Friday 11 March 2016

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਮਾਰਚ 2016)

ਰਵੀ ਕੰਵਰ 
ਤੁਰਕੀ ਵਲੋਂ ਕੁਰਦਾਂ ਉਪਰ ਘਿਨਾਉਣੇ ਹਮਲੇਦੁਨੀਆਂ ਦੇ ਲਗਭਗ ਸਾਰੇ ਦੇਸ਼, ਇਸ ਸਮੇਂ, ਮੱਧ-ਏਸ਼ੀਆ ਵਿਚ ਆਪਣੇ ਪੈਰ ਪਸਾਰ ਚੁੱਕੀ ਇਸਲਾਮਿਕ ਬੁਨਿਆਦਪ੍ਰਸਤ ਅੱਤਵਾਦੀ ਜਥੇਬੰਦੀ, ਆਈ.ਐਸ.ਆਈ.ਐਸ. ਨੂੰ ਖਤਮ ਕਰਨ ਲਈ ਇਕਜੁੱਟ ਹਨ। ਪ੍ਰੰਤੂ ਇਸ ਆਮ ਸਹਿਮਤੀ ਦੇ ਉਲਟ, ਅਮਰੀਕੀ ਸਾਮਰਾਜ ਅਤੇ ਪੱਛਮੀ ਦੇਸ਼ਾਂ ਦਾ ਨੇੜਲਾ ਸਹਿਯੋਗੀ ਦੇਸ਼-ਤੁਰਕੀ, ਇਸੇ ਆਈ.ਐਸ.ਆਈ.ਐਸ. ਨੂੰ ਭਾਂਜ ਦੇਣ ਵਾਲੇ ਕੁਰਦਾਂ ਉਤੇ ਚੁਪਾਸੜ ਹਮਲੇ ਕਰ ਰਿਹਾ ਹੈ। ਉਤਰੀ ਸੀਰੀਆ ਦੇ ਉਹ ਖੇਤਰ ਜਿਨ੍ਹਾਂ ਉਤੇ ਕੁਰਦਾਂ ਦਾ ਕਬਜ਼ਾ ਹੈ, ਉਤੇ ਉਹ ਵਹਿਸ਼ੀ ਹਵਾਈ ਹਮਲੇ ਕਰ ਰਿਹਾ ਹੈ। ਵਰਣਨਯੋਗ ਹੈ ਕਿ ਸੀਰੀਆ ਦੇ ਉਤਰੀ ਖੇਤਰ, ਜਿਹੜੇ ਕਿ ਕੁਰਦ ਬਹੁਲਤਾ ਵਾਲੇ ਹਨ, ਉਤੇ ਡੈਮੋਕ੍ਰੇਟਿਕ ਯੂਨੀਅਨ ਪਾਰਟੀ (ਵਾਈ.ਪੀ.ਡੀ.) ਦੀ ਅਗਵਾਈ ਵਿਚ ਕੁਰਦਾਂ ਨੇ ਕਬਜ਼ਾ ਕਰ ਲਿਆ ਸੀ। ਜਦੋਂ ਸੀਰੀਆ ਵਿਚ ਅਸਦ ਹਕੂਮਤ ਵਿਰੁੱਧ ਲੋਕ ਬਗਾਵਤ ਹੋਈ ਸੀ, ਉਸ ਵੇਲੇ ਵਾਈ.ਪੀ.ਡੀ. ਦੀ ਅਗਵਾਈ 'ਚ ਚੱਲੇ ਸੰਘਰਸ਼ ਦੇ ਮੱਦੇਨਜ਼ਰ ਅਸਦ ਸਰਕਾਰ ਦੀਆਂ ਫੌਜਾਂ ਨੂੰ ਇਸ ਖਿੱਤੇ ਨੂੰ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ ਅਤੇ ਕੁਰਦਾਂ ਵਲੋਂ ਇੱਥੇ ਰੋਜਾਵਾ ਨਾਂਅ ਦਾ ਇਕ ਖੁਦਮੁਖਤਾਰ ਖਿੱਤਾ ਸਥਾਪਤ ਕਰ ਲਿਆ ਗਿਆ ਸੀ। ਇਹ ਖਿੱਤਾ ਹੀ ਵਾਈ.ਪੀ.ਜੀ. ਅਤੇ ਵਾਈ.ਪੀ.ਜੇ. ਗੁਰੀਲਿਆਂ ਨੂੰ ਲਾਮਬੰਦ ਕਰਨ ਦਾ ਕੇਂਦਰ ਬਣਿਆ ਸੀ। ਜਿਨ੍ਹਾਂ ਨੇ ਆਈ.ਐਸ.ਆਈ.ਐਸ. ਤੋਂ ਤੁਰਕੀ ਦੇ ਨਾਲ ਲੱਗਦੇ ਕੋਬਾਨੀ ਸੂਬੇ ਨੂੰ ਬੜੀ ਹੀ ਬਹਾਦਰੀ ਨਾਲ ਲੜੀ ਜੰਗ ਵਿਚ ਖੋਹ ਲਿਆ ਸੀ। ਇਹ ਆਈ.ਐਸ.ਆਈ.ਐਸ. ਦੀ ਪਹਿਲੀ ਹਾਰ ਸੀ ਅਤੇ ਇਸ ਵਿਚ ਵਾਈ.ਪੀ.ਜੀ. ਦੀਆਂ ਨੌਜਵਾਨ ਗੁਰੀਲਾ ਇਸਤਰੀਆਂ ਨੇ ਸ਼ਾਨਦਾਰ ਭੂਮਿਕਾ ਨਿਭਾਈ ਸੀ; ਜਿਸ ਕਰਕੇ ਉਹ ਸਮੁੱਚੀ ਦੁਨੀਆਂ ਵਿਚ ਸ਼ਲਾਘਾ ਦਾ ਪਾਤਰ ਬਣੀਆਂ ਸਨ। ਅੱਜ ਸੀਰੀਆਈ ਕੁਰਦਾਂ ਦੇ ਕਬਜ਼ੇ ਵਾਲੇ ਉਨ੍ਹਾਂ ਖੇਤਰਾਂ ਉਤੇ ਹੀ ਅਮਰੀਕੀ ਸਾਮਰਾਜ ਤੇ ਪੱਛਮੀ ਦੇਸ਼ਾਂ ਦਾ ਆਈ.ਐਸ.ਆਈ.ਐਸ. ਵਿਰੁੱਧ ਜੰਗ ਵਿਚ ਆਪਣੇ ਆਪ ਨੂੰ ਨੇੜਲਾ ਸਹਿਯੋਗੀ ਕਹਿਣ ਵਾਲਾ ਅਤੇ ਇਸ ਨਾਂਅ ਉਤੇ ਉਨ੍ਹਾਂ ਤੋਂ ਕਰੋੜਾਂ ਡਾਲਰ ਮਦਦ ਦੇ ਰੂਪ ਵਿਚ ਪ੍ਰਾਪਤ ਕਰਨ ਵਾਲਾ ਦੇਸ਼, ਤੁਰਕੀ ਹਵਾਈ ਹਮਲੇ ਕਰ ਰਿਹਾ ਹੈ।
ਇਸਦੇ ਨਾਲ ਹੀ ਤੁਰਕੀ ਆਪਣੇ ਦੇਸ਼ ਦੇ ਉਤਰੀ-ਪੂਰਬੀ ਖੇਤਰਾਂ, ਜਿਹੜੇ ਕਿ ਕੁਰਦ ਬਹੁਲਤਾ ਵਾਲੇ ਹਨ, ਵਿਚ ਵੀ ਕੁਰਦਾਂ ਉਤੇ ਵਹਿਸ਼ੀ ਹਮਲੇ ਕਰ ਰਿਹਾ ਹੈ। ਕੁਰਦ ਸ਼ਹਿਰੀਆਂ ਉਤੇ ਫੌਜ ਵਲੋਂ ਹਮਲੇ ਕੀਤੇ ਜਾ ਰਹੇ ਹਨ। 7 ਫਰਵਰੀ ਨੂੰ ਤੁਰਕੀ ਦੇ ਸਰਕਾਰੀ ਮੀਡੀਆ ਟੀ.ਆਰ.ਟੀ. ਨੇ ਦਾਅਵਾ ਕੀਤਾ ਕਿ ਸਿਜ਼ਰੇ ਸ਼ਹਿਰ ਵਿਚ ਫੌਜ ਨੇ ਕਾਰਵਾਈ ਕਰਦੇ ਹੋਏ 12 ਦਿਨਾਂ ਤੱਕ ਅੱਤਵਾਦੀਆਂ (ਭਾਵ ਕੁਰਦਾਂ) ਨਾਲ ਚੱਲੇ ਮੁਕਾਬਲੇ ਤੋਂ ਬਾਅਦ ਇਕ ਤਹਿਖਾਨੇ 'ਚੋਂ 60 ''ਅੱਤਵਾਦੀਆਂ'' ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਫੌਰੀ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਦਾਵੁਤੋਗਲੂ ਨੇ ਇਸ ਰਿਪੋਰਟ ਦਾ ਖੰਡਨ ਕਰਦੇ ਹੋਏ ਮਰਨ ਵਾਲਿਆਂ ਦੀ ਗਿਣਤੀ 10 ਦੱਸੀ। ਦੇਸ਼ ਦੀ ਕੁਰਦ ਬਹੁਲ ਖੱਬੇ ਪੱਖੀ ਪਾਰਟੀ ਐਚ.