Saturday 9 April 2016

ਰਾਸ਼ਟਰਵਾਦ ਬਨਾਮ ਫਾਸ਼ੀਵਾਦ

ਮੱਖਣ ਕੁਹਾੜਸਾਡਾ ਦੇਸ਼ ਅਸਹਿਣਸ਼ੀਲਤਾ ਦੇ ਉਬਲਦੇ ਲਾਵੇ ਵਾਲੇ ਮਾਹੌਲ 'ਚੋਂ ਬਾਹਰ ਨਿਕਲਣ ਦੀ ਬਜਾਏ ਇਸ ਵਿਚ ਹੋਰ ਧਸਦਾ ਜਾ ਰਿਹਾ ਹੈ। ਇਸ ਵਰਤਾਰੇ ਨੇ ਪਹਿਲਾਂ ਹੀ ਕਈ ਸਾਹਿਤਕਾਰਾਂ, ਤਰਕਸ਼ੀਲਾਂ, ਵਿਗਿਆਨਕ ਸੋਚ ਦੇ ਧਾਰਨੀਆਂ ਦੀਆਂ ਕੀਮਤੀ ਜਾਨਾਂ ਲੈ ਲਈਆਂ ਹਨ। ਸਾਰੇ ਖੇਤਰਾਂ ਵਿਚ ਆਰ.ਐਸ.ਐਸ. ਦਾ ਜੰਗਲ ਰਾਜ ਸਥਾਪਤ ਕਰਨ ਦੇ ਉਪਰਾਲੇ ਹੋ ਰਹੇ ਹਨ। ਸੰਵਿਧਾਨਕ ਹੱਕ ਅਣਕਿਆਸੇ ਢੰਗਾਂ ਨਾਲ ਖੋਹੇ ਜਾ ਰਹੇ ਹਨ। ਅਣਕਿਆਸੀ, ਅਣਐਲਾਨੀ ਐਮਰਜੈਂਸੀ ਲੱਗੀ ਹੋਈ ਹੈ। ਦੇਸ਼ ਦਾ ਧਰਮ ਨਿਰਪੱਖ ਖਾਸਾ ਚੜ੍ਹੇ ਹੋਏ ਦਰਿਆ ਦੇ ਖੁਰ ਰਹੇ ਕੰਢੇ 'ਤੇ ਖੜ੍ਹੇ ਰੁੱਖ ਵਾਂਗ ਲਗ ਰਿਹਾ ਹੈ। ਕਿਹੜੇ ਛਿਣ, ਕਿਹੜੀ ਛੱਲ ਨਾਲ ਇਹ ਰੁੱਖ ਦਰਿਆ ਦੇ ਰੋੜ੍ਹ 'ਚ ਸ਼ਾਮਲ ਹੋ ਜਾਵੇ ਪਤਾ ਨਹੀਂ। ਜਮਹੂਰੀਅਤ ਦੇ ਨਾਮ 'ਤੇ ਹਾਕਮਾਂ ਨੇ ਡਰਾਉਣਾ ਏਕਾਅਧਿਕਾਰ ਵਾਲਾ ਮਖੌਟਾ ਪਹਿਨ ਲਿਆ ਹੈ। ਰਾਜ ਭਾਗ ਦੇ ਤਾਜ ਬੇਇਤਬਾਰੀ ਦੇ ਕਟਹਿਰੇ ਵਿਚ ਖੜ੍ਹੇ ਦਿਸਦੇ ਹਨ। 
ਇਸ ਪਿਛੋਕੜ ਵਿਚ ਇਕ ਨਵੀਂ ਬਹਿਸ ਨੇ ਰਾਜਨੀਤਕ, ਧਾਰਮਕ ਤੇ ਸਾਹਿਤਕ - ਸਭਿਆਚਾਰਕ ਧਰਾਤਲ 'ਤੇ ਦਸਤਕ ਦਿੱਤੀ ਹੈ। ਐਸੀ ਬਹਿਸ ਜਿਸ ਦੀ ਕਦੇ ਜ਼ਰੂਰਤ ਨਹੀਂ ਸਮਝੀ ਗਈ। 'ਦੇਸ਼ਭਗਤ' ਤੇ 'ਦੇਸ਼ ਧ੍ਰੋਹ' ਦੇ ਫ਼ਤਵੇ ਜਾਰੀ  ਹੋ ਰਹੇ ਹਨ। 'ਗਦਰੀ'  ਤੇ 'ਗੱਦਾਰ' ਵਿਚਲੀ ਮੋਟੀ ਲੀਕ ਮਿਟਾਉਣ ਲਈ ਨਵੀਆਂ ਯੁਗਤਾਂ ਘੜੀਆਂ ਜਾ ਰਹੀਆਂ ਹਨ। ਨਵੀਆਂ ਯੋਗਤਾਵਾਂ ਮਿਥੀਆਂ ਜਾ ਰਹੀਆਂ ਹਨ। ਵੇਦਾਂ ਦੀ ਧਰਤੀ ਦੇ ਪਾਣੀਆਂ ਦੀ ਸ਼ਾਂਤੀ ਨੂੰ ਖੌਲਣ ਲਈ ਮਜਬੂਰ ਕਰਨ ਦੇ ਖ਼ਤਰਨਾਕ ਉਪਰਾਲੇ ਕੀਤੇ ਜਾਣ ਲੱਗੇ ਹਨ। ਕਲਪਿਤ ਗਾਥਾਵਾਂ ਨੂੰ ਬਨਾਉਟੀ, ਵਿਗਿਆਨਕ, ਚਮਕੀਲੇ ਰੰਗਾਂ ਦੀ ਨਵੀਂ ਪੁੱਠ ਚਾੜ੍ਹ ਕੇ ਵਿਆਖਿਆਵਾਂ ਕੀਤੀਆਂ ਜਾਣ ਲੱਗੀਆਂ ਹਨ। ਸੱਤਾ ਦੀ ਸ਼ਕਤੀ ਹੇਠ ਪੁਰਾਤਨ ਖੁੰਡੇ ਹਥਿਆਰਾਂ ਨੂੰ ਮਿਥਿਹਾਸ ਦੀਆਂ ਕਬਰਾਂ 'ਚੋਂ ਪੁੱਟ ਕੇ ਨਫ਼ਰਤੀ ਮੁਲੰਮੇ ਨਾਲ ਲਿਸ਼ਕਾ ਕੇ ਮੁੜ ਵਰਤਣ ਦੀਆਂ ਰਾਜਨੀਤਕ ਸ਼ਤਰੰਜੀ ਚਾਲਾਂ ਚਲਾਈਆਂ ਜਾਣ ਲੱਗੀਆਂ ਹਨ।
ਇੰਜ ਦਾ ਮਾਹੌਲ ਬਣਾਉਣ ਲਈ ਸਾਜ਼ਿਸ਼ਾਂ ਭਾਵੇਂ ਮਹਾਤਮਾ ਗਾਂਧੀ ਦੇ ਕਤਲ ਤੋਂ ਹੀ ਸ਼ੁਰੂ ਹੋ ਗਈਆਂ ਸਨ ਤੇ ਫੇਰ ਅੱਗੇ ਤੋਂ ਅੱਗੇ ਚਲਦੀਆਂ ਗਈਆਂ। ਐਮ.ਐਫ. ਹੁਸੈਨ ਨੂੰ ਦੇਸ਼ ਨਿਕਾਲੇ ਲਈ ਮਜਬੂਰ ਕਰਨ ਤੋਂ ਬਾਅਦ ਯਥਾ-ਸ਼ਕਤੀ ਅਨੇਕਾਂ ਘਟਨਾਵਾਂ ਨੂੰ ਅੰਜ਼ਾਮ ਦੇ ਕੇ ਕਲਬੁਰਗੀ, ਗੋਬਿੰਦ ਪਨਸਾਰੇ, ਨਰੇਂਦਰ ਦਬੋਲਕਰ, ਅਖਲਾਕ (ਦਾਦਰੀ) ਅਤੇ ਕਿੰਨੇ ਹੀ ਹੋਰ ਕਤਲਾਂ ਬਾਅਦ ਹੁਣ ਗਊ ਮਾਤਾ ਦੀਆਂ ਭਾਵਨਾਵਾਂ ਦਾ ਫਰੇਬੀ ਜਾਲ ਵਿਛਾਇਆ ਜਾਣ ਲੱਗਾ ਹੈ। ਆਰ.ਐਸ.ਐਸ. ਦੀ ਨਿਰਦੇਸ਼ਨਾਂ ਹੇਠ ਚੱਲਣ ਵਾਲੀ ਭਾਰਤੀ ਜਨਤਾ ਪਾਰਟੀ ਸੱਤਾ ਦੇ ਪੂਰਨ ਰੰਗ ਵਿਚ ਰੰਗੇ ਜਾਣ ਬਾਅਦ ਹੁਣ ਮਨਇੱਛਤ ਸਿੱਟੇ ਹਾਸਲ ਕਰਨ ਦੀ ਕਾਹਲ ਪ੍ਰਗਟ ਕਰ ਰਹੀ ਹੈ। ਬਿੱਲੀ ਥੈਲਿਉਂ ਬਾਹਰ ਆ ਰਹੀ ਹੈ।
