Friday 8 April 2016

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਅਪ੍ਰੈਲ 2016)

ਸ਼ਹੀਦੀ ਦਿਵਸ 'ਤੇ ਚਾਰ ਖੱਬੀਆਂ ਪਾਰਟੀਆਂ ਵੱਲੋਂ ਖਟਕੜ ਕਲਾਂ 'ਚ ਪ੍ਰਭਾਵਸ਼ਾਲੀ ਰੈਲੀ 23 ਮਾਰਚ ਦੇ ਸ਼ਹੀਦਾਂ, ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐਮ ਪੰਜਾਬ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਖਟਕੜ ਕਲਾਂ 'ਚ ਪ੍ਰਭਾਵਸ਼ਾਲੀ ਰੈਲੀ ਕੀਤੀ ਗਈ, ਜਿਸ ਦੌਰਾਨ ਜਿੱਥੇ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਘਰ-ਘਰ ਲਿਜਾਣ ਲਈ ਨੌਜਵਾਨਾਂ  ਨੂੰ ਅੱਗੇ ਆਉਣ ਦਾ ਸੱਦ ਦਿੱਤਾ ਗਿਆ, ਉਥੇ ਐੱਸ ਵਾਈ ਐੱਲ ਨਹਿਰ ਦੇ ਮੁੱਦੇ 'ਤੇ ਪੰਜਾਬ ਤੇ ਹਰਿਆਣਾ ਦੇ ਲੋਕਾਂ ਵਿੱਚ ਕਸ਼ੀਦਗੀ ਪੈਦਾ ਕਰਨ ਲਈ ਪੰਜਾਬ ਸਰਕਾਰ ਦੀ ਸਖਤ ਨਿਖੇਧੀ ਕੀਤੀ ਗਈ।
ਦੋਹਾਂ ਪਾਰਟੀਆਂ ਦੇ ਸੂਬਾਈ ਆਗੂਆਂ ਸਰਵਸਾਥੀ ਭੂਪਿੰਦਰ ਸਾਂਭਰ, ਬੰਤ ਬਰਾੜ, ਚਰਨ ਸਿੰਘ ਵਿਰਦੀ, ਵਿਜੇ ਮਿਸ਼ਰਾ, ਮੰਗਤ ਰਾਮ ਪਾਸਲਾ, ਕੁਲਵੰਤ ਸਿੰਘ ਸੰਧੂ, ਗੁਰਮੀਤ ਸਿੰਘ ਬਖਤਪੁਰਾ ਤੇ ਭਗਵੰਤ ਸਮਾਓਂ ਨੇ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਨੇ ਆਪਣੀਆਂ ਬੇਸ਼ਕੀਮਤੀ ਜਾਨਾਂ ਦੀ ਕੁਰਬਾਨੀ ਦਿੰਦਿਆਂ ਇਕ ਅਜਿਹੇ ਭਾਰਤ ਦੀ ਕਾਮਨਾ ਕੀਤੀ ਸੀ, ਜਿਸ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਹੀਂ ਹੋਵੇਗੀ, ਕਿਸੇ ਨਾਲ ਧਰਮ, ਜਾਤ ਦੇ ਨਾਂਅ 'ਤੇ ਵਿਤਕਰਾ ਨਹੀਂ ਹੋਵੇਗਾ, ਹਰ ਇੱਕ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੋਵੇਗੀ, ਪਰ ਅੱਜ ਹੋ ਸਭ ਕੁਝ ਉਲਟ ਰਿਹਾ ਹੈ। ਫਿਰਕੂ ਫਾਸ਼ੀਵਾਦੀ ਤਾਕਤਾਂ ਦੇਸ਼ ਨੂੰ ਫਿਰਕੂ ਲੀਹਾਂ 'ਤੇ ਵੰਡਣ 'ਤੇ ਤੁੱਲੀਆਂ ਹੋਈਆਂ ਹਨ, ਆਰ ਐੱਸ ਐੱਸ ਦੇ ਸਿੱਧੇ ਨਿਰਦੇਸ਼ਾਂ ਹੇਠ ਕੰਮ ਕਰ ਰਹੀ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਸਮੁੱਚੇ ਤਾਣੇ-ਬਾਣੇ ਨੂੰ ਸੱਜੇ ਪਾਸੇ ਮੋੜਾ ਦੇ ਕੇ ਹਰ ਉਸ ਆਵਾਜ਼ ਨੂੰ ਦਬਾਉਣ 'ਤੇ ਤੁੱਲੀ ਹੋਈ ਹੈ, ਜੋ ਉਸ ਦੀਆਂ ਨੀਤੀਆਂ ਤੇ ਕੁਚਾਲਾਂ ਪ੍ਰਤੀ ਅਸਹਿਮਤੀ ਪ੍ਰਗਟਾਉਣ ਦੀ ਹਿੰਮਤ ਰੱਖਦੀ ਹੈ। ਦੇਸ਼ ਦੀਆਂ ਯੂਨੀਵਰਸਿਟੀਆਂ ਨੂੰ ਭਗਵੀਂ ਰੰਗਤ ਦੇਣ ਲਈ ਉਨ੍ਹਾਂ ਵਿਦਿਆਰਥੀ ਆਗੂਆਂ ਤੇ ਜਥੇਬੰਦੀੇਆਂ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਹੜੇ ਦੇਸ਼ ਨੂੰ ਧਰਮ ਨਿਰਪੱਖ, ਜਮਹੂਰੀ ਤੇ ਪ੍ਰਗਤੀਵਾਦੀ ਲੀਹਾਂ 'ਤੇ ਚਲਾਉਣ ਦੀ ਪੈਰਵੀ ਕਰਦੇ ਹਨ। ਇਸ ਮਕਸਦ ਲਈ ਸੰਘ ਪਰਵਾਰ ਦੀ ਵਿਦਿਆਰਥੀ ਜਥੇਬੰਦੀ ਏ ਬੀ ਵੀ ਪੀ ਨੂੰ ਹਰ ਹਰਬਾ ਵਰਤਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ ਤੇ ਪੁਲਸ ਇਸ ਕੰਮ ਵਿੱਚ ਉਨ੍ਹਾਂ ਦਾ ਪੂਰਾ ਸਾਥ ਦੇ ਰਹੀ ਹੈ। ਹੈਦਰਾਬਾਦ ਦੀ ਸੈਂਟਰਲ ਯੂਨੀਵਰਸਿਟੀ, ਅਹਿਮਦਾਬਾਦ ਯੂਨੀਵਰਸਿਟੀ, ਆਈ ਆਈ ਟੀ ਮਦਰਾਸ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਇਸ ਦੀਆਂ ਪ੍ਰਤੱਖ ਮਿਸਾਲਾਂ ਹਨ। ਜੇ ਐਨ ਯੂ ਵਿਦਿਆਰਥੀ ਜਥੇਬੰਦੀ ਦੇ ਆਗੂ ਕਨ੍ਹੱਈਆ ਕੁਮਾਰ ਅਤੇ ਉਸ ਦੇ 7 ਹੋਰ ਸਾਥੀਆਂ 'ਤੇ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕਰਨਾ ਤੇ ਦਰਜਨਾਂ ਵਿਦਿਆਰਥੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨਾ ਦਰਸਾਉਂਦਾ ਹੈ ਕਿ ਮੋਦੀ ਸਰਕਾਰ ਸਿੱਖਿਆ ਸੰਸਥਾਵਾਂ ਅਤੇ ਸਿੱਖਿਆ ਦੇ ਭਾਗਵੇਂਕਰਨ ਲਈ ਦਮਨ ਚੱਕਰ ਚਲਾ ਰਹੀ ਹੈ।
ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਆਰਥਿਕ ਮੁਹਾਜ਼ 'ਤੇ ਵੀ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। ਚੋਣਾਂ ਵਿੱਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਹੁੰਦਿਆਂ ਦੇਖ ਕੇ ਉਹ ਬੁਰੀ ਤਰ੍ਹਾਂ ਬੁਖਲਾਹਟ 'ਚ ਹੈ। ਸਮਾਜ ਦਾ ਕੋਈ ਵੀ ਅਜਿਹਾ ਵਰਗ ਨਹੀਂ, ਜੋ ਇਸ ਸਰਕਾਰ ਦੀਆਂ ਨੀਤੀਆਂ ਤੋਂ ਬਦਜ਼ਨ ਹੋ ਕੇ ਸੰਘਰਸ਼ ਦੇ ਰਾਹ ਨਾ ਪਿਆ ਹੋਵੇ। ਕਿਰਤ ਕਾਨੂੰਨਾਂ 'ਚ ਸੁਧਾਰ ਦੇ ਨਾਂਅ 'ਤੇ ਮਜ਼ਦੂਰਾਂ ਦੇ ਟਰੇਡ ਯੂਨੀਅਨ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਕਿਸਾਨਾਂ ਦੀਆਂ ਸਬਸਿਡੀਆਂ ਘਟਾਈਆਂ ਜਾ ਰਹੀਆਂ ਹਨ ਤੇ ਉਨ੍ਹਾਂ ਦੀਆਂ ਜਿਣਸਾਂ ਦੇ ਯਕੀਨੀ ਮੰਡੀਕਰਨ ਤੋਂ ਸਰਕਾਰ ਕੰਨੀ ਵੱਟ ਰਹੀ ਹੈ। ਸਿੱਖਿਆ ਤੇ ਸਿਹਤ 'ਤੇ ਖਰਚਾ ਘਟਾਇਆ ਜਾ ਰਿਹਾ ਹੈ। ਪੇਂਡੂ ਖੇਤਰ ਵਿੱਚ ਰੁਜ਼ਗਾਰ ਦਾ ਵਸੀਲਾ ਬਣੇ ਮਨਰੇਗਾ ਦੇ ਫੰਡਾਂ ਵਿੱਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ।
ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਅਸੰਬਲੀ ਚੋਣਾਂ ਨੇੜੇ ਆਉਂਦਿਆਂ ਦੇਖ ਬਾਦਲ ਸਰਕਾਰ ਨੇ ਇੱਕ ਬਹੁਤ ਹੀ ਖਤਰਨਾਕ ਪੱਤਾ ਖੇਡਿਆ ਹੈ। ਸਰਕਾਰੀ ਸਰਪ੍ਰਸਤੀ ਹੇਠ ਨਸ਼ਿਆਂ ਦੀ ਖੁੱਲ੍ਹ ਖੇਡ ਰਾਹੀਂ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਅਤੇ ਗੈਰ-ਕਾਨੂੰਨੀ ਮਾਈਨਿੰਗ ਤੇ ਹੋਰ ਅਜਿਹੇ ਮੁੱਦਿਆਂ ਕਾਰਨ ਲੋਕਾਂ ਵਿੱਚ ਖੁੱਸ ਚੁੱਕੇ ਆਪਣੇ ਆਧਾਰ ਨੂੰ ਮੁੜ ਹਾਸਲ ਕਰਨ ਲਈ ਐੱਸ ਵਾਈ ਐੱਲ ਨਹਿਰ ਬਾਰੇ ਅਸੰਬਲੀ ਵਿੱਚ ਤਾਂ ਬਿੱਲ ਪਾਸ ਕਰਵਾ ਹੀ ਲਿਆ ਹੈ, ਪਰ ਇਸ ਬਿੱਲ ਦੇ ਪਾਸ ਹੋਣ ਤੋਂ ਪਹਿਲਾਂ ਹੀ ਥਾਂ-ਥਾਂ ਜੇਸੀਬੀ ਮਸ਼ੀਨਾਂ ਲਾ ਕੇ ਇਸ ਨਹਿਰ ਨੂੰ ਪੂਰਨ ਦੀ ਕਾਰਵਾਈ ਨੇ ਪੰਜਾਬ ਤੇ ਹਰਿਆਣਾ ਦੇ ਲੋਕਾਂ ਵਿੱਚ ਸਿਰੇ ਦੀ ਕਸ਼ੀਦਗੀ ਪੈਦਾ ਕਰ ਦਿੱਤੀ ਹੈ। ਇਹ ਕੰਮ ਕਿਸਾਨਾਂ ਨੇ ਆਪ ਮੁਹਾਰੇ ਨਹੀਂ ਕੀਤਾ ਸਗੋਂ ਅਕਾਲੀ ਜਥੇਦਾਰਾਂ ਤੇ ਕਾਂਗਰਸੀ ਆਗੂਆਂ ਨੇ ਮੂਹਰੇ ਲੱਗ ਕੇ ਕਰਵਾਇਆ ਹੈ। ਇਸ ਕਸ਼ੀਦਗੀ ਲਈ ਕਾਂਗਰਸ ਪਾਰਟੀ ਵੀ ਬਰਾਬਰ ਦੀ ਜ਼ਿੰਮੇਵਾਰ ਹੈ।
