Friday 8 April 2016

ਸ਼ਰਧਾਂਜ਼ਲੀਆਂ

ਪ੍ਰੋਫੈਸਰ ਰਣਧੀਰ ਸਿੰਘ ਨੂੰ ਇਨਕਲਾਬੀ ਸ਼ਰਧਾਂਜਲੀਆਂ 

ਉਘੇ ਮਾਰਕਸਵਾਦੀ ਖੋਜੀ, ਚਿੰਤਕ, ਪ੍ਰੋਫੈਸਰ ਰਣਧੀਰ ਸਿੰਘ ਦੀ ਕਮਿਊਨਿਸਟ ਅੰਦੋਲਨ ਨੂੰ ਵੱਡਮੁੱਲੀ ਦੇਣ ਨੂੰ ਯਾਦ ਕਰਦਿਆਂ ਉਨ੍ਹਾ ਨੂੰ ਇਨਕਲਾਬੀ ਸ਼ਰਧਾਂਜਲੀਆਂ ਭੇਂਟ ਕਰਨ ਲਈ 12 ਮਾਰਚ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ 'ਚ ਇਕ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਇਸ ਸਮਾਗਮ 'ਚ ਪੰਜਾਬ ਭਰ 'ਚੋਂ ਸੰਘਰਸ਼ਸ਼ੀਲ ਧਿਰਾਂ ਦੇ ਆਗੂਆਂ ਤੇ ਵਰਕਰਾਂ ਨੇ ਆਪਣੀ ਹਾਜ਼ਰੀ ਲਗਵਾਈ।
ਇਸ ਮਹਾਨ ਮਾਰਕਸਵਾਦੀ ਫਿਲਾਸਫਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਇਹ ਗੱਲ ਨੋਟ ਕਰਵਾਈ ਕਿ  ਪ੍ਰੋਫੈਸਰ ਰਣਧੀਰ ਸਿੰਘ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਸਨ। ਉਹ ਕਮਿਊਨਿਸਟ ਪਾਰਟੀ ਦੇ ਕੁਲਵਕਤੀ ਵਜੋਂ ਵੀ ਸੰਘਰਸ਼ਸ਼ੀਲ ਰਹੇ। ਉਨ੍ਹਾਂ ਕਮਿਊਨਿਸਟ ਲਹਿਰ ਅੰਦਰ ਵੱਖ-ਵੱਖ ਸਮਿਆਂ 'ਚ ਚੱਲੇ ਵਿਚਾਰਧਾਰਕ ਸੰਘਰਸ਼ 'ਚ ਮੋਹਰੀ ਭੂਮਿਕਾ ਅਦਾ ਕੀਤੀ। ਉਨ੍ਹਾਂ ਮਾਰਕਸ, ਏਂਗਲਜ਼ ਦੀ ਮਹਾਨ ਲਿਖਤ ''ਕਮਿਊਨਿਸਟ ਮੈਨੀਫੈਸਟੋ'' ਦਾ ਪੰਜਾਬੀ ਵਿਚ ਤਰਜ਼ਮਾ ਕਰਕੇ ਲੋਕਾਂ ਤੱਕ ਪਹੁੰਚਾਉਣ ਦਾ ਸੁਹਿਰਦ ਯਤਨ ਕੀਤਾ। ਪ੍ਰੋ. ਰਣਧੀਰ ਸਿੰਘ ਸਫ਼ਲ ਅਧਿਆਪਕ, ਚਰਚਿਤ ਵਿਚਾਰਵਾਨ, ਸਮਾਜਵਾਦ ਦੇ ਹਾਮੀ, ਕੌਮਾਂਤਰੀ ਪੱਧਰ 'ਤੇ ਸਮਾਜਵਾਦ ਨੂੰ ਵੱਜੀਆਂ ਪਛਾੜਾਂ ਤੋਂ ਬਾਅਦ, ਜਦੋਂ ਪੂੰਜੀਵਾਦ ਕੱਛਾਂ ਵਜਾ ਰਿਹਾ ਸੀ, ਉਸ ਸਮੇਂ ਮਾਰਕਸਵਾਦ ਦੀ ਜਿਸ ਸ਼ਿੱਦਤ ਨਾਲ ਰਾਖੀ ਕੀਤੀ, ਉਹ ਆਪਣੇ ਆਪ 'ਚ ਇਕ ਸ਼ਾਨਦਾਰ ਉੱਦਮ ਹੈ। ਬੁਲਾਰਿਆਂ ਨੇ ਆਪਣੇ ਸੰਬੋਧਨ 'ਚ ਪ੍ਰੋਫੈਸਰ ਰਣਧੀਰ ਸਿੰਘ ਦੇ ਕਮਿਊਨਿਸਟ ਪਾਰਟੀ ਦੇ ਕੁਲਵਕਤੀ ਵਜੋਂ ਸੰਘਰਸ਼ਸ਼ੀਲ ਰਹਿਣ, ਕਮਿਊਨਿਸਟ ਕੈਂਪ 'ਚ ਵੱਖ-ਵੱਖ ਸਮਿਆਂ 'ਚ ਚੱਲੇ ਵਿਚਾਰਧਾਰਕ ਸੰਘਰਸ਼ 'ਚ ਮੋਹਰੀ ਭੂਮਿਕਾ ਨਿਭਾਉਣ ਦੀ ਚਰਚਾ ਕਰਦਿਆਂ ਉਨ੍ਹਾਂ ਨੂੰ ਇਕ ਪ੍ਰਤੀਬੱਧ ਕਮਿਊਨਿਸਟ ਕਰਾਰ ਦਿੱਤਾ।
ਇਹ ਸਮਾਗਮ 'ਪ੍ਰੋ. ਰਣਧੀਰ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ ਪੰਜਾਬ' ਵੱਲੋਂ ਆਪਣੇ ਮਹਾਨ ਕਮਿਊਨਿਸਟ ਸਾਥੀ ਨੂੰ ਫਲਸਫੇ ਤੇ ਸਿਧਾਂਤ ਦੇ ਖੇਤਰ 'ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਯਾਦ ਕਰਨ ਲਈ ਆਯੋਜਿਤ ਕੀਤਾ ਗਿਆ ਸੀ।
ਇਸ ਸਮਾਗਮ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਨੇ ਭਰਵਾਂ ਸਹਿਯੋਗ ਦਿੱਤਾ।  ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਬਾਬਾ ਜਵਾਲਾ ਸਿੰਘ ਹਾਲ 'ਚ ਜੁੜੇ ਲੋਕਾਂ ਵਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ। ਮੰਚ 'ਤੇ ਡਾ. ਅਤੁਲ ਸੂਦ, ਪ੍ਰੋ. ਰਣਧੀਰ ਸਿੰਘ ਦੀ ਬੇਟੀ ਪ੍ਰੀਯਾਲੀਨ, ਡਾ. ਨਵਸ਼ਰਨ, ਸਰਵ ਸਾਥੀ ਜਗਰੂਪ ਸਿੰਘ, ਵਿਜੈ ਮਿਸ਼ਰਾ, ਮੰਗਤ ਰਾਮ ਪਾਸਲਾ, ਸੁਖਦਰਸ਼ਨ ਨੱਤ, ਦਰਸ਼ਨ ਖਟਕੜ, ਮੁਖਤਿਆਰ ਪੂਹਲਾ, ਬਲਵੰਤ ਮਖੂ, ਅਮੋਲਕ ਸਿੰਘ, ਪ੍ਰੋ. ਜਗਮੋਹਨ, ਸੁਖਵਿੰਦਰ, ਡਾ. ਰਘਬੀਰ ਕੌਰ, ਡਾ. ਪਰਮਿੰਦਰ ਸੁਸ਼ੋਭਿਤ ਸਨ।
ਜ਼ਿਕਰਯੋਗ ਹੈ ਕਿ ਰਿਜਨ, ਰੈਵੀਲਿਊਸ਼ਨ ਐਂਡ ਪੋਲੀਟੀਕਲ ਥਿਊਰੀ ਅਤੇ 'ਸਮਾਜਵਾਦ ਦਾ ਸੰਕਟ' ਜਿਹੀ ਅਮਰ ਸਿਧਾਂਤਕ ਰਚਨਾ ਕਰਦਿਆਂ ਉਨ੍ਹਾਂ ਵੱਲੋਂ ਪੂੰਜੀਵਾਦੀ ਰਸਤੇ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਮਾਨਵਤਾ ਦੀ ਮੁਕਤੀ ਲਈ ਇੱਕੋ ਇਕ ਰਾਹ ਮਾਰਕਸਵਾਦ ਨੂੰ ਕਰਾਰ ਦਿੱਤਾ ਗਿਆ। ਪੂੰਜੀਵਾਦ ਅਤੇ ਉਤਰਆਧੁਨਿਕਤਾ ਦਾ ਜਿਸ ਗਹਿਰਾਈ ਨਾਲ ਉਨ੍ਹਾਂ ਨੇ ਖੰਡਨ ਕੀਤਾ, ਉਹ ਕਮਿਊਨਿਸਟ ਚਿੰਤਨ 'ਚ ਇਕ ਮੀਲ ਪੱਥਰ ਸੀ।  ਸ਼ੁਰੂਆਤੀ ਦੌਰ 'ਚ ਉਨ੍ਹਾਂ ਦੀ ਕਾਵਿ ਸਿਰਜਣਾ 'ਤੇ ਅਧਾਰਤ ਪੰਜ ਆਬ ਪ੍ਰਕਾਸ਼ਨ ਜਲੰਧਰ ਵੱਲੋਂ ਪ੍ਰਕਾਸ਼ਿਤ  'ਰਾਹਾਂ ਦੀ ਧੂੜ' ਪੁਸਤਕ ਜੋ ਮਾਸਟਰ ਤਰਲੋਚਨ ਸਿੰਘ ਵੱਲੋਂ ਸੰਪਾਦਿਤ ਕੀਤੀ ਗਈ, ਰਿਲੀਜ਼ ਕਰਦਿਆਂ ਬੁਲਾਰਿਆਂ ਨੇ ਪ੍ਰੋ. ਰਣਧੀਰ ਦੇ ਸੁਹਜ, ਵਿਵੇਕ ਤੇ ਖੂਬਸੂਰਤ ਕਾਵਿ ਚਿੰਤਨ ਦੀ ਵੀ ਚਰਚਾ ਕੀਤੀ। ਸਮਾਗਮ ਦਾ ਮੰਚ ਸੰਚਾਲਨ ਕੰਵਲਜੀਤ ਖੰਨਾ ਨੇ ਕੀਤਾ।

ਉਘੇ ਟਰੇਡ ਯੂਨੀਅਨ ਆਗੂ ਕਾਮਰੇਡ ਜੁਗਿੰਦਰ ਸਿੰਘ ਦਾ ਸਦੀਵੀ ਵਿਛੋੜਾ 