ਪਹਿਲੋਂ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁਲਾ ਦੀ 'ਆਤਮ ਹੱਤਿਆ' ਅਤੇ ਹੁਣ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੀ ਗ੍ਰਿਫ਼ਤਾਰੀ ਦੀ ਸਾਜ਼ਿਸ਼ ਜੱਗ ਜਾਹਰ ਹੋਣ ਨਾਲ ਰਾਜਨੀਤਕ ਤਿਲਮਿਲਾਹਟ ਧਾਰਮਕ ਚੋਲਿਆਂ 'ਚੋਂ ਬਾਹਰ ਆਉਣ ਲੱਗ ਪਈ ਹੈ। 'ਕਨ੍ਹਈਆ' ਦੀ ਸਾਜ਼ਿਸ਼ੀ ਗ੍ਰਿਫ਼ਤਾਰੀ ਨਾਲ ਸਾਰੇ ਦੇਸ਼ ਵਿਚ ਦੇਸ਼ ਭਗਤੀ, ਦੇਸ਼ ਧ੍ਰੋਹ, ਰਾਸ਼ਟਰਵਾਦ ਤੇ ਫਾਸ਼ੀਵਾਦ ਦੀ ਚਰਚਾ ਛਿੜੀ ਹੈ। ਹਰ ਦੇਸ਼ ਪ੍ਰੇਮੀ ਚਿੰਤਾ ਵਿਚ ਹੈ। ਹਾਕਮਾਂ ਵਲੋਂ ਹਰ ਅਸੰਭਵ ਨੂੰ ਸੰਭਵ ਬਣਾਉਣ ਲਈ ਪਰੰਪਰਾਵਾਦੀ, ਰੂੜ੍ਹੀਵਾਦੀ, ਸਭਿਆਚਾਰ ਤੇ ਧਾਰਮਿਕਤਾ ਨੂੰ ਰਾਜਨੀਤਕ ਹਾਕਮੀ ਜਬਰ ਦੇ ਬਲ ਵਰਤਣ ਦੀ ਹਰ ਸੰਭਵ ਕਾਰਵਾਈ ਕੀਤੀ ਜਾ ਰਹੀ ਹੈ।
ਕਨ੍ਹਈਆ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਦੇਸ਼ ਵਿਰੁੱਧ ਨਾਅਰੇ ਲਗਾਏ ਹਨ। ਉਸ ਨੇ ਦੇਸ਼ ਦੀ ਸਰਕਾਰ ਵਲੋਂ ਫਾਂਸੀ ਲਾਏ ਗਏ ਪ੍ਰੋਫ਼ੈਸਰ ਅਫ਼ਜ਼ਲ ਗੁਰੂ ਨੂੰ ਨਿਰਦੋਸ਼ ਆਖਿਆ ਹੈ ਜਦਕਿ ਉਹ ਭਾਰਤੀ ਪਾਰਲੀਮੈਂਟ 'ਤੇ ਹਮਲੇ ਦਾ ਦੋਸ਼ੀ ਸੀ, ਆਦਿ ਆਦਿ। 'ਦੇਸ਼ ਧ੍ਰੋਹ' ਦੇ ਲੱਗੇ ਦੋਸ਼ ਕਾਰਨ ਜੇ.ਐਨ.ਯੂ. ਦੇ ਵਿਦਿਆਰਥੀਆਂ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਝੱਟ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਬਾਅਦ ਵਿਚ ਕੀ-ਕੀ ਵਾਪਰਿਆ ਤੇ ਨਾਅਰਿਆਂ ਦੀ ਹਕੀਕਤ ਤੋਂ ਕਿਵੇਂ ਪਰਦਾ ਚੁੱਕਿਆ ਗਿਆ ਇਹ ਵਖਰਾ ਹੈ, ਪਰ ਕੀ ਇਹ ਦੋਸ਼ ਵਾਜਬ ਹੈ? ਜੇ ਅਜਿਹਾ ਸਹੀ ਹੈ ਤਾਂ ਫਿਰ ਬੋਲਣ ਦੀ ਆਜ਼ਾਦੀ ਵਾਲਾ ਮੌਲਿਕ ਅਧਿਕਾਰ ਕਿੱਥੇ ਜਾਵੇਗਾ? ਕੀ ਕੋਈ ਸਰਕਾਰ ਨੂੰ ਸਹੀ ਜਾਂ ਗ਼ਲਤ ਨਹੀਂ ਆਖ ਸਕਦਾ? ਕੀ ਸਰਕਾਰ ਜਾਂ ਅਦਾਲਤੀ ਕਾਰਜ ਦੀ ਨੁਕਤਾਚੀਨੀ ਕਰਨਾ ਦੇਸ਼ ਧ੍ਰੋਹ ਹੈ?
ਕਨ੍ਹਈਆ ਦੇ ਮੂੰਹ ਵਿਚ ਜੋ ਸਾਜ਼ਿਸ਼ੀ ਨਾਅਰੇ ਪਾਏ ਗਏ ਉਹ ਭਾਵੇਂ ਝੂਠੇ ਸਾਬਤ ਹੋ ਗਏ ਹਨ ਪਰ ਜੇ ਅਫ਼ਜ਼ਲ ਗੁਰੂ ਦੇ ਹੱਕ 'ਚ ਨਾਅਰੇ ਮਾਰਨਾ ਹੀ ਦੇਸ਼ ਧ੍ਰੋਹ ਹੈ ਤਦ ਜੰਮੂ ਕਸ਼ਮੀਰ ਦੀ ਪੀ.ਡੀ.ਪੀ. ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਤੇ ਉਸ ਦੇ ਮਰਹੂਮ ਪਿਤਾ ਅਤੇ ਸੂਬੇ ਦੇ ਰਹੇ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਕਿਉਂ ਦਰਜ ਨਹੀਂ ਕੀਤਾ ਗਿਆ ਸੀ, ਜਿਸ ਨੇ ਸ਼ਰੇਆਮ ਐਲਾਨ ਕੀਤਾ ਸੀ ਕਿ ਅਫ਼ਜ਼ਲ ਗੁਰੂ ਪੀ.ਡੀ.ਪੀ. ਤੇ ਕਸ਼ਮੀਰੀਆਂ ਦਾ ਆਦਰਸ਼ ਹੈ ਅਤੇ ਉਹ ਉਸ ਨੂੰ ਕਦੇ ਨਹੀਂ ਭੁੱਲ ਸਕਦੇ। ਕੀ ਅਜਿਹਾ ਇਸ ਲਈ ਨਹੀਂ ਕੀਤਾ ਗਿਆ ਕਿ ਉਸ ਦੀ ਭਾਰਤੀ ਜਨਤਾ ਪਾਰਟੀ ਨਾਲ ਸਾਂਝੀ ਸਰਕਾਰ ਹੈ ਅਤੇ ਅੱਗੋਂ ਵੀ ਰਹਿਣ ਦੀ ਸੰਭਾਵਨਾ ਹੈ?