ਰੈਲੀ ਦੌਰਾਨ ਇੱਕ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਐੱਸ ਵਾਈ ਐੱਲ ਨਹਿਰ ਦੇ ਮੁੱਦੇ 'ਤੇ ਦਖਲ ਦੇ ਕੇ ਕੋਈ ਸਰਵ ਪ੍ਰਵਾਨਤ ਹੱਲ ਕੱਢੇ, ਜਿਸ ਨਾਲ ਦੋਹਾਂ ਸੂਬਿਆਂ ਵਿੱਚ ਸੁਹਿਰਦਤਾ ਪੈਦਾ ਹੋ ਸਕੇ। ਇੱਕ ਹੋਰ ਮਤਾ ਪਾਸ ਕਰਕੇ ਕਨ੍ਹੱਈਆ ਕੁਮਾਰ, ਉਮਰ ਖਾਲਿਦ ਸਮੇਤ ਯੂਨੀਵਰਸਿਟੀ ਵਿਦਿਆਰਥੀ ਆਗੂਆਂ 'ਤੇ ਬਣਾਏ ਗਏ ਝੂਠੇ ਦੇਸ਼ ਧਰੋਹ ਦੇ ਕੇਸ ਵਾਪਸ ਲੈਣ ਦੀ ਵੀ ਮੰਗ ਕੀਤੀ ਗਈ।
ਇਸ ਰੈਲੀ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਸਰਵ ਸਾਥੀ ਬਲਰਾਮ ਸਿੰਘ, ਪਰਮਿੰਦਰ ਮੇਨਕਾ, ਮੁਕੰਦ ਲਾਲ, ਸੁਰਿੰਦਰ ਕੁਮਾਰ, ਬਲਬੀਰ ਸਿੰਘ ਜਾਡਲਾ, ਰਾਮ ਸਿਘ ਨੂਰਪੁਰੀ, ਕੁਲਦੀਪ ਝਿੰਗੜ, ਮਹਾਂ ਸਿੰਘ ਰੋੜੀ, ਦੀਵਾਨ ਸਿੰਘ, ਸੋਹਣ ਸਿੰਘ ਸਲੇਮਪੁਰੀ, ਹਰਪਾਲ ਸਿੰਘ ਜਗਤਪੁਰ, ਸਤਨਾਮ ਸਿੰਘ ਗੁਲਾਟੀ, ਸੁਰਿੰਦਰ ਭੱਟੀ, ਰਾਮ ਲਾਲ, ਨਿਰੰਜਨ ਮੇਹਲੀ, ਰਾਜਵਿੰਦਰ ਰਾਣਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।


8 ਨੌਜਵਾਨ-ਵਿਦਿਆਰਥੀ ਜਥੇਬੰਦੀਆਂ ਵੱਲੋਂ  ਹੁਸੈਨੀਵਾਲਾ ਵਿਖੇ  ਵਿਸ਼ਾਲ ਰੈਲੀਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪ੍ਰਣਾਈਆਂ ਜਥੇਬੰਦੀਆਂ ਸਰਬ ਭਾਰਤ ਨੌਜਵਾਨ ਸਭਾ, ਜਨਵਾਦੀ ਨੌਜਵਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਇਨਕਲਾਬੀ ਨੌਜਵਾਨ ਸਭਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ, ਪੰਜਾਬ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਜੰਗੇ ਆਜ਼ਾਦੀ (23 ਮਾਰਚ) ਦੇ ਸ਼ਹੀਦਾਂ, ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ 85ਵੇਂ ਸ਼ਹੀਦੀ ਦਿਨ 'ਤੇ ਹਰ ਇਕ ਲਈ ਸਿਹਤ, ਵਿੱਦਿਆ ਅਤੇ ਰੁਜ਼ਗਾਰ ਗਾਰੰਟੀ ਦੀ ਪ੍ਰਾਪਤੀ ਲਈ ਹੁਸੈਨੀਵਾਲਾ ਵਿਖੇ ਇਕ ਵਿਸ਼ਾਲ ਮਾਰਚ ਅਤੇ ਰੈਲੀ ਕੀਤੀ। ਇਸ ਮਾਰਚ ਅਤੇ ਰੈਲੀ ਵਿਚ ਪੰਜਾਬ ਭਰ ਵਿਚੋਂ ਹਜ਼ਾਰਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਇਨਕਲਾਬੀ ਜੋਸ਼-ਖਰੋਸ਼ ਨਾਲ ਹਿੱਸਾ ਲਿਆ।
ਇਸ ਰੈਲੀ ਅਤੇ ਮਾਰਚ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਜਨਵਾਦੀ ਨੌਜਵਾਨ ਸਭਾ ਦੇ ਸੂਬਾ ਸਕੱਤਰ ਸਵਰਨਜੀਤ ਸਿੰਘ ਦਲਿਓ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਪੰਜਾਬ-ਹਰਿਆਣਾ ਇਕਾਈ ਦੇ ਸਕੱਤਰ ਮਨਦੀਪ ਰਤੀਆ, ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਕਨਵੀਨਰ ਹਰਮਨਦੀਪ ਸਿੰਘ ਹਿੰਮਤਪੁਰਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਮੀਤ ਸ਼ੰਮੀ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਸੂਬਾ ਪ੍ਰਧਾਨ ਹਰਿੰਦਰ ਬਾਜਵਾ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਨਵਦੀਪ ਕੋਟਕਪੂਰਾ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਨੇ ਕੀਤੀ। ਇਸ ਰੈਲੀ ਵਿਚ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਜਨਰਲ ਸਕੱਤਰ ਆਰ. ਥਿਰੂਮਲਾਈ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਕੌਮੀ ਸਕੱਤਰ ਅਨੰਤ ਪ੍ਰਕਾਸ਼ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਵਿਸ਼ਾਲ ਰੈਲੀ ਮੌਕੇ ਪੰਜਾਬ ਦੀਆਂ ਅੱਠ ਇਨਕਲਾਬੀ ਜਥੇਬੰਦੀਆਂ ਵੱਲੋਂ ਅੱਠ ਨੁਕਾਤੀ ਪ੍ਰੋਗਰਾਮ, ਜਿਸ ਵਿਚ ਰੁਜ਼ਗਾਰ ਦੇ ਅਧਿਕਾਰ ਲਈ 'ਰੁਜ਼ਗਾਰ ਗਰੰਟੀ ਐਕਟ' ਬਣਵਾ ਕੇ ਹਰ ਬਾਲਗ ਨੂੰ ਉਸਦੀ ਯੋਗਤਾ ਮੁਤਾਬਕ ਰੁਜ਼ਗਾਰ ਦਿਵਾ ਕੇ ਘੱਟੋ-ਘੱਟ 15000/- ਰੁਪਏ ਤਨਖਾਹ ਅਤੇ ਕੰਮ ਨਾ ਦੇਣ ਦੀ ਸੂਰਤ ਵਿਚ 7500/- ਰੁਪਏ ਬੇਰੁਜ਼ਗਾਰੀ ਭੱਤਾ ਦਿਵਾਉਣ, ਹਰ ਇਕ ਲਈ ਮੁਫਤ ਤੇ ਲਾਜ਼ਮੀ ਵਿੱਦਿਆ ਦੀ ਗਰੰਟੀ ਕਰਨ ਅਤੇ ਵਿਦਿਆਰਥੀ ਅਧਿਆਪਕ ਅਨੁਪਾਤ 20:1 ਲਾਗੂ ਕਰਵਾ ਕੇ ਸਕੂਲਾਂ ਵਿਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਪੁਰ ਕਰਵਾਉਣ ਅਤੇ ਵਿੱਦਿਆ ਦਾ ਨਿੱਜੀਕਰਨ ਅਤੇ ਵਪਾਰੀਕਰਨ ਬੰਦ ਕਰਵਾਉਣ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਆਮਦਨ ਹੱਦ 3 ਲੱਖ ਤੱਕ ਕਰਦਿਆਂ ਇਸ ਸਕੀਮ ਤਹਿਤ ਹਰ ਵਰਗ ਦੇ ਵਿਦਿਆਰਥੀ ਨੂੰ ਮੁਫਤ ਸਿੱਖਿਆ ਪ੍ਰਦਾਨ ਕਰਨ, ਰਿਆਇਤੀ ਬੱਸ ਪਾਸ ਸਹੂਲਤ ਨੂੰ ਪ੍ਰਾਈਵੇਟ ਬੱਸਾਂ ਉਪਰ ਵੀ ਲਾਗੂ ਕਰਵਾਉਣ ਅਤੇ ਪ੍ਰਾਈਵੇਟ ਬੱਸ ਮਾਲਕਾਂ ਦੀ ਗੁੰਡਾਗਰਦੀ ਬੰਦ ਕਰਵਾਉਣ,  ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਬਹੁਪੱਖੀ ਵਿਕਾਸ ਲਈ ਖੇਡਾਂ, ਲਾਇਬ੍ਰੇਰੀਆਂ ਅਤੇ ਦੇਸ਼ ਭਗਤਾਂ ਦੇ ਨਾਂਅ 'ਤੇ ਸੱਭਿਆਚਾਰਕ ਸਰਗਰਮੀਆਂ ਦੇ ਕੇਂਦਰ ਸਥਾਪਤ ਕਰਵਾਉਣ, 18 ਸਾਲ ਤੋਂ ਘੱਟ ਉਮਰ ਦੇ ਹਰ ਲੜਕੇ ਲੜਕੀ ਅਤੇ ਵਿਦਿਆਰਥੀ ਲਈ ਮੁਫਤ ਮੈਡੀਕਲ ਸਹੂਲਤ ਦਿਵਾਉਣ, ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਸਮੱਗਲਰਾਂ ਅਤੇ ਪੁਲਸ ਸਿਆਸੀ ਗੱਠਜੋੜ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਅਤੇ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਵਿਰੁੱਧ ਦਰਜ ਕੀਤਾ ਗਿਆ ਝੂਠਾ ਪਰਚਾ  ਰੱਦ ਕਰਕੇ ਕਨ੍ਹੱਈਆ ਖਿਲਾਫ ਸਾਜ਼ਿਸ਼ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿਵਾਉਣ, ਹੈਦਰਾਬਾਦ ਯੂਨੀਵਰਸਿਟੀ ਦੇ ਖੋਜਾਰਥੀ ਰੋਹਿਤ ਵੇਮੁੱਲਾ ਦੀ ਮੌਤ ਦੇ ਜ਼ਿੰਮੇਵਾਰ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਵਾਲੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਅਤੇ ਪ੍ਰੋਗਰਾਮ ਦੇ ਲਾਗੂ ਹੋਣ ਤੱਕ ਸਾਂਝੇ ਸੰਘਰਸ਼ ਨੂੰ ਜਾਰੀ ਰੱਖਣ ਦਾ ਅਹਿਦ ਲਿਆ ਗਿਆ। 
