Friday 11 March 2016

ਸੰਪਾਦਕੀ (ਸੰਗਰਾਮੀ ਲਹਿਰ-ਮਾਰਚ 2016)

ਖੱਬੀਆਂ ਸ਼ਕਤੀਆਂ ਵਿਚਕਾਰ ਸੰਗਰਾਮੀ ਇਕਜੁਟਤਾ ਦੀ ਇਤਿਹਾਸਕ ਲੋੜ 
ਦੇਸ਼ ਦੀ ਸਿਰਮੌਰ ਸਿਖਿਆ ਸੰਸਥਾ-ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਵਿਚ, 9 ਫਰਵਰੀ ਨੂੰ ਕੁਝ ਵਿਦਿਆਰਥੀਆਂ ਵਲੋਂ ਅਖੌਤੀ ਦੇਸ਼ ਵਿਰੋਧੀ ਨਾਅਰੇ ਮਾਰਨ ਉਪਰੰਤ ਵਾਪਰੀਆਂ ਘਟਨਾਵਾਂ ਨੇ ਖੱਬੀਆਂ, ਜਮਹੂਰੀ ਤੇ ਧਰਮ ਨਿਰਪੱਖ ਸ਼ਕਤੀਆਂ ਲਈ ਗੰਭੀਰ ਚਨੌਤੀਆਂ ਉਭਾਰੀਆਂ ਹਨ। ਇਸ ਨਾਅਰੇਬਾਜ਼ੀ ਨੂੰ ਆਧਾਰ ਬਣਾਕੇ, ਮੋਦੀ ਸਰਕਾਰ ਦੀ ਸਿੱਧੀ ਸ਼ਹਿ 'ਤੇ, ਆਰ.ਐਸ.ਐਸ ਨਾਲ ਸਬੰਧਤ ਫਿਰਕੂ-ਫਾਸ਼ੀਵਾਦੀ ਟੋਲਿਆਂ ਨੇ ਦੇਸ਼ ਭਰ ਵਿਚ ਖੜਦੁੰਬ ਮਚਾਈ ਹੋਈ ਹੈ।
ਜੇ.ਐਨ.ਯੂ. ਦੇ ਵਿਦਿਆਰਥੀਆਂ ਦੀ ਜਥੇਬੰਦੀ ਦੇ ਜਮਹੂਰੀ ਢੰਗ ਨਾਲ ਚੁਣੇ ਹੋਏ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਸਥਾਪਤ ਪ੍ਰੰਪਰਾਵਾਂ ਤੇ ਨਿਯਮਾਂ ਦੀ ਘੋਰ ਉਲੰਘਣਾ ਕਰਕੇ ਗ੍ਰਿਫਤਾਰ ਕਰਨਾ; ਉਸ ਉਪਰ ਝੂਠੇ ਤੇ ਮਨਘੜਤ ਇਲਜ਼ਾਮ ਲਾ ਕੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨਾ, ਇਸ ਸਾਧਾਰਨ ਘਟਨਾ ਪਿੱਛੇ ਵਿਦੇਸ਼ੀ ਸਾਜਸ਼ ਹੋਣ ਦੀ ਗ੍ਰਹਿ ਮੰਤਰੀ ਵਲੋਂ ਝੂਠੀ ਕਹਾਣੀ ਘੜਨਾ, ਕਨ੍ਹਈਆ ਕੁਮਾਰ ਅਤੇ ਉਸਦੇ ਕੇਸ ਦੀ ਪੈਰਵੀ ਕਰ ਰਹੇ ਵਕੀਲਾਂ ਤੇ ਹੋਰ ਲੋਕਾਂ ਉਪਰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਚ ਵਾਰ ਵਾਰ ਜਾਨ ਲੇਵਾ ਹਮਲੇ ਹੋਣੇ, ਸਮੁੱਚੀ ਖੱਬੀ ਧਿਰ ਨੂੰ ਆਤੰਕਤ ਕਰਨ ਲਈ ਕਮਿਊਨਿਸਟ ਪਾਰਟੀਆਂ ਦੇ ਦਫਤਰਾਂ 'ਤੇ ਹਮਲੇ ਕਰਨੇ ਤੇ ਉਹਨਾਂ ਦੇ ਆਗੂਆਂ ਨੂੰ ਸ਼ਰੇਆਮ ਧਮਕੀਆਂ ਦੇਣਾ, ਇਹਨਾਂ ਸਾਰੇ ਹਮਲਿਆਂ ਸਮੇਂ ਪੁਲਸ ਦਾ ਮੂਕ ਦਰਸ਼ਕ ਬਣੇ ਰਹਿਣਾ ਅਤੇ ਸੰਘ ਪਰਿਵਾਰ ਦੇ ਬੁਲਾਰਿਆਂ ਵਲੋਂ ਦੇਸ਼ ਦੀ ਸਮੁੱਚੀ ਖੱਬੀ ਧਿਰ ਨੂੰ ਦੇਸ਼ ਧਰੋਹੀ ਗਰਦਾਨ ਦੇਣ ਦੀ ਹਿਮਾਕਤ ਕਰਨ ਤੱਕ ਚਲੇ ਜਾਣਾ ਆਦਿ, ਨਿਸ਼ਚੇ ਹੀ ਏਥੇ ਹਿਟਲਰਸ਼ਾਹੀ ਦੀ ਆਮਦ ਨੂੰ ਵੱਡੀ ਹੱਦ ਤੱਕ ਬੇਨਕਾਬ ਕਰਦਾ ਹੈ। ਇਹਨਾਂ ਸਾਰੀਆਂ ਚਿੰਤਾਜਨਕ ਘਟਨਾਵਾਂ ਨੇ ਖੱਬੀਆਂ ਸ਼ਕਤੀਆਂ ਦੀ ਇਕਜੁੱਟਤਾ ਦੀ ਇਤਿਹਾਸਕ ਲੋੜਵੰਦੀ ਨੂੰ ਹੋਰ ਵਧੇਰੇ ਪ੍ਰਮੁੱਖਤਾ ਤੇ ਸ਼ਿੱਦਤ ਨਾਲ ਉਭਾਰਕੇ ਸਾਹਮਣੇ ਲੈ ਆਂਦਾ ਹੈ।
ਭਾਰਤ ਦੇ ਦੇਸ਼ ਭਗਤ ਲੋਕਾਂ ਲਈ ਹਮੇਸ਼ਾ ਹੀ ਇਹ ਚਿੰਤਾ ਦਾ ਵਿਸ਼ਾ ਰਿਹਾ ਹੈ ਕਿ ਏਥੇ ਪਿਛਾਖੜੀ ਤੇ ਹਨੇਰਬਿਰਤੀਵਾਦੀ ਵਿਚਾਰਧਾਰਾ ਦੇ ਅਲੰਬਰਦਾਰ ਫਿਰਕੂ ਤੇ ਜਨੂੰਨੀ ਅਨਸਰ ਕੇਵਲ ਘੱਟ ਗਿਣਤੀਆਂ ਉਪਰ ਹੀ ਘਿਨਾਉਣੇ ਤੇ ਅਮਾਨਵੀ ਹਮਲੇ ਨਹੀਂ ਕਰਦੇ ਬਲਕਿ ਹਰ ਪ੍ਰਕਾਰ ਦੇ ਅਗਾਂਹਵਧੂ ਵਿਚਾਰਾਂ ਉਪਰ ਵੀ ਫਾਸ਼ੀ ਹਮਲੇ ਕਰਦੇ ਆ ਰਹੇ ਹਨ। ਉਹ, ਭਾਰਤੀ ਸੰਵਿਧਾਨ ਵਿਚ ਦਰਜ ਲਿਖਣ ਤੇ ਬੋਲਣ ਦੀ ਆਜ਼ਾਦੀ ਦੇ ਬੁਨਿਆਦੀ ਅਧਿਕਾਰ ਨੂੰ ਵੀ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਨ ਅਤੇ ਉਹ ਵਿਗਿਆਨਕ ਲੀਹਾਂ ਦੀ ਪਾਲਣਾ ਕਰਨ ਵਾਲੇ ਸਮਾਜਿਕ-ਰਾਜਨੀਤਕ ਚਿੰਤਕਾਂ ਦੀ ਅਲਖ ਮਿਟਾਉਣਾ ਚਾਹੁੰਦੇ ਹਨ। ਉਹ, ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਦੀ ਨਿਰੰਤਰ ਤਿੱਖੀ ਹੁੰਦੀ ਜਾ ਰਹੀ ਲੁੱਟ ਖਸੁੱਟ ਵਿਰੁੱਧ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਦੇਸ਼ ਧਰੋਹੀ ਕਹਿਕੇ ਭੰਡਦੇ ਹਨ। ਜਾਤੀਵਾਦ ਦਾ ਸਦੀਆਂ ਤੋਂ ਨਰਕ ਭੋਗਦੇ ਆ ਰਹੇ ਦਲਿਤਾਂ ਅੰਦਰ ਪੈਦਾ ਹੋਈ ਸੰਗਰਾਮੀ ਚੇਤਨਾ ਨੂੰ ਇਹ ਫਿਰਕੂ ਜਨੂੰਨੀ ਆਪਣੀ ਮੌਤ ਦਾ ਘੋਰੜੂ ਸਮਝਕੇ ਕੋਸਦੇ ਹਨ ਅਤੇ ਰੋਹਿਤ ਵੇਮੁੱਲਾ ਵਰਗੇ ਹੋਣਹਾਰ ਨੌਜਵਾਨਾਂ ਨੂੰ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਕਰਦੇ ਹਨ। ਉਹ, ਹਰ ਤਰ੍ਹਾਂ ਦੇ ਵਿਤਕਰਿਆਂ ਬੇਇਨਸਾਫੀਆਂ ਅਤੇ ਜਬਰਾਂ ਵਿਰੁੱਧ ਔਰਤਾਂ ਅੰਦਰ ਉਠ ਰਹੀ ਆਜ਼ਾਦੀ ਦੀ ਜੁਆਲਾ ਨੂੰ ਬੁਝਾਉਣਾ ਲੋਚਦੇ ਹਨ ਅਤੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੀ ਸਰਵ-ਕਲਿਆਣਕਾਰੀ ਵਿਚਾਰਧਾਰਾ ਨੂੰ ਰੰਗ ਬਿਰੰਗੇ ਸੰਕੀਰਨਤਾਵਾਦੀ ਜਾਮੇ ਪਹਿਨਾਉਣਾ ਚਾਹੁੰਦੇ ਹਨ। ਇਹੋ ਕਾਰਨ ਹੈ ਕਿ ਨਾਅਰੇਬਾਜ਼ੀ ਦੀ ਇਕ ਮਾਮੂਲੀ ਘਟਨਾ ਨੂੰ ਬਹਾਨਾ ਬਣਾਕੇ ਇਹ ਪਿਛਾਖੜੀ ਟੋਲੇ ਜੇ.ਐਨ.ਯੂ. ਨੂੰ ਬੰਦ ਕਰ ਦੇਣ ਦੇ ਤਾਨਾਸ਼ਾਹੀ ਐਲਾਨ ਕਰਨ ਤੱਕ ਚਲੇ ਗਏ ਹਨ।
