Friday 11 March 2016

ਭਗਤ ਸਿੰਘ : ਵਿਚਾਰਾਂ ਦੀ ਸਾਣ 'ਤੇ ਇਨਕਲਾਬ ਦੀ ਤਲਵਾਰ

ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਵਸ 23 ਮਾਰਚ ਨੂੰ ਸਮਰਪਿਤ
 
ਪ੍ਰੋ. ਚਮਨ ਲਾਲ23 ਮਾਰਚ 2005 ਨੂੰ ਭਗਤ ਸਿੰਘ ਦੀ ਸ਼ਹਾਦਤ ਦੇ 74 ਸਾਲ ਪੂਰੇ ਹੋ ਚੁੱਕੇ ਸਨ ਅਤੇ ਕਰੀਬ ਦੋ ਸਾਲਾਂ ਬਾਅਦ ਦੇਸ਼ ਭਗਤ ਸਿੰਘ ਦੀ ਜਨਮ ਸ਼ਤਾਬਦੀ ਮਨਾ ਚੁੱਕਿਆ ਹੈ। 23 ਮਾਰਚ 1931 ਨੂੰ ਜਦ ਭਗਤ ਸਿੰਘ ਮੁਲਕ ਲਈ ਸ਼ਹੀਦ ਹੋ ਕੇ ਸ਼ਹੀਦ-ਇ-ਆਜ਼ਮ ਕਹਾਇਆ ਤਾਂ ਉਸ ਦੀ ਉਮਰ ਕੁਲ 23 ਵਰ੍ਹੇ ਤੇ ਕੁਝ ਮਹੀਨੇ ਹੀ ਸੀ। ਏਨੀ ਘਟ ਉਮਰ ਵਿਚ ਵੀ ਇਕ ਵੇਰਾਂ ਤਾਂ ਦੇਸ਼ ਦੀ ਜਨਤਾ ਨੇ ਉਸ ਨੂੰ ਮਹਾਤਮਾ ਗਾਂਧੀ ਤੋਂ ਵੀ ਵੱਧ ਕੇ ਸਮਝਿਆ ਸੀ। ਹੌਲੀ-ਹੌਲੀ ਉਸ ਦਾ ਅਕਸ ਮੁਲਕ ਲਈ ਜਾਨ ਕੁਰਬਾਨ ਕਰ ਦੇਣ ਵਾਲੇ ਇਕ ਬਹਾਦਰ ਯੋਧਾ ਦਾ ਬਣਾ ਦਿੱਤਾ ਗਿਆ ਅਤੇ ਇਸ ਅਕਸ ਵਿਚ ਉਸਦੀ ਸ਼ਖਸੀਅਤ ਅਤੇ ਉਨ੍ਹਾਂ ਵਲੋਂ ਚਲਾਈ ਜਾਂਦੀ ਲਹਿਰ ਦੇ ਪ੍ਰਾਣਤੱਤ ਨੂੰ ਵੀ ਕਾਫੀ ਹੱਦ ਤੱਕ ਧੁੰਦਲਾ ਕਰ ਦਿੱਤਾ ਗਿਆ। ਭਗਤ ਸਿੰਘ ਦੀ ਸ਼ਖ਼ਸੀਅਤ ਦੀ ਕੇਂਦਰੀ ਵਿਸ਼ੇਸ਼ਤਾ ਕੀ ਸੀ ਅਤੇ ਉਨ੍ਹਾਂ ਵਲੋਂ ਚਲਾਈ ਲਹਿਰ ਦਾ ਪ੍ਰਾਣਤੱਤ ਕੀ ਸੀ? ਇਹ ਸਵਾਲ ਸੱਤਵੇਂ ਦਹਾਕੇ ਦੇ ਅਖੀਰ ਤੱਕ ਆਉਂਦੇ-ਪੂਰੇ ਜ਼ੋਰ ਨਾਲ ਉਠਿਆ ਅਤੇ ਖਾਸ ਕਰ ਉਨ੍ਹਾਂ ਨੌਜਵਾਨਾਂ ਨੇ ਇਹ ਸਵਾਲ ਉਠਾਇਆ, ਜੋ ਭਗਤ ਸਿੰਘ ਦੀ ਦੇਸ਼ਭਗਤੀ ਦੇ ਜਜ਼ਬੇ ਨੂੰ ਆਪਣੇ ਅੰਦਰ ਧੜਕਦਾ ਮਹਿਸੂਸ ਕਰਦੇ ਸਨ। ਹਾਲਾਂਕਿ ਭਗਤ ਸਿੰਘ ਦੇ ਸਾਥੀਆਂ ਅਜੈ ਘੋਸ਼, ਸੋਹਣ ਸਿੰਘ ਜੋਸ਼, ਸ਼ਿਵ ਵਰਮਾ ਆਦਿ ਨੇ ਭਗਤ ਸਿੰਘ ਦੇ ਵਿਚਾਰਾਂ ਨੂੰ ਸਪੱਸ਼ਟ ਕਰਨ ਦੇ ਯਤਨ ਕੀਤੇ ਅਤੇ ਉਨ੍ਹਾਂ ਦੀ ਇਨਕਲਾਬੀ ਲਹਿਰ ਨੂੰ ਕੌਮ ਦੀ ਮੁਕਤੀ ਦੀ ਵਿਆਪਕ ਲੋਕ ਲਹਿਰ ਦੇ ਅੰਗ ਦੇ ਰੂਪ ਵਜੋਂ ਪੇਸ਼ ਕੀਤਾ, ਪਰ ਭਗਤ ਸਿੰਘ ਦੇ ਬਾਰੇ ਵਧੇਰੇ ਲੇਖਨ ਦੇ ਸਾਹਮਣੇ ਨਾ ਆਉਣ ਕਰਕੇ ਭਗਤ ਸਿੰਘ ਦਾ ਅਕਸ ਕੁਝ ਅਜਿਹਾ ਬਣਾ ਦਿੱਤਾ ਗਿਆ ਕਿ ਜਾਕੀ ਰਹੀ ਕਾਮਨਾ ਜੈਸੀ, ਭਗਤ ਮੂਰਤੀ ਬਣਾਈ ਤਿਨ ਤੈਸੀ।