ਦੂਜੇ ਪਾਸੇ 'ਸੰਤ ਭਿੰਡਰਾਂ ਵਾਲੇ' ਨੂੰ ਭਾਰਤ ਸਰਕਾਰ ਨੇ ਹਰਿਮੰਦਰ ਸਾਹਿਬ ਉਪਰ ਟੈਂਕ ਚੜ੍ਹਾ ਕੇ ਕਤਲ ਕੀਤਾ ਕਿਉਂਕਿ ਉਹ ਖ਼ਾਲਿਸਤਾਨ ਦੀ ਲੜਾਈ ਲੜ ਰਿਹਾ ਸੀ। ਜੋ ਭਾਰਤ ਦੀ ਏਕਤਾ-ਅਖੰਡਤਾ ਲਈ ਵੱਡਾ ਖਤਰਾ ਸੀ। ਪਰ ਹਰ ਸਾਲ ਉਸ ਦਾ ਜਨਮ ਦਿਨ-ਸ਼ਹੀਦੀ ਦਿਨ ਮਨਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਤੇ ਉਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਸ ਨੇ ਕਿ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਹੀ 'ਸੰਤ ਭਿੰਡਰਾਂਵਾਲੇ' ਦੀ ਯਾਦ ਸਥਾਪਤ ਕਰ ਦਿੱਤੀ ਹੈ, ਵਿਰੁੱਧ 'ਦੇਸ਼ ਧ੍ਰੋਹ' ਦਾ ਮੁਕੱਦਮਾ ਕਿਉਂ ਨਹੀਂ? ਇਸ ਲਈ ਕਿ ਉਹ ਮੌਜੂਦਾ ਬੀ.ਜੇ.ਪੀ. ਦੀ ਕੇਂਦਰ ਸਰਕਾਰ ਦੇ ਰਾਜਨੀਤਕ ਸੱਤਾ ਦੇ ਭਾਈਵਾਲ ਹਨ? ਇਹ ਕਿਸ ਤਰ੍ਹਾਂ ਦਾ ਮੁਨਸਫ਼ੀ ਤਰਾਜੂ ਹੈ ਜਿਸ ਵਿਚਲਾ ਪਾਸਕੂ ਸਭ ਲੋਕਾਂ ਨੂੰ ਸਾਫ਼ ਦਿਖਾਈ ਦੇ ਰਿਹਾ ਹੈ। ਸਿਮਰਨਜੀਤ ਸਿੰਘ ਮਾਨ ਤਾਂ ਰੋਜ ਸਵੇਰ ਤੋਂ ਹੀ ਖ਼ਾਲਿਸਤਾਨ ਦਾ ਜਾਪ ਜਪਣ ਲੱਗ ਜਾਂਦਾ ਹੈ। ਉਸਨੂੰ ਤਾਂ ਅੱਜ ਤਕ ਦੇਸ਼ ਧ੍ਰੋਹੀ ਕਿਸੇ ਨਹੀਂ ਆਖਿਆ।
ਦਿੱਲੀ ਦੰਗਿਆਂ ਵਿਚ ਨਿਰਦੋਸ਼ ਪੰਜਾਬੀਆਂ ਦਾ ਘਾਣ ਕਰਨ ਵਾਲੇ ਦੱਸੇ ਜਾਂਦੇ ਸੱਜਣ ਕੁਮਾਰ ਤੇ ਟਾਈਟਲਰ ਆਦਿ ਜਾਂ ਜੋ ਵੀ ਸਨ ਕੀ ਉਹ ਦੇਸ਼ ਧ੍ਰੋਹੀ ਨਹੀਂ ਸਨ। ਅੱਜ ਤੀਕ ਕਿਸੇ 'ਤੇ ਚਲਿਆ ਦੇਸ਼ ਧ੍ਰੋਹ ਦਾ ਕੇਸ? ਬਾਦਲਾਂ ਦੀ ਅਕਾਲੀ ਪਾਰਟੀ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਤੇ ਸੰਵਿਧਾਨ ਦੀ ਧਾਰਾ 25 ਦੀਆਂ ਕਾਪੀਆਂ ਵੀ ਸਾੜੀਆਂ, ਕੀ ਸੰਵਿਧਾਨ ਦੀ ਧਾਰਾ ਸਾੜਨਾ ਦੇਸ਼ ਧ੍ਰੋਹ ਨਹੀਂ ਹੈ? 2002 ਵਿੱਚ ਗੁਜਰਾਤ ਦੇ ਨਿਰਦੋਸ਼ ਮੁਸਲਮਾਨਾਂ ਦੇ ਕਾਤਲ ਕੀ ਦੇਸ਼ ਧ੍ਰੋਹੀ ਨਹੀਂ ਸਨ?
ਕਨ੍ਹਈਆ ਦੀ ਜੀਭ ਕੱਟ ਕੇ ਲਿਆਉਣ ਦੇ ਪੰਜ ਲੱਖੀ ਇਨਾਮ ਦਾ ਐਲਾਨ ਕਰਨ ਵਾਲਾ ਦੇਸ਼ਧ੍ਰੋਹੀ ਕਿਵੇਂ ਨਹੀਂ ਹੈ? ਉਸ ਦੇ ਕਤਲ ਦਾ ਪੰਦਰਾਂ ਲੱਖ ਦਾ ਪੁਰਸਕਾਰ ਦੇਣ ਦੀ ਪੇਸ਼ਕਸ਼ ਕਰਨ ਵਾਲਾ ਦੇਸ਼ਧ੍ਰੋਹੀ ਹੈ ਜਾਂ ਦੇਸ਼ ਪ੍ਰੇਮੀ? ਗੈਰ-ਮਰਾਠੀ ਲੋਕਾਂ ਨੂੰ ਟੈਕਸੀਆਂ ਦਾ ਲਾਈਸੈਂਸ ਦੇਣ ਦਾ ਵਿਰੋਧ ਕਰਦਿਆਂ ਗ਼ੈਰ ਮਰਾਠੀ ਟੈਂਪੂ-ਟੈਕਸੀਆਂ ਨੂੰ ਸਾੜਨ ਦੇ ਨਿਰਦੇਸ਼ ਦੇਣ ਵਾਲਾ ਮੁੰਬਈ ਦਾ ਆਗੂ ਰਾਜ ਠਾਕਰੇ ਦੇਸ਼ ਧ੍ਰੋਹੀ ਹੈ ਜਾਂ ਦੇਸ਼ ਪ੍ਰੇਮੀ, ਇਹ ਕੌਣ ਤਹਿ ਕਰੇਗਾ? ਕਨ੍ਹਈਆ ਨੂੰ ਪਟਿਆਲਾ ਹਾਊਸ ਅਦਾਲਤ ਵਿਚ ਕੁੱਟਣ ਵਾਲੇ ਵਕੀਲ ਅਤੇ ਬੀ.ਜੇ.ਪੀ. ਵਿਧਾਇਕ ਓ.ਪੀ. ਸ਼ਰਮਾ ਦੇਸ਼ ਧ੍ਰੋਹੀ ਨਹੀਂ? ਸ੍ਰੀ ਸ੍ਰੀ ਰਵੀਸ਼ੰਕਰ ਨੂੰ ਜਮਨਾ ਤਟ ਖ਼ਰਾਬ ਕਰਨ ਕਾਰਨ 5 ਕਰੋੜ ਦਾ ਜੁਰਮਾਨਾ ਗ੍ਰੀਨ ਟ੍ਰਿਬਿਊਨਲ ਨੇ ਲਾਇਆ ਪਰ ਉਸ ਨੇ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ ਕੀ ਉਹ ਦੇਸ਼ ਧ੍ਰੋਹੀ ਨਹੀਂ ਹੈ? ਉਸ ਦੇ ਚਰਨਾਂ ਵਿਚ ਤਾਂ ਮੋਦੀ ਸਮੇਤ ਸਾਰੀ ਸਰਕਾਰ ਨੇ ਖੂਬ ਮੱਥਾ ਰਗੜਿਆ ਹੈ। ਐਸੇ ਮਨਮਰਜ਼ੀ ਦੇ ਗ਼ੈਰ ਸੰਵਿਧਾਨਕ ਤੇ ਗ਼ੈਰ ਜ਼ਿੰਮੇਵਾਰ ਫ਼ਤਵੇ ਸਹਿਣ ਨਹੀਂ ਕੀਤੇ ਜਾ ਸਕਦੇ।
ਕਨ੍ਹਈਆ ਕੁਮਾਰ ਦੀ ਅਗਵਾਈ ਵਿਚ ਜੇ.ਐਨ.ਯੂ. ਵਿਦਿਆਰਥੀਆਂ ਨੇ ਜੋ ਸੂਹੇ ਨਾਅਰੇ ਲਾਏ ਉਹ ਸਨ 'ਅਤਿਵਾਦ ਸੇ-ਆਜ਼ਾਦੀ, ਮਨੂਵਾਦ ਸੇ-ਆਜ਼ਾਦੀ, ਬ੍ਰਾਹਮਣਵਾਦ ਸੇ-ਆਜ਼ਾਦੀ, ਭੂਖਮਰੀ ਸੇ-ਆਜ਼ਾਦੀ, ਦੰਗਈਓ ਸੇ-ਆਜ਼ਾਦੀ, ਮਨੂੰਵਾਦ ਸੇ-ਆਜ਼ਾਦੀ, ਹੈ ਹੱਕ ਹਮਾਰਾ - ਆਜ਼ਾਦੀ, ਹੈ ਜਾਨ ਸੇ ਪਿਆਰੀ-ਆਜ਼ਾਦੀ ...... ਆਦਿ।' ਪ੍ਰੰਤੂ ਇਹ ਵਾਜਬ ਨਾਅਰੇ ਪੀਲੀ ਧੂੜ ਵਿਚ ਅਲੋਪ ਕਰ ਕੇ ਐਨ ਇਸ ਦੇ ਉਲਟ ਸਾਜ਼ਿਸ਼ੀ ਨਾਅਰਿਆਂ ਦੀ ਵੀਡੀਓ ਇਕ ਦੋ ਚੈਨਲ ਲਗਾਤਾਰ ਵਾਰ-ਵਾਰ ਘੁਮਾਈ ਗਏ। ਇਸੇ ਬਨਾਉਟੀ ਵੀਡੀਓ ਦੇ ਸਹਾਰੇ ਬਿਨਾ ਕਿਸੇ ਸਬੂਤ, ਤਫ਼ਤੀਸ਼ ਦੇ ਦਿੱਲੀ ਦੀ ਸਰਕਾਰੀ 'ਸੁਹਿਰਦ' ਪੁਲੀਸ ਨੇ ਕਨ੍ਹਈਆ ਨੂੰ ਜੇਲ੍ਹ ਭੇਜ ਦਿੱਤਾ। ਇਹ ਤਾਂ ਭਾਰਤ ਦੇ ਸੁਹਿਰਦ ਤੇ ਜੂਝ ਰਹੇ ਲੋਕਾਂ ਦੀ ਹਿੰਮਤ ਹੈ ਕਿ ਕਨ੍ਹਈਆ ਨੂੰ ਜ਼ਮਾਨਤ ਮਿਲ ਗਈ। ਉਹ ਬਹੁਗਿਣਤੀ ਭਾਰਤੀਆਂ ਦੇ ਦਿਲਾਂ ਦੀ ਧੜਕਣ ਬਣ ਕੇ ਉੱਭਰਿਆ ਹੈ।
ਪਰ ਹਾਕਮਾਂ ਨੂੰ ਗੁੱਸਾ ਕਿਉਂ ਲੱਗਾ? ਉਸ ਦੇ ਲੋਕਪੱਖੀ ਤੇ ਹੱਕੀ ਨਾਅਰਿਆਂ ਮੁਤਾਬਕ ਸਿਰਫ਼ ਜੇ.ਐਨ.ਯੂ. ਦੇ ਵਿਦਿਆਰਥੀ ਹੀ ਨਹੀਂ ਬਲਕਿ ਸਾਰਾ ਭਾਰਤ, ਸਾਰਾ ਸੰਸਾਰ, ਭੁੱਖਮਰੀ, ਪੂੰਜੀਵਾਦ, ਸਾਮੰਤਵਾਦ ਅਤੇ ਧਾਰਮਕ ਕੱਟੜਤਾ ਤੋਂ, ਅਤਿਵਾਦ ਤੋਂ ਆਜ਼ਾਦੀ ਹਾਸਲ ਕਰਨਾ ਚਾਹੁੰਦਾ ਹੈ। ਕੀ ਐਸੀ ਚਾਹਤ ਰੱਖਣ ਵਾਲੇ ਸਾਰੇ ਦੇਸ਼ ਧ੍ਰੋਹੀ ਹਨ? ਫੇਰ ਤਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ, ਬਾਬਾ ਸੋਹਣ ਸਿੰਘ ਭਕਨਾ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ, ਕਰਤਾਰ ਸਿੰਘ ਸਰਾਭਾ, ਸੋਹਣ ਲਾਲ ਪਾਠਕ, ਸਾਰੇ ਗਦਰੀ ਬਾਬੇ ਅਤੇ ਲੋਕਪੱਖੀ ਤੇ ਹੱਕੀ ਸੋਚ ਰੱਖਣ ਵਾਲੇ ਖੱਬੇ ਪੱਖੀ ਵੀ ਮੌਜੂਦਾ ਸਰਕਾਰ ਦੀਆਂ ਨਜ਼ਰਾਂ ਵਿਚ ਦੇਸ਼ ਧ੍ਰੋਹੀ ਹੀ ਹਨ। ਜੇ ਮੋਦੀ ਸਰਕਾਰ ਦਾ ਵੱਸ ਚਲੇ ਤਾਂ ਇਨ੍ਹਾਂ ਸਾਰਿਆਂ ਨੂੰ ਜੇਲ੍ਹਾਂ ਵਿਚ ਡੱਕ ਦੇਵੇ। ਇਸ ਵਕਤ ਅਜਿਹਾ ਕਰਨਾ ਹੀ ਉਸ ਦੇ ਏਜੰਡੇ ਉਪਰ ਹੈ।
ਕੇਂਦਰ ਦੀ ਮੋਦੀ ਸਰਕਾਰ ਨੂੰ, ਇਕ ਕੱਟੜ, ਫਿਰਕਾਪ੍ਰਸਤ ਤੇ ਜਨੂੰਨੀ ਜਥੇਬੰਦੀ ਆਰ.ਐਸ.ਐਸ. ਦੀ ਅਗਵਾਈ ਵਿਚ ਕੰਮ ਕਰਦੀ ਭਾਰਤੀ ਜਨਤਾ ਪਾਰਟੀ ਚਲਾ ਰਹੀ ਹੈ। ਆਰ.ਐਸ.ਐਸ. ਦਾ ਨਿਸ਼ਾਨਾ ਕੋਈ ਗੁੱਝਾ ਨਹੀਂ ਸਗੋਂ ਐਲਾਨੀਆ ਹੈ ਕਿ ਉਹ ਹਿੰਦੁਸਤਾਨ 'ਚ ਹਿੰਦੂਆਂ ਦਾ ਰਾਜ ਸਥਾਪਤ ਕਰਨਾ ਚਾਹੁੰਦੀ ਹੈ। 'ਹਿੰਦੀ, ਹਿੰਦੂ, ਹਿੰਦੋਸਤਾਨ' ਉਸ ਦਾ ਨਾਅਰਾ ਹੀ ਨਹੀਂ ਉਦੇਸ਼ ਵੀ ਹੈ। ਉਹ ਮਨੂੰਵਾਦੀ ਸੰਵਿਧਾਨ ਅਤੇ ਮਿਥਿਹਾਸ ਨੂੰ ਇਕ 'ਸੁੱਚੀ' ਲੋੜ ਤੇ 'ਸੱਚੇ-ਸੁੱਚੇ ਇਤਿਹਾਸ' ਵਜੋਂ ਸਥਾਪਤ ਕਰਨਾ ਲੋਚਦੀ ਹੈ। ਮਨੂੰਵਾਦ ਤੋਂ ਭਾਵ ਹੈ ਅੱਤ ਦਰਜੇ ਦਾ ਪਿਛਾਖੜ ਭਾਵ ਔਰਤਾਂ, ਦਲਿਤਾਂ ਤੇ ਗ਼ਰੀਬਾਂ ਨੂੰ ਗੁਲਾਮ ਬਣਾ ਕੇ ਰੱਖਣਾ। ਆਰ.ਐਸ.ਐਸ. ਵਾਸਤੇ ਹਿੰਦੋਸਤਾਨ ਵਿਚ ਜੋ ਵੀ ਬਾਹਰੀ ਹੈ ਜਾਂ ਬਾਹਰੀ ਸੰਸਕ੍ਰਿਤੀ ਤੇ ਸੋਚ ਲੈ ਕੇ ਭਾਰਤ ਵਿਚ ਰਹਿ ਰਿਹਾ ਹੈ, ਉਸ ਨੂੰ ਉਹ ਦੁਸ਼ਮਣ ਸਮਝਦੀ ਹੈ। ਉਹ ਚਾਹੇ ਹਿੰਦੂ ਹੋਣ, ਮੁਸਲਮਾਨ ਹੋਣ, ਸਿੱਖ, ਇਸਾਈ ਜਾਂ ਕਮਿਊਨਿਸਟ, ਨਾਸਤਕ, ਤਰਕਸ਼ੀਲ ਜਾਂ ਕੋਈ ਵੀ ਹੋਣ, ਸਭ ਉਸ ਦੇ ਦੁਸ਼ਮਣਾਂ ਵਿਚ ਸ਼ਾਮਲ ਹਨ। ਜਦ ਸਾਰਾ ਭਾਰਤ-ਬਰਤਾਨਵੀ ਸਾਮਰਾਜ ਵਿਰੁੱਧ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ ਤਦ ਇਹ ਆਰ.ਐਸ.ਐਸ. ਵਾਲੇ ਖਾਮੋਸ਼ ਬੈਠੇ ਰਹੇ। ਕੋਈ ਹਿੱਸਾ ਨਹੀਂ ਲਿਆ ਆਜ਼ਾਦੀ ਦੀ ਲੜਾਈ ਵਿਚ। ਭਾਵੇਂ ਇਹ ਅਸਿੱਧੇ ਤੌਰ ਤੇ ਅੰਗਰੇਜ਼ਾਂ ਦੀ ਹਮਾਇਤ ਦੇ ਬਰਾਬਰ ਸੀ, ਪਰ ਅਜਿਹਾ ਹੀ ਹੋਇਆ। ਉਹ ਹੁਣ ਵੀ ਸਾਮਰਾਜ ਨੂੰ ਚੰਗਾ ਕਹਿੰਦੇ ਹਨ ਤੇ ਵਿਦੇਸ਼ੀ ਵਿੱਤੀ ਪੂੰਜੀ ਨੂੰ ਦੁਬਾਰਾ ਲਿਆਉਣ ਲਈ ਤਰਲੋਮੱਛੀ ਹੋ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਹੀਂ ਉਹ ਦੇਸ਼ ਦੇ ਰੱਥ ਨੂੰ ਅਗਾਂਹ ਦੀ ਬਜਾਏ ਪਿਛਾਂਹ ਨੂੰ ਮੋੜਨਾ ਲੋਚਦੇ ਹਨ। ਅਜਿਹਾ ਕਰਨ ਲਈ ਹੁਣ ਉਨ੍ਹਾਂ (ਆਰ.ਐਸ.ਐਸ.-ਭਾਜਪਾ) ਨੇ 'ਰਾਸ਼ਟਰਵਾਦ' ਦਾ ਏਜੰਡਾ ਮੂਹਰੇ ਲਾਇਆ ਹੋਇਆ ਹੈ। ਇਸ ਅਖੌਤੀ ਰਾਸ਼ਟਰਵਾਦ 'ਚ ਅਸਲ 'ਚ ਨਾਜੀਵਾਦ ਦੇ ਹੇਠਾਂ ਹਿੰਦੂਵਾਦ ਦਾ ਏਜੰਡਾ ਛਿਪਿਆ ਹੋਇਆ ਸਾਫ਼ ਦਿਖਾਈ ਦਿੰਦਾ ਹੈ।
ਅਸਲ ਵਿਚ ਇਹ ਰਾਸ਼ਟਰਵਾਦ ਨਹੀਂ ਅੰਧ ਰਾਸ਼ਟਰਵਾਦ ਹੈ, ਫਾਸ਼ੀਵਾਦ ਹੈ। ਫਾਸ਼ੀਵਾਦੀ ਹਿਟਲਰ ਨੇ ਵੀ ਆਪਣੇ ਦੇਸ਼ ਵਾਸੀਆਂ ਨੂੰ ਸੋਵੀਅਤ ਯੂਨੀਅਨ ਦੇ ਸਮਾਜਵਾਦ ਦੀਆਂ ਲੀਹਾਂ 'ਤੇ 'ਰਾਸ਼ਟਰੀ ਸਮਾਜਵਾਦ' ਦਾ ਮੱਕਾਰੀ ਤੇ ਧੋਖੇ ਭਰਿਆ ਨਾਅਰਾ ਦਿੱਤਾ ਸੀ। ਅੱਜ ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਗ਼ਰੀਬੀ, ਅਨਪੜ੍ਹਤਾ, ਅੰਧਵਿਸ਼ਵਾਸ, ਪੁਲੀਸ ਜ਼ਬਰ, ਬੇਇਨਸਾਫ਼ੀ ਦੇ ਭੰਨੇ ਲੋਕ ਬਦਲਾਅ ਚਾਹੁੰਦੇ ਹਨ। ਉਹ ਅਜਿਹਾ ਸਮਾਜਕ-ਰਾਜਨੀਤਕ ਪ੍ਰਬੰਧ ਚਾਹੁੰਦੇ ਹਨ ਜਿਸ ਵਿਚ ਪੂਰਨ ਬਰਾਬਰਤਾ, ਨਿਆਂ ਤੇ ਭਾਈਚਾਰਕ ਸਾਂਝ ਹੋਵੇ। ਖ਼ਾਸ ਕਰ ਕੇ ਆਰਥਕ ਬਰਾਬਰਤਾ ਹੋਵੇ, ਗ਼ਰੀਬੀ ਅਮੀਰੀ  ਦਾ ਜੋ ਧਰਤੀ-ਅਸਮਾਨ ਵਰਗਾ ਫ਼ਰਕ ਹੈ ਉਹ ਖ਼ਤਮ ਹੋਵੇ। ਪਰ ਹਿਟਲਰ ਦੀ ਤਰਜ਼ 'ਤੇ ਲੋਕਾਂ ਨੂੰ 'ਭਾਰਤੀ ਰਾਸ਼ਟਰਵਾਦ' ਦਾ ਡੰਡਾ ਦਿਖਾਇਆ ਜਾ ਰਿਹਾ ਹੈ। ਇਵੇਂ ਹੀ ਨਾਜ਼ੀ ਹਕੂਮਤ ਕਰਦੀ ਸੀ। ਜਰਮਨ ਵਿਚ ਵੀ ਹਿਟਲਰ ਵਲੋਂ ਅਮੀਰਾਂ, ਵੱਡੇ ਜ਼ਿਮੀਦਾਰਾਂ, ਸਰਮਾਏਦਾਰਾਂ ਨੂੰ ਹਰ ਤਰ੍ਹਾਂ ਦੀ ਪਹਿਲ ਦਿੱਤੀ ਜਾਂਦੀ ਸੀ, ਇਥੇ ਭਾਰਤ ਵਿਚ ਇਵੇਂ ਹੀ ਹੋ ਰਿਹਾ ਹੈ। ਹਿਟਲਰ ਵੀ 'ਰਾਸ਼ਟਰਵਾਦ' ਦੇ ਨਾਮ 'ਤੇ ਗ਼ਰੀਬੀ ਹਟਾਉਣ ਦੀ ਥਾਂ ਰਾਸ਼ਟਰ ਦਾ 'ਸਵੈਮਾਣ' ਵਧਾਉਣ ਨੂੰ ਹਰ ਹੀਲੇ ਤਰਜੀਹ ਦੇਣ ਦੀ ਗੱਲ ਕਰਦਾ ਸੀ। ਹਿਟਲਰ ਤੱਥਾਂ ਨੂੰ ਗ਼ਲਤ ਅਰਥ ਦੇਣ ਅਤੇ ਝੂਠ ਫਰੇਬ, ਧੋਖਾ-ਧੜੀ ਦੀ ਵਰਤੋਂ ਰਾਹੀਂ ਆਪਣੇ ਦੇਸ਼ਵਾਸੀਆਂ ਨੂੰ ਬੁੱਧੂ ਬਣਾਉਣ ਵਿੱਚ ਭਰੋਸਾ ਰੱਖਦਾ ਸੀ। ਮੋਦੀ ਸਾਹਿਬ ਦੀ ਭਾਜਪਾ ਸਰਕਾਰ ਵੀ ਇਵੇਂ ਹੀ ਕਰ ਰਹੀ ਹੈ। ਹਿਟਲਰ ਦੇਸ਼, ਧਰਮ ਦੇ ਬਾਹਰੀ ਲੋਕਾਂ, ਖ਼ਾਸ ਕਰ ਕੇ ਯਹੂਦੀਆਂ, ਨੂੰ ਸਖ਼ਤ ਨਫ਼ਰਤ ਕਰਦਾ ਸੀ। ਆਰ.ਐਸ.ਐਸ. ਵੀ ਮੁਸਲਮਾਨਾਂ, ਇਸਾਈਆਂ ਤੇ ਹੋਰ ਘੱਟਗਿਣਤੀ ਲੋਕਾਂ ਬਾਰੇ ਇਵੇਂ ਹੀ ਸੋਚਦਾ ਹੈ। ਹਿਟਲਰ ਦਾ ਕਹਿਣਾ ਸੀ ਕਿ ਸਭ ਤੋਂ ਉਪਰ ਦੇਸ਼ ਹੈ, ਦੇਸ਼ ਤੋਂ ਉਤੇ ਕੁਝ ਨਹੀਂ; ਕੋਈ ਮਾਨਵਤਾ ਨਹੀਂ, ਕੋਈ ਹੋਰ ਮਸਲਾ ਨਹੀਂ। ਦੂਜੀਆਂ ਕੌਮਾਂ ਤੇ ਦੂਜੇ ਦੇਸ਼ਾਂ ਨੂੰ ਨੀਵਾਂ ਵਿਖਾ ਕੇ ਉਹ ਉਚਾ ਹੋਣਾ ਲੋਚਦਾ ਸੀ - ਭਾਰਤ ਦੇ ਮੌਜੂਦਾ ਹਾਕਮ ਇਵੇਂ ਹੀ ਕਰ ਰਹੇ ਹਨ। ਸੈਮੂਏਲ ਜੌਹਨਸਨ ਦਾ ਕਥਨ ਸਹੀ ਲਗਦਾ ਹੈ ਕਿ ''ਅਖੌਤੀ ਦੇਸ਼ ਭਗਤੀ ਸ਼ੈਤਾਨ ਦੀ ਆਖ਼ਰੀ ਲੁਕਣਗਾਹ ਹੁੰਦੀ ਹੈ।'' ਸ਼ਬਦ 'ਰਾਸ਼ਟਰਵਾਦ' ਤੇ ਅਖੌਤੀ ਦੇਸ਼ ਭਗਤੀ 'ਚ ਬਹੁਤਾ ਫ਼ਰਕ ਨਹੀਂ ਹੈ। ਭਲਾ ਕੋਈ ਦੱਸੇ ਕਿ ਆਪਣੇ ਭਲੇ ਦੇ ਨਾਲ ਸਾਰਿਆਂ ਦਾ ਭਲਾ ਮੰਗਣਾ ਕੀ ਗੁਨਾਹ ਹੈ? ਆਪਣੇ ਰਾਸ਼ਟਰ ਦੇ ਨਾਲ-ਨਾਲ ਦੂਜੇ ਰਾਸ਼ਟਰ ਦੇ ਲੋਕਾਂ ਦਾ ਭਲਾ ਲੋੜਨਾ ਕੀ ਦੇਸ਼ ਧ੍ਰੋਹ ਹੈ? ਹਿਟਲਰ ਵੀ ਤਰਕਸ਼ੀਲਾਂ ਨੂੰ ਨਿਖੇੜ-ਨਿਖੇੜ ਕੇ ਮਾਰਦਾ ਸੀ ਤੇ ਹੁਣ ਦੇ ਹਾਕਮ ਵੀ ਇਹੋ ਕੁਝ ਕਰਨ ਜਾ ਰਹੇ ਹਨ।
