Wednesday 8 July 2015

ਕਮਿਊਨਿਸਟ ਕੀ ਚਾਹੁੰਦੇ ਹਨ? (ਇਕ ਸੰਖੇਪ ਵਿਆਖਿਆ)

ਮੰਗਤ ਰਾਮ ਪਾਸਲਾ 
ਪੂੰਜੀਵਾਦੀ ਆਰਥਿਕ ਪ੍ਰਬੰਧ ਅਤੇ ਇਸਨੂੰ ਚਲਾਉਣ ਵਾਲੀਆਂ ਸਰਕਾਰਾਂ ਕੀ ਚਾਹੁੰਦੀਆਂ ਹਨ ਅਤੇ ਇਸਦੇ ਵਿਪਰੀਤ ਸਮਾਜਵਾਦੀ ਵਿਵਸਥਾ ਲਈ ਸੰਘਰਸ਼ਸ਼ੀਲ ਕਮਿਊਨਿਸਟ  ਧਿਰਾਂ ਕਿਸ ਤਰ੍ਹਾਂ ਦੇ ਢਾਂਚੇ ਲਈ ਯਤਨਸ਼ੀਲ ਹਨ, ਇਸ ਬਾਰੇ ਕਿਹਾ ਤਾਂ ਬਹੁਤ ਕੁਝ ਜਾ ਸਕਦਾ ਹੈ ਪ੍ਰੰਤੂ ਇਸ ਸਵਾਲ ਨੂੰ ਆਸਾਨ ਭਾਸ਼ਾ ਵਿਚ ਹੱਲ ਕਰਨ ਦਾ ਇਹ ਇਕ ਸਨਿਮਰ ਜਿਹਾ ਯਤਨ ਹੈ।
ਪੂੰਜੀਪਤੀ ਵਰਗ ਮੌਜੂਦਾ ਨਾ-ਬਰਾਬਰੀ ਤੇ ਬੇਇਨਸਾਫੀ ਉਤੇ ਅਧਾਰਤ ਸਰਮਾਏਦਾਰੀ ਪ੍ਰਬੰਧ (ਜਿਸ ਵਿਚ ਸਮੁੱਚੇ ਸਮਾਜ ਦੇ ਪੈਦਾਵਾਰੀ ਸਾਧਨ ਤੇ ਪੂੰਜੀ ਚੰਦ ਕੁ ਹੱਥਾਂ ਵਿਚ ਕੇਂਦਰਤ ਹੋ ਜਾਂਦੀ ਹੈ ਤੇ ਬਾਕੀ ਬਹੁਗਿਣਤੀ ਜਨ ਸਮੂਹ ਸਾਧਨ ਵਿਹੂਣੇ ਹੋ ਜਾਂਦੇ ਹਨ) ਨੂੰ ਉਸ ਦੀ ਸ਼ਰੇਸ਼ਠਤਾ, ਕਾਰਜ ਕੁਸ਼ਲਤਾ, ਮਿਹਨਤ ਅਤੇ ਇਸਤੋਂ ਵੀ ਅੱਗੇ ਕਿਸਮਤ ਦੀ ਕ੍ਰਿਪਾ ਦਾ ਕਰਿਸ਼ਮਾ ਦੱਸਕੇ ਆਪਣੇ ਧਨਵਾਨ ਹੋਣ ਅਤੇ ਲੋਕਾਈ ਦੇ ਵੱਡੇ ਹਿੱਸੇ ਦੇ ਗਰੀਬ ਹੋਣ ਨੂੰ ਹੱਕ ਵਜਾਨਬ ਦੱਸਦਾ ਹੈ। ਇਸੇ ਕਰਕੇ ਉਹ ਬੇਇਨਸਾਫੀ ਉਪਰ ਅਧਾਰਤ ਮੌਜੂਦਾ ਢਾਂਚੇ ਨੂੰ ਇਵੇਂ ਹੀ ਜਾਰੀ ਰੱਖਣਾ ਚਾਹੁੰਦੇ ਹਨ।