ਸੋ ਭਗਤ ਸਿੰਘ ਜਨਸੰਘ ਲਈ ਰਾਸ਼ਟਰ ਦਾ ਵੀਰ ਯੋਧਾ, ਕਾਂਗਰਸ ਅਤੇ ਹੋਰ ਮੱਧਵਰਗੀ ਪਾਰਟੀਆਂ ਲਈ ਕਾਂਗਰਸ ਲਹਿਰ ਦਾ ਪੂਰਕ ਅਤੇ ਖੱਬੇਪੱਖ ਲਈ ਜਨਵਾਦੀ ਲਹਿਰ ਦਾ ਅੰਗ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ। ਭਗਤ ਸਿੰਘ ਦੇ ਪਰਵਾਰ ਦੇ ਮੈਂਬਰਾਂ  ਨੇ ਵੀ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜ ਕੇ ਇਸ ਧੁੰਦਲੇਪਨ ਨੂੰ ਹੋਰ ਵਧਾਇਆ।
ਸੱਤਵੇਂ ਦਹਾਕੇ ਦੇ ਅਖੀਰ ਤੱਕ ਪਹੁੰਚਦਿਆਂ ਭਗਤ ਸਿੰਘ ਦੀਆਂ ਲਿਖਤਾਂ ਵੱਲ ਧਿਆਨ ਦਿੱਤਾ ਜਾਣ ਲੱਗਿਆ। ਪ੍ਰੋ. ਬਿਪਨ ਚੰਦਰ ਵਲੋਂ ਭਗਤ ਸਿੰਘ ਦਾ ਜੇਲ੍ਹ ਵਿਚੋਂ 1930 ਵਿਚ ਭੇਜਿਆ ਉਸ ਦੇ ਜੀਵਨ ਕਾਲ ਵਿਚ ਹੀ ਪ੍ਰਕਾਸ਼ਤ ਲੇਖ ''ਮੈਂ ਨਾਸਤਿਕ ਕਿਉਂ ਹਾਂ'' ਦੇ ਮੁੜ ਪ੍ਰਕਾਸ਼ਨ ਦੇ ਨਾਲ ਹੀ ਭਗਤ ਸਿੰਘ ਦੇ ਵਿਚਾਰਾਂ ਤੇ ਸਖਸ਼ੀਅਤ ਸਬੰਧੀ ਧੁੰਦ ਸਾਫ ਹੋਣੀ ਸ਼ੁਰੂ ਹੋਈ ਅਤੇ ਇਹ ਲੇਖ ਭਾਰਤ ਦੀਆਂ ਤਕਰੀਬਨ ਸਾਰੀਆਂ ਮੁੱਖ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਛਪਿਆ ਅਤੇ ਇਸ ਲੇਖ ਨੇ ਦੇਸ਼ ਦੇ ਇਨਕਲਾਬੀ ਨੌਜਵਾਨਾਂ ਵਿਚ ਹਲਚਲ ਮਚਾ ਦਿੱਤੀ। ਇਸ ਤੋਂ ਬਾਅਦ ਭਗਤ ਸਿੰਘ ਦੇ ਹੋਰ ਲੇਖਾਂ ਦੇ ਪ੍ਰਕਾਸ਼ਨ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਨੌਵੇਂ ਦਹਾਕੇ ਤੱਕ ਆਉਂਦੇ ਆਉਂਦੇ ਉਨ੍ਹਾਂ ਦੇ 'ਜੇਲ੍ਹ ਨੋਟ ਬੁੱਕ' ਦੀ ਇਕ ਫੋਟੋਕਾਪੀ ਵੀ ਤੀਨਮੂਰਤੀ ਲਾਇਬਰੇਰੀ ਵਿਚ ਉਨ੍ਹਾਂ ਦੇ ਪਰਵਾਰ ਦੇ ਕਿਸੇ ਮੈਂਬਰ ਨੇ ਰੱਖ ਦਿੱਤੀ, ਜੋ 1994 ਵਿਚ ਹੀ ਛਪ ਸਕੀ। ਭਗਤ ਸਿੰਘ ਦੇ ਲੇਖਾਂ, ਦਸਤਾਵੇਜ਼ਾਂ, ਖ਼ਤਾਂ, ਅਦਾਲਤਾਂ ਵਿਚ ਦਿੱਤੇ ਬਿਆਨਾਂ ਅਤੇ ਜੇਲ੍ਹ ਨੋਟਬੁੱਕ ਵਿਚ ਦਰਜ ਉਸ ਦੀਆਂ ਟਿੱਪਣੀਆਂ ਤੋਂ ਹੁਣ ਭਗਤ ਸਿੰਘ ਦੀ ਸਖਸ਼ੀਅਤ ਅਤੇ ਵਿਚਾਰਾਂ ਦਾ ਸਪੱਸ਼ਟ ਬਿੰਬ ਬਣ ਚੁੱਕਿਆ ਹੈ ਅਤੇ ਹੁਣ ਉਸਦੇ ਵਿਚਾਰਾਂ ਜਾਂ ਸ਼ਖਸੀਅਤ ਨੂੰ ਧੁੰਦਲਾ ਬਣਾ ਕੇ ਪੇਸ਼ ਕਰਨਾ ਮੁਮਕਿਨ ਨਹੀਂ ਰਹਿ ਗਿਆ।
ਭਗਤ ਸਿੰਘ ਦੇ ਬਿਆਨਾਂ ਜਾਂ ਦਸਤਾਵੇਜ਼ਾਂ ਤੋਂ ਭਗਤ ਸਿੰਘ ਦਾ ਬਿੰਬ ਕੀ ਬਣਦਾ ਹੈ? ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਬੇਹੱਦ ਨਿਡਰ ਅਤੇ ਆਪਣੇ ਵਿਚਾਰਾਂ ਲਈ ਹੱਸਦਿਆਂ-ਹੱਸਦਿਆਂ ਜਾਨ ਦੇ ਸਕਣ ਵਿਚ ਸਮਰੱਥ ਸ਼ਖਸੀਅਤ ਸਨ। ਆਪਣੀ ਫਾਂਸੀ ਦਾ ਦਿਨ ਨੇੜੇ ਆਉਣ 'ਤੇ ਉਸ ਦਾ ਵਜ਼ਨ ਵੱਧ ਗਿਆ ਸੀ ਅਤੇ ਫਾਂਸੀ ਦੇ ਤਖ਼ਤੇ ਤੇ ਜਾਣ ਤੱਕ ਦੀ ਘੜੀ ਤੱਕ ਉਹ ਅਧਿਐਨ ਕਰ ਰਿਹਾ ਸੀ। ਆਖਰੀ ਸਮੇਂ ਉਸ ਦੇ ਹੱਥਾਂ ਵਿਚ ਲੈਨਿਨ ਦੀ ਕਿਤਾਬ ਸੀ। ਆਖਰੀ ਸਮੇਂ ਵਿਚ ਇਸ ਕਿਤਾਬ ਦਾ ਹੋਣਾ, ਉਸ ਦੇ ਵਿਚਾਰਾਂ ਨੂੰ ਸਮਝਣ ਦੀ ਕੂੰਜੀ ਹੈ। ਤਰਕਸ਼ੀਲ ਵਿਚਾਰਾਂ ਨਾਲ ਤਾਂ ਭਗਤ ਸਿੰਘ ਦਾ ਝੁਕਾਅ ਇਨਕਲਾਬੀ ਲਹਿਰ ਨਾਲ ਜੁੜਨ ਦੇ ਸਮੇਂ ਤੋਂ ਹੀ ਸੀ, ਜਿਸ ਵਿਚ ਲਗਾਤਾਰ ਵਿਕਾਸ ਹੋ ਰਿਹਾ ਹੈ। ਪੜ੍ਹਨ ਅਤੇ ਲਿਖਣ ਦੀ ਉਸ ਵਿਚ ਕਮਾਲ ਦੀ ਲਗਨ ਸੀ। ਇਨਕਲਾਬੀ ਲਹਿਰ ਜਾਂ ਸਰਗਰਮੀਆਂ ਵਿਚ ਹਿੱਸਾ ਲੈਣ ਦੇ ਪੂਰੇ ਦੌਰ ਵਿਚ ਉਸ ਦਾ ਅਧਿਐਨ ਵੀ ਬਰਾਬਰ ਜਾਰੀ ਰਹਿੰਦਾ ਸੀ। ਸਭ ਤੋਂ ਡੁੰਘੇ ਰੂਪ ਵਿਚ ਉਸ ਦਾ ਧਿਆਨ ਰੂਸ ਦੇ 1917 ਦੇ ਅਕਤੂਬਰ ਇਨਕਲਾਬ ਅਤੇ ਲੈਨਿਨ ਦੀ ਸਖਸ਼ੀਅਤ ਨੇ ਖਿੱਚਿਆ ਸੀ। ਮੁਲਕ ਵਿਚ ਉਨ੍ਹੀਂ ਦਿਨੀਂ ਮਾਰਕਸਵਾਦੀ ਸਾਹਿਤ ਮਿਲ ਤਾਂ ਜਾਂਦਾ ਸੀ ਪਰ ਬੜੀ ਮੁਸ਼ਕਿਲ ਨਾਲ। ਭਗਤ ਸਿੰਘ ਅਜਿਹਾ ਸਾਹਿਤ ਖੋਜ ਖੋਜ ਕੇ ਪੜ੍ਹਦਾ ਸੀ। ਨਾਲ ਹੀ ਉਸ ਦੀ ਡੁੰਘੀ ਦਿਲਚਸਪੀ ਸਿਰਜਣਾਤਮਕ ਸਾਹਿਤ ਵਿਚ ਵੀ ਸੀ। ਦੁਨੀਆਂ ਭਰ ਦਾ ਕਲਾਸਿਕੀ ਸਾਹਿਤ ੳਸ ਨੇ ਕਿਤੋਂ ਨਾ ਕਿਤੋਂ ਲੱਭ ਕੇ ਪੜ੍ਹਿਆ। ਇਸੇ ਨਾਲ ਉਸ ਦਾ ਸਾਹਿਤਕ ਸਭਿਆਚਾਰਕ ਵਿਵੇਕ ਬਹੁਤ ਸੂਖਮ ਬਣਿਆ। ਡਰੀਮਲੈਂਡ ਦੀ ਭੂਮਿਕਾ ਤੋਂ ਇਸ ਦਾ ਇਹ ਵਿਵੇਕ ਸਾਫ ਦੇਖਿਆ ਜਾ ਸਕਦਾ ਹੈ। ਸਵੈ-ਅਧਿਐਨ ਨਾਲ ਹੀ ਉਸਦਾ ਪੰਜ ਜੁਬਾਨਾਂ 'ਤੇ ਪੂਰਾ ਅਧਿਕਾਰ ਸੀ। ਇਹ ਭਾਸ਼ਾਵਾਂ ਸਨ-ਹਿੰਦੀ, ਪੰਜਾਬੀ, ਸੰਸਕ੍ਰਿਤ, ਉਰਦੂ ਤੇ ਅੰਗਰੇਜ਼ੀ। ਚਾਰਾਂ ਹੀ ਭਾਸ਼ਾਵਾਂ ਵਿਚ ਉਸ ਨੇ ਖੂਬ ਲਿਖਿਆ। ਬੰਗਾਲੀ ਵੀ ਉਸ ਨੇ ਸਿੱਖ ਲਈ ਸੀ।
ਅਧਿਐਨ ਕਰਨ ਦਾ ਭਗਤ ਸਿੰਘ ਨੂੰ ਖੁੱਲ੍ਹਾ ਮੌਕਾ ਮਿਲਿਆ। 8 ਅਪ੍ਰੈਲ 1929 ਨੂੰ ਅਸੈਂਬਲੀ ਵਿਚ ਬੰਬ ਸੁੱਟਣ ਸਬੰਧੀ ਗ੍ਰਿਫਤਾਰੀ ਦੇਣ ਬਾਅਦ ਫਾਂਸੀ ਤੱਕ ਕਰੀਬ ਦੋ ਸਾਲ ਉਹ ਜੇਲ੍ਹ ਵਿਚ ਰਿਹਾ ਅਤੇ ਇਸ ਦੌਰਾਨ ਉਸ ਨੇ ਡਟ ਕੇ ਅਧਿਐਨ ਕੀਤਾ। ਉਸ ਦੇ ਅਧਿਐਨ ਮਨਨ ਦਾ ਸਾਕਾਰ ਰੂਪ ਹੈ, ੳਸ ਦੀ ਜੇਲ੍ਹ ਨੋਟਬੁੱਕ ਜੋ 408 ਪੰਨਿਆਂ ਦੀ ਹੈ। ਇਸ ਨੋਟ ਬੁੱੈਕ ਵਿਚ ਭਗਤ ਸਿੰਘ ਵਲੋਂ ਜੇਲ੍ਹ ਵਿਚ ਪੜ੍ਹੀਆਂ-ਸੁਣੀਆਂ ਅਨੇਕਾਂ ਕਿਤਾਬਾਂ ਦੇ ਨੋਟ ਉਸ ਦੀ ਆਪਣੀ ਲਿਖਾਈ ਵਿਚ ਦਰਜ ਹਨ। ਭਗਤ ਸਿੰਘ ਸਿਰਫ ਪੜ੍ਹਦਾ ਤੇ ਮਨਨ ਹੀ ਨਹੀਂ ਕਰਦਾ ਸੀ, ਸਗੋਂ ਉਸ ਦੇ ਮਨ ਵਿਚ ਭਾਰਤੀ ਇਨਕਲਾਬ ਦੀ ਵਿਚਾਰਧਾਰਾ ਅਤੇ ਇਨਕਲਾਬ ਦੇ ਰੂਪ ਦੀ ਸਪੱਸ਼ਟ ਤਸਵੀਰ ਵੀ ਉਭਰ ਕੇ ਸਾਹਮਣੇ ਆ ਰਹੀ ਸੀ। ਆਪਣੇ ਅਧਿਐਨ ਦੇ ਆਧਾਰ 'ਤੇ ਉਸ ਨੇ ਦੁਨੀਆਂ ਭਰ ਵਿਚ ਰਾਜ ਦੇ ਵੱਖ-ਵੱਖ ਪੜ੍ਹਾਵਾਂ ਦੇ ਵਿਸ਼ਲੇਸ਼ਣ ਕਰਨ ਵਾਲੀ ਕਿਤਾਬ ਦੀ ਰੂਪ ਰੇਖਾ ਤਿਆਰ ਕੀਤੀ ਸੀ ਜੋ ਨੋਟ ਬੁੱਕ ਵਿਚ ਦਰਜ ਹੈ। ਅਦਾਲਤ ਵਿਚ ਆਪਣੇ ਕੇਸ ਦੀ ਪੈਰਵੀ ਦੇ ਦੌਰਾਨ ਉਸ ਨੇ ਦੁਨੀਆਂ ਭਰ ਦੀ ਨਿਆਂ ਵਿਵਸਥਾ ਦਾ ਅਧਿਐਨ ਕੀਤਾ ਸੀ। ਇਹੋ ਕਾਰਨ ਹੈ ਕਿ ਉਸ ਵਲੋਂ ਤਿਆਰ ਕੀਤੇ ਅਤੇ ਅਦਾਲਤ ਵਿਚ ਪੜ੍ਹੇ ਗਏ ਬਿਆਨਾਂ ਤੋਂ ਬਰਤਾਨਵੀ ਬਸਤੀਵਾਦੀ ਸਰਕਾਰ ਤਿਲਮਿਲਾ ਉਠਦੀ ਸੀ। ਪ੍ਰਸਿੱਧ ਪੱਤਰਕਾਰ ਅਤੇ ਲੇਖਕ ਏ.ਜੀ. ਨੂਰਾਨੀ ਨੇ ਭਗਤ ਸਿੰਘ ਦੇ ਮੁਕੱਦਮੇਂ 'ਤੇ ਆਪਣੀ ਕਿਤਾਬ ਵਿਚ ਬਿਨਾਂ ਸ਼ੱਕ ਇਹ ਸਿੱਧ ਕਰ ਦਿੱਤਾ ਹੈ ਕਿ ਦੁਨੀਆਂ ਭਰ ਵਿਚ ਨਿਆਂ ਵਿਵਸਥਾ ਦਾ ਢੰਡੋਰਾ ਪਿੱਟਣ ਵਾਲੀ ਬਰਤਾਨਵੀ ਸਰਕਾਰ ਨੇ ਨਿਆਂ-ਪ੍ਰਕਿਰਿਆ ਦੇ ਸਾਰੇ ਕੁਦਰਤੀ ਅਤੇ ਵਿਵਹਾਰਕ ਰੂਪਾਂ ਨੂੰ ਬੜੀ ਬੇਸ਼ਰਮੀ ਨਾਲ ਤਾਕ 'ਤੇ ਰੱਖ ਕੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਸੀ। ਬਰਤਾਨਵੀ ਸਰਕਾਰ ਵਲੋਂ ਹਰ ਹਾਲਤ ਭਗਤ ਸਿੰਘ ਨੂੰ ਫਾਂਸੀ ਚੜ੍ਹਾਉਣ ਦੀ ਜਿੱਦ ਤੋਂ ਹੀ ਜਾਹਿਰ ਹੈ ਕਿ ਬਰਤਾਨਵੀ ਬਸਤੀਵਾਦ ਭਗਤ ਸਿੰਘ ਅਤੇ ਉਸ ਦੇ ਵਿਚਾਰਾਂ ਦੀ ਤਾਕਤ ਤੋਂ ਭੈਭੀਤ ਸੀ। ਭਗਤ ਸਿੰਘ ਉਸ ਨੂੰ ਇਕ ਸ਼ਕਤੀਸ਼ਾਲੀ ਕੌਮੀ ਹੀਰੋ, ਜੋ ਆਪਣੀ ਕੌਮ ਦੀ ਬਸਤੀਵਾਦ ਤੋਂ ਸੱਚੀ ਮੁਕਤੀ ਚਾਹੁੰਦਾ ਸੀ, ਨਜ਼ਰ ਆਉਂਦਾ ਸੀ ਜਿਵੇਂ ਕਿ ਭਗਤ ਸਿੰਘ ਨੇ ਆਪਣੇ ਦਸਤਾਵੇਜ਼ਾਂ ਵਿਚ ਕਿਹਾ ਹੈ ਕਿ ਅਸੀਂ ਕਿਸੇ ਗੋਰੇ ਦੀ ਜਗ੍ਹਾ ਕਾਲੇ ਨੂੰ ਹਕੂਮਤ ਸੰਭਾਲਣ ਲਈ ਨਹੀਂ, ਸਗੋਂ ਲੁੱਟ-ਖਸੁੱਟ 'ਤੇ ਅਧਾਰਿਤ  ਪੂਰੇ ਢਾਂਚੇ ਨੂੰ ਮੂਲੋਂ ਚੂਲੋਂ ਬਦਲਣ, ਇਕ ਇਨਕਲਾਬੀ ਤਬਦੀਲੀ ਲਈ ਲੜ ਰਹੇ ਹਾਂ। ਸਗੋਂ ਭਗਤ ਸਿੰਘ ਵਿਚ ਬਰਤਾਨਵੀ ਬਸਤੀਵਾਦ ਨੂੰ ਏਸ਼ੀਆ ਵਿਚ ਉਭਰ ਰਿਹਾ ਲੈਨਿਨ ਨਜ਼ਰ ਆਉਂਦਾ ਸੀ, ਜਿਸ ਤੋਂ ਨਾ ਸਿਰਫ ਬਰਤਾਨਵੀ ਬਸਤੀਵਾਦ ਦਾ ਵਿਰੋਧੀ ਇਨਕਲਾਬ ਅੱਗੇ ਵੱਧ ਰਿਹਾ ਸੀ ਅਤੇ ਜੇ ਭਗਤ ਸਿੰਘ ਨੂੰ ਜਿਊਂਦਾ ਰਹਿਣ ਦਿੱਤਾ ਜਾਂਦਾ ਤਾਂ ਭਾਰਤ ਵਿਚ ਵੀ ਅਜਿਹੀਆਂ ਸੰਭਾਵਨਾਵਾਂ ਬਣ ਸਕਦੀਆਂ ਸਨ, ਜਿਨ੍ਹਾਂ ਤੋਂ ਦੁਨੀਆਂ ਦੇ ਸਾਮਰਾਜਵਾਦੀ ਬਚਣਾ ਚਾਹੁੰਦੇ ਸਨ। ਭਗਤ ਸਿੰਘ ਦੀ 'ਜ੍ਹੇਲ- ਨੋਟਬੁੱਕ' ਅਤੇ ਉਸ ਦੇ ਅਦਾਲਤ ਵਿਚ ਦਿੱਤੇ ਬਿਆਨਾਂ ਤੋਂ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਭਗਤ ਸਿੰਘ ਆਪਣੇ ਵਿਚਾਰਾਂ ਵਿਚ ਮਾਰਕਸਵਾਦ ਨੂੰ ਅਪਣਾ ਚੁੱਕਿਆ ਸੀ ਅਤੇ ਭਾਰਤ ਵਿਚ ਬਰਤਾਨਵੀ ਬਸਤੀਵਾਦ ਤੋਂ ਮੁਕਤੀ ਲਈ ਵਿਸ਼ਾਲ ਲੋਕ ਲਹਿਰ ਸ਼ੁਰੂ ਕਰਨਾ ਚਾਹੁੰਦਾ ਸੀ, ਜਿਸ ਵਿਚ ਮੁੱਖ ਭੂਮਿਕਾ ਕਿਸਾਨ ਤੇ ਮਜ਼ਦੂਰ ਦੀ ਹੋਣੀ ਸੀ। ਵਿਦਿਆਰਥੀਆਂ ਅਤੇ ਨੌਜਵਾਨਾਂ 'ਤੇ ਉਸ ਦਾ ਸਭ ਤੋਂ ਵੱਧ ਅਸਰ ਉਦੋਂ ਵੀ ਸੀ ਅਤੇ ਹੁਣ ਵੀ ਹੈ।
ਸਭ ਤੋਂ ਅਜੀਬ ਗੱਲ ਇਹ ਹੈ ਕਿ ਭਗਤ ਸਿੰਘ ਦੀ ਇਨਕਲਾਬੀ ਸ਼ਖਸੀਅਤ ਅਤੇ ਵਿਚਾਰਾਂ ਦਾ ਸਭ ਤੋਂ ਜ਼ੋਰਦਾਰ ਪ੍ਰਭਾਵ ਇਸ ਵੇਲੇ ਉਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਰਾਜਾਂ ਵਿਚ ਹੈ ਜਿੱਥੇ ਉਸ ਦੀਆਂ ਲਿਖਤਾਂ ਨੂੰ ਸਭ ਤੋਂ ਵੱਧ ਪ੍ਰਚਾਰਤ ਕੀਤਾ ਜਾ ਰਿਹਾ ਹੈ ਅਤੇ ਕਾਲਜਾਂ-ਯੂਨੀਵਰਸਿਟੀਆਂ ਦੇ ਵਿਦਿਆਰਥੀ ਉਸ ਦੇ ਵਿਚਾਰਾਂ ਤੋਂ ਪ੍ਰੇਰਨਾ ਲੈ ਰਹੇ ਸਨ।
ਭਗਤ ਸਿੰਘ ਦੀ ਯਾਦ ਵਿਚ ਸਰਕਾਰੀ ਸਮਾਗਮ ਆਪਣੇ ਤੌਰ 'ਤੇ ਹੁੰਦੇ ਰਹਿੰਦੇ ਹਨ, ਜਿਨ੍ਹਾਂ ਵਿਚ ਸ਼ਰਧਾਂਜਲੀਆਂ ਦੀਆਂ ਰਸਮਾਂ 'ਤੇ ਜ਼ਿਆਦਾ ਜ਼ੋਰ ਹੁੰਦਾ ਹੈ। ਪਰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ ਤਾਂ ਉਨ੍ਹਾਂ ਦੇ ਵਿਚਾਰਾਂ ਦੇ ਅਧਿਐਨ, ਮਨਨ ਅਤੇ ਉਨ੍ਹਾਂ ਦੇ ਵਿਚਾਰਾਂ ਦੀ ਲੋਅ ਵਿਚ ਭਾਰਤੀ ਸਮਾਜ ਦੇ ਵਿਆਪਕ ਰੂਪਾਂਤਰਣ ਦੀ ਦਿਸ਼ਾ ਵਿਚ ਸੋਚਣ, ਕਾਰਜ ਯੋਜਨਾ ਬਣਾਉਣ ਅਤੇ ਉਸ ਕਾਰਜ ਯੋਜਨਾ ਨੂੰ ਵਿਵਹਾਰਕ ਰੂਪ ਦੇਣ ਦੀ ਦਿਸ਼ਾ ਵੱਲ ਕਦਮ ਵਧਾਉਣ ਵਿਚ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਭਗਤ ਸਿੰਘ ਦੀਆਂ ਲਿਖਤਾਂ, ਉਸ ਦੀ ਜੇਲ੍ਹ ਨੋਟਬੁੱਕ ਹਾਸਲ ਹੋਵੇ, ਜੋ ਹਾਲੀਂ ਸਿਰਫ ਕੁਝ ਹੀ ਭਾਸ਼ਾਵਾਂ ਵਿਚ ਮਿਲਦੀਆਂ ਹਨ।
ਇਹ ਤੈਅ ਹੈ ਕਿ ਇੱਕਵੀਂ ਸਦੀ ਵਿਚ ਭਾਰਤ ਦਾ ਸੱਚਾ ਲੋਕ-ਨਾਇਕ, ਜੋ ਦੇਸ਼ ਦੀ ਵਿਆਪਕ ਜਨਤਾ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਕਰੇਗਾ, ਉਹ ਭਗਤ ਸਿੰਘ ਹੀ ਹੋਵੇਗਾ, ਜਿਸ ਸਮੇਂ ਭਾਰਤੀ ਜਨਤਾ ਭਗਤ ਸਿੰਘ ਦੀ ਸ਼ਖਸੀਅਤ ਅਤੇ ਉਸ ਦੇ ਵਿਚਾਰਾਂ ਦੇ ਮਹੱਤਵ ਨੂੰ ਸਹੀ ਅਰਥਾਂ ਵਿਚ ਸਮਝ ਲਵੇਗੀ-ਉਹ ਸਮਾਂ ਭਾਰਤੀ ਜਨਤਾ ਦੀ ਸੱਚੀ ਮੁਕਤੀ ਦੇ ਅੰਤਮ ਸੰਘਰਸ਼ ਦੀ ਸ਼ੁਰੂਆਤ ਦਾ ਹੋਵੇਗਾ। ਅੱਜ ਦੀਆਂ ਬੇਹੱਦ ਨਿਰਾਸ਼ਾਜਨਕ ਹਾਲਤਾਂ ਦੇ ਬਾਵਜੂਦ ਉਹ ਸਮਾਂ ਸ਼ਾਇਦ ਵਧੇਰੇ ਦੂਰ ਨਹੀਂ ਹੋਵੇਗਾ।

ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਕਿਉਂ?ਦਸੰਬਰ 1929
ਜਨਾਬ ਐਡੀਟਰ ਮਾਡਰਨ ਰੀਵੀਊ
ਤੁਸੀਂ 'ਮਾਡਰਨ ਰੀਵੀਊ' ਪ੍ਰਕਾਸ਼ਨ ਦਸੰਬਰ ਵਿਚ ਸਾਡੇ ਕੌਮੀ ਨਾਅਰੇ 'ਇਨਕਲਾਬ ਜ਼ਿੰਦਾਬਾਦ' ਨੂੰ ਇਕ ਬੇਅਰਥ ਨਾਅਰਾ ਕਰਾਰ ਦਿੱਤਾ। ਸਾਡਾ ਖਿਆਲ ਹੈ ਕਿ ਤੁਸੀਂ ਇਕ ਪ੍ਰਸਿੱਧ ਜਰਨਲਿਸਟ ਹੋ। ਤੁਹਾਡੇ ਖਿਆਲਾਂ ਨੂੰ ਝੁਠਲਾਉਣਾ ਸਾਡੇ ਲਈ ਗੁਸਤਾਖ਼ੀ ਦੇ ਬਰਾਬਰ ਹੋਵੇਗਾ, ਕਿਉਂਕਿ ਤੁਹਾਨੂੰ ਹਰ ਰੌਸ਼ਨ-ਦਿਮਾਗ ਭਾਰਤੀ, ਇੱਜਤ ਦੀਆਂ ਨਜ਼ਰਾਂ ਨਾਲ ਵੇਖਦਾ ਹੈ।
ਪਰ ਇਸ ਦੇ ਬਾਵਜੂਦ ਅਸੀਂ ਆਪਣੇ ਫਰਜ਼ ਸਮਝਦੇ ਹਾਂ ਕਿ ਅਸੀਂ ਇਸ ਸਬੰਧੀ ਹਕੀਕਤ ਨੂੰ ਤੁਹਾਡੇ ਸਾਹਮਣੇ ਰੱਖੀਏ ਕਿ ਇਸ ਨਾਅਰੇ ਦਾ ਮਤਲਬ ਸਾਡੇ ਦਿਮਾਗ ਵਿਚ ਕੀ ਹੈ? ਇਹ ਫਰਜ਼ ਸਾਡੇ 'ਤੇ ਇਸ ਲਈ ਵੀ ਆਉਂਦਾ ਹੈ ਕਿਉਂਕਿ ਭਾਰੀ ਇਤਿਹਾਸ ਦੇ ਮੌਜੂਦਾ ਮੋੜ 'ਤੇ ਅਸੀਂ ਇਸ ਨਾਅਰੇ ਨੂੰ ਮੌਜੂਦਾ ਅਹਿਮੀਅਤ ਦਿੱਤੀ ਹੈ।
ਤੁਸੀਂ ਇਸ ਖਿਆਲ ਨੂੰ ਆਪਣੇ ਦਿਮਾਗ ਵਿਚੋਂ ਕੱਢ ਦਿਓ ਕਿ ਇਸ ਨਾਅਰੇ ਦਾ ਮਤਲਬ ਇਹ ਹੈ ਕਿ ਹਥਿਆਰਬੰਦ ਜੱਦੋ ਜਹਿਦ ਸਦਾ ਹੀ ਜਾਰੀ ਰਹੇਗੀ। ਗੱਲ ਇਹ ਹੈ ਕਿ ਲਗਾਤਾਰ ਵਰਤੇ ਜਾਣ ਕਰਕੇ ਇਸ ਨਾਅਰੇ ਨੂੰ ਇਕ ਨਵੀਂ ਤੇ ਅਹਿਮ ਥਾਂ ਹਾਸਲ ਹੋ ਚੁੱਕੀ ਹੈ। ਤੁਸੀਂ ਕਹਿ ਸਕਦੇ ਹੋ ਗਰਾਮਰ, ਜਬਾਨ ਅਤੇ ਡਿਕਸ਼ਨਰੀ ਦੇ ਮਿਆਰਾਂ 'ਤੇ ਇਹ ਨਾਅਰਾ ਨਾ ਸੱਚ ਤੇ ਨਾ ਹੀ ਠੀਕ ਹੈ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਨਾਅਰੇ ਦੇ ਪਿੱਛੇ ਕੰਮ ਕਰਨ ਵਾਲੇ ਖਿਆਲਾਂ ਨੂੰ ਇਸ ਨਾਅਰੇ ਨਾਲੋਂ ਬਿਲਕੁਲ ਵੱਖ ਨਹੀਂ ਕਰ ਸਕਦੇ। ਉਹ ਖਿਆਲ ਇਸ ਨਾਅਰੇ ਨਾਲ ਜੁੜ ਚੁੱਕੇ ਹਨ ਅਤੇ ਇਸ ਵਿਚ ਜਨਮ ਲੈ ਚੁੱਕੇ ਹਨ। ਅਸੀਂ ਇਕ ਉਦਾਹਰਣ ਦੇ ਕੇ ਇਸ ਦਾ ਸਪੱਸ਼ਟੀਕਰਨ ਕਰਨਾ ਚਾਹੁੰਦੇ ਹਾਂ। ਫਰਜ਼ ਕਰੋ ਅਸੀਂ ਕਹਿੰਦੇ ਹਾਂ 'ਜਿੰਦਾਬਾਦ ਜਤਿਨ ਦਾਸ!' ਤਾਂ ਇਸ ਦਾ ਅਰਥ ਸਾਫ ਅਤੇ ਸਪੱਸ਼ਟ ਇਹ ਹੁੰਦਾ ਹੈ ਕਿ ਉਹ ਨਾ ਫਤਹਿ ਹੋਣ ਵਾਲੀ ਸਪਿਰਟ ਅਤੇ ਕਾਬਲੇ ਇੱਜਤ ਆਦਰਸ਼, ਜਿਹੜਾ ਇਸ ਬਹਾਦਰ ਇਨਕਲਾਬੀ ਸ਼ਹੀਦ ਨੇ ਪੈਦਾ ਕੀਤਾ ਅਤੇ ਜਿਨ੍ਹਾਂ ਨੇ ਉਸ ਨੂੰ ਆਪਣੇ ਦੇਸ਼ ਤੇ ਕੌਮ ਦੀ ਖਾਤਰ ਅਤਿ ਦੀਆਂ ਤਕਲੀਫਾਂ ਸਹਿਣ ਅਤੇ ਕੁਰਬਾਨੀਆਂ ਕਰਨ ਦੇ ਯੋਗ ਬਣਾਇਆ। ਉਹ ਸਪਿਰਟ ਉਹ ਰੂਹ ਸਦਾ ਲਈ ਜਿੰਦਾ ਰਹੇ। ਸਾਡੀ ਚਾਹ ਇਹ ਹੁੰਦੀ ਹੈ ਕਿ ਅਸੀਂ ਇਹ ਨਾਅਰਾ ਬੁਲੰਦ ਕਰਨ ਸਮੇਂ ਆਪਣੇ ਆਦਰਸ਼ਾਂ ਦੀ ਲਾਜਵਾਬ ਸਪਰਿਟ ਨੂੰ ਜਿਊਂਦਾ ਰੱਖੀਏ ਅਤੇ ਇਹੀ ਉਹ ਹੈ ਜਿਸ ਦੀ ਅਸੀਂ ਇਸ ਨਾਅਰੇ ਰਾਹੀ ਤਾਰੀਫ਼ ਅਤੇ ਸਤਿਕਾਰ ਕਰਦੇ ਹਾਂ।
ਹੁਣ ਲਵੋ ਇਸ ਨਾਅਰੇ ਦੇ ਲਫ਼ਜ਼ 'ਇਨਕਲਾਬ' ਨੂੰ, ਇਸ ਲਫ਼ਜ਼ ਦਾ ਇਕ ਸ਼ਬਦਕੋਸ਼ ਵਾਲਾ ਮਤਲਬ ਵੀ ਹੈ ਪਰ ਇਸ ਦੇ ਸਿਰਫ ਸ਼ਬਦਕੋਸ਼ ਵਾਲੇ ਅਰਥ ਹੀ ਲੈਣਾ ਕਾਫੀ ਨਹੀਂ, ਇਸ ਲਫਜ਼ ਨਾਲ ਉਨ੍ਹਾਂ ਲੋਕਾਂ ਦੀਆਂ, ਜਿਹੜੇ ਇਸ ਨੂੰ ਪੇਸ਼ ਕਰਦੇ ਹਨ, ਕੁਝ ਖਾਸ ਹਕੀਕਤਾਂ ਸਬੰਧਤ ਹੁੰਦੀਆਂ ਹਨ। ਸਾਡੀਆਂ ਇਨਕਲਾਬ ਪਸੰਦਾਂ ਦੀਆਂ ਨਜ਼ਰਾਂ ਵਿਚ ਇਹ ਇਕ ਪਾਕ ਅਤੇ ਇੱਜ਼ਤ ਕਰਨ ਯੋਗ ਲਫ਼ਜ਼ ਹੈ। ਅਸੀਂ ਅਦਾਲਤ ਦੇ ਸਾਹਮਣੇ ਜਿਹੜਾ ਬਿਆਨ ਦਿੱਤਾ ਸੀ, ਉਸ ਪਾਕ ਲਫਜ਼ ਦੀ ਅਹਿਮੀਅਤ ਨੂੰ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਸੀ।
ਤੁਸੀਂ ਉਸ ਬਿਆਨ ਨੂੰ ਪੜ੍ਹੋ ਤੇ ਫਿਰ ਦੇਖੋ ਕਿ ਅਸੀਂ ਕੀ ਕਿਹਾ ਸੀ? ਅਸੀਂ ਇਨਕਲਾਬ ਨੂੰ ਸਦਾ ਅਤੇ ਹਰ ਮੌਕੇ 'ਤੇ ਹਥਿਆਰਬੰਦ ਇਨਕਲਾਬ ਦੇ ਮਤਲਬ ਨਾਲ ਨਹੀਂ ਜੋੜਦੇ। ਇਨਕਲਾਬ ਸਿਰਫ ਬੰਬਾਂ ਅਤੇ ਪਿਸਤੌਲਾਂ ਨਾਲ ਹੀ ਅਕੀਦਤ ਨਹੀਂ ਰੱਖਦਾ ਬਲਕਿ ਇਹ ਬੰਬ ਤੇ ਪਿਤਸੌਲ ਤਾਂ ਕਦੀ ਕਦਾਈਂ ਇਸ ਇਨਕਲਾਬ ਦੇ ਵੱਖ-ਵੱਖ ਹਿੱਸਿਆਂ ਦੀ ਪੂਰਤੀ ਲਈ ਇਕ ਸਾਧਨ ਬਣ ਜਾਂਦੇ ਹਨ। ਪਰ ਮੁਕੰਮਲ ਇਨਕਲਾਬ ਨਹੀਂ ਕਹਾ ਸਕਦੇ।