ਸੰਘ ਪਰਿਵਾਰ ਲਈ 'ਦੇਸ਼ ਭਗਤ' ਜਾਂ 'ਰਾਸ਼ਟਰਵਾਦੀ' ਕੇਵਲ ਉਹੀ ਹੈ ਜੋ ਆਰ.ਐਸ.ਐਸ. ਤੇ ਭਾਜਪਾ ਦਾ ਹਮਾਇਤੀ ਹੈ। ਜੋ ਇਸ ਦੀਆਂ ਨੀਤੀਆਂ ਬਾਰੇ, ਅਜੋਕੇ ਹਾਕਮਾਂ ਦੀਆਂ ਨੀਤੀਆਂ ਬਾਰੇ ਆਲੋਚਨਾ ਕਰਦਾ ਹੈ ਉਹ ਦੇਸ਼ ਦਾ ਗੱਦਾਰ ਹੈ, ਉਹ ਦੇਸ਼ਧ੍ਰੋਹੀ ਹੈ। ਕੌਣ ਦੇਸ਼ ਭਗਤ ਹੈ, ਕੌਣ ਨਹੀਂ, ਇਹ ਫ਼ਤਵਾ ਤੇ ਸਰਟੀਫ਼ਿਕੇਟ ਹੁਣ ਆਰ.ਐਸ.ਐਸ. ਤੇ 'ਮੋਦੀ ਜੀ' ਦੀ ਸਰਕਾਰ ਦਿਆ ਕਰੇਗੀ। ਜੋ ਵੀ ਕਿਸੇ ਤਰਕ-ਵਿਤਰਕ ਦੀ ਬਾਣੀ ਰਚੇਗਾ ਜਾਂ ਕਹੇਗਾ ਉਸ ਦਾ ਹਿਟਲਰ ਦੀ ਤਰਜ਼ 'ਤੇ ਜਾਨੀ ਖਾਤਮਾ ਹੋਵੇਗਾ। ਇਵੇਂ ਹੀ ਹੋ ਰਿਹਾ ਹੈ। ਤਰਕ ਅਧਾਰਤ ਗੱਲ ਕਰਨ ਵਾਲੇ ਲੇਖਕਾਂ, ਬੁੱਧੀਜੀਵੀਆਂ, ਵਿਗਿਆਨੀਆਂ, ਨਾਸਤਕਾਂ ਨੂੰ ਦੁਸ਼ਮਣ ਨੰਬਰ ਇਕ ਗਿਣ ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ 'ਚ ਵਾਧਾ ਹੋਣਾ ਲਾਜ਼ਮੀ ਹੈ। ਵਿਚਾਰਧਾਰਕ ਵਿਰੋਧ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ। ਇਹ ਕੈਸੀ ਰਾਜਨੀਤੀ ਹੈ? ਇਹ ਕੈਸੀ ਆਜ਼ਾਦੀ ਹੈ? ਧਰਮ ਨਿਰਪੱਖਤਾ ਦਾ ਅਰਥ ਹੈ 'ਉਹ ਰਾਜ ਜੋ ਧਰਮ ਤੋਂ ਵੱਖਰਾ ਹੋਵੇ, ਇਹ ਨਾ ਕਿਸੇ ਇਕ ਧਰਮ ਵਾਸਤੇ ਕੰਮ ਕਰੇ, ਨਾ ਕਿਸੇ ਧਰਮ ਨਾਲ ਨਫ਼ਰਤ। ਪਰ ਭਾਰਤ ਦੀ ਮੌਜੂਦਾ ਸਰਕਾਰ ਇਸ ਦੇ ਉਲਟ ਕੰਮ ਕਰ ਰਹੀ ਹੈ।
ਭਾਰਤ ਦੇ ਮਹੱਤਵਪੂਰਨ ਅਦਾਰੇ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ਦਾ ਮੁਖੀ ਉਸ ਵਿਅਕਤੀ (ਗਜੇਂਦਰ ਚੌਹਾਨ) ਨੂੰ ਬਣਾ ਦਿੱਤਾ ਹੈ ਜਿਸ ਦੀ ਇਸ ਬਾਰੇ ਕੋਈ ਮੁਹਾਰਤ ਨਹੀਂ ਹੈ, ਉਸ ਦੀ ਸਿਫ਼ਤ ਸਿਰਫ਼ ਇਹੀ ਹੈ ਕਿ ਉਸ ਕੋਲ ਨਾਗਪੁਰ ਤੋਂ ਪ੍ਰਾਪਤ ਕੀਤਾ ਆਰ.ਐਸ.ਐਸ. ਦਾ ਚਿਹਰਾ ਹੈ। ਏਸੇ ਤਰ੍ਹਾਂ ਇੰਡੀਅਨ ਕੌਂਸਿਲ ਆਫ਼ ਹਿਸਟੋਰੀਕਲ ਰਿਸਰਚ ਦਾ ਨਵਾਂ ਚੇਅਰਮੈਨ ਸੁਦਰਸ਼ਨ ਰਾਓ ਨੂੰ ਬਣਾਇਆ ਗਿਆ ਹੈ। ਉਸ ਦੀ ਵੀ ਇਹੀ ਵਿਲੱਖਣਤਾ ਤੇ ਮੁਹਾਰਤ ਹੈ। ਯੂ.ਜੀ.ਸੀ. ਤੇ ਹੋਰ ਮਹੱਤਵਪੂਰਨ ਅਦਾਰਿਆਂ ਨੂੰ ਆਰ.ਐਸ.ਐਸ. ਦੀ ਕੜਿੱਕੀ ਵਿਚ ਫਸਾਇਆ ਜਾ ਰਿਹਾ ਹੈ। ਉਹੀ ਆਰ.ਐਸ.ਐਸ. ਜੋ ਮਹਾਤਮਾ ਗਾਂਧੀ ਦੇ ਹਤਿਆਰੇ ਨਥੂ ਰਾਮ ਗੋਡਸੇ ਦਾ ਜਨਮ ਦਿਨ ਮਨਾਉਣ 'ਚ ਫ਼ਖ਼ਰ ਮਹਿਸੂਸ ਕਰਦੀ ਹੈ। ਕੀ ਮਹਾਤਮਾ ਗਾਂਧੀ ਨੂੰ ਰਾਸ਼ਟਰਵਾਦੀ ਤੇ ਦੇਸ਼ ਭਗਤ ਹੋਣ ਦਾ ਸਰਟੀਫ਼ਿਕੇਟ ਹੁਣ ਨਵੇਂ ਸਿਰਿਉਂ ਲੈਣਾ ਪਵੇਗਾ?
