Friday, 11 March 2016

ਸਾਂਝੀਵਾਲਤਾ ਲਈ ਜਾਨਾਂ ਵਾਰਨ ਵਾਲੇ ਯੋਧਿਆਂ ਦੀ ਧਰਤੀ ਪੰਜਾਬ

ਮੰਗਤ ਰਾਮ ਪਾਸਲਾ 
ਪੰਜਾਬ ਅੰਦਰ ਕੁਝ ਵੀ ਅਜਿਹਾ ਨਹੀਂ ਹੈ, ਜਿਸ ਬਾਰੇ ਫਿਕਰਮੰਦੀ ਜ਼ਾਹਿਰ ਨਾ ਕੀਤੀ ਜਾ ਸਕੇ। ਰਾਜਨੀਤਕ ਤਾਣਾਬਾਣਾ ਪੂਰੀ ਤਰ੍ਹਾਂ ਉਲਝਿਆ ਪਿਆ ਹੈ। ਰਾਜ ਭਾਗ ਦੀਆਂ ਦਾਅਵੇਦਾਰ ਤਿੰਨੋਂ ਹੀ ਧਿਰਾਂ-ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਅਤੇ 'ਆਪ' ਕੋਲ ਇਕ ਦੂਸਰੇ ਖਿਲਾਫ ਬੋਲ ਕਬੋਲ ਕਰਨ ਤੇ ਧਮਕੀਆਂ ਦੇਣ ਤੋਂ ਬਿਨਾਂ ਕੁਝ ਹੋਰ ਬਚਿਆ ਹੀ ਨਹੀਂ ਜਾਪਦਾ। ਹਰ ਪੱਧਰ ਦੀਆਂ ਜਮਹੂਰੀ ਸੰਸਥਾਵਾਂ ਅਤੇ ਪਰਕਿਰਿਆਵਾਂ ਨੂੰ ਹਾਕਮ ਧਨੀ ਲੋਕਾਂ ਨੇ ਪੂਰੀ ਤਰ੍ਹਾਂ ਪੈਸੇ ਦੇ ਜ਼ੋਰ, ਜਬਰਦਸਤੀਆਂ ਤੇ ਬਾਹੂਬਲੀਆਂ ਦੇ ਸਹਾਰੇ ਪੰਗੂ ਬਣਾ ਦਿੱਤਾ ਹੈ। ਰਾਜ ਕਰਦੀਆਂ ਧਿਰਾਂ ਨੇ ਸਰਕਾਰੀ ਮਸ਼ੀਨਰੀ ਨੂੰ ਆਪਣੀ ਲੁੱਟ ਖਸੁੱਟ ਦਾ ਭਾਗੀਦਾਰ ਬਣਾ ਕੇ ਇਸ ਦਾ ਪੂਰਨ ਰੂਪ ਵਿਚ ਰਾਜਨੀਤਕਰਨ ਹੀ ਨਹੀਂ ਕਰ ਦਿੱਤਾ, ਬਲਕਿ ਇਸ ਨੂੰ ਆਪਣੀ ਨਿੱਜੀ ਰਖੇਲ ਹੋਣ ਦੀ ਹੱਦ ਤੱਕ ਗਿਰਾ ਦਿੱਤਾ ਹੈ। 'ਸੰਵੇਦਨਸ਼ੀਲਤਾ' ਨਾਮ ਦਾ ਸ਼ਬਦ  ਰਾਜ ਭਾਗ ਉਪਰ ਬਿਰਾਜਮਾਨ ਰਾਜਨੀਤਕ ਧਿਰਾਂ ਨੇ ਆਪਣੇ ਸਾਂਝੇ ਕਿਰਦਾਰ 'ਚੋਂ ਮਨਫੀ ਕਰ ਦਿੱਤਾ ਹੈ।
ਉਂਝ ਤਾਂ ਆਜ਼ਾਦੀ ਤੋਂ ਬਾਅਦ ਹੀ, ਪ੍ਰੰਤੂ ਪਿਛਲੇ ਦੋ ਕੁ ਦਹਾਕਿਆਂ ਤੋਂ ਵਿਸ਼ੇਸ਼ ਰੂਪ ਵਿਚ ਸਰਕਾਰਾਂ ਦੀਆਂ ਪਹਿਲਤਾਵਾਂ ਧਨੀਆਂ ਨੂੰ ਹੋਰ ਧਨੀ ਤੇ ਗਰੀਬਾਂ ਨੂੰ ਹੋਰ ਗਰੀਬ ਕਰਨ ਵੱਲ ਸੇਧਤ ਹਨ। ਵੱਡੇ ਵੱਡੇ ਘਰ ਤੇ ਕੋਠੀਆਂ ਐਸ਼ੋਇਸ਼ਰਤ ਦਾ ਸਮਾਨ, ਮਹਿੰਗੀਆਂ ਕਾਰਾਂ, ਮਿਆਰੀ ਵਿਦਿਆ, ਮਹਿੰਗੀਆਂ ਸਿਹਤ ਸੁਵਿਧਾਵਾਂ, ਸਮੁੱਚਾ ਕਾਰੋਬਾਰ, ਆਵਾਜਾਈ ਦੇ ਸਾਧਨ ਆਦਿ ਉਚ ਵਰਗ ਲਈ ਰਾਖਵੇਂ ਕਰ ਦਿੱਤੇ ਗਏ ਹਨ। ਇਨ੍ਹਾਂ ਸਭ ਸਹੂਲਤਾਂ ਤੇ ਵਸਤਾਂ ਤੋਂ ਜੇਕਰ ਕੋਈ ਵਾਂਝਾ ਹੈ ਤਾਂ ਉਹ ਹੈ ਕਿਰਤੀ, ਕਿਸਾਨ, ਭਾਈ ਲਾਲੋ ਦਾ ਮਿੱਤਰ ਮਜ਼ਦੂਰ ਤੇ ਸਮੁੱਚੇ ਸਮਾਜ ਦੀ ਸੇਵਾ ਵਿਚ ਰੁਝੇ ਹੋਏ ਦਲਿਤ, ਅਖੌਤੀ ਨਿਚਲੀਆਂ ਜਾਤਾਂ ਤੇ ਵਰਗਾਂ ਦੇ ਲੋਕ। ਪੂੰਜੀਵਾਦੀ ਲੁੱਟ-ਘਸੁੱਟ ਕਾਰਨ ਨਪੀੜੇ ਜਾ ਰਹੇ ਲੋਕਾਂ ਵਿਚ ਕੁਲ ਅਬਾਦੀ ਦਾ ਅੱਧ, ਔਰਤਾਂ ਦੀ ਬਹੁ ਗਿਣਤੀ ਨੂੰ ਵੀ ਜੋੜ ਲਿਆ ਜਾਣਾ ਚਾਹੀਦਾ ਹੈ। ਸਰਕਾਰ ਦੀ ਆਰਥਿਕ ਉਨਤੀ ਦੀ ਹਰ ਪਗਡੰਡੀ ਤੇ ਸ਼ਾਹ ਰਾਹ ਧਨ ਕੁਬੇਰਾਂ, ਭਰਿਸ਼ਟਾਚਾਰੀਆਂ ਤੇ ਲੁਟੇਰੇ ਲੋਕਾਂ ਦੇ ਘਰ 'ਤੇ ਜਾ ਕੇ ਮੁਕਦੀ ਹੈ। ਜੇਕਰ ਸਰਮਾਏਦਾਰ ਪੱਖੀ ਰਾਜਨੀਤਕ ਪਾਰਟੀਆਂ ਦੇ ਆਗੂਆਂ ਵਲੋਂ ਰਾਜਨੀਤੀ ਵਿਚ ਦਾਖਲੇ ਤੋਂ ਲੈ ਕੇ ਅੱਜ ਤੱਕ ਦੀ ਬਣਾਈ ਪੂਰੀ ਜਾਇਦਾਦ ਦੀ ਪੜਤਾਲ ਕੀਤੀ ਜਾਵੇ ਤਾਂ ਦੁਨੀਆਂ ਦੇ ਮਹਾਂ ਮਹਾਂ ਮਹਾਂ ਠੱਗਾਂ ਨੂੰ ਵੀ ਮਾਤ ਪਾ ਦੇਣਗੇ ਇਹ ਸਾਡੇ ਨੇਤਾ। ਇਹ ਧਨ ਮਜ਼ਦੂਰਾਂ, ਕਿਸਾਨਾਂ, ਛੋਟੇ ਦੁਕਾਨਦਾਰਾਂ ਤੇ ਹੋਰ ਹਰ ਕਿਸਮ ਦੀ ਦਸਾਂ ਨਹੂੰਆਂ ਦੀ ਕਮਾਈ ਕਰਨ ਵਾਲੇ ਲੋਕਾਂ ਦੀ ਲੁੱਟ ਦਾ ਨਤੀਜਾ ਹੈ, ਅਤੇ ਅਸਲ ਵਿਚ ਇਸ ਨੂੰ ਹੀ 'ਪੂੰਜੀਵਾਦ' ਆਖਦੇ ਹਨ।
ਇਹ ਵੀ ਇੱਕ ਤਰਾਸਦੀ ਹੀ ਹੈ ਕਿ ਪੰਜ ਪਾਣੀਆਂ ਦੀ ਧਰਤੀ, ਪੰਜਾਬ ਦੇ ਬਹੁਤੇ ਲੋਕ ਪੀਣਯੋਗ ਪਾਣੀ ਤੋਂ ਵਿਰਵੇ ਹੋ ਗਏ ਹਨ। ਜੋ ਕੁਝ ਬਚੇ ਹਨ, ਉਨ੍ਹਾਂ ਨਾਲ ਵੀ ਇਹ ਭਾਣਾ ਕੁਝ ਸਾਲਾਂ ਵਿਚ ਵਰਤਣ ਵਾਲਾ ਹੈ। ਧਰਤੀ ਬੰਜਰ ਬਣਦੀ ਜਾ ਰਹੀ ਹੈ। ਜਦੋਂ 'ਪਵਨ ਤੇ ਪਾਣੀ' ਹੀ ਸ਼ੁੱਧ ਨਾ ਮਿਲੇ ਤਦ ਮਨੁੱਖ ਨੂੰ ਕੈਂਸਰ, ਪੀਲੀਆ ਤੇ ਦਿਲ ਦੇ ਰੋਗਾਂ ਦਾ ਚੰਬੜਨਾ ਕੁਦਰਤੀ ਹੈ। 'ਬਾਦਲਾਂ' ਤੇ 'ਅਮਰਿੰਦਰਾਂ' ਨੂੰ ਤਾਂ ਛੋਟੇ ਤੋਂ ਛੋਟੇ ਇਲਾਜ ਲਈ ਵੀ ਅੱਤ ਮਹਿੰਗੇ ਤੇ ਅਧੁਨਿਕ ਹਸਪਤਾਲ (ਦੇਸ਼ਾਂ ਤੇ ਵਿਦੇਸ਼ਾਂ ਵਿਚ) ਉਪਲੱਬਧ ਹਨ, ਪ੍ਰੰਤੂ ਮਿਹਨਤਕਸ਼ ਜਨਤਾ ਲਈ ਸਰਕਾਰੀ ਹਸਪਤਾਲਾਂ ਨੂੰ ਜੰਦਰੇ ਲੱਗ ਰਹੇ ਹਨ। ਮਹਿੰਗੀਆਂ ਲੋੜੀਂਦੀਆਂ ਦੁਆਈਆਂ ਪਹੁੰਚ ਤੋਂ ਬਾਹਰ ਹੋਣ ਦੀ ਅਵਸਥਾ ਕਾਰਨ 10-20 ਰੁਪਏ ਨਾਲ ਇਲਾਜ ਕਰਾਉਣ ਤੇ ਜਾਂ ਕਿਸੇ ਸੰਤ, ਬਾਬੇ, ਸਾਈਂ ਜਾਂ ਪੀਰ ਕੋਲੋਂ ਸੁਆਹ ਦੀ ਚੁਟਕੀ ਲੈਣ ਜਾਂ ਰੱਬ ਉਪਰ ਡੋਰੀ ਸੁੱਟਣ ਵਰਗੇ ਵਿਆਖਿਆਨਾਂ  ਉਪਰ ਭਰੋਸਾ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਬਚਿਆ। ਜੇਬ ਖਾਲੀ ਹੋਣ ਦੀ ਹਾਲਤ ਵਿਚ ਤੜਪ ਰਹੇ ਮਰੀਜ਼ਾਂ ਨੂੰ ਹਸਪਤਾਲਾਂ ਵਿਚੋਂ ਚੋਰੀ ਮੋਢਿਆਂ ਉਪਰ ਚੁੱਕ ਕੇ ਲਿਜਾਂਦੇ ਲੋਕਾਂ ਦੀਆਂ ਕਹਾਣੀਆਂ ਕਿਸੇ ਪਰੀ ਦੇਸ਼ ਦੀਆਂ ਨਹੀਂ, ਬਲਕਿ ਭਾਰਤ ਦੇ ਅੰਨ੍ਹ ਦਾਤੇ ਦੀ ਭੂਮੀ ਪੰਜਾਬ ਦੀਆਂ ਹਨ। ਚੌਂਹ ਮਾਰਗੀ ਸੜਕਾਂ ਦੇ ਦੋਨੋਂ ਪਾਸੀਂ ਅਸਮਾਨ ਛੋਂਹਦੀਆਂ ਬਿੱਲਡਿੰਗਾਂ ਹਨ, ਨਿੱਜੀ ਲੋਕਾਂ ਦੇ ਮੁਨਾਫੇ ਲਈ ਬਣੇ ਅਤੀ ਆਧੁਨਿਕ ਹਸਪਤਾਲ ਤੇ ਵਿਦਿਅਕ ਅਦਾਰੇ ਹਨ, ਜਿਥੋਂ ਦੇ ਲੱਖਾਂ ਰੁਪਏ ਦੇ ਖਰਚੇ ਦੀਆਂ ਰਕਮਾਂ ਤੇ ਫੀਸਾਂ ਅਦਾ ਨਾ ਕਰ ਸਕਣ ਦੀ ਸਥਿਤੀ ਵਿਚ ਦਿਹਾੜੀਦਾਰ ਕਾਮੇਂ, ਛੋਟੇ ਕਿਸਾਨ, ਦਸਤਕਾਰ ਜਾਂ ਦੁਕਾਨਦਾਰਾਂ ਦੇ ਪੁੱਤ-ਧੀਆਂ ਅਨਪੜ੍ਹ ਰਹਿ ਕੇ ਅਣਆਈ ਮੌਤੇ ਮਰ ਰਹੇ ਹਨ।
ਅਨਪੜ੍ਹਤਾ ਤੇ ਨਿਰਾਸ਼ ਹੋਏ ਕਾਰਨ ਬੇਕਾਰ ਲੋਕਾਂ ਦੇ ਨਸ਼ਈ ਟੋਲੇ ਚੌਂਕਾਂ, ਗਲੀਆਂ, ਬਜ਼ਾਰਾਂ ਵਿਚ ਆਮ ਹੀ ਦੇਖੇ ਜਾ ਸਕਦੇ ਹਨ। ਪੇਟ ਦੀ ਅੱਗ ਬੁਝਾਉਣ ਲਈ ਚੋਰੀਆਂ, ਡਾਕੇ, ਲੁੱਟਾਂ-ਖੋਹਾਂ, ਨਸ਼ਿਆਂ ਦੇ ਵਿਉਪਾਰ ਦੇ ਨਾਲ ਨਾਲ 'ਵੇਸਵਾਗਿਰੀ' ਦੇ ਧੰਦੇ ਵਿਚ ਵੱਡਾ ਵਾਧਾ ਹੋ ਰਿਹਾ ਹੈ। ਇਹ ਸਭ ਸਾਡੇ ਰਾਜ ਕਰਦੇ ਕਰਤਿਆਂ ਧਰਤਿਆਂ ਦੀ 'ਕ੍ਰਿਪਾ' ਨਾਲ ਹੀ ਹੋ ਰਿਹਾ ਹੈ। ਇਨ੍ਹਾਂ ਸਵਾਲਾਂ ਦਾ ਹੱਲ ਕਰਨ ਜਾਂ ਅਸਲ ਕਾਰਨ ਦੱਸਣ ਦੀ ਥਾਂ ਇਨ੍ਹਾਂ ਨੂੰ ਚੋਣਾਂ ਦੌਰਾਨ ਵੋਟਾਂ ਹਾਸਲ ਕਰਨ ਲਈ ਇਕ ਕਾਰਗਰ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਸੱਤਾ ਹਥਿਆਉਣ ਲਈ ਛੋਟੇ ਛੋਟੇ ਲਾਲਚ ਦੇ ਕੇ ਲੋਕਾਂ ਦੀ ਗੁਰਬਤ ਦਾ ਲਾਹਾ ਖੱਟਣ ਵਿਚ ਸਾਡੇ ਹੁਕਮਰਾਨਾਂ ਨੇ ਚੌਖੀ ਮੁਹਾਰਤ ਹਾਸਲ ਕਰ ਲਈ ਹੈ।