ਸਾਨੂੰ ਇਸ ਵਿਚ ਕੋਈ ਸ਼ੱਕ ਨਹੀਂ ਕਿ ਕਈ ਵਾਰ ਕਈ ਲਹਿਰਾਂ ਵਿਚ ਇਨ੍ਹਾਂ ਹਥਿਆਰਾਂ ਦਾ ਇਕ ਅਹਿਮ ਰੋਲ ਹੁੰਦਾ ਹੈ। ਪਰ ਸਿਰਫ ਇਹੀ ਕਾਫੀ ਨਹੀਂ ਹੁੰਦਾ। ਸਿਰਫ ਬਗਾਵਤ ਨੂੰ ਇਨਕਲਾਬ ਕਹਿਣਾ ਗਲਤੀ ਹੈ। ਹਾਂ, ਅਸੀਂ ਇਹ ਸਵੀਕਾਰ ਕਰਦੇ ਹਾਂ ਕਿ ਆਖਰਕਾਰ ਬਗਾਵਤਾਂ ਦਾ ਨਤੀਜਾ ਇਨਕਲਾਬ ਦੀ ਸ਼ਕਲ ਵਿਚ ਤਬਦੀਲ ਹੋ ਜਾਇਆ ਕਰਦਾ ਹੈ।
ਅਸੀਂ ਦੇਸ਼ ਵਿਚ ਬੇਹਤਰ ਤਬਦੀਲੀ ਦੀ ਸਪਿਰਟ ਤੇ ਉਨਤੀ ਦੀ ਖਾਹਿਸ਼ ਲਈ ਇਸ ਲਫਜ਼ ਇਨਕਲਾਬ ਦੀ ਵਰਤੋਂ ਕਰ ਰਹੇ ਹਾਂ। ਹੁੰਦਾ ਇਹ ਹੈ ਕਿ ਆਮ ਤੌਰ 'ਤੇ ਇਕ ਖੜੋਤ ਦੀ ਹਾਲਤ ਲੋਕਾਂ ਨੂੰ ਆਪਣੇ ਸਕੰਜੇ ਵਿਚ ਕੱਸ ਲੈਂਦੀ ਹੈ ਅਤੇ ਕਿਸੇ ਵੀ ਕਿਸਮ ਦੀ ਤਬਦੀਲੀ ਤੋਂ ਉਹ ਹਿਚਕਿਚਾਉਂਦੇ ਹਨ। ਬਸ ਇਸ ਜਮੂਦ ਦੀ ਬੇਹਰਕਤੀ ਨੂੰ ਤੋੜਨ ਦੀ ਖਾਤਰ ਇਨਕਲਾਬੀ ਸਪਿਰਟ ਪੈਦਾ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ। ਨਹੀਂ ਤਾਂ ਇਕ ਗਿਰਾਵਟ, ਬਰਬਾਦੀ ਦਾ ਵਾਯੂਮੰਡਲ ਕਾਬਜ਼ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੈਰ ਤਰੱਕੀ ਪਸੰਦ ਤਾਕਤਾਂ ਉਨ੍ਹਾਂ ਨੂੰ ਗਲਤ ਰਾਹ ਵੱਲ ਲੈ ਜਾਣ ਵਿਚ ਕਾਮਯਾਬ ਹੋ ਜਾਂਦੀਆਂ ਹਨ, ਜਿਸ ਨਾਲ ਇਨਸਾਨੀ ਤਰੱਕੀ ਰੁਕ ਜਾਂਦੀ ਹੈ ਤੇ ਉਸ ਵਿਚ ਖੜੋਤ ਆ ਜਾਂਦੀ ਹੈ।
ਇਸ ਹਾਲਤ ਨੂੰ ਬਦਲਣ ਲਈ ਇਹ ਜ਼ਰੂਰੀ ਹੈ ਕਿ ਇਨਕਲਾਬ ਦੀ ਸਪਿਰਟ ਤਾਜ਼ਾ ਕੀਤੀ ਜਾਵੇ ਤਾਂ ਜੋ ਇਨਸਾਨੀਅਤ ਦੀ ਰੂਹ ਵਿਚ ਇਕ ਹਰਕਤ ਪੈਦਾ ਹੋ ਜਾਵੇ ਅਤੇ ਜੁਰੱਅਤਪਸੰਦ ਤਾਕਤਾਂ ਇਨਸਾਨੀ ਉਨਤੀ ਤੇ ਰਾਹ ਵਿਚ ਰੋੜਾ ਨਾ ਅਟਕਾ ਸਕਣ। ਇਨਸਾਨੀ ਉਨਤੀ ਦਾ ਲਾਜ਼ਮੀ ਅਸੂਲ ਇਹ ਹੈ ਕਿ ਪੁਰਾਣੀ ਚੀਜ਼ ਨਵੀਂ ਚੀਜ਼ ਲਈ ਥਾਂ ਖਾਲੀ ਕਰਦੀ ਚਲੀ ਜਾਵੇ। ਹੁਣ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ 'ਇਨਕਲਾਬ ਜਿੰਦਾਬਾਦ' ਦਾ ਨਾਅਰਾ ਜਿਸ ਦਾ ਤੁਸੀਂ ਮਖੌਲ ਉਡਾਇਆ ਹੈ ਕਿਹੋ ਜਿਹੀ ਸਪਿਰਟ ਰੱਖਦਾ ਹੈ ਅਤੇ ਅਸੀਂ ਇਸ ਨੂੰ ਕਿਸ ਲਈ ਵਰਤਣ ਦੇ ਹੱਕ ਵਿਚ ਆਵਾਜ਼ ਉਚੀ ਕਰ ਰਹੇ ਹਾਂ।
 
ਭਗਤ ਸਿੰਘ, ਬੀ.ਕੇ.ਦੱਤ22 ਦਸੰਬਰ, 1929 ('ਟ੍ਰਿਬਿਊਨ' ਵਿਚ ਛਪਿਆ)
 
(ਪ੍ਰੋ. ਚਮਨ ਲਾਲ ਦੀ ਪੁਸਤਕ 'ਭਗਤ ਸਿੰਘ : ਵਿਚਾਰਵਾਨ ਇਨਕਲਾਬੀ' ਵਿਚੋਂ ਧੰਨਵਾਦ ਸਹਿਤ)

No comments:

Post a Comment