ਇਸ ਮੌਕੇ ਜਥੇਬੰਦੀਆਂ ਦੇ ਕੇਂਦਰੀ ਆਗੂਆਂ ਆਰ. ਥਿਰੂਮਲਾਈ, ਦਿਨੇਸ਼ ਸਿਵਾਚ, ਅਨੰਤ ਪ੍ਰਕਾਸ਼ ਅਤੇ ਜਥੇਬੰਦੀਆਂ ਦੇ ਸੂਬਾਈ ਆਗੂਆਂ ਨੇ 23 ਮਾਰਚ ਦੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੇ ਉਸ ਵੇਲੇ ਦੇਸ਼ ਦੀ ਜਨਤਾ ਵਿਚ ਇਕ ਨਵੀਂ ਰੂਹ ਫੂਕੀ ਸੀ ਅਤੇ ਦੇਸ਼ ਦੇ ਲੋਕ ਅੰਗਰੇਜ਼ ਹਕੂਮਤ ਖਿਲਾਫ ਲੱਕ ਬੰਨ੍ਹ ਕੇ ਉਠ ਖੜੇ ਹੋਏ ਸਨ। ਭਗਤ ਸਿੰਘ ਅਤੇ ਉਸਦੇ ਸਾਥੀ ਅੱਜ ਵੀ ਦੇਸ਼ ਦੀ ਚੇਤੰਨ ਜਵਾਨੀ ਦੇ ਚਹੇਤੇ ਹੀ ਹਨ ਅਤੇ ਜਵਾਨੀ ਆਪਣੇ ਸੰਘਰਸ਼ਾਂ ਦੀ ਅਗਵਾਈ ਇਹਨਾਂ ਸ਼ਹੀਦਾਂ ਦੀ ਵਿਚਾਰਾਧਾਰਾ ਤੋਂ ਪ੍ਰੇਰਨਾ ਲੈ ਕੇ ਕਰ ਰਹੀ ਹੈ। ਜਥੇਬੰਦੀਆਂ ਦੇ ਆਗੂਆਂ ਨੇ ਦੇਸ਼ ਦੇ ਹਾਲਾਤ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਭਗਤ ਸਿੰਘ ਨੇ ਦੇਸ਼ ਵਿਚ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਦੇ ਸੁਪਨੇ ਵੇਖੇ ਸਨ, ਪਰ ਅੱਜ ਦੇਸ਼ ਅਤੇ ਦੁਨੀਆ ਦੀਆਂ ਸਰਮਾਏਦਾਰ ਧਿਰਾਂ ਵੱਲੋਂ ਦੇਸ਼ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਦੇਸ਼ ਦੇ ਸਰਬ ਉਤਮ ਕਾਨੂੰਨ ਦੀ ਸਰੇਆਮ ਉਲੰਘਣਾ ਕਰਦਿਆਂ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਦੀ ਆਵਾਜ਼ (ਵਿਚਾਰਾਂ ਦੀ ਸੁਤੰਤਰਤਾ) ਜਬਰਨ ਬੰਦ ਕੀਤੀ ਜਾ ਰਹੀ ਹੈ। ਆਗੂਆਂ ਨੇ ਦਿੱਲੀ ਦੀ ਕੇਂਦਰੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਵਾਪਰੇ ਕਾਂਡ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਮਨਸ਼ਾ ਦੇਸ਼ ਵਿਚੋਂ ਉਚ ਵਿਦਿਆ ਦੇ ਅਦਾਰਿਆਂ ਨੂੰ ਬੰਦ ਕਰਕੇ ਆਮ ਲੋਕਾਂ ਤੋਂ ਵਿੱਦਿਆ ਦਾ ਹੱਕ ਖੋਹਣ ਦੀ ਇਹ ਇਕ ਸਾਜ਼ਿਸ਼ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਆਗੂਆਂ ਨੇ ਅੱਗੇ ਕਿਹਾ ਦੇਸ਼ ਵਿਚ ਵਾਪਰ ਰਹੀਆਂ ਲੜੀਵਾਰ ਘਟਨਾਵਾਂ ਪਹਿਲਾਂ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁੱਲਾ ਦੀ ਮੌਤ, ਫਿਰ ਜੇ. ਐੱਨ.ਯੂ. ਦੇ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ 'ਤੇ  ਨਜਾਇਜ਼ ਦੇਸ਼ ਧ੍ਰੋਹ ਦਾ ਕੇਸ, ਇਸ ਤੋਂ ਬਾਦ ਹਰਿਆਣਾ ਵਿਚ ਜਾਟ ਅੰਦੋਲਨ ਨੂੰ ਜਾਣਬੁੱਝ ਕੇ ਹਵਾ ਦੇਣਾ ਅਤੇ ਹੁਣ ਪੰਜਾਬ ਵਿਚ ਪਾਣੀਆਂ ਦਾ ਮੁੱਦਾ ਅਸਲ ਵਿਚ ਲੋਕਾਂ ਦਾ ਅਸਲੀ ਮੁੱਦਿਆਂ ਤੋਂ ਧਿਆਨ ਹਟਾ ਕੇ ਕਾਰਪੋਰੇਟ ਸੈਕਟਰ ਦੇ ਹਿੱਤਾਂ ਦੀ ਪੂਰਤੀ ਲਈ ਇਕ ਸੋਚੀ-ਸਮਝੀ ਸਾਜ਼ਿਸ਼ ਹੈ। ਦੇਸ਼ ਦੀ ਮੌਜੂਦਾ ਸਰਕਾਰ ਲੋਕ ਹਿਤੈਸ਼ੀ ਨਾ ਹੋ ਕੇ ਸਿਰਫ ਤੇ ਸਿਰਫ ਕਾਰਪੋਰੇਟ ਸੈਕਟਰ ਦੇ ਹੱਕ ਵਿਚ ਭੁਗਤ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਦੇਸ਼ ਵਿਚ ਕਰੋੜਾਂ ਨੌਜਵਾਨ ਮੁੰਡੇ-ਕੁੜੀਆਂ ਦੇ ਰੁਜ਼ਗਾਰ ਦਾ ਪੱਕਾ ਪ੍ਰਬੰਧ ਨਾ ਕਰਕੇ ਉਲਟਾ ਉਹਨਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਰਹੀਆਂ ਹਨ, ਪਰ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਦਾ ਹਜ਼ਾਰਾਂ ਕਰੋੜ ਦਾ ਕਰਜ਼ਾ ਮਾਫ  ਕਰ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਰਹੀਆਂ ਹਨ। ਆਗੂਆਂ ਨੇ ਬੇਰੁਜ਼ਗਾਰੀ ਦੇ ਮੁਕੰਮਲ ਹੱਲ ਲਈ ਦੇਸ਼ ਵਿਚ ਰੁਜ਼ਗਾਰ ਗਾਰੰਟੀਂ ਕਾਨੂੰਨ ਦੀ ਲੋੜ 'ਤੇ ਜ਼ੋਰ ਦਿੱਤਾ।
ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਬਲਦੇਵ ਪੰਡੋਰੀ ਅਤੇ ਤਜਿੰਦਰ ਫਰੀਦਕੋਟ, ਜਨਵਾਦੀ ਨੌਜਵਾਨ ਸਭਾ ਕੈਸ਼ੀਅਰ ਸਤਵੀਰ ਤੁੰਗਾਂ, ਕਾਲੂ ਰਾਮ ਪੰਜਾਵਾ ਮੀਤ ਪ੍ਰਧਾਨ, ਉਦੇ ਮੋਗਾ ,ਐਸ.ਐਫ. ਆਈ ਦੇ ਕਮਲੇਸ਼ ਗੋਇਲ, ਸਤਵੀਰ ਪੰਜਾਬ ਯੂਨੀਵਰਸਿਟੀ, ਅਰਮਿੰਦਰ ਪਟਿਆਲਾ, ਬਿੰਦਰ ਅਹਿਮਦ ਪੁਰ, ਇਨਕਲਾਬੀ ਨੌਜਵਾਨ ਸਭਾ ਦੇ ਬਿੰਦਰ ਔਲਖ, ਏ.ਆਈ.ਐਸ.ਏ. ਦੇ ਗਗਨ ਗੱਗੀ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸ਼ਰੀ, ਸੂਬਾ ਕੈਸ਼ੀਅਰ ਨਰਿੰਦਰ ਕੌਰ ਸੋਹਲ, ਹਰਭਜਨ ਛਪੜੀਵਾਲਾ, ਨਿਰਭੈ ਬੁਰਜ ਹਰੀ, ਸੁਖਦੇਵ ਕਾਲਾ ਭਿੱਖੀਵਿੰਡ, ਪਿਆਰਾ ਸਿੰਘ ਮੇਘਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਵਿੱਕੀ ਮਹੇਸ਼ਰੀ, ਲੜਕੀਆਂ ਦੀ ਕੌਮੀ ਕਨਵੀਨਰ ਕਰਮਵੀਰ ਕੌਰ ਬੱਧਨੀ, ਸੂਬਾ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਛਾਂਗਾ ਰਾਏ, ਇੰਦਰਜੀਤ ਦੀਨਾ, ਸੁਖਦੇਵ ਧਰਮੂਵਾਲਾ, ਦੀਪਕ ਵਧਾਵਨ ਆਦਿ ਹਾਜ਼ਰ ਸਨ।

ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵਲੋਂ ਚਡੀਗੜ੍ਹ ਵਿਖੇ ਤਿੰਨ ਦਿਨਾਂ ਨਿਰੰਤਰ ਸਫਲ ਧਰਨਾਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਿਚ ਸ਼ਾਮਲ 7 ਮਜ਼ਦੂਰ ਜਥੇਬੰਦੀਆਂ-ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ, ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿਚ ਪਿਛਲੇ ਸਮੇਂ ਵਿਚ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਬਹੁਤ ਸਾਨਦਾਰ ਸੰਘਰਸ਼ ਚਲਦਾ ਆ ਰਿਹਾ ਹੈ। 15, 16, 17 ਫਰਵਰੀ ਨੂੰ ਤਹਿਸੀਲ ਹੈਡ ਕੁਆਟਰਾਂ 'ਤੇ ਧਰਨੇ ਮਾਰ ਕੇ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਣ ਤੋਂ ਬਾਅਦ ਸਾਂਝੇ ਮੋਰਚੇ ਦੀ ਮੁੜ ਮੀਟਿੰਗ ਕੀਤੀ ਗਈ ਅਤੇ ਸੰਘਰਸ਼ ਦੇ ਅਗਲੇ ਪੜਾਅ ਦੀ ਤਿਆਰੀ ਜ਼ੋਰਦਾਰ ਤਰੀਕੇ ਨਾਲ ਆਰੰਭ ਕਰਨ ਦਾ ਸਰਬਸੰਮਤ ਫੈਸਲਾ ਲਿਆ ਗਿਆ। ਦਿੱਤੇ ਗਏ ਮੰਗ ਪੱਤਰਾਂ ਰਾਹੀਂ ਪੰਜਾਬ ਦੀ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਗਈ ਕਿ ਸੰਘਰਸ਼ ਕਰਨ ਦੇ ਜਮਹੂਰੀ ਹੱਕਾਂ 'ਤੇ ਰੋਕ ਲਾਉਣ ਵਾਲਾ ''ਪੰਜਾਬ ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ 2014'' ਰੱਦ ਕੀਤਾ ਜਾਵੇ। ਮਨਰੇਗਾ ਅਧੀਨ ਸਾਰੇ ਪਰਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ ਘੱਟੋ-ਘੱਟ 500 ਰੁਪਏ ਕੀਤੀ ਜਾਵੇ। ਨਗਰ ਪੰਚਾਇਤਾਂ, ਨਗਰ ਪਾਲਿਕਾਵਾਂ ਅਤੇ ਸ਼ਹਿਰੀ ਮਜ਼ਦੂਰਾਂ ਨੂੰ ਮਨਰੇਗਾ ਦੇ ਘੇਰੇ ਅੰਦਰ ਲਿਆਂਦਾ ਜਾਵੇ, ਮਨਰੇਗਾ ਵਿਚ ਸਿਆਸੀ ਦਖਲ ਅੰਦਾਜ਼ੀ ਬੰਦ ਕਰਕੇ ਪਿਛਲੇ ਸਾਰੇ ਬਕਾਏ ਤੁਰੰਤ ਜਾਰੀ ਕੀਤੇ ਜਾਣ। ਨਰਮਾ ਖੇਤਰ ਵਿਚ ਚਿੱਟੀ ਮੱਖੀ ਦੇ ਹਮਲੇ ਨਾਲ ਮਾਰੇ ਗਏ ਨਰਮੇ ਤੇ ਕਪਾਹ ਕਾਰਨ ਮਜ਼ਦੂਰਾਂ ਨੂੰ ਕੰਮ ਨਾ ਮਿਲਣ ਦੇ ਹੋਏ ਨੁਕਸਾਨ ਦਾ ਘੱਟੋ-ਘੱਟ 20,000 ਰੁਪਏ ਪ੍ਰਤੀ ਪਰਵਾਰ ਮੁਆਵਜ਼ਾ ਦਿੱਤਾ ਜਾਵੇ ਅਤੇ ਪ੍ਰਵਾਨ ਕੀਤੀ ਗਈ 64 ਕਰੋੜ 40 ਲੱਖ ਰੁਪਏ ਦੀ ਰਾਸ਼ੀ ਤੁਰੰਤ ਵੰਡੀ ਜਾਵੇ। ਤਿੱਖੇ ਜ਼ਮੀਨੀ ਸੁਧਾਰ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਦੀ ਪੇਂਡੂ ਤੇ ਖੇਤ ਮਜ਼ਦੂਰਾਂ ਵਿਚ ਵੰਡ ਕੀਤੀ ਜਾਵੇ। ਪਹਿਲਾਂ ਕੱਟੇ ਹੋਏ ਪਲਾਟਾਂ ਦੇ ਕਬਜ਼ੇ ਦਿੱਤੇ ਜਾਣ ਅਤੇ ਸਾਰੇ ਬੇਘਰੇ ਲੋੜਵੰਦਾਂ ਨੂੰ ਮਕਾਨ ਬਣਾਉਣ ਲਈ 10-10 ਮਰਲੇ ਦੇ ਪਲਾਟ, ਰੂੜੀਆਂ ਲਈ ਜਗ੍ਹਾ, ਟੋਏ ਦਿੱਤੇ ਜਾਣ। ਪੰਚਾਇਤਾਂ ਕੋਲੋਂ ਮਤੇ ਪਵਾਉਣ ਦੀ ਜ਼ਿੰਮੇਵਾਰੀ ਸਰਕਾਰ ਆਪ ਲਵੇ ਤੇ ਮਕਾਨ ਉਸਾਰੀ ਲਈ ਤਿੰਨ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ। ਪੰਚਾਇਤੀ/ਸ਼ਾਮਲਾਤ ਜ਼ਮੀਨਾਂ ਅਤੇ ਲਾਲ ਲਕੀਰ ਅੰਦਰਲੀਆਂ ਥਾਵਾਂ 'ਤੇ ਕਾਬਜ ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਜਮੀਨ ਆਮ ਠੇਕੇ ਦੇ ਤੀਜੇ ਹਿੱਸੇ ਰੇਟ 'ਤੇ ਮਜ਼ਦੂਰਾਂ ਨੂੰ ਦਿੱਤੀ ਜਾਵੇ ਅਤੇ ਫਰਜ਼ੀ ਬੋਲੀਆਂ ਕਰਾਉਣੀਆਂ ਬੰਦ ਕੀਤੀਆਂ ਜਾਣ। ਆਟਾ ਦਾਲ ਸਕੀਮ ਦਾ ਰਹਿੰਦਾ ਬਕਾਇਆ ਰਾਸ਼ਨ ਤੁਰੰਤ ਵੰਡਿਆ ਜਾਵੇ, ਕੱਟੇ ਹੋਏ ਕਾਰਡ ਬਹਾਲ ਕੀਤੇ ਜਾਣ, ਰਹਿੰਦੇ ਕਾਰਡ ਬਣਾਏ ਜਾਣ ਅਤੇ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਰਸੋਈ ਵਿਚ ਵਰਤੋਂ ਦੀਆਂ ਸਾਰੀਆਂ ਵਸਤਾਂ ਸਸਤੇ ਭਾਅ 'ਤੇ ਦੇਣੀਆਂ ਯਕੀਨੀ ਬਣਾਈਆਂ ਜਾਣ। ਰਾਸ਼ਨ ਦੀ ਵੰਡ ਨੂੰ ਸੁਚਾਰੂ ਬਣਾਉਣ ਲਈ ਖਪਤਕਾਰਾਂ ਦੀਆਂ ਨਿਗਰਾਨ ਕਮੇਟੀਆਂ ਬਣਾਈਆਂ ਜਾਣ। ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਪੈਨਸ਼ਨ ਘੱਟੋ ਘੱਟ 3000 ਰੁਪਏ ਮਹੀਨਾ ਕੀਤੀ ਜਾਵੇ ਅਤੇ ਇਸ ਦੀ ਲਗਾਤਾਰਤਾ ਕਾਇਮ ਰੱਖੀ ਜਾਵੇ, ਨਜਾਇਜ਼ ਕੱਟੀਆਂ ਹੋਈਆਂ ਪੈਨਸ਼ਨਾਂ ਬਹਾਲ ਕੀਤੀਆਂ ਜਾਣ ਤੇ ਪਿਛਲੇ ਸਾਰੇ ਬਕਾਏ ਤੁਰੰਤ ਜਾਰੀ ਕੀਤੇ ਜਾਣ। ਸ਼ਗਨ ਸਕੀਮ ਅਤੇ ਸਕੂਲਾਂ ਕਾਲਜਾਂ ਦੇ ਵਜੀਫਿਆਂ ਦੇ ਸਾਰੇ ਬਕਾਏ ਤੁਰੰਤ ਜਾਰੀ ਕੀਤੇ ਜਾਣ। ਬਿਜਲੀ ਬਿੱਲਾਂ ਦੀ ਮੁਆਫੀ ਵਿਚ ਜਾਤ, ਧਰਮ ਤੇ ਲੋਡ ਦੀ ਸ਼ਰਤ ਖਤਮ ਕਰਕੇ ਸਮੁੱਚੇ ਘਰੇਲੂ ਬਿੱਲ ਮਾਫ ਕੀਤੇ ਜਾਣ। ਪਿਛਲੇ ਸਾਰੇ ਬਕਾਏ ਮਾਫ ਕਰਕੇ ਪੁੱਟੇ ਹੋਏ ਮੀਟਰ ਚਾਲੂ ਕੀਤੇ ਜਾਣ। ਆਰਥਿਕ ਤੰਗੀਆਂ ਅਤੇ ਗਰੀਬੀ ਤੋਂ ਤੰਗ ਹੋ ਕੇ ਕੀਤੀਆਂ ਖੁਦਕੁਸ਼ੀਆਂ ਕਰਨ ਵਾਲਿਆਂ ਦੇ ਵਰਸਾਂ ਨੂੰ 5-5 ਲੱਖ ਰੁਪਏ ਮੁਆਵਜਾ ਅਤੇ ਪਰਵਾਰਾਂ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਸਰਵੇ ਤੋਂ ਬਾਹਰ ਰਹਿ ਗਏ ਪੀੜਤਾਂ ਦਾ ਮੁੜ ਸਰਵੇ ਕਰਵਾ ਕੇ ਮੁਆਵਜ਼ਾ ਮਿਲਣਾ ਯਕੀਨੀ ਬਣਾਇਆ ਜਾਵੇ। ਪੇਂਡੂ ਤੇ ਖੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਖਤਮ ਕੀਤੇ ਜਾਣ। ਕਰਜ਼ੇ ਦੇ ਭਾਰ ਬਦਲੇ ਵਗਾਰ ਕਰਾਉਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਹਿਕਾਰੀ ਸੁਸਾਇਟੀਆਂ ਵਿਚ, ਸਹਿਕਾਰੀ ਬੈਂਕਾਂ ਵਿਚ ਬੇਜ਼ਮੀਨੇ ਮਜ਼ਦੂਰਾਂ ਦੀ ਹਿੱਸੇਦਾਰੀ ਬਣਾ ਕੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਕਰਜ਼ਾ ਦੇਣ ਸਮੇਂ ਜ਼ਮੀਨ ਮਾਲਕ ਦੀ ਗਰੰਟੀ ਦੇਣ ਸਮੇਤ ਸਾਰੀਆਂ ਬੇਲੋੜੀਆਂ ਸ਼ਰਤਾਂ ਖਤਮ ਕੀਤੀਆਂ ਜਾਣ। ਦਲਿਤਾਂ/ਮਜ਼ਦੂਰਾਂ ਉਪਰ ਹੁੰਦਾ ਸਮਾਜਿਕ ਜਬਰ ਅਤੇ ਪੁਲਸ ਜਬਰ ਬੰਦ ਕੀਤਾ ਜਾਵੇ, ਮਜ਼ਦੂਰਾਂ ਉਪਰ ਪਏ ਸਾਰੇ ਕੇਸ ਵਾਪਸ ਲਏ ਜਾਣ ਅਤੇ ਮਜ਼ਦੂਰਾਂ ਉਪਰ ਗੁੰਡਾ ਗਰੋਹਾਂ ਦੇ ਹਮਲੇ ਬੰਦ ਕੀਤੇ ਜਾਣ। ਸਰਕਾਰੀ ਸਕੂਲ ਅਤੇ ਸਰਕਾਰੀ ਹਸਪਤਾਲ ਵੇਚਣੇ ਬੰਦ ਕੀਤੇ ਜਾਣ। ਵਿਦਿਆ, ਸਿਹਤ ਸਹੂਲਤਾਂ ਅਤੇ ਪੀਣ ਵਾਲਾ ਸਾਫ ਪਾਣੀ ਅਤੇ ਸਾਰੀਆਂ ਜਨਤਕ ਸੇਵਾਵਾਂ ਸਰਕਾਰ ਵਲੋਂ ਮੁਫਤ ਦੇਣ ਦੀ ਗਰੰਟੀ ਕੀਤੀ ਜਾਵੇ। ਕਿਰਤ ਕਾਨੂੰਨ ਵਿਚ ਮਜ਼ਦੂਰ ਮਾਰੂ ਸੋਧਾਂ ਵਾਪਸ ਲਈਆਂ ਜਾਣ ਅਤੇ ਬਾਲ ਮਜ਼ਦੂਰੀ ਐਕਟ ਬਹਾਲ ਰੱਖਿਆ ਜਾਵੇ। ਮਜ਼ਦੂਰਾਂ ਉਪਰ ਦਰਜ ਹੋਏ ਕਿਸੇ ਵੀ ਮੁਕੱਦਮੇ ਦੀ ਜਮਾਨਤ ਦੇਣ ਵੇਲੇ ਜਮਾਨਤੀ ਦੇ ਜ਼ਮੀਨ ਮਾਲਕ ਹੋਣ ਦੀ ਸ਼ਰਤ ਖਤਮ ਕੀਤੀ ਜਾਵੇ ਅਤੇ ਜਮਾਨਤ ਦਾ ਤਰੀਕਾ ਅਸਾਨ ਬਣਾਇਆ ਜਾਵੇ।
ਇਹਨਾਂ ਉਪਰੋਕਤ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਤੀਜੇ ਪੜਾਅ ਵਜੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ 15, 16, 17 ਮਾਰਚ 2016 ਨੂੰ ਜਬਰਦਸਤ ਧਰਨਾ ਮਾਰਿਆ ਗਿਆ। ਸਾਰੀਆਂ ਜਥੇਬੰਦੀਆਂ ਦੀ ਅਗਵਾਈ ਵਿਚ ਹਜ਼ਾਰਾਂ ਪੇਂਡੂ ਤੇ ਦਿਹਾਤੀ ਮਜ਼ਦੂਰ ਨਾਹਰੇ ਮਾਰਦੇ ਹੋਏ ਆਪੋ ਆਪਣੇ ਰਾਸ਼ਨ ਅਤੇ ਹੋਰ ਵਰਤੋਂ ਦਾ ਸਾਰਾ ਸਮਾਨ ਲੈ ਕੇ 15 ਮਾਰਚ ਦੀ ਸ਼ਾਮ ਤੱਕ ਮੁਹਾਲੀ ਦੇ ਸਰਕਾਰੀ ਬੱਸ ਅੱਡੇ ਨੇੜੇ ਦੁਸ਼ਹਿਰਾ ਗਰਾਊਂਡ ਵਿਚ ਇਕੱਤਰ ਹੋ ਗਏ। ਬਹੁਤ ਵੱਡਾ ਸ਼ਾਮਿਆਨਾ ਲਾਕੇ ਸ਼ਾਮ ਦੇ 3 ਵਜੇ ਕਾਨਫਰੰਸ ਦਾ ਆਰੰਭ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਸਾਥੀ ਦਰਸ਼ਨ ਨਾਹਰ, ਰਾਮ ਸਿੰਘ ਨੂਰਪਰੀ, ਜ਼ੋਰਾ ਸਿੰਘ ਨਸਰਾਲੀ, ਸੰਤੋਖ ਸਿੰਘ ਸੰਘੇੜਾ, ਤਰਸੇਮ ਪੀਟਰ, ਸੰਜੀਵ ਮਿੰਟੂ, ਹਰਵਿੰਦਰ ਸਿੰਘ ਸੇਮਾ 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਕਾਨਫਰੰਸ ਨੂੰ ਗੁਰਨਾਮ ਸਿੰਘ ਦਾਊਦ, ਲਾਲ ਚੰਦ ਕਟਾਰੂਚੱਕ, ਭਗਵੰਤ ਸਮਾਓ, ਗੁਰਪ੍ਰੀਤ ਸਿੰਘ ਰੂੜੇਕੇ, ਲਛਮਣ ਸਿੰਘ ਸੇਵੇਵਾਲਾ, ਗੁਰਮੇਸ਼ ਸਿੰਘ, ਗੁਲਜਾਰ ਗੋਰੀਆ, ਬਲਵਿੰਦਰ ਸਿੰਘ ਭੁਲਰ, ਹਰਮੇਸ਼ ਮਾਲੜੀ, ਸਿਕੰਦਰ ਸਿੰਘ ਅਜਿਤ ਗਿੱਲ, ਰਿਸ਼ੀ ਪਾਲ, ਭੂਪਚੰਦ ਚੰਨੋ, ਮੇਜਰ ਉਪਲੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਦੂਸਰੇ ਦਿਨ ਭਾਵ 16 ਮਾਰਚ ਨੂੰ ਬਹੁਤ ਹੀ ਰੋਹ ਭਰਪੂਰ ਮਾਰਚ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਉਪਰੋਕਤ ਪ੍ਰਧਾਨਗੀ ਮੰਡਲ ਨੇ ਹੀ ਕੀਤੀ। ਇਸ ਮਾਰਚ ਨੂੰ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਪੁਲਸ ਦੀਆਂ ਧਾੜਾਂ ਨੇ ਰੋਕ ਲਿਆ ਪਰ ਮਜ਼ਦੂਰਾਂ ਦੇ ਰੋਹ ਅੱਗੇ ਅਤੇ ਆਗੂਆਂ ਦੀਆਂ ਦਲੀਲਾਂ ਅੱਗੇ ਝੁਕਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਾਉਣ ਦਾ ਵਾਅਦਾ ਕੀਤਾ ਜਿਸ ਤੋਂ ਬਾਅਦ ਲੋਕਾਂ ਦਾ ਇਹ ਰੋਹ ਭਰਪੂਰ ਇਕੱਠ ਫੇਰ ਧਰਨੇ ਵਾਲੀ ਜਗ੍ਹਾ 'ਤੇ ਆ ਗਿਆ। ਧਰਨੇ ਦੇ ਤੀਸਰੇ ਦਿਨ 17 ਮਾਰਚ ਨੂੰ ਲੋਕਾਂ ਦਾ ਇਹ ਇਕੱਠ ਜਿਉਂ ਦਾ ਤਿਉਂ ਬਰਕਰਾਰ ਸੀ। ਉਸ ਦਿਨ ਸਬੰਧੀ ਪੈਂਤੜਾ ਲੈਣ ਲਈ ਸਾਂਝੇ ਮੋਰਚੇ ਦੇ ਆਗੂਆਂ ਦੀ ਮੀਟਿੰਗ ਚਲ ਰਹੀ ਸੀ ਜਦੋਂ ਸਰਕਾਰ ਵਲੋਂ ਅਧਿਕਾਰੀ ਆ ਗਏ ਤੇ ਆਗੂਆਂ ਨੂੰ ਸਰਕਾਰ ਵਲੋਂ ਦਿੱਤੀ ਮੀਟਿੰਗ ਦੀ ਤਰੀਕ ਬਾਰੇ ਦੱਸਿਆ ਗਿਆ। ਸਰਕਾਰ ਦੇ ਵਫਦ ਵਲੋਂ ਐਸ.ਡੀ.ਐਮ. ਨੇ ਸਟੇਜ ਤੋਂ ਅਨਾਊਂਸ ਕੀਤਾ ਕਿ 1 ਅਪ੍ਰੈਲ 2016 ਨੂੰ ਸਾਂਝੇ ਮੋਰਚੇ ਦੀ ਮੀਟਿੰਗ ਪੰਜਾਬ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਹੋਵੇਗੀ। ਇਸ ਐਲਾਨ ਤੋਂ ਬਾਅਦ ਧਰਨਾ ਚੁੱਕ ਲੈਣ ਦਾ ਮੋਰਚੇ ਨੇ ਆਗੂਆਂ ਨੇ ਐਲਾਨ ਕੀਤਾ।
ਖੁਸ਼ੀ ਦੀ ਗੱਲ ਇਹ ਹੈ ਕਿ ਇਸ ਮੋਰਚੇ ਦੌਰਾਨ ਮਜ਼ਦੂਰਾਂ ਨੇ ਆਪਣੇ ਘਰਾਂ ਤੋਂ ਇਕੱਠਾ ਕਰਕੇ ਰਾਸ਼ਨ ਪਾਣੀ ਲਿਆਂਦਾ ਹੋਇਆ ਸੀ। ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਸਭਾ ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਿੰਨਾਂ ਜਥੇਬੰਦੀਆਂ ਨੇ ਤਿੰਨ ਲੰਗਰ ਲਗਾਤਾਰ ਚਲਾਏ। ਜੋ ਅੰਤ ਤੱਕ ਚਲਦੇ ਰਹੇ। ਇਨ੍ਹਾਂ ਲੰਗਰਾਂ ਵਿਚ ਆਟਾ, ਦਾਲ, ਸਬਜੀ ਆਦਿ ਦਾ ਬਹੁਤ ਹੀ ਚੰਗਾ ਪ੍ਰਬੰਧ ਸੀ ਤੇ ਧਰਨਾ ਚੁੱਕਣ ਵੇਲੇ ਖਾਣ ਪੀਣ ਦਾ ਇਹ ਸਮਾਨ ਕਾਫੀ ਵੱਧ ਗਿਆ ਜੋ ਵਾਪਸ ਲਿਆਂਦਾ ਗਿਆ। ਪਹਿਲੀ ਵਾਰ ਨਿਰੋਲ ਮਜ਼ਦੂਰਾਂ ਵਲੋਂ ਲਾਇਆ ਇਹ ਮੋਰਚਾ ਹਰ ਪੱਖ ਤੋਂ ਸਫਲ ਰਿਹਾ। ਸਰਕਾਰ ਨਾਲ ਗੱਲਬਾਤ ਤੋਂ ਬਾਅਦ ਫੇਰ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਸਾਂਝੇ ਮੋਰਚੇ ਵਲੋਂ ਬਣਾਇਆ ਜਾਵੇਗਾ।
ਰਿਪੋਰਟ : ਗੁਰਨਾਮ ਸਿੰਘ ਦਾਊਦ, ਜਨਰਲ ਸਕੱਤਰ

ਨਿਰਮਾਣ ਮਜ਼ਦੂਰਾਂ ਦੀਆਂ ਸਫਲ ਜ਼ੋਨਲ ਰੈਲੀਆਂਪਠਾਨਕੋਟ ਵਿਖੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ 7 ਮਾਰਚ ਦੀ ਇਤਿਹਾਸਕ ਰੈਲੀ ਨੇ ਸਿਰਫ ਦੇਸ਼ ਦੇ ਨਿਰਮਾਣ 'ਚ ਲੱਗੇ ਹੋਏ ਮਜ਼ਦੂਰਾਂ ਨੂੰ ਹੀ ਉਤਸ਼ਾਹਿਤ ਨਹੀਂ ਕੀਤਾ ਬਲਕਿ ਮਜ਼ਦੂਰਾਂ ਦੀ ਸਮੁੱਚੀ ਲਹਿਰ ਨੂੰ ਵੀ ਭਾਰੀ ਪ੍ਰੇਰਨਾ ਨਾਲ ਭਰ ਦਿੱਤਾ ਹੈ।
ਇਸ ਰੈਲੀ ਦੀ ਪ੍ਰਧਾਨਗੀ ਜਸਵੰਤ ਸਿੰਘ ਸੰਧੂ, ਅਵਤਾਰ ਸਿੰਘ ਨਾਗੀ, ਜਾਗੀਰ ਸਿੰਘ, ਤਿਲਕ ਰਾਜ ਜੈਨੀ ਅਤੇ ਰਾਮ ਵਿਲਾਸ ਠਾਕਰ 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਨਿਰਮਾਣ ਮਜ਼ਦੂਰ ਫੈਡਰੇਸ਼ਨ (ਸੀ. ਡਬਲਯੂ. ਐਫ. ਆਈ.) ਦੇ ਜਨਰਲ ਸਕੱਤਰ ਦੇਵੰਜਣ ਚੱਕਰਵਰਤੀ ਨੇ ਕਿਹਾ ਕਿ ਜਥੇਬੰਦੀ ਨੇ 22 ਰਾਜਾਂ 'ਚ ਆਪਣਾ ਪ੍ਰਭਾਵਸ਼ਾਲੀ ਅਧਾਰ ਕਾਇਮ ਕਰ ਲਿਆ ਹੈ, ਜਿਨ੍ਹਾਂ 'ਚੋਂ ਪੰਜਾਬ ਇੱਕ ਹੈ, ਜਿਥੇ ਕਾਫੀ ਮਜ਼ਬੂਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਰਾਜ 'ਚ ਕੰਮ ਲਈ ਅਤੇ ਆਪਣੀ ਮੈਂਬਰਸ਼ਿੱਪ ਵਧਾਉਣ ਲਈ ਠੋਸ ਅਧਾਰ ਮੌਜੂਦ ਹੈ, ਜਿਸ ਲਈ ਹੋਰ ਮਿਹਨਤ ਕਰਨ ਦੀ ਲੋੜ ਹੈ। ਮਜ਼ਦੂਰਾਂ ਨਾਲ ਆਪਣੀ ਗੱਲ ਸਾਂਝੀ ਕਰਦਿਆਂ ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਆਪਣੇ ਘਰ ਬਣਾਉਣ ਲਈ ਕਰਜ਼ੇ ਨਹੀਂ ਸਗੋਂ ਸਿੱਧੀ ਮਦਦ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮਜ਼ਦੂਰ ਭਲਾਈ ਬੋਰਡ 'ਚ ਮਜ਼ਦੂਰਾਂ ਦੇ ਨੁਮਾਇੰਦੇ ਲਏ ਜਾਣੇ ਚਾਹੀਦੇ ਹਨ ਤਾਂ ਹੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾ ਸਕਣਗੀਆਂ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸੀਟੀਯੂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੇਸ਼ ਭਗਤ ਲੋਕ ਅਜ਼ਾਦੀ ਵੇਲੇ ਅੰਗਰੇਜ਼ਾਂ ਨੂੰ ਕੱਢ ਕੇ ਇਥੇ ਕਿਰਤੀਆਂ ਦਾ ਰਾਜ ਲਿਆਉਣਾ ਚਾਹੁੰਦੇ ਸਨ, ਜਿਸ ਲਈ ਹੁਣ ਵੀ ਯਤਨ ਜਾਰੀ ਹਨ। ਉਹਨਾਂ ਕਿਹਾ ਕਿ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਮੋਦੀ ਸਰਕਾਰ ਕੋਲ ਅਤੇ ਸੋਨੀਆ ਗਾਂਧੀ ਕੋਲ ਨਹੀਂ ਹੈ। ਇਸ ਦਾ ਹੱਲ ਕੈਪਟਨ, ਬਾਦਲ ਅਤੇ ਛੋਟੇਪੁਰ ਕੋਲ ਵੀ ਨਹੀਂ ਹੈ ਅਤੇ ਸਿਰਫ ਲਾਲ ਝੰਡਾ ਹੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਦਾ ਪੱਕਾ ਹੱਲ ਕਰ ਸਕਦਾ ਹੈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਛੇਹਰਟਾ ਨੇ ਕਿਹਾ ਕਿ ਨਿਰਮਾਣ ਮਜ਼ਦੂਰ ਅਣਗੌਲਿਆਂ ਵਰਗ ਹੈ, ਜਿਸ ਦੀ ਬਾਂਹ ਫੜਨ ਦੀ ਵੱਡੀ ਲੋੜ ਹੈ। ਸੂਬਾਈ ਸਕੱਤਰ ਮਾਸਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਜਥੇਬੰਦੀ ਬਣਨ ਨਾਲ ਨਿਰਮਾਣ ਮਜ਼ਦੂਰਾਂ ਦੀ ਪਛਾਣ ਬਣਨੀ ਆਰੰਭ ਹੋ ਗਈ ਹੈ।