 ਰੇਲ ਮੁਲਾਜ਼ਮਾਂ ਦੇ ਸਿਰਮੌਰ ਆਗੂ ਸਾਥੀ ਜੁਗਿੰਦਰ ਸਿੰਘ ਪਠਾਨਕੋਟ 25 ਫਰਵਰੀ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਹ ਆਪਣੇ ਵੱਡੇ ਭਰਾ, ਜਿਹੜਾ ਕਿ ਉਸ ਵੇਲੇ ਵਿਦਿਆਰਥੀ ਜਥੇਬੰਦੀ ਏ.ਆਈ.ਐਸ.ਐਫ. ਦੀ ਗੁਰਦਾਸਪੁਰ ਇਕਾਈ ਦਾ ਪ੍ਰਧਾਨ ਸੀ, ਦੀ ਪ੍ਰੇਰਣਾ ਸਦਕਾ, ਬਹੁਤ ਛੋਟੀ ਉਮਰ ਵਿਚ ਹੀ ਵਿਦਿਆਰਥੀ ਲਹਿਰ ਵਿਚ ਸਰਗਰਮ ਹੋ ਗਏ ਸਨ। 1961 ਵਿਚ ਉਹ ਰੇਲਵੇ ਵਿਚ 'ਬੁਆਏ ਫਾਇਰਮੈਨ' ਵਜੋਂ ਭਰਤੀ ਹੋਏ। 1965 ਵਿਚ ਗੁਡਸ ਟਰੇਨ ਦੇ ਡਰਾਈਵਰ ਵਜੋਂ ਪਠਾਨਕੋਟ ਵਿਖੇ ਪ੍ਰਮੋਟ ਹੋਣ ਉਪਰੰਤ ਰੇਲ ਕਾਮਿਆਂ ਦੀ ਟਰੇਡ ਯੂਨੀਅਨ ਲਹਿਰ ਵਿਚ ਸਰਗਰਮੀ ਨਾਲ ਕੰਮ ਕਰਨ ਲੱਗੇ।
19 ਸਤੰਬਰ 1968 ਨੂੰ ਉਹਨਾਂ ਰੇਲਵੇ ਤੇ ਡਾਕ-ਤਾਰ ਕਾਮਿਆਂ ਦੀ ਹੋਈ ਕੁੱਲ ਹਿੰਦ ਹੜਤਾਲ ਦੀ ਅਗਵਾਈ ਕੀਤੀ ਅਤੇ ਪਠਾਨਕੋਟ ਵਿਖੇ ਰੇਲਵੇ ਦੀ ਲਾਮਿਸਾਲ ਹੜਤਾਲ ਹੋਈ। ਸਮੁੱਚੀ ਰੇਲ ਸੇਵਾ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ। ਬੁਖਲਾਹਟ ਵਿਚ ਆਏ ਪ੍ਰਸ਼ਾਸਨ ਵਲੋਂ ਰੇਲਵੇ ਪੁਲਸ ਰਾਹੀਂ  ਹੜਤਾਲੀ ਰੇਲ ਕਾਮਿਆਂ 'ਤੇ ਘਿਨੌਣਾ ਤਸ਼ੱਦਦ ਕੀਤਾ ਗਿਆ। ਜਿਸਦੇ ਸਿੱਟੇ ਵਜੋਂ 5 ਰੇਲ ਕਾਮੇ ਸ਼ਹੀਦ ਹੋ ਗਏ ਅਤੇ 34 ਜ਼ਖ਼ਮੀ ਹੋ ਗਏ। ਇਸ ਵਹਿਸ਼ੀ ਤਸ਼ੱਦਦ ਦਾ ਹੋਰ ਰੇਲ ਆਗੂਆਂ ਸਮੇਤ ਕਾਮਰੇਡ ਜੁਗਿੰਦਰ ਸਿੰਘ ਨੇ ਵੀ ਡੱਟਕੇ ਸਾਹਮਣਾ ਕੀਤਾ। ਜਿਸਦੇ ਸਿੱਟੇ ਵਜੋਂ ਉਨ੍ਹਾਂ ਨੂੰ ਵਿਕਟੇਮਾਈਜੇਸ਼ਨ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਇਕ ਸਾਲ ਲਈ ਨੌਕਰੀ ਤੋਂ ਮੁਅੱਤਲ ਰਹੇ। ਆਪਣੇ ਮੁਅੱਤਲੀ ਦੇ ਸਮੇਂ ਦੌਰਾਨ ਉਨ੍ਹਾਂ ਨੇ ਹੋਰ ਵੀ ਵਧੇਰੇ ਲਗਨ ਤੇ ਸਿਰੜ੍ਹ ਨਾਲ ਰੇਲ ਕਾਮਿਆਂ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਵਿਚ ਆਪਣਾ ਸਰਗਰਮ ਯੋਗਦਾਨ ਪਾਇਆ ਅਤੇ ਬਹਾਲ ਹੋਣ ਉਪਰੰਤ ਉਨ੍ਹਾਂ ਨੂੰ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਦੀ ਪਠਾਨਕੋਟ ਬਰਾਂਚ ਦਾ ਪ੍ਰਧਾਨ ਚੁਣ ਲਿਆ ਗਿਆ।
ਰੇਲਵੇ ਦੇ ਰਨਿੰਗ ਸਟਾਫ ਦੇ ਕਾਮਿਆਂ ਦੀ ਵੱਖਰੀ ਜਥੇਬੰਦੀ ਆਲ ਇੰਡੀਆ ਲੋਕੋ ਰਨਿੰਗ ਸਟਾਫ ਐਸੋਸੀਏਸ਼ਨ (ਏ.ਆਈ.ਐਲ.ਆਰ.ਐਸ.ਏ.) ਦੀ ਬਰਦਵਾਨ (ਪੱਛਮੀ ਬੰਗਾਲ) ਵਿਖੇ 16-21 ਜਨਵਰੀ 1973 ਨੂੰ ਪਹਿਲੀ ਜਥੇਬੰਦਕ ਕਾਨਫਰੰਸ ਵਿਚ ਕਾਮਰੇਡ ਜੁਗਿੰਦਰ ਸਿੰਘ ਕੇਂਦਰੀ ਕਾਰਜਕਾਰਨੀ ਦੇ ਮੈਂਬਰ ਵਜੋਂ ਚੁਣੇ ਗਏ। ਉਸ ਤੋਂ ਬਾਅਦ ਉਨ੍ਹਾਂ ਲੋਕੋ ਰਨਿੰਗ ਸਟਾਫ ਨੂੰ ਫਿਰੋਜ਼ਪੁਰ ਡਵੀਜ਼ਨ ਅਤੇ ਉਤਰੀ ਰੇਲਵੇ ਵਿਚ ਜੱਥੇਬੰਦ ਕਰਨ ਹਿੱਤ ਰਾਤ ਦਿਨ ਇਕ ਕਰਦੇ ਹੋਏ ਇਸਨੂੰ ਇਕ ਮਜ਼ਬੂਤ ਜਥੇਬੰਦੀ ਦੇ ਰੂਪ ਵਿਚ ਖੜਾ ਕਰ ਦਿੱਤਾ। ਅਗਸਤ ਅਤੇ ਦਸੰਬਰ 1973 ਵਿਚ ਲੋਕੋ ਰਨਿੰਗ ਸਟਾਫ ਦੀਆਂ ਹੋਈਆਂ ਦੋਵੇਂ ਹੜਤਾਲਾਂ ਦੀ ਉਨ੍ਹਾਂ ਅਗਵਾਈ ਕੀਤੀ। 1974 ਦੀ ਅਣਮਿੱਥੇ ਸਮੇਂ ਦੀ ਕੁੱਲ ਹਿੰਦ ਰੇਲ ਹੜਤਾਲ ਨੂੰ ਫਿਰੋਜ਼ਪੁਰ ਡਵੀਜ਼ਨ ਵਿਚ ਸਫਲ ਬਨਾਉਣ ਵਿਚ ਉਨ੍ਹਾਂ ਦੀ ਉਘੀ ਭੂਮਿਕਾ ਸੀ। ਇਸ ਹੜਤਾਲ ਕਰਕੇ ਹੋਈ ਵਿਕਟੇਮਾਈਜੇਸ਼ਨ ਕਰਕੇ ਉਹ ਇਕ ਸਾਲ ਤੋਂ ਵੱਧ ਸਮਾਂ ਮੁਅੱਤਲ ਰਹੇ।
ਰੇਲ ਵਿਭਾਗ ਦੇ ਰਨਿੰਗ ਸਟਾਫ ਦੀਆਂ ਮੰਗਾਂ ਦੇ ਨਿਪਟਾਰੇ ਲਈ ਬਣੀ ਆਲ ਇੰਡੀਆ ਰਨਿੰਗ ਸਟਾਫ ਗਰੀਵੈਂਸਿਜ ਕਮੇਟੀ, ਜਿਸਨੂੰ ਕੁਰੈਸ਼ੀ ਕਮੇਟੀ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਸੀ, ਦੇ ਉਹ ਮੈਂਬਰ ਸਨ। ਇੱਥੇ ਇਹ ਵਰਣਨਯੋਗ ਹੈ ਕਿ ਇਸ ਕਮੇਟੀ ਸਾਹਮਣੇ ਰਨਿੰਗ ਸਟਾਫ ਦੀਆਂ 74 ਮੰਗਾਂ ਰੱਖੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਬਹੁਤੀਆਂ ਦਾ ਨਿਪਟਾਰਾ ਰੇਲ ਕਾਮਿਆਂ ਦੇ ਹੱਕ ਵਿਚ ਹੋਇਆ ਅਤੇ ਇਸ ਨਾਲ ਰੇਲਵੇ ਰਨਿੰਗ ਸਟਾਫ ਦੀਆਂ ਕੰਮ ਹਾਲਤਾਂ ਦਾ ਕਾਇਆ ਕਲਪ ਹੋ ਗਿਆ।
ਲੋਕੋ ਰਨਿੰਗ ਸਟਾਫ ਦੀ ਜਥੇਬੰਦੀ, ਏ.ਆਈ.ਐਲ.ਆਰ.ਐਸ. ਏ. ਦੀ ਅਗਵਾਈ ਵਿਚ 1981 ਵਿਚ ਹੋਈ ਰੇਲ ਕਾਮਿਆਂ ਦੀ ਹੜਤਾਲ ਕਰਕੇ ਵੱਡੀ ਪੱਧਰ 'ਤੇ ਵਿਕਟੇਮਾਈਜੇਸ਼ਨ ਹੋਈ ਅਤੇ ਫਿਰੋਜ਼ਪੁਰ ਡਵੀਜ਼ਨ ਵਿਚ 16 ਅਤੇ ਸਮੂੱਚੇ ਦੇਸ਼ ਵਿਚ 882 ਰਨਿੰਗ ਸਟਾਫ ਕਾਮੇ ਨੌਕਰੀ ਤੋਂ ਡਿਸਮਿਸ ਕਰ ਦਿੱਤੇ ਗਏ, ਉਨ੍ਹਾਂ ਵਿਚ ਸਾਥੀ ਜੁਗਿੰਦਰ ਸਿੰਘ ਵੀ ਸ਼ਾਮਲ ਸਨ। 13 ਸਾਲ ਦੀ ਲੰਬੀ ਵਿਕਟੇਮਾਈਜੇਸ਼ਨ ਤੋਂ ਬਾਅਦ ਉਹ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ 1993 ਵਿਚ ਮੁੜ ਨੌਕਰੀ 'ਤੇ ਬਹਾਲ ਹੋਏ ਅਤੇ ਫਰਵਰੀ 1997 ਵਿਚ ਉਹ ਰੇਲਵੇ ਦੇ ਪਹਿਲੇ ਦਰਜੇ ਦੇ ਡਰਾਈਵਰ ਵਜੋਂ ਨੌਕਰੀ ਤੋਂ ਸੇਵਾਮੁਕਤ ਹੋਏ। ਨੌਕਰੀ ਤੋਂ ਡਿਸਮਿਸਲ ਦੇ ਸਮੁੱਚੇ ਸਮੇਂ ਦੌਰਾਨ ਅਥਾਹ ਆਰਥਕ ਤੰਗੀਆਂ ਤੁਰਸ਼ੀਆਂ ਝੱਲਦੇ ਹੋਏ ਵੀ ਉਹ ਲੋਕੋ ਰਨਿੰਗ ਸਟਾਫ ਅਤੇ ਸਮੁੱਚੀ ਟਰੇਡ ਯੂਨੀਅਨ ਲਹਿਰ ਨੂੰ ਜਥੇਬੰਦ ਕਰਨ ਦੇ ਕਾਰਜ ਵਿਚ ਸਰਗਰਮ ਰਹੇ। 1975 ਵਿਚ ਲੋਕੋ ਰਨਿੰਗ ਸਟਾਫ ਦੀ ਖੜਗਪੁਰ ਕਾਨਫਰੰਸ ਵਿਚ ਕੁਲ ਹਿੰਦ ਜਾਇੰਟ ਸਕੱਤਰ ਜਨਰਲ ਚੁਣੇ ਗਏ ਸਨ। 2014 ਵਿਚ ਸਿਹਤ ਦੀ ਖਰਾਬੀ ਕਰਕੇ ਉਹ ਚਿਤੌੜਗੜ੍ਹ ਵਿਖੇ ਹੋਈ ਕਾਨਫਰੰਸ ਵਿਚ ਇਸ ਪਦ ਤੋਂ ਫਾਰਗ ਹੋ ਗਏ ਸਨ। 19 ਸਤੰਬਰ 1968 ਨੂੰ ਪਠਾਨਕੋਟ ਵਿਖੇ ਸ਼ਹੀਦ ਹੋਏ ਕਾਮਿਆਂ ਦੀ ਯਾਦ ਵਿਚ ਕੀਤੇ ਜਾਣ ਵਾਲੇ ਸ਼ਹੀਦੀ ਸਮਾਗਮ ਨੂੰ ਜਥੇਬੰਦ ਕਰਨ ਵਾਲੀ 'ਪਠਾਨਕੋਟ ਆਲ ਇੰਪਲਾਈਜ਼ ਟਰੇਡ ਯੂਨੀਅਨ ਕੌਂਸਲ' ਦੇ ਉਹ ਅੰਤਲੇ ਸਾਹਾਂ ਤੱਕ ਜਨਰਲ ਸਕੱਤਰ ਰਹੇ। ਆਪਣੀ ਅੱਤ ਦੀ ਖਰਾਬ ਸਿਹਤ ਦੇ ਬਾਵਜੂਦ ਉਹ ਰੇਲ ਮੁਲਾਜ਼ਮਾਂ ਦੇ ਨਾਲ-ਨਾਲ ਹੀ ਦੱਬੇ ਕੁਚਲੇ ਲੋਕਾਂ ਦੇ ਕਲਿਆਣ ਲਈ ਚੱਲਣ ਵਾਲੀ ਲਹਿਰ ਵਿਚ ਵੀ ਆਪਣਾ ਸਰਗਰਮ ਯੋਗਦਾਨ ਪਾਉਂਦੇ ਰਹੇ।
ਕਾਮਰੇਡ ਜੁਗਿੰਦਰ ਸਿੰਘ ਮਿਸਾਲੀ ਇਮਾਨਦਾਰੀ, ਸਿਦਕਦਿਲੀ, ਜਥੇਬੰਦਕ  ਸਮਰਥਾ, ਵਿਦਵਤਾ ਅਤੇ ਇੰਨਕਲਾਬੀ ਸਮਝ ਦੇ ਮੁਜੱਸਮਾ ਸਨ। 'ਅਦਾਰਾ ਸੰਗਰਾਮੀ ਲਹਿਰ' ਉਨ੍ਹਾਂ ਨੂੰ ਇਨਕਲਾਬੀ ਸ਼ਰਧਾਂਜਲੀ ਪੇਸ਼ ਕਰਦਾ ਹੋਇਆ ਉਨ੍ਹਾਂ ਦੇ ਪਰਿਵਾਰ ਨਾਲ ਦਿਲੀ ਸੰਵੇਦਨਾ ਦਾ ਇਜ਼ਹਾਰ ਕਰਦਾ ਹੈ।

No comments:

Post a Comment