Friday 5 May 2017

ਉਘੇ ਕਮਿਊਨਿਸਟ ਆਗੂ ਸਾਥੀ ਬਖਤੌਰ ਸਿੰਘ ਦੂਲੋਵਾਲ ਦਾ ਦੁਖਦਾਈ ਵਿਛੋੜਾ

ਅਨੇਕਾਂ ਕਿਸਾਨ ਮੋਰਚਿਆਂ 'ਚ ਜੇਲ੍ਹਾਂ ਕੱਟਣ ਵਾਲੇ, ਅਦੁੱਤੀ ਕੁਰਬਾਨੀਆਂ ਭਰਪੂਰ ਜੀਵਨ ਦੇ ਕਰੀਬ ਛੇ ਦਹਾਕੇ ਕਮਿਊਨਿਸਟ ਲਹਿਰ ਦੇ ਲੇਖੇ ਲਾਉਣ ਵਾਲੇ, ਬਜ਼ੁਰਗ ਕਮਿਊਨਿਸਟ ਆਗੂ ਸਾਥੀ ਬਖਤੌਰ ਸਿੰਘ ਦੂਲੋਵਾਲ ਲੰਘੀ 24 ਅਪ੍ਰੈਲ ਨੂੰ ਸਦੀਵੀਂ ਵਿਛੋੜਾ ਦੇ ਗਏ। ਮਰਹੂਮ ਸਾਥੀ ਗੁਰਚਰਨ ਸਿੰਘ ਰੰਧਾਵਾ ਅਤੇ ਹਰਨੇਕ ਸਿੰਘ ਦੂਲੋਵਾਲ ਦੀ ਪ੍ਰੇਰਣਾ ਸਦਕਾ ਅਣਵੰਡੀ ਕਮਿਊਨਿਸਟ ਪਾਰਟੀ 'ਚ ਸ਼ਾਮਲ ਹੋਣ ਤੋਂ ਪਿਛੋਂ ਉਨ੍ਹਾਂ ਨੇ ਆਪਣਾ ਬਾਕੀ ਦਾ ਸਾਰਾ ਜੀਵਨ ਅਨੇਕਾਂ ਘਾਲਣਾਵਾਂ ਘਾਲਦਿਆਂ ਦੱਬੇ ਕੁਚਲੇ ਆਵਾਮ ਦੀ ਬੰਦ ਖਲਾਸੀ ਦੀ ਕਮਿਊਨਿਸਟ ਲਹਿਰ ਦੇ ਲੇਖੇ ਲਾਇਆ। ਸਾਥੀ ਬਖਤੌਰ ਸਿੰਘ ਹੁਰਾਂ ਨੇ ਪੰਜਵੇਂ ਦਹਾਕੇ 'ਚ ਰਣਬੀਰ ਕਾਲਜ ਸੰਗਰੂਰ ਤੋਂ ਐਫ.ਏ. ਦੀ ਡਿਗਰੀ ਹਾਸਲ ਕੀਤੀ ਪਰ ਪਾਰਟੀ ਮੈਂਬਰ ਬਣਨ ਪਿਛੋਂ ਉਨ੍ਹਾਂ ਕਦੀ ਵੀ ਸਰਕਾਰੀ ਨੌਕਰੀ ਬਾਰੇ ਨਹੀਂ ਸੋਚਿਆ। ਆਪਜੀ ਨੇ 1964 'ਚ ਸਾਂਝੀ ਕਮਿਊਨਿਸਟ ਪਾਰਟੀ 'ਚ ਪੈਦਾ ਹੋਏ ਸਿਧਾਂਤਕ ਵਿਚਾਰਧਾਰਕ ਮਤਭੇਦਾਂ ਸਮੇਂ ਦਰੁਸਤ ਵਿਵੇਕ ਪੂਰਨ ਫੈਸਲੇ ਲੈਂਦੇ ਹੋਏ ਨਵੀਂ ਕਾਇਮ ਹੋਈ ਸੀ.ਪੀ.ਆਈ.(ਐਮ) 'ਚ ਸ਼ਮੂਲੀਅਤ ਕੀਤੀ ਅਤੇ ਜ਼ਿਲ੍ਹੇ 'ਚ ਜੀਅ-ਜਾਨ ਨਾਲ ਪਾਰਟੀ ਦੀ ਉਸਾਰੀ 'ਚ ਨਿੱਗਰ ਯੋਗਦਾਨ ਪਾਇਆ। ਇਕ ਸਮੇਂ ਪਿੰਡ ਦੂਲੋਵਾਲ ਨੂੰ ਜ਼ਿਲ੍ਹੇ 'ਚ ਸੀ.ਪੀ.ਆਈ.(ਐਮ) ਦਾ ਮਾਸਕੋ ਵੀ ਕਿਹਾ ਜਾਂਦਾ ਸੀ।
