Friday 11 March 2016

ਪੰਜਾਬ ਦੀਆਂ ਖੱਬੀਆਂ ਧਿਰਾਂ ਵਲੋਂ ਸੰਘ ਪਰਿਵਾਰ ਦੇ ਫਿਰਕੂ ਹਮਲਿਆਂ ਵਿਰੁੱਧ ਲਾਮਿਸਾਲ ਕਨਵੈਨਸ਼ਨ ਅਤੇ ਮੁਜ਼ਾਹਰਾ

ਪੰਜਾਬ ਦੀਆਂ ਖੱਬੀਆਂ ਧਿਰਾਂ ਨੇ ਸੰਘ ਪਰਵਾਰ ਦੇ ਹਮਲੇ ਦੀ ਚੁਣੌਤੀ ਨੂੰ ਕਬੂਲਦਿਆਂ ਐਲਾਨ ਕੀਤਾ ਹੈ ਕਿ ਕਿਸੇ ਵੀ ਕੀਮਤ 'ਤੇ ਸੰਘ ਪਰਵਾਰ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਫ਼ਿਰਕਾਪ੍ਰਸਤੀ ਦੇ ਖ਼ਤਰਨਾਕ ਦੈਂਤ ਨੂੰ ਆਪਸੀ ਭਾਈਚਾਰਕ ਸਾਂਝ ਅਤੇ ਜਮਾਤੀ ਤਬਕਾਤੀ ਸੰਘਰਸ਼ਾਂ ਨੂੰ ਹੋਰ ਮਜ਼ਬੂਤ ਤੇ ਵਿਸ਼ਾਲ ਏਕਤਾ ਰਾਹੀਂ ਨੱਥ ਮਾਰਨ, ਦੇਸ਼ ਭਰ ਅੰਦਰ ਸੰਘ ਪਰਵਾਰ ਵੱਲੋਂ ਲੋਕਾਂ 'ਚ ਵੰਡੀਆਂ ਪਾਉਣ ਲਈ ਵਿਛਾਇਆ ਜਾ ਰਿਹਾ ਹਿੰਦੂਤਵ ਦਾ ਜਾਲ ਕੱਟਣ ਲਈ ਸਮੂਹ ਖੱਬੀਆਂ ਤੇ ਇਨਕਲਾਬੀ ਸ਼ਕਤੀਆਂ ਪੂਰੇ ਦੇਸ਼ ਵਾਂਗ ਸੂਬੇ ਭਰ 'ਚ ਇੱਕ ਵਿਸ਼ਾਲ ਲੋਕ ਲਹਿਰ ਖੜੀ ਕਰਨਗੀਆਂ। ਇਹ ਫੈਸਲਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬੇ ਦੀਆਂ ਅੱਠ ਖੱਬੀਆਂ ਤੇ ਇਨਕਲਾਬੀ ਧਿਰਾਂ ਵੱਲੋਂ 23 ਫਰਵਰੀ ਨੂੰ ਸੰਘ ਪਰਵਾਰ ਦੇ ਹਮਲਿਆਂ ਖਿਲਾਫ਼ ਸਰਵਸਾਥੀ ਜੋਗਿੰਦਰ ਦਿਆਲ, ਅਜਮੇਰ ਸਿੰਘ, ਵਿਜੈ ਮਿਸ਼ਰਾ, ਹਰਕੰਵਲ ਸਿੰਘ, ਰਾਜਵਿੰਦਰ ਰਾਣਾ, ਨਰਾਇਣ ਦੱਤ, ਲੋਕ ਰਾਜ ਅਤੇ ਪ੍ਰੋ. ਏ. ਕੇ ਮਲੇਰੀ ਦੀ ਪ੍ਰਧਾਨਗੀ ਹੇਠ ਸੱਦੀ ਗਈ ਸਾਂਝੀ ਕਨਵੈਨਸ਼ਨ ਵਲੋਂ ਕੀਤਾ ਗਿਆ।
ਮਈ 2014 ਤੋਂ ਦੇਸ਼ ਦੀ ਹਕੂਮਤ 'ਤੇ ਕਾਬਜ਼ ਸੰਘ ਪਰਵਾਰ ਵੱਲੋਂ ਦੇਸ਼ ਨੂੰ ਫ਼ਿਰਕੂ ਲੀਹਾਂ 'ਤੇ ਵੰਡਣ, ਧਾਰਮਿਕ ਘੱਟ ਗਿਣਤੀਆਂ, ਦਲਿਤਾਂ ਨੂੰ ਫ਼ਿਰਕੂ ਅੱਗ ਰਾਹੀਂ ਮਾਰਨ, ਕਤਲ ਕਰਨ, ਦਹਿਸ਼ਤਜ਼ਦਾ ਕਰਨ ਖਿਲਾਫ਼  ਲੋਕ ਸੰਘਰਸ਼ ਖੜਾ ਕਰਨ ਦਾ ਐਲਾਨ ਕਰਦਿਆਂ ਕਨਵੈਨਸ਼ਨ 'ਚ ਫ਼ਿਰਕੂ ਦਹਿਸ਼ਤਗਰਦੀ ਖਿਲਾਫ਼ ਇਕ ਸਾਂਝਾ ਮੰਚ ਬਣਾਉਣ ਦੀ ਵੀ ਸਰਬ ਸੰਮਤ ਰਾਇ ਬਣੀ। ਕਨਵੈਨਸ਼ਨ 'ਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਹਿਲਾਂ ਪੂਨਾ ਫਿਲਮ ਇੰਸਟੀਚਿਊਟ, ਫਿਰ ਮਦਰਾਸ, ਫਿਰ ਸੈਂਟਰਲ ਯੂਨੀਵਰਸਿਟੀ ਹੈਦਰਾਬਾਦ ਅਤੇ ਹੁਣ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਇਸ ਫ਼ਿਰਕੂ ਜ਼ਹਿਰੀ ਨਾਗ ਨੇ ਦੇਸ਼ ਦੇ ਇਨਸਾਫ਼ਪਸੰਦ ਲੋਕਾਂ ਸਾਹਮਣੇ ਅਨੇਕਾਂ ਸਵਾਲ ਖੜੇ ਕੀਤੇ ਹਨ।  ਹੈਦਰਾਬਾਦ 'ਚ ਰੋਹਿਤ ਵੇਮੁਲਾ ਨੂੰ ਖੁਦਕੁਸ਼ੀ ਲਈ ਮਜਬੂਰ ਕਰਨਾ, ਜੇ ਐੱਨ ਯੂ 'ਚ ਬਕਾਇਦਾ ਸਾਜ਼ਿਸ਼ ਤਹਿਤ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਤੇ ਸਾਥੀਆਂ ਉਪਰ ਦੇਸ਼-ਧ੍ਰੋਹ ਦਾ ਪਰਚਾ ਦਰਜ਼ ਕਰਨਾ, ਪਟਿਆਲਾ ਹਾਊਸ ਕੋਰਟ 'ਚ ਆਰ ਐੱਸ ਐੱਸ ਦੇ ਗੁੰਡਿਆਂ ਵਲੋਂ ਵਕੀਲਾਂ, ਪੱਤਰਕਾਰਾਂ, ਅਧਿਆਪਕਾਂ 'ਤੇ ਹਮਲੇ, ਦਿੱਲੀ ਤੇ ਚੰਡੀਗੜ੍ਹ 'ਚ ਸੀ ਪੀ ਐੱਮ  ਦਫ਼ਤਰਾਂ 'ਤੇ ਹਮਲੇ, ਆਦਿ ਸਾਰੀਆਂ ਘਟਨਾਵਾਂ ਜ਼ਾਹਰ ਕਰਦੀਆਂ ਹਨ ਕਿ ਆਰਥਿਕ ਫਰੰਟ 'ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਮੋਦੀ ਸਰਕਾਰ ਅਤੇ ਸੰਘ ਪਰਵਾਰ ਅੰਨ੍ਹੀ ਕੌਮਪ੍ਰਸਤੀ ਨੂੰ ਆਪਣੇ ਬਚਾਅ ਤੇ ਵਿਸਤਾਰ ਲਈ ਪੂਰੀ ਬੇਸ਼ਰਮੀ ਨਾਲ ਚੁੱਕ ਰਹੀ ਹੈ। ਬੁਲਾਰਿਆਂ ਨੇ ਬੋਲਣ ਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ 'ਤੇ ਕੀਤੇ ਜਾ ਰਹੇ ਫ਼ਿਰਕਾਪ੍ਰਸਤਾਂ ਵੱਲੋਂ ਹਮਲਿਆਂ ਨੂੰ ਇੱਕ ਚੁਣੌਤੀ ਵਜੋਂ ਸਵੀਕਾਰ ਕਰਦਿਆਂ ਕਿਹਾ ਕਿ ਜਮਹੂਰੀ ਹੱਕਾਂ ਨੂੰ ਪੈਰਾਂ ਹੇਠ ਰੋਲਣ ਦੀ ਇਜਾਜ਼ਤ ਦੇਸ਼ ਦੇ ਕਿਰਤੀ ਕਦਾਚਿਤ ਨਹੀਂ ਦੇਣਗੇ। ਕਨਵੈਨਸ਼ਨ ਨੇ ਦਿੱਲੀ ਵਿਖੇ ਦੇਸ਼ ਭਰ ਦੇ ਲੋਕਾਂ ਵਲੋਂ ਰੋਹਿਤ ਵੇਮੁਲਾ ਨੂੰ ਇਨਸਾਫ਼ ਦਿਵਾਉਣ ਲਈ ਕੀਤੇ ਜਾ ਰਹੇ ਇਨਸਾਫ਼ ਮਾਰਚ ਦਾ ਸਮਰਥਨ ਕਰਦਿਆਂ ਜੇ ਐੱਨ ਯੂ ਦੇ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਖਿਲਾਫ਼ ਤੇ ਹੋਰਨਾਂ ਨੂੰ ਉਲਝਾਉਣ ਖਿਲਾਫ਼ ਰੋਸ ਜ਼ਾਹਰ ਕਰਦਿਆਂ ਸਾਰੇ ਕੇਸ ਰੱਦ ਕਰਨ ਤੇ ਕਨ੍ਹੱਈਆ ਕੁਮਾਰ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ।
ਉਨ੍ਹਾਂ ਵਿਦਿਅਕ ਅਦਾਰਿਆਂ ਅੰਦਰ ਪੁਲਸ ਦਾਖਲੇ ਨੂੰ ਬੰਦ ਕਰਨ ਦੀ ਜੇ ਅੱੈਨ ਯੂ ਦੇ ਅਧਿਆਪਕਾਂ ਦੀ  ਮੰਗ ਦਾ ਵੀ ਸਮਰਥਨ ਕੀਤਾ। ਇਕ ਮਤੇ ਰਾਹੀਂ ਕਨਵੈਨਸ਼ਨ ਨੇ ਆਦਿਵਾਸੀਆਂ ਦੀ ਹੱਕੀ ਲੜਾਈ ਲੜ ਰਹੀ ਸਮਾਜਕ ਕਾਰਕੁਨ ਸੋਨੀ ਸੋਰੀ 'ਤੇ ਤੇਜ਼ਾਬੀ ਹਮਲੇ ਦੀ ਸਖਤ ਨਿੰਦਾ ਕਰਦਿਆਂ ਹਮਲਾਵਰਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਕਨਵੈਨਸ਼ਨ 'ਚ ਬਿਗੁਲ ਮਜ਼ਦੂਰ ਦਸਤਾ ਦੇ ਵਰਕਰ ਵੀ ਸ਼ਾਮਲ ਹੋਏ। ਕਨਵੈਨਸ਼ਨ ਦੌਰਾਨ ਸਟੇਜ ਸਕੱਤਰ ਦੇ ਫਰਜ਼ ਸੀ ਪੀ ਆਈ ਆਗੂ ਸਾਥੀ ਜਗਰੂਪ ਨੇ ਨਿਭਾਏ।
ਦੇਸ਼ ਵਿੱਚ ਪੈਦਾ ਹੋਏ ਹਾਲਾਤ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੀ ਪੀ ਆਈ ਪੰਜਾਬ ਦੇ ਸਕੱਤਰ ਸਾਥੀ ਹਰਦੇਵ ਅਰਸ਼ੀ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਜਿਨ੍ਹਾਂ ਦੇ ਵਿਰਸੇ 'ਚ ਦੇਸ਼ ਭਗਤੀ ਨਹੀਂ; ਜਿਨ੍ਹਾਂ ਦਾ ਪਿਛੋਕੜ ਦੇਸ਼ ਨਾਲ ਗੱਦਾਰੀ ਵਾਲਾ ਹੈ, ਅੱਜ ਉਹ ਦੇਸ਼ਭਗਤੀ ਦੇ ਸਰਟੀਫਿਕੇਟ ਵੰਡ ਰਹੇ ਹਨ।
ਆਰ ਐੱਸ ਐੱਸ ਦੇ ਪੋਤੜੇ ਫਰੋਲਦਿਆਂ ਸਾਥੀ ਅਰਸ਼ੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸੰਘ ਦੇ ਪਿਤਾਮਾ ਗੋਲਵਾਲਕਰ ਨੂੰ ਆਜ਼ਾਦੀ ਦੀ ਨਹੀਂ, ਆਪਣਾ ਫਿਰਕੂ ਏਜੰਡਾ ਲਾਗੂ ਕਰਨ ਦੀ ਚਿੰਤਾ ਸੀ। ਇਸ ਦੇ ਉਲਟ ਲਾਲ ਝੰਡੇ ਨਾਲ ਜੁੜੇ ਲੋਕਾਂ ਦਾ ਇਤਿਹਾਸ ਦੇਸ਼ ਲਈ ਲੜ ਮਰਨ ਦਾ ਇਤਿਹਾਸ ਹੈ। ਲਾਲ ਝੰਡੇ ਨਾਲ ਜੁੜੇ ਲੋਕਾਂ ਨੇ ਦੇਸ਼ ਦੇ ਆਜ਼ਾਦੀ ਸੰਗਰਾਮ 'ਚ ਸਭ ਤੋਂ ਵੱਧ ਯੋਗਦਾਨ ਪਾਇਆ। ਉਨ੍ਹਾ ਕਿਹਾ ਕਿ ਸਾਨੂੰ ਖੱਬੀ ਲਹਿਰ ਦੇ ਉਨ੍ਹਾ ਸ਼ਹੀਦਾਂ 'ਤੇ ਫ਼ਖਰ ਹੈ, ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਪੰਜਾਬ ਅੱਜ ਭਾਰਤ ਦਾ ਹਿੱਸਾ ਹੈ।
ਉਨ੍ਹਾ ਕਿਹਾ ਕਿ ਆਰ ਐੱਸ ਐੱਸ-ਭਾਜਪਾ ਵਾਲੇ ਹਰ ਖੇਤਰ 'ਚ ਆਪਣੇ ਲੋਕਾਂ ਦੀ ਨਿਯੁਕਤੀ ਕਰਕੇ ਆਪਣਾ ਪੂਰਾ ਗਲਬਾ ਕਾਇਮ ਕਰਨ ਲਈ ਵਾਹ ਲਾਈ ਜਾ ਰਹੀ ਹੈ। ਉਨ੍ਹਾ ਇਸ ਮੌਕੇ ਸਾਰੀਆਂ ਧਰਮ ਨਿਰਪੱਖ ਸ਼ਕਤੀਆਂ ਨੂੰ ਵੀ ਇਸ ਸਾਂਝੇ ਮੰਚ ਨਾਲ ਜੁੜਨ ਦਾ ਸੱਦਾ ਦਿੱਤਾ।
ਸੀ ਪੀ ਆਈ (ਐੱਮ) ਦੇ ਸੂਬਾਈ ਸਕੱਤਰ ਸਾਥੀ ਚਰਨ ਸਿੰਘ ਵਿਰਦੀ ਨੇ ਕਿਹਾ ਕਿ ਦੇਸ਼ ਬਹੁਤ ਭਿਅੰਕਰ ਹਾਲਾਤ 'ਚੋਂ ਗੁਜ਼ਰ ਰਿਹਾ ਹੈ। ਇੱਕ ਬਹੁਤ ਹੀ ਯੋਜਨਾਬੱਧ ਢੰਗ ਨਾਲ ਦੇਸ਼ ਦੇ ਧਰਮ ਨਿਰਪੱਖ ਢਾਂਚੇ 'ਤੇ ਹਮਲਾ ਬੋਲਿਆ ਜਾ ਰਿਹਾ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਆਪਣੇ ਪਾਰਟੀ ਦਫ਼ਤਰਾਂ 'ਤੇ ਹੋਏ ਹਮਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਵੱਖਵਾਦੀ ਖਾਲਿਸਤਾਨੀ ਦਹਿਸ਼ਤਗਰਦ ਦੇ ਨਿਸ਼ਾਨੇ 'ਤੇ ਵੀ ਕਮਿਊਨਿਸਟ ਪਹਿਲੇ ਨੰਬਰ 'ਤੇ ਸਨ ਅਤੇ ਹੁਣ ਸੰਘ ਦੇ ਨਿਸ਼ਾਨੇ 'ਤੇ ਵੀ ਕਮਿਊਨਿਸਟ ਪਹਿਲੇ ਨੰਬਰ 'ਤੇ ਹਨ। 
ਸੀ ਪੀ ਐਮ ਪੰਜਾਬ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਲਾਲ ਝੰਡੇ ਵਾਲਿਆਂ ਦੇ ਇਸ ਵਿਸ਼ਾਲ ਇਕੱਠ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਸਿਰ 'ਤੇ ਮੰਡਰਾ ਰਹੇ ਖ਼ਤਰੇ ਬਾਰੇ ਜਾਗਰੂਕ ਕਰਨਾ ਹੈ। ਆਰ ਐਸ ਐੱਸ-ਭਾਜਪਾ ਦੀ ਸਰਕਾਰ ਨੇ ਜਿਸ ਤਰ੍ਹਾਂ ਹੈਦਰਾਬਾਦ ਯੂਨੀਵਰਸਿਟੀ ਦੇ ਦਲਿਤ ਵਿਦਿਆਰਥੀਆਂ ਨੂੰ ਰਾਸ਼ਟਰ ਵਿਰੋਧੀ ਕਰਾਰ ਦੇ ਕੇ ਰੋਹਿਤ ਵੇਮੁੱਲਾ ਨਾਂਅ ਦੇ ਵਿਦਿਆਰਥੀ ਨੂੰ ਖੁਦਕੁਸ਼ੀ ਲਈ ਮਜਬੂਰ ਕਰ ਦਿੱਤਾ, ਜਿਸ ਤਰ੍ਹਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਰਾਸ਼ਟਰ ਵਿਰੋਧੀ ਕਰਾਰ ਦੇ ਦਿੱਤਾ ਗਿਆ, ਉਹ ਦੇਸ਼ ਦੀਆਂ ਧਰਮ ਨਿਰਪੱਖ ਤਾਕਤਾਂ ਨੂੰ ਇੱਕ ਚੁਣੌਤੀ ਹੈ ਅਤੇ ਅਸੀਂ ਲਾਲ ਝੰਡੇ ਵਾਲੇ ਅੱਜ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹਾਂ।
