Wednesday 8 July 2015

ਨਿੱਤ ਵੱਧ ਰਹੇ ਸਮਾਜਕ ਵਿਤਕਰੇ ਤੇ ਜਬਰ ਦਾ ਟਾਕਰਾ ਇਕਜੁੱਟ ਹੋ ਕੇ ਕਰੋ!

ਗੁਰਨਾਮ ਸਿੰਘ ਦਾਊਦ 
ਦੇਸ਼ ਭਰ ਵਿਚ ਮਨੂੰ ਵਲੋਂ ਸਮਾਜ ਨੂੰ ਕੰਮਾਂ ਦੇ ਆਧਾਰ 'ਤੇ ਵੰਡ ਦੇਣ ਨੂੰ ਸਦੀਆਂ ਬੀਤ ਜਾਣ ਦੇ ਬਾਅਦ ਵੀ ਸ਼ੂਦਰ ਗਰਦਾਨੇ ਗਏ ਲੋਕ ਅੱਜ ਤੱਕ ਉਸ ਸੰਤਾਪ ਨੂੰ ਆਪਣੇ ਪਿੰਡੇ 'ਤੇ ਹੰਢਾ ਰਹੇ ਹਨ। ਨਿੱਤ ਦਿਨ ਅਖਬਾਰਾਂ ਵਿਚ ਨਵੀਆਂ ਤੋਂ ਨਵੀਆਂ ਘਟਨਾਵਾਂ ਦਾ ਵੇਰਵਾ ਜਾਂ ਖਬਰਾਂ ਛਪਦੀਆਂ ਰਹਿੰਦੀਆਂ ਹਨ। ਪਰ ਕੇਂਦਰ ਜਾਂ ਰਾਜ ਸਰਕਾਰਾਂ ਵਲੋਂ ਇਹਨਾਂ ਜਾਤੀ ਅਧਾਰਤ ਘਟਨਾਵਾਂ ਨੂੰ ਰੋਕਣ ਦਾ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾਂਦਾ। ਇਹ ਘਟਨਾਵਾਂ ਸ਼ੂਦਰ ਜਾਂ ਦਲਿਤ ਅਖਵਾਂਦੇ ਲੋਕਾਂ ਨਾਲ ਵਾਪਰਦੀਆਂ ਹਨ। ਉਂਝ ਤਾਂ ਇਹ ਘਟਨਾਵਾਂ ਸਾਰੇ ਦੇਸ਼ ਵਿਚ ਵਾਪਰਦੀਆਂ ਹਨ ਪਰ ਪੰਜਾਬ ਵਿਚ ਅਕਾਲੀ-ਬੀ.ਜੇ.ਪੀ. ਸਰਕਾਰ ਦੇ ਦੂਸਰੀ ਵਾਰ ਪੰਜਾਬ ਦੀ ਰਾਜ-ਸੱਤਾ ਸੰਭਾਲਣ ਤੋਂ ਬਾਅਦ ਇਹਨਾਂ ਵਿਚ ਹੋਰ ਤੇਜੀ ਆ ਗਈ ਮਹਿਸੂਸ ਹੁੰਦੀ ਹੈ। ਇਹਨਾਂ ਘਟਨਾਵਾਂ ਦਾ ਦਲਿਤਾਂ ਨਾਲ ਸਬੰਧ ਹੋਣ ਦਾ ਮੁੱਖ ਕਾਰਨ ਤਾਂ ਉਹਨਾਂ ਦੀ ਆਰਥਕ ਨਾ ਬਰਾਬਰੀ ਹੀ ਹੈ। ਜੋ ਕਿ ਮਨੂੰ ਵੰਡ ਵੇਲੇ ਸ਼ੂਦਰਾਂ ਨੂੰ ਹਰ ਤਰ੍ਹਾਂ ਦੀ ਜਾਇਦਾਦ ਤੋਂ ਵਿਹੂਣੇ ਰੱਖਣ ਕਾਰਨ ਹੀ ਪੈਦਾ ਹੋਈ ਹੈ ਅਤੇ ਇਸ ਤੋਂ ਇਲਾਵਾ ਇਹਨਾਂ ਨੂੰ ਨੌਕਰੀ ਕਰਨ ਦੇ ਅਧਿਕਾਰ ਤੋਂ ਪਾਸੇ ਰੱਖਣਾ ਕਿਸੇ ਵੀ ਤਰ੍ਹਾਂ ਦੀ ਵਿਦਿਆ ਪ੍ਰਾਪਤੀ 'ਤੇ ਰੋਕ ਲਾ ਕੇ, ਹਰ ਤਰ੍ਹਾਂ ਦਾ ਗਿਆਨ ਪ੍ਰਾਪਤ ਕਰਨ 'ਤੇ ਪਾਬੰਦੀ ਲਾਉਣਾ ਆਦਿ ਵੀ ਇਹਨਾਂ ਲੋਕਾਂ ਦੀ ਮਾੜੀ ਕਿਸਮਤ ਦੇ ਕਾਰਨ ਹਨ।
ਹਾਲਤ ਇਹ ਬਣ ਗਈ ਹੈ ਕਿ ਸਰਕਾਰਾਂ ਵੀ ਇਹਨਾਂ ਦਲਿਤ ਅਖਵਾਉਂਦੇ ਲੋਕਾਂ ਨੂੰ ਮਨੁੱਖ ਨਹੀਂ ਸਮਝਦੀਆਂ ਅਤੇ ਸਮਾਜ ਵਿਚ ਅਖੌਤੀ ਉਚ ਜਾਤੀ ਨਾਲ ਸਬੰਧਤ ਲੋਕ ਵੀ ਇਹਨਾਂ ਨੂੰ ਕੀੜੇ ਮਕੌੜੇ ਹੀ ਸਮਝਦੇ ਹਨ। ਜਾਇਦਾਦ ਦੀ ਵੰਡ ਵੱਲ ਝਾਤ ਮਾਰੀਏ ਤਾਂ ਦੇਸ਼ ਅੰਦਰ ਬਹੁਤ ਸਾਰੇ ਐਸੇ ਲੋਕ ਹਨ ਜੋ ਹਜ਼ਾਰਾਂ ਏਕੜ ਜ਼ਮੀਨ ਨਜਾਇਜ਼ ਤੌਰ 'ਤੇ ਨੱਪ ਕੇ ਬੈਠੇ ਹੋਏ ਹਨ। ਪੰਜਾਬ ਅੰਦਰ ਹੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ, ਸਵਰਗਵਾਸੀ ਹਰਚਰਨ ਸਿੰਘ ਬਰਾੜ, ਜਾਖੜ ਐਸੇ ਪਰਵਾਰ ਹਨ ਜਿਹੜੇ ਹਜ਼ਾਰਾਂ ਏਕੜ ਜ਼ਮੀਨ ਦੇ ਮਾਲਕ ਹਨ ਜਾਂ ਫਿਰ ਇਉਂ ਕਹਿ ਲਓ ਕਿ ਇਹਨਾਂ ਕੋਲ ਹਜ਼ਾਰਾਂ ਏਕੜ ਜ਼ਮੀਨ ਉਹ ਹੈ, ਜਿਸ ਨੂੰ ਇਹ ਨਜਾਇਜ਼ ਤੌਰ 'ਤੇ ਦੱਬ ਕੇ ਬੈਠੇ ਹੋਏ ਹਨ। ਇਹਨਾਂ ਤੋਂ ਇਲਾਵਾ ਵੀ ਸੈਂਕੜੇ ਏਕੜ ਜ਼ਮੀਨ ਮਾਲਕੀ ਵਾਲੇ ਵੀ ਅਨੇਕਾਂ ਲੋਕ ਪੰਜਾਬ ਵਿਚ ਬੈਠੇ ਹੋਏ ਹਨ। ਪੰਜਾਬ ਤੋਂ ਬਾਹਰ ਤਾਂ ਬਹੁਤ ਹੀ ਵੱਡੇ-ਵੱਡੇ ਜਗੀਰਦਾਰ ਮੌਜੂਦ ਹਨ ਜਿਨਾਂ ਕੋਲ ਹਜ਼ਾਰਾਂ ਏਕੜ ਜ਼ਮੀਨ ਦੀ ਮਾਲਕੀ ਹੈ। ਇਹ ਜ਼ਮੀਨ ਦੇਸ਼ ਦੇ ਜਮੀਨੀ ਸੁਧਾਰਾਂ ਸਬੰਧੀ ਬਣਾਏ ਗਏ ਕਾਨੂੰਨ ਵਿਚ ਛੱਡੇ ਗਏ ਮਘੋਰਿਆਂ ਕਾਰਨ ਵੀ ਇਹਨਾਂ ਦੇ ਕਬਜ਼ੇ ਹੇਠ ਹੈ, ਜਿਵੇਂ ਕਿ ਬਾਗਾਂ ਦੇ ਨਾਮ 'ਤੇ ਜ਼ਮੀਨ, ਫਾਰਮਾਂ ਦੇ ਨਾਮ 'ਤੇ ਜ਼ਮੀਨ ਅਤੇ ਧਾਰਮਿਕ ਅਸਥਾਨਾਂ ਦੇ ਨਾਮ 'ਤੇ ਜ਼ਮੀਨ ਹੈ, ਜੋ ਜ਼ਮੀਨੀ ਸੁਧਾਰਾਂ ਲਈ ਬਣਾਏ ਕਾਨੂੰਨ ਦੇ ਘੇਰੇ ਵਿਚ ਹੀ ਨਹੀਂ ਆਉਂਦੀ।
ਦੂਜੇ ਪਾਸੇ ਵੇਖਿਆ ਜਾਵੇ ਤਾਂ ਦਲਿਤਾਂ ਦੀ ਲਗਭਗ  35% ਆਬਾਦੀ ਅਤੇ ਕੁਝ ਹੋਰ ਗਰੀਬ ਲੋਕ ਵੀ ਹਨ ਜਿੰਨ੍ਹਾ ਕੋਲ ਆਪਣੇ ਨਿਕੇ-ਮੋਟੇ ਘਰ ਬਣਾਉਣ ਜੋਗੀ ਵੀ ਜ਼ਮੀਨ ਨਹੀਂ ਹੈ। ਉਹ ਝੁੱਗੀਆਂ-ਝੌਂਪੜੀਆਂ ਵਿਚ, ਸੜਕਾਂ ਤੇ ਰੇਲ ਪੱਟੜੀਆਂ ਉਪਰ ਬਣੇ ਵੱਡੇ ਵੱਡੇ ਪੁਲਾਂ ਹੇਠ ਰਹਿ ਕੇ ਆਪਣਾ ਜੀਵਨ ਬਿਤਾ ਰਹੇ ਹਨ। ਇਹਨਾਂ ਥਾਵਾਂ ਉਤੋਂ ਜਦੋਂ ਮਰਜ਼ੀ ਸਰਕਾਰਾਂ ਜਾਂ ਜਰਵਾਣੇ ਲੋਕ ਇਹਨਾਂ ਲੋਕਾਂ ਨੂੰ ਉਜਾੜਨ ਲਈ ਆ ਧਮਕਦੇ ਹਨ ਤੇ ਇਹਨਾਂ ਦੇ ਘਰ-ਘਾਟ ਢਾਹ ਕੇ ਇਹਨਾਂ ਨੂੰ ਬੇਘਰੇ ਬਣਾ ਦਿੰਦੇ ਹਨ। ਪੰਜਾਬ ਵਿਚ ਹੀ ਪਿਛਲੇ ਦਿਨੀਂ ਕਈ ਨਵੀਆਂ ਘਟਨਾਵਾਂ ਵਾਪਰੀਆਂ ਹਨ ਜਿੰਨ੍ਹਾ ਵਿਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਹਮੀਰਗੜ੍ਹ ਦੀ ਘਟਨਾ ਕਾਫੀ ਚਰਚਾ ਵਿਚ ਹੈ। ਇਸ ਪਿੰਡ ਵਿਚ ਮਜ਼ਦੂਰਾਂ ਵਲੋਂ ਰੂੜੀਆਂ ਸੁੱਟਣ ਲਈ ਟੋਇਆਂ ਵਾਸਤੇ ਜ਼ਮੀਨ ਜੋ ਕਿ ਕਾਨੂੰਨੀ ਤੌਰ 'ਤੇ ਵੀ ਉਹਨਾਂ ਨੂੰ ਦੇਣੀ ਬਣਦੀ ਹੈ, ਉਸ ਦਾ ਕਬਜ਼ਾ ਨਾ ਛੱਡਣ 'ਤੇ ਪਿੰਡ ਦੇ ਅਖੌਤੀ ਉਚ ਜਾਤੀ ਲੋਕਾਂ ਅਤੇ ਪੁਲਸ ਨੇ ਬੇਤਹਾਸ਼ਾ ਕੁੱਟਮਾਰ ਕੀਤੀ, ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਉਹਨਾਂ ਉਤੇ ਝੂਠੇ ਪਰਚੇ ਦਰਜ ਕਰਾਏ ਗਏ ਹਨ।
ਹਮੀਰਗੜ੍ਹ ਮਜ਼ਦੁਰਾਂ ਦੀ ਬਣਦੀ ਜ਼ਮੀਨ ਜਿਸ ਦਾ ਵੇਰਵਾ ਸਰਕਾਰੀ ਰਿਕਾਰਡ ਮੁਤਾਬਕ ਖੇਵਟ ਨੰ. 449383 ਦੇ ਖਤੋਨੀ ਨੰ. 681, ਖਸਰਾ ਨੰ. 1328 ਵਿਚ 15 ਮਰਲੇ ਥਾਂ ਰੂੜੀਆਂ ਲਈ ਅਤੇ ਖਸਰਾ ਨੰ. 142 ਵਿਚ 14 ਮਰਲੇ ਥਾਂ ਟੱਟੀਆਂ ਲਈ ਹੈ। ਖਤੋਨੀ ਨੰ. 683 ਦੇ ਖਸਰਾ ਨੰ. 1262 ਵਿਚ 2 ਕਨਾਲ 4 ਮਰਲੇ ਰੂੜੀਆਂ ਲਈ ਅਤੇ ਖਸਰਾ ਨੰ. 1263 ਵਿਚ 1 ਕਨਾਲ 12 ਮਰਲੇ ਟੱਟੀਆਂ ਲਈ ਰੱਖੀ ਗਈ ਹੈ। ਖਤੋਨੀ ਨੰ. 684 ਦੇ ਖਸਰਾ ਨੰ. 122 ਅਤੇ 1355 ਵਿਚ 2 ਕਨਾਲ 8 ਮਰਲੇ ਟੱਟੀਆਂ ਲਈ ਰੱਖੀ ਹੋਈ ਹੈ। ਸੋ ਇਸ ਸਰਕਾਰੀ ਰਿਕਾਰਡ ਮੁਤਾਬਕ ਹੀ ਦਲਿਤਾਂ ਨੂੰ ਰੂੜੀਆਂ ਲਈ 2 ਕਨਾਲ 19 ਮਰਲੇ ਅਤੇ ਟੱਟੀਆਂ ਲਈ 4 ਕਨਾਲ 14 ਮਰਲੇ ਥਾਂ ਬਣਦੀ ਹੈ ਜੋ ਕਿ ਪਿੰਡ ਦੇ ਪ੍ਰਭਾਵਸ਼ਾਲੀ ਲੋਕਾਂ ਵਲੋਂ ਧੱਕੇ ਨਾਲ ਨੱਪੀ ਹੋਈ ਹੈ।
ਹੁਣ ਤੱਕ ਜੋ ਕੁਝ ਸਾਹਮਣੇ ਆਇਆ ਹੈ ਉਸ ਮੁਤਾਬਕ ਕੁਝ ਸਮਾਂ ਪਹਿਲਾਂ ਦਲਿਤਾਂ ਦੇ ਕਬਜ਼ੇ ਹੇਠੋਂ ਉਕਤ ਜ਼ਮੀਨ ਪਿੰਡ ਦੇ ਜਰਵਾਣੇ ਲੋਕਾਂ ਨੇ ਛੁਡਾਅ ਲਈ ਸੀ ਅਤੇ ਇਹ ਠੇਕੇ 'ਤੇ ਦਿੱਤੀ ਜਾਂਦੀ ਸੀ। ਪਿੰਡ ਦੇ ਦਲਿਤ ਵਰਗ ਨਾਲ ਸਬੰਧਤ ਲੋਕ ਬੋਲੀ ਹੋਣ ਸਮੇਂ ਰੂੜੀਆਂ ਵਾਲੀ ਜ਼ਮੀਨ ਛੱਡਣ ਦੀ ਮੰਗ ਕਰਦੇ ਆ ਰਹੇ ਹਨ। ਜਦਕਿ ਪੰਚਾਇਤ ਚੋਣਾਂ ਵੇਲੇ ਮੌਜੂਦਾ ਸਰਪੰਚ ਜੋ ਕਿ ਅਕਾਲੀ ਦਲ ਨਾਲ ਸਬੰਧਤ ਹੈ, ਨੇ ਇਹ ਜ਼ਮੀਨ ਦਲਿਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ। ਇਸ ਵਾਰੀ ਪਿਛਲੇ ਸਾਲ ਦੇ ਠੇਕੇ ਦਾ ਸਮਾਂ ਬੀਤ ਜਾਣ ਅਤੇ ਨਵੇਂ ਸਾਲ ਦੀ ਬੋਲੀ ਹੋਣ ਤੋਂ ਪਹਿਲਾਂ ਦਲਿਤਾਂ ਨੇ ਇਹ ਜ਼ਮੀਨ ਦੇਣ ਦੀ ਮੰਗ ਕੀਤੀ ਜਿਸ ਤੇ ਪਿੰਡ ਦੇ ਜਰਵਾਣੇ ਲੋਕਾਂ ਨੇ 3 ਅਪ੍ਰੈਲ ਨੂੰ (ਬੋਲੀ ਹੋਣ ਤੋਂ ਪਹਿਲਾਂ ਹੀ) ਇਹ ਜ਼ਮੀਨ ਵਾਹੁਣ ਲਈ ਟ੍ਰੈਕਟਰ ਸਮੇਤ ਆ ਕੇ ਦਲਿਤਾਂ ਉਪਰ ਧਾਵਾ ਬੋਲ ਦਿੱਤਾ। ਗੰਦੀਆਂ ਗਾਲਾਂ ਕੱਢਣ, ਜਾਤੀ ਸੂਚਕ ਸ਼ਬਦ ਵਰਤਣ ਦੇ ਨਾਲ-ਨਾਲ ਮਾਰਕੁੱਟ ਵੀ ਕੀਤੀ ਅਤੇ ਪੰਚਾਇਤ ਸਕੱਤਰ ਜਗਮੀਤ ਸਿੰਘ ਦੇ ਬਿਆਨਾਂ 'ਤੇ ਐਫ.ਆਈ. ਆਰ. ਨੰ. 47 ਮਿਤੀ 3-4-2015 ਨੂੰ 8 ਔਰਤਾਂ ਸਮੇਤ 24 ਵਿਅਕਤੀਆਂ ਖਿਲਾਫ ਧਾਰਾ 353, 186, 427, 56, 447, 511, 146 ਤਹਿਤ ਉਲਟਾ ਉਨ੍ਹਾਂ 'ਤੇ ਹੀ  ਝੂਠਾ ਪਰਚਾ ਦਰਜ ਕਰਵਾ ਦਿੱਤਾ।
ਦੂਸਰਾ ਹਮਲਾ ਇਕ ਮਈ ਨੂੰ ਫੇਰ ਕੀਤਾ ਗਿਆ ਜਿਸ ਵਿਚ ਪਿੰਡ ਦੀ ਮੌਜੂਦਾ ਸਰਪੰਚ ਸਮੇਤ ਕੁਝ ਜਰਵਾਣੇ ਲੋਕ ਪੁਲਸ ਨਾਲ ਸਾਂਠ-ਗਾਂਠ ਕਰਕੇ ਦਲਿਤਾਂ 'ਤੇ ਚੜ੍ਹਾਈ ਕਰਕੇ ਆ ਗਏ। ਪੁਲਸ  ਨੇ ਸਵੇਰੇ ਹੀ ਛਾਪੇ ਮਾਰਕੇ ਮਜ਼ਦੂਰਾਂ ਦੇ ਆਗੂ ਗੁਰਚਰਨ ਸਿੰਘ ਭਗਤਾ, ਸੇਵਕ ਸਿੰਘ ਭਗਤਾ ਤੇ ਤੀਰਥ ਸਿੰਘ ਕੋਠਾ ਗੁਰੂ ਨੂੰ ਉਹਨਾਂ ਦੇ ਘਰਾਂ ਤੋਂ ਚੁਕ ਲਿਆ ਸੀ। ਹਮਲਾ ਕਰਨ ਆਏ ਅਖੌਤੀ ਉਚ ਜਾਤੀ ਦੇ ਲੋਕ ਬਕਾਇਦਾ ਸੋਟਿਆਂ, ਰੋੜਿਆਂ ਤੇ ਪਿਸਤੋਲਾਂ ਨਾਲ ਲੈਸ ਹੋ ਕੇ ਆਏ ਦੱਸੇ ਜਾਂਦੇ ਹਨ। ਉਹਨਾਂ ਨੇ ਆ ਕੇ ਟ੍ਰੈਕਟਰ ਨਾਲ ਉਕਤ ਜ਼ਮੀਨ ਵਾਹੁਣੀ ਸ਼ੁਰੂ ਕੀਤੀ। ਮਜ਼ਦੂਰਾਂ ਦੇ ਵਿਰੋਧ ਕਰਨ 'ਤੇ ਉਹਨਾਂ ਦੀ ਜਬਰਦਸਤ ਕੁੱਟਮਾਰ ਕੀਤੀ। ਔਰਤਾਂ ਨੂੰ ਗੁੱਤਾਂ ਤੋਂ ਫੜ ਕੇ ਘਸੀਟਿਆ ਗਿਆ। ਪੁਲਸ ਨੇ ਜਿਥੇ ਦਲਿਤਾਂ ਨੂੰ ਡਾਂਗਾਂ ਨਾਲ ਬੇਤਹਾਸ਼ਾ ਕੁਟਿਆ ਉਥੇ ਨਾਲ ਸਟੇਨ ਗਰਨੇਡ ਵੀ ਚਲਾਏ ਗਏ, ਜਿਸ ਨਾਲ ਕਈ ਔਰਤਾਂ ਜਖ਼ਮੀ ਹੋਈਆਂ। ਜਖ਼ਮੀਆਂ ਵਿਚ ਡੇਢ ਦਰਜਨ ਮਰਦ-ਔਰਤਾਂ ਸ਼ਾਮਲ ਹਨ। ਇਸ ਦਿਨ ਵੀ ਫੇਰ ਦਲਿਤਾਂ ਖਿਲਾਫ ਹੀ ਝੂਠਾ ਪਰਚਾ ਐਫ.ਆਈ.ਆਰ. ਨੰ. 48 ਮਿਤੀ 1.5.2015 ਦਰਜ ਕੀਤਾ ਗਿਆ। ਜਿਸ ਵਿਚ 16 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਕਿ ਦਲਿਤਾਂ ਨਾਲ ਹੁੰਦੇ ਸਰਾਸਰ ਜਬਰ ਦੀ ਉਘੜਵੀਂ ਮਿਸਾਲ ਹੈ।
ਦੂਸਰੀ ਘਟਨਾ ਜਿਸ ਦਾ ਮੈਂ ਜਿਕਰ ਕਰਨਾ ਚਾਹੁੰਦਾ ਹਾਂ ਉਹ ਵੀ ਇਸ ਦੇ ਨਾਲ ਮਿਲਦੀ ਜੁਲਦੀ ਹੈ। ਇਹ ਘਟਨਾ ਪਿੰਡ ਅਚਿੰਤ ਕੋਟ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ ਹੈ। ਇਥੇ ਵੀ ਪਿੰਡ ਦੇ ਮੌਜੂਦਾ ਅਕਾਲੀ ਦਲ ਨਾਲ ਸਬੰਧਤ ਸਰਪੰਚ ਅਮਰੀਕ ਸਿੰਘ ਅਤੇ ਪਿੰਡ ਦੇ ਅਖੌਤੀ ਉਚ ਜਾਤੀ ਲੋਕਾਂ ਨੇ ਦਲਿਤਾਂ ਉਪਰ ਕਹਿਰ ਵਰਤਾਇਆ ਹੈ। ਘਟਨਾ ਦੇ ਵੇਰਵੇ ਜਾਨਣ ਲਈ ਦਿਹਾਤੀ ਮਜ਼ਦੂਰ ਸਭਾ ਦਾ ਵਫਦ ਪਿੰਡ ਵਿਚ ਗਿਆ 'ਤੇ ਜਾਣਕਾਰੀ ਹਾਸਲ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੋਂ ਕੋਈ 40 ਸਾਲ ਪਹਿਲਾਂ ਪਿੰਡ ਦੀ ਪੰਚਾਇਤ ਦੀ ਜ਼ਮੀਨ ਤਤਕਾਲੀ ਸਰਪੰਚ ਨੇ ਮਜ਼ਦੂਰਾਂ ਨੂੰ ਘਰ ਬਣਾਉਣ ਲਈ ਦਿੱਤੀ ਸੀ। ਜਿਸ ਉਤੇ ਅੱਜ ਤੱਕ ਉਹਨਾਂ ਦਾ ਕਬਜ਼ਾ ਹੈ। ਮੌਜੂਦਾ ਸਰਪੰਚ ਜੋ ਕਿ ਦਲਿਤ ਵਰਗ ਨਾਲ ਸਬੰਧਤ ਹੈ ਉਸ ਕੋਲ ਵੀ 2 ਕਨਾਲਾਂ ਦੇ ਕਰੀਬ ਜ਼ਮੀਨ ਹੈ। ਪਿੰਡ ਦੀ ਅਕਾਲੀ ਦਲ ਨਾਲ ਸਬੰਧਤ ਪੰਚਾਇਤ ਅਤੇ ਅਖੌਤੀ ਉਚ ਜਾਤੀ ਨਾਲ ਸਬੰਧ ਰੱਖਣ ਵਾਲੇ ਲੋਕਾਂ ਦਾ ਅਨੋਖਾ ਪੈਮਾਨਾ ਵੇਖਣ ਨੂੰ ਮਿਲਿਆ। ਉਹਨਾਂ ਅਨੁਸਾਰ ਜਿੰਨ੍ਹਾ ਦਲਿਤਾਂ ਨੇ ਅਕਾਲੀ ਦਲ ਨੂੰ ਵੋਟਾਂ ਪਾਈਆਂ ਹਨ ਉਹ ਤਾਂ ਇਸ ਪੰਚਾਇਤੀ ਜਮੀਨ 'ਤੇ ਕਾਬਜ਼ ਰਹਿਣ ਦੇ ਪੂਰੀ ਤਰ੍ਹਾਂ ਹੱਕਦਾਰ ਹਨ ਪਰ ਜਿਨ੍ਹਾਂ ਲੋਕਾਂ ਨੇ ਅਕਾਲੀ ਦਲ ਨੂੰ ਵੋਟਾਂ ਨਹੀਂ ਪਾਈਆਂ  ਉਹ ਇਸ ਪੰਚਾਇਤੀ ਜ਼ਮੀਨ ਨੂੰ ਤੁਰੰਤ ਖਾਲੀ ਕਰ ਦੇਣ। ਇਸੇ ਪਾਲਸੀ ਅਧੀਨ ਮਿਤੀ 29 ਮਈ ਨੂੰ ਪੁਲਸ ਮੁਲਾਜ਼ਮ ਜੋਰਾਵਰ ਸਿੰਘ ਤੇ ਸਰਪੰਚ ਅਮਰੀਕ ਸਿੰਘ ਸਮੇਤ ਧਾੜਵੀਆਂ ਦੇ ਟੋਲੇ ਨੇ ਸਵੇਰੇ ਤੜਕਸਾਰ ਹੀ ਦਲਿਤਾਂ ਉਪਰ ਹਮਲਾ ਕਰ ਦਿੱਤਾ। ਹਮਲਾਵਰਾਂ ਦੀ ਗਿਣਤੀ 100 ਤੋਂ ਉਪਰ ਦੱਸੀ ਗਈ ਹੈ। ਇਹਨਾਂ ਹਮਲਾਵਰਾਂ ਨੇ ਦਲਿਤ ਔਰਤਾਂ ਸਮੇਤ 7 ਵਿਅਕਤੀਆਂ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ। ਜਿਨ੍ਹਾਂ ਵਿਚ ਵਰਿਆਮ ਸਿੰਘ, ਧਿਆਨ ਸਿੰਘ, ਜਗਦੀਸ਼ ਸਿੰਘ, ਮਲਕੀਅਤ ਸਿੰਘ, ਸਤਨਾਮ ਸਿੰਘ, ਬਲਬੀਰ ਕੌਰ ਤੇ ਰਾਜਵਿੰਦਰ ਕੌਰ ਸ਼ਾਮਲ ਹਨ। ਗੰਭੀਰ ਜਖਮੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਉਣੇ ਪਏ। ਅਨੁਸੂਚਿਤ ਜਾਤੀ ਕਮਿਸ਼ਨ ਦੇ ਦਖਲ ਸਦਕਾ ਇਹਨਾਂ ਜਰਵਾਣਿਆਂ ਖਿਲਾਫ ਪਰਚਾ ਦਰਜ ਹੋ ਗਿਆ ਪਰ ਅਜੇ ਵੀ ਕਈ ਹਮਲਾਵਰ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ।
ਹਮਲਾਵਰਾਂ ਦਾ ਇਕ ਹੋਰ ਅਤਿ ਘਿਨਾਉਣਾ ਕਾਰਨਾਮਾ ਸਾਹਮਣੇ ਆਇਆ ਹੈ ਕਿ ਉਹਨਾਂ ਨੇ ਜਗਦੀਸ਼ ਸਿੰਘ ਦੇ ਘਰ ਦੀਆਂ ਕੰਧਾਂ ਟੱਪ ਕੇ ਜਦ ਹਮਲਾ ਕੀਤਾ ਤਾਂ ਜਗਦੀਸ਼ ਸਿੰਘ ਅਜੇ ਘਰ ਵਿਚ ਹੀ ਸੀ। ਸੋ ਇਹ ਧਾੜਵੀ ਉਸ ਨੂੰ ਕੁਟਣ ਲੱਗ ਪਏ ਅਤੇ ਉਸ ਦੀ ਗਰਭਵਤੀ ਪਤਨੀ ਰਾਜਵਿੰਦਰ ਕੌਰ ਜੋ ਹਮਲੇ ਸਮੇਂ ਬਿਨਾਂ ਦਰਵਾਜ਼ੇ ਵਾਲੇ ਕੱਚੇ ਬਾਥਰੂਮ ਵਿਚ ਨਹਾ ਰਹੀ ਸੀ, ਉਸ ਦੇ ਕੱਪੜੇ ਚੁਕ ਕੇ ਵਗਾਹ ਮਾਰੇ ਜੋ ਨਗਨ ਹਾਲਤ ਵਿਚ ਬਾਹਰ ਆਉਣ ਲਈ ਮਜ਼ਬੂਰ ਹੋਈ ਤੇ ਉਸ ਨੇ ਬਾਹਰ ਆ ਕੇ ਮਾੜੇ ਮੋਟੇ ਕੱਪੜੇ ਆਪਣੇ ਤਨ ਦੁਆਲੇ ਲਪੇਟੇ ਤੇ ਆਪਣੇ ਪਤੀ ਨੂੰ ਧਾੜਵੀਆਂ ਤੋਂ ਛੁਡਾਉਣ ਲੱਗੀ, ਭੂਤਰੇ ਹੋਏ ਜਰਵਾਣਿਆਂ ਨੇ ਉਸ ਨੂੰ ਵੀ ਕੁਟਿਆ ਤੇ ਜਾਤੀ ਸੂਚਕ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ। ਸਵਾਲ ਪੈਦਾ ਹੁੰਦਾ ਹੈ ਕਿ ਇਹ ਗਰੀਬ ਲੋਕ ਕੀ ਕਰਨ, ਕਿਥੇ ਸ਼ਿਕਾਇਤ ਕਰਨ, ਕਿਥੇ ਘਰ ਬਣਾਉਣ। ਪੁਲਸ ਆਪਣੇ ਹੁਕਮਰਾਨਾਂ ਅੱਗੇ ਬੇਵੱਸ ਹੈ ਅਤੇ ਹੁਕਮਰਾਨ ਦਲਿਤਾਂ ਦੇ ਵਿਰੋਧੀ ਬਣੇ ਹੋਏ ਹਨ।
ਇਕ ਹੋਰ ਘਟਨਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਪੰਡੋਰੀ ਵਿਚ ਵੀ ਵਾਪਰੀ, ਪਿੰਡ ਦੇ ਮਜ਼ਦੂਰਾਂ ਨੇ ਸ਼ਾਮਲਾਤ ਜ਼ਮੀਨ ਤੇ ਰੂੜੀ ਸੁੱਟ ਕੇ ਨਾਲ ਪਾਥੀਆਂ ਪੱਥੀਆਂ ਹੋਈਆਂ ਹਨ। ਪਿੰਡ ਦੇ ਹੀ ਖਾਂਦੇ-ਪੀਂਦੇ ਤੇ ਉਚ ਜਾਤੀ ਨਾਲ ਸਬੰਧਤ ਲੋਕਾਂ ਨੇ ਵੀ ਸ਼ਾਮਲਾਤ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਸੀ ਤੇ ਕਈਆਂ ਨੇ ਵੱਡੀਆਂ ਵੱਡੀਆਂ ਕੋਠੀਆਂ ਵੀ ਸ਼ਾਮਲਾਤ ਜ਼ਮੀਨਾਂ 'ਤੇ ਉਸਾਰੀਆਂ ਹੋਈਆਂ ਸਨ। ਪਰ ਪਿੰਡ ਦੇ ਚੌਧਰੀ ਲੋਕ ਸਿਰਫ ਮਜ਼ਦੂਰਾਂ ਦੇ ਕਬਜ਼ੇ ਵਾਲੀ ਥਾਂ ਛੁਡਾਉਣੀ ਚਾਹੁੰਦੇ ਸਨ। ਉਹਨਾਂ ਨੇ ਲਛਮਣ ਸਿੰਘ ਨਾਂਅ ਦੇ ਇਕ ਮਜ਼ਦੂਰ ਦੀ ਕੰਧ ਢਾਹ ਦਿੱਤੀ ਅਤੇ ਚਮਕੌਰ ਸਿੰਘ ਦਾ ਕਬਜ਼ਾ ਛੁਡਾ ਕੇ ਰਸਤਾ ਬਣਾ ਲਿਆ ਤੇ ਹੋਰ 5-7 ਘਰਾਂ ਦੇ ਕਬਜ਼ੇ ਵਾਲੀ ਥਾਂ ਤੇ ਟ੍ਰੈਕਟਰ ਫੇਰ ਕੇ ਕਬਜ਼ਾ ਕਰ ਲਿਆ ਤੇ ਕਲੱਬ ਬਣਾਉਣ ਦੀ ਜਿੱਦ ਕਰਨ ਲੱਗੇ। ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਥਾਣਾ ਮਹਿਲ ਕਲਾਂ ਅੱਗੇ ਧਰਨਾ ਮਾਰਿਆ ਅਤੇ ਸੜਕ 'ਤੇ ਜਾਮ ਲਾ ਦਿੱਤਾ। ਗਲਬਾਤ ਸ਼ੁਰੂ ਹੋਈ ਤਾਂ ਮਜਦੂਰਾਂ ਨੇ ਸਾਫ ਤੌਰ ਤੇ ਕਿਹਾ ਕਿ ਉਚ ਜਾਤੀ ਵਾਲੇ ਲੋਕਾਂ ਕੋਲੋਂ ਵੀ ਸ਼ਾਮਲਾਤ ਛੁਡਾ ਦਿਓ ਤਾਂ ਅਸੀਂ ਵੀ ਛੱਡ ਦਿਆਂਗੇ। ਇਸ ਗੱਲ ਤੋਂ ਬਾਅਦ ਹੀ ਮਜ਼ਦੂਰ ਕਾਬਜ ਰਹਿ ਸਕੇ ਤੇ ਸੰਘਰਸ਼ ਦੀ ਜਿੱਤ ਹੋਈ।
ਇਸੇ ਤਰ੍ਹਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਡੂੰਮਵਾਲੀ ਦੇ ਦਲਿਤ ਪਰਵਾਰਾਂ ਦੇ ਸ਼ਾਮਲਾਤ ਜਗ੍ਹਾ ਵਿਚ ਬਣੇ ਘਰਾਂ ਨੂੰ ਢਾਹੁਣ ਅਤੇ ਮਜ਼ਦੂਰਾਂ ਨੂੰ ਉਜਾੜਨ ਲਈ ਸੰਗਤ ਬਲਾਕ ਦਾ ਬੀ.ਡੀ.ਪੀ.ਓ. ਪੁਲਸ ਦੀਆਂ ਧਾੜਾਂ ਲੈ ਕੇ ਜੇ.ਸੀ.ਬੀ. ਮਸ਼ੀਨ ਸਮੇਤ ਪਿੰਡ ਵਿਚ ਪੁੱਜ ਗਿਆ। ਮਜ਼ਦੂਰਾਂ ਨੇ ਡੱਟ ਕੇ ਇਸ ਧੀਂਗਾਜੋਰੀ ਦਾ ਮੁਕਾਬਲਾ ਕੀਤਾ ਅਤੇ ਜੇ.ਸੀ.ਬੀ. ਸਮੇਤ ਪੁਲਸ ਤੇ ਬੀ.ਡੀ.ਪੀ.ਓ. ਨੂੰ ਬੇਰੰਗ ਵਾਪਸ ਮੁੜਨਾ ਪਿਆ। ਮਜ਼ਦੂਰ ਕਾਬਜ ਰਹਿ ਗਏ ਪਰ ਪੁਲਸ ਨੇ ਵੱਖ ਵੱਖ ਧਾਰਾਵਾਂ ਤਹਿਤ ਮਜ਼ਦੂਰਾਂ ਉਤੇ ਝੂਠੇ ਪਰਚੇ ਦਰਜ ਕਰ ਦਿੱਤੇ। ਹੈਰਾਨੀ ਦੀ ਗੱਲ ਇਹ ਹੈ ਕਿ ਬੀ.ਡੀ.ਪੀ.ਓ. ਤੇ ਹੋਰ ਅਮਲਾ-ਫੈਲਾ ਮਨਜੂਰੀ ਤੋਂ ਬਿਨਾਂ ਹੀ ਮਕਾਨ ਢਾਹੁਣ ਚਲਾ ਗਿਆ। ਜਿਸ ਦੀ ਕੋਈ ਪੁਛ ਪੜਤਾਲ ਨਹੀਂ ਕੀਤੀ ਜਾ ਰਹੀ ਅਤੇ ਹੋਰ ਹੈਰਾਨੀ ਵਾਲੀ ਗੱਲ ਇਹ ਕਿ ਹਾਕਮ ਧਿਰ ਦੇ ਚਹੇਤੇ ਤੇ ਬਾਰਸੂਖ ਬੰਦੇ ਖ਼ੁਦ ਪੰਚਾਇਤੀ ਸ਼ਾਮਲਾਤ ਤੇ ਸਾਂਝੀ ਜ਼ਮੀਨ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰੀ ਬੈਠੇ ਹਨ। ਉਹਨਾਂ ਤੋਂ ਕਬਜ਼ਾ ਲੈਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸੇ ਜ਼ਿਲ੍ਹੇ ਦੇ ਪਿੰਡ ਬਾਦਲ (ਮੁੱਖ ਮੰਤਰੀ ਦਾ ਪਿੰਡ) ਦੇ ਲਾਗਲੇ ਪਿੰਡ ਕਾਲ ਝੁਰਾਣੀ ਵਿਚ ਸੈਂਕੜੇ ਏਕੜ ਸਾਂਝੀ ਤੇ ਸ਼ਾਮਲਾਤ ਜ਼ਮੀਨ ਤੇ ਲੋਕ ਕਾਬਜ਼ ਹਨ ਜਿਨ੍ਹਾਂ ਵਿਚ ਅਖੌਤੀ ਉਚ ਜਾਤੀ ਦੇ ਲੋਕ ਵੀ ਹਨ ਜੋ ਜ਼ਮੀਨ ਵਿਚੋਂ ਹਜ਼ਾਰਾਂ ਮਣ ਦਾਣੇ ਆਏ ਸਾਲ ਪੈਦਾ ਕਰਕੇ ਵੇਚਦੇ ਹਨ। ਉਹਨਾਂ ਨੂੰ ਕੋਈ ਕੁਝ ਨਹੀਂ ਕਹਿ ਰਿਹਾ। ਪਰ ਉਸੇ ਪਿੰਡ ਵਿਚ ਸ਼ਾਮਲਾਤ ਜ਼ਮੀਨ 'ਤੇ ਬਣੇ ਦਲਿਤਾਂ ਦੇ ਘਰਾਂ ਵਾਲੀ ਥਾਂ ਖਾਲੀ ਕਰਾਉਣ ਲਈ ਹਾਕਮ ਧਿਰ ਪੂਰਾ ਜ਼ੋਰ ਲਾ ਰਹੀ ਹੈ। ਮਜ਼ਦੂਰ ਇਕਮੁਠ ਹੋ ਕੇ ਦਿਹਾਤੀ ਮਜ਼ਦੂਰ  ਸਭਾ ਦੀ ਅਗਵਾਈ ਵਿਚ ਡਟੇ ਹੋਏ ਹਨ ਤੇ ਜਾਬਰਾਂ ਦਾ ਮੁਕਾਬਲਾ ਕਰ ਰਹੇ ਹਨ। ਹਾਕਮ ਧਿਰ ਵਾਲੇ ਮਜ਼ਦੂਰਾਂ ਵਿਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਸਾਨੂੰ ਆਸ ਹੈ ਕਿ ਮਜ਼ਦੂਰ ਇਕਮੁਠ ਰਹਿਣਗੇ 'ਤੇ ਹਾਕਮਾਂ ਦਾ ਮੁਕਾਬਲਾ ਕਰਨਗੇ। ਇਕ ਹੋਰ ਘਟਨਾ ਪਿੰਡ ਕਾਹਨੇਕੇ ਜ਼ਿਲ੍ਹਾ ਬਰਨਾਲਾ ਵਿਚ ਵੀ ਵਾਪਰੀ। ਮਜ਼ਦੂਰ ਆਗੂ ਗੁਰਪ੍ਰੀਤ ਸਿੰਘ ਰੂੜੇਕੇ ਇਸ ਪਿੰਡ ਵਿਚ ਮਨਰੇਗਾ ਮਜ਼ਦੂਰਾਂ ਦੀ ਮੀਟਿੰਗ ਕਰਾਉਣ ਗਿਆ। ਰਾਜ ਕਰਦੀ ਪਾਰਟੀ ਅਕਾਲੀ ਦਲ ਬਾਦਲ ਨਾਲ ਸਬੰਧਤ ਕੁਝ ਘੜੰਮ ਚੌਧਰੀ ਉਸ ਦੇ ਗਲ ਪੈ ਗਏ। ਕਿਉਂਕਿ ਉਹ ਮਨਰੇਗਾ ਦੇ ਫੰਡਾਂ ਵਿਚ ਹੇਰਾਫੇਰੀ ਜਾਰੀ ਰੱਖਣਾ ਚਾਹੁੰਦੇ ਹਨ ਅਤੇ ਮਜ਼ਦੂਰਾਂ ਦੀ ਜਥੇਬੰਦੀ ਨਹੀਂ ਬਣਨ ਦੇਣਾ ਚਾਹੁੰਦੇ। ਸੋ ਮਜ਼ਦੂਰ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਅਤੇ ਪਿੰਡ ਕਾਹਨੇਕੇ ਵਿਚ ਲਲਕਾਰ ਰੈਲੀ ਕਰਨ ਦਾ ਫੈਸਲਾ ਕੀਤਾ। ਆਨਾਕਾਨੀ ਕਰ ਰਹੀ ਪੁਲਸ ਲੋਕ ਰੋਹ ਦੇ ਦਬਾਅ ਹੇਠ ਦੋਸ਼ੀਆਂ ਵਿਰੁੱਧ ਤੁਰੰਤ ਹਰਕਤ ਵਿਚ ਆਈ। ਅੰਤ ਮਜ਼ਦੂਰਾਂ ਕਿਸਾਨਾਂ ਦੇ ਸਾਂਝੇ ਸੰਘਰਸ਼ ਅੱਗੇ ਝੁਕਦਿਆਂ ਹੋਇਆਂ ਦੋਸ਼ੀਆਂ ਨੇ ਮੁਆਫੀ ਮੰਗੀ। ਸੰਘਰਸ਼ ਦੀ ਜਿੱਤ ਹੋਈ।
ਇਸ ਘਟਨਾਕ੍ਰਮ ਦਾ ਦੁਖਦਾਈ ਪਹਿਲੂ ਇਹ ਹੈ ਕਿ ''ਆਪਣੇ ਹੱਕਾਂ-ਹਿਤਾਂ ਲਈ ਲੜਨ ਵਾਲੇ'' ਕੁੱਝ ਕਿਸਾਨ ਆਗੂਆਂ ਨੇ ਮਜ਼ਦੂਰ ਜਥੇਬੰਦੀਆਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਇਸ ਲਲਕਾਰ ਰੈਲੀ ਨਾਲ ਪਿੰਡ ਦਾ ਮਹੌਲ ਖਰਾਬ ਹੋ ਸਕਦਾ ਹੈ ਜਦਕਿ ਉਹ ਜਾਣਦੇ ਹਨ ਕਿ ਮਜ਼ਦੂਰਾਂ ਨੂੰ ਵੀ ਆਪਣੇ ਹਿਤਾਂ ਲਈ ਲੜਨ ਦਾ ਹੱਕ ਹੈ। ਉਹ ਇਹ ਵੀ ਭੁਲ ਗਏ ਕਿ ਇਹ ਮਾਹੌਲ ਖਰਾਬ ਤਾਂ ਹਾਕਮ ਧਿਰ ਵਲੋਂ ਸ਼ਿਸ਼ਕਾਰੇ ਅਖੌਤੀ ਅਕਾਲੀ ਕਾਰਕੁੰਨਾਂ ਵਲੋਂ ਕੀਤੀ ਗਈ ਮਜ਼ਦੂਰ ਮਾਰੂ ਤੇ ਧਮਕਾਊ ਕਾਰਵਾਈ ਨਾਲ ਹੋਇਆ ਸੀ।