ਪੂੰਜੀਵਾਦ, ਸਮਾਜ ਦੇ ਵੱਡੇ ਹਿੱਸੇ ਨੂੰ ਇਕੱਲਾ ਆਰਥਿਕ ਜਾਂ ਪਦਾਰਥਿਕ ਲੋੜਾਂ ਦੇ ਪੱਖੋਂ ਹੀ ਕੰਗਾਲ ਨਹੀਂ ਕਰਦਾ, ਸਗੋਂ ਮਾਨਸਿਕ ਤੇ ਬੌਧਿਕ ਤੌਰ 'ਤੇ ਵੀ ਤਬਾਹ ਕਰ ਦਿੰਦਾ ਹੈ। ਇਹ ਮਨੁੱਖ ਦਾ ਸਵੈਮਾਨ, ਸਿਰਜਣਾਤਮਕਤਾ ਤੇ ਮੌਲਿਕਤਾ ਨੂੰ ਵੀ ਮਸਲਣ ਦੀ ਹਰ ਕੋਸ਼ਿਸ਼ ਕਰਦਾ ਹੈ। ਜਿਹੜਾ ਕੋਈ ਵੀ ਇਸਦੇ ਡੰਗ ਦਾ ਮੁਕਾਬਲਾ ਕਰਦਾ ਹੋਇਆ ਕੁਝ ਕਰਨ ਦਾ ਹੀਆਂ ਕਰਦਾ ਹੈ, ਉਸਨੂੰ ਰੋਕਣ ਲਈ ਇਹ ਨਿਜ਼ਾਮ ਕਿਸੇ ਵੀ ਨੀਚਤਾ ਤੱਕ ਡਿੱਗ ਸਕਦਾ ਹੈ। ਅੱਜ ਸਾਡੇ ਸਮਾਜ ਵਿਚ ਇਹੀ ਵਾਪਰ ਰਿਹਾ ਹੈ। ਸੱਚੀ ਸੁੱਚੀ ਕਿਰਤ ਰਾਹੀਂ ਅਰਥ ਭਰਪੂਰ ਜੀਵਨ ਜਿਊਣ ਨਾਲੋਂ ਸਮਾਜ ਦਾ ਇਕ ਭਾਗ ਸਰਕਾਰੀ ਜਾਂ ਨਿੱਜੀ ਦਾਨ ਆਸਰੇ ਜੀਵਨ ਬਸਰ ਕਰਨ, ਮੁਫ਼ਤ ਦਾ ਲੰਗਰ ਖਾ ਕੇ ਦਿਨ ਕਟੀ ਕਰਨ, ਭੀਖ ਮੰਗਣ ਤੇ ਹੋਰ ਕਈ ਕਿਸਮ ਦੇ ਅਨੈਤਿਕ ਕੰਮ ਕਰਕੇ ਜ਼ਿੰਦਗੀ ਜੀਣ ਦਾ ਆਦੀ ਬਣਦਾ ਜਾ ਰਿਹਾ ਹੈ। ਇਸੇ ਕਰਕੇ ਜਨ ਸਧਾਰਣ, ਜਿਨ੍ਹਾਂ ਸ਼ਾਸਕਾਂ ਦੀਆਂ ਨੀਤੀਆਂ ਕਾਰਨ ਮੰਦਹਾਲੀ ਦਾ ਜੀਵਨ ਬਸਰ ਕਰ ਰਿਹਾ ਹੈ, ਉਨ੍ਹਾਂ ਹੀ ਹਾਕਮਾਂ ਦੀਆਂ ਚਾਪਲੂਸੀਆਂ ਕਰਨ ਤੱਕ ਚਲਾ ਜਾਂਦਾ ਹੈ ਅਤੇ ਚੰਦ ਕਾਗਜ਼ ਦਿਆਂ ਟੁਕੜਿਆਂ ਨਾਲ ਪਸੀਜ ਕੇ ਆਪਣੇ ਨਾਲ ਹੋਏ ਹਰ ਅਨਿਆਂ ਨੂੰ ਭੁਲ ਜਾਂਦੇ ਹਨ। ਇਸ ਵਿਚ ਰਹਿੰਦੀ ਕਸਰ, ਲੱਖਾਂ ਸਾਲਾਂ ਤੋਂ ਨਿਰੰਤਰ ਚਲਿਆ ਆ ਰਿਹਾ ਕਿਸਮਤਵਾਦੀ ਫਲਸਫਾ ਪੂਰੀ ਕਰ ਦਿੰਦਾ ਹੈ, ਜਿਸਨੂੰ ਅੱਜ ਦੇ ਮਾਡਰਨ ਧਾਰਮਿਕ ਡੇਰੇ ਤੇ ਆਪੂੰ ਬਣੇ 'ਬਾਬੇ' ਹੋਰ 'ਮਿਰਚ ਮਸਾਲੇ' ਲਾ ਕੇ ਤਿਖੇਰਾ ਕਰੀ ਜਾਂਦੇ ਹਨ। ਹੱਕ ਸੱਚ ਦੀ ਲੜਾਈ ਲੜਨ ਨਾਲੋਂ ਬੇਬਸੀ ਅਧੀਨ ਕੁਝ ਲੋਕ ਆਤਮ ਹੱਤਿਆ ਕਰਨ ਨੂੰ ਪਹਿਲ ਦੇ ਰਹੇ ਹਨ। ਅਤੇ, ਸਰਕਾਰਾਂ ਵੀ ਇਨਸਾਨ ਦੀ ਮੌਤ ਦੀ ਛੋਟੀ ਜਿਹੀ ਕੀਮਤ ਤੈਅ ਕਰਕੇ ਲੋਕਾਂ ਦੇ ''ਸੱਚੇ ਸੇਵਾਦਾਰ'' ਹੋਣ ਦਾ ਸੁਆਂਗ ਰਚ ਲੈਂਦੀਆਂ ਹਨ। ਪ੍ਰਾਂਤ ਅੰਦਰ ਕਿਸਾਨੀ ਦਾ ਸੰਕਟ ਆਪਣੀ ਚਰਮ ਸੀਮਾ 'ਤੇ ਪੁੱਜ ਚੁੱਕਾ ਹੈ।
ਸਵਾਲਾਂ ਦਾ ਸਵਾਲ ਇਹ ਹੈ ਕਿ ਕਿਨ੍ਹਾਂ ਮੁੱਦਿਆਂ ਨੂੰ ਪ੍ਰਾਥਮਕਤਾ ਦਿੱਤੀ ਜਾਵੇ ਜਿਸ ਨਾਲ ਪੰਜਾਬ ਇਸ ਘੁੰਮਣਘੇਰੀ ਵਿਚੋਂ ਨਿਕਲ ਸਕੇ ਤੇ ਇਸਦੇ ਵਾਸੀ ਮਨੁੱਖੀ ਜੀਵਨ ਦਾ ਅਨੰਦ ਮਾਣ ਸਕਣ? ਇਹ ਕੰਮ ਮੌਜੂਦਾ ਹਾਕਮਾਂ ਤੋਂ ਸਿਰੇ ਚੜ੍ਹਨ ਦੀ ਆਸ ਕਰਨੀ ਨਿਰੀ ਮੂਰਖਤਾ ਹੈ। ਸਾਡੀਆਂ ਲੋੜਾਂ ਵਿਚ ਹਰ ਵਿਅਕਤੀ ਲਈ ਰਹਿਣ ਯੋਗ ਮਕਾਨ, ਸੰਤੁਲਤ ਤੇ ਲੋੜੀਂਦੀ ਖੁਰਾਕ, ਸਾਫ ਪੀਣ ਯੋਗ ਪਾਣੀ, ਹਰ ਪੱਧਰ ਉਪਰ ਮਿਆਰੀ ਵਿਦਿਆ ਹਾਸਲ ਕਰਨ ਦਾ ਅਧਿਕਾਰ, ਗੁਜ਼ਾਰੇ ਯੋਗ ਰੁਜ਼ਗਾਰ ਤੇ ਜੀਵਨ ਦੀ ਸੁਰੱਖਿਅਤਾ ਤੇ ਵੱਧ ਰਹੇ ਪ੍ਰਦੂਸ਼ਣ ਤੋਂ ਮੁਕਤੀ ਹੈ। ਇਹ ਕੰਮ ਸਰਕਾਰੀ ਖਜ਼ਾਨੇ ਦੀ ਨਿੱਜੀ ਪੂੰਜੀਪਤੀਆਂ ਤੇ ਧਨ ਕੁਬੇਰਾਂ ਵਲੋਂ ਕੀਤੀ ਜਾ ਰਹੀ ਲੁੱਟ ਖੋਹ ਖਤਮ ਕਰਕੇ, ਹਰ ਤਰ੍ਹਾਂ ਦੇ ਸਰਕਾਰੀ ਸ਼ਹਿ ਪ੍ਰਾਪਤ ਮਾਫੀਆ ਰਾਜ ਨੂੰ ਨੱਥ ਪਾ ਕੇ, ਫਜ਼ੂਲ ਖਰਚੀਆਂ ਰੋਕ ਕੇ ਅਤੇ ਧਨ ਕੁਬੇਰਾਂ ਉਪਰ ਵੱਡੇ ਟੈਕਸ ਲਾ ਕੇ ਤੇ ਇਸਦੀ ਪੂਰੀ ਉਗਰਾਹੀ ਰਾਹੀਂ ਹੀ ਸਿਰੇ ਚਾੜ੍ਹਿਆ ਜਾ ਸਕਦਾ ਹੈ। ਸਰਕਾਰ ਦੇ ਹਰ ਕੰਮ, ਠੇਕੇ ਉਪਰ ਦਿੱਤੇ ਜਾ ਰਹੇ ਪ੍ਰਾਜੈਕਟ ਤੇ ਮਹਿਕਮੇਂ ਅਤੇ ਪਿੰਡਾਂ ਤੇ ਸ਼ਹਿਰਾਂ  ਨੂੰ ਵਿਕਾਸ ਲਈ ਦਿੱਤੀਆਂ ਜਾਂਦੀਆਂ ਗ੍ਰਾਂਟਾ ਵਿਚੋਂ ਨਿਸ਼ਚਤ ਰਕਮ ਸਬੰਧਤ ਹਲਕੇ ਦੇ ਅਕਾਲੀ/ਭਾਜਪਾ ਆਗੂ ਤੇ ਅਫਸਰਸ਼ਾਹੀ ਨੂੰ ਲਾਜ਼ਮੀ ਰੂਪ ਵਿਚ ਅਦਾ ਕਰਨੀ ਅੱਜਕਲ ਜ਼ਰੂਰੀ ਬਣ ਗਈ ਹੈ। ਇਸ ਧੰਦੇ ਨਾਲ ਮੰਤਰੀਆਂ, ਰਾਜਸੀ ਆਗੂਆਂ, ਠੇਕੇਦਾਰਾਂ ਤੇ ਅਫਸਰਸ਼ਾਹੀ ਦੇ ਵੱਡੇ ਹਿੱਸੇ ਦੀ ਚੜ੍ਹ ਮਚੀ ਹੋਈ ਹੈ। ਇਸ ਆਰਥਿਕ ਤੇ ਰਾਜਸੀ ਗੁੰਡਾਗਰਦੀ ਨੂੰ ਰੋਕ ਕੇ ਪੰਜਾਬ ਦੇ ਵਿਕਾਸ ਤੇ ਸਮਾਜਕ ਸਹੂਲਤਾਂ ਲਈ ਲੋੜੀਂਦੇ ਸਾਧਨ ਪੈਦਾ ਕੀਤੇ ਜਾ ਸਕਦੇ ਹਨ। ਧੱਕੋ-ਜੋਰੀ, ਭਰਿਸ਼ਟਾਚਾਰ ਅਤੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਰਾਹੀਂ ਇਕੱਠਾ ਕੀਤਾ ਧਨ ਹਰ ਹੀਲੇ ਜ਼ਬਤ ਕੀਤਾ ਜਾਣਾ ਚਾਹੀਦਾ ਹੈ।