ਪੰਜਾਬ ਦੇ ਲੋਕਾਂ ਨੂੰ ਵੰਗਾਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਆਜ਼ਾਦੀ ਸਿਰ ਦਿੱਤੇ ਬਿਨਾਂ ਨਹੀਂ ਸੀ ਮਿਲੀ ਤੇ ਇਸ ਦੀ ਰਾਖੀ ਵੀ ਸਿਰ ਦਿੱਤੇ ਬਿਨਾਂ ਨਹੀਂ ਹੋਣੀ। ਫਿਰਕੂ-ਫ਼ਾਸ਼ੀਵਾਦੀਆਂ ਵੱਲੋਂ ਅੱਜ ਇਤਿਹਾਸ ਨੂੰ ਬਦਲਿਆ ਜਾ ਰਿਹਾ ਹੈ, ਰਸਮੋ-ਰਿਵਾਜ਼ ਬਦਲੇ ਜਾ ਰਹੇ ਹਨ। ਭਾਜਪਾ ਨੂੰ ਵੋਟਾਂ ਪਾਉਣ ਵਾਲੇ ਰਾਮਜ਼ਾਦੇ ਤੇ ਵਿਰੋਧ 'ਚ ਵੋਟ ਪਾਉਣ ਵਾਲੇ ਹਰਾਮਜ਼ਾਦੇ ਵਰਗੀਆਂ ਘਟੀਆਂ ਗੱਲਾਂ ਕਰਕੇ ਕਿਰਤੀ ਲੋਕਾਂ ਨੂੰ ਦਬਾਉਣ ਦੀ ਨੀਤੀ 'ਤੇ ਚੱਲਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਜਿਸ ਤਰ੍ਹਾਂ ਲਾਲ ਝੰਡੇ ਦੇ ਪੈਰੋਕਾਰਾਂ ਨੇ ਹਿਟਲਰ ਦੇ ਸੁਪਨੇ ਸੱਚ ਨਹੀਂ ਹੋਣ ਦਿੱਤੇ ਸਨ, ਉਸੇ ਤਰ੍ਹਾਂ ਸੰਘੀ ਫਾਸ਼ੀਵਾਦੀਆਂ ਦੇ ਸੁਪਨੇ ਵੀ ਸੱਚ ਨਹੀਂ ਹੋਣ ਦੇਵਾਂਗੇ।
ਉਨ੍ਹਾ ਕਿਹਾ ਕਿ ਕਾਰਪੋਰੇਟ ਨੀਤੀਆਂ ਨੂੰ ਲਾਗੂ ਕਰਨ ਲਈ ਸੰਘ ਪਰਵਾਰ ਦੀ ਵਿਚਾਰਧਾਰਾ ਨੂੰ ਅੱਗੇ ਲਾ ਕੇ ਸਾਮਰਾਜ ਦੀ ਸੇਵਾ ਕੀਤੀ ਜਾ ਰਹੀ ਹੈ। ਸੰਘ ਦੇ ਰਾਸ਼ਟਰਵਾਦ ਦਾ ਮਤਲਬ ਸਾਮਰਾਜ ਦੀ ਸੇਵਾ ਕਰਨਾ ਹੈ। ਭਗਤ ਸਿੰਘ ਦੀ ਵਿਚਾਰਧਾਰਾ 'ਤੇ ਚੱਲਣ ਵਾਲਾ, ਅੰਬੇਡਕਰ ਨੂੰ ਮੰਨਣ ਵਾਲਾ ਉਨ੍ਹਾ ਲਈ ਦੇਸ਼ ਧਰੋਹੀ ਹੈ। ਇਸੇ ਮਾਹੌਲ 'ਚ ਗਾਂਧੀ ਦੇ ਕਾਤਲ ਨੱਥੂ ਰਾਮ ਗੌਡਸੇ ਦੇ ਨਾਂਅ 'ਤੇ ਮੰਦਰ ਬਣਾਏ ਜਾ ਰਹੇ ਹਨ।
ਸਾਥੀ ਪਾਸਲਾ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਕੁਰਬਾਨੀਆ ਦਾ ਇਤਿਹਾਸ ਹੈ। ਗੁਰੂਆਂ ਵੱਲੋਂ ਆਪਣੇ ਬੱਚਿਆਂ ਸਮੇਤ ਪੂਰਾ ਪਰਵਾਰ ਵਾਰਨ ਦਾ ਇਤਿਹਾਸ ਹੈ। ਅੱਜ ਇਸ ਇਤਿਹਾਸ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਬਿਨਾਂ ਕੋਈ ਮੁਕੱਦਮਾ ਚਲਾਏ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਹੁਣ ਤੀਸਰਾ ਨਿਸ਼ਾਨਾ ਦਲਿਤ ਤੇ ਕਮਿਊਨਿਸਟ ਹਨ। ਸੰਘ ਪਰਵਾਰ ਦੇ ਗੁੰਡਾ ਅਨਸਰ ਹੁਣ ਇਨ੍ਹਾਂ ਧਰਤੀ ਪੁੱਤਰਾਂ ਨੂੰ ਮੁਕਾਉਣਾ ਚਾਹੁੰਦੇ ਹਨ। ਉਹ ਸਾਡੇ ਕੋਲੋਂ ਦੇਸ਼ ਭਗਤ ਦਾ ਸਰਟੀਫਿਕੇਟ ਮੰਗ ਰਹੇ ਹਨ। ਉਨ੍ਹਾ ਵੰਗਾਰ ਕੇ ਕਿਹਾ ਕਿ ਸਾਨੂੰ ਸੰਘ ਦੇ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ। ਸਾਨੂੰ ਇਹ ਸਰਟੀਫਿਕੇਟ ਮਿਲੇਗਾ ਗ਼ਦਰੀ ਸੂਰਬੀਰ ਬਾਬਾ ਜਵਾਲਾ ਸਿੰਘ ਤੋਂ, ਸਾਨੂੰ ਇਹ ਸਰਟੀਫਿਕੇਟ ਸ਼ਹੀਦ ਭਗਤ ਸਿੰਘ ਨੇ ਦੇਣਾ ਹੈ।
ਉਨ੍ਹਾਂ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਪੰਜਾਬ ਦੇ ਕਿਰਤੀ ਲੋਕਾਂ ਲਈ ਲੜਨ ਵਾਲੀਆਂ ਲੱਗਭੱਗ ਸਾਰੀਆਂ ਧਿਰਾਂ ਇੱਕ ਮੰਚ 'ਤੇ ਹਨ। ਉਨ੍ਹਾ ਬਾਹਰ ਰਹਿ ਗਈਆਂ ਕੁਝ ਧਿਰਾਂ ਨੂੰ ਵੀ ਇਸ ਸਾਂਝੇ ਮੰਚ 'ਤੇ ਆਉਣ ਦਾ ਸੱਦਾ ਦਿੱਤਾ।
ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਦੇਸ਼ ਭਗਤੀ ਸਰਹੱਦਾਂ ਨਹੀਂ ਤੈਅ ਕਰਦੀਆਂ। ਪਾਕਿਸਾਤਨ ਨੂੰ ਗਾਲਾਂ ਕੱਢਣਾ ਹੀ ਦੇਸ਼ ਭਗਤੀ ਨਹੀਂ ਹੈ। ਦੇਸ਼ ਭਗਤ ਉਹੀ ਹੈ, ਜੋ ਲੋਕ ਹਿੱਤਾਂ ਲਈ ਲੜੇ, ਕਿਉਂਕਿ ਸਭ ਤੋਂ ਪਹਿਲਾਂ ਲੋਕ ਹੁੰਦੇ ਹਨ। ਉਨ੍ਹਾ ਕਿਹਾ ਕਿ ਆਰ ਐੱਸ ਐੱਸ ਦੀ ਜਹਿਨੀਅਤ ਵਿੱਚ ਹੀ ਫਾਸ਼ੀਵਾਦ ਹੈ। ਉਹ ਕਿਸੇ ਵੀ ਵਿਰੋਧੀ ਵਿਚਾਰ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਅੱਜ ਅੰਬੇਡਕਰ ਨੂੰ ਮੰਨਣ ਵਾਲੇ ਦਲਿਤ ਵੀ ਨਿਸ਼ਾਨੇ 'ਤੇ ਹਨ ਤੇ ਮਾਰਕਸ ਦੀ ਵਿਚਾਰਧਾਰਾ 'ਤੇ ਚੱਲਣ ਵਾਲੇ ਖੱਬੀ ਧਿਰ ਦੇ ਲੋਕ ਵੀ। ਉਨ੍ਹਾ ਕਿਹਾ ਕਿ ਸਾਨੂੰ ਆਰ ਐੱਸ ਐੱਸ ਦੀ ਇਹ ਚੁਣੌਤੀ ਸਵੀਕਾਰ ਹੈ। ਖੱਬੀ ਧਿਰ ਕਿਸੇ ਵੀ ਕੀਮਤ 'ਤੇ ਆਰ ਐੱਸ ਐੱਸ ਨੂੰ ਦਨਦਨਾਉਣ ਨਹੀਂ ਦੇਵੇਗੀ। ਉਨ੍ਹਾ ਕਿਹਾ ਕਿ ਅੱਜ ਦਾ ਇਹ ਇਕੱਠ ਐਲਾਨ ਕਰਦਾ ਹੈ ਕਿ ਦੇਸ਼ ਨੂੰ ਫਾਸ਼ੀਵਾਦੀਆਂ ਤੋਂ ਬਚਾਉਣ ਲਈ ਜੰਗ ਦੀ ਅਗਵਾਈ ਪੰਜਾਬ ਵਿੱਚ ਲੋਕ ਕਰਨਗੇ। ਸਾਨੂੰ ਕਿਸੇ ਦੇ ਦੇਸ਼ਭਗਤੀ ਦੇ ਸਰਟੀਫਿਕੇਟ ਦੀ ਲੋੜ ਨਹੀਂ, ਕਿਉਂਕਿ ਕਮਿਊਨਿਸਟਾਂ ਤੋਂ ਵੱਡਾ ਦੇਸ਼ ਭਗਤ ਕੋਈ ਨਹੀਂ ਹੋ ਸਕਦਾ।
