Saturday 9 April 2016

ਲੋਕ ਰਾਜ ਦੀ ਮਜ਼ਬੂਤੀ ਲਈ ਅੰਧ-ਰਾਸ਼ਟਰਵਾਦ ਦਾ ਵਿਰੋਧ ਜ਼ਰੂਰੀ

ਮੰਗਤ ਰਾਮ ਪਾਸਲਾ'ਧਰਮ ਨਿਰਪੱਖਤਾ', 'ਲੋਕ ਰਾਜ' ਤੇ  'ਰਾਸ਼ਟਰਵਾਦ' ਦੇ ਤਿੰਨ ਸ਼ਬਦਾਂ ਬਾਰੇ ਅੱਜਕਲ ਦੇਸ਼ ਭਰ ਵਿਚ ਖੂਬ ਚਰਚਾ ਹੋ ਰਹੀ ਹੈ। ਉਂਝ ਇਹਨਾਂ ਤਿੰਨਾਂ ਹੀ ਵਿਸ਼ਿਆ ਦਾ ਆਪਸ ਵਿਚ ਗੂੜ੍ਹਾ ਸਬੰਧ ਹੈ। ਅੰਗਰੇਜ਼ੀ ਰਾਜ ਦੇ ਸਮੇਂ ਅਜੋਕੇ ਭਾਰਤ ਦੀ ਤਸਵੀਰ ਅੱਜ ਵਰਗੀ ਨਹੀਂ ਸੀ। ਦੇਸ਼ ਦੇ ਬਹੁਤ ਸਾਰੇ ਭਾਗਾਂ ਵਿਚ ਰਾਜੇ-ਰਜਵਾੜਿਆਂ ਦਾ ਰਾਜ ਸੀ, ਜਿਥੋਂ ਦੇ ਵਸਨੀਕਾਂ ਦੀ ਬੋਲੀ, ਕੌਮੀਅਤ, ਸਭਿਆਚਾਰ ਤੇ ਸਮਾਜਕ-ਧਾਰਮਕ ਰਸਮੋ ਰਿਵਾਜ ਅਲੱਗ ਅਲੱਗ ਸਨ। ਅੰਗਰੇਜ਼ਾਂ ਨੇ ਆਪਣੀ ਲੋੜ ਅਨੁਸਾਰ ਬੜੀ ਚਲਾਕੀ ਤੇ ਧੋਖੇ ਭਰੇ ਢੰਗ ਨਾਲ ਇਨ੍ਹਾਂ ਰਜਵਾੜਿਆਂ ਨਾਲ ਸਮਝੌਤੇ ਵੀ ਕੀਤੇ ਤੇ ਲੜਾਈਆਂ ਵੀ ਲੜੀਆਂ। ਨਿਸ਼ਾਨਾ ਉਨ੍ਹਾਂ ਦਾ ਸਮੁੱਚੇ ਦੇਸ਼ 'ਤੇ ਕਬਜ਼ਾ ਜਮਾਉਣਾ ਹੀ ਸੀ। ਅੰਗਰੇਜ਼ਾਂ ਦੇ ਟੋਡੀ ਰਾਜਿਆਂ ਨੇ ਆਪਣੇ ਸੁੱਖ ਅਰਾਮ ਤੇ ਲੁੱਟ ਖਸੁੱਟ ਲਈ ਭਾਰਤੀ ਲੋਕਾਂ ਦੀ ਕੀਮਤ ਉਪਰ ਅੰਗਰੇਜ਼ੀ ਸਾਮਰਾਜ ਨਾਲ ਸਾਜਿਸ਼ਾਂ ਕਰਕੇ ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਖਦੇੜਨ ਦਾ ਹਰ ਸੰਭਵ ਯਤਨ ਕੀਤਾ। ਭਾਰਤ ਦਾ ਇਕ ਹਿੱਸਾ ਸਿੱਧਾ ਅੰਗਰੇਜ਼ ਰਾਜ ਦੇ ਅਧੀਨ ਵੀ ਸੀ। ਪ੍ਰੰਤੂ ਦੇਸ਼ ਦੀ ਆਜ਼ਾਦੀ ਦੀ ਲੜਾਈ ਨੇ, ਵੱਖ ਵੱਖ ਕੌਮਾਂ, ਬੋਲੀਆਂ, ਖਿੱਤਿਆਂ, ਸਭਿਆਚਾਰਾਂ ਤੇ ਧਰਮਾਂ ਦੇ ਵੱਖਰੇਵਿਆਂ ਦੇ ਬਾਵਜੂਦ ਹੀ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ਲੋਕਾਂ ਨੂੰ ਇਕ ਮਾਲਾ ਵਿਚ ਪ੍ਰੋਅ ਦਿੱਤਾ। ਇਸ ਸਾਂਝੀ ਲੜਾਈ ਦੀਆਂ ਪ੍ਰਾਪਤੀਆਂ ਹੀ ਹਨ ਕਿ ਵੱਖ ਵੱਖ ਧਰਮਾਂ, ਕੌਮਾਂ, ਨਸਲਾਂ ਤੇ ਬੋਲੀਆਂ ਬੋਲਣ ਵਾਲੇ ਲੋਕਾਂ ਨੇ ਸਾਂਝੀ ਜਦੋਜਹਿਦ ਰਾਹੀਂ ਸਾਮਰਾਜ ਤੋਂ ਆਜ਼ਾਦੀ ਪ੍ਰਾਪਤ ਕੀਤੀ। ਪ੍ਰੰਤੂ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ  ਕਿ ਆਜ਼ਾਦੀ ਸੰਗਰਾਮ ਵਿਚ ਇਕਮੁਠ ਹੋ ਕੇ ਕੁੱਦਣ ਦੇ ਬਾਵਜੂਦ ਵੀ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਲੋਕਾਂ ਦੀਆਂ ਆਪੋ ਆਪਣੇ ਧਰਮਾਂ, ਸਭਿਆਚਾਰਾਂ, ਬੋਲੀਆਂ ਤੇ ਕੌਮੀ ਜਜ਼ਬਿਆਂ ਨੂੰ ਹੋਰ ਵਿਕਸਤ ਕਰਨ ਲਈ ਖਾਹਸ਼ਾਂ ਵਧੀਆਂ ਅਤੇ, ਜਮਹੂਰੀ ਨਜ਼ਰੀਏ ਤੋਂ, ਆਜ਼ਾਦੀ ਮਿਲਣ ਤੋਂ ਬਾਅਦ ਉਨ੍ਹਾਂ ਦੀਆਂ ਸਮਾਜਿਕ-ਆਰਥਕ ਆਸ਼ਾਵਾਂ ਵਿਚ ਵੀ ਹੋਰ ਵਾਧਾ ਹੋਇਆ।