ਮਾਰਕਸਵਾਦ-ਲੈਨਿਨਵਾਦ ਦੀਆਂ ਬੁਨਿਆਦੀ ਸਥਾਪਨਾਵਾਂ ਨਾਲ ਖੜੋਣ ਦੇ ਦੋਰਾਹੇ 'ਤੇ ਪੁੱਜਣ ਸਮੇਂ ਇਕ ਵੇਰ ਫੇਰ ਸਾਥੀ ਬਖਤੌਰ ਸਿੰਘ ਦੂਲੋਵਾਲ ਅਨੇਕਾਂ ਨਵੇਂ ਸਾਥੀਆਂ ਦੇ ਰਾਹ ਵਿਖਾਵੇ ਬਣੇ ਅਤੇ ਉਨ੍ਹਾਂ ਸੀ.ਪੀ.ਐਮ.ਪੰਜਾਬ (ਹੁਣ ਆਰ.ਐਮ.ਪੀ.ਆਈ.) ਦੀ ਕਾਇਮੀ ਅਤੇ ਉਸਾਰੀ ਦੇ ਲੇਖੇ ਤਿਲ-ਤਿਲ ਲਾਇਆ।
ਸਾਥੀ ਬਖਤੌਰ ਸਿੰਘ ਨੂੰ ਕਮਿਊਨਿਸਟ ਅਤੇ ਕਿਸਾਨ ਲਹਿਰਾਂ ਦਾ ਇਨਸਾਈਕਲੋਪੀਡੀਆ ਕਿਹਾ ਜਾਂਦਾ ਹੈ (ਸੀ)। ਮੀਟਿੰਗ ਵਿਚ ਨਵੇਂ ਸਾਥੀਆਂ ਨੂੰ ਠੋਸ ਦਲੀਲਾਂ ਅਤੇ ਸਨੇਹਪੂਰਨ ਵਤੀਰੇ ਨਾਲ ਕਾਇਲ ਕਰਨ ਵਰਗੇ ਉਨ੍ਹਾਂ ਵਿਚ ਅਨੇਕਾਂ ਵਿਲੱਖਣ ਗੁਣ ਸਨ। ਵਿਛੋੜਾ ਦੇਣ ਵੇਲੇ ਉਹ ਆਰ.ਐਮ.ਪੀ.ਆਈ. ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਇਕਾਈ ਦੇ ਮੈਂਬਰ ਸਨ। ਆਪਜੀ ਨੇ ਸਤੰਬਰ 2016 ਵਿਚ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਹੋਈ ਆਰ.ਐਮ.ਪੀ.ਆਈ. ਦੀ ਸਥਾਪਨਾ ਕਾਨਫਰੰਸ ਵਿਚ ਵੀ ਬਤੌਰ ਡੈਲੀਗੇਟ ਸ਼ਿਰਕਤ ਕੀਤੀ।
ਸਾਥੀ ਬਖਤੌਰ ਸਿੰਘ ਦੇ ਵਿਛੋੜੇ 'ਤੇ ਉਨ੍ਹਾਂ ਨੂੰ ਇਨਕਲਾਬੀ ਸ਼ਰਧਾਂਜਲੀਆਂ ਭੇਂਟ ਕਰਦੇ ਹੋਏ ਅਦਾਰਾ 'ਸੰਗਰਾਮੀ ਲਹਿਰ' ਅਤੇ ਆਰ.ਐਮ.ਪੀ.ਆਈ. ਉਨ੍ਹਾਂ ਦੇ ਅਧੂਰੇ ਕਾਜ ਪੂਰੇ ਕਰਨ ਦਾ ਅਹਿਦ ਦ੍ਰਿੜਾਉਂਦੀ ਹੈ। 



ਸ਼ਹੀਦ ਸਾਥੀ ਅਸ਼ਵਨੀ ਬੋਪਾਰਾਏ ਨੂੰ 29ਵੀਂ ਬਰਸੀ 'ਤੇ ਸ਼ਰਧਾਂਜਲੀਆਂ ਗੁਰਾਇਆ ਨੇੜਲੇ ਪਿੰਡ ਬੋਪਾਰਾਏ 'ਚ ਸ਼ਹੀਦ ਅਸ਼ਵਨੀ ਕੁਮਾਰ ਬੋਪਾਰਾਏ ਦੀ 29ਵੀਂ ਬਰਸੀ ਮਨਾਈ ਗਈ। ਸਾਥੀ ਬੋਪਾਰਾਏ ਨੂੰ ਖਲਿਸਤਾਨੀ ਦਹਿਸ਼ਤਗਰਦਾਂ ਨੇ ਉਸ ਵੇਲੇ ਸ਼ਹੀਦ ਕਰ ਦਿੱਤਾ ਸੀ ਜਦੋਂ ਉਹ ਪਾਰਟੀ ਆਗੂਆਂ ਨਾਲ ਆਪਣੀ ਡਿਊਟੀ ਨਿਭਾ ਰਹੇ ਸਨ। ਇਸ ਹਮਲੇ 'ਚ ਕੁਲਵੰਤ ਸਿੰਘ ਸੰਧੂ, ਸ਼ਿਗਾਰਾ ਸਿੰਘ ਬੋਪਾਰਾਏ ਤੋਂ ਇਲਾਵਾ ਕਈ ਹੋਰ ਆਗੂ ਵੀ ਜ਼ਖ਼ਮੀ ਹੋ ਗਏ ਸਨ। ਬਰਸੀ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸ਼ਹੀਦੀ ਗੇਟ 'ਤੇ ਲਾਲ ਝੰਡਾ ਲਹਿਰਾਇਆ ਗਿਆ ਅਤੇ ਇਕੱਤਰ ਕਾਰਕੁਨਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਆਰਐਮਪੀਆਈ ਦੇ ਐਕਟਿੰਗ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਦੱਸਿਆ ਕਿ ਅਸ਼ਵਨੀ ਨੂੰ ਅਤਿਵਾਦੀ ਵੱਖਵਾਦੀ ਤਾਕਤਾਂ ਨੇ ਉਸ ਵੇਲੇ ਖੋਹ ਲਿਆ ਸੀ ਜਦੋਂ ਉਹ ਕਿਸਾਨੀ ਮਸਲਿਆਂ ਸਬੰਧੀ ਸੰਘਰਸ਼ ਦੇ ਸਿਲਸਿਲੇ ਵਿਚ ਪਾਰਟੀ ਆਗੂਆਂ ਦੇ ਨਾਲ ਆਪਣੀ ਡਿਊਟੀ ਨਿਭਾ ਰਿਹਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਹਰ ਸਾਲ ਦੇਸ਼ ਦੀ ਖਾਤਰ ਜਾਨਾਂ ਵਾਰ ਗਏ ਪਾਰਟੀ ਦੇ ਆਗੂਆਂ ਅਤੇ ਕਾਰਕੁੰਨਾ ਨੂੰ ਯਾਦ ਕੀਤਾ ਜਾਂਦਾ ਹੈ। ਅੱਜ ਰਾਸ਼ਟਰਵਾਦ ਦੇ ਨਾਮ ਹੇਠ ਦੇਸ਼ ਦੀ ਅੰਦਰੂਨੀ ਹਾਲਤ ਵਿਸਫੋਟਕ ਕੀਤੀ ਜਾ ਰਹੀ ਹੈ, ਜਿਸ ਦੇ ਆਉਣ ਵਾਲੇ ਸਮੇਂ ਦੌਰਾਨ ਭਿਆਨਕ ਸਿੱਟੇ ਨਿਕਲਣਗੇ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਪਰਮਜੀਤ ਰੰਧਾਵਾ, ਮਨਜੀਤ ਸੂਰਜਾ, ਕੌਂਸਲਰ ਪਰਮਜੀਤ ਬੋਪਾਰਾਏ, ਬਲਾਕ ਸਮਿਤੀ ਮੈਂਬਰ ਸ਼ਿੰਗਾਰਾ ਸਿੰਘ ਦੁਸਾਂਝ, ਬਨਾਰਸੀ ਦਾਸ ਘੁੜਕਾ ਆਦਿ ਆਗੂ ਵੀ ਹਾਜ਼ਰ ਸਨ। 

No comments:

Post a Comment