ਸੀ ਪੀ ਆਈ (ਐੱੰਮ ਐੱਲ) ਨਿਊ ਡੈਮਕਰੇਸੀ ਦੇ ਸੂਬਾਈ ਆਗੂ ਸਾਥੀ ਦਰਸ਼ਨ ਸਿੰਘ  ਖਟਕੜ ਨੇ ਕਿਹਾ ਕਿ ਜਦੋਂ ਲੋਕ ਸਭਾ ਚੋਣਾਂ ਤੋਂ ਬਾਅਦ ਸੰਘ ਵੱਲੋਂ ਇਹ ਬਿਆਨ ਆਇਆ ਸੀ ਕਿ ਸੱਤ ਸੌ ਸਾਲ ਬਾਅਦ ਇੱਕ ਸਵੈਭਿਮਾਨੀ ਹਿੰਦੂ ਭਾਰਤ ਦੀ ਸੱਤਾ 'ਤੇ  ਬੈਠਾ ਹੈ। ਉਦੋਂ ਹੀ ਸਪੱਸ਼ਟ ਹੋ ਗਿਆ ਸੀ ਕਿ ਆਉਣ ਵਾਲੇ ਹਾਲਾਤ ਕੀ ਹੋਣਗੇ। ਘਰ ਵਾਪਸੀ ਦੀ ਮੁਹਿੰਮ, ਦਾਦਰੀ ਦੀਆਂ ਘਟਨਾਵਾਂ ਨੇ ਖਤਰੇ ਦੇ ਸਪੱਸ਼ਟ ਸੰਕੇਤ ਦਿੱਤੇ ਸਨ। ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਤੋੜ ਮਰੋੜ ਕੇ ਦੇਸ਼ ਦੀਆਂ ਸਮੱਸਿਆਵਾਂ ਦਾ ਗਲਤ ਹੱਲ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਸਭ ਤੋਂ ਵੱਡੀ ਸਮੱਸਿਆ ਜਾਇਦਾਦ ਹੈ, ਜਿਸ ਦੀ ਸੰਘ ਪਰਵਾਰ ਡਟ ਕੇ ਵਕਾਲਤ ਕਰਦਾ ਹੈ। ਮਨੂੰ ਸਮਰਿਤੀ ਦੀ ਅੱਜ ਵੀ ਇਹ ਲੋਕ ਪੂਜਾ ਕਰਦੇ ਹਨ। ਮਿਥਿਹਾਸ ਨੂੰ ਇਤਿਹਾਸ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।
ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਸਕੱਤਰ ਸਾਥੀ ਕੰਵਲਜੀਤ ਖੰਨਾ ਨੇ ਕਿਹਾ ਕਿ  ਪ੍ਰਗਤੀਵਾਦੀ ਗੱਲ ਕਰਨ ਵਾਲਾ ਕੋਈ ਵੀ ਵਿਅਕਤੀ ਸੰਘੀਆਂ ਦਾ ਦੁਸ਼ਮਣ ਹੈ। ਹੈਦਰਾਬਾਦ ਯੂਨੀਵਰਸਿਟੀ ਦੇ ਸਕਾਲਰ ਰੋਹਿਤ ਵੇਮੁੱਲਾ 'ਤੇ ਮਾਰਕਸਵਾਦ ਤੇ ਅੰਬੇਡਕਰ ਨੂੰ ਪੜ੍ਹਨ ਦਾ ਦੋਸ਼ ਹੈ। ਇਹ ਲੋਕ ਉਹ ਹਰ ਇੰਸਟੀਚਿਊਟ ਖੋਹਣਾ ਚਾਹੁੰਦੇ ਹਨ, ਜਿੱਥੇ ਕੱਟੜਪੁਣੇ ਨੂੰ ਵੰਗਾਰਿਆ ਜਾਂਦਾ ਹੈ। ਜੇ ਐੱਨ ਯੂ 'ਤੇ ਹਮਲਾ ਇਸੇ ਸੇਧ ਵਿੱਚ ਹੈ।
ਉਨ੍ਹਾ ਕਿਹਾ ਕਿ ਗਦਰੀ ਬਾਬਿਆਂ ਨੇ ਜਿਹਨਾਂ ਸਾਮਰਾਜੀ ਸ਼ਕਤੀਆਂ ਖਿਲਾਫ ਆਪਣੀਆਂ ਜ਼ਿੰਦਗੀਆਂ ਲੇਖੇ ਲਾ ਦਿੱਤੀਆਂ ਸਨ, ਅੱਜ ਮੋਦੀ 'ਮੇਕ ਇਨ ਇੰਡੀਆ' ਦੇ ਨਾਂਅ ਹੇਠ ਉਨ੍ਹਾਂ ਨੂੰ ਖੁੱਲ੍ਹਾ ਸੱਦਾ ਦੇ ਰਿਹਾ ਹੈ। ਉਨ੍ਹਾ ਕਿਹਾ ਕਿ ਜਿੰਨੀ ਖੁੱਲ੍ਹਦਿਲੀ ਨਾਲ ਮੋਦੀ ਵੱਲੋਂ ਸਮਰਾਜੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਅਸੀਂ ਉਸੇ ਦਲੇਰੀ ਤੇ ਜਬ੍ਹੇ ਨਾਲ ਇਸ ਦਾ ਟਾਕਰਾ ਕਰਾਂਗੇ।