ਇਹਨਾਂ ਹਾਲਤਾਂ ਵਿਚ ਏਨੀ ਕੁ ਹਾਂ-ਪੱਖੀ ਪ੍ਰਾਪਤੀ ਜ਼ਰੂਰ ਹੈ ਕਿ ਇਸ ਫਿਰਕੂ ਫਾਸ਼ੀਵਾਦੀ ਹਮਲੇ ਨੇ ਖੱਬੀਆਂ ਸ਼ਕਤੀਆਂ ਨੂੰ, ਛੋਟੇ ਮੋਟੇ ਸਿਧਾਂਤਕ ਮੱਤਭੇਦਾਂ ਤੇ ਪ੍ਰਸਪਰ ਗਿਲੇ-ਸ਼ਿਕਵਿਆਂ ਤੋਂ ਉਪਰ ਉਠਕੇ, ਇਸ ਫਿਰਕੂ ਨਾਗ ਦਾ ਮਿਲਕੇ ਟਾਕਰਾ ਕਰਨ ਦੇ ਰਾਹ ਤੋਰਿਆ ਹੈ। ਪਿਛਲੇ ਦਿਨੀਂ ਜਲੰਧਰ ਵਿਖੇ, ਖੱਬੀਆਂ ਸ਼ਕਤੀਆਂ ਨਾਲ ਸਬੰਧਤ 8-10 ਰਾਜਸੀ ਧਿਰਾਂ ਵਲੋਂ ਸੈਂਕੜਿਆਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਕੀਤੀ ਗਈ ਬਹੁਤ ਹੀ ਪ੍ਰਭਾਵਸ਼ਾਲੀ ਕਨਵੈਨਸ਼ਨ ਅਤੇ ਲਾਮਿਸਾਲ ਮੁਜ਼ਾਹਰਾ ਇਸ ਗੱਲ ਦਾ ਪ੍ਰਤੀਕ ਹੈ ਕਿ ਸੰਘ ਪਰਿਵਾਰ ਦੀਆਂ ਕਿਰਤੀ ਲੋਕਾਂ 'ਚ ਫੁੱਟ-ਪਾਊਣ ਵਾਲੀਆਂ ਫਿਰਕੂ ਤੇ ਜਨੂੰਨੀ ਕਾਰਵਾਈਆਂ ਨੂੰ ਖੱਬੀਆਂ ਸ਼ਕਤੀਆਂ ਰੋਕਣ ਦੇ ਸਮਰੱਥ ਹਨ ਅਤੇ ਉਹ ਆਪਣੀ ਇਸ ਇਤਿਹਾਸਕ ਜ਼ੁੰਮੇਵਾਰੀ ਨੂੰ ਨਿਭਾਉਣ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਕਰਨ ਤੋਂ ਕਦੇ ਵੀ ਪਿਛਾਂਹ ਨਹੀਂ ਹਟਣਗੀਆਂ।
ਸਪੱਸ਼ਟ ਰੂਪ ਵਿਚ ਖੱਬੀ ਧਿਰ ਲਈ ਇਹ ਇਕ ਅਹਿਮ ਵਿਚਾਰਧਾਰਕ ਤੇ ਸਿਆਸੀ ਯੁੱਧ ਹੈ। ਜਿਸਦਾ ਬਹੁਪੱਖੀ ਵਿਸਤਾਰ ਲੋੜੀਂਦਾ ਹੈ। ਇਸ ਦਿਸ਼ਾ ਵਿਚ, ਫੌਰੀ ਤੌਰ 'ਤੇ, ਇਸ ਗੱਲ ਦੀ ਵੀ ਭਾਰੀ ਲੋੜ ਹੈ ਕਿ ਨਿੱਤਾ ਪ੍ਰਤੀ ਦੀਆਂ ਆਰਥਕ ਤੇ ਜਮਾਤੀ ਸਮੱਸਿਆਵਾਂ ਦੇ ਹੱਲ ਲਈ ਵੀ ਸਮੂਹ ਖੱਬੀਆਂ ਸ਼ਕਤੀਆਂ ਵਲੋਂ ਮਿਲਕੇ ਸ਼ਕਤੀਸ਼ਾਲੀ ਜਨਤਕ ਦਬਾਅ ਬਣਾਇਆ ਜਾਵੇ ਅਤੇ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਦਾ ਮੂੰਹ ਭੰਨਿਆ ਜਾਵੇ। ਮੋਦੀ ਸਰਕਾਰ ਇਹਨਾਂ ਲੋਕਮਾਰੂ ਨੀਤੀਆਂ ਨੂੰ ਵਾਹੋ ਦਾਹੀ ਲਾਗੂ ਕਰ ਰਹੀ ਹੈ। ਜਿਸ ਨਾਲ ਕਿਰਤੀ ਲੋਕਾਂ ਉਪਰ ਮੁਸੀਬਤਾਂ ਦੇ ਨਿੱਤ ਨਵੇਂ ਪਹਾੜ ਲੱਦੇ ਜਾ ਰਹੇ ਹਨ। ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਖੋਹਕੇ ਦੇਸੀ ਤੇ ਵਿਦੇਸ਼ੀ ਕੰਪਨੀਆਂ ਦੇ ਹਵਾਲੇ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਕਿਰਤ-ਕਾਨੂੰਨਾਂ ਉਪਰ ਕਈ ਪ੍ਰਕਾਰ ਦੇ ਮਜ਼ਦੂਰ ਮਾਰੂ ਹਮਲੇ ਕੀਤੇ ਜਾ ਰਹੇ ਹਨ। ਜਨਤਕ ਖੇਤਰ ਦੇ ਅਦਾਰੇ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ ਅਤੇ ਮੁਨਾਫਾਖੋਰ ਬਘਿਆੜਾਂ ਦੇ ਹਵਾਲੇ ਕੀਤੇ ਜਾ ਰਹੇ ਹਨ। ਏਥੋਂ ਤੱਕ ਕਿ ਸੜਕਾਂ, ਰੇਲਾਂ ਤੇ ਆਵਾਜਾਈ ਦੇ ਹੋਰ ਸਾਧਨਾਂ ਦਾ ਵੀ ਨਿੱਜੀਕਰਨ ਕੀਤਾ ਜਾ ਰਿਹਾ ਹੈ। ਦੇਸ਼ ਦੀ ਸਮੁੱਚੀ ਆਰਥਕਤਾ ਖੁੱਲੀ ਮੰਡੀ ਦੀਆਂ ਨਿਰਦਈ ਸ਼ਕਤੀਆਂ ਦੇ ਰਹਿਮੋ-ਕਰਮ 'ਤੇ ਛੱਡੀ ਜਾ ਰਹੀ ਹੈ। ਜਿਸ ਨਾਲ ਮਹਿੰਗਾਈ ਨੇ ਲੋਕਾਂ ਦਾ ਲਹੂ ਨਿਚੋੜ ਸੁੱਟਿਆ ਹੈ। ਦੇਸ਼ 'ਚ ਬੇਰੁਜ਼ਗਾਰੀ ਨਿਰੰਤਰ ਵੱਧਦੀ ਜਾ ਰਹੀ ਹੈ। ਲੋਕ ਗੁਜ਼ਾਰੇਯੋਗ ਰੁਜ਼ਗਾਰ ਤੋਂ ਵਿਰਵੇ ਹੋ ਰਹੇ ਹਨ ਅਤੇ ਅਰਧ ਬੇਰੁਜ਼ਗਾਰੀ ਦੀ ਭੱਠੀ ਵਿਚ ਪੈ ਕੇ ਘੋਰ ਨਿਰਾਸ਼ਾਵਾਦ ਦੇ ਸ਼ਿਕਾਰ ਬਣ ਰਹੇ ਹਨ। ਭਿਅੰਕਰ ਹੱਦ ਤੱਕ ਵੱਧ ਚੁੱਕੇ ਤੇ ਸੰਸਥਾਗਤ ਰੂਪ ਧਾਰਨ ਕਰ ਗਏ ਭਰਿਸ਼ਟਾਚਾਰ ਨੇ ਲੋਕਾਂ ਦੀਆਂ ਆਰਥਕ ਮੁਸ਼ਕਲਾਂ 'ਚ ਹੀ ਵਾਧਾ ਨਹੀਂ ਕੀਤਾ ਬਲਕਿ ਦੇਸ਼ ਦੇ ਸਿਹਤਮੰਦ ਸਭਿਆਚਾਰ ਨੂੰ ਵੀ ਭਾਰੀ ਢਾਅ ਲਾਈ ਹੋਈ ਹੈ। ਸਿੱਖਿਆ ਤੇ ਸਿਹਤ ਸੇਵਾਵਾਂ ਦਾ ਲਗਭਗ ਮੁਕੰਮਲ ਰੂਪ ਵਿਚ ਵਪਾਰੀਕਰਨ ਹੋ ਚੁੱਕਾ ਹੈ। ਸਮਾਜਿਕ ਸੁਰੱਖਿਆ ਨਾਲ ਸਬੰਧਤ ਸਰੋਕਾਰ ਤੇ ਸੰਸਥਾਵਾਂ ਬੀਤੇ ਦੀ ਯਾਦ ਬਣ ਜਾਣ ਵੱਲ ਵੱਧ ਰਹੇ ਹਨ। ਇਹੋ ਕਾਰਨ ਹੈ ਕਿ ਕਿਰਤੀ ਜਨਸਮੂਹਾਂ ਦਾ ਹਰ ਹਿੱਸਾ ਜਿਵੇਂਕਿ  ਸਨਅਤੀ ਤੇ ਸ਼ਹਿਰੀ ਮਜ਼ਦੂਰ, ਦਿਹਾਤੀ ਮਜ਼ਦੂਰ, ਕਿਸਾਨ, ਬੇਰੁਜ਼ਗਾਰ ਤੇ ਅਰਧ ਬੇਰੁਜ਼ਗਾਰ ਨੌਜਵਾਨ, ਮੁਲਾਜ਼ਮ, ਕੰਮਕਾਜੀ ਮਹਿਲਾਵਾਂ, ਛੋਟੇ ਦੁਕਾਨਦਾਰ, ਵਿਦਿਆਰਥੀ ਆਦਿ ਸਾਰੇ ਹੀ ਆਪੋ ਆਪਣੀਆਂ ਸਮੱਸਿਆਵਾਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਸੰਘਰਸ਼ਸ਼ੀਲ ਹਨ। ਇਹਨਾਂ ਸਾਰੇ ਸੰਘਰਸ਼ਾਂ ਨੂੰ ਇਕ ਕਲਿਆਣਕਾਰੀ ਤੇ ਬੱਝਵੀਂ ਦਿਸ਼ਾ ਦੇਣ ਦੀ ਅੱਜ ਭਾਰੀ ਲੋੜ ਹੈ। ਇਹ ਇਤਿਹਾਸਕ ਕਾਰਜ ਵੀ ਸਮੁੱਚੀ ਖੱਬੀ ਧਿਰ ਦੀ ਇਕਜੁੱਟਤਾ ਤੇ ਅਸਰਦਾਰ ਦਖਲਅੰਦਾਜ਼ੀ ਦੀ ਮੰਗ ਕਰਦਾ ਹੈ।
ਇਸ ਸੰਦਰਭ ਵਿਚ ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਵਲੋਂ ਪੰਜਾਬ ਵਾਸੀਆਂ ਦੀਆਂ 15 ਫੌਰੀ ਮੰਗਾਂ ਦੀ ਪ੍ਰਾਪਤੀ ਲਈ ਆਰੰਭੇ ਹੋਏ ਜਨਤਕ ਸੰਘਰਸ਼ ਦੇ ਅਗਲੇ ਪੜ੍ਹਾਅ ਵਜੋਂ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਦਾ ਪਰਚਮ ਬੁਲੰਦ ਕਰਨ ਲਈ 23 ਮਾਰਚ ਨੂੰ ਉਹਨਾਂ ਦੇ ਸ਼ਹੀਦੀ ਦਿਵਸ 'ਤੇ ਖਟਕੜ ਕਲਾਂ ਵਿਖੇ ਵਿਸ਼ਾਲ ਰਾਜਨੀਤਕ ਕਾਨਫਰੰਸ ਕੀਤੀ ਜਾ ਰਹੀ ਹੈ। ਏਸੇ ਦਿਨ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਸਥਲ ਹੁਸੈਨੀਵਾਲਾ ਵਿਖੇ ਸੰਘਰਸ਼ਸ਼ੀਲ ਨੌਜਵਾਨ ਜਥੇਬੰਦੀਆਂ ਵਲੋਂ ਵੀ ਵਿਸ਼ਾਲ ਸੂਬਾਈ ਇਕੱਠ ਕਰਕੇ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਪ੍ਰਣ ਲਿਆ ਜਾਵੇਗਾ ਅਤੇ ਬੇਰੁਜ਼ਗਾਰੀ ਤੇ ਨਸ਼ਾਖੋਰੀ ਵਰਗੀਆਂ ਲਾਅਨਤਾਂ ਵਿਰੁੱਧ ਦਰਿੜ੍ਹਤਾ ਭਰਪੂਰ ਸਾਂਝਾ ਸੰਘਰਸ਼ ਲਾਮਬੰਦ ਕਰਨ ਦੇ ਐਲਾਨ ਕੀਤੇ ਜਾਣਗੇ। ਇਸ ਤੋਂ ਅਗਾਂਹ, ਚਾਰ ਖੱਬੀਆਂ ਪਾਰਟੀਆਂ ਨੇ 15 ਨੁਕਾਤੀ ਸਾਂਝੇ ਮੰਗ ਪੱਤਰ ਪ੍ਰਤੀ ਪੰਜਾਬ ਸਰਕਾਰ ਦੀ ਮੁਜ਼ਰਮਾਨਾ ਚੁੱਪ ਵਿਰੁੱਧ ਲੋਕਾਂ ਦੇ ਲੜਾਕੂ ਰੋਹ ਦਾ ਪ੍ਰਗਟਾਵਾ ਕਰਨ ਲਈ, ਬਜਟ ਸੈਸ਼ਨ ਦੌਰਾਨ, 28 ਮਾਰਚ ਨੂੰ, ਅਸੈਂਬਲੀ ਵੱਲ ਵਿਸ਼ਾਲ ਜਨਤਕ ਮਾਰਚ ਲਾਮਬੰਦ ਕਰਨ ਦਾ ਵੀ ਐਲਾਨ ਕੀਤਾ ਹੋਇਆ ਹੈ।
ਆਰ.ਐਸ.ਐਸ. ਦੀਆਂ ਫਿਰਕੂ ਕਾਰਵਾਈਆਂ ਵਿਰੁੱਧ 23 ਫਰਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਗਈ ਇਤਹਾਸਕ ਕਨਵੈਨਸ਼ਨ 'ਚੋਂ ਉਭਰੀ ਖੱਬੀਆਂ ਸ਼ਕਤੀਆਂ ਦੀ ਸੰਗਰਾਮੀ ਇਕਜੁਟਤਾ ਇਹਨਾਂ ਸਾਰੇ ਸੰਘਰਸ਼ਾਂ ਵਿਚ ਵੀ ਹੋਰ ਵਧੇਰੇ ਮਜ਼ਬੂਤੀ ਨਾਲ ਰੂਪਮਾਨ ਹੋਵੇ, ਇਸ ਦੀ ਅੱਜ ਭਾਰੀ ਲੋੜ ਹੈ। ਇਸ ਪਵਿੱਤਰ ਕਾਰਜ ਵਾਸਤੇ ਅਸੀਂ ਆਪਣਾ ਪੂਰਾ ਤਾਣ ਲਾਉਣ ਦਾ ਇਕਰਾਰ ਕਰਦੇ ਹਾਂ।
- ਹਰਕੰਵਲ ਸਿੰਘ 
(25-2-2016)

No comments:

Post a Comment