ਪਾਕਿਸਤਾਨੀ ਗਾਇਕ, ਪਾਕਿਸਤਾਨੀ ਖਿਡਾਰੀ, ਕਲਾਕਾਰਾਂ ਤੇ ਫ਼ਨਕਾਰਾਂ ਦੇ ਭਾਰਤ ਵਿਚ ਪ੍ਰਵੇਸ਼ ਕਰਨ ਅਤੇ ਆ ਕੇ ਆਪਣੇ ਫ਼ਨ ਦਾ ਮੁਜਾਹਰਾ ਕਰਨ ਦਾ ਵਿਰੋਧ ਕਰਨ ਵਾਲੇ ਕਿਉਂਕਿ ਮੋਦੀ ਸਰਕਾਰ ਵਿਚ ਭਾਈਵਾਲ ਹਨ, ਇਸ ਲਈ ਉਹ ਦੇਸ਼ ਭਗਤ ਹਨ। ਮੁਸਲਿਮ ਧਰਮ ਨਾਲ ਸਬੰਧਤ ਫਿਲਮੀ ਹਸਤੀਆਂ ਜੇ ਰਤਾ ਜਿੰਨੀ ਵੀ ਅਸਹਿਨਸ਼ੀਲਤਾ ਜਾਂ ਤਰਕ ਦੀ ਗੱਲ ਕਰਨ ਤਾਂ ਉਨ੍ਹਾਂ ਨੂੰ ਦੇਸ਼ 'ਚੋਂ ਬਾਹਰ ਕੱਢ ਦੇਣ ਦਾ ਸ਼ੋਰ ਮਚਾਉਣ ਵਾਲੇ ਸਰਕਾਰ ਦੇ ਬੀਬੇ 'ਰਾਸ਼ਟਰਵਾਦੀ' ਹੀ ਤਾਂ ਹਨ।
ਜੋ ਵੀ ਅਖਾਉਤੀ ਹਿੰਦੂ ਸੰਸਕ੍ਰਿਤੀ ਦਾ ਵਿਰੋਧ ਕਰਦਾ ਹੈ ਜਾਂ ਗਊ ਮਾਸ ਖਾਂਦਾ ਹੈ ਉਹ ਦੇਸ਼ੋਂ ਬਾਹਰ ਚਲਾ ਜਾਵੇ। ਹਿੰਦੂ ਮੁਸਲਿਮ ਨੌਜਵਾਨਾਂ ਦੇ ਆਪਸੀ ਪਿਆਰ ਨੂੰ ਲਵ-ਜੇਹਾਦ ਕਹਿਣ ਵਾਲੇ, ਬਾਬਰੀ ਮਸਜਿਦ ਢਾਹੇ ਜਾਣ ਦੀ ਪੂਰਨ ਹਮਾਇਤ ਕਰਨ ਵਾਲੇ, ਮਿਥਿਹਾਸ ਨੂੰ ਇਤਿਹਾਸ ਕਹਿਣ ਵਾਲੇ ਆਦਿ ਸਭ ਮੋਦੀ ਜੀ ਦੇ ਪੂਰਨ 'ਰਾਸ਼ਟਰਵਾਦੀ' ਤੇ 'ਦੇਸ਼ ਭਗਤ' ਹਨ। ਪਰ ਧਰਮਾਂ ਤੋਂ ਉਪਰ ਰਹਿ ਕੇ ਸੋਚਣ ਵਾਲੇ, ਰੱਬ ਨੂੰ ਨਾ ਮੰਨਣ ਵਾਲੇ, ਇਥੋਂ ਤਕ ਕਿ ਅਸਹਿਣਸ਼ੀਲਤਾ ਦੇ ਮੁੱਦੇ 'ਤੇ ਸਨਮਾਨ ਵਾਪਸ ਕਰਨ ਵਾਲੇ ਸਾਹਿਤਕਾਰ, ਕਲਾਕਾਰ ਤੇ ਵਿਗਿਆਨੀ, ਰਾਵਣ ਵੇਲੇ ਵੀ ਉਡਣ ਖਟੋਲੇ ਹੁੰਦੇ ਸਨ ਅਤੇ ਗਣੇਸ਼ ਜੀ ਵੇਲੇ ਸਿਰ ਤਬਦੀਲ ਕਰਨ ਦੀ ਸਰਜਰੀ ਮੌਜੂਦ ਹੁੰਦੀ ਸੀ, ਨੂੰ ਅਣਵਿਗਿਆਨ ਗੱਲਾਂ ਕਹਿਣ ਵਾਲੇ ਸਾਰੇ ਲੋਕ ਮੌਜੂਦਾ ਹਾਕਮਾਂ ਲਈ 'ਦੇਸ਼ ਧਰੋਹੀ' ਹਨ।
ਅਸਲ ਵਿਚ ਅੱਜ ਦੇਸ਼ ਦੇ ਹਾਕਮ ਤੇਜ਼ੀ ਨਾਲ ਫਾਸ਼ੀਵਾਦ ਵੱਲ ਵੱਧ ਰਹੇ ਹਨ। ਰਾਸ਼ਟਰਵਾਦ ਦੇ ਨਾਮ ਹੇਠ ਗੈਰ ਹਿੰਦੂਵਾਦੀ, ਤਰਕਸ਼ੀਲ ਤੇ ਰਾਜਨੀਤਕ ਵਿਰੋਧੀਆਂ ਉਪਰ ਹਿਟਲਰ ਦੇ ਵਾਂਗ ਹੀ ਹਮਲੇ ਹੋਰ ਵੱਧਣ ਦੀ ਸੰਭਾਵਨਾ ਹੈ। ਬੇਸ਼ਕ ਹਿਟਲਰ - ਮੁਸੋਲੀਨੀ ਦੀ ਚਾਲ ਕਦੇ ਵੀ ਲੋਕਾਂ ਸਫ਼ਲ ਨਹੀਂ ਸੀ ਹੋਣ ਦਿੱਤੀ, ਪਰ ਇਸ ਤਰ੍ਹਾਂ ਦੇ ਹਮਲਿਆਂ ਦਾ ਸ਼ੁਰੂ ਤੋਂ ਹੀ ਵਿਰੋਧ ਕਰਨਾ ਬਣਦਾ ਹੈ। ਸਭ ਅਗਾਂਹਵਧੂ ਸੋਚਾਂ ਤੇ ਤਰਕਸ਼ੀਲ ਲੋਕਾਂ ਨੂੰ ਚਾਹੇ ਉਹ ਕਿਸੇ ਵੀ ਧਰਮ, ਜਾਤ, ਮਜ਼ਹਬ, ਖਿੱਤੇ ਜਾਂ ਰਾਜਨੀਤੀ ਨਾਲ ਸਬੰਧਤ ਹੋਣ, ਹਰ ਹਾਲਤ ਵਿਚ ਬਝਵੇਂ ਤੌਰ 'ਤੇ ਫਾਸ਼ੀਵਾਦ ਵਿਰੁੱਧ ਲਹੂ ਵੀਟਵੀਂ ਲੜਾਈ ਲੜਨ ਲਈ ਤਿਆਰੀ ਕੱਸਣੀ ਹੋਵੇਗੀ। ਇਹ ਦੇਸ਼ ਨਾ ਤਾਂ  ਸਿਰਫ ਰਾਸ਼ਟਰੀ-ਬਹੁਰਾਸ਼ਟਰੀ ਕੰਪਨੀਆਂ ਦਾ ਹੈ ਅਤੇ ਨਾ ਅਮੀਰਾਂ ਦਾ ਅਤੇ ਨਾ ਕਿਸੇ ਵਿਸ਼ੇਸ਼ ਧਰਮ ਵਾਲਿਆਂ ਦਾ। ਇਹ ਦੇਸ਼ ਸਾਰੇ ਬਹੁਕੌਮੀ, ਬਹੁਧਰਮੀ ਭਾਰਤ ਵਾਸੀਆਂ ਦਾ ਸਾਂਝਾ ਦੇਸ਼ ਹੈ। ਲੜਾਈ ਗਰੀਬੀ ਅਤੇ ਹੋਰ ਸਮਾਜਕ ਬੁਰਾਈਆਂ ਤੇ ਬੇਇਨਸਾਫ਼ੀਆਂ ਵਿਰੁੱਧ ਸੇਧਤ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਵਿਸ਼ੇਸ਼ ਧਰਮ ਵਾਲਿਆਂ ਵਿਰੁੱਧ। ਕਿਸੇ ਵੀ ਕੀਮਤ 'ਤੇ ਇਨ੍ਹਾਂ ਹਾਕਮਾਂ ਨੂੰ ਰਾਸ਼ਟਰਵਾਦ ਦੇ ਨਾਮ ਹੇਠ ਆਤੰਕ ਫੈਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।  

No comments:

Post a Comment