Friday, 11 March 2016

ਅਲਾਦੀਨਪੁਰ ਦੇ ਬੇਜ਼ਮੀਨੇ ਪਰਵਾਰਾਂ ਦੀ ਵੱਡੀ ਜਿੱਤ

ਠੀਕ ਹੀ ਕਿਹਾ ਹੈ ਕਿਸੇ ਨੇ ''ਉਜਾੜੇ ਵਾਲਾ ਵਿਕਾਸ'', ਅਜੋਕੇ ਮੋਦੀਨੁਮਾ ਵਿਕਾਸ ਮਾਡਲ ਬਾਰੇ। ਇਸ ਵਿਕਾਸ ਨਾਲ ਪਹਿਲਾਂ ਹੋਏ ਵਿਕਾਸ ਦੇ ਲਾਭਾਂ ਤੋਂ ਵਾਂਝੇ ਲੋਕਾਂ ਕੋਲ ਜੋ ਛਿੱਛਪੱਤ ਹੁੰਦਾ ਹੈ ਉਹ ਵੀ ਖੁਸ ਜਾਂਦਾ ਹੈ। ਠੀਕ ਅਜਿਹਾ ਹੀ ਹੋਇਆ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਅਲਾਦੀਨਪੁਰ ਵਾਸੀ ਬੇਜ਼ਮੀਨੇ ਦਲਿਤ ਪਰਵਾਰਾਂ ਨਾਲ। ਇਹ ਪਿੰਡ ਤਰਨਤਾਰਨ ਤੋਂ ਹਰੀਕੇ ਮਾਰਗ 'ਤੇ ਐਨ ਸ਼ਹਿਰ ਦੇ ਨਾਲ ਲੱਗਦਾ ਹੈ। ਕਹਿ ਸਕਦੇ ਹਾਂ ਸ਼ਹਿਰ ਦਾ ਹਿੱਸਾ ਹੀ ਬਣਦਾ ਜਾਂਦਾ ਹੈ। ਸੜਕਾਂ ਨੂੰ ਚਹੁੰ-ਮਾਰਗੀ, ਛੇ-ਮਾਰਗੀ ਬਨਾਉਣ ਦੀ ਜਨੂੰਨੀ ਹਿੰਡ ਅਧੀਨ ਇਕ ਪ੍ਰੋਜੈਕਟ ਪਾਸ ਹੋਇਆ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੀ ਗੰਗਾਨਗਰ ਬਰਾਸਤਾ ਬਠਿੰਡਾ ਸੜਕ ਨੂੰ ਛੇ-ਮਾਰਗੀ ਬਨਾਉਣ ਦਾ। ਜਾਹਿਰ ਹੈ ਸੜਕ 'ਚ ਆਉਂਦੀ ਜ਼ਮੀਨ, ਮਕਾਨ, ਦੁਕਾਨ, ਸਕੂਲ, ਹਸਪਤਾਲ, ਜੀਵਨ ਰੱਖਿਅਕ ਬਿਰਖ ਆਦਿ ਸਭ ਦਾ ਸਫਾਇਆ ਹੋਣਾ ਸੀ। ਇਸੇ ਵਿਕਾਸ ਦੀ ਮਾਰ ਹੇਠ ਆ ਗਿਆ ਪਿੰਡ ਅਲਾਦੀਨਪੁਰ ਵੀ। ਪਿੰਡ ਦੇ ਵਿਚੋਂ ਲੰਘਦੀ ਸੜਕ ਦੇ ਦੋਹੀਂ ਪਾਸੀਂ ਵਸੇ ਘਰਾਂ ਦੇ ਵੀ ਢਹਿਣ ਦਾ ਫਰਮਾਨ ਆ ਗਿਆ। ਮੁੱਢਲੇ ਵਿਰੋਧ ਤੋਂ ਬਾਅਦ ਰਿਵਾਇਤ ਅਨੁਸਾਰ ਕਈ ਲੋਕੀਂ ਮੁਆਵਜ਼ੇ ਆਦਿ ਨਾਲ ਵਰਚਾ ਲਏ ਗਏ। ਪਰ ਸਭ ਤੋਂ ਜੱਗੋਂ ਤੇਰ੍ਹਵੀ ਹੋਈ ਪਿੰਡ ਦੇ ਬੇਜ਼ਮੀਨੇ ਦਲਿਤ ਪਰਿਵਾਰਾਂ ਨਾਲ। ਇਨ੍ਹਾਂ ਲੋਕਾਂ ਨੇ ਸੜਕ 'ਤੇ ਉਸਾਰੀਆਂ ਕਰਨ ਵੇਲੇ ਜਿਨ੍ਹਾਂ ਲੋਕਾਂ ਤੋਂ ਜ਼ਮੀਨ ਮੁੱਲ ਲੈ ਲਈ ਸੀ ਉਹ ਖੁਦ ਇਸ ਜ਼ਮੀਨ ਦੇ ਮਾਲਕ ਨਹੀਂ ਸਨ ਬਲਕਿ ਪੰਚਾਇਤੀ ਜ਼ਮੀਨ 'ਤੇ ਕਾਬਜ਼ ਸਨ। ਥੁੜ੍ਹਾਂ ਮਾਰੇ ਲੋਕਾਂ ਨੇ ਕੱਚੀਆਂ ਜਾਂ ਅਸ਼ਟਾਮੀ ਲਿਖਤਾਂ ਆਦਿ ਕਰਕੇ ਜ਼ਮੀਨ ਮੁੱਲ ਲੈ ਲਈ ਅਤੇ ਘਰ ਆਦਿ ਬਣਾ ਲਏ। ਪਿਛੋਂ ਇਨ੍ਹਾਂ ਨੇ ਘਰਾਂ ਦੇ ਮੂਹਰਲੇ ਭਾਗਾਂ ਵਿਚ ਹੱਟੀਆਂ ਬਣਾ ਲਈਆਂ ਜਿਨ੍ਹਾਂ 'ਚ ਵਧੇਰੇ ਕਰਕੇ ਦਸਤਕਾਰੀ ਦਾ ਕੰਮ ਚਲਦਾ ਸੀ। ਪਰ ਅਸਲੀ ਮੁੱਦਾ ਉਦੋਂ ਖੜ੍ਹਾ ਹੋਇਆ ਜਦੋਂ ਸੜਕ ਚੌੜੀ ਕਰਨ ਲਈ ਕਬਜ਼ਾਈ ਇਨ੍ਹਾਂ ਘਰਾਂ ਵਾਲੀ ਜ਼ਮੀਨ ਦੇ ਮੁਆਵਜ਼ੇ ਦੇ ਚੈਕ ਗ੍ਰਾਮ ਪੰਚਾਹਿਤ ਦੇ ਨਾਂਅ 'ਤੇ ਬਣ ਕੇ ਆ ਗਏ ਅਤੇ ਅੱਗੋਂ ਗਰੀਬਾਂ ਨੂੰ ਕੋਈ ਥੜ੍ਹੇ ਥੂਹ ਨਾ ਲੱਗਣ ਦੇਵੇ। ਸਾਰਿਆਂ ਪਾਸਿਆਂ ਤੋਂ ਨਿਰਾਸ਼ ਹੋਏ ਮਜ਼ਦੂਰਾਂ ਨੇ ਅਖੀਰ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਕੋਲ ਪਹੁੰਚ ਕੀਤੀ। ਸਭਾ ਦੀ ਜ਼ਿਲ੍ਹਾ ਕਮੇਟੀ ਨੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੰਦਿਆਂ ਸੰਘਰਸ਼ ਆਰੰਭ ਦਿੱਤਾ। ਸੰਘਰਸ਼ ਦੀ ਸ਼ੁਰੂਆਤ ਮੁਆਵਜ਼ੇ ਤੋਂ ਆਨਾਕਾਨੀ ਕਰਨ ਵਾਲੀ ਪੰਚਾਇਤ ਦੀ ਢਾਲ ਬਣੀ ਐਸ.ਡੀ.ਐਮ. ਤਰਨਤਾਰਨ ਦੇ ਦਫਤਰ ਮੂਹਰੇ ਪੱਕਾ ਮੋਰਚਾ ਲਾਉਣ ਤੋਂ ਹੋਈ। ਇਹ ਮੋਰਚਾ  ਸੰਤਾਲੀ ਦਿਨ ਚੱਲਿਆ।
ਧਰਨੇ ਦੌਰਾਨ ਲਗਭਗ ਹਰ ਰੋਜ਼ ਹੀ ਤਰਨਤਾਰਨ ਸ਼ਹਿਰ ਵਿਚ ਇਸ ਅਨਿਆਂ ਵਿਰੁੱਧ ਮੁਜ਼ਾਹਰਾ ਹੁੰਦਾ ਰਿਹਾ। ਸਥਾਨਕ ਅਧਿਕਾਰੀ ਅਤੇ ਸਰਕਾਰ ਦੇ ਕਰਤੇ ਧਰਤੇ ਇਸ ਸੰਘਰਸ਼ ਤੋਂ ਆਪਣੇ ਜਮਾਤੀ ਖਾਸੇ ਅਨੁਸਾਰ ਡਾਢੇ ਔਖੇ ਰਹੇ।