ਨਿੱਜੀਕਰਨ ਦੀ ਪ੍ਰਕਿਰਿਆ ਬੰਦ ਕਰਕੇ ਜੇਕਰ ਪਬਲਿਕ ਖੇਤਰ ਦਾ ਪਸਾਰਾ ਕੀਤਾ ਜਾਵੇ, ਜਿਸ ਵਿਚ ਕਿਰਤੀ ਲੋਕਾਂ ਦੀ ਸਰਕਾਰੀ ਨੂੰਮਾਇੰਦਿਆਂ ਦੇ ਬਰਾਬਰ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇ, ਤਦ ਬੇਕਾਰੀ, ਮਹਿੰਗਾਈ ਤੇ ਭਰਿਸ਼ਟਾਚਾਰ ਦੀ ਵੱਧ ਰਹੀ ਰਫਤਾਰ ਨੂੰ ਵੱਡੀ ਹੱਦ ਤੱਕ ਰੋਕ ਲਾਈ ਜਾ ਸਕਦੀ ਹੈ। ਇਹ ਸਮਝਣਾ ਵੀ ਜ਼ਰੂਰੀ ਹੈ ਕਿ ਭਰਿਸ਼ਟਾਚਾਰ, ਸਮਾਜਿਕ ਜਬਰ, ਔਰਤਾਂ ਉਪਰ ਹੋ ਰਹੇ ਜ਼ੁਲਮ ਆਦਿ ਤੋਂ ਬੰਦ ਖਲਾਸੀ ਮਜ਼ਬੂਤ ਜਨਤਕ ਲਹਿਰ ਖੜ੍ਹੀ ਕਰਕੇ ਹੀ ਹਾਸਲ ਕੀਤੀ ਜਾ ਸਕਦੀ ਹੈ।
ਇਹ ਕੰਮ ਮੌਜੂਦਾ ਹਾਕਮ ਜਮਾਤਾਂ ਦੀਆਂ ਰਾਜਨੀਤਕ ਪਾਰਟੀਆਂ, ਭਾਵੇਂ ਉਹ ਅਕਾਲੀ ਦਲ, ਭਾਜਪਾ, ਕਾਂਗਰਸ, 'ਆਪ' ਜਾਂ ਕਿਸੇ ਵੀ ਹੋਰ ਨਾਮ ਉਪਰ ਕੰਮ ਕਰਦੀਆਂ ਹੋਣ, ਕਦਾਚਿੱਤ ਨਹੀਂ ਕਰ ਸਕਦੀਆਂ। ਇਨ੍ਹਾਂ ਦੀਆਂ ਸਾਮਰਾਜ ਤੇ ਸਰਮਾਏਦਾਰੀ ਪੱਖੀ ਲੋਕ ਮਾਰੂ ਨੀਤੀਆਂ ਨੇ ਤਾਂ ਦੇਸ਼ ਤੇ ਪੰਜਾਬ ਨੂੰ ਤਬਾਹ ਕੀਤਾ ਹੈ। ਇਹ ਜ਼ਿੰਮਾ ਲਾਜ਼ਮੀ ਤੌਰ 'ਤੇ ਉਹ ਸ਼ਕਤੀਆਂ ਨਿਭਾਅ ਸਕਦੀਆਂ ਹਨ, ਜੋ ਰਾਜਨੀਤੀ ਨੂੰ ਸਿਰਫ ਚੋਣਾਂ ਵਿਚ ਜਿੱਤ ਹਾਸਲ ਕਰਕੇ ਸੱਤਾ ਉਪਰ ਕਬਜ਼ਾ ਕਰਨ ਦਾ ਸਾਧਨ ਨਹੀਂ ਸਮਝਦੀਆਂ, ਬਲਕਿ ਲੁੱਟੇ ਪੁੱਟੇ ਜਾ ਰਹੇ ਲੋਕਾਂ ਦੇ ਦੁੱਖਾਂ, ਦਰਦਾਂ ਨੂੰ ਹੱਲ ਕਰਨ ਵਾਲੀ ਵਿਚਾਰਧਾਰਾ 'ਤੇ ਅਮਲਾਂ ਨਾਲ ਜਨਤਾ ਸੰਗ ਜ਼ਮੀਨੀ ਪੱਧਰ ਉਪਰ ਜੁੜੀਆਂ ਹੋਈਆਂ ਹਨ। ਅਜਿਹੀਆਂ ਸ਼ਕਤੀਆਂ ਹੀ ਜ਼ੁਲਮ ਸੰਗ ਭਿੜਨ, ਹਰ ਜਬਰ ਦਾ ਟਾਕਰਾ ਕਰਨ ਤੇ ਠੀਕ ਵਿਗਿਆਨਕ ਸੇਧ ਰਾਹੀਂ ਪੰਜਾਬ ਦੇ ਹਕੀਕੀ ਲੋਕ ਹਿਤੂ ਮੁੱਦਿਆਂ ਨੂੰ ਏਜੰਡੇ ਉਪਰ ਲਿਆ ਕੇ ਉਹਨਾਂ ਦਾ ਸਮਾਧਾਨ ਕਰ ਸਕਣ ਦੇ ਸਮਰਥ ਹਨ। ਲੋਕ ਮੁੱਦਿਆਂ ਉਪਰ ਅਧਾਰਤ ਜਨਤਕ ਲਹਿਰ ਖੜੀ ਕਰਨ ਦਾ ਕੰਮ ਸਿਰਫ ਚੋਣਾਂ ਸਮੇਂ ਹੱਥ ਜੋੜ ਕੇ ਵੋਟਾਂ ਮੰਗਣ ਨਾਲ ਨਹੀਂ ਹੁੰਦਾ, ਬਲਕਿ ਪੂਰਾ ਸਮਾਂ ਸਮਾਜ ਦੇ ਵੱਖ-ਵੱਖ ਵਰਗਾਂ, ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਇਸਤਰੀਆਂ, ਦਲਿਤਾਂ, ਮੁਲਾਜ਼ਮਾਂ ਤੇ ਹੋਰ ਦਰਮਿਆਨੇ ਵਰਗਾਂ ਨਾਲ ਸਬੰਧਤ ਤਬਕਿਆਂ ਦੇ ਸਾਂਝੇ ਜਨਤਕ ਸੰਘਰਸ਼ਾਂ ਰਾਹੀਂ ਹੀ ਕੀਤਾ ਜਾ ਸਕਦਾ ਹੈ। ਇਹ ਪ੍ਰਾਜੈਕਟ ਸਿਰਫ ਕਮਿਊਨਿਸਟ ਪਾਰਟੀਆਂ, ਦੂਸਰੀਆਂ ਖੱਬੀਆਂ ਤੇ ਅਗਾਂਹਵਧੂ ਧਿਰਾਂ ਅਤੇ ਕਿਰਤੀ ਲੋਕਾਂ ਦੀਆਂ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਏਕੇ ਤੇ ਸੰਘਰਸ਼ ਨਾਲ ਹੀ ਸਿਰੇ ਚਾੜ੍ਹਿਆ ਜਾ ਸਕਦਾ ਹੈ। ਇਸ ਵਿਚ ਮਾਨਵਵਾਦੀ ਕਦਰਾਂ-ਕੀਮਤਾਂ ਨਾਲ ਸੰਜੋਏ ਕਲਮਕਾਰਾਂ, ਬੁੱਧੀਜੀਵੀਆਂ, ਕਲਾਕਾਰਾਂ ਤੇ ਵੱਖ-ਵੱਖ ਖੇਤਰਾਂ ਨਾਲ ਜੁੜੇ ਸੰਵੇਦਨਸ਼ੀਲ ਮਨੁੱਖਾਂ ਦੇ ਸਰਗਰਮ ਸਹਿਯੋਗ ਤੇ ਹੱਲਾਸ਼ੇਰੀ ਦੀ ਵੀ ਵੱਡੀ ਲੋੜ ਹੈ। ਇਸ ਕਾਰਜ ਦੀ ਸਫਲਤਾ ਲਈ ਰਾਜਨੀਤੀ ਦੇ ਖੇਤਰ ਵਿਚ, ਮਨੁੱਖ  ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਲਈ ਸਮਰਪਤ ਕਮਿਊਨਿਸਟਾਂ ਤੇ ਦੂਸਰੀਆਂ ਖੱਬੀਆਂ ਧਿਰਾਂ ਦੀ ਪਹਿਲਕਦਮੀ, ਵਚਨਬੱਧਤਾ ਤੇ ਠੀਕ ਰਾਜਨੀਤਕ ਸੇਧ ਜ਼ਰੂਰੀ ਹੈ। ਕਈ ਤਰ੍ਹਾਂ ਦੀਆਂ ਰਾਜਨੀਤਕ ਮੌਕਾਪ੍ਰਸਤੀਆਂ ਕਾਰਨ ਕਮਿਊਨਿਸਟਾਂ ਦੇ ਸ਼ਾਨਾਮੱਤੇ ਤੇ ਆਪਾਵਾਰੂ ਇਤਿਹਾਸ ਨੂੰ ਆਮ ਲੋਕਾਂ ਦੀਆਂ ਨਿਗਾਹਾਂ ਵਿਚ ਕੁੱਝ ਵੱਟਾ ਲੱਗਾ ਹੈ। ਅਜੇਹੇ ਕੁਰਾਹੇ ਤੋਂ ਭਵਿੱਖ ਵਿਚ ਬਚਾਅ ਕਰਨ ਦੀ ਲੋੜ ਹੈ। ਇਹ ਵੀ ਇਕ ਹਕੀਕਤ ਹੈ ਕਿ ਮੌਜੂਦਾ ਖੱਬੀ ਤੇ ਜਮਹੂਰੀ ਲਹਿਰ ਦਾ ਘੇਰਾ ਅਜੇ ਬੜਾ ਸੀਮਤ ਹੈ। ਇਸ ਲਹਿਰ ਵਿਚ ਦਰਮਿਆਨੇ ਵਰਗ ਨਾਲ ਸਬੰਧਤ ਪੜ੍ਹੇ ਲਿਖੇ ਨੌਜਵਾਨਾਂ ਦੀ ਘਾਟ ਬਹੁਤ ਰੜਕਦੀ ਹੈ। ਇਸ ਲਈ ਖੱਬੇ ਪੱਖੀ ਲਹਿਰ ਨੇ ਜੇਕਰ ਮੌਜੂਦਾ ਲੁਟੇਰੇ ਨਿਜ਼ਾਮ ਨੂੰ ਕੋਈ ਗੰਭੀਰ ਚਣੌਤੀ ਪੇਸ਼ ਕਰਨੀ ਹੈ, ਤਦ ਸੰਸਾਰ ਵਿਆਪੀ ਵਿਗਿਆਨਕ ਨਜ਼ਰੀਏ ਤੋਂ ਸੇਧ ਲੈਂਦੇ ਹੋਏ ਸਾਨੂੰ ਆਪਣੇ ਖਿੱਤੇ ਦੇ ਮਾਣਮੱਤੇ ਇਤਿਹਾਸ ਦੀਆਂ ਮਾਨਵਵਾਦੀ ਕਦਰਾਂ ਕੀਮਤਾਂ ਨੂੰ ਵੀ ਮਾਰਗ ਦਰਸ਼ਕ ਵਜੋਂ ਪ੍ਰੇਰਨਾ ਸਰੋਤ ਬਣਾਉਣਾ ਹੋਵੇਗਾ। ਥੋੜ ਚਿਰੇ ਲਾਭਾਂ ਲਈ ਅੰਤਮ ਨਿਸ਼ਾਨੇ ਦੀ ਪ੍ਰਾਪਤੀ ਨੂੰ ਪਿਛਾਂਹ ਧੱਕਣ ਦੀ ਮੌਕਾਪ੍ਰਸਤ ਰਾਜਨੀਤੀ ਨੂੰ ਤਿਆਗਣਾ ਹੋਵੇਗਾ। ਪੰਜਾਬ ਦੀ ਮੌਜੂਦਾ ਅਵਸਥਾ ਨੂੰ ਸੁਧਾਰਨ ਲਈ ਇਕ ਹਕੀਕੀ ਮੁਤਬਾਦਲ ਨੂੰ ਪੇਸ਼ ਕਰਨ ਵੱਲ ਅੱਗੇ ਵਧਣਾ ਔਖਾ ਕਾਰਜ ਤਾਂ ਹੈ, ਪ੍ਰੰਤੂ ਲੋਕਾਂ ਦੀ ਤਰਸਯੋਗ ਹਾਲਤ ਵਾਲੀ ਇਸ ਮੁਸ਼ਕਿਲ ਸਥਿਤੀ ਨੂੰ ਜਨਤਕ ਲਹਿਰ ਦੇ ਅੱਗੇ ਵਧਾਉਣ ਲਈ ਇਕ ਸੁਨਹਿਰੀ ਅਵਸਰ ਵਜੋਂ ਵੀ ਵਰਤਿਆ ਜਾ ਸਕਦਾ ਹੈ। ਪੰਜਾਬ ਵਿਚ ਮੁੱਖ ਟਕਰਾਅ ਪੂੰਜੀਵਾਦ ਦੀਆਂ ਹਮਾਇਤੀ ਧਿਰਾਂ ਤੇ ਇਸਦਾ ਵਿਰੋਧ ਕਰਨ ਵਾਲੀਆਂ ਅਗਾਂਹਵਧੂ ਸ਼ਕਤੀਆਂ ਵਿਚਕਾਰ ਹੈ। ਸੋ ਲੋਕਾਂ ਸਾਹਮਣੇ ਲੋਕ ਪੱਖੀ ਏਜੰਡਾ ਖੱਬੀਆਂ ਧਿਰਾਂ ਨੇ ਪੇਸ਼ ਕਰਨਾ ਹੈ ਤੇ ਭਵਿੱਖ ਦੱਸੇਗਾ ਕਿ ਹਰ ਰੰਗ ਦੀਆਂ ਲੁਟੇਰੇ ਵਰਗਾਂ ਦੀਆਂ ਪਾਰਟੀਆਂ, ਨੀਤੀਆਂ ਦੇ ਪੱਖ ਤੋਂ, ਇਸ ਲੋਕ ਪੱਖੀ ਬਦਲਾਅ ਦੇ ਵਿਰੋਧ ਵਿਚ ਖੜੀਆਂ ਹੋਣਗੀਆਂ। ਇਸ ਸਥਿਤੀ ਵਿਚ ਲੋਕਾਂ ਦੇ ਮਿੱਤਰਾਂ ਤੇ ਦੁਸ਼ਮਣਾਂ ਦੀ ਪਹਿਚਾਣ ਕਰਨੀ ਵੀ ਅਸਾਨ ਹੋਵੇਗੀ। ਪੰਜਾਬ ਦੀਆਂ ਸਮੂਹ ਖੱਬੀਆਂ ਤੇ ਅਗਾਂਹਵਧੂ ਧਿਰਾਂ ਨੂੰ ਇਸ ਆਸ਼ੇ ਲਈ ਅੱਗੇ ਵਧਣ ਵਾਸਤੇ ਸਾਂਝਾ ਹੰਭਲਾ ਮਾਰਨ ਦੀ ਜ਼ਰੂਰਤ ਹੈ। ਅਸਲ ਹਕੀਕਤਾਂ ਨਾਲ ਮੇਲ ਨਾ ਖਾਂਦੇ ਦਿਲ ਬਹਿਲਾਊ ਨਾਅਰੇ ਲਾਉਣ ਵਾਲੇ ਰਾਜਨੀਤਕ ਆਗੂਆਂ ਤੇ ਮਜ਼ਦੂਰਾਂ-ਕਿਸਾਨਾਂ ਦੇ ਹੱਕੀ ਸੰਘਰਸ਼ਾਂ ਤੋਂ ਅਣਭਿੱਜ ਰਹਿ ਕੇ ਰਾਜਨੀਤੀ ਨੂੰ ਸਿਰਫ ਕਮਾਈ ਦਾ ਸਾਧਨ ਸਮਝਣ ਵਾਲੀਆਂ ਰਾਜਨੀਤਕ ਧਿਰਾਂ ਮਿਹਨਤਕਸ਼ ਲੋਕਾਂ ਦਾ ਕੁਝ ਨਹੀਂ ਸੁਆਰ ਸਕਦੀਆਂ। ਮਜ਼ਦੂਰਾਂ, ਕਿਸਾਨਾਂ ਵਲੋਂ ਗਰੀਬੀ ਤੇ ਕਰਜ਼ੇ ਤੋਂ ਤੰਗ ਆ ਕੇ ਕੀਤੀਆਂ ਜਾ ਰਹੀਆਂ ਰੋਜ਼ਾਨਾਂ ਦੀਆਂ ਆਤਮ-ਹਤਿਆਵਾਂ ਦੀ ਜੜ੍ਹ ਕਿਸਾਨੀ ਸੰਕਟ ਹੈ। ਪ੍ਰੰਤੂ ਇਹ ਕਿਸੇ ਵੀ ਹਾਕਮ ਪਾਰਟੀ ਦੇ ਏਜੰਡੇ ਉਪਰ ਨਹੀਂ ਹੈ। ਗੀਤ, ਹਲਕੇ ਫੁਲਕੇ ਚੁਟਕਲੇ, ਭੜਕਾਊ ਪ੍ਰੰਤੂ ਦਲੀਲ ਰਹਿਤ ਭਾਸ਼ਣ, ਨਸ਼ਿਆਂ ਤੇ ਪੈਸੇ ਦੀ ਦੁਰਵਰਤੋਂ ਰਾਹੀਂ ਲੋਕਾਂ ਨੂੰ ਗੁੰਮਰਾਹ ਤਾਂ ਕੀਤਾ ਜਾ ਸਕਦਾ ਹੈ, ਪ੍ਰੰਤੂ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਦਾਚਿੱਤ ਨਹੀਂ ਕੀਤਾ ਜਾ ਸਕਦਾ। 

No comments:

Post a Comment