ਪ੍ਰੰਤੂ ਕਮਿਊਨਿਸਟ ਅਜੋਕੇ ਸਮਾਜ ਵਿਚ ਗਰੀਬੀ-ਅਮੀਰੀ ਦੇ ਪਾੜੇ ਤੇ ਊਚ ਨੀਚ ਦੇ ਭੇਦ ਭਾਵ ਨੂੰ ਕਿਸੇ ਦੈਵੀ ਸ਼ਕਤੀ ਦੀ ਕਰੋਪੀ ਜਾਂ ਕਿਸਮਤ ਦੀ ਦੇਣ ਨਹੀਂ, ਸਗੋਂ ਸਮਾਜ ਦੇ ਮੁੱਠੀ ਭਰ ਲੋਕਾਂ ਵਲੋਂ ਵੱਡੀ ਬਹੁਗਿਣਤੀ ਦੀ ਕਿਰਤ ਸ਼ਕਤੀ ਦੀ ਲੁੱਟ ਕਰਕੇ ਇਕੱਤਰ ਕੀਤੀ ਗਈ ਪੂੰਜੀ ਨੂੰ ਇਸਦਾ ਮੂਲ ਕਾਰਨ ਮੰਨਦੇ ਹਨ। ਭਾਵ ਗਰੀਬੀ ਅਮੀਰੀ ਦਾ ਪਾੜਾ ਕਿਸੇ ਦੈਵੀ ਸ਼ਕਤੀ ਦੀ ਨਰਾਜ਼ਗੀ ਕਾਰਨ ਨਹੀਂ, ਬਲਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਕਰਕੇ ਸਥਾਪਤ ਕੀਤਾ ਗਿਆ ਲੁਟੇਰਾ ਪ੍ਰਬੰਧ ਹੈ, ਜਿਸਨੂੰ ਪੂੰਜੀਵਾਦ ਕਿਹਾ ਜਾਂਦਾ ਹੈ। ਪੀੜਤ ਲੋਕਾਂ ਦੇ ਇਕਜੁਟ ਸੰਘਰਸ਼ ਰਾਹੀਂ ਇਸ ਸਮਾਜਿਕ ਪ੍ਰਬੰਧ ਨੂੰ ਬਦਲਿਆ ਜਾ ਸਕਦਾ ਹੈ ਤੇ ਬਰਾਬਰਤਾ ਵਾਲੇ ਨਿਆਂਸੰਗਤ ਪ੍ਰਬੰਧ ਭਾਵ ''ਸਮਾਜਵਾਦ'' ਦੀ ਸਥਾਪਨਾ ਕੀਤੀ ਜਾ ਸਕਦੀ ਹੈ।
ਭਾਰਤ ਦਾ ਹਾਕਮ ਪੂੰਜੀਪਤੀ ਵਰਗ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ, ਆਜ਼ਾਦੀ ਤੋਂ ਬਾਅਦ ਦੇ ਸਾਲਾਂ ਵਿਚ ਹੋਏ ਪੂੰਜੀਵਾਦੀ ਵਿਕਾਸ ਦੀ ਵਿਧੀ ਨੂੰ ਜ਼ਿਆਦਾ ਤੇਜ਼ੀ, ਬੇਰਹਿਮੀ ਤੇ ਕਰੂਰਤਾ ਨਾਲ ਅੱਗੇ ਵਧਾਉਣਾ ਚਾਹੁੰਦਾ ਹੈ। ਇਸ ਕੰਮ ਲਈ ਉਸਨੇ ਦੁਨੀਆਂ ਦੇ ਸਾਮਰਾਜੀ ਦੇਸ਼ਾਂ ਨਾਲ ਯੁਧਨੀਤਕ ਸਾਂਝਾਂ ਪਾਈਆਂ ਹਨ, ਜਿਹੜੇ ਕਿ ਆਪਣੇ ਦੇਸ਼ਾਂ ਦੇ ਕਿਰਤੀਆਂ ਅਤੇ ਬਸਤੀਵਾਦੀ ਗੁਲਾਮੀ ਦਾ ਸ਼ਿਕਾਰ ਰਹੇ ਦੁਨੀਆਂ ਭਰ ਦੇ ਪਛੜੇ ਦੇਸ਼ਾਂ ਦੇ ਲੋਕਾਂ ਦੀ ਅੰਨ੍ਹੀ ਲੁੱਟ ਕਰਕੇ ਅਮੀਰ ਬਣੇ ਹਨ। ਸੰਸਾਰ ਭਰ ਵਿਚ 2008 ਤੋਂ ਸ਼ੁਰੂ ਹੋਏ ਡੂੰਘੇ ਪੂੰਜੀਵਾਦੀ ਆਰਥਿਕ ਸੰਕਟ ਨੂੰ ਉਹ ਅੱਜ ਵੀ ਪੱਛੜੇ ਦੇਸ਼ਾਂ 'ਚ ਮਿਹਨਤੀ ਲੋਕਾਂ ਦੀ ਬੇਕਿਰਕ ਲੁੱਟ ਕਰਕੇ ਹੱਲ ਕਰਨਾ ਚਾਹੁੰਦੇ  ਹਨ। ਜਦੋਂਕਿ ਅਸੀਂ, ਕਮਿਊਨਿਸਟ, ਸੰਸਾਰ ਭਰ ਦੇ ਸਾਮਰਾਜੀ ਧਾੜਵੀਆਂ ਦੀਆਂ ਧੌਂਸਵਾਦੀ ਤੇ ਲੁੱਟਣ ਵਾਲੀਆਂ ਅਤੇ ਸਿੱਧੇ ਫੌਜੀ ਹਮਲੇ ਕਰਕੇ ਪਛੜੇ ਦੇਸ਼ਾਂ ਨੂੰ ਆਪਣੀ ਈਨ ਮਨਾਉਣ ਦੀਆਂ ਮਾਨਵਤਾ ਵਿਰੋਧੀ ਨੀਤੀਆਂ ਦਾ ਵਿਰੋਧ ਇਕ ਪਲ ਲਈ ਵੀ ਅੱਖੋਂ ਓਹਲੇ ਨਹੀਂ ਕਰਨਾ ਚਾਹੁੰਦੇ। ਸਾਡੀ ਇਹ ਪ੍ਰਪੱਕ ਰਾਏ ਹੈ ਕਿ ਭਾਰਤ ਨਾਲ ਸਾਮਰਾਜੀ ਦੇਸ਼ਾਂ ਦੀ ਵੱਧ ਰਹੀ ਸਾਂਝ ਕਿਸੇ ਬੇਗਰਜ਼ ਦੋਸਤੀ ਜਾਂ ਬਰਾਬਰਤਾ 'ਤੇ ਅਧਾਰਤ ਵਿਉਪਾਰ ਜਾਂ ਹੋਰ ਕਾਰੋਬਾਰ ਕਰਨ ਦੀਆਂ ਨੀਤੀਆਂ ਅਨੁਸਾਰ ਸੇਧਤ ਨਹੀਂ ਬਲਕਿ ਸਾਡੇ ਵਿਸ਼ਾਲ ਦੇਸ਼ ਦੇ ਕੁਦਰਤੀ ਖਜ਼ਾਨੇ, ਮਨੁੱਖੀ ਸਰੋਤਾਂ ਅਤੇ ਵਿਸ਼ਾਲ ਮੰਡੀ ਨੂੰ ਹਥਿਆਉਣ ਦੀ ਲਾਲਸਾ ਨਾਲ ਭਰੀ ਹੋਈ ਇਕ ਖਤਰਨਾਕ ਚਾਲ ਹੈ। ਨਵਉਦਾਰਵਾਦੀ ਆਰਥਿਕ ਨੀਤੀਆਂ ਵਾਲੇ 'ਨਰਿੰਦਰ ਮੋਦੀ ਮਾਰਕਾ ਵਿਕਾਸ ਮਾਡਲ' ਦਾ ਅਰਥ ਵਿਦੇਸ਼ੀ ਲੁਟੇਰਿਆਂ, ਭਾਰਤ ਦੇ ਕਾਰਪੋਰੇਟ ਘਰਾਣਿਆਂ, ਵੱਡੇ ਵੱਡੇ ਥੈਲੀਸ਼ਾਹਾਂ ਤੇ ਵੱਡੇ ਭੌਂਪਤੀਆਂ ਦੇ ਲੁਟੇਰੇ ਹਿਤਾਂ ਦੀ ਰਾਖੀ ਕਰਨਾ ਹੈ। ਵਿਉਪਾਰ ਵਿਚ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼, ਹਰ ਖੇਤਰ ਵਿਚ ਸਾਮਰਾਜੀ ਵਿੱਤੀ ਪੂੰਜੀ ਦੀ ਘੁਸਪੈਠ ਲਈ ਦਿੱਤੀ ਜਾ ਰਹੀ ਖੁਲ੍ਹ, ਬੈਂਕਾਂ ਵਿਚੋਂ ਭਾਰਤੀ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਜਾ ਰਹੀਆਂ ਭਾਰੀਆਂ ਵਿੱਤੀ ਰਿਆਇਤਾਂ, ਪਬਲਿਕ ਸੈਕਟਰ (ਸਰਕਾਰੀ ਖੇਤਰ) ਦਾ ਭੋਗ ਪਾ ਕੇ ਉਸਨੂੰ ਵੱਡੇ ਪੂੰਜੀਪਤੀਆਂ ਦੇ ਹੱਥਾਂ ਵਿਚ ਸੌਂਪਣ ਅਤੇ ਪੂੰਜੀਪਤੀਆਂ ਨੂੰ ਸਿੱਧੇ ਟੈਕਸਾਂ ਵਿਚ ਭਾਰੀ ਛੋਟਾਂ ਦੇ ਨਾਲ ਨਾਲ ਅਸਿੱਧੇ ਟੈਕਸਾਂ ਵਿਚ ਵਾਧਾ, ਜੋ ਆਮ ਆਦਮੀ ਦੇ ਸਿਰ ਭਾਰ ਪਾਉਂਦਾ ਹੈ, ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦਾ ਮੂਲ ਅਧਾਰ ਹੈ।
ਇਸਦੇ ਉਲਟ ਸੀ.ਪੀ.ਐਮ.ਪੰਜਾਬ ਦੇਸ਼ ਅੰਦਰ ਸਵੈ ਨਿਰਭਰਤਾ 'ਤੇ ਅਧਾਰਤ ਆਰਥਿਕ ਵਿਕਾਸ, ਲੋਕਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਵਾਲੀਆਂ ਵਿਕਾਸ ਪਹਿਲਤਾਵਾਂ, ਬੁਨਿਆਦੀ ਭਾਰੀਆਂ ਸਨਅਤਾਂ ਦੇ ਨਾਲ ਨਾਲ ਦਰਮਿਆਨੀਆਂ ਤੇ ਛੋਟੀਆਂ ਸਨਅਤਾਂ ਦੇ ਵਿਕਾਸ ਲਈ ਸਾਜ਼ਗਾਰ ਮਾਹੌਲ ਅਤੇ ਬਾਹਰਲੇ ਦੇਸ਼ਾਂ ਨਾਲ ਬਰਾਬਰਤਾ ਅਤੇ ਪ੍ਰਸਪਰ ਸਹਿਯੋਗ 'ਤੇ ਅਧਾਰਤ ਆਰਥਿਕ ਸਬੰਧਾਂ ਦੇ ਚੌਖਟੇ ਵਿਚ ਸਨਮਾਨਜਨਕ ਵਿਉਪਾਰਕ ਤੇ ਰਾਜਨੀਤਕ ਸਮਝੌਤੇ ਚਾਹੁੰਦੀ ਹੈ। ਇਸ ਮੰਤਵ ਲਈ ਵਿਦੇਸ਼ੀ ਨੀਤੀ ਦਾ ਸਾਡਾ ਰੁਖ਼ ਲਾਜ਼ਮੀ ਤੌਰ 'ਤੇ ਸਾਮਰਾਜ ਵਿਰੋਧੀ ਹੋਣਾ ਤੇ ਦੂਸਰੇ ਵਿਕਾਸਸ਼ੀਲ ਦੇਸ਼ਾਂ ਨਾਲ ਵਧੇਰੇ ਮਿਲਵਰਤੋਂ ਵਾਲਾ ਹੋਣਾ ਚਾਹੀਦਾ ਹੈ।
ਮੋਦੀ ਸਰਕਾਰ ਦੇ ਜਮਾਤੀ ਕਿਰਦਾਰ ਵਾਲੀਆਂ ਹੋਰ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਸੂਬਾਈ ਸਰਕਾਰਾਂ ਵੀ ਆਰਥਿਕ ਵਿਕਾਸ ਦਾ ਪੈਮਾਨਾ ਚੰਦ ਲੋਕਾਂ ਦੇ ਹੱਥਾਂ ਵਿਚ ਪੂੰਜੀ ਦੇ ਇਕੱਤਰ ਹੋਣ, ਆਧੁਨਿਕ ਤੇ ਅਤੀ ਮਹਿੰਗੇ ਨਿੱਜੀ ਹਸਪਤਾਲ, ਪ੍ਰਾਈਵੇਟ ਵਿਦਿਅਕ ਅਦਾਰੇ, ਹੋਟਲ, ਐਸ਼ੋ ਇਸ਼ਰਤ ਦਾ ਸਮਾਨ, ਮਹਿੰਗੀਆਂ ਕਾਰਾਂ ਤੇ ਉਸ ਦੇ ਅਨੁਕੂਲ ਢਾਂਚਾਗਤ ਵਿਕਾਸ ਇਤਿਆਦੀ ਆਦਿ ਦੀ ਉਸਾਰੀ ਨੂੰ ਹੀ ਮੰਨਦੇ ਹਨ ਜੋ ਮੁੱਖ ਤੌਰ 'ਤੇ ਉਪਰਲੇ 10 ਤੋਂ 20 ਪ੍ਰਤੀਸ਼ਤ ਲੋਕਾਂ ਦੀ ਸੇਵਾਦਾਰੀ ਹੀ ਕਰਦੇ ਹਨ। ਇਸਦੇ ਐਨ ਉਲਟ ਕਮਿਊਨਿਸਟ ਕਿਸੇ ਦੇਸ਼ ਜਾਂ ਪ੍ਰਾਂਤ ਦਾ ਸੰਤੁਲਿਤ ਆਰਥਿਕ ਵਿਕਾਸ ਉਸਨੂੰ ਹੀ ਆਖਦੇ ਹਨ ਜਿਥੇ ਵਸੋਂ ਦੇ ਤਮਾਮ ਭਾਗਾਂ ਨੂੰ ਰਿਹਾਇਸ਼, ਰੁਜ਼ਗਾਰ, ਮਿਆਰੀ ਤੇ ਮੁਫ਼ਤ ਵਿਦਿਆ, ਸਿਹਤ ਸਹੂਲਤਾਂ ਤੇ ਹਰ ਕਿਸਮ ਦੀਆਂ ਸਮਾਜਿਕ ਸੁਵਿਧਾਵਾਂ ਬਿਨਾਂ ਕਿਸੇ ਭੇਦ ਭਾਵ ਦੇ ਉਪਲੱਬਧ ਹੋਣ। ਇਸਦੇ ਨਾਲ ਹੀ ਸਭ ਲੋਕਾਂ ਨੂੰ ਸਰਵ ਪੱਖੀ ਵਿਕਾਸ ਕਰਨ ਵਾਸਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਣ ਤਾਂ ਕਿ ਸਾਰਾ ਸਮਾਜ ਸਿਹਤਮੰਦ ਤੇ ਖੂਬਸੂਰਤ ਵਾਤਾਵਰਨ ਵਿਚ ਆਪਣਾ ਜੀਵਨ ਬਸਰ ਕਰ ਸਕੇ।
ਮੋਦੀ ਸਰਕਾਰ ਦੇਸ਼ ਦੀ ਖੇਤੀਬਾੜੀ ਵਿਚ ਆਏ ਗੰਭੀਰ ਸੰਕਟ ਨੂੰ, ਜਿੱਥੇ ਦੋ ਲੱਖ ਤੋਂ ਵਧੇਰੇ ਕਿਸਾਨ ਇਸ ਸੰਕਟ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆਵਾਂ ਕਰ ਚੁੱਕੇ ਹਨ, ਕਿਸਾਨੀ ਤੋਂ ਜਬਰਦਸਤੀ ਜ਼ਮੀਨਾਂ ਖੋਹ ਕੇ ਤੇ ਵਿਦੇਸ਼ੀ ਤੇ ਭਾਰਤੀ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਕੇ ਹਲ ਕਰਨਾ ਚਾਹੁੰਦੀ ਹੈ, ਜਿਸ ਨਾਲ ਕਿਸਾਨ ਤੇ ਖੇਤੀਬਾੜੀ ਨਾਲ ਜੁੜੇ ਲੋਕ ਹੋਰ ਕੰਗਾਲ ਹੋਣਗੇ। ਇਸ ਦਾ ਇਕ ਮੰਤਵ ਜਿੱਥੇ ਪੈਦਾਵਾਰ  ਦੇ ਮੁੱਖ ਸਰੋਤ, ਜ਼ਮੀਨ ਤੋਂ ਕਿਸਾਨ ਨੂੰ ਬੇਦਖਲ ਕਰਕੇ ਧਨਵਾਨਾਂ ਲਈ ਪੂੰਜੀ ਨਿਰਮਾਣ ਕਰਨਾ ਹੈ, ਉਥੇ ਬਹੁਰਾਸ਼ਟਰੀ ਕੰਪਨੀਆਂ ਤੇ ਭਾਰਤ ਦੇ ਇਜ਼ਾਰੇਦਾਰ ਘਰਾਣਿਆਂ ਨੂੰ 'ਸਮਾਰਟ ਸਿਟੀ' ਵਰਗੇ ਪ੍ਰੋਜੈਕਟਾਂ ਦੇ ਵਿਕਾਸ ਰਾਹੀਂ ਹੋਰ ਅਮੀਰ ਬਣਾਉਣ ਦਾ ਇਕ ਕਾਰਗਰ ਤਰੀਕਾ ਹੈ। ਜਿਸ ਪੂੰਜੀਨਿਵੇਸ਼ ਰਾਹੀਂ ਪ੍ਰਧਾਨ ਮੰਤਰੀ ਮੋਦੀ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਕੋਰਾ ਝੂਠ ਬੋਲ ਰਿਹਾ ਹੈ, ਅਸਲੀਅਤ ਵਿਚ ਇਹ ਸਾਰੇ ਨਵੇਂ ਕੰਮ ਕਿਰਤ ਮੁਖੀ ਨਾ ਹੋ ਕੇ ਪੂੰਜੀਮੁਖੀ ਹੋਣਗੇ, ਜਿਥੇ ਰੁਜ਼ਗਾਰ ਰਹਿਤ ਵਿਕਾਸ ਸਦਕਾ ਬੇਕਾਰੀ ਖਤਰਨਾਕ ਹੱਦ ਤੱਕ ਹੋਰ ਵੱਧ ਜਾਵੇਗੀ। ਜ਼ਮੀਨ ਤੋਂ ਉਜੜੇ ਲੋਕਾਂ ਦਾ ਕੰਗਾਲੀ ਦੇ ਦੌਰ ਵਿਚ ਪੁੱਜਣਾ ਸਮੁੱਚੇ ਸਮਾਜਕ ਤਾਣੇਬਾਣੇ ਨੂੰ ਤਬਾਹ ਕਰਕੇ ਰੱਖ ਦੇਵੇਗਾ।
ਇਸਦੇ ਵਿਪਰੀਤ ਸੀ.ਪੀ.ਐਮ.ਪੰਜਾਬ ਵਿਦੇਸ਼ੀ ਤੇ ਦੇਸੀ ਲੁਟੇਰਿਆਂ ਨੂੰ ਨਵੀਂ ਤਕਨੀਕ ਤੇ ਪੂੰਜੀ ਮੁਖੀ ਵਿਕਾਸ ਰਾਹੀਂ ਬੇਕਾਰੀ ਵਿਚ ਵਾਧਾ ਕਰਨ ਦੀਆਂ ਖੁੱਲ੍ਹਾਂ ਦੇਣ ਦੀ ਥਾਂ ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਦੇ ਵਿਕਾਸ ਉਪਰ ਜ਼ਿਆਦਾ ਜ਼ੋਰ ਦਿੰਦੀ ਹੈ। ਨਵੀਂ ਤਕਨੀਕ ਦੀ ਆਰਥਿਕ ਵਿਕਾਸ ਲਈ ਵਰਤੋਂ ਕਰਦੇ ਹੋਏ, ਜਿਥੇ ਮਾਨਵੀ ਸਰੋਤਾਂ ਰਾਹੀਂ ਰੁਜ਼ਗਾਰ ਵਧਾਊ ਉਨਤੀ ਕੀਤੀ ਜਾ ਸਕਦੀ ਹੈ, ਉਸ ਉਪਰ ਜ਼ਿਆਦਾ ਜੋਰ ਦੇਣ ਦੀ ਜ਼ਰੂਰਤ ਹੈ। ਜਦੋਂ ਨਵੀਂ ਤਕਨੀਕ ਰਹੀਂ ਪੈਦਾਵਾਰ ਵੱਧਦੀ ਹੈ, ਤਦ ਕਿਰਤੀਆਂ ਦੇ ਕੰਮ ਦੇ ਘੰਟੇ ਲਾਜ਼ਮੀ ਘਟਾਏ ਜਾਣਗੇ। ਤਾਂ ਜੋ ਉਨ੍ਹਾਂ ਦੀ ਥਾਂ ਬੇਰੁਜ਼ਗਾਰ ਕਿਰਤੀਆਂ ਨੂੰ ਰੁਜ਼ਗਾਰ ਦੇ ਕੇ ਪੈਦਾਵਾਰ ਵੀ ਵਧਾਈ ਜਾ ਸਕੇ ਤੇ ਮਿਹਨਤਕਸ਼ ਲੋਕਾਂ ਨੂੰ ਪੂਰਨ ਲੋੜੀਂਦਾ ਆਰਾਮ ਅਤੇ ਹੋਰ ਸਮਾਜਿਕ ਸਭਿਆਚਾਰਕ ਤੇ ਸਾਹਿਤਕ ਸਰਗਰਮੀਆਂ ਲਈ ਮੌਕਾ ਵੀ ਮੁਹੱਈਆ ਕਰਾਇਆ ਜਾ ਸਕੇ। ਸੀ.ਪੀ.ਐਮ.