ਜਨਵਾਦੀ ਇਸਤਰੀ ਸਭਾ ਦੇ ਆਗੂ ਨੀਲਮ ਘੁਮਾਣ ਨੇ ਕਿਹਾ ਕਿ ਅੱਧਾ ਹਿੱਸਾ ਔਰਤਾਂ ਨੂੰ ਨਾਲ ਲੈ ਕੇ ਯੂਨੀਅਨ 'ਚ ਉਹਨਾਂ ਦੀ ਹਿੱਸੇਦਾਰੀ ਨੂੰ ਹੋਰ ਵਧਾਉਣਾ ਚਾਹੀਦਾ ਹੈ। ਸ਼ਿਵ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਜਾਣਬੁੱਝ ਕੇ ਮਜ਼ਦੂਰਾਂ ਦੀ ਰਜ਼ਿਸਟਰੇਸ਼ਨ ਦੀ ਪ੍ਰਕਿਰਿਆ ਨੂੰ ਹੌਲੀ ਕੀਤਾ ਹੋਇਆ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਗੰਗਾ ਪ੍ਰਸ਼ਾਦ ਨੇ ਕਿਹਾ ਕਿ ਮਜ਼ਦੂਰਾਂ ਕੋਲ ਹੁਣ ਗਵਾਉਣ ਲਈ ਕੁੱਝ ਨਹੀਂ ਹੈ ਅਤੇ ਅੱਗੇ ਪ੍ਰਾਪਤੀਆਂ ਹੀ ਹੋਣਗੀਆਂ। ਸੀਟੀਯੂ ਪੰਜਾਬ ਦੇ ਜਨਰਲ ਸਕੱਤਰ ਨੱਥਾ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਦੇ ਹੱਕਾਂ ਨਾਲ ਸਬੰਧਤ ਬਣੇ ਹੋਏ 44 ਕਾਨੂੰਨਾਂ ਨੂੰ ਖਤਮ ਕਰਕੇ ਸਿਰਫ 4 ਕਾਨੂੰਨ ਹੀ ਰੱਖਣ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਮੁਸ਼ਕਲਾਂ ਦੇ ਨਾਲ-ਨਾਲ ਦੇਸ਼ ਦੇ ਕਿਸਾਨ ਵੀ ਮੁਸ਼ਕਲਾਂ 'ਚ ਫਸੇ ਹੋਏ ਹਨ ਅਤੇ ਪੰਜਾਬ ਦਾ ਖੁਦਕਸ਼ੀਆਂ ਦੇ ਮਾਮਲੇ 'ਚ ਦੂਜਾ ਸਥਾਨ ਆ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਆਗੂ ਪ੍ਰੇਮ ਗੌਤਮ ਨੇ ਕਿਹਾ ਕਿ ਯੂਨੀਅਨ ਦੀਆਂ ਸਰਗਰਮੀਆਂ ਨੂੰ ਰਾਜਨੀਤਕ ਤਬਦੀਲੀ ਲਿਆਉਣ ਵਾਲੇ ਅੰਦੋਲਨ 'ਚ ਬਦਲਣਾ ਹੋਵੇਗਾ। ਨਾਰਦਰਨ ਰੇਲਵੇ ਮੈਨਜ ਯੂਨੀਅਨ ਦੇ ਆਗੂ ਸ਼ਿਵ ਦੱਤ ਨੇ ਕਿਹਾ ਕਿ ਸਰਕਾਰ ਰੇਲਵੇ 'ਚ ਵੀ ਨਿੱਜੀਕਰਨ ਦੀ ਨੀਤੀ ਲਾਗੂ ਕਰਨ ਦੇ ਰਾਹ ਤੁਰ ਪਈ ਹੈ, ਜਿਸ ਨੂੰ ਰੋਕਣ ਲਈ 11 ਅਪਰੈਲ ਨੂੰ ਹੜਤਾਲ ਕੀਤੀ ਜਾ ਰਹੀ ਹੈ। ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਦੇਸ਼ 'ਚ ਸਾਰੇ ਅਧਿਕਾਰ ਸਿਰਫ ਉਪਰਲੀ ਕਲਾਸ ਨੂੰ ਹੀ ਮਿਲਦੇ ਹਨ। ਦਿਹਾਤੀ ਮਜ਼ਦੂਰ ਆਗੂ ਲਾਲ ਚੰਦ ਨੇ ਸੱਦਾ ਦਿੱਤਾ ਕਿ ਸਾਨੂੰ ਖੁਦਕਸ਼ੀਆਂ ਨਾਲ ਨਹੀਂ ਸਗੋਂ ਸਰਕਾਰ ਨਾਲ ਮੁਕਾਬਲਾ ਕਰਨ ਲਈ ਜੂਝਣਾ ਚਾਹੀਦਾ ਹੈ। ਜਸਵੰਤ ਸਿੰਘ ਸੰਧੂ ਨੇ ਕਿਹਾ ਕਿ ਮਜ਼ਦੂਰਾਂ ਨੇ ਮਾਲਕ ਬਣਨਾ ਹੈ ਅਤੇ ਘਾਹੀਆਂ ਦੇ ਪੁੱਤਾਂ ਨੇ ਹੁਣ ਘਾਹ ਨਹੀਂ ਖੋਤਣਾ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਰੰਧਾਵਾ ਨੇ 43 ਮੰਗਾਂ ਨਾਲ ਸਬੰਧਤ ਮੰਗ ਪੱਤਰ ਦੇ ਵੇਰਵੇ ਦਿੰਦਿਆ ਕਿਹਾ ਕਿ ਹਾਲੇ ਪੰਜਾਬ 'ਚ 4 ਲੱਖ ਮਜ਼ਦੂਰਾਂ ਨੂੰ ਹੀ ਰਜਿਸਟਰਡ ਕੀਤਾ ਗਿਆ ਹੈ, ਜਿਸ 'ਚ ਡੇਢ ਲੱਖ ਨੂੰ ਰੀਨਿਊ ਕਰਨ ਤੋਂ ਆਨਕਾਨੀ ਕੀਤੀ ਜਾ ਰਹੀ ਹੈ।  
ਇਸ ਰੈਲੀ ਦੀ ਸਟੇਜ ਸੂਬਾਈ ਵਿੱਤ ਸਕੱਤਰ ਨੰਦ ਲਾਲ ਮਹਿਰਾ ਨੇ ਚਲਾਈ। ਇਸ ਮੌਕੇ ਮਾਸਟਰ ਰਘਬੀਰ ਸਿੰਘ, ਪਰਗਟ ਸਿੰਘ ਜਾਮਾਰਾਏ, ਮੇਲਾ ਸਿੰਘ ਰੁੜਕਾ, ਹਰਜਿੰਦਰ ਬਿੱਟੂ, ਸਤਨਾਮ ਸਿੰਘ ਦਕੋਹਾ, ਦਤਾਰ ਸਿੰਘ ਠੱਕਰ ਸੰਧੂ, ਸੰਤੋਖ ਸਿੰਘ, ਹਰਦੀਪ ਸਿੰਘ ਆਦਿ ਆਗੂ ਵੀ ਸਟੇਜ 'ਤੇ ਹਾਜ਼ਰ ਸਨ। ਇਸ ਮੌਕੇ ਡੀਸੀ ਪਠਾਨਕੋਟ ਲਈ ਦਿੱਤਾ ਗਿਆ ਮੰਗ ਪੱਤਰ ਤਹਿਸੀਲਦਾਰ ਵਲੋਂ ਸਟੇਜ 'ਤੇ ਪੁੱਜ ਕੇ ਪ੍ਰਾਪਤ ਕੀਤਾ ਗਿਆ। ਰੈਲੀ ਨੂੰ ਕਾਮਯਾਬ ਕਰਨ ਲਈ ਹਾਜ਼ਰ ਲੋਕਾਂ ਨੂੰ ਕੀਤੀ ਗਈ ਇੱਕ ਅਪੀਲ 'ਤੇ 29945 ਰੁਪਏ ਇਕੱਠੇ ਹੋਏ। ਲੋਕਾਂ ਨੂੰ ਬੈਠਣ ਲਈ ਮਦਦ ਕਰਨ ਵਾਸਤੇ ਅਤੇ ਹੋਰ ਪ੍ਰਬੰਧਾਂ ਦੀ ਦੇਖ ਰੇਖ ਕਰਨ ਲਈ ਬਕਾਇਦਾ ਲਾਲ ਰੰਗ ਦੀਆਂ ਟੀ ਸ਼ਰਟਾਂ ਪਹਿਨ ਕੇ ਵਾਲੰਟੀਅਰਾਂ ਨੂੰ ਆਪਣੇ ਮੋਰਚੇ ਸੰਭਾਲੇ ਹੋਏ ਸਨ।
ਜਲੰਧਰ  : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਫੈਸਲੇ ਮੁਤਾਬਕ ਮਾਝਾ ਜ਼ੋਨ ਦੀ ਪਠਾਨਕੋਟ ਵਿਖੇ ਵਿਸ਼ਾਲ ਰੈਲੀ ਤੋਂ ਬਾਅਦ ਦੁਆਬਾ ਜ਼ੋਨ ਦੀ ਰੈਲੀ 9 ਮਾਰਚ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਈ, ਜਿਸ ਦੀ ਪ੍ਰਧਾਨਗੀ ਸੂਬਾਈ ਪ੍ਰਧਾਨ ਗੰਗਾ ਪ੍ਰਸ਼ਾਦ ਨੇ ਕੀਤੀ। ਇਸ ਰੈਲੀ ਵਿੱਚ ਸੀ ਟੀ ਯੂ ਪੰਜਾਬ ਦੇ ਮੀਤ ਪ੍ਰਧਾਨ ਮੰਗਤ ਰਾਮ ਪਾਸਲਾ ਨੇ ਵਿਸ਼ੇਸ਼ ਰੂਪ ਵਿੱਚ ਸ਼ਮੂਲੀਅਤ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾਈ ਜਨਰਲ ਸਕੱਤਰ ਹਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਅੰਦਰ ਨਿਰਮਾਣ ਮਜ਼ਦੂਰਾਂ ਦੀ ਭਲਾਈ ਲਈ ਬਣੇ 1996 ਦੇ ਉਸਾਰੀ ਕਾਨੂੰਨ ਨੂੰ ਸਾਰਥਕ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਸੰਬੰਧੀ ਉਹਨਾਂ ਨੇ ਸੁਪਰੀਮ ਕੋਰਟ ਦੇ 16 ਅਕਤੂਬਰ 2015 ਦੇ ਫੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਅਨੁਸਾਰ ਨਿਰਮਾਣ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਰਜਿਸਟਰਡ ਕਰਨਾ, ਭਲਾਈ ਸਕੀਮਾਂ  ਰਾਹੀਂ ਲਾਭ ਪਹੁੰਚਾਉਣਾ, ਸਿੱਖਿਆ, ਸਿਹਤ ਅਤੇ ਬੀਮੇ ਦੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਹਨ, ਪਰ ਲੇਬਰ ਵਿਭਾਗ ਇਸ ਫੈਸਲੇ ਦੀ ਅਣਦੇਖੀ ਕਰ ਰਿਹਾ ਹੈ। ਉਨ੍ਹਾ ਕਿਹਾ ਕਿ ਪੰਜਾਬ ਅੰਦਰ ਪਿਛਲੇ ਸਾਢੇ ਸੱਤ ਸਾਲਾਂ ਵਿੱਚ ਸਿਰਫ ਚਾਰ ਲੱਖ ਮਜ਼ਦੂਰ ਹੀ ਰਜਿਸਟਰ ਹੋ ਸਕੇ ਹਨ, ਜਦੋਂ ਕਿ ਅਜੇ ਤੱਕ 12 ਲੱਖ ਮਜ਼ਦੂਰ ਅਣ-ਰਜਿਸਟਰਡ ਘਰੀਂ ਬੈਠੇ ਹੋਏ ਹਨ। ਇਹਨਾਂ ਰਜਿਸਟਰਡ ਮਜਦੂਰਾਂ ਵਿੱਚੋਂ 70 ਹਜ਼ਾਰ ਦੇ ਕਰੀਬ ਮਜ਼ਦੂਰਾਂ ਨੂੰ ਹੀ ਲਾਭ ਹੋਇਆ ਹੈ। ਉਨ੍ਹਾ ਅੱਗੇ ਕਿਹਾ ਕਿ ਇਹਨਾਂ ਰਜਿਸਟਰਡ ਮਜ਼ਦੂਰਾਂ ਵਿੱਚੋਂ ਲੇਬਰ ਵਿਭਾਗ ਦੀ ਅਣਗਹਿਲੀ ਕਰਕੇ ਕਰੀਬ ਡੇਢ ਲੱਖ ਮਜ਼ਦੂਰਾਂ ਦੀਆਂ ਕਾਪੀਆਂ ਨੂੰ ਰਿਨਿਊ ਨਹੀਂ ਕੀਤਾ ਜਾ ਰਿਹਾ। ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਤੋਂ ਮੰਗ ਕੀਤੀ ਕਿ ਰਾਜਸਥਾਨ ਦੀ ਤਰਜ਼ 'ਤੇ ਬੇਟੀ ਦੀ ਸ਼ਾਦੀ ਲਈ ਰਾਸ਼ੀ ਘੱਟੋ-ਘੱਟ 51000 ਰੁਪਏ, ਮਹਾਰਾਸ਼ਟਰ ਦੇ ਬੋਰਡ ਦੇ ਅਨੁਸਾਰ ਕਾਲਜ ਪੱਧਰ ਦੇ ਵਿਦਿਆਰਥੀਆਂ ਨੂੰ ਲੈਪਟਾਪ ਦੀ ਸਹੂਲਤ, ਦਾਹ ਸੰਸਕਾਰ ਦੀ ਰਾਸ਼ੀ ਵਜੋਂ 30 ਹਜ਼ਾਰ, ਘੱਟੋ-ਘੱਟ 4000 ਪ੍ਰਤੀ ਮਹੀਨਾ ਪੈਨਸ਼ਨ, ਹਾਦਸੇ ਦੌਰਾਨ ਮੌਤ 'ਤੇ ਰਾਸ਼ੀ ਘੱਟੋ-ਘਟ 10 ਲੱਖ, ਕੁਦਰਤੀ ਮੌਤ 'ਤੇ 5 ਲੱਖ ਅਤੇ ਹੁਣ ਤੱਕ ਲਾਭਪਾਤਰੀ ਮ੍ਰਿਤਕਾਂ ਦੀਆਂ ਵਿਧਵਾਵਾਂ ਦੀ ਪਹਿਲ ਦੇ ਅਧਾਰ 'ਤੇ ਪੈਨਸ਼ਨ ਲਗਾਈ ਜਾਵੇ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਸਰਕਾਰਾਂ ਵੱਲੋਂ ਆਪਣਾਈਆਂ ਜਾ ਰਹੀਆਂ ਨੀਤੀਆਂ ਨੇ ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ ਤੇ ਛੋਟੇ ਦੁਕਾਨਦਾਰਾਂ ਅਤੇ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਸਿੱਖਿਆ ਤੇ ਸਿਹਤ ਸੇਵਾਵਾਂ ਗਰੀਬ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਹਨ। ਹਰ ਖੇਤਰ ਅੰਦਰ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਉਨ੍ਹਾ ਕਿਹਾ ਕਿ ਪੰਜਾਬ ਅੰਦਰ ਅਕਾਲੀ-ਭਾਜਪਾ ਦੀ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਸਬਜ਼ਬਾਗ ਦਿਖਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਸਗੋਂ ਉਹਨਾਂ ਨੂੰ ਨਸ਼ਿਆਂ ਵੱਲ ਧੱਕ ਦਿੱਤਾ ਹੈ। ਉਨ੍ਹਾ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਜਿੱਥੇ ਉਹ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਹਨ, ਉੱਥੇ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਖਿਲਾਫ ਅਤੇ ਆਰ ਐੱਸ ਐੱਸ ਵੱਲੋਂ ਫੈਲਾਈ ਜਾ ਰਹੀ ਫਿਰਕਾਪ੍ਰਸਤੀ ਵਿਰੁੱਧ ਸੰਘਰਸ਼ 'ਚ ਵੀ ਪੂਰਾ ਯੋਗਦਾਨ ਪਾਉਣ।
ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਨੇ ਸੂਬਾਈ ਚੇਅਰਮੈਨ ਇੰਦਰਜੀਤ ਸਿੰਘ ਗਰੇਵਾਲ ਅਤੇ ਮੀਤ ਪ੍ਰਧਾਨ ਹਰੀਮੁਨੀ ਸਿੰਘ ਨੇ ਕਿਹਾ ਕਿ ਲੇਬਰ ਵਿਭਾਗ ਵੱਲੋਂ ਅੰਤਰਰਾਜੀ  ਮਜ਼ਦੂਰਾਂ ਨੂੰ ਰਜਿਸਟਰਡ ਕਰਨ ਸਮੇਂ ਕਈ ਤਰ੍ਹਾਂ ਦੀ ਬਹਾਨੇਬਾਜ਼ੀ ਕੀਤੀ ਜਾਂਦੀ ਹੈ। ਉਨ੍ਹਾ ਮੰਗ ਕੀਤੀ ਕਿ ਭਲਾਈ ਸਕੀਮਾਂ ਵਿੱਚ ਵਾਧਾ ਕੀਤਾ ਜਾਵੇ, ਤਹਿਸੀਲਾਂ ਅੰਦਰ ਯੂਨੀਅਨ ਦੇ ਨੁਮਾਇੰਦੇ ਲਏ ਜਾਣ। ਸੂਬਾਈ ਸਕੱਤਰ ਮਾਸਟਰ ਸੁਭਾਸ਼ ਸ਼ਰਮਾ ਤੇ ਸੂਬਾਈ ਮੀਤ ਪ੍ਰਧਾਨ ਬਲਦੇਵ ਸਿੰਘ ਨੇ ਮੰਗ ਕੀਤੀ ਕਿ ਘੱਟੋ-ਘੱਟ ਉਜਰਤ 15000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। ਇਹਨਾਂ ਤੋਂ ਇਲਾਵਾ ਸਰਵਣ ਸਿੰਘ, ਮਿਥਲੇਸ਼ ਕੁਮਾਰ, ਬਚਨ ਯਾਦਵ, ਨਗਿੰਦਰ ਕੁਮਾਰ, ਬਲਵਿੰਦਰ ਸਿੰਘ ਭੁਲੱਥ, ਸਤਪਾਲ ਸਹੋਤਾ, ਸਰੂਪ ਸਿੰਘ ਰਾਹੋਂ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਮੇਲਾ ਸਿੰਘ ਨੇ ਬੋਲਦਿਆਂ ਐਲਾਨ ਕੀਤਾ ਕਿ ਜੇਕਰ ਬੋਰਡ ਨੇ ਮੰਗਾਂ ਨਾ ਮੰਨੀਆਂ ਤਾਂ 1 ਜੂਨ ਤੋਂ ਸੰਘਰਸ਼ ਆਰੰਭਿਆ ਜਾਵੇਗਾ।
ਬਰਨਾਲਾ
: ਸਥਾਨਕ ਅਨਾਜ ਮੰਡੀ ਵਿਖੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਵੱਡੀ ਗਿਣਤੀ ਮਜ਼ਦੂਰਾਂ ਵਲੋਂ ਉਸਾਰੀ ਮਜ਼ਦੂਰਾਂ ਦੀ ਭਲਾਈ ਲਈ 'ਬਿਲਡਿੰਗ ਐਂਡ ਅਦਰਜ਼ ਕੰਸਟਰੱਕਸ਼ਨ ਵਰਕਰਜ਼ ਰੈਗੂਲੇਸਨ ਆਫ ਐਪਲਾਈਮੈਂਟ ਐਂਡ ਕੰਡੀਸ਼ਨ ਆਫ ਸਰਵਿਸ ਐਕਟ 1996' ਨੂੰ ਸਾਰਥਕ ਰੂਪ ਵਿਚ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਤੀਸਰੀ ਮਾਲਵਾ ਜ਼ੋਨ ਪੱਧਰੀ ਰੈਲੀ ਯੂਨੀਅਨ ਆਗੂ ਗੁਰਮੇਲ ਸਿੰਘ ਬਰਨਾਲਾ ਦੀ ਅਗਵਾਈ ਹੇਠ ਕੀਤੀ ਗਈ। ਰੈਲੀ ਉਪਰੰਤ ਸਰਕਾਰਾਂ ਖਿਲਾਫ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਸ਼ਹਿਰ ਅੰਦਰ ਰੋਸ ਮਾਰਚ ਵੀ ਕੀਤਾ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾਈ ਜਨਰਲ ਸਕੱਤਰ ਹਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਦੇਸ਼ ਅੰਦਰ ਇਸ ਕਾਨੂੰਨ ਨੂੰ ਬਣੇ 20 ਸਾਲ ਦੇ ਕਰੀਬ ਹੋ ਚੁੱਕੇ ਹਨ ਪ੍ਰੰਤੂ ਪੂਰੇ ਦੇਸ਼ ਅੰਦਰ ਪੰਜ ਕਰੋੜ 20 ਲੱਖ ਮਜ਼ਦੂਰਾਂ ਵਿਚੋਂ ਡੇਢ ਕਰੋੜ ਨੂੰ ਹੀ ਰਜਿਸਟਰਡ ਕੀਤਾ ਗਿਆ ਹੈ। ਪੰਜਾਬ ਅੰਦਰ 15 ਲੱਖ ਤੋਂ ਵਧੇਰੇ ਨਿਰਮਾਣ ਮਜ਼ਦੂਰ ਬਿਲਡਿੰਗਾਂ, ਸੜਕਾਂ, ਨਹਿਰਾਂ, ਡੈਮਾਂ, ਫਲਾਈਓਵਰਾਂ, ਸੁਰੰਗਾਂ ਆਦਿ ਦੀ ਉਸਾਰੀ ਦਾ ਕੰਮ ਕਰਦੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਇਸ ਕਾਨੂੰਨ ਨੂੰ ਲਾਗੂ ਹੋਇਆਂ ਸੱਤ ਸਾਲ ਤੋਂ ਵਧੇਰੇ ਦਾ ਸਮਾਂ ਹੋ ਗਿਆ ਹੈ। ਪ੍ਰੰਤੂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵਲੋਂ ਸਿਰਫ ਚਾਰ ਲੱਖ ਦੇ ਕਰੀਬ ਮਜ਼ਦੂਰਾਂ ਨੂੰ ਰਜਿਸਟਰਡ ਕੀਤਾ ਗਿਆ ਹੈ। ਦਿਹਾਤੀ ਮਜ਼ਦੂਰ ਸਭਾ ਦੇ ਆਗੂ ਮਹੀਪਾਲ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਅੱਜ ਪੰਜਾਬ ਅੰਦਰ ਆਰਥਿਕਤਾ ਕਾਫੀ ਕਮਜ਼ੋਰ ਹੋ ਚੁੱਕੀ ਹੈ ਜਿਸ ਕਾਰਨ ਕਿਸਾਨ ਤੇ ਮਜ਼ਦੂਰ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਸਮੂਹ ਮਜ਼ਦੂਰਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਦੇ ਰਾਹ ਪੈਣ ਦਾ ਸੱਦਾ ਦਿੱਤਾ।
ਇਸ ਮੌਕੇ ਮਲਕੀਤ ਸਿੰਘ ਬਰਨਾਲਾ, ਕਰਮਜੀਤ ਸਿੰਘ ਬੀਹਲਾ, ਗੁਰਸੇਵਕ ਸਿੰਘ, ਰਾਮ ਕੁਮਾਰ, ਅਮਰਜੀਤ ਪਟਿਆਲਾ ਤੇ ਜਸਵੰਤ ਸਿੰਘ ਰੋਮਾਣਾ ਆਦਿ ਆਗੂਆਂ ਨੇ ਸੰਬੋਧਨ ਕੀਤਾ।



ਜਨਵਾਦੀ ਇਸਤਰੀ ਸਭਾ ਨੇ ਮਨਾਇਆ ਕੌਮਾਂਤਰੀ ਮਹਿਲਾ ਦਿਵਸਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਕਸਬਾ ਘੁਮਾਣ (ਗੁਰਦਾਸਪੁਰ) 'ਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਔਰਤਾਂ ਸ਼ਾਮਲ ਹੋਈਆਂ। ਮਨਜੀਤ ਕੌਰ ਵੀਲਾ ਬੱਜੂ, ਪਰਮਜੀਤ ਕੌਰ ਧੰਦੋਲੀ, ਸੁਖਵਿੰਦਰ ਕੌਰ ਮਨੇਸ, ਸ਼ਿੰਦਰ ਕੌਰ ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਇਸ ਇਕੱਠ ਦੀ ਪ੍ਰਧਾਨਗੀ ਕੀਤੀ। ਔਰਤਾਂ ਨੇ ਮੌਜੂਦਾ ਪ੍ਰਬੰਧ ਵਿਚ ਹੋ ਰਹੇ ਔਰਤਾਂ ਨਾਲ ਮਾੜੇ ਵਤੀਰੇ ਖਿਲਾਫ ਹੱਥਾਂ 'ਚ ਤਖਤੀਆਂ ਫੜੀਆਂ ਹੋਈਆਂ ਸਨ। ਇਸ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਨਰਲ ਸਕੱਤਰ ਨੀਲਮ ਘੁਮਾਣ ਨੇ ਕਿਹਾ ਕਿ ਅੱਜ ਅਸੀਂ ਕੌਮਾਂਤਰੀ ਇਸਤਰੀ ਦਿਵਸ ਅਜਿਹੇ ਹਾਲਾਤ ਵਿਚ ਮਨਾ ਰਹੇ ਹਾਂ ਜਦੋਂ ਦੇਸ਼ ਅੰਦਰ ਔਰਤਾਂ ਬੜੀ ਹੀ ਮਾੜੀ ਅਵਸਥਾ ਵਿਚੋਂ ਲੰਘ ਰਹੀਆਂ ਹਨ। ਔਰਤਾਂ ਉਪਰ ਜਿਨਸੀ ਹਮਲੇ ਲਗਾਤਾਰ ਵੱਧ ਰਹੇ ਹਨ। ਬਲਾਤਕਾਰ, ਛੇੜਛਾੜ ਦੀਆਂ ਘਟਨਾਵਾਂ ਨਿੱਤ ਵਾਪਰ ਰਹੀਆਂ ਹਨ ਇੱਥੋਂ ਤੱਕ ਕਿ ਔਰਤਾਂ ਨੂੰ ਆਪਣੀ ਜਾਨ ਵੀ ਗਵਾਉਣੀ ਪੈ ਰਹੀ ਹੈ। ਇਸਦੇ ਉਲਟ ਸਰਕਾਰਾਂ ਵਲੋਂ ਬੜੇ ਦਾਅਵੇ ਕੀਤੇ ਜਾ ਰਹੇ ਹਨ ਕਿ ਹਾਲਾਤ ਸੁਧਰ ਗਏ ਹਨ ਜਦੋਂਕਿ ਅੱਜ ਵੀ 90% ਔਰਤਾਂ ਘਰੇਲੂ ਹਿੰਸਾ, ਸਮਾਜਿਕ ਜਬਰ, ਸ਼ੋਸ਼ਣ ਤੇ ਕੁਟਮਾਰ ਦਾ ਸ਼ਿਕਾਰ ਹਨ। ਲੋੜ ਹੈ ਇਹਨਾਂ 90 