ਡੀ.ਪੀ. ਦੇ ਕੋ-ਚੇਅਰਮੈਨ ਸੇਲਾਹਤਿੱਨ ਡੇਮਿਰਤਾਸ ਨੇ ਇਸ ਬਾਰੇ ਇੰਕਸ਼ਾਫ ਕਰਦਿਆਂ ਕਿਹਾ-''ਲਗਭਗ 20 ਦਿਨਾਂ ਤੱਕ ਸਿਜ਼ਰੇ ਸ਼ਹਿਰ ਸਰਕਾਰੀ ਫੌਜਾਂ ਦੇ ਹਮਲੇ ਹੇਠ ਰਿਹਾ। ਸਰਕਾਰ ਵਲੋਂ ਦਿੱਤੀ ਗਈ ਸੂਚਨਾ ਪੂਰੀ ਤਰ੍ਹਾਂ ਝੂਠੀ ਹੈ। ਸਥਿਤੀ ਇਸ ਤਰ੍ਹਾਂ ਹੈ, ਉਸ ਗਲੀ ਵਿਚ ਕੁੱਝ ਬਿਲਡਿੰਗਾਂ ਵਿਚ 70-90 ਲੋਕ ਸਨ। ਉਨ੍ਹਾਂ ਵਿਚੋਂ ਕੁੱਝ ਯੂਨੀਵਰਸਿਟੀ ਵਿਦਿਆਰਥੀ ਸਨ, ਜਿਹੜੇ ਉਥੇ ਇਕਜੁਟਤਾ ਪ੍ਰਗਟ ਕਰਨ ਲਈ ਗਏ ਸਨ ਅਤੇ ਕੁੱਝ ਸਥਾਨਕ ਲੋਕ ਸਨ। ਫੌਜ ਦੀ ਸਪੈਸ਼ਲ ਆਪਰੇਸ਼ਨ ਫੋਰਸ ਵਲੋਂ ਨਿਰੰਤਰ 20 ਦਿਨਾਂ ਤਕ 24 ਘੰਟੇ ਅਤੇ ਸੱਤੇ ਦਿਨ ਟੈਂਕਾਂ ਅਤੇ ਤੋਪਾਂ ਨਾਲ ਗੋਲਾਬਾਰੀ ਕੀਤੀ ਗਈ। ਕੋਈ ਮੁਕਾਬਲਾ ਨਹੀਂ ਹੋਇਆ, ਇਨ੍ਹਾਂ ਬਿਲਡਿੰਗਾਂ ਵਿਚੋਂ ਕਈ ਲੋਕਾਂ ਨੇ ਫੋਨ ਕਾਲਾਂ ਕੀਤੀਆਂ ਅਤੇ ਕਿਹਾ ਕਿ ਇੱਥੇ ਜਖਮੀ ਲੋਕ ਹਨ, ਅਸੀਂ ਇੱਥੋਂ ਨਿਕਲਣਾ ਚਾਹੁੰਦੇ ਹਾਂ। ਉਨ੍ਹਾਂ ਦੱਸਿਆ ਕਿ ਅਸੀਂ ਜਿਵੇਂ ਹੀ ਖਿੜਕੀ ਜਾਂ ਦਰਵਾਜ਼ੇ ਨੇੜੇ ਆਉਣ ਦਾ ਯਤਨ ਕਰਦੇ ਸਾਂ ਫੌਜ ਗੋਲੇ ਵਰ੍ਹਾਉਣੇ ਸ਼ੁਰੂ ਕਰ ਦਿੰਦੀ ਸੀ।
ਡੇਮਿਰਤਾਸ ਨੇ ਅੱਗੇ ਕਿਹਾ ''ਸਾਡੀ ਸਪੱਸ਼ਟ ਰਾਏ ਹੈ ਕਿ ਇਹ ਲੋਕ ਕਤਲ ਕੀਤੇ ਗਏ ਹਨ। ਸਰਕਾਰ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦੇ ਰਹੀ। ਸਾਡੇ ਕੋਲ 32 ਮਿੰਟ ਦੀ ਵੀਡਿਓ ਰਿਕਾਰਡਿੰਗ ਹੈ। ਇਹ ਇਕ ਕਤਲੇਆਮ ਹੈ।''
ਤੁਰਕੀ ਦੀ ਜੇਲ੍ਹ ਵਿਚ ਬੰਦ ਕੁਰਦ ਆਗੂ ਅਬਦੁਲਾ ਉਕਲੇਨ ਨਾਲ ਚਲ ਰਹੀ ਅਮਨ ਗਲਬਾਤ 2014 ਵਿਚ ਸਰਕਾਰ ਵਲੋਂ ਬੰਦ ਕਰ ਦੇਣ ਦੇ ਬਾਅਦ ਤੋਂ ਹੀ ਦੇਸ਼ ਵਿਚ ਕੁਰਦਾਂ ਅਤੇ ਕੁਰਦ ਖੇਤਰਾਂ ਉਤੇ ਹਮਲੇ ਹੋ ਰਹੇ ਹਨ। ਜੂਨ 2015 ਵਿਚ ਹੋਈਆਂ ਚੋਣਾਂ ਦੇ ਬਾਅਦ ਤੋਂ ਦੇਸ਼ ਦੇ ਰਾਸ਼ਟਰਪਤੀ ਇਰਦੋਗਨ ਅਤੇ ਉਸਦੀ ਪਾਰਟੀ ਏ.ਕੇ.ਪੀ. ਕੁਰਦਾਂ ਪ੍ਰਤੀ ਹੋਰ ਵਧੇਰੇ ਬੁਖਲਾਹਟ ਵਿਚ ਆ ਗਈ ਹੈ। ਇਨ੍ਹਾਂ ਚੋਣਾਂ ਵਿਚ ਇਰਦੋਗਨ ਦਾ ਨਿਸ਼ਾਨਾ ਸੰਸਦ ਵਿਚ ਦੋ ਤਿਹਾਈ ਵੋਟਾਂ ਹਾਸਲ ਕਰਕੇ ਦੇਸ਼ ਵਿਚ ਰਾਸ਼ਟਰਪਤੀ ਤਰਜ ਦੀ ਹਕੂਮਤ ਕਾਇਮ ਕਰਨਾ ਸੀ, ਜਿਸ ਨਾਲ ਉਹ  ਨਵਉਦਾਰਵਾਦੀ ਆਰਥਕ ਨੀਤੀਆਂ ਅਤੇ ਇਸਲਾਮ ਪੱਖੀ ਆਪਣਾ ਸਮਾਜਕ ਏਜੰਡਾ ਲਾਗੂ ਕਰਨਾ ਚਾਹੁੰਦਾ ਸੀ। ਪਰ ਇਨ੍ਹਾਂ ਚੋਣਾਂ ਵਿਚ ਏ.ਕੇ.ਪੀ. ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ ਅਤੇ ਕੁਰਦ ਪੱਖੀ ਖੱਬੀ ਪਾਰਟੀ ਐਚ.ਡੀ.ਪੀ. ਨੇ ਪਹਿਲੀ ਵਾਰ 13% ਵੋਟਾਂ ਲੈ ਕੇ ਸੰਸਦ ਵਿਚ ਆਪਣੀ ਥਾਂ ਹੀ ਨਹੀਂ ਬਣਾਈ ਬਲਕਿ 80 ਸੀਟਾਂ ਵੀ ਹਾਸਲ ਕਰ ਲਈਆਂ ਸਨ। ਇਸ ਤਰ੍ਹਾਂ ਇਰਦੋਗਨ ਆਪਣਾ ਲੋਕ ਦੋਖੀ ਨਿਸ਼ਾਨਾ ਪੂਰਨ ਕਰਨ ਵਿਚ ਨਾਕਾਮ ਰਿਹਾ ਸੀ, ਜਿਸ ਲਈ ਉਹ ਐਚ.ਡੀ.ਪੀ. ਨੂੰ ਮੁੱਖ ਦੋਸ਼ੀ ਮੰਨਦਾ ਹੈ। ਕਿਸੇ ਵੀ ਪਾਰਟੀ ਵਲੋਂ ਸਰਕਾਰ ਨਾ ਬਣਾਅ ਸਕਣ ਕਰਕੇ ਨਵੰਬਰ 2015 ਵਿਚ ਮੁੜ ਹੋਈਆਂ ਚੋਣਾਂ ਵਿਚ ਵੀ ਇਰਦੋਗਨ ਦੀ ਪਾਰਟੀ ਸੱਤਾਸੀਨ ਤਾਂ ਹੋਈ ਪਰ ਦੋ ਤਿਹਾਈ ਬਹੁਮਤ ਹਾਸਲ ਕਰਨ ਵਿਚ ਅਸਫਲ ਰਹੀ ਅਤੇ ਐਚ.ਡੀ.ਪੀ. ਪਹਿਲਾਂ ਨਾਲੋਂ ਘੱਟ ਤਾਂ ਗਈ ਪਰ ਫੇਰ ਵੀ 10.7% ਵੋਟਾਂ ਹਾਸਲ ਕਰਕੇ ਸੰਸਦ ਵਿਚ ਆਪਣੀ ਜਗ੍ਹਾ ਬਨਾਉਣ ਵਿਚ ਸਫਲ ਰਹੀ।