ਜਦੋਂ ਦੇਸ਼ ਭਗਤ ਯੋਧੇ ਜਨ ਸਧਾਰਣ ਨੂੰ ਨਾਲ ਲੈ ਕੇ ਦੇਸ਼ ਦੀ ਆਜ਼ਾਦੀ ਪ੍ਰਾਪਤੀ ਲਈ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨ, ਤਦ ਵੀ ਵੱਖ-ਵੱਖ ਰੰਗਾਂ ਦੇ ਫਿਰਕਾਪ੍ਰਸਤ ਤੱਤਾਂ, ਜਿਨ੍ਹਾਂ ਵਿਚ ਆਰ.ਐਸ.ਐਸ., ਹਿੰਦੂ ਮਹਾਂ ਸਭਾ, ਮੁਸਲਮ ਲੀਗ ਤੇ ਚੀਫ ਖਾਲਸਾ ਦੀਵਾਨ ਵਰਗੀਆਂ ਅੰਗਰੇਜ਼ ਪੱਖੀ ਸੰਸਥਾਵਾਂ ਸ਼ਾਮਿਲ ਸਨ, ਵਲੋਂ ਫਿਰਕਾਪ੍ਰਸਤ ਤੇ ਵੰਡਵਾਦੀ ਕਾਰਵਾਈਆਂ ਰਾਹੀਂ ਲੋਕਾਂ ਵਿਚ ਵੰਡੀਆਂ ਪਾ ਕੇ ਆਜ਼ਾਦੀ ਦੇ ਸੰਗਰਾਮ ਦਾ ਵਿਰੋਧ ਕੀਤਾ ਗਿਆ ਤੇ ਅੰਗਰੇਜ਼ ਹਾਕਮਾਂ ਦਾ ਸਾਥ ਦਿੱਤਾ ਗਿਆ। ਇਸੇ ਕਰਕੇ ਆਜ਼ਾਦੀ ਸੰਗਰਾਮ ਦੇ ਸ਼ਾਨਾਮਤੇ ਇਤਿਹਾਸ ਦੇ ਸਫ਼ਿਆਂ ਉਪਰ ਇਨ੍ਹਾਂ ਫਿਰਕੂ ਸੰਸਥਾਵਾਂ ਨਾਲ ਜੁੜੇ ਕਿਸੇ ਵਿਅਕਤੀ ਦਾ ਨਾਮ ਉਕਰਿਆ ਨਜ਼ਰ ਨਹੀਂ ਆਵੇਗਾ।
ਆਜ਼ਾਦੀ ਘੋਲ ਦੌਰਾਨ ਵੱਖ ਵੱਖ ਕੌਮਾਂ, ਧਰਮਾਂ, ਸਭਿਆਚਾਰਾਂ ਤੇ ਬੋਲੀਆਂ ਬੋਲਣ ਵਾਲੇ ਲੋਕਾਂ ਦੇ ਹਾਸਲ ਕੀਤੇ ਤਜ਼ਰਬੇ ਤੇ ਪ੍ਰਾਪਤੀਆਂ ਨੂੰ ਸਾਹਮਣੇ ਰੱਖਕੇ ਸਾਡੇ ਸੰਵਿਧਾਨ ਸਿਰਜਣ ਵਾਲੇ ਆਗੂਆਂ ਨੇ 1947 ਵਿਚ ਦੇਸ਼ ਆਜ਼ਾਦ ਹੋਣ ਦੇ ਬਾਅਦ ਭਾਰਤ ਨੂੰ ਇਕ 'ਲੋਕ ਰਾਜੀ' ਤੇ 'ਧਰਮ ਨਿਰਪੱਖ' ਦੇਸ਼ ਐਲਾਨਿਆ। ਭਾਵੇਂ ਇਹ ਸੰਵਿਧਾਨ ਅਧਿਕਾਰਾਂ ਦੀ ਰਾਖੀ ਦੇ ਪੱਖ ਤੋਂ ਉਪਰਲੀਆਂ ਜਮਾਤਾਂ ਦਾ ਹੀ ਪੂਰੀ ਤਰ੍ਹਾਂ ਪੱਖ ਪੂਰਦਾ ਹੈ ਤੇ ਮਿਹਨਤਕਸ਼ ਲੋਕਾਂ ਨੂੰ ਜ਼ਿੰਦਗੀ ਜੀਣ ਦੇ ਬੁਨਿਆਦੀ ਅਧਿਕਾਰਾਂ ਦੀ ਕੋਈ ਗਰੰਟੀ ਨਹੀਂ ਕਰਦਾ, ਪ੍ਰੰਤੂ ਹੋਰ ਕਈ ਦੇਸ਼ਾਂ ਦੇ ਮੁਕਾਬਲੇ ਜਿੱਥੇ ਖਾਸ ਧਰਮ ਅਧਾਰਤ (Theocratic state) ਗੈਰ ਲੋਕ ਰਾਜੀ ਵਿਵਸਥਾ ਰਾਹੀਂ ਦੇਸ਼ ਨੂੰ ਚਲਾਇਆ ਜਾਂਦਾ ਹੈ, ਉਸਦੇ ਮੁਕਾਬਲੇ 'ਲੋਕ ਰਾਜੀ' ਤੇ 'ਧਰਮ ਨਿਰਪੱਖ' ਭਾਰਤ ਨੇ ਆਪਣੀ ਏਕਤਾ ਤੇ ਅਖੰਡਤਾ ਨੂੰ ਜ਼ਿਆਦਾ ਮਜ਼ਬੂਤ ਰੱਖਿਆ ਤੇ ਸਥਿਰਤਾ ਅਤੇ ਭਰਾਤਰੀ ਭਾਵ ਕਾਇਮ ਰੱਖਣ ਵਿਚ  ਵਧੇਰੇ ਸਫਲ ਰਿਹਾ ਹੈ। ਭਾਵੇਂ ਇਨ੍ਹਾਂ ਸੰਕਲਪਾਂ ਨੂੰ ਸਰਮਾਏਦਾਰੀ ਪ੍ਰਬੰਧ ਦੀ ਹਾਕਮ ਧਿਰ ਅਨੇਕਾਂ ਵਾਰ ਢਾਅ ਲਾਉਂਦੀ ਰਹੀ ਹੈ, ਜੋ ਅੱਜ ਵੀ ਪਹਿਲਾਂ ਤੋਂ ਵੱਡੀ ਮਾਤਰਾ ਵਿਚ ਜਾਰੀ ਹੈ, ਪ੍ਰੰਤੂ ਦੇਸ਼ ਦੇ ਲੋਕਾਂ ਨੇ ਹੁਕਮਰਾਨਾਂ ਦੀਆਂ ਅਜਿਹੀਆਂ ਸਾਰੀਆਂ ਚਾਲਾਂ ਦਾ ਮੁਕਾਬਲਾ ਕਰਕੇ ਉਨ੍ਹਾਂ ਨੂੰ ਭਾਂਜ ਦਿੱਤੀ ਹੈ।
ਅੱਜ ਦੇਸ਼ ਦੀ ਸੱਤਾ ਦੀ ਵਾਗਡੋਰ ਸਿੱਧੇ ਰੂਪ ਵਿਚ ਆਰ.ਐਸ.ਐਸ. ਦੇ ਹੱਥਾਂ ਵਿਚ ਹੈ ਤੇ ਸੰਘ ਪਰਿਵਾਰ, ਵੱਖ-ਵੱਖ ਢੰਗਾਂ ਨਾਲ, ਧਰਮ ਨਿਰਪੱਖ ਤੇ ਲੋਕ ਰਾਜੀ ਕਦਰਾਂ ਕੀਮਤਾਂ ਅਤੇ ਜਮਹੂਰੀ ਅਦਾਰਿਆਂ ਨੂੰ, ਜੋ ਭਾਰਤੀ ਲੋਕਾਂ ਦੀ ਏਕਤਾ ਦੇ ਥੰਮ ਹਨ, ਮੇਟਣ ਦੀ ਹਰ ਕੋਸ਼ਿਸ਼ ਕਰ ਰਿਹਾ ਹੈ। ਸੰਘ ਪਰਿਵਾਰ, ਭਾਜਪਾ, ਕਾਂਗਰਸ ਅਤੇ ਸਰਮਾਏਦਾਰ ਜਗੀਰਦਾਰ ਜਮਾਤਾਂ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਭਾਵੇਂ ਉਹ ਲੋਕਰਾਜੀ ਹੋਣ ਦੇ ਕਿੰਨੇ ਵੀ ਦਾਅਵੇ ਕਰੀ ਜਾਣ, ਪ੍ਰੰਤੂ ਉਹ ਆਪਣੇ ਅਮਲਾਂ ਤੇ ਸੰਗਠਨਾਤਮਕ ਢਾਂਚੇ ਵਿਚ ਇਸ ਉਪਰ ਤਿਲ ਮਾਤਰ ਵੀ ਅਮਲ ਨਹੀਂ ਕਰਦੇ। ਆਰ.ਐਸ.ਐਸ. ਦੇ ਮੁਖੀ ਦੀ ਕਦੀ ਲੋਕ ਰਾਜੀ ਢੰਗ ਨਾਲ ਚੋਣ ਨਹੀਂ ਹੁੰਦੀ। ਭਾਜਪਾ, ਕਾਂਗਰਸ ਇਤਿਆਦਿ ਹੋਰ ਪਾਰਟੀਆਂ ਕਾਨੂੰਨੀ ਮਜ਼ਬੂਰੀਆਂ ਕਾਰਨ ਆਪਣੇ ਨਾਮ ਨਿਹਾਦ ਕੌਮੀ ਅਜਲਾਸਾਂ, ਮੀਟਿੰਗਾਂ ਤੇ ਅਹੁਦੇਦਾਰਾਂ ਦੀ ਚੋਣ ਕਰਦੇ ਜ਼ਰੂਰ ਦਿਖਦੇ ਹਨ ਪ੍ਰੰਤੂ ਸਾਰਾ ਕੰਮ ਤੇ ਪਾਰਟੀ ਨੀਤੀ ਇਨ੍ਹਾਂ ਪਾਰਟੀਆਂ ਦੇ 'ਸੁਪਰੀਮੋ' ਹੀ ਤੈਅ ਕਰਦੇ ਹਨ।
'ਧਰਮ ਨਿਰਪੱਖਤਾ' ਦਾ ਸ਼ਬਦ ਸੰਘ ਪਰਿਵਾਰ ਨੂੰ ਬਹੁਤ ਚੁਭਦਾ ਹੈ। ਇਸਦੇ ਹਮਾਇਤੀ ਬੁੱਧੀਜੀਵੀਆਂ, ਕਲਮਕਾਰਾਂ, ਲੇਖਕਾਂ, ਇਤਿਹਾਸਕਾਰਾਂ ਦਾ ਸਾਰਾ ਜ਼ੋਰ ਧਰਮ ਨਿਰਪੱਖਤਾ ਦੇ ਸ਼ਬਦ ਨੂੰ ਵਿਗਾੜਨ ਤੇ ਬਦਨਾਮ ਕਰਨ ਵਿਚ ਲੱਗਾ ਹੋਇਆ ਹੈ। ਆਰ.ਐਸ.ਐਸ. ਦੇਸ਼ ਨੂੰ ਇਕ ਹਿੰਦੂ ਧਰਮ ਅਧਾਰਤ ਰਾਸ਼ਟਰ ਐਲਾਨਣ ਲਈ ਪੂਰਾ ਤਾਣ ਲਾ ਰਿਹਾ ਹੈ, ਜਿੱਥੇ ਦੂਸਰੀਆਂ ਧਾਰਮਕ ਘੱਟ ਗਿਣਤੀਆਂ, ਵੱਖ-ਵੱਖ ਕੌਮੀਅਤਾਂ, ਅਲੱਗ ਅਲੱਗ ਬੋਲੀਆਂ ਬੋਲਣ ਵਾਲੇ ਲੋਕ ਜਾਂ ਤਾਂ ਆਪਣੇ ਆਪ ਨੂੰ ਹਿੰਦੂ ਧਰਮ ਵਿਚ ਸ਼ਾਮਲ ਹੋ ਕੇ 'ਘਰ ਵਾਪਸੀ' ਕਰ ਲੈਣ ਤੇ ਜਾਂ ਫਿਰ ਹਰ ਕਿਸਮ ਦਾ ਵਿਤਕਰਾ, ਜ਼ੁਲਮ ਤੇ ਬੇਇੱਜ਼ਤੀ ਸਹਿਦੇਂ ਹੋਏ ਦੂਸਰੇ ਦਰਜ਼ੇ ਦੇ ਸ਼ਹਿਰੀ ਬਣ ਕੇ ਰਹਿਣ ਲਈ ਰਜ਼ਾਮੰਦ ਹੋਣ। ਇਸ ਮੰਤਵ ਲਈ ਉਹ ਦੇਸ਼ ਦੇ ਸਮੁੱਚੇ ਇਤਿਹਾਸ, ਸਭਿਆਚਾਰ, ਸਮਾਜਿਕ ਕਦਰਾਂ-ਕੀਮਤਾਂ ਨੂੰ ਵਿਗਿਆਨ ਦੀ ਪਟੜੀ ਤੋਂ ਲਾਹ ਕੇ ਪਿਛਾਖੜੀ, ਹਨੇਰਵਿਰਤੀ ਤੇ ਮਿਥਿਹਾਸਕ ਮਿੱਥਾਂ ਅਨੁਸਾਰ ਬਦਲਣ ਦਾ ਯਤਨ ਕਰ ਰਹੀ ਹੈ। 'ਧਰਮ ਨਿਰਪੱਖਤਾ' ਦੇ ਮੁਦਈ ਲੋਕਾਂ ਨੂੰ ਧਰਮ ਨੂੰ ਨਾ ਮੰਨਣ ਵਾਲੇ ਅਧਰਮੀ ਜਾਂ ਨਕਲੀ ਧਰਮ-ਨਿਰਪੱਖੀ ਦੱਸਕੇ, ਸੰਘ ਪਰਿਵਾਰ ਧਰਮ ਤੇ ਰਾਜਨੀਤੀ ਨੂੰ ਪੂਰੀ ਤਰ੍ਹਾਂ ਰਲਗਡ ਕਰਨ ਤੇ ਰਾਜ ਸੱਤਾ ਦਾ ਇਸਤੇਮਾਲ ਕਰਕੇ ਸਰਕਾਰ ਨੂੰ ਆਪਣੀ ਮਰਜ਼ੀ ਨਾਲ ਦੂਸਰਿਆਂ ਦੇ ਧਰਮਾਂ, ਸਭਿਆਚਾਰਾਂ, ਬੋਲੀਆਂ ਤੇ ਸਮਾਜਿਕ ਸਰੋਕਾਰਾਂ ਵਿਚ ਧੱਕੇ ਨਾਲ ਦਖਲ ਦੇਣ ਦੀ ਵਕਾਲਤ ਕਰਦਾ ਹੈ। ਜਦ ਕਿ ਅਸਲੀਅਤ ਵਿਚ ਧਰਮ ਨਿਰਪੱਖਤਾ ਦੇ ਅਸਲ ਅਰਥ ਧਰਮ ਤੇ ਰਾਜਨੀਤੀ ਦਾ ਅਲੱਗ ਅਲੱਗ ਰੱਖਣਾ ਹੈ ਅਤੇ ਹਰ ਧਰਮ ਦੇ ਪੈਰੋਕਾਰਾਂ ਅਤੇ ਤਰਕਸ਼ੀਲਤਾ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਪੂਰਨ ਅਜ਼ਾਦੀ ਨਾਲ ਆਪਣੇ ਵਿਚਾਰ ਪਰਗਟ ਕਰਨ ਦੀ ਖੁੱਲ ਦੇਣਾ ਹੈ। ਸਾਡੇ ਦੇਸ਼ ਵਿਚ ਇਹ ਹੋਰ ਵੀ ਜ਼ਰੂਰੀ ਹੈ ਜਿੱਥੇ ਕਿ ਬਹੁਤ ਸਾਰੀਆਂ ਕੌਮੀਅਤਾਂ, ਬੋਲੀਆਂ, ਧਰਮਾਂ ਤੇ ਵਿਸ਼ਵਾਸ਼ਾਂ ਦੇ ਧਾਰਨੀ ਲੋਕ ਮਿਲਜੁਲ ਕੇ ਰਹਿੰਦੇ ਹੋਏ ਇਕ ਦੂਸਰੇ ਦੇ ਵਿਚਾਰਾਂ ਤੇ ਵਿਸ਼ਵਾਸਾਂ ਦਾ ਸਤਿਕਾਰ ਕਰਦੇ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਸੰਘ ਪਰਿਵਾਰ ਨੂੰ 'ਲੋਕ ਰਾਜੀ' ਤੇ 'ਧਰਮ ਨਿਰਪੱਖ' ਸ਼ਬਦਾਂ ਤੋਂ ਸਖਤ ਨਫਰਤ ਹੈ ਕਿਉਂਕਿ ਇਹ ਦੋਨੋਂ ਧਾਰਨਾਵਾਂ ਭਾਰਤ ਨੂੰ ਇਕ ਧਰਮ ਅਧਾਰਤ (Theocratic state) ਹਿੰਦੂ ਰਾਸ਼ਟਰ ਬਣਾਉਣ ਤੇ ਉਸ ਵਿਚ ਹਰ ਵਿਰੋਧੀ ਵਿਚਾਰ ਨੂੰ ਕੁਚਲ ਕੇ ਤਾਨਾਸ਼ਾਹੀ ਕਿਸਮ ਦੀ ਹਕੂਮਤ ਕਾਇਮ ਕਰਨ ਵਿਚ ਵੱਡੀ ਅੜਚਣ ਹਨ।
ਸੰਘ ਪਰਿਵਾਰ ਨੇ 'ਅੰਨ੍ਹੇ ਕੌਮਵਾਦ' ਨੂੰ ਹਵਾ ਦੇ ਕੇ ਆਪਣੇ ਫਿਰਕੂ ਫਾਸ਼ੀਵਾਦੀ ਹੋਣ ਦਾ ਖੁੱਲ੍ਹਾ ਐਲਾਨ ਕਰ ਦਿੱਤਾ ਹੈ। ਇਹੀ ਹਥਿਆਰ ਦੁਨੀਆਂ ਦੇ ਤਾਨਾਸ਼ਾਹਾਂ ਹਿਟਲਰ ਤੇ ਮੁਸੋਲੋਨੀ ਨੇ ਵਰਤਿਆ ਸੀ। ਆਪਣੇ ਲੋਕਾਂ ਵਿਚ  'ਅੰਨ੍ਹਾ ਕੌਮਵਾਦ' ਭਰਕੇ ਦੂਸਰੀਆਂ ਕੌਮਾਂ ਤੇ ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਸੌਖਿਆਂ ਖਤਮ ਕੀਤਾ ਜਾ ਸਕਦਾ ਹੈ। 'ਅੰਨ੍ਹਾ ਕੌਮਵਾਦ' ਕਦੀ ਵੀ ਦੇਸ਼ ਭਗਤੀ ਦਾ ਚਿੰਨ੍ਹ ਨਹੀਂ ਹੋ ਸਕਦਾ। ਬਲਕਿ ਇਸਦੇ ਵਿਪਰੀਤ 'ਅੰਨ੍ਹੀ ਕੌਮਪ੍ਰਸਤੀ' ਵੱਖ ਵੱਖ ਦੇਸ਼ਾਂ ਵਿਚਕਾਰ ਆਪਸੀ ਜੰਗਾਂ, ਝਗੜਿਆਂ, ਅੰਦਰੂਨੀ ਹਿੰਸਾ ਤੇ ਅਰਾਜਕਤਾ ਨੂੰ ਜਨਮ ਦਿੰਦੀ ਹੈ। ਅੱਜ ਦੀ ਵਿਵਸਥਾ ਵਿਚ ਜਦੋਂ ਸਮੁੱਚਾ ਸਰਮਾਏਦਾਰੀ ਪ੍ਰਬੰਧ ਅੱਤ ਦੇ ਡੂੰਘੇ ਸੰਕਟ ਵਿਚ ਗ੍ਰਸਿਆ ਹੋਇਆ ਹੈ ਤੇ ਪੂੰਜੀਵਾਦ ਦੇ ਮੁਕਾਬਲੇ ਵਿਚ ਇਕ ਅਸਰਦਾਰ 'ਸਮਾਜਵਾਦੀ' ਪ੍ਰਬੰਧ ਦੀ ਅਣਹੋਂਦ ਹੈ, ਅੰਨ੍ਹਾ ਕੌਮਵਾਦ, ਗੈਰ ਲੋਕ ਰਾਜੀ ਵਿਵਸਥਾ ਤੇ ਫਿਰਕੂ ਲੀਹਾਂ ਉਪਰ ਮਿਹਨਤਕਸ਼ ਲੋਕਾਂ ਦੀ ਵੰਡ ਕਰਨੀ ਸਾਮਰਾਜੀ ਦੇਸ਼ਾਂ ਦੇ ਹਿੱਤਾਂ ਦੀ ਰਾਖੀ ਤੇ ਬਹੁਕੌਮੀ ਕਾਰਪੋਰੇਸ਼ਨਾਂ ਦੀ ਅੰਨ੍ਹੀ ਲੁੱਟ ਨੂੰ ਵਧਾਉਣ ਦੇ ਵਧੀਆ ਮੌਕੇ ਪ੍ਰਦਾਨ ਕਰਦੀ ਹੈ। ਨਰਿੰਦਰ ਮੋਦੀ ਤੇ ਬਰਾਕ ਉਬਾਮਾ ਦੀ ਦੋਸਤੀ ਤੇ 'ਕਰੂਰਾ ਮਿਲਣ' (Chemistry) ਵਰਗੀ ਹੇਠੀ ਭਰੀ ਲਫਾਜ਼ੀ ਸਾਮਰਾਜ ਦੀ ਸਾਡੇ ਦੇਸ਼ ਨੂੰ ਲੁੱਟਣ ਦੀ ਲਾਲਸਾ ਨੂੰ ਦਰਸਾਉਂਦੀ ਹੈ।
ਜ਼ਰੂਰੀ ਹੈ ਕਿ ''ਲੋਕ ਰਾਜ'' ਤੇ 'ਧਰਮ ਨਿਰਪੱਖਤਾ', ਦੀ ਰਾਖੀ ਲਈ ਅਤੇ 'ਅੰਨ੍ਹੇ ਕੌਮਵਾਦ' ਦੀ ਖਤਰਨਾਕ ਬਿਮਾਰੀ ਤੋਂ ਦੇਸ਼ ਦੇ ਲੋਕਾਂ ਨੂੰ ਬਚਾਉਣ ਲਈ ਸਾਨੂੰ ਦੇਸ਼ ਭਗਤ, ਜਮਹੂਰੀ, ਮਾਨਵਵਾਦੀ ਤੇ ਖੱਬੀਆਂ ਸ਼ਕਤੀਆਂ ਨੂੰ ਸਖਤ, ਨਿਰੰਤਰ ਤੇ ਯੋਜਨਾਬੱਧ ਉਪਰਾਲੇ ਕਰਨੇ ਹੋਣਗੇ ਤੇ ਇਸ ਵੰਡਵਾਦੀ, ਫਿਰਕੂ ਤੇ ਫਾਸ਼ੀ ਵਿਚਾਰਧਾਰਾ ਦਾ ਵਿਗਿਆਨਕ ਤੇ ਤਰਕਸ਼ੀਲ ਨਜ਼ਰੀਏ ਤੋਂ ਡਟਵਾਂ ਵਿਰੋਧ ਕਰਨਾ ਹੋਵੇਗਾ।

No comments:

Post a Comment