ਲੋਕ ਸੰਗਰਾਮ ਮੰਚ ਦੇ ਸਾਥੀ ਬਲਵੰਤ ਮਖੂ ਨੇ ਕਿਹਾ ਕਿ ਹਰ ਹੁਕਮਰਾਨ ਨੇ ਬਾਗੀ ਸੁਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਕਾਲੇ ਕਾਨੂੰਨ ਬਣਾਏ, ਜ਼ੁਲਮ ਸਿਤਮ ਹਰ ਹਰਬਾ ਵਰਤਿਆ, ਪਰ ਲੋਕ ਆਵਾਜ਼ ਦੱਬੀ ਨਹੀਂ। ਜੇ ਸੰਘ ਪਰਵਾਰ ਨੂੰ ਵੀ ਵਹਿਮ ਹੈ ਕਿ ਇਸ ਧਰਤੀ 'ਤੇ ਆਵਾਜ਼ਾਂ ਦੱਬ ਜਾਣਗੀਆਂ ਤਾਂ ਉਹਨੂੰ ਇਸ 'ਚੋਂ ਨਿਕਲ ਆਉਣਾ ਚਾਹੀਦਾ ਹੈ।
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਅਸਲ ਲੜਾਈ ਲੋਕ ਹਿੱਤ ਬਨਾਮ ਕਾਰਪੋਰੇਟ ਹਿੱਤ ਦੀ ਹੈ। ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਜਗਤ ਦੀ ਨੁਮਾਇੰਦਗੀ ਕਰਦੀ ਹੈ। ਇਹ ਸਾਰਾ ਬੱਜਟ ਇਸ ਮਹੀਨੇ ਦੇ ਅਖੀਰ ਵਿੱਚ ਪੇਸ਼ ਕੀਤੇ ਜਾਣ ਵਾਲੇ ਬੱਜਟ 'ਚ ਕੀਤੀ ਜਾਣ ਵਾਲੀ ਬਦਮਾਸ਼ੀ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਪੈਦਾ ਕੀਤਾ ਗਿਆ ਹੈ। ਡਬਲਯੂ ਟੀ ਓ 'ਚ ਕੀਤੇ ਲੋਕ ਤੇ ਦੇਸ਼ ਵਿਰੋਧੀ ਸਮਝੌਤਿਆਂ ਤੋਂ ਧਿਆਨ ਭਟਕਾਉਣ ਲਈ ਕੀਤਾ ਗਿਆ ਹੈ।
ਮੋਦੀ ਸਰਕਾਰ ਦੇ ਕਿਰਦਾਰ ਦੀ ਗੱਲ ਕਰਦਿਆਂ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕ ਇਸ ਸਰਕਾਰ ਨੇ ਸਭ ਤੋਂ ਪਹਿਲਾਂ ਫੈਸਲਾ ਕਿਸਾਨਾਂ ਤੋਂ ਜ਼ਮੀਨ ਖੋਹਣ ਦਾ ਹੀ ਕੀਤਾ ਸੀ। ਉਨ੍ਹਾ ਕਿਹਾ ਕਿ ਇਸ ਸਰਕਾਰ ਕੋਲ ਵਿਦਿਆਰਥੀਆਂ ਲਈ ਤਾਂ ਪੈਸੇ ਨਹੀਂ, ਪਰ ਯੂਨੀਵਰਸਿਟੀਆਂ 'ਚ ਉੱਚੇ-ਉੱਚੇ ਝੰਡੇ ਲਾਉਣ 'ਤੇ 185 ਕਰੋੜ ਰੁਪਏ ਖਰਚੇ ਜਾ ਰਹੇ ਹਨ, ਇਹ ਪੈਸਾ ਲੋਕਾਂ ਦੀਆਂ ਜੇਬਾਂ 'ਚੋਂ ਦੇਸ਼ ਭਗਤੀ ਦਾ ਟੈਕਸ ਲਾ ਕੇ ਕੱਢਿਆ ਜਾਵੇਗਾ।
ਕਨਵੈਨਸ਼ਨ ਉਪਰੰਤ ਦੂਰਦਰਾਜ ਤੋਂ ਆਏ ਲੋਕਾਂ ਨੇ ਸੰਘ ਪਰਵਾਰ ਦੇ ਫ਼ਿਰਕੂ ਹਮਲਿਆਂ ਖਿਲਾਫ਼ ਜਲੰਧਰ ਸ਼ਹਿਰ 'ਚ ਜ਼ਬਰਦਸਤ ਰੋਹ ਭਰਪੂਰ ਤੇ ਫ਼ਿਰਕਾਪ੍ਰਸਤੀ ਵਿਰੋਧੀ ਰੋਹਲੇ ਨਾਅਰੇ ਗੂੰਜਾਉਂਦਿਆਂ ਵਿਰੋਧ ਮਾਰਚ ਕੀਤਾ। ਲਾਲ ਝੰਡੇ ਫੜੀ ਮੁਜ਼ਾਹਰਾਕਾਰੀਆਂ ਨੇ ਲੋਕਾਂ ਦਾ ਧਿਆਨ ਆਰ ਐੱਸ ਐੱਸ ਦੇ ਖਤਰਨਾਕ ਮਨਸੂਬਿਆਂ ਵੱਲ ਖਿੱਚਿਆ। 

No comments:

Post a Comment