Tuesday 7 July 2015

ਕੰਨੀਆਂ ਹੁਸੈਨੀ ਦੇ ਜਬਰ ਦੀ ਗਾਥਾ ਏਤੀ ਮਾਰ ਪਈ ਕੁਰਲਾਣੈ.....

ਰਾਮ ਸਿੰਘ ਕੈਮਵਾਲਾ 
ਲੁਧਿਆਣਾ ਜ਼ਿਲ੍ਹੇ ਦੀ ਜਗਰਾਓਂ ਤਹਿਸੀਲ ਦੇ ਪਿੰਡ ਕੰਨੀਆਂ ਹੁਸੈਨੀ ਦੇ ਪਿੰਡੇ ਦੇ ਜ਼ਖ਼ਮ ਅਜੇ ਵੀ ਰਿਸ ਰਹੇ ਹਨ। ਪੁਲਸ ਦੇ ਵਹਿਸ਼ੀਆਨਾ ਜਬਰ ਦੇ ਝੰਬੇ ਇਸ ਪਿੰਡ ਦੇ ਲੋਕ ਅੱਜ ਵੀ ਪੈਰਾਂ ਸਿਰ ਨਹੀਂ ਹੋ ਸਕੇ। ਉਨ੍ਹਾਂ ਦੀ ਕਹਾਣੀ ਸੁਣ ਕੇ ਇਹ ਸਵਾਲ ਵਾਰ ਵਾਰ ਸਿਰ ਚੁੱਕਦਾ ਹੈ ਕਿ ਇਸ ਨੂੰ ਹੀ 'ਰਾਜ ਨਹੀਂ ਸੇਵਾ' ਕਹਿੰਦੇ ਹਨ? ਕੀ ਇਹ ਹੀ 'ਅੱਛੇ ਦਿਨ' ਦੀ ਨਿਸ਼ਾਨੀ ਹੈ?
ਸਿਧਵਾਂ ਬੇਟ ਦੇ ਨੇੜਲਾ ਇਹ ਪਿੰਡ ਸਤਲੁਜ ਦਰਿਆ ਦੇ ਬਿਲਕੁਲ ਨਾਲ ਪੈਂਦਾ ਹੈ। ਇਸ ਪਿੰਡ ਦੇ ਅਬਾਦਕਾਰਾਂ ਵਲੋਂ ਆਪਣੇ ਉਜਾੜੇ ਵਿਰੁੱਧ ਲੜੇ ਸੰਘਰਸ਼ ਦੀਆਂ ਇਕ ਪਾਸੜ ਖ਼ਬਰਾਂ ਤਾਂ ਮੀਡੀਏ ਵਿਚ ਜਰੂਰ ਆਈਆਂ ਪਰ ਅਬਾਦਕਾਰਾਂ ਦੇ ਨਾਲ ਨਾਲ ਇਸ ਪਿੰਡ ਦੇ ਸਮੁੱਚੇ ਲੋਕਾਂ 'ਤੇ ਹੋਏ ਜ਼ਬਰ ਦੀ ਤਸਵੀਰ ਸਾਹਮਣੇ ਨਹੀਂ ਆ ਸਕੀ।
'ਸੰਗਰਾਮੀ ਲਹਿਰ' ਦੇ ਪਿਛਲੇ ਅੰਕ ਵਿਚ ਤੁਸੀਂ ਪੜ੍ਹ ਚੁੱਕੇ ਹੋ ਕਿ ਇਸ ਪਿੰਡ ਦੇ ਅਬਾਦਕਾਰਾਂ ਨੇ ਆਪਣੇ ਉਜਾੜੇ ਖਿਲਾਫ ਮੰਡ-ਬੇਟ ਏਰੀਆ ਤੇ ਅਬਾਦਕਾਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਮੋਰਚਾ ਲਾਇਆ ਹੋਇਆ ਸੀ ਕਿਉਂਕਿ ਉਨ੍ਹਾਂ ਵਲੋਂ ਦੇਸ਼ ਦੀ ਵੰਡ ਵੇਲੇ ਤੋਂ ਅਬਾਦ ਕੀਤੀ ਗਈ ਜ਼ਮੀਨ ਦਹਾਕਿਆਂ ਪਹਿਲਾਂ ਹੋਈ ਭਾਰਤ-ਚੀਨ ਜੰਗ 'ਚ ਮਾਰੇ ਗਏ ਤਾਰਾ ਸਿੰਘ ਨਾਂਅ ਦੇ ਫੌਜੀ ਦੇ ਪਰਿਵਾਰ ਨੂੰ ਹੁਣ ਆ ਕੇ ਅਲਾਟ ਕਰ ਦਿੱਤੀ ਗਈ ਹੈ।
16 ਅਪ੍ਰੈਲ ਨੂੰ ਪਿੰਡ ਦੇ ਗੁਰਦੁਆਰੇ ਨੇੜੇ ਬੰਨ੍ਹ ਉਪਰ ਸਵੇਰੇ ਅੱਠ ਵਜੇ ਤੋਂ ਇਸ ਉਜਾੜੇ ਖਿਲਾਫ਼ ਮੋਰਚੇ ਦੀ ਸ਼ੁਰੂਆਤ ਕੀਤੀ ਗਈ। ਪਹਿਲੇ ਦਿਨ ਹੀ ਇਸ ਧਰਨੇ 'ਚ ਅਬਾਦਕਾਰਾਂ ਸਮੇਤ 500 ਤੋਂ ਵੱਧ ਲੋਕ ਸ਼ਾਮਲ ਹੋਏ। ਮੰਡ-ਬੇਟ ਏਰੀਆ ਤੇ ਅਬਾਦਕਾਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਾਥੀ ਗੁਰਨਾਮ ਸਿੰਘ ਸੰਘੇੜਾ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਧਰਨੇ 'ਚ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੈਮਵਾਲਾ, ਜਮਹੂਰੀ ਕਿਸਾਨ ਸਭਾ ਦੇ ਆਗੂ ਸਾਥੀ ਜੋਗਿੰਦਰ ਸਿੰਘ, ਮਹਿੰਦਰ ਸਿੰਘ ਬੰਬ, ਹੰਸਾ ਸਿੰਘ, ਪੰਜਾਬ ਕਿਸਾਨ ਸਭਾ ਦੇ ਮਾਸਟਰ ਗੁਰਮੇਲ ਸਿੰਘ ਜਗਰਾਓਂ, ਗੁਰਦੀਪ ਸਿੰਘ ਵੇਹਰਾ, ਪੰਜਾ ਸਿੰਘ ਰਾਏਪੁਰ ਤੇ ਹੋਰ ਆਗੂ ਹਾਜ਼ਰ ਸਨ। ਬਾਅਦ ਦੁਪਹਿਰ 3 ਵਜੇ ਦੇ ਕਰੀਬ ਤਹਿਸੀਲਦਾਰ ਜਗਰਾਓਂ, ਡੀ.