ਨਵੰਬਰ 2015 ਦੀਆਂ ਇਨ੍ਹਾਂ ਚੋਣਾਂ ਤੋਂ ਬਾਅਦ ਕੁਰਦ ਬਹੁਲ ਇਲਾਕਿਆਂ ਉਤੇ ਦਮਨਚੱਕਰ ਹੋਰ ਵਧੇਰੇ ਤੇਜ਼ ਹੋ ਗਿਆ ਹੈ। ਤੁਰਕੀ ਦੀ ਮਨੁੱਖੀ ਅਧਿਕਾਰਾਂ ਬਾਰੇ ਜਥੇਬੰਦੀ, ਹਿਉਮਨ ਰਾਈਟਸ ਫਾਊਂਡੇਸ਼ਨ ਆਫ ਤੁਰਕੀ ਵਲੋਂ ਜਾਰੀ ਕੀਤੀ ਗਈ ਇਕ ਹਾਲੀਆ ਰਿਪੋਰਟ ਅਨੁਸਾਰ, ਸਰਕਾਰ ਦੀਆਂ 58 ਅਧਿਕਾਰਤ ਸੂਚਨਾਵਾਂ ਮੁਤਾਬਕ ਹੀ 16 ਅਪ੍ਰੈਲ 2015 ਤੋਂ ਕੁਰਦ ਬਹੁਲ 7 ਸ਼ਹਿਰਾਂ, ਜਿਨ੍ਹਾਂ ਵਿਚ ਦਿਆਰਬਾਕੀਰ, ਸਿਰਨਕ, ਮਾਰਦਿਨ ਤੇ ਹੱਕਾਰੀ ਸ਼ਾਮਲ ਹਨ, ਦੇ ਘੱਟੋ ਘੱਟ 19 ਜ਼ਿਲ੍ਹਿਆਂ ਵਿਚ ਚੌਵੀ-ਚੌਵੀ ਘੰਟੇ ਦਾ ਕਰਫਿਊ ਲੱਗਿਆ ਰਿਹਾ ਹੈ। ਇਨ੍ਹਾਂ ਖੇਤਰਾਂ ਦੀ ਕੁੱਲ ਅਬਾਦੀ, 2014 ਦੀ ਮਰਦਮ ਸ਼ੁਮਾਰੀ ਅਨੁਸਾਰ, ਲਗਭਗ 13 ਲੱਖ 77 ਹਜ਼ਾਰ ਹੈ। ਇਨ੍ਹਾਂ ਸਰਕਾਰੀ ਰੂਪ ਵਿਚ ਐਲਾਨੇ ਗਏ ਕਰਫਿਊਆਂ ਅਧੀਨ ਇੱਥੋਂ ਦੇ ਵਸਨੀਕਾਂ ਦੇ ਜਿਊਣ ਤੇ ਸਿਹਤ ਸੇਵਾਵਾਂ ਪ੍ਰਾਪਤ ਕਰਨ ਦੇ ਬੁਨਿਆਦੀ ਹੱਕਾਂ 'ਤੇ ਤਾਂ ਛਾਪਾ ਵੱਜਿਆ ਹੀ ਹੈ ਨਾਲ ਹੀ 162 ਸ਼ਹਿਰੀਆਂ ਨੂੰ ਆਪਣੀਆਂ ਜਿੰਦਗੀਆਂ ਵੀ ਗਵਾਉਣੀਆਂ ਪਈਆਂ ਹਨ। ਇਨ੍ਹਾਂ ਵਿਚ 29 ਔਰਤਾਂ, 32 ਬੱਚੇ ਅਤੇ 24 ਹੋਰ ਲੋਕ ਸ਼ਾਮਲ ਹਨ। ਪਿਛਲੇ ਦਿਨੀਂ ਮਨੁੱਖੀ ਅਧਿਕਾਰਾਂ ਦੇ ਉਘੇ ਪੈਰੋਕਾਰ ਅਤੇ ਦਿਆਰਬਾਕੀਰ ਬਾਰ ਐਸੋਸੀਏਸ਼ਨ ਦੇ ਚੇਅਰਮੈਨ ਕੁਰਦ ਆਗੂ ਤਾਹਿਰ ਇਲਸੀ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ। ਇਸ ਤਰ੍ਹਾਂ ਤੁਰਕੀ ਦੇ ਅੰਦਰ ਵੀ ਕੁਰਦਾਂ ਉਤੇ ਵਿਆਪਕ ਪੱਧਰ 'ਤੇ ਹਮਲੇ ਕਰਕੇ ਉਨ੍ਹਾਂ ਦਾ ਨਸਲ ਘਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਸੂਰ ਸਿਰਫ ਐਨਾ ਹੈ ਕਿ ਉਹ ਇਰਦੋਗਨ ਅਤੇ ਉਸਦੀ ਪਾਰਟੀ ਏ.ਕੇ.ਪੀ. ਦੇ ਲੋਕ ਵਿਰੋਧੀ ਏਜੰਡੇ ਦਾ ਵਿਰੋਧ ਕਰਦੇ ਹੋਏ ਆਪਣੇ ਨਸਲੀ ਤੇ ਸ਼ਹਿਰੀ ਹੱਕਾਂ-ਹਿੱਤਾਂ ਦੀ ਰਾਖੀ ਲਈ ਸੰਘਰਸ਼ ਕਰਦੇ ਹਨ।
ਅਕਤੂਬਰ 2015 ਤੋਂ ਹੀ ਤੁਰਕੀ ਦੀਆਂ ਫੌਜਾਂ ਸੀਰੀਆ ਵਿਚ ਆਈ.ਐਸ.ਆਈ.ਐਸ. ਵਿਰੁੱਧ ਲੜ ਰਹੇ ਵਾਈ.ਪੀ.ਜੀ. ਗੁਰੀਲਿਆਂ ਅਤੇ ਪੀ.ਕੇ.ਕੇ. ਦੇ ਗੁਰੀਲਿਆਂ ਨੂੂੰ ਨਿਸ਼ਾਨਾ ਬਣਾ ਰਹੀਆਂ ਹਨ। ਪੀ.ਕੇ.ਕੇ. ਆਗੂ ਸੇਮਿਲ ਬਾਈਕ ਅਨੁਸਾਰ ਇਨ੍ਹਾਂ ਹਮਲਿਆਂ ਰਾਹੀਂ ਤੁਰਕੀ ਆਈ.ਐਸ.ਆਈ.ਐਸ. ਵਿਰੁੱਧ ਕੁਰਦ ਗੁਰੀਲਿਆਂ ਦੇ ਵਾਧੇ ਨੂੰ ਰੋਕਣਾ ਚਾਹੁੰਦਾ ਹੈ। ਮੱਧ ਪੂਰਬ ਦੇ ਗੱਹਿਗੱਚ ਜੰਗ ਵਾਲੇ ਖੇਤਰਾਂ ਵਿਚ ਇਹ ਗੱਲ ਆਮ ਹੀ ਚਲਦੀ ਹੈ ਕਿ ਤੁਰਕੀ ਦੀ ਹਾਕਮ ਪਾਰਟੀ ਏ.ਕੇ.ਪੀ., ਆਈ.ਐਸ.ਨੂੰ ਪੱਕੇ ਪੈਰੀਂ ਕਰਨ ਵਿਚ ਭਾਈਵਾਲ ਹੈ। ਤੁਰਕੀ ਦੀ ਸੀਮਾ ਆਈ.ਐਸ.ਦੇ ਜਿਹਾਦੀਆਂ ਅਤੇ ਆਈ.ਐਸ.ਵਲੋਂ ਸਮਗਲ ਕੀਤੇ ਜਾਂਦੇ ਤੇਲ ਲਈ ਖੁੱਲ੍ਹੀ ਰਹਿੰਦੀ ਹੈ। ਬਾਈਕ ਅਨੁਸਾਰ ਰਾਸ਼ਟਰਪਤੀ ਇਰਦੋਗਨ ਦੇ ਪੁੱਤਰ ਬਿਲਾਲ, ਜਿਹੜਾ ਕਿ ਬੀ.ਐਮ.ਜੈਡ. ਵਪਾਰਕ ਗਰੁੱਪ ਦਾ ਇਕ ਡਾਇਰੈਕਟਰ ਵੀ ਹੈ, ਉਤੇ ਦੋਸ਼ ਲੱਗਦਾ ਹੈ ਕਿ ਉਸਦੀ ਆਈ.ਐਸ.ਦੇ ਤੇਲ ਨੂੰ ਮਾਲਟਾ ਅਤੇ ਉਥੋਂ ਇਜਰਾਇਲ ਸਮਗਲ ਕਰਨ ਵਿਚ ਵੀ ਸਰਗਰਮ ਭੂਮਿਕਾ ਹੈ।
ਇੱਥੇ ਇਹ ਵਰਣਨਯੋਗ ਹੈ ਕਿ ਇਸ ਤਰ੍ਹਾਂ ਤੇਲ ਵਿਕਰੀ ਤੋਂ ਮਿਲਣ ਵਾਲਾ ਪੈਸਾ ਆਈ.ਐਸ.ਆਈ.ਐਸ. ਦੀ ਆਰਥਕਤਾ ਲਈ ਰੀੜ੍ਹ ਦੀ ਹੱਡੀ ਦਾ ਕੰਮ ਕਰਦਾ ਹੈ।
ਪਿਛਲੇ ਵਰ੍ਹਿਆਂ ਦੌਰਾਨ ਅਰਬ ਦੇਸ਼ਾਂ ਵਿਚ ਹੋਈਆਂ ਲੋਕ ਬਗਾਵਤਾਂ ਲਗਭਗ ਸਭ ਜਗ੍ਹਾ ਹੀ ਪਿਛਾਖੜੀ ਸ਼ਕਤੀਆਂ ਦੇ ਹੱਥਾਂ ਵਿਚ ਚੱਲੀਆਂ ਗਈਆਂ ਹਨ, ਅਤੇ ਕੋਈ ਵੀ ਲੋਕ ਪੱਖੀ ਸਿੱਟੇ ਨਹੀਂ ਕੱਢ ਸਕੀਆਂ। ਸੀਰੀਆ ਦੇ ਉਤਰੀ ਖੇਤਰ, ਜਿਹੜੇ ਕਿ ਕੁਰਦ ਬਹੁਲਤਾ ਵਾਲੇ ਸਨ, ਵਿਚ ਕੁਰਦਾਂ ਦੇ ਅਧਿਕਾਰਾਂ ਲਈ ਲੜ ਰਹੀ ਪਾਰਟੀ ਹੀ ਇਕੋ ਇਕ ਅਜਿਹੀ ਪਾਰਟੀ ਹੈ ਜਿਸਨੇ ਡੈਮੋਕਰੇਟਿਕ ਯੂਨੀਅਨ ਪਾਰਟੀ (ਪੀ.ਵਾਈ.ਡੀ.) ਇਸ ਲੋਕ ਬਗਾਵਤ ਨੂੰ ਸਹੀ ਦਿਸ਼ਾ ਵਿਚ ਮੋੜਦੇ ਹੋਏ ਸੀਰੀਆਈ ਫੌਜਾਂ ਨੂੰ ਇਸ ਖੇਤਰ ਤੋਂ ਪਿਛਾਂਹ ਹਟਣ ਲਈ ਮਜ਼ਬੂਰ ਕਰ ਦਿੱਤਾ ਅਤੇ ਇਸ ਖੇਤਰ 'ਤੇ ਅਧਾਰਤ ਰੋਜਾਵਾ ਨਾਂਅ ਦੇ ਖੁਦ ਮੁਖਤਾਰ ਖਿੱਤੇ ਦੀ ਸਥਾਪਨਾ ਕੀਤੀ ਹੈ। ਇੱਥੇ ਲੋਕ ਪੀ.ਵਾਈ.ਡੀ. ਦੀ ਅਗਵਾਈ ਵਿਚ ਜਮਹੂਰੀ, ਧਰਮ ਨਿਰਪੱਖ ਤੇ ਬਹੁਨਸਲੀ ਸਮਾਜਕ ਮਾਡਲ ਦਾ ਤਜ਼ਰਬਾ ਕਰ ਰਹੇ ਹਨ, ਜਿਹੜਾ ਕਿ ਲਿੰਗਕ ਸਮਾਨਤਾ, ਸਮਾਜਕ ਨਿਆਂ ਅਤੇ ਚੁਗਿਰਦੇ ਦਾ ਸਨਮਾਨ ਕਰਨ ਦਾ ਦਾਅਵਾ ਕਰਦਾ ਹੈ। ਯਕੀਨਨ ਰੂਪ ਵਿਚ ਰੋਜਾਵਾ ਦਾ ਇੰਨਕਲਾਬ ਸਮਾਜਵਾਦੀ ਨਹੀਂ ਹੈ, ਜਿਵੇਂ ਕਿ ਕੁੱਝ ਲੋਕ ਦਾਅਵਾ ਕਰਦੇ ਹਨ, ਪ੍ਰੰਤੂ ਇਹ ਜਮਹੂਰੀ ਇਨਕਲਾਬ ਲਾਜ਼ਮੀ ਹੈ। ਇਹ ਕੌਮਾਂ ਦੇ ਉਤਪੀੜਨ ਦੇ ਵਿਰੁੱਧ ਹੈ ਅਤੇ ਲਿੰਗਕ ਸਮਾਨਤਾ ਦਾ ਜਬਰਦਸਤ ਅਲੰਬਰਦਾਰ ਹੈ। ਇਸੇ ਕਰਕੇ ਜੰਗ ਦਾ ਮੈਦਾਨ ਬਣੇ ਮੱਧ ਪੂਰਬ ਦੇ ਲੋਕਾਂ ਲਈ ਇਹ ਇਕ ਆਸ ਦੀ ਕਿਰਨ ਹੈ। ਇਹ ਹੋਰ ਸੰਘਰਸ਼ਸ਼ੀਲ ਲੋਕਾਂ ਨੂੰ ਵੀ ਪ੍ਰੇਰਤ ਕਰਦਾ ਹੈ। ਪ੍ਰੰਤੂ ਆਈ.ਐਸ.ਆਈ.ਐਸ. ਅਤੇ ਹੋਰ ਕੱਟੜਪੰਥੀ ਤਾਕਤਾਂ ਦੀਆਂ ਅੱਖਾਂ ਵਿਚ ਇਹ ਰੜਕਦਾ ਹੈ। ਤੁਰਕੀ ਵੀ ਕੁਰਦਾਂ ਵਲੋਂ ਕੀਤੇ ਜਾ ਰਹੇ ਇਸ ਲੋਕ ਪੱਖੀ ਤਜ਼ੁਰਬੇ ਤੋਂ ਬਹੁਤ ਦੁਖੀ ਹੈ। ਇੱਥੇ ਇਹ ਵੀ ਨੋਟ ਕਰਨ ਯੋਗ ਹੈ ਕਿ ਸੀਰੀਆ ਦਾ ਕੋਬਾਨੀ ਸੂਬਾ ਜਿੱਥੋਂ ਕੁਰਦ ਗੁੱਰੀਲਾ ਸੰਗਠਨ ਵਾਈ.ਪੀ.ਜੀ. ਨੇ ਆਈ.ਐਸ.ਆਈ.ਐਸ. ਨੂੰ ਮਾਤ ਦੇ ਕੇ ਦੁਨੀਆਂ ਭਰ ਵਿਚ ਸ਼ਲਾਘਾ ਖੱਟੀ ਸੀ ਉਹ ਇਸੇ ਰੋਜਾਵਾ ਦਾ ਇਕ ਹਿੱਸਾ ਹੈ ਅਤੇ ਇਸਦੀ ਸੀਮਾ ਤੁਰਕੀ ਦੇ ਨਾਲ ਲੱਗਦੀ ਹੈ। ਇਸੇ ਕਰਕੇ ਰੋਜਾਵਾ 'ਤੇ ਜਿੱਥੇ ਆਈ.ਐਸ.ਆਈ.ਐਸ. ਹਮਲੇ ਕਰਦਾ ਹੈ ਉਥੇ ਹੀ ਤੁਰਕੀ ਵੀ ਇੱਥੇ ਸਥਿਤ ਕੁਰਦ ਗੁਰੀਲਿਆਂ ਦੇ ਟਿਕਾਣਿਆਂ ਉਤੇ ਲਗਭਗ ਨਿੱਤ ਹੀ ਹਮਲੇ ਕਰ ਰਿਹਾ ਹੈ।
ਫਲਸਤੀਨੀਆਂ ਦੀ ਤਰ੍ਹਾਂ ਹੀ ਕੁਰਦ ਮੱਧ ਏਸ਼ੀਆ ਦੀ ਉਹ ਕੌਮ ਹੈ, ਜਿਹੜੀ ਆਪਣੇ ਹੱਕਾਂ-ਹਿੱਤਾਂ ਲਈ ਨਿਰੰਤਰ ਜੂਝ ਰਹੀ ਹੈ। ਇਹ ਇਸ ਖੇਤਰ ਦੀ ਸਭ ਤੋਂ ਵੱਡੀ ਕੌਮ ਹੈ, ਜਿਸਨੂੰ ਕੌਮ ਦੇ ਦਰਜੇ ਤੋਂ ਵਾਂਝਿਆਂ ਰੱਖਿਆ ਗਿਆ ਹੈ। ਪਿਛਲੀ ਸਦੀ ਦੇ ਸ਼ੁਰੂ ਵਿਚ ਜਦੋਂ ਮੱਧ ਏਸ਼ੀਆ ਵਿਚ ਬ੍ਰਿਟੇਨ ਅਤੇ ਫਰਾਂਸ, ਜਿਨ੍ਹਾਂ ਦੇ ਅਧੀਨ ਇਹ ਖੇਤਰ ਸੀ, ਨੇ ਵੰਡੀਆਂ ਪਾਈਆਂ ਤਾਂ ਕੁਰਦ ਕੌਮ ਲਈ ਕੋਈ ਵੀ ਦੇਸ਼ ਨਹੀਂ ਬਣਾਇਆ ਗਿਆ। 2 ਕਰੋੜ 80 ਲੱਖ ਦੇ ਕਰੀਬ ਹੈ ਕੁਰਦਾਂ ਦੀ ਆਬਾਦੀ ਜਿਹੜੀ ਲਗਭਗ ਇਕ ਲੱਖ ਮੁਰੱਬਾ ਕਿਲੋਮੀਟਰ ਦੇ ਖੇਤਰ ਵਿਚ ਫੈਲੀ ਹੋਈ ਹੈ ਅਤੇ ਇਹ ਖੇਤਰ ਈਰਾਕ, ਈਰਾਨ, ਸੀਰੀਆ ਅਤੇ ਤੁਰਕੀ ਦੇਸ਼ਾਂ ਵਿਚ ਫੈਲੇ ਹੋਏ ਹਨ। ਪਿਛਲੀ ਸਦੀ ਤੋਂ ਹੀ ਇਹ ਆਜ਼ਾਦ ਕੁਰਦਿਸਤਾਨ ਲਈ ਸੰਘਰਸ਼ ਕਰ ਰਹੇ ਹਨ ਅਤੇ ਆਪਣੇ ਆਪਣੇ ਦੇਸ਼ਾਂ ਦੇ ਹਾਕਮਾਂ ਦੇ ਦਮਨਚੱਕਰ ਦਾ ਸ਼ਿਕਾਰ ਬਣ ਰਹੇ ਹਨ। ਕੁਰਦਾਂ ਦੇ ਸੰਘਰਸ਼ ਦਾ ਖਾਸਾ ਹਮੇਸ਼ਾ ਹੀ ਅਗਾਂਹਵਧੂ ਰਿਹਾ ਹੈ ਅਤੇ ਪੀ.ਕੇ.ਕੇ. ਜਿਹੜੀ ਕਿ ਇਕ ਖੱਬੇ ਪੱਖੀ ਪਾਰਟੀ ਹੈ, ਉਹ ਮੁੱਖ ਰੂਪ ਵਿਚ ਇਸ ਸੰਘਰਸ਼ ਦੀ ਪ੍ਰੇਰਕ ਸ਼ਕਤੀ ਰਹੀ ਹੈ। ਵੱਖ-ਵੱਖ ਖੇਤਰਾਂ ਦੇ ਕੁਰਦਾਂ ਦੀਆਂ ਆਪਣੀਆਂ ਵੀ ਪਾਰਟੀਆਂ ਹਨ, ਜਿਹੜੀਆਂ ਕਿ ਪੀ.