ਪ੍ਰੰਤੂ ਖੁਸ਼ੀ ਦੀ ਗੱਲ ਹੈ ਕਿ ਤਰਨ ਤਾਰਨ ਸ਼ਹਿਰ 'ਚੋਂ ਲੋਕਾਂ ਦਾ ਭਰਪੂਰ ਸਹਿਯੋਗ ਮਿਲਦਾ ਰਿਹਾ। ਆਪਣੇ ਲੋਕ ਪੱਖੀ ਕਿਰਦਾਰ ਦੇ ਅਨੁਰੂਪ ਤਰਨਤਾਰਨ ਦੀ ਜਮਹੂਰੀ ਕਿਸਾਨ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਸ ਹੱਕੀ ਘੋਲ ਦੇ ਹਰ ਵੇਲੇ ਅੰਗ ਸੰਗ ਰਹੀਆਂ। ਸਮੇਂ ਸਮੇਂ ਆਸ਼ਾ ਵਰਕਰਜ਼, ਮਿਡ ਡੇ ਮੀਲ ਵਰਕਰਜ਼, ਜਨਵਾਦੀ ਇਸਤਰੀ ਸਭਾ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ ਆਦਿ ਸੰਗਠਨ ਵੀ ਭਰਵੀਂ ਮਦਦ ਦਿੰਦੇ ਰਹੇ।
ਹਾਕਮਾਂ ਨੇ ਪੀੜਤਾਂ ਦਾ ਦਰਦ ਸੁਣਨ ਦੀ ਬਜਾਏ ਉਲਟਾ ਬੌਖਲਾਹਟ ਭਰੀਆਂ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੰਘਰਸ਼ ਦੇ ਆਗੂਆਂ ਨੇ ਇਹ ਹੀਜ਼ ਪਿਆਰ ਲੋਕਾਂ 'ਚ ਬੇਪਰਦ ਕਰਨ ਲਈ ਪਿੰਡਾਂ 'ਚ ਪੋਲ ਖੋਲ ਮਾਰਚ ਸ਼ੁਰੂ ਕਰ ਦਿੱਤਾ ਜਿਸਨੂੰ ਪੇਂਡੂ ਵਸੋਂ ਨੇ ਬਣਦਾ ਸਹਾਰਾ ਅਤੇ ਸਾਥ ਦਿੱਤਾ।
ਇਸ ਦੌਰਾਨ ਮਜ਼ਦੂਰ ਪਰਵਾਰ ਨਿੱਕੇ-ਨਿੱਕੇ ਬੱਚਿਆਂ ਅਤੇ ਵਡੇਰੀ ਉਮਰ ਦੇ ਬਜ਼ੁਰਗਾਂ ਸਮੇਤ ਕਹਿਰਾਂ ਦੀ ਠੰਡ ਵਿਚ ਮੋਰਚੇ 'ਚ ਹੀ ਰਾਤਾਂ ਕੱਟਦੇ ਰਹੇ।
'ਸਿਤਮਜਰੀਫ਼ੀ ਦੇ ਮੁਕਾਬਲੇ ਸਿਦਕ ਦਾ ਠੁੰਮਣਾ' ਦੀ ਰਿਵਾਇਤ ਅਨੁਸਾਰ ਮਜ਼ਦੂਰ ਪਰਵਾਰਾਂ ਨੇ 2016 ਦੀ ਲੋਹੜੀ ਦਾ ਤਿਉਹਾਰ ਵੀ ਮੋਰਚੇ 'ਚ ਹੀ ਮਨਾਇਆ।