ਪੰਜਾਬ ਤੋਂ ਬਾਹਰ ਦੀ ਗੱਲ ਕਰੀਏ ਤਾਂ ਰੋਜ਼ ਹੀ ਕੋਈ ਨਾ ਕੋਈ ਖਬਰ ਮਜ਼ਦੂਰਾਂ ਉਤੇ, ਦਲਿਤਾਂ ਉਤੇ ਹੁੰਦੇ ਜਬਰ ਦੀ ਮਿਲ ਜਾਂਦੀ ਹੈ। ਪਿਛਲੇ 24 ਅਪ੍ਰੈਲ ਨੂੰ ਰਾਜਸਥਾਨ ਦੇ ਪਿੰਡ ਸਿੰਕੰਦਰਪੁਰ ਵਿਚ ਦਲਿਤ ਪਰਵਾਰ ਨਾਲ ਸਬੰਧਤ ਇਕ ਮੁਟਿਆਰ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਪਰ ਪੁਲਸ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ।
10 ਮਈ ਨੂੰ ਮੱਧ ਪ੍ਰਦੇਸ਼ ਦੇ ਪਿੰਡ ਨੈਗਰੂਣ ਵਿਚ ਦਲਿਤ ਪਰਵਾਰ ਨਾਲ ਸਬੰਧਤ ਲਾੜੇ ਨੂੰ ਵਿਆਹ ਸਮੇਂ ਘੋੜੀ 'ਤੇ ਚੜ੍ਹਨ ਤੋਂ ਰੋਕਿਆ ਗਿਆ। ਬਰਾਤ ਉਪਰ ਪਥਰਾਅ ਕੀਤਾ ਗਿਆ ਅਤੇ ਘੋੜੀ ਖੋਹ ਲਈ ਗਈ। ਜਦ ਬਰਾਤ ਵਾਲਿਆਂ ਨੇ ਪੁਲਸ ਨੂੰ ਸੂਚਿਤ ਕੀਤਾ, ਪੁਲਸ ਵੀ ਆ ਗਈ ਤੇ ਦੂਸਰੀ ਹੋਰ ਘੋੜੀ ਦਾ ਪ੍ਰਬੰਧ ਕੀਤਾ ਗਿਆ। ਪਰ ਉਚ ਜਾਤੀ ਨਾਲ ਸਬੰਧਤ ਹਮਲਾਵਰ ਫਿਰ ਵੀ ਨਹੀਂ ਹਟੇ ਤੇ ਪਥਰਾਅ ਕਰਨ ਲੱਗ ਪਏ। ਇਕ ਨਾਇਬ ਤਹਿਸੀਲਦਾਰ ਜਖਮੀ ਹੋ ਗਿਆ ਅਤੇ ਲਾੜੇ ਨੂੰ ਸਿਰ ਉਤੇ ਹੈਲਮਟ ਪਾ ਕੇ ਲਾੜੀ ਦੇ ਘਰ ਜਾਣਾ ਪਿਆ।
ਇਸੇ ਤਰ੍ਹਾਂ 24 ਮਈ ਨੂੰ ਮੱਧ ਪ੍ਰਦੇਸ਼ ਵਿਚ ਹੀ ਪਿੰਡ ਘਟਵਾਨੀ ਜ਼ਿਲ੍ਹਾ ਅਲੀਰਾਜਪੁਰ ਵਿਚ ਉਚ ਜਾਤੀ ਵਾਲੇ ਲੋਕਾਂ ਨੇ ਦਲਿਤਾਂ ਨੂੰ ਹੈਂਡ ਪੰਪ (ਨਲਕੇ) ਤੋਂ ਪਾਣੀ ਲੈਣ ਤੋਂ ਰੋਕ ਦਿੱਤਾ। ਇਹ ਕਿਹੋ ਜਿਹੀ ਵਧੀਕੀ ਹੈ, ਅੰਦਾਜ਼ਾ ਕਰੋ ਕਿ ਨਲਕੇ ਤੋਂ ਨਿਕਲਿਆ ਪਾਣੀ ਜਾਨਵਰ ਕਾਂਅ, ਕੁੱਤੇ ਤਾਂ ਪੀ ਲੈਣ ਪਰ ਮਨੁੱਖ ਨਹੀਂ ਪੀ ਸਕਦੇ। ਸੋ ਅਨਸੂਚਿਤ ਜਾਤੀ ਕਮਿਸ਼ਨ ਦੇ ਦਖਲ ਨਾਲ ਵੱਖਰਾ ਨਲਕਾ ਦਲਿਤਾਂ ਵਾਸਤੇ ਲਾਇਆ ਗਿਆ।
ਅਸੀਂ ਦਿਹਾਤੀ ਮਜ਼ਦੂਰ ਸਭਾ ਵਾਲੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਐਸੀਆਂ ਅਣਮਨੁੱਖੀ ਘਟਨਾਵਾਂ ਦਾ ਇਕਮੁੱਠ ਹੋ ਕੇ ਮੁਕਾਬਲਾ ਕੀਤਾ ਜਾਵੇ। ਸਮਾਜ ਵਿਚ ਇੱਜਤ ਨਾਲ ਜੀਉਣ ਲਈ ਆਪਣੀ ਖਿਲਰੀ ਹੋਈ ਸ਼ਕਤੀ ਇਕੱਠੀ ਕਰਕੇ ਸੰਘਰਸ਼ ਕਰੀਏ ਅਤੇ ਐਸਾ ਸਮਾਜ ਸਿਰਜਣ ਵੱਲ ਵਧੀਏ ਜਿਸ ਵਿਚ ਊਚ ਨੀਚ, ਗਰੀਬ ਅਮੀਰ ਦੇ ਪਾੜੇ ਉਤੇ ਕਾਬੂ ਪਾ ਕੇ ਬਰਾਬਰਤਾ ਵਾਲੇ ਹਾਲਾਤ ਬਣ ਸਕਣ। ਆਓ, ਉਘੇ ਅਗਾਂਹਵਧੂ ਸ਼ਾਇਰ ਸੰਤ ਰਾਮ ਉਦਾਸੀ ਵਲੋਂ ਦਲਿਤਾਂ ਦੇ ਇਸ ਥੁੜ੍ਹਾਂ ਮਾਰੇ ਤੇ ਵਿਤਕਰੇ ਭਰਪੂਰ ਜੀਵਨ ਦੀ ਹਕੀਕਤ ਨੂੰ ਦਰਸਾਉਂਦੇ ਪ੍ਰਸਿੱਧ ਗੀਤ ਦੀਆਂ ਲਾਈਨਾਂ ਨਾਲ ਸਮਾਪਤੀ ਕਰੀਏ :
ਜਿਥੇ ਹਾਰ ਮੰਨ ਲਈ ਚਾਵਾਂ ਨੇ,
ਜਿਥੇ ਕੂੰਜ ਘੇਰ ਲਈ ਕਾਵਾਂ ਨੇ,
ਜਿਥੇ ਅਣ-ਵਿਆਹੀਆਂ ਹੀ ਮਾਵਾਂ ਨੇ।
ਜਿਥੇ ਧੀਆਂ ਹਉਕੇ ਭਰਦੀਆਂ ਅਸਮਾਨ ਜਡੇਰੇ,
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।

No comments:

Post a Comment