ਕੇ.ਕੇ. ਤੋਂ ਹੀ ਸੇਧ ਲੈ ਕੇ ਆਪਣੇ ਆਪਣੇ ਖੇਤਰਾਂ ਵਿਚ ਕੁਰਦ ਕੌਮ ਦੇ ਸੰਘਰਸ਼ਾਂ ਦੀ ਅਗਵਾਈ ਕਰਦੀਆਂ ਹਨ। ਇਸ ਲਹਿਰ ਦੇ ਖੱਬੇ ਪੱਖੀ ਖਾਸੇ ਕਰਕੇ ਹੀ ਹੈ ਕਿ ਆਈ.ਐਸ.ਆਈ.ਐਸ. ਵਿਰੁੱਧ ਵਾਈ.ਪੀ.ਜੀ. ਅਤੇ ਵਾਈ.ਪੀ.ਜੇ. ਗੁਰੀਲਾ ਸੰਗਠਨਾਂ ਦੇ ਸ਼ਾਨਦਾਰ ਸੰਘਰਸ਼ ਅਤੇ ਜ਼ਮੀਨੀ ਲੜਾਈ ਲੜਨ ਵਾਲੀ ਇਕੋ ਇਕ ਧਿਰ ਹੋਣ ਦੇ ਮੱਦੇਨਜ਼ਰ ਅਮਰੀਕੀ ਸਾਮਰਾਜ ਲਈ ਉਨ੍ਹਾਂ ਨੂੰ ਸਮਰਥਨ ਦੇਣਾ ਜਿੱਥੇ ਉਸਦੀ ਮਜ਼ਬੂਰੀ ਬਣ ਜਾਂਦਾ ਹੈ ਉਥੇ ਹੀ ਸੀਰੀਆ ਦੇ ਮਾਮਲੇ ਵਿਚ ਹੋਈ ਜੇਨੇਵਾ ਕੌਮਾਂਤਰੀ ਸ਼ਾਂਤੀ ਵਾਰਤਾ ਵਿਚ ਸੀਰੀਆਈ ਕੁਰਦਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਬਣਾਏ ਗਏ ਸੰਗਠਨ ਡੈਮੋਕਰੇਟਿਕ ਸੀਰੀਆ ਕਾਂਗਰਸ ਨੂੰ ਕੋਈ ਪ੍ਰਤੀਨਿੱਧਤਾ ਨਹੀਂ ਦਿੱਤੀ ਗਈ। ਇੱਥੇ ਇਹ ਵਰਣਨਯੋਗ ਹੈ ਕਿ ਦਸੰਬਰ ਵਿਚ ਸੀਰੀਆ ਦੇ ਡੇਰਿਕ ਸ਼ਹਿਰ ਵਿਚ ਸੌ ਤੋਂ ਵੱਧ ਡੈਲੀਗੇਟਾਂ ਨੇ, ਜਿਹੜੇ ਕਿ ਸੀਰੀਆ ਭਰ ਦੇ ਵੱਖ-ਵੱਖ ਧਾਰਮਕ ਤੇ ਨਸਲੀ ਗਰੁੱਪਾਂ ਦੀ ਪ੍ਰਤੀਨਿਧਤਾ ਕਰਦੇ ਸਨ ਅਤੇ ਮੁੱਖ ਰੂਪ ਵਿਚ ਨੌਜਵਾਨ ਅਤੇ ਔਰਤਾਂ ਸਨ ਨੇ ਡੈਮੋਕਰੇਟਿਕ ਸੀਰੀਆ ਕਾਂਗਰਸ ਦਾ ਗਠਨ ਕੀਤਾ ਸੀ। ਇਸ ਕਾਂਗਰਸ ਨੇ ਜਮਹੂਰੀ, ਸ਼ਾਂਤੀਪੂਰਨ ਵਿਚਾਰ-ਵਟਾਂਦਰੇ ਅਤੇ ਗੱਲਬਾਤ ਰਾਹੀਂ ਸੀਰੀਆ ਸੰਕਟ ਨੂੰ ਸੁਲਝਾਉਣ ਲਈ ਜਮਹੂਰੀ ਸੰਵਿਧਾਨ ਸਿਰਜਕੇ ਲੋੜੀਂਦੀਆਂ ਨਿਰਪੱਖ ਤੇ ਜਮਹੂਰੀ ਚੋਣਾਂ ਕਰਾਉਣ ਦਾ ਅਹਿਦ ਕੀਤਾ ਸੀ ਤਾਂਕਿ ਸਮੁੱਚੇ ਸੀਰੀਆਈ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਾ ਸਾਕੇ ਅਤੇ ਆਪਣੇ ਸਭਿਆਚਾਰ ਤੇ ਪਛਾਣ ਦੀ ਰਾਖੀ ਕੀਤੀ ਜਾ ਸਕੇ।
ਰਾਸ਼ਟਰਪਤੀ ਇਰਦੋਗਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਦੇਸ਼ ਦੀ ਕੁਰਦ ਆਬਾਦੀ ਉਤੇ ਫੌਜੀ ਹਮਲਿਆਂ ਰਾਹੀਂ ਢਾਹੇ ਜਾ ਰਹੇ ਵਹਿਸ਼ੀ ਅੱਤਿਆਚਾਰਾਂ, ਖੱਬੇ ਪੱਖੀ ਵਿਰੋਧੀ ਪਾਰਟੀਆਂ, ਪੱਤਰਕਾਰਾਂ ਅਤੇ ਵਿਦਵਾਨਾਂ ਉਤੇ ਕੀਤੇ ਜਾ ਰਹੇ ਹਮਲਿਆਂ ਕਰਕੇ ਦੇਸ਼ ਖਾਨਾਜੰਗੀ ਵੱਲ ਵੱਧਦਾ ਜਾ ਰਿਹਾ ਹੈ। ਇਸ ਹਕੂਮਤੀ ਹਿੰਸਾ ਵਿਰੁੱਧ ਸਰਕਾਰ ਨੂੰ ਪਟੀਸ਼ਨ ਦੇਣ ਵਾਲੇ 1000 ਤੋਂ ਵੱਧ ਪੱਤਰਕਾਰਾਂ, ਬੁੱਧੀਜੀਵੀਆਂ ਤੇ ਵਿਦਵਾਨਾਂ ਨੂੰ ਵੀ ਸਰਕਾਰ ਨੇ ਨਹੀਂ ਬਖਸ਼ਿਆ ਹੈ। ਇਨ੍ਹਾਂ ਵਿਦਵਾਨਾਂ ਨੂੰ ਨੌਕਰੀ ਤੋਂ ਹੱਥ ਧੋਣ, ਗ੍ਰਿਫਤਾਰੀਆਂ ਅਤੇ ਹਮਲਿਆਂ ਤੱਕ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਬ੍ਰਿਟੇਨ ਦੇ ਅਖਬਾਰ ਗਾਰਡੀਅਨ ਵਿਚ 14 ਜਨਵਰੀ ਨੂੰ ਛਪੇ ਬਿਆਨ ਰਾਹੀਂ ਦੁਨੀਆਂ ਦੇ ਪ੍ਰਸਿੱਧ ਵਿਦਵਾਨ ਪ੍ਰੋ. ਨੋਆਮ ਚੋਮਸਕੀ ਨੇ ਵੀ ਇਰਦੋਗਨ ਦੀ ਨਿੰਦਾ ਕੀਤੀ ਹੈ, ਉਨ੍ਹਾਂ ਕਿਹਾ- ''ਤੁਰਕੀ ਦੇਸ਼ ਵਿਚ ਹਾਲੀਆ ਅੱਤਵਾਦੀ ਹਮਲਿਆਂ ਲਈ ਆਈ.ਐਸ.ਆਈ.ਐਸ. 'ਤੇ ਦੋਸ਼ ਲਾਉਂਦਾ ਹੈ, ਜਿਸਦੀ ਇਰਦੋਗਨ ਕਈ ਤਰੀਕਿਆਂ ਨਾਲ ਮਦਦ ਕਰ ਰਿਹਾ ਹੈ, ਉਹ ਅਲ ਨੁਸਰਾ ਦੀ ਮਦਦ ਕਰਦਾ ਹੈ, ਜਿਹੜਾ ਆਈ.ਐਸ. ਤੋਂ ਕਿਸੇ ਵੀ ਰੂਪ ਵਿਚ ਵੱਖਰਾ ਨਹੀਂ ਹੈ। ਇਰਦੋਗਨ ਉਨ੍ਹਾਂ ਵਿਰੁੱਧ ਕੂੜ ਦਾ ਤੂਫਾਨ ਖੜਾ ਕਰਦਾ ਹੈ ਜਿਹੜੇ ਉਸ ਵਲੋਂ ਕੁਰਦਾਂ ਉਤੇ ਕੀਤੇ ਜਾ ਰਹੇ ਮੁਜ਼ਰਮਾਨਾਂ ਹਮਲਿਆਂ ਦੀ ਨਿੰਦਾ ਕਰਦੇ ਹਨ। ਜਿਹੜੇ ਕਿ ਸੀਰੀਆ ਅਤੇ ਈਰਾਕ ਦੋਵਾਂ ਥਾਵਾਂ 'ਤੇ ਆਈ.ਐਸ.ਆਈ.ਐਸ. ਨਾਲ ਜਮੀਨੀ ਜੰਗ ਰਾਹੀਂ ਟੱਕਰ ਲੈਣ ਵਾਲੀਆਂ ਮੁੱਖ ਧਿਰਾਂ ਹਨ।'' ਕੀ ਇਸ ਤੋਂ ਬਾਅਦ ਵੀ ਕਿਸੇ ਟਿਪਣੀ ਦੀ ਲੋੜ ਰਹਿ ਜਾਂਦੀ ਹੈ? ਦੁਨੀਆਂ ਭਰ ਦੇ ਜਮਹੂਰੀਅਤ ਪਸੰਦ ਲੋਕਾਂ ਨੂੰ ਤੁਰਕੀ ਦੇ ਕੁਰਦਾਂ ਉਤੇ ਕੀਤੇ ਜਾ ਰਹੇ ਹਮਲਿਆਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।ઠ

 