ਐਸ.ਪੀ. ਦੀ ਕਮਾਂਡ ਹੇਠ ਪੁਲਿਸ ਲੈ ਕੇ ਮੌਕੇ 'ਤੇ ਆਣ ਪਹੁੰਚੇ। ਮੰਡ-ਬੇਟ ਏਰੀਆ ਤੇ ਅਬਾਦਕਾਰ ਸੰਘਰਸ਼ ਕਮੇਟੀ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਤੇ ਆਗੂਆਂ ਵਲੋਂ ਦਿੱਤੀਆਂ ਗਈਆਂ ਦਲੀਲਾਂ ਅੱਗੇ ਇਹ ਪ੍ਰਸ਼ਾਸ਼ਨਿਕ ਅਧਿਕਾਰੀ ਟਿਕ ਨਾ ਸਕੇ ਤੇ ਵਾਪਸ ਮੁੜ ਗਏ। ਇੰਝ ਇਹ ਮੋਰਚਾ ਨਿਰੰਤਰ ਚਲਦਾ ਰਿਹਾ ਤੇ ਮਹੀਨਾ ਭਰ ਪ੍ਰਸ਼ਾਸਨ ਨਾਲ ਇਸ ਗੰਭੀਰ ਸਮੱਸਿਆ ਬਾਰੇ ਗੱਲ ਚਲਦੀ ਰਹੀ, ਜਿਸ ਵਲੋਂ ਇਹ ਦਲੀਲ ਤਾਂ ਦਿੱਤੀ ਜਾ ਰਹੀ ਸੀ ਕਿ ਮਾਮਲਾ ਹਾਈਕੋਰਟ 'ਚ ਹੈ ਤੇ ਉਸ ਨੇ ਸਬੰਧਤ ਫੌਜੀ ਦੇ ਪਰਿਵਾਰ ਨੂੰ ਜ਼ਮੀਨ ਦਾ ਕਬਜ਼ਾ ਦੁਆ ਕੇ ਉਸਦੀ ਰਿਪੋਰਟ ਹਾਈਕੋਰਟ ਨੂੰ ਕਰਨੀ ਹੈ ਪਰ ਉਸ ਕੋਲ ਉਜਾੜੇ ਜਾ ਰਹੇ 19 ਪਰਿਵਾਰਾਂ ਦੇ ਮੁੜ ਵਸੇਬੇ ਦੀ ਸਮੱਸਿਆ ਦਾ ਕੋਈ ਜਵਾਬ ਨਹੀਂ ਸੀ। ਸੰਘਰਸ਼ ਕਮੇਟੀ ਨੇ ਸੁਝਾਅ ਦਿੱਤਾ ਕਿ ਸਰਕਾਰ ਸਬੰਧਤ ਫੌਜੀ ਦੇ ਪਰਿਵਾਰ ਨੂੰ ਉਸਦੇ ਪਿੰਡ ਨੇੜੇ ਜਾਂ ਕਿਸੇ ਹੋਰ ਇਲਾਕੇ 'ਚ ਖਾਲੀ ਪਈ ਜ਼ਮੀਨ ਦੇ ਸਕਦੀ ਹੈ ਜਾਂ ਕਿਸੇ ਹੋਰ ਢੰਗ ਤਰੀਕੇ ਨਾਲ ਉਸਦੀ ਭਰਪਾਈ ਕੀਤੀ ਜਾ ਸਕਦੀ ਹੈ। ਇਸ ਲਈ 1947 'ਚ ਉਜੜ ਕੇ ਵਸੇ ਇਨ੍ਹਾਂ ਲੋਕਾਂ ਨੂੰ ਮੁੜ ਨਾ ਉਜਾੜਿਆ ਜਾਵੇ ਜਿਨ੍ਹਾਂ ਜਾਨਾਂ 'ਤੇ ਖੇਲ ਕੇ ਇਹ ਜ਼ਮੀਨਾਂ ਅਬਾਦ ਕੀਤੀਆਂ ਸਨ ਤੇ ਉਨ੍ਹਾਂ ਦੀ ਚੌਥੀ ਪੀੜ੍ਹੀ ਇਨ੍ਹਾਂ ਜ਼ਮੀਨਾਂ ਤੋਂ ਆਪਣਾ ਪੇਟ ਪਾਲ ਰਹੀ ਹੈ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਚਲ ਰਹੀ ਗੱਲਬਾਤ ਦੌਰਾਨ ਪ੍ਰਸ਼ਾਸਨ ਨੂੰ ਇਹ ਗੱਲ ਵੀ ਕਹੀ ਕਿ ਉਹ 1962 ਦੀ ਜੰਗ ਦੇ ਸ਼ਹੀਦ ਫੌਜੀ ਦੇ ਪਰਵਾਰ ਨੂੰ ਦਰਿਆ-ਬੁਰਦ ਜ਼ਮੀਨ ਦੇ ਕੇ ਉਸ ਨਾਲ ਕੋਈ ਇਨਸਾਫ ਨਹੀਂ ਕਰ ਰਿਹਾ, ਇਸਦੇ ਉਲਟ ਉਜਾੜੇ ਜਾ ਰਹੇ ਅਬਾਦਕਾਰਾਂ ਦੇ ਪਰਿਵਾਰਾਂ ਨਾਲ ਦੁਸ਼ਮਣੀ ਜ਼ਰੂਰ ਪੁਆ ਰਿਹਾ ਹੈ। ਇਹ ਗੱਲਬਾਤ 14 ਮਈ ਤੱਕ ਚਲਦੀ ਰਹੀ ਪਰ ਸੱਤਾਧਾਰੀ ਧਿਰ ਨਾਲ ਸਬੰਧਤ ਇਸ ਮਾਮਲੇ 'ਚ ਰੋਲ ਨਿਭਾਅ ਰਹੇ ਦਲਾਲ ਕਿਸਮ ਦੇ ਲੋਕਾਂ ਨੇ ਸਮਝੌਤੇ ਦੀਆਂ ਕੋਸ਼ਿਸ਼ਾਂ ਸਿਰੇ ਨਾ ਲੱਗਣ ਦਿੱਤੀਆਂ। ਸਿੱਟੇ ਵਜੋਂ ਲੁਧਿਆਣਾ ਜ਼ਿਲ੍ਹੇ ਦੇ ਨਾਲ ਨਾਲ ਜਲੰਧਰ ਜ਼ਿਲ੍ਹੇ ਦੇ ਮੰਡ ਦੇ ਅਬਾਦਕਾਰਾਂ ਨੂੰ 15 ਮਈ ਵਾਲੇ ਦਿਨ ਕੰਨੀਆਂ ਪਿੰਡ ਪਹੁੰਚਣ ਦੇ ਸੁਨੇਹੇ ਦੇ ਦਿੱਤੇ ਗਏ। ਪਿੰਡ ਦੇ ਲੋਕ ਸਮੇਤ ਬੱਚਿਆਂ ਰਾਤ ਨੂੰ ਵੀ ਧਰਨੇ 'ਤੇ ਰਹੇ। ਤੜਕੇ ਸਵੇਰੇ, ਜਦ ਇਹ ਖ਼ਬਰ ਪਹੁੰਚੀ ਕਿ ਪ੍ਰਸ਼ਾਸ਼ਨ ਭਾਰੀ ਪੁਲਸ ਫੋਰਸ ਲੈ ਕੇ ਕਬਜ਼ਾ ਲੈਣ ਲਈ ਆ ਰਿਹਾ ਹੈ ਤਾਂ ਸਾਥੀ ਗੁਰਨਾਮ ਸਿੰਘ ਸੰਘੇੜਾ ਸਮੇਂ ਸਿਰ ਧਰਨੇ ਵਾਲੀ ਥਾਂ ਪਹੁੰਚ ਗਏ। ਪ੍ਰਸ਼ਾਸਨ ਨੇ 7 ਵਜੇ ਤੋਂ ਪਹਿਲਾਂ ਹੀ ਪਿੰਡ ਦੇ ਆਲੇ ਦੁਆਲੇ ਨਾਕਾਬੰਦੀ ਕਰ ਦਿੱਤੀ। ਭਾਰੀ ਪੁਲਸ ਦੇ ਨਾਲ ਰੇਤ ਮਾਫੀਆ ਨਾਲ ਸਬੰਧਤ  ਵੱਡੀ ਗਿਣਤੀ ਗੁੰਡਾ ਅਨਸਰ ਵੀ ਆਏ ਹੋਏ ਸਨ। ਐਸ.ਐਚ.ਓ. ਸਦਰ ਨੇ ਸਾਥੀ ਸੰਘੇੜਾ ਨੂੰ ਐਸ.ਡੀ.ਐਮ.ਨਾਲ ਗੱਲ ਕਰਨ ਲਈ ਧਰਨੇ ਤੋਂ ਬਾਹਰ ਸੱਦਿਆ ਪਰ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜੇਕਰ ਗੱਲਬਾਤ ਕਰਨੀ ਹੈ ਤਾਂ ਅਬਾਦਕਾਰਾਂ ਦੀ ਹਾਜ਼ਰੀ ਵਿਚ ਹੀ ਹੋਵੇਗੀ। ਅਬਾਦਕਾਰ ਤੇ ਪਿੰਡ ਦੇ ਲੋਕ ਸ਼ਾਂਤਮਈ ਢੰਗ ਨਾਲ ਧਰਨੇ 'ਤੇ ਬੈਠੇ ਰਹੇ। ਪੁਲਸ ਨੇ ਬਿਨਾਂ ਕਿਸੇ ਭੜਕਾਹਟ ਦੇ ਧਰਨਾਕਾਰੀਆਂ 'ਤੇ ਪਾਣੀ ਦੀਆਂ ਵਾਛੜਾਂ ਸੁੱਟਦਿਆਂ ਨਾਲ ਹੀ ਵਹਿਸ਼ੀ ਢੰਗ ਨਾਲ ਲਾਠੀਚਾਰਜ ਵੀ ਸ਼ੁਰੂ ਕਰ ਦਿੱਤਾ। ਪੁਲਸ ਨੇ ਪਹਿਲੇ ਹੱਲੇ ਵਿਚ ਹੀ ਸਾਥੀ ਗੁਰਨਾਮ ਸਿੰਘ ਸੰਘੇੜਾ ਨੂੰ ਰਾਮ ਸਿੰਘ, ਪਿਆਰ ਕੌਰ, ਮਾਇਆ ਬਾਈ, ਕੁਲਵੰਤ ਕੌਰ ਤੇ ਦੀਪੋ ਬਾਈ ਸਮੇਤ ਗ੍ਰਿਫਤਾਰ ਕਰ ਲਿਆ। ਲਾਠੀਚਾਰਜ ਦੌਰਾਨ ਇਨ੍ਹਾਂ ਸਾਥੀਆਂ ਦੇ ਸੱਟਾਂ ਵੀ ਲੱਗੀਆਂ। ਬਾਕੀ ਧਰਨਾਕਾਰੀਆਂ 'ਤੇ ਬਹੁਤ ਹੀ ਬੇਕਿਰਕੀ ਨਾਲ ਡਾਂਗਾਂ ਵਰ੍ਹਾਉਂਦਿਆਂ ਉਨ੍ਹਾਂ ਨੂੰ ਭਜਾ ਭਜਾ ਕੇ ਕੁੱਟਿਆ ਗਿਆ।
ਇਸ ਪਿੰਡ ਵਿਚ ਇਕ ਲੇਖ ਰਾਜ ਨਾਂਅ ਦੇ ਵਿਅਕਤੀ ਦੀ 14 ਮਈ ਨੂੰ ਮੌਤ ਹੋ ਗਈ ਸੀ ਤੇ 15 ਮਈ ਨੂੰ ਉਸਦਾ ਅੰਤਮ ਸੰਸਕਾਰ ਕੀਤਾ ਜਾਣਾ ਸੀ। ਉਸਦੀ ਭੈਣ ਫਰੀਦਾਬਾਦ ਜ਼ਿਲ੍ਹੇ ਤੋਂ ਲੰਬਾ ਸਫਰ ਤੈਅ ਕਰਕੇ ਸਵੇਰੇ ਪਿੰਡ ਪਹੁੰਚੀ ਸੀ। ਪਿੰਡ ਦੇ ਬਾਹਰ ਹੀ ਸੀ ਕਿ ਪੁਲਸ ਨੇ ਉਸਨੂੰ ਵੀ ਨਹੀਂ ਬਖ਼ਸ਼ਿਆ ਤੇ ਬੁਰੀ ਤਰ੍ਹਾਂ ਕੁੱਟਿਆ। ਜਦੋਂ ਲੋਕ ਲੇਖ ਰਾਜ ਦਾ ਸੰਸਕਾਰ ਕਰਕੇ ਸ਼ਮਸ਼ਾਨ ਘਾਟ ਤੋਂ ਪਿੰਡ ਵਾਪਸ ਪਰਤ ਰਹੇ ਸਨ ਤਾਂ ਪੁਲਸ ਨੇ ਉਨ੍ਹਾਂ ਨੂੰ ਵੀ ਪਿੰਡ ਦੀ ਫਿਰਨੀ 'ਤੇ ਹੀ ਘੇਰ ਲਿਆ ਅਤੇ ਬੁਰੀ ਤਰ੍ਹਾਂ ਕੁਟਾਪਾ ਚਾੜ੍ਹਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਪੁਲਸ ਦੇ ਨਾਲ ਆਏ ਗੁੰਡਾ ਅਨਸਰਾਂ ਨੇ ਇੱਟਾਂ ਵੱਟੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਆਪਣੇ ਬਚਾਅ ਲਈ ਲੋਕ ਵੀ ਅੱਗਿਓਂ ਜਵਾਬ ਦੇਣ ਲੱਗੇ ਤਾਂ ਪੁਲਸ ਜਿਵੇਂ ਮੌਕੇ ਦੀ ਉਡੀਕ ਵਿਚ ਹੋਵੇ, ਉਸ ਨੇ ਅੱਥਰੂ ਗੈਸ ਛੱਡਦਿਆਂ ਗੋਲੀਆਂ ਵੀ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਲੋਕ ਡਰਦੇ ਮਾਰੇ ਇੱਧਰ-ਉਧਰ ਭੱਜਣ ਲੱਗੇ। ਇਸੇ ਸਸਕਾਰ ਵਿਚ ਸ਼ਾਮਲ ਹੋਣ ਲਈ ਫਿਰੋਜਪੁਰ ਜ਼ਿਲ੍ਹੇ ਦੇ ਪਿੰਡ ਪੀਰ ਬੇਰੀਆਂ ਤੋਂ ਸਬੰਧਤ ਪਰਿਵਾਰ ਦੇ ਰਿਸ਼ਤੇਦਾਰ ਇਕ ਮਿੰਨੀ ਟੈਂਪੂ (ਛੋਟਾ ਹਾਥੀ) 'ਤੇ ਆ ਰਹੇ ਸਨ ਜਿਨ੍ਹਾਂ ਨੂੰ ਪੁਲਸ ਨੇ ਗਿੱਦੜਵਿੰਡੀ ਵਲੋਂ ਪਿੰਡ ਨੂੰ ਆਉਂਦਿਆਂ ਬੁੱਢੇ ਦਰਿਆ ਦੇ ਪਿੰਡ 'ਤੇ ਰੋਕ ਕੇ ਛੱਲੀਆਂ ਵਾਂਗ ਕੁੱਟਿਆ ਤੇ ਉਨ੍ਹਾਂ ਨੂੰ ਵਾਪਸ ਮੁੜਨ ਲਈ ਮਜ਼ਬੂਰ ਕਰ ਦਿੱਤਾ। ਇਹ ਲੋਕ ਲੇਖ ਰਾਜ ਦੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਨਾ ਕਰ ਸਕੇ।
ਸ਼ਰੇਆਮ ਗੁੰਡਾਗਰਦੀ 'ਤੇ ਉਤਰੀ ਪੁਲਸ ਇੱਥੇ ਹੀ ਨਹੀਂ ਰੁਕੀ। ਪਿੰਡ ਦੇ ਬਾਹਰਵਾਰ ਫਿਰਨੀ ਤੇ ਸਥਿਤ ਬੇਲਦਾਰ ਸੁੱਚਾ ਸਿੰਘ ਦੇ ਘਰ ਦਾਖਲ ਹੋ ਕੇ ਉਸਦੇ ਪਰਿਵਾਰ ਨੂੰ ਬਿਨਾ ਕਿਸੇ ਕਾਰਨ ਕੁੱਟਣਾ ਸ਼ੂਰੂ ਕਰ ਦਿੱਤਾ। ਜ਼ੁਲਮ ਦੀਆਂ ਹੱਦਾਂ ਬੰਨੇ ਟੱਪਦਿਆਂ ਹਲਕੀ ਹੋਈ ਪੁਲਸ ਨੇ ਸੁੱਚਾ ਸਿੰਘ ਦੇ ਪੋਲੀਓਗ੍ਰਸਤ 8 ਤੇ 10 ਸਾਲ ਦੇ ਦੋ ਬੱਚਿਆਂ ਨੂੰ ਵੀ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ। 10 ਸਾਲ ਦੇ ਹਰਦੀਪ ਦੀ ਹਾਲਤ ਅੱਜ ਵੀ ਅਜਿਹੀ ਹੈ ਕਿ ਉਹ ਤੁਰਨ ਫਿਰਨ ਦੇ ਕਾਬਲ ਨਹੀਂ। ਇੱਥੇ ਹੀ ਬਸ ਨਹੀਂ ਪੁਲਸ ਨੇ ਸੁੱਚਾ ਸਿਘ ਦੇ ਮਕਾਨਾਂ ਦੇ ਦਰਵਾਜ਼ੇ ਭੰਨ ਦਿੱਤੇ, ਵਾਸ਼ਿੰਗ ਮਸ਼ੀਨ ਤੇ ਟੀ.ਵੀ. ਤੋੜ ਦਿੱਤੇ। ਸੁੱਚਾ ਸਿੰਘ ਤੋਂ ਅਗਲਾ ਘਰ ਮਲਕੀਅਤ ਸਿੰਘ ਦਾ ਹੈ। ਪੁਲਸ ਉਸਦੇ ਘਰ ਵੀ ਦਾਖਲ ਹੋ ਗਈ ਤੇ ਪਰਿਵਾਰ ਨੂੰ ਅੰਨ੍ਹੇ ਤਸ਼ੱਦਦ ਦਾ ਸ਼ਿਕਾਰ ਬਣਾਇਆ। ਘਰ ਦਾ ਅੰਦਰਲਾ ਦਰਵਾਜ਼ਾ ਭੰਨ ਦਿੱਤਾ, ਰੌਸ਼ਨਦਾਨ ਤੋੜ ਦਿੱਤੇ, ਛੱਤ ਵਾਲਾ ਪੱਖਾ ਤੇ ਵਾਸ਼ਿੰਗ ਮਸ਼ੀਨ ਤੋੜ ਦਿੱਤੀ ਅਤੇ ਵਿਹੜੇ 'ਚ ਖੜ੍ਹੇ ਮੋਟਰਸਾਇਕਲ ਅਤੇ ਰੋਟੀਆਂ ਪਕਾਉਣ ਵਾਲੇ ਤੰਦੂਰ ਨੂੰ ਵੀ ਤੋੜ ਦਿੱਤਾ। ਇਸ ਤੋਂ ਅਗਲਾ ਘਰ ਮਲਕੀਤ ਸਿੰਘ ਦੇ ਭਰਾ ਸਤਨਾਮ ਸਿੰਘ ਦਾ ਹੈ। ਪੁਲਸ ਵਲੋਂ ਕੀਤੀ ਗਈ ਫਾਇਰਿੰਗ ਤੋਂ ਡਰਦੇ ਮਾਰੇ ਸਸਕਾਰ ਤੋਂ ਪਰਤ ਰਹੇ ਲੋਕ ਪਨਾਹ ਲੈਣ ਲਈ ਜਦ ਸਤਨਾਮ ਸਿੰਘ ਦੇ ਘਰ ਵੜ ਗਏ ਤਾਂ ਪੁਲਸ ਨੇ ਘਰ ਦੇ ਅੰਦਰ ਅੱਥਰੂ ਗੈਸ ਦੇ ਗੋਲੇ ਸੁੱਟੇ ਜਿਸ ਕਾਰਨ ਨਾਲ ਲੱਗਦੇ ਖੇਤਾਂ 'ਚ ਖੜ੍ਹੇ ਨਾੜ ਨੂੰ ਅੱਗ ਲੱਗ ਗਈ। ਲੋਕਾਂ ਨੇ ਇਥੇ ਪੁਲਸ ਦੀ ਮੁਜ਼ਾਹਮਤ ਕਰਨ ਦੀ ਕੋਸ਼ਿਸ਼ ਵੀ ਕੀਤੀ। ਇੰਨੇ ਵਿਚ ਬਾਹਰਲੀ ਪੁਲਸ ਵੀ ਪਹੁੰਚ ਗਈ ਤੇ ਪਿੰਡ ਉਪਰ ਵੱਡੀ ਪੱਧਰ 'ਤੇ ਹਮਲਾ ਬੋਲ ਦਿੱਤਾ ਗਿਆ ਜਿਸ ਦੌਰਾਨ ਲਾਠੀਚਾਰਜ, ਅੱਥਰੂ ਗੈਸ ਅਤੇ ਗੋਲੀਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ। ਸਤਨਾਮ ਸਿੰਘ ਦੇ ਮਕਾਨ ਦੇ ਦਰਵਾਜ਼ੇ ਵੀ ਪੁਲਸ ਨੇ ਭੰਨ ਦਿੱਤੇ ਤੇ ਸਾਰੇ ਪਰਿਵਾਰ 'ਤੇ ਅੰਨ੍ਹਾ ਲਾਠੀਚਾਰਜ ਕੀਤਾ। ਇਸੇ ਦੌਰਾਨ ਗਿੱਦੜਵਿੰਡੀ 'ਚ 12ਵੀਂ ਜਮਾਤ ਵਿਚ ਪੜ੍ਹਦੀ ਸਤਨਾਮ ਸਿੰਘ ਦੀ ਲੜਕੀ ਮਨਜੀਤ ਵੀ ਘਰ ਆ ਗਈ ਤੇ ਉਹ ਵੀ ਪੁਲਸ ਦੇ ਜਬਰ ਤੋਂ ਬਚ ਨਹੀਂ ਸਕੀ। ਉਸਦੀਆਂ ਬਾਹਾਂ ਤੇ ਡਾਂਗਾਂ ਦੇ ਨਿਸ਼ਾਨ ਅਜੇ ਵੀ ਜਿਓਂ ਦੇ ਤੀਓਂ ਹਨ। ਘਰ ਦੀਆਂ ਅਲਮਾਰੀਆਂ, ਦਰਵਾਜ਼ੇ, ਚੁਬਾਰੇ ਦੇ ਦਰਵਾਜ਼ੇ ਅਤੇ ਸ਼ੀਸ਼ੇ ਚਕਨਾਚੂਰ ਹੋ ਚੁੱਕੇ ਹਨ। ਇਸ ਘਰ ਦੇ ਚੁਬਾਰੇ ਉਪਰ ਚੜ੍ਹ ਕੇ ਪੁਲਸ ਨੇ ਪਿੰਡ ਉਪਰ ਗੋਲੀਆਂ ਚਲਾਈਆਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜੋ ਕਿ ਸਕੂਲ ਵਿਚ ਡਿੱਗੇ ਜਿਸ ਸਮੇਂ ਵਿਦਿਆਰਥੀ ਪੜ੍ਹ ਰਹੇ ਸਨ। ਇਕ ਗੋਲਾ ਇਸ ਚੁਬਾਰੇ ਵਿਚ ਵੀ ਸੁਟਿਆ ਗਿਆ, ਜਿਸ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ। ਪੁਲਸ ਦੀ ਭੁੱਖ ਅਜੇ ਵੀ ਪੂਰੀ ਨਹੀਂ ਸੀ ਹੋਈ। ਤਿੰਨ ਚਾਰ ਘਰ ਅੱਗੇ ਇਨ੍ਹਾਂ ਭਰਾਵਾਂ ਦੇ ਪਿਤਾ ਅਵਤਾਰ ਸਿੰਘ ਦਾ ਘਰ ਹੈ। ਪੁਲਸ ਉਨ੍ਹਾਂ ਦੇ ਘਰ ਅੰਦਰ ਵੜ ਗਈ ਅਤੇ ਜੋ ਵੀ ਸਾਹਮਣੇ ਆਇਆ, ਉਸ ਨੂੰ ਉਨ੍ਹਾਂ ਬਖਸ਼ਿਆ ਨਹੀਂ। ਔਰਤਾਂ ਨੂੰ ਵੀ ਬੇਰਹਿਮੀ ਨਾਲ ਕੁੱਟਿਆ। ਪਰਿਵਾਰ ਦੇ ਇਕ ਜੀਅ ਦਾ ਸਿਰ ਪਾੜ ਦਿੱਤਾ ਗਿਆ। ਮਕਾਨਾਂ ਦੇ ਸ਼ੀਸ਼ੇ ਭੰਨਤੋੜ ਦਿੱਤੇ ਗਏ। ਬਿਨਾਂ ਕਿਸੇ ਕਸੂਰ ਦੇ ਪੈ ਰਹੀ ਕੁੱਟ ਤੋਂ ਰੋਹ ਵਿਚ ਆਏ ਇਸ ਪਰਿਵਾਰ ਨੇ ਇਕ ਪੁਲਸ ਮੁਲਾਜ਼ਮ ਨੂੰ ਚੁਬਾਰੇ ਤੋਂ ਹੇਠਾਂ ਧੱਕਾ ਦੇ ਦਿੱਤਾ। ਅਖਬਾਰਾਂ ਵਿਚ ਤਸਵੀਰ ਇਸੇ ਘਰ ਦੀ ਤੇ ਉਸੇ ਪੁਲਸ ਮੁਲਾਜ਼ਮ ਦੀ ਲੱਗੀ ਸੀ। ਬੇਕਸੂਰ ਲੋਕਾਂ ਨੂੰ ਚਾੜ੍ਹੇ ਗਏ ਕੁਟਾਪੇ ਦੀ ਨਾ ਤਾਂ ਕੋਈ ਤਸਵੀਰ ਹੀ ਮੀਡੀਆ ਦੇ ਕਿਸੇ ਹਿੱਸੇ ਵਿਚ ਦੇਖਣ ਨੂੰ ਮਿਲੀ ਨਾ ਹੀ ਕੋਈ ਅਜਿਹਾ ਵੀਡਿਓ ਹੀ ਸਾਹਮਣੇ ਆਇਆ ਕਿਉਂਕਿ ਇਨ੍ਹਾਂ ਸਧਾਰਨ ਲੋਕਾਂ ਦੀ ਦੁਰਦਸ਼ਾ ਦੀ ਤਸਵੀਰ ਖਿੱਚਣ ਵਾਲਾ ਕੋਈ ਸਮਾਰਟ ਫੋਨ ਇਸ ਇਲਾਕੇ ਵਿਚ ਨਹੀਂ ਸੀ।
ਪਿੰਡ ਸ਼ੇਰੇਵਾਲ ਦਾ ਜੀਤ ਸਿੰਘ ਕੰਨੀਆਂ ਹੁਸੈਨੀ ਨੂੰ ਬਣਵਾਈ ਤੂੜੀ ਦੇ ਪੈਸੇ ਦੇਣ ਆ ਰਿਹਾ ਸੀ ਕਿ ਉਸ ਉਪਰ ਅੱਥਰੂ ਗੈਸ ਦਾ ਗੋਲਾ ਆ ਵੱਜਿਆ ਤੇ ਉਹ ਡਿੱਗ ਪਿਆ। ਡਿੱਗੇ ਪਏ ਨੂੰ ਪੁਲਸ ਨੇ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਸ ਦੇ ਦੋ ਦੰਦ ਟੁੱਟ ਗਏ, ਨੱਕ 'ਤੇ ਵੀ ਸੱਟ ਲੱਗੀ ਤੇ ਰਹਿੰਦੀ ਕਸਰ ਪੁਲਸੀਆਂ ਨੇ ਜੇਬ 'ਚੋਂ ਉਸ ਦਾ ਬਟੂਆ ਕੱਢ ਕੇ ਪੂਰੀ ਕਰ ਦਿੱਤੀ, ਜਿਸ ਵਿਚ 10,000 ਰੁਪਏ ਸਨ।
ਪਿੰਡ ਵਿਚੋਂ ਜਦ ਪੁਲਸ ਇਕ ਗਲੀ 'ਚੋਂ ਲੰਘ ਰਹੀ ਸੀ ਤਾਂ ਕਸ਼ਮੀਰ ਸਿੰਘ ਦੇ ਘਰ ਦਾ ਦਰਵਾਜਾ ਬੰਦ ਦੇਖ ਕੇ ਉਹ ਜਬਰੀ ਵਿਹੜੇ 'ਚ ਦਾਖ਼ਲ ਹੋਏ ਤੇ ਦਰਵਾਜ਼ੇ ਭੰਨਣ ਲੱਗ ਪਏ। ਅੰਦਰੋਂ ਬੱਚਿਆਂ ਨੇ ਜਵਾਬ ਦਿੱਤਾ, ''ਅੰਕਲ ਅਸੀਂ ਬੱਚੇ ਹਾਂ, ਡਰਦਿਆਂ ਨੇ ਦਰਵਾਜ਼ਾ ਬੰਦ ਕੀਤਾ ਹੈ। ਅੰਦਰ ਕੋਈ ਵੱਡਾ ਆਦਮੀ ਨਹੀਂ, ਸਾਡੇ ਨਾਲ ਸਾਡੀ ਦਾਦੀ ਮਾਂ ਤੇ ਮੰਮੀ ਹੈ, ਹੋਰ ਕੋਈ ਨਹੀਂ।'' ਇਨ੍ਹਾਂ ਮਾਸੂਮਾਂ 'ਤੇ ਪੁਲਸ ਨੂੰ ਕੋਈ ਤਰਸ ਨਹੀਂ ਆਇਆ। ਉਨ੍ਹਾਂ ਸੀਮਿੰਟ ਦੀ ਚੁਗਾਠ ਤੋੜ ਦਿੱਤੀ ਤੇ ਦਰਵਾਜ਼ਾ ਸੁੱਟ ਕੇ ਅੰਦਰ ਦਾਖ਼ਲ ਹੋ ਗਏ। ਅੰਦਰ 14 ਸਾਲ ਦੀ ਕੁਲਦੀਪ, 16 ਸਾਲ ਦੀ ਰੂਪਾ ਤੇ 18 ਸਾਲ ਦੀ ਪ੍ਰੇਮੋ ਤੇ ਉਨ੍ਹਾਂ ਦੀ ਦਾਦੀ ਸ਼ਿੰਦੋ ਬਾਈ ਤੇ ਮੰਮੀ ਪਿਆਰੋ ਬਾਈ ਨੂੰ ਉਨ੍ਹਾਂ ਰੱਜ ਕੇ ਕੁਟਾਪਾ ਚਾੜ੍ਹਿਆ। ਇਨ੍ਹਾਂ 'ਚੋਂ ਪ੍ਰੇਮੋ ਪੋਲੀਓ ਦੀ ਮਰੀਜ਼ ਹੈ। ਕੁੱਟਮਾਰ ਦੀ ਭੰਨੀ ਪ੍ਰੇਮੋ ਅਜੇ ਤੱਕ ਚੱਲਣ ਫਿਰਨ ਦੇ ਕਾਬਲ ਨਹੀਂ ਹੋਈ। ਉਹ ਵਿਚਾਰੀ ਗੋਡਿਆਂ ਭਾਰ ਰੁੜ ਕੇ ਹੀ ਇੱਧਰ ਉਧਰ ਜਾਂਦੀ ਹੈ। ਇਸ ਘਰ ਦੇ ਨਜ਼ਦੀਕ ਹੀ ਚੌਕ ਵਿਚ ਸਸਕਾਰ ਤੋਂ ਪਰਤੇ ਮੈਂਬਰ ਪੰਚਾਇਤ ਸੁਮਿੱਤਰ ਸਿੰਘ ਨੂੰ ਛੱਲੀਆਂ ਵਾਂਗ ਕੁਟਾਪਾ ਚਾੜ੍ਹਿਆ ਗਿਆ। ਉਹ ਇਸ ਸਮੇਂ ਜੇਲ੍ਹ ਵਿਚ ਹੈ। ਸੁਮਿੱਤਰ ਸਿੰਘ ਦੇ ਪਿਤਾ ਸਰਵਣ ਸਿੰਘ ਦੀ ਅੰਤਮ ਅਰਦਾਸ ਅਜੇ ਇਕ ਦਿਨ ਪਹਿਲਾਂ ਹੀ ਹੋ ਕੇ ਹਟੀ ਸੀ। ਅਗਲੇ ਹੀ ਦਿਨ ਸੁਮਿੱਤਰ ਸਿੰਘ ਨੂੰ ਚੜ੍ਹੇ ਕੁਟਾਪੇ ਨੇ ਉਸਦੀ ਘਰਵਾਲੀ ਰਾਣੋ ਬਾਈ ਨੂੰ ਇੰਨਾ ਦਹਿਸ਼ਤਗਰਦਾ ਕਰ ਦਿੱਤਾ ਕਿ 16 ਮਈ ਨੂੰ ਉਸਨੂੰ ਦਿਲ ਦਾ ਦੌਰਾ ਪੈ ਗਿਆ ਅਤੇ 23 ਮਈ ਨੂੰ ਇਹ ਦੌਰਾ ਮੁੜ ਪਿਆ। ਮਹਿੰਦਰ ਸਿੰਘ ਦੇ ਲੜਕੇ ਲਖਬੀਰ ਸਿੰਘ ਦਾ ਘਰ ਵੀ ਨੇੜੇ ਹੀ ਹੈ। ਉਸ ਨੂੰ ਵੀ ਮਕਾਨ ਅੰਦਰੋਂ ਖਿੱਚ ਕੇ ਵਿਹੜੇ 'ਚ ਢਾਹ ਕੇ ਕੁਟਾਪਾ ਚਾੜ੍ਹਿਆ ਗਿਆ ਤੇ ਬਖ਼ਸ਼ਿਆ ਬਾਕੀ ਪਰਿਵਾਰ ਨੂੰ ਵੀ ਨਹੀਂ ਗਿਆ। ਲਖਬੀਰ ਸਿੰਘ ਦੇ ਘਰੋਂ ਪੁਲਸ ਮਕਾਨਾਂ ਦੀਆਂ ਛੱਤਾਂ 'ਤੇ ਚੜ੍ਹ ਗਈ ਤੇ ਉਥੋਂ ਪਿੰਡ ਵਿਚ ਅੱਥਰੂ ਗੈਸ ਦੇ ਗੋਲੇ ਇੰਝ ਵਰ੍ਹਾਉਂਦੀ ਰਹੀ ਜਿਵੇਂ ਪਾਕਿਸਤਾਨ ਨਾਲ ਜੰਗ ਲੱਗ ਗਈ ਹੋਵੇ। ਛੱਤਾਂ ਉਪਰੋਂ ਹੁੰਦੀ ਹੋਈ ਪੁਲਸ ਗੁਰਦੁਆਰੇ ਪਹੁੰਚ ਗਈ। ਕੰਧ ਉਪਰੋਂ ਨਿਸ਼ਾਨ ਸਾਹਿਬ ਦੇ ਉਪਰ ਬੂਟਾਂ ਸਮੇਤ ਪੈਰ ਰੱਖ ਕੇ ਉਹ ਗੁਰਦੁਆਰੇ ਅੰਦਰ ਦਾਖ਼ਲ ਹੋਏ। ਪੁਲਸ ਵਲੋਂ ਇੱਥੇ ਕੀਤੀ ਗਈ ਮਰਿਆਦਾ ਦੀ ਉਲੰਘਣਾ ਕਿਸੇ ਵੀ ਜੱਥੇਦਾਰ ਨੂੰ ਨਜ਼ਰ ਨਹੀਂ ਆਈ। ਉਨ੍ਹਾਂ ਇਸ ਉਲੰਘਣਾ ਤੋਂ ਪੂਰੀ ਤਰ੍ਹਾਂ ਅੱਖਾਂ ਮੀਟ ਲਈਆਂ ਕਿਉਂਕਿ ਇਹ ਗੁਰਦੁਆਰਾ ਗਰੀਬ ਗੁਰਬਿਆਂ ਦਾ ਸੀ। ਜੇ ਕਿਸੇ ਮਾਡਲ ਟਾਊਨ ਜਾਂ ਕਿਸੇ ਮਹਾਂਨਗਰ ਵਿਚ ਅਜਿਹਾ ਵਾਪਰ ਗਿਆ ਹੁੰਦਾ ਤਾਂ ਸ਼ਾਇਦ ਸਾਰਾ ਪੰਜਾਬ ਜੰਗ ਦਾ ਮੈਦਾਨ ਬਣਾ ਦਿੱਤਾ ਜਾਂਦਾ।
ਗੁਰਦੁਆਰੇ ਦੇ ਗ੍ਰੰਥੀ ਰਣਜੀਤ ਸਿੰਘ ਦੀ ਮਾਤਾ ਤੇ ਬਾਪ ਚਮਕੌਰ ਸਿੰਘ ਫਾਜ਼ਿਲਕਾ ਜ਼ਿਲ੍ਹੇ ਤੋਂ ਆਪਣੇ ਪੁੱਤਰ ਨੂੰ ਮਿਲਣ ਆਏ ਹੋਏ ਸਨ। ਸ. ਚਮਕੌਰ ਸਿੰਘ ਸਸਕਾਰ ਤੋਂ ਪਰਤ ਰਹੀ ਸੰਗਤ ਵਾਸਤੇ ਦੇਗ ਤਿਆਰ ਕਰ ਰਿਹਾ ਸੀ ਤੇ ਗ੍ਰੰਥੀ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਵਸਤਰ ਠੀਕ ਕਰ ਰਿਹਾ ਸੀ। ਪੁਲਸ ਬੂਟਾਂ ਸਮੇਤ ਅੰਦਰ ਵੜੀ ਅਤੇ ਉਸ ਨੂੰ ਬਾਹਰ ਵਿਹੜੇ ਵਿਚ ਖਿੱਚ ਲਿਆਂਦਾ। ਸਮੁੱਚੇ ਪਰਿਵਾਰ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਇਸ ਕੁੱਟ ਤੋਂ ਪੁਲਸ ਅਫਸਰਾਂ ਦੀ ਤਸੱਲੀ ਨਹੀਂ ਹੋਈ ਤੇ ਉਨ੍ਹਾਂ ਗ੍ਰੰਥੀ ਸਿੰਘ ਨੂੰ ਬਾਹਰ ਗਲੀ ਵਿਚ ਕੱਢ ਲਿਆ ਤੇ ਤਿੰਨ ਤਿੰਨ ਸਟਾਰਾਂ ਵਾਲੇ ਪੁਲਸ ਅਫਸਰਾਂ ਨੇ ਵੀ ਉਸ ਉਪਰ ਆਪਣੇ ਹੱਥ ਸਿੱਧੇ ਕੀਤੇ। ਇਸ ਧੱਕੇਸ਼ਾਹੀ ਨੂੰ ਨਾਲ ਲੱਗਦੇ ਘਰ ਦੀ ਬੀਬੀ ਗੌਰਾਂ ਬਾਈ ਸਹਿਣ ਨਾ ਕਰ ਸਕੀ ਤੇ ਉਹ ਪੁਲਸੀਆਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਅੱਗੇ ਆਈ ਪਰ ਇਨ੍ਹਾਂ ''ਜਿੰਮੇਵਾਰ'' ਅਧਿਕਾਰੀਆਂ ਨੇ ਉਸ ਬੀਬੀ ਨੂੰ ਵੀ ਢਾਹ ਲਿਆ ਅਤੇ ਉਸ ਦੀਆਂ ਖੱਬੇ ਤੇ ਸੱਜੇ ਪਾਸੇ ਦੀਆਂ ਪੱਸਲੀਆਂ ਕੁੱਟ ਕੁੱਟ ਤੋੜ ਦਿੱਤੀਆਂ। ਇਸੇ ਤਰ੍ਹਾਂ ਪੂਰਨ ਸਿੰਘ, ਸੁਰਜੀਤ ਸਿੰਘ, ਪ੍ਰੀਤਮ ਸਿੰਘ ਤੇ ਰਾਜ ਕੁਮਾਰ 'ਤੇ ਵੀ ਅੰਨ੍ਹਾ ਤਸ਼ੱਦਦ ਢਾਹਿਆ ਗਿਆ। ਜਿਸ ਵਿਚ ਪ੍ਰੀਤਮ ਸਿੰਘ ਤੇ ਰਾਜ ਕੁਮਾਰ ਦੀ ਬਾਂਹ ਟੁੱਟ ਗਈ, ਪੂਰਨ ਸਿੰਘ ਦੀ ਲੱਤ ਦੋਵਾਂ ਥਾਵਾਂ ਤੋਂ ਟੁੱਟ ਗਈ। ਇਹ ਤਿੰਨੋ ਜਣੇ ਇਸ ਸਮੇਂ ਜੇਲ੍ਹ ਵਿਚ ਬੰਦ ਹਨ।
ਇਸੇ ਤਰ੍ਹਾਂ ਪੁਲਸ ਮਰਹੂਮ ਗੁਰਾਂ ਸਿੰਘ ਦੇ ਘਰ ਦਾਖਲ ਹੋਈ ਅਤੇ ਮੰਜੇ 'ਤੇ ਪਈ ਪੋਲੀਓ ਦੀ ਸ਼ਿਕਾਰ ਉਸਦੀ ਪੋਤੀ ਜਸਬੀਰ ਕੌਰ ਨੂੰ ਵੀ ਆਪਣੇ ਕਹਿਰ ਦਾ ਸ਼ਿਕਾਰ ਬਣਾਇਆ। ਮਕਾਨ ਦਾ ਦਰਵਾਜ਼ਾ ਤੇ ਅਲਮਾਰੀ ਭੰਨ ਤੋੜ ਦਿੱਤੇ ਗਏ। ਜਸਬੀਰ ਕੌਰ ਦੇ ਭਰਾ ਮਨਜੀਤ ਸਿੰਘ ਦੇ ਖੱਬੇ ਮੋਢੇ 'ਤੇ ਗੋਲੀ ਵੱਜੀ ਹੈ ਜਿਸ ਨੂੰ 22 ਟਾਂਕੇ ਲੱਗੇ ਹਨ। ਇਸੇ ਤਰ੍ਹਾਂ ਧਰਨੇ ਵਿਚ ਸ਼ਾਮਲ ਚੰਦੂ ਸਿੰਘ ਨੂੰ ਵੀ ਇੰਨਾ ਕੁੱਟਿਆ ਗਿਆ ਕਿ ਉਸਨੂੰ ਡੀਐਮਸੀ ਲੁਧਿਆਣਾ ਵਿਚ ਦਾਖ਼ਲ ਕਰਵਾਉਣਾ ਪਿਆ। ਬੱਸਾ ਸਿੰਘ ਦਾ ਪੁੱਤਰ ਬਾਲਾ ਸਿੰਘ ਪੁਲਸ ਦੀਆਂ ਲਾਠੀਆਂ ਨੇ ਇੰਨਾ ਭੰਨਿਆ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ 18 ਮਈ ਨੂੰ ਉਹ ਪੂਰਾ ਹੋ ਗਿਆ। ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਜਖ਼ਮੀ ਹੋਏ ਹਨ। ਇਕੱਲੇ ਇਕੱਲੇ ਦਾ ਵੇਰਵਾ ਦਿੰਦਿਆਂ ਸੂਚੀ ਬਹੁਤ ਲੰਮੀ ਹੋ ਜਾਵੇਗੀ। ਇਹ ਲੋਕ ਇੰਨੇ ਡਰੇ ਹੋਏ ਹਨ ਕਿ ਕੋਈ ਵੀ ਮੈਡੀਕਲ ਜਾਂਚ ਕਰਵਾਉਣ ਦੀ ਹਿੰਮਤ ਨਹੀਂ ਜੁਟਾ ਸਕਿਆ।
ਕੰਨੀਆਂ ਹੁਸੈਨੀ ਦੇ ਪਿੰਡੇ 'ਤੇ ਪਈਆਂ ਲਾਸਾਂ, ਟੁੱਟੀਆਂ ਪਸਲੀਆਂ ਅਤੇ ਗੋਲੀਆਂ ਵੱਜਣ ਕਾਰਨ ਹੋਏ ਜ਼ਖ਼ਮ ਅਜੇ ਵੀ ਅੱਲੇ ਹਨ। ਇਸ ਵਹਿਸ਼ੀਆਨਾ ਜ਼ੁਲਮ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਪੁਲਸ ਆਮ ਲੋਕਾਂ ਦੀ ਰਾਖੀ ਲਈ ਨਹੀਂ, ਉਨ੍ਹਾਂ ਨੂੰ ਦਬਾਉਣ ਲਈ ਹੁੰਦੀ ਹੈ। ਇਸ ਜ਼ੁਲਮ ਨੇ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਦੇ ''ਰਾਜ ਨਹੀਂ ਸੇਵਾ'' ਦੇ ਆਡੰਬਰ ਦਾ ਕੱਚ-ਸੱਚ ਵੀ ਲੋਕਾਂ ਅੱਗੇ ਨੰਗਾ ਕਰ ਦਿੱਤਾ।  ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ''ਅੱਛੇ ਦਿਨ'' ਕਿਨ੍ਹਾਂ ਦੇ ਆਏ ਹਨ।
ਮੰਡ/ਬੇਟ ਏਰੀਆ ਤੇ ਅਬਾਦਕਾਰ ਸੰਘਰਸ਼ ਕਮੇਟੀ ਵਲੋਂ ਲੜੇ ਗਏ ਇਸ ਸੰਘਰਸ਼ ਦੀ ਰਿਪੋਰਟ ਪਿਛਲੇ ਅੰਕ ਵਿਚ ਤੁਸੀਂ ਪੜ੍ਹ ਚੁੱਕੇ ਹੋ, ਜਿਸ ਵਿਚ ਦੱਸਿਆ ਗਿਆ ਸੀ ਕਿ ਸੈਂਕੜਿਆਂ ਦੀ ਗਿਣਤੀ ਵਿਚ ਵਰਕਰਾਂ ਤੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਨੇ ਸਤਲੁਜ ਦਰਿਆ 'ਤੇ ਜਾਮ ਲਾ ਦਿੱਤਾ ਸੀ ਅਤੇ ਉਚ ਅਧਿਕਾਰੀਆਂ ਦੇ ਇਹ ਵਿਸ਼ਵਾਸ਼ ਦੁਆਉਣ ਤੋਂ ਬਾਅਦ ਧਰਨਾ ਖਤਮ ਕੀਤਾ ਗਿਆ ਸੀ ਕਿ ਆਬਾਦਕਾਰਾਂ ਨੂੰ ਬਦਲੇ ਵਿਚ ਵਾਹੀਯੋਗ ਜ਼ਮੀਨ ਦਿੱਤੀ ਜਾਵੇਗੀ ਅਤੇ ਗ੍ਰਿਫਤਾਰ ਕੀਤੇ ਗਏ ਆਗੂਆਂ ਤੇ ਵਰਕਰਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਪਰ ਇਹ ਵਾਅਦਾ ਅਜੇ ਤੱਕ ਵਫ਼ਾ ਨਹੀਂ ਹੋਇਆ। ਸੰਘਰਸ਼ ਕਮੇਟੀ ਹੁਣ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰ ਰਹੀ ਹੈ।

No comments:

Post a Comment