ਫੀਸਦੀ ਔਰਤਾਂ ਦੀ ਗੱਲ ਕਰਨ ਦੀ, ਉਹਨਾਂ ਦੀ ਬੰਦ ਖਲਾਸੀ ਲਈ ਰਾਹ ਚੁਣਨ ਦੀ। ਅੱਜ ਵੀ ਸਮਾਜ ਵਿਚ ਮਰਦ ਦੀ ਗਲਤੀ ਦੀ ਸਜ਼ਾ ਔਰਤ ਭੁਗਤਦੀ ਹੈ। ਅਖੌਤੀ ਪੰਚਾਇਤਾਂ ਵਲੋਂ ਔਰਤਾਂ ਨੂੰ ਹੀ ਸਜ਼ਾ ਦਿੱਤੀ ਜਾਂਦੀ ਹੈ। ਪਿਛਲੇ ਦਿਨੀਂ ਹਰਿਆਣਾ ਦੇ ਮੁਰਥਲ ਵਿਚ ਔਰਤਾਂ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੈਂਕੜੇ ਸਾਲਾਂ ਦਾ ਸਫਰ ਤੈਅ ਕਰਨ ਤੋਂ ਬਾਅਦ ਵੀ ਇਸ ਸਮਾਜ ਵਿਚ ਔਰਤਾਂ ਪ੍ਰਤੀ ਤੰਗ ਨਜ਼ਰੀਏ ਵਿਚ ਬਦਲਾਅ ਨਹੀਂ ਆਇਆ ਹੈ। ਔਰਤ ਅੱਜ ਵੀ ਆਪਣੀ ਪੱਤ ਦੇ ਨਾਲ ਨਾਲ ਜਾਨ ਬਚਾਉਂਦੀ ਇਸ ਪ੍ਰਬੰਧ ਵਿਰੁੱਧ ਸੰਘਰਸ਼ ਕਰ ਰਹੀ ਹੈ। ਕਾਮਰੇਡ ਨੀਲਮ ਘੁਮਾਣ ਨੇ ਸੰਬੋਧਨ ਕਰਦਿਆਂ ਸਰਕਾਰ ਕੋਲੋਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਦੁਹਰਾਈ ਤੇ ਔਰਤਾਂ ਨੂੰ ਆਪਣੇ ਹੱਕ ਲੈਣ ਲਈ ਜਥੇਬੰਦ ਹੋਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਜਦ ਤੱਕ ਔਰਤਾਂ ਜਥੇਬੰਦ ਨਹੀਂ ਹੋਣਗੀਆਂ, ਓਨਾ ਚਿਰ ਇਸ ਪ੍ਰਬੰਧ ਵਿਚ ਉਹਨਾਂ ਨਾਲ ਵਿਤਕਰਾ ਹੁੰਦਾ ਰਹੇਗਾ। ਇਸ ਇਕੱਠ ਨੂੰ ਭਰਾਤਰੀ ਸੰਦੇਸ਼ ਦੇਣ ਲਈ ਪਹੁੰਚੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਗੁਰਦਿਆਲ ਸਿੰਘ ਘੁਮਾਣ ਨੇ ਕਿਹਾ ਕਿ ਔਰਤਾਂ ਨੇ ਉਹਨਾਂ ਦਾ ਹੱਕ ਦਿਵਾਉਣ ਅਤੇ ਸਮਾਜ ਵਿਚ ਬਰਾਬਰਤਾ ਲਿਆਉਣ ਦੇ ਇਸ ਸੰਘਰਸ਼ ਵਿਚ ਸਾਡੀ ਸਭਾ ਤੁਹਾਡੇ ਨਾਲ ਹੈ। ਇਹਨਾਂ ਤੋਂ ਇਲਾਵਾ ਇਕੱਠ ਨੂੰ ਮਨਜੀਤ ਕੌਰ ਵੀਲਾ, ਬਲਵਿੰਦਰ ਕੌਰ ਮੋਮਨਵਾਲ, ਰਾਣੀ ਮੋਮਨਵਾਲ, ਮਨਜੀਤ ਕੌਰ ਮੋਮਨਵਾਲ, ਬੱਬੀ ਵੀਲਾ ਬੱਜੂ, ਮਨਜੀਤ ਕੌਰ ਕੋਟਲੀ, ਅਮਰੀਕ ਕੌਰ ਕੋਟਲੀ ਅਤੇ ਲਖਬੀਰ ਸਿੰਘ ਪੰਦੋਈ, ਬਲਵਿੰਦਰ ਸਿੰਘ ਮਨੇਸ, ਭਗਤ ਰਾਮ ਸ਼੍ਰੀ ਹਰਗੋਬਿੰਦਪੁਰ, ਗਿਆਨ ਸਿੰਘ, ਲਖਵਿੰਦਰ ਧੰਦੋਈ, ਪਰਮਜੀਤ ਕੌਰ ਮੰਡ, ਜਗਰੂਪ ਕੌਰ ਵੀਲਾ ਨੇ ਵੀ ਸੰਬੋਧਨ ਕੀਤਾ।
ਅਜਨਾਲਾ : ਅਜਨਾਲਾ ਵਿਖੇ ਵੀ ਜਨਵਾਦੀ ਇਸਤਰੀ ਸਭਾ ਵਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਤ 'ਔਰਤਾਂ ਤੇ ਜਬਰ ਵਿਰੋਧੀ ਵਿਸ਼ਾਲ ਰੈਲੀ' ਤਹਿਸੀਲ ਪ੍ਰਧਾਨ ਬੀਬੀ ਅਜੀਤ ਕੌਰ ਕੋਟ ਰਜਾਦਾ, ਸਰਬਜੀਤ ਕੌਰ ਤਲਵੰਡੀ, ਸਰਪੰਚ ਸੁਰਜੀਤ ਕੌਰ ਉਮਰਪੁਰਾ, ਹਰਜਿੰਦਰ ਕੌਰ ਦੀ ਸਾਂਝੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਵਿਚ ਸੂਬਾ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਉਚੇਚੇ ਤੌਰ 'ਤੇ ਸ਼ਾਮਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਬੀਬੀ ਨੀਲਮ ਘੁਮਾਣ ਨੇ ਅਜੋਕੇ ਸਾਮਰਾਜੀ ਨਿਰਦੇਸ਼ਿਤ ਸਰਮਾਏਦਾਰੀ ਰਾਜ ਪ੍ਰਬੰਧ ਦੌਰਾਨ ਔਰਤਾਂ 'ਤੇ ਸਮਾਜਿਕ, ਆਰਥਿਕ ਤੇ ਜਿਨਸੀ ਹਮਲਿਆਂ ਦਾ ਤੱਥਾਂ ਸਹਿਤ ਵਰਣਨ ਕੀਤਾ ਅਤੇ ਇੱਜ਼ਤ ਗੁਆਉਣ ਤੋਂ ਲੈ ਕੇ ਆਰਥਿਕਤਾ ਦੀ ਦੋਹਰੀ ਮਾਰ ਝੱਲ ਰਹੀਆਂ ਔਰਤਾਂ ਨੂੰ ਆਪਣੇ ਹਿੱਤਾਂ ਤੇ ਹੱਕਾਂ ਦੀ ਰਾਖੀ ਲਈ ਸਰਕਾਰਾਂ ਤੇ ਟੇਕ ਰੱਖਣ ਦੀ ਬਜਾਇ ਜਥੇਬੰਦ ਹੋਣ ਲਈ ਪਿੰਡ-ਪਿੰਡ ਤੇ ਸ਼ਹਿਰੀ ਮੁਹੱਲਿਆਂ 'ਚ ਜਨਵਾਦੀ ਇਸਤਰੀ ਸਭਾ ਪੰਜਾਬ ਦੀਆਂ ਇਕਾਈਆਂ ਸਥਾਪਿਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਆਗੂ ਮਨਜੀਤ ਕੌਰ, ਜਗੀਰ ਕੌਰ ਤੇੜਾ, ਮਨਜੀਤ ਕੌਰ ਕੋਟਲੀ ਖਹਿਰਾ, ਕਰਮਜੀਤ ਕੌਰ ਉਮਰਪੁਰਾ, ਹਰਬੰਸ ਕੌਰ ਜਸਤਰਵਾਲ, ਬੀਬੀ ਸੋਨਾ ਤੜੀ, ਬਲਵਿੰਦਰ ਕੌਰ ਤਲਵੰਡੀ, ਪਰਮਜੀਤ ਕੌਰ ਕੋਟ ਰਜ਼ਾਦਾ ਆਦਿ ਮੌਜੂਦ ਸਨ।
ਪਲਾਸੀ (ਰੋਪੜ) : ਜਨਵਾਦੀ ਇਸਤਰੀ ਸਭਾ ਪੰਜਾਬ ਦੀ ਰੋਪੜ ਇਕਾਈ ਵਲੋਂ 8 ਮਾਰਚ ਨੂੰ ਪਲਾਸੀ ਵਿਖੇ ਇਸਤਰੀ ਦਿਵਸ ਇਕ ਵੱਡੀ ਮੀਟਿੰਗ ਕਰਕੇ ਮਨਾਇਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬੇ ਦੀ ਪ੍ਰਧਾਨ ਬੀਬੀ ਦਰਸ਼ਨ ਕੌਰ ਨੇ ਔਰਤਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਵਾਸਤੇ ਸੰਘਰਸ਼ਾਂ ਦੇ ਪਿੜ ਮੱਲਣ ਲਈ ਅਪੀਲ ਕੀਤੀ।  ਭਰਾਰਤੀ ਸਹਿਯੋਗ ਵਜੋਂ ਕਾਮਰੇਡ ਮਲਕੀਤ ਸਿੰਘ ਕਿਸਾਨ ਸਭਾ ਦੇ ਆਗੂ ਅਤੇ ਮੁਲਾਜ਼ਮ ਆਗੂ ਕਾਮਰੇਡ ਹਿੰਮਤ ਸਿੰਘ ਤੋਂ ਇਲਾਵਾ ਬੀਬੀ ਪਰਮਜੀਤ ਕੌਰ ਨੇ ਵੀ ਸੰਬੋਧਨ ਕੀਤਾ। 



ਬਟਾਲਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਤ ਸਮਾਗਮਬਟਾਲਾ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਏਰੀਆ ਕਮੇਟੀ ਸ਼ਕਰੀ ਵਲੋਂ ਸਾਥੀ ਰੌਸ਼ਨ ਸਿੰਘ, ਮਨਦੀਪ ਕੌਰ ਅਤੇ ਰਾਜ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ ਤੇ ਵਿਸ਼ਾਲ ਨੌਜਵਾਨ-ਵਿਦਿਆਰਥੀ ਇਕੱਠ ਕੀਤਾ ਗਿਆ।
ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਸ਼ਹੀਦਾਂ, ਦੇਸ਼ ਭਗਤਾਂ ਦੀ ਕੁਰਬਾਨੀ ਕਰਕੇ ਸਾਡਾ ਦੇਸ਼ ਬਰਤਾਨਵੀ ਸਾਮਰਾਜ ਦੀ ਗੁਲਾਮੀ ਤੋਂ ਆਜ਼ਾਦ ਹੋ ਸਕਿਆ ਸੀ ਪਰ ਆਜ਼ਾਦੀ ਤੋਂ ਬਾਅਦ ਰਾਜਸੱਤਾ ਤੇ ਕਾਬਜ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਲਾਗੂ ਕੀਤੀਆਂ ਗਈਆਂ ਨਵਉਦਾਰਵਾਦੀ ਨੀਤੀਆਂ ਕਾਰਨ ਅੱਜ ਨੌਜਵਾਨਾਂ ਕੋਲੋਂ ਵਿਦਿਆ, ਰੁਜ਼ਗਾਰ, ਸਿਹਤ ਸੇਵਾਵਾਂ ਵਰਗੀਆਂ ਸਹੂਲਤਾਂ ਖੁਸ ਗਈਆਂ ਹਨ।  ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਨਸ਼ਿਆਂ ਦੀ ਦਲਦਲ ਵਿਚ ਸੁੱਟਿਆ ਜਾ ਰਿਹਾ ਹੈ। ਦੇਸ਼ ਅੰਦਰ ਫਿਰਕੂ ਮਾਹੌਲ ਪੈਦਾ ਕਰਕੇ ਵੰਡੀਆਂ ਪਾਈਆਂ ਜਾ ਰਹੀਆਂ ਹਨ। ਇਸ ਮੌਕੇ ਇਕ ਮਤੇ ਰਾਹੀਂ ਹੈਦਰਾਬਾਦ ਯੂਨੀਵਰਸਿਟੀ ਅਤੇ ਜੇਐਨਯੂ ਦਿੱਲੀ ਦੀਆਂ ਘਟਨਾਵਾਂ ਦੀ ਨਿਖੇਧੀ ਕੀਤੀ ਅਤੇ ਨੌਜਵਾਨਾਂ ਨੂੂੰ ਅਪੀਲ ਕੀਤੀ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਅੱਗੇ ਆਉਣ। ਇਸ ਮੌਕੇ ਮਮਤਾ, ਵਿਲੀਅਮ, ਕਾਲਾ ਮਸੀਹ, ਨੀਤੂ ਨਾਹਰ, ਟੀਨਾ, ਹਰਜਿੰਦਰ ਸਿੰਘ, ਗੁਰਜੀਤ ਗੱਗੋਵਾਲੀ, ਗੱਜਣ ਸਿੰਘ ਆਦਿ ਹਾਜ਼ਰ ਸਨ। 

No comments:

Post a Comment