'ਨਵਾਂ ਜ਼ਮਾਨਾ' ਦੇ ਮੁੱਖ ਸੰਪਾਦਕ, ਆਜ਼ਾਦੀ ਸੰਗਰਾਮੀਏਂ ਤੇ ਉਘੇ ਕਮਿਊਨਿਸਟ ਕਾਮਰੇਡ ਜਗਜੀਤ ਸਿੰਘ ਆਨੰਦ 19 ਜੂਨ ਦੀ ਰਾਤ ਨੂੰ ਸਦੀਵੀ ਵਿਛੋੜਾ ਦੇ ਗਏ। ਕਾਮਰੇਡ ਜਗਜੀਤ ਸਿੰਘ ਆਨੰਦ ਵਿਦਿਆਰਥੀ ਜੀਵਨ ਤੋਂ ਹੀ ਆਜ਼ਾਦੀ ਸੰਗਰਾਮ ਵਿਚ ਸਰਗਰਮੀ ਨਾਲ ਹਿੱਸਾ ਲੈਣ ਲੱਗੇ ਸਨ। ਇਨ੍ਹਾਂ ਸਰਗਰਮੀਆਂ ਦੌਰਾਨ ਹੀ ਉਨ੍ਹਾਂ ਕਮਿਊਨਿਸਟ ਲਹਿਰ ਦਾ ਲੜ ਫੜਿਆ ਅਤੇ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਉਹ ਇਸ ਲਹਿਰ ਦਾ ਹਿੱਸਾ ਰਹੇ। ਕਾਮਰੇਡ ਆਨੰਦ ਨੇ ਆਜ਼ਾਦੀ ਸੰਗਰਾਮ ਅਤੇ ਕਮਿਊਨਿਸਟ ਲਹਿਰ ਦੀ ਉਸਾਰੀ 'ਚ ਆਪਣਾ ਬਣਦਾ ਯੋਗਦਾਨ ਪੂਰੀ ਸੁਹਿਰਦਤਾ ਨਾਲ ਨਿਭਾਇਆ। ਪੱਤਰਕਾਰੀ ਦੇ ਖੇਤਰ ਵਿਚ ਵੀ ਉਨ੍ਹਾਂ ਨੇ ਸ਼ਾਨਦਾਰ ਪੈੜਾਂ ਪਾਈਆਂ ਅਤੇ ਮਾਂ ਬੋਲੀ ਪੰਜਾਬੀ ਦਾ ਮੁਹਾਂਦਰਾ ਸੰਵਾਰਨ ਵਿਚ ਵੀ ਉਨ੍ਹਾਂ ਨੇ ਬਹੁਤ ਹੀ ਸ਼ਾਨਦਾਰ ਰੋਲ ਨਿਭਾਇਆ। ਰਾਜ ਸਭਾ ਦੇ ਮੈਂਬਰ ਹੁੰਦਿਆਂ ਵੀ ਉਨ੍ਹਾਂ ਆਪਣੀਆਂ ਇਨ੍ਹਾਂ ਜਿੰਮੇਵਾਰੀਆਂ ਤੋਂ ਕਦੇ ਵੀ ਕਿਨਾਰਾ ਨਹੀਂ ਸੀ ਕੀਤਾ। ਵਿਚਾਰਧਾਰਕ ਵੱਖਰੇਵਿਆਂ ਦੇ ਬਾਵਜੂਦ ਸੀ.ਪੀ.ਐਮ.ਪੰਜਾਬ ਉਨ੍ਹਾਂ ਦੀ ਕਦਰਦਾਨ ਰਹੀ ਹੈ। ਉਨ੍ਹਾਂ ਦੇ ਵਿਛੋੜੇ ਨਾਲ ਪੰਜਾਬੀ ਪੱਤਰਕਾਰੀ ਦੇ ਇਕ ਸ਼ਾਨਦਾਰ ਯੁਗ ਦਾ ਅੰਤ ਹੋ ਗਿਆ ਹੈ। ਸੀ.ਪੀ.ਐਮ.ਪੰਜਾਬ ਅਤੇ ਅਦਾਰਾ 'ਸੰਗਰਾਮੀ ਲਹਿਰ' ਭਰਾਤਰੀ ਪਾਰਟੀ ਸੀਪੀਆਈ, 'ਨਵਾਂ ਜ਼ਮਾਨਾ' ਅਤੇ ਆਨੰਦ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੁੰਦੇ ਹੋਏ ਇਸ ਸ਼ਾਨਦਾਰ ਮਨੁੱਖ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ।
No comments:
Post a Comment