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਹੜਤਾਲ : ਅੰਨ੍ਹਾ ਤਸ਼ੱਦਦ 3 ਮੁਲਾਜ਼ਮ ਸ਼ਹੀਦ ਸਾਡੇ ਹਮਸਾਇਆ ਦੇਸ਼ ਪਾਕਿਸਤਾਨ ਦੀ ਕੌਮੀ ਹਵਾਈ ਸੇਵਾ, ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇਨਜ਼ (ਪੀ.ਆਈ.ਏ.) ਦੇ ਮੁਲਾਜ਼ਮ 2 ਫਰਵਰੀ ਨੂੰ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਚਲੇ ਗਏ ਸਨ। ਉਨ੍ਹਾਂ ਇਹ ਹੜਤਾਲ ਦੇਸ਼ ਦੀ ਕੇਂਦਰੀ ਸਰਕਾਰ ਵਲੋਂ, ਸਾਮਰਾਜ ਨਿਰਦੇਸ਼ਤ ਕੌਮਾਂਤਰੀ ਮੁਦਰਾ ਫੰਡ ਦੇ ਨਿਰਦੇਸ਼ਾਂ ਅਧੀਨ, ਇਸ ਜਨਤਕ ਅਦਾਰੇ ਦਾ ਨਿੱਜੀਕਰਨ ਕਰਨ ਦੀ ਯੋਜਨਾ ਵਿਰੁੱਧ ਕੀਤੀ ਸੀ। ਇਸ ਹੜਤਾਲ ਦਾ ਮੁੱਢ ਉਸ ਵੇਲੇ ਬੱਝਾ ਜਦੋਂ ਦੇਸ਼ ਦੀ ਸੰਸਦ, ਪਾਕਿਸਤਾਨ ਕੌਮੀ ਅਸੰਬਲੀ ਨੇ 21 ਜਨਵਰੀ ਨੂੰ ਇਕ ਕਾਨੂੰਨ ਪਾਸ ਕਰਕੇ ਦੇਸ਼ ਦੀ ਇਸ ਕੌਮੀ ਹਵਾਈ ਸੇਵਾ ਨੂੰ ਇਕ ਨਿੱਜੀ ਕੰਪਨੀ ਵਿਚ ਤਬਦੀਲ ਕਰਨ ਦਾ ਫੈਸਲਾ ਲਿਆ ਸੀ। ਪੀ.ਆਈ.ਏ. ਦੇ ਮੁਲਾਜ਼ਮਾਂ ਦੀਆਂ ਯੂਨੀਅਨਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਹੜਤਾਲ ਕਰਨ ਦਾ ਐਲਾਨ ਕਰਨ ਦੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ 1 ਫਰਵਰੀ ਨੂੰ ਜ਼ਰੂਰੀ ਸੇਵਾਵਾਂ ਬਾਰੇ 1952 ਦੇ ਕਾਨੂੰਨ ਨੂੰ ਲਾਗੂ ਕਰਕੇ ਪੀ.ਆਈ.ਏ. ਦੇ ਮੁਲਾਜ਼ਮਾਂ ਉਤੇ ਯੂਨੀਅਨ ਦੀ ਕਿਸੇ ਵੀ ਸਰਗਰਮੀ ਵਿਚ ਭਾਗ ਲੈਣ 'ਤੇ ਪਾਬੰਦੀ ਲਗਾ ਦਿੱਤੀ ਸੀ। ਦੇਸ਼ ਦੇ ਸੂਚਨਾ ਮੰਤਰੀ ਪਰਵੇਜ਼ ਰਸ਼ੀਦ ਨੇ ਮੁਲਾਜ਼ਮਾਂ ਨੂੰ ਧਮਕਾਉਂਦਿਆਂ ਕਿਹਾ ਸੀ ਕਿ ਜਿਹੜੇ ਵੀ ਹੜਤਾਲ 'ਤੇ ਜਾਣਗੇ ਉਨ੍ਹਾਂ ਨੂੰ ਦੇਸ਼ ਦੇ ਦੁਸ਼ਮਣ ਸਮਝਿਆ ਜਾਵੇਗਾ।
ਸਰਕਾਰ ਦੇ ਇਸ ਦਮਨਕਾਰੀ ਕਦਮ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਦੇ ਹੋਏ ਪੀ.ਆਈ.ਏ. ਦੇ ਮੁਲਾਜ਼ਮਾਂ ਨੇ ਇਸ ਹੜਤਾਲ ਵਿਚ ਵੱਧ ਚੜ੍ਹਕੇ ਹਿੱਸਾ ਲਿਆ ਅਤੇ ਦੇਸ਼ ਭਰ ਵਿਚ ਕੋਈ ਵੀ ਹਵਾਈ ਉਡਾਨ ਨਹੀਂ ਹੋ ਸਕੀ। ਪਾਇਲਟਾਂ ਤੋਂ ਲੈ ਕੇ ਗਰਾਊਂਡ ਸਟਾਫ ਤੱਕ ਸਮੁੱਚੇ ਮੁਲਾਜ਼ਮ 2 ਫਰਵਰੀ ਨੂੰ ਸਵੇਰੇ ਹੀ ਹੜਤਾਲ 'ਤੇ ਚਲੇ ਗਏ ਸਨ। ਦੇਸ਼ ਦੇ ਸਭ ਹਵਾਈ ਅੱਡਿਆਂ 'ਤੇ ਮੁਲਾਜ਼ਮਾਂ ਨੇ ਹੜਤਾਲ ਤੋਂ ਬਾਅਦ ਧਰਨੇ ਵੀ ਦਿੱਤੇ। ਦੇਸ਼ ਦੀ ਸਰਕਾਰ ਨੇ ਬੁਖਲਾਹਟ ਵਿਚ ਆ ਕੇ ਅਤੇ ਇਸ ਹੜਤਾਲ ਤੋਂ ਭੈਭੀਤ ਹੋ ਕੇ ਹੜਤਾਲੀ ਮੁਲਾਜ਼ਮਾਂ 'ਤੇ ਅੰਨ੍ਹਾ ਤਸ਼ੱਦਦ ਕੀਤਾ। ਇਸ ਦਮਨ ਲਈ ਪੈਰਾ-ਮਿਲਟਰੀ ਬਲਾਂ ਦੀ ਵਰਤੋਂ ਕੀਤੀ ਗਈ। ਦੇਸ਼ ਦੇ ਸਭ ਤੋਂ ਵੱਡੇ ਸ਼ਹਿਰਾਂ ਅਤੇ ਦੇਸ਼ ਦੇ ਸਭ ਤੋਂ ਵੱਧ ਭੀੜ ਭਾੜ ਵਾਲੇ ਕਰਾਚੀ ਦੇ ਹਵਾਈ ਅੱਡੇ ਉਤੇ ਤਾਂ ਏਅਰ ਪੋਰਟ ਉਤੇ ਧਰਨਾ ਦੇ ਰਹੇ ਮੁਲਾਜ਼ਮਾਂ ਉਤੇ ਪੈਰਾ ਮਿਲਟਰੀ ਬਲਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ, ਜਿਸਦੇ ਸਿੱਟੇ ਵਜੋਂ 3 ਟਰੇਡ ਯੂਨੀਅਨ ਆਗੂ ਸ਼ਹੀਦ ਹੋ ਗਏ ਅਤੇ ਦਰਜਨ ਤੋਂ ਵੱਧ ਜਖ਼ਮੀ ਹੋ ਗਏ। ਸ਼ਹੀਦ ਹੋਣ ਵਾਲਿਆਂ ਵਿਚ ਉਘੇ ਟਰੇਡ ਯੂਨੀਅਨ ਆਗੂ ਇਨਾਇਤ ਰਜ਼ਾ ਵੀ ਸ਼ਾਮਲ ਹਨ। ਇਸ ਘਟਨਾ ਦੀ ਖਬਰ ਫੈਲਦਿਆਂ ਹੀ ਸਮੁੱਚੇ ਦੇਸ਼ ਵਿਚ ਰੋਸ ਲਹਿਰ ਫੈਲ ਗਈ ਅਤੇ ਦੇਸ਼ ਦੇ ਲਗਭਗ ਸਾਰੇ ਹੀ ਸ਼ਹਿਰਾਂ ਵਿਚ ਇਸ ਵਿਰੁੱਧ ਰੋਸ ਮੁਜ਼ਾਹਰੇ ਹੋਏ। ਦੇਸ਼ ਦੀ ਰਾਜਧਾਨੀ ਇਸਲਾਮਾਬਾਦ ਵਿਖੇ ਕੌਮੀ ਪ੍ਰੈਸ ਕਲਬ ਸਾਹਮਣੇ ਦੇਸ਼ ਦੀ ਖੱਬੇ ਪੱਖੀ ਪਾਰਟੀ ਅਵਾਮੀ ਵਰਕਰਜ਼ ਪਾਰਟੀ ਵਲੋਂ ਕੀਤੇ ਗਏ ਮੁਜ਼ਾਹਰੇ ਵਿਚ ਕਈ ਟਰੇਡ ਯੂਨੀਅਨਾਂ ਦੇ ਆਗੂ ਅਤੇ ਰਾਜਨੀਤਕ ਕਾਰਕੁੰਨਾਂ ਨੇ ਭਾਗ ਲਿਆ। ਬੁਲਾਰਿਆਂ ਨੇ ਸਮੂਹਕ ਰੂਪ ਵਿਚ ਵਿਰੋਧ ਦੇ ਬੁਨਿਆਦੀ ਅਧਿਕਾਰ ਦੀ ਵਰਤੋਂ ਕਰਦੇ ਪੀ.ਆਈ.ਏ. ਮੁਲਾਜ਼ਮਾਂ 'ਤੇ ਪੈਰਾ ਮਿਲਟਰੀ ਬਲਾਂ ਦੇ ਹਮਲੇ ਦੀ ਸਖਤ ਨਿਖੇਧੀ ਕੀਤੀ ਅਤੇ ਸ਼ਹੀਦਾਂ ਨੂੰ ਦੇਸ਼ ਦੀ ਮਜ਼ਦੂਰ ਲਹਿਰ ਦੇ ਸ਼ਹੀਦ ਗਰਦਾਨਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀਆਂ ਪੇਸ਼ ਕੀਤੀਆਂ। ਉਨ੍ਹਾਂ ਨੇ ਏਅਰਲਾਈਨ ਦਾ ਨਿੱਜੀਕਰਨ ਕੀਤੇ ਜਾਣ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਨਾਲ ਹਜ਼ਾਰਾਂ ਮੁਲਾਜ਼ਮ ਬੇਰੁਜ਼ਗਾਰ ਹੋ ਜਾਣਗੇ, ਇਸ ਲਈ ਇਸਨੂੰ ਫੌਰੀ ਰੂਪ ਵਿਚ ਵਾਪਸ ਲਿਆ ਜਾਵੇ। ਬੁਲਾਰਿਆਂ ਨੇ ਦੇਸ਼ ਦੇ ਜਨਤਕ ਖੇਤਰ ਦੇ ਦੂਰਸੰਚਾਰ ਅਦਾਰੇ ਦੇ ਨਿੱਜੀਕਰਨ ਦਾ ਤਜ਼ੁਰਬਾ ਸਾਂਝਾ ਕਰਦਿਆਂ ਦੱਸਿਆ ਕਿ ਇਸ ਨਾਲ ਹਜ਼ਾਰਾਂ ਮੁਲਾਜ਼ਮ ਤਾਂ ਬੇਰੁਜ਼ਗਾਰ ਹੋਏ ਹੀ ਹਨ, ਇਸ ਨਾਲ ਸੇਵਾਵਾਂ ਵਿਚ  ਨਿਘਾਰ ਵੀ ਆਇਆ ਹੀ ਹੈ ਅਤੇ ਇਹ ਮਹਿੰਗੀਆਂ ਵੀ ਹੋ ਗਈਆਂ ਹਨ, ਹਾਂ ਐਨਾ ਜ਼ਰੂਰ ਹੋਇਆ ਹੈ ਕਿ ਸਰਮਾਏਦਾਰਾਂ ਨੇ ਲੋਕਾਂ ਦੇ ਟੈਕਸ ਨਾਲ ਉਸਦੇ ਇਸ ਮਹਿਕਮੇ ਦੀਆਂ ਸੰਪਤੀਆਂ ਦੀ ਲੁੱਟ ਕਰਕੇ ਆਪਣੀਆਂ ਤਿਜੋਰੀਆਂ ਖੂਬ ਭਰੀਆਂ ਹਨ। ਉਨ੍ਹਾਂ ਕਿਹਾ ਕਿ ਪੀ.ਆਈ.ਏ. ਅਤੇ ਹੋਰ ਜਨਤਕ ਅਦਾਰਿਆਂ ਦੇ ਨਿੱਜੀਕਰਨ ਨੂੰ ਰੋਕਣ ਲਈ ਸਮੁੱਚੇ ਦੇਸ਼ ਦੇ ਮੁਲਾਜ਼ਮਾਂ ਤੇ ਕਿਰਤੀਆਂ ਨੂੰ ਇਕਜੁੱਟ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਦੇਸ਼ ਦੇ ਸਮੁੱਚੇ ਮਿਹਨਤਕਸ਼ ਲੋਕਾਂ ਨੂੰ ਇਕਜੁੱਟ ਕਰਕੇ ਹੀ ਸਰਕਾਰ ਦੇ ਇਸ ਘਾਤਕ ਹਮਲੇ ਨੂੰ ਰੋਕਿਆ ਜਾ ਸਕਦਾ ਹੈ।
ਇੱਥੇ ਇਹ ਵਰਣਨਯੋਗ ਹੈ ਕਿ 2013 ਵਿਚ ਦੇਸ਼ ਦੀ ਮੌਜੂਦਾ ਪਾਕਿਸਤਾਨ ਮੁਸਲਮ ਲੀਗ (ਨਵਾਜ ਸ਼ਰੀਫ) ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੇ ਕੌਮਾਂਤਰੀ ਮੁਦਰਾ ਫੰਡ ਤੋਂ 6.64 ਬਿਲੀਅਨ ਅਮਰੀਕੀ ਡਾਲਰ ਦਾ ਰਾਹਤ ਪੈਕੇਜ ਲੈਂਦੇ ਹੋਏ ਉਸਦੀਆਂ ਸ਼ਰਤਾਂ ਮੰਨਦਿਆਂ ਦੇਸ਼ ਦੇ 68 ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਨ ਦਾ ਵਾਅਦਾ ਕੀਤਾ ਸੀ। ਜਿਸ ਵਿਚ ਪਾਕਿਸਤਾਨ ਸਟੀਲ ਮਿਲਜ ਅਤੇ ਦੇਸ਼ ਦੇ ਸਭ ਤੋਂ ਵੱਡੇ ਪਾਣੀ ਅਤੇ ਬਿਜਲੀ ਨਾਲ ਸਬੰਧਤ ਅਦਾਰੇ ਵਾਪਡਾ ਦਾ ਨਿੱਜੀਕਰਨ ਕਰਨਾ ਵੀ ਸ਼ਾਮਲ ਸੀ। ਪਿਛਲੇ ਦਿਨੀਂ ਕੌਮਾਂਤਰੀ ਮੁਦਰਾ ਫੰਡ ਦੇ ਅਧਿਕਾਰੀਆਂ ਵਲੋਂ ਇਸ ਬਾਰੇ ਕੀਤੀ ਗਈ ਬੈਠਕ ਵਿਚ ਉਨ੍ਹਾਂ ਦੇਸ਼ਾਂ ਦੇ ਵਿੱਤ ਮੰਤਰੀ ਇਸ਼ਾਕ ਡਾਰ ਉਤੇ ਨਿੱਜੀਕਰਨ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਦਬਾਅ ਬਣਾਇਆ ਸੀ। ਇਸਦੇ ਮੱਦੇਨਜ਼ਰ ਹੀ ਸਰਕਾਰ ਲੇ ਕੌਮੀ ਏਅਰਲਾਈਨ, ਪੀ.ਆਈ.