੇ ਲੱਗਾ ਰਿਹਾ ਕਿ ਸ਼ਰੂਤੀ ਆਪਣੀ ਮਰਜ਼ੀ ਨਾਲ ਘਰੋਂ ਗਈ ਹੈ। ਇਹ ਤਾਂ ਲੋਕ ਹਿਤੂ ਸਿਆਸੀ ਤੇ ਸਮਾਜਕ ਸ਼ਕਤੀਆਂ ਵਲੋਂ ਵਿੱਢਿਆ ਸੰਘਰਸ਼ ਅਤੇ ਮੀਡੀਆ ਦੇ ਇਕ ਹਿੱਸੇ ਵਲੋਂ ਨਿਭਾਇਆ ਸਿਹਤਮੰਦ ਰੋਲ ਹੀ ਸੀ ਕਿ ਸ਼ਰੂਤੀ ਨੂੰ ਉਸ ਗੁੰਡੇ ਦੇ ਚੁੰਗਲ 'ਚੋਂ ਬਚਾ ਲਿਆ ਗਿਆ, ਨਹੀਂ ਤਾਂ ਇਹ ਮਾਮਲਾ ਉਂਝ ਹੀ ਦਫ਼ਨ ਹੋ ਜਾਣਾ ਸੀ। ਚਹਿਲਾਂਵਾਲੀ ਪਿੰਡ ਦੇ ਦਲਿਤ ਸਰਪੰਚ 'ਤੇ ਹੋਇਆ ਹਮਲਾ ਵੀ ਬਿਲਕੁਲ ਇਹੋ ਤਸਵੀਰ ਪੇਸ਼ ਕਰਦਾ ਹੈ। ਪੁਲਸ ਨੇ ਪੀੜਤ ਧਿਰ ਦੀ ਗੱਲ ਹੀ ਨਹੀਂ ਸੁਣੀ। ਹਾਈਕੋਰਟ ਦੇ ਕਹਿਣ 'ਤੇ ਵੀ ਇਸ ਪਰਵਾਰ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਖਮਿਆਜ਼ਾ ਸਾਬਕਾ ਸਰਪੰਚ ਨੂੰ ਆਪਣੇ ਜਵਾਨ ਪੁੱਤ ਦੀ ਜਾਨ ਗੁਆ ਕੇ ਤਾਰਨਾ ਪਿਆ।
ਸਿੱਕੀ, ਧਰਮਸੋਤ ਵਲੋਂ ਦਿਖਾਈਆਂ ਗਈਆਂ ਝਲਕਾਂ, ਰਾਜਾ ਵੜਿੰਗ ਦੇ ਸਿਪਾਹ-ਸਲਾਰਾਂ ਵਲੋਂ ਪੱਤਰਕਾਰ ਰਾਜੂ 'ਤੇ ਕੀਤੇ ਗਏ ਹਮਲੇ ਤੇ ਚਹਿਲਾਂਵਾਲੀ ਦੇ ਦਲਿਤ ਸਰਪੰਚ ਦੇ ਜਵਾਨ ਪੁੱਤਰ ਦੇ ਕਤਲ ਤੋਂ ਇਹ ਗੱਲ ਬਿਲਕੁਲ ਸਪੱਸ਼ਟ ਹੋ ਚੁੱਕੀ ਹੈ ਕਿ ਇਕ ਦਹਾਕਾ ਸੱਤਾ ਤੋਂ ਦੂਰ ਰਹਿਕੇ ਕਾਂਗਰਸ ਦੇ ਆਗੂਆਂ, ਉਨ੍ਹਾਂ ਦੇ ਲਫਟੈਣਾਂ ਤੇ ਵਰਕਰਾਂ ਦੀ ਭੁੱਖ ਬੇਕਾਬੂ ਹੋ ਗਈ ਹੈ। ਉਹ ਹਾਬੜੇ ਹੋਏ ਫਿਰ ਰਹੇ ਹਨ। ਇਹ ਭਾਵਨਾ ਉਨ੍ਹਾਂ ਦੇ ਜ਼ਿਹਨ 'ਚ ਘਰ ਕਰ ਗਈ ਹੈ ਕਿ ਦਸ ਸਾਲ ਸਾਨੂੰ ਕਿਸੇ ਨੇ ਪੁੱਛਿਆ ਨਹੀਂ, ਅਕਾਲੀ ਹੀ ਮਲਾਈ ਖਾਂਦੇ ਰਹੇ, ਹੁਣ ਵਾਰੀ ਸਾਡੀ ਹੈ। ਉਨ੍ਹਾਂ ਅੱਗੇ ਜੋ ਵੀ ਆਉਂਦਾ ਹੈ, ਉਹ ਉਸ ਨੂੰ ਵੱਢ ਖਾਣ ਨੂੰ ਪੈ ਜਾਂਦੇ ਹਨ।
ਇਸ ਸਾਰੇ ਵਰਤਾਰੇ ਤੋਂ ਸਧਾਰਨ ਲੋਕ ਸਦਮੇ 'ਚ ਹਨ। ਉਨ੍ਹਾਂ ਨੇ ਸੱਤਾ 'ਚ ਤਬਦੀਲੀ ਕਰਕੇ 'ਕੈਪਟਨ ਦੀ ਸਰਕਾਰ' ਇਸ ਕਰਕੇ ਤਾਂ ਨਹੀਂ ਸੀ ਬਣਾਈ।  (ਕੈਪਟਨ ਦੇ ਚੋਣ ਪ੍ਰਚਾਰ ਦਾ ਹਿੱਸਾ ਇਹ ਨਾਅਰਾ ਰਿਹਾ ਹੈ ''ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ'') ਉਹ ਤਾਂ ਬਿਹਤਰ ਦਿਨਾ ਦੀ ਆਸ ਲਾਈ ਬੈਠੇ ਸਨ। ਆਉਣ ਵਾਲੇ ਦਿਨ ਸਖਤ ਪਹਿਰੇਦਾਰੀ ਦੀ ਮੰਗ ਕਰਦੇ ਹਨ। ਇਕ ਪਾਸੇ ਜਿੱਥੇ ਭਗਵਾਂ ਫਾਸ਼ੀਵਾਦ ਆਪਣੇ ਹਮਲੇ ਤੇਜ਼ ਕਰ ਰਿਹਾ ਹੈ, ਉਥੇ ਕਾਂਗਰਸੀਆਂ ਦੀ ਹਾਬੜ ਵੀ ਹਾਲਾਤ ਖਰਾਬ ਕਰ ਰਹੀ ਹੈ। ਖੱਬੀਆਂ ਤੇ ਜਮਹੂਰੀ ਧਿਰਾਂ ਨੂੰ ਇਸ ਸੇਧ 'ਚ ਇਕ ਵਿਆਪਕ ਤੇ ਮਜ਼ਬੂਤ ਮੋਰਚਾਬੰਦੀ ਲਈ ਹੁਣ ਤੋਂ ਹੀ ਜੁਟ ਜਾਣਾ ਚਾਹੀਦਾ ਹੈ।

No comments:

Post a Comment