ਲੋਕਾਂ 'ਚ ਹੁੰਦੀ ਥੂਹ ਥੂਹ ਦੇ ਬਾਵਜੂਦ ਅਫਸਰਸ਼ਾਹੀ ਬੇਡੋਲ ਖੜੋ ਮਜ਼ਦੂਰਾਂ ਦੀ ਬਰਬਾਦੀ ਵੱਲ ਝਾਕਦੀ ਰਹੀ। ਦਿਹਾਤੀ ਮਜ਼ਦੂਰ ਸਭਾ ਦੀ ਸੂਬਾਈ ਟੀਮ ਨੇ ਇਸੇ ਦੌਰਾਨ ਘੋਲ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈਂਦਿਆਂ ਤਿੰਨ ਫਰਵਰੀ ਨੂੰ ਤਰਨਤਾਰਨ ਵਿਖੇ ਉਜਾੜਾ ਵਿਰੋਧੀ ਸੂਬਾਈ ਰੈਲੀ ਰੱਖ ਦਿੱਤੀ। ਉਪਰਲੀਆਂ ਪੰਕਤੀਆਂ ਵਿਚ ਦਰਜ ਭਰਾਤਰੀ ਸੰਗਠਨਾਂ ਦੇ ਸਹਿਯੋਗ ਨਾਲ ਹੋਈ ਭਰਵੀਂ ਰੈਲੀ ਪਿਛੋਂ ਮੇਨ ਰੋਡ 'ਤੇ ਘੰਟਿਆਂ ਬੱਧੀ ਜਾਮ ਲਾਇਆ ਗਿਆ। ਪੁਲਸ ਪ੍ਰਸ਼ਾਸਨ ਨੇ ਸੂਬਾਈ ਆਗੂਆਂ ਦੀ ਸੂਬੇ ਦੇ ਉਪ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਿਸ ਵਿਚ ਉਪ ਮੁੱਖ ਮੰਤਰੀ  ਨੇ ਭਰੋਸਾ ਦਿੱਤਾ ਕਿ ਉਹ ਡਿਪਟੀ ਕਮਿਸ਼ਨਰ ਤਰਨਤਾਰਨ ਦੀ ਡਿਊਟੀ ਲਾ ਕੇ ਮਸਲੇ ਦਾ ਯੋਗ ਹੱਲ ਕੱਢਣਗੇ। ਸੂਬਾਈ ਟੀਮ ਨੇ ਇਸ ਭਰੋਸੇ ਤੋਂ ਬਾਅਦ ਜਾਮ ਤਾਂ ਚੱਕ ਲਿਆ ਪਰ ਲਗਾਤਾਰ ਚਲਦਾ ਪੱਕਾ ਮੋਰਚਾ ਜਾਰੀ ਰੱਖਣ ਦਾ ਐਲਾਨ ਕੀਤਾ। ਡੀ. ਸੀ. ਤਰਨਤਾਰਨ ਨਾਲ ਹੋਈ ਮੀਟਿੰਗ ਵਿਚ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂਆਂ ਗੁਰਨਾਮ ਸਿੰਘ ਦਾਊਦ ਜਨਰਲ ਸਕੱਤਰ, ਦਰਸ਼ਨ ਨਾਹਰ ਪ੍ਰਧਾਨ ਨੇ ਅਲਾਦੀਨਪੁਰ ਦੇ ਉਜਾੜੇ ਦੇ ਸ਼ਿਕਾਰ ਮਜ਼ਦੂਰਾਂ ਨੂੰ ਮੁਆਵਜ਼ਾ ਮਿਲਣ ਦਾ ਪੱਖ ਬੜੇ ਬਾਦਲੀਲ ਢੰਗ ਨਾਲ ਰੱਖਿਆ। ਅਧਿਕਾਰੀਆਂ ਕੋਲ ਜਵਾਬ ਤਾਂ ਕੋਈ ਨਹੀਂ ਸੀ, ਬਸ ਐਵੇਂ ਜਿਦ ਹੀ ਫੜੀ ਬੈਠੇ ਸਨ। ਗਲ ਚੰਡੀਗੜ੍ਹ ਮੁੱਖ ਮੰਤਰੀ ਅਤੇ ਉਚ ਅਧਿਕਾਰੀਆਂ ਤੱਕ ਪੁੱਜੀ। ਉਥੇ ਹੋਈ ਗੱਲਬਾਤ ਦੇ ਫੈਸਲਿਆਂ ਦੇ ਆਧਾਰ 'ਤੇ 19 ਫਰਵਰੀ ਨੂੰ ਤਰਨ ਤਾਰਨ ਵਿਖੇ ਜਲੰਧਰ ਡਿਵੀਜਨ ਦੇ ਕਮਿਸ਼ਨਰ ਨੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂਆਂ ਨਾਲ ਕਈ ਗੇੜਾਂ 'ਚ ਮੀਟਿਗਾਂ ਕੀਤੀਆਂ। ਤਰਨ ਤਾਰਨ ਜ਼ਿਲ੍ਹੇ ਦੇ ਉਚ ਅਧਿਕਾਰੀ ਅਤੇ ਸਭਾ ਦੀ ਜ਼ਿਲ੍ਹਾ ਟੀਮ ਦੇ ਪ੍ਰਧਾਨ ਸਕੱਤਰ ਕ੍ਰਮਵਾਰ ਚਮਨ ਲਾਲ ਦਰਾਜਕੇ ਅਤੇ ਜਸਪਾਲ ਸਿੰਘ ਝਬਾਲ ਵੀ ਮੀਟਿੰਗਾਂ 'ਚ ਹਾਜ਼ਰ ਰਹੇ।
ਅਖੀਰ ਸਾਰੀਆਂ ਸਬੰਧਤ ਧਿਰਾਂ ਦੀ ਸਹਿਮਤੀ ਨਾਲ ਫੈਸਲਾ ਹੋਇਆ ਕਿ ਮਜ਼ਦੂਰਾਂ ਨੇ ਜੋ ਘਰ, ਦੁਕਾਨਾਂ ਆਦਿ ਦੀ ਉਸਾਰੀ ਕੀਤੀ ਹੋਈ ਹੈ ਉਨ੍ਹਾਂ ਦਾ ਨਕਦ ਮੁਆਵਜ਼ਾ 41 ਲੱਖ ਰੁਪਏ ਮਜ਼ਦੂਰਾਂ 'ਚ ਵੰਡਿਆ ਜਾਵੇਗਾ। ਇਸ ਤੋਂ ਇਲਾਵਾ ਹਰ ਪਰਵਾਰ ਦੀ ਅਕੁਆਇਰ ਕੀਤੀ ਹੋਈ ਜ਼ਮੀਨ ਦੇ ਮੁਕਾਬਲੇ ਉਸ ਤੋਂ ਡੇਢ ਗੁਣਾ ਜਮੀਨ ਮੁੱਲ ਲੈ ਕੇ ਪੀੜਤ ਪਰਵਾਰਾਂ ਨੂੰ ਦਿੱਤੀ ਜਾਵੇਗੀ ਅਤੇ ਉਸ ਜ਼ਮੀਨ ਦੇ ਰਜਿਸਟਰੀ ਇੰਤਕਾਲ ਆਦਿ ਦੇ ਖਰਚੇ ਵੀ ਸਰਕਾਰ ਹੀ ਕਰੇਗੀ। ਨਵੀਂ ਜਗ੍ਹਾ ਬਾਰੇ ਵੀ ਦੋਹਾਂ ਧਿਰਾਂ 'ਚ ਸਹਿਮਤੀ ਬਣ ਚੁੱਕੀ ਹੈ। ਇੰਝ ਇਹ 47 ਦਿਨ ਚੱਲਿਆ ਨਿਆਂਈ ਸੰਗਰਾਮ ਮਾਨ ਕਰਨ ਯੋਗ ਜਿੱਤ ਪ੍ਰਾਪਤ ਕਰਕੇ ਨੇਪਰੇ ਚੜ੍ਹਿਆ। ਦਿਹਾਤੀ ਮਜ਼ਦੂਰ ਸਭਾ ਨੇ ਘੋਲ ਦੀ ਕਾਮਯਾਬੀ ਲਈ ਸਹਿਯੋਗ ਕਰਨ ਵਾਲੀਆਂ ਸਭਨਾਂ ਧਿਰਾਂ ਦਾ ਤਹਿਦਿਲੋਂ ਸ਼ੁਕਰੀਆ ਅਦਾ ਕੀਤਾ ਹੈ। ਸੂਬਾਈ ਟੀਮ ਵਲੋਂ ਸਿਦਕ ਦਿਲੀ ਨਾਲ ਘੋਲ ਲੜਨ ਵਾਲੇ ਪਿੰਡ ਅਲਾਦੀਨਪੁਰ ਦੇ ਮਜ਼ਦੂਰਾਂ ਅਤੇ ਉਨ੍ਹਾਂ ਦੀ ਯੋਗ ਅਗਵਾਈ ਕਰਨ ਵਾਲੀ ਤਰਨਤਾਰਨ ਜ਼ਿਲ੍ਹਾ ਇਕਾਈ ਨੂੰ ਸੰਗਰਾਮੀ ਮੁਬਾਰਕਾਂ ਦਿੱਤੀਆਂ ਗਈਆਂ ਹਨ।

No comments:

Post a Comment