ਏ. ਦੇ 26% ਹਿੱਸੇ ਨਿੱਜੀ ਖੇਤਰ ਨੂੰ ਅਗਲੇ ਕੁੱਝ ਹਫਤਿਆਂ ਵਿਚ ਵੇਚਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਪੀ.ਆਈ.ਏ. ਮੁਲਾਜ਼ਮਾਂ ਦੀ ਇਸ ਜਬਰਦਸਤ ਹੜਤਾਲ ਅਤੇ ਉਸ ਉਤੇ ਸਰਕਾਰ ਦੇ ਘਾਤਕ ਹਮਲੇ ਨੂੰ ਮਿਲੇ ਵਿਆਪਕ ਜਨਸਮਰਥਨ ਦੇ ਬਾਵਜੂਦ ਸਾਂਝੀ ਐਕਸ਼ਨ ਕਮੇਟੀ ਨੇ ਇਹ ਹੜਤਾਲ ਸਰਕਾਰ ਵਲੋਂ ਕੋਈਂ ਠੋਸ ਮੰਗ ਮੰਨਣ ਤੋਂ ਬਿਨਾਂ ਹੀ 9 ਫਰਵਰੀ ਸ਼ਾਮ ਨੂੰ ਵਾਪਸ ਲੈ ਗਈ। ਪੀ.ਆਈ.ਏ. ਦੇ ਪਾਈਲਟਾਂ ਦੀ ਐਸੋਸੀਏਸ਼ਨ ਨੇ ਸਭ ਤੋਂ ਪਹਿਲਾਂ ਪਿੱਠ ਵਿਖਾਈ ਅਤੇ 7 ਫਰਵਰੀ ਨੂੰ ਕਰਾਚੀ ਹਵਾਈ ਅੱਡੇ ਤੋਂ ਪਹਿਲੀ ਉੜਾਨ ਜੇਹਾੱਦ ਲਈ ਭਰੀ। ਇਸ ਮੌਕੇ ਇੰਜੀਨੀਅਰਾਂ ਦੀ ਐਸੋਸੀਏਸ਼ਨ ਨੇ ਹੜਤਾਲ ਨੂੰ ਤੋੜਨ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਇਹ ਹਵਾਈ ਜਹਾਜ ਗੰਭੀਰ ਜੋਖਮ ਲੈ ਕੇ ਉਡਾਇਆ ਗਿਆ। ਜਿਸ ਬਾਰੇ ਇੰਜੀਨੀਅਰਾਂ ਦੀ ਐਸੋਸੀਏਸ਼ਨ ਨੇ ਇਤਰਾਜ ਵੀ ਕੀਤਾ। ਇਸੇ ਤਰ੍ਹਾਂ ਅਦਾਰੇ ਦੇ ਕੈਟਰਿੰਗ ਸਟਾਫ ਨੇ ਵੀ ਇਸ ਉਡਾਣ ਲਈ ਭੋਜਨ ਨਹੀਂ ਬਣਾਇਆ ਅਤੇ ਕੱਤਾਰ ਏਅਰਲਾਈਨ ਤੋਂ 5 ਗੁਣਾ ਮਹਿੰਗੇ ਭਾਅ 'ਤੇ ਇਹ ਸੇਵਾ ਲਈ ਗਈ। ਇਸਦੇ ਨਾਲ ਹੀ ਸਰਕਾਰ ਨੇ ਦਮਨ ਚੱਕਰ ਵੀ ਹੋਰ ਤੇਜ ਕਰ ਦਿੱਤਾ ਅਤੇ ਹੜਤਾਲੀ ਆਗੂਆਂ ਦੀਆਂ ਵੱਡੇ ਪੱਧਰ 'ਤੇ ਗਿਰਫਤਾਰੀਆਂ ਅਤੇ ਹੜਤਾਲੀ ਮੁਲਾਜ਼ਮਾਂ ਦੇ ਧਰਨਿਆਂ ਨੂੂੰ ਹਵਾਈ ਅੱਡਿਆਂ ਤੋਂ ਦੂਰ ਕਰ ਦਿੱਤਾ। ਏਅਰ ਹੋਸਟਸਾਂ ਅਤੇ ਹੋਰ ਚਿੱਟ ਕੱਪੜੀਏ ਮੁਲਾਜ਼ਮਾਂ ਦੇ  ਘਰਾਂ 'ਤੇ ਪੁਲਸ ਦੇ ਛਾਪੇ ਸ਼ੁਰੂ ਕਰ ਦਿੱਤੇ ਗਏ।  ਸਾਂਝੀ ਐਕਸ਼ਨ ਕਮੇਟੀ ਦੇ ਚੇਅਰਮੈਨ ਸੋਹਲ ਬਲੋਚ ਨੇ 9 ਫਰਵਰੀ ਨੂੰ ਕਰਾਚੀ ਪ੍ਰੈਸ ਕਲੱਬ ਵਿਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ-''ਇਕ ਦਿਆਵਾਨ ਦੋਸਤ ਦੀ ਸਲਾਹ 'ਤੇ ਅਸੀਂ ਹਤਾਲ ਵਾਪਸ ਲੈ ਲਈ ਹੈ।'' ਅਤੇ ਬਾਅਦ ਵਿਚ ਇਹ ਜੋੜ ਦਿੱਤਾ ''ਅਸੀਂ ਇਕ ਵਿਚੋਲੇ ਵਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਹੜਤਾਲ ਵਾਪਸ ਲੈ ਰਹੇ ਹਾਂ।'' ਇਸ ਤੋਂ ਬਾਅਦ ਉਸੇ ਰਾਤ ਸਾਂਝੀ ਐਕਸ਼ਨ ਕਮੇਟੀ ਦੇ ਕੁੱਝ ਆਗੂ ਦੇਸ਼ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ  ਦੇ ਭਰਾ ਅਤੇ ਪੰਜਾਬ ਪ੍ਰਾਂਤ ਦੇ ਮੁੱਖ ਮੰਤਰੀ ਸ਼ਹਿਵਾਜ ਸ਼ਰੀਫ ਨੂੰ ਮਿਲਣ ਲਾਹੌਰ ਚਲੇ ਗਏ। ਬਾਅਦ ਵਿਚ ਦੱਸਿਆ ਗਿਆ ਕਿ ਮੁਲਾਜ਼ਮਾਂ ਨੂੰ 6 ਮਹੀਨੇ ਦਾ ਸਮਾਂ ਦਿੱਤਾ ਗਿਆ, ਜਿਸ ਦੌਰਾਨ ਉਹ ਇਸ ਅਦਾਰੇ ਨੂੰ ਮੁਨਾਫੇ ਵਿਚ ਲਿਆਉਣਗੇ। ਜੇਕਰ ਅਜਿਹਾ ਨਾ ਕਰ ਸਕੇ ਤਾਂ ਨਿੱਜੀਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਸਮਝੌਤੇ ਦੀ ਅਜੇ ਸਿਆਹੀ ਵੀ ਸੁੱਕੀ ਨਹੀਂ ਸੀ ਕਿ ਸਰਕਾਰ ਨੇ ਆਪਣੇ ਦਮਨਚੱਕਰ ਨੂੰ ਅਗਾਂਹ ਤੋਰਦੇ ਹੋਏ ਲਾਜ਼ਮੀ ਸੇਵਾਵਾਂ ਕਾਇਮ ਰੱਖਣ ਬਾਰੇ ਕਾਨੂੰਨ, ਸੀ.ਐਸ.ਐਮ.ਏ. ਅਧੀਨ  11 ਦਿਹਾੜੀਦਾਰ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਅਤੇ 167 ਪੱਕੇ ਮੁਲਾਜ਼ਮਾਂ ਨੂੰ ਹੜਤਾਲ ਸਮੇਂ ਸਰਗਰਮ ਕਾਰਕੁੰਨ ਗਰਦਾਨਦੇ ਹੋਏ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ। ਇਨ੍ਹਾਂ ਦੀ ਗਿਣਤੀ ਵੱਧਕੇ ਹੁਣ 500 ਤੱਕ ਪੁੱਜ ਗਈ ਹੈ। 
(20.2.2016)

No comments:

Post a Comment