ਪੰਜਾਬ ਖੇਤੀਬਾੜੀ ਲਈ ਪੁਰਾਣਾ ਜਗੀਰਦਾਰੀ ਪ੍ਰਬੰਧ ਜਾਂ ਪੂੰਜੀ ਨਿਵੇਸ਼ ਰਾਹੀਂ ਨਵੇਂ ਢੰਗਾਂ ਨਾਲ ਉਹੀ ਜਾਗੀਰਦਾਰੀ ਢਾਂਚਾ ਬਦਸਤੂਰ ਕਾਇਮ ਰੱਖਣ ਦੇ ਪੂਰਨ ਰੂਪ ਵਿਚ ਵਿਰੁੱਧ ਹੈ ਅਤੇ 'ਹਲਵਾਹਕ ਨੂੰ ਜ਼ਮੀਨ' ਦੇਣ ਦੀ ਹਮਾਇਤੀ ਹੈ। ਇਸ ਪੱਖ ਵਿਚ ਮੋਦੀ ਸਰਕਾਰ ਵਾਂਗ ''ਜ਼ਮੀਨ ਹਥਿਆਓ ਕਾਨੂੰਨ'' ਬਣਾਉਣ ਦੀ ਥਾਂ ਹਕੀਕੀ ਜ਼ਮੀਨੀ ਸੁਧਾਰ ਲਾਗੂ ਕਰਨ ਦੀ ਜ਼ਰੂਰਤ ਹੈ। ਇਸ ਵਿਧੀ ਰਾਹੀਂ ਜਮੀਨ ਨਾਲ ਸੰਬੰਧਤ ਕਿਸਾਨਾਂ-ਮਜ਼ਦੂਰਾਂ ਦੀ ਆਮਦਨ ਵਧਣ ਨਾਲ ਉਨ੍ਹਾਂ ਦੀ ਖਰੀਦ ਸ਼ਕਤੀ ਵਧੇਗੀ ਜਿਸ ਨਾਲ ਦੇਸ਼ ਅੰਦਰ ਸਨਅਤੀ ਉਤਪਾਦਨ ਨੂੰ ਹੁਲਾਰਾ ਮਿਲੇਗਾ ਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ। ਅਸੀਂ ਖੇਤੀਬਾੜੀ ਵਿਚ ਸਰਕਾਰ ਵਲੋਂ ਵਧੇਰੇ ਪੂੰਜੀ ਨਿਵੇਸ਼ ਕਰਨ ਦੇ ਹਾਮੀ ਹਾਂ। ਸਾਡੇ ਵਿਚਾਰ ਅਨੁਸਾਰ ਕਿਸਾਨੀ ਉਤਪਾਦਾਂ ਨੂੰ ਲਾਹੇਵੰਦ ਭਾਅ ਦੇ ਕੇ, ਮੰਡੀਕਰਨ ਦੀਆਂ ਸਹੂਲਤਾਂ ਪ੍ਰਦਾਨ ਕਰਕੇ, ਵਿਆਜ਼ ਮੁਕਤ ਕਰਜ਼ੇ ਦੇ ਕੇ ਅਤੇ ਸਰਕਾਰ ਵਲੋਂ ਹਰ ਖੇਤੀਬਾੜੀ ਉਪਜ ਦਾ ਘੱਟੋ ਘੱਟ ਭਾਅ ਨਿਸਚਿਤ ਕਰਕੇ ਸਰਕਾਰੀ ਖਰੀਦ ਦੀ ਗਰੰਟੀ ਕੀਤੇ ਜਾਣ ਨਾਲ ਕਿਸਾਨੀ ਦੀ ਹਾਲਤ ਸੁਧਾਰੀ ਜਾ ਸਕਦੀ ਹੈ। ਕੇਂਦਰ ਵਲੋਂ ਸਰਕਾਰੀ ਖਰੀਦ ਨੂੰ ਬੰਦ ਕਰਨ ਦੀ ਸਾਜਿਸ਼ ਦਾ ਜਨਤਕ ਪੱਧਰ ਉਪਰ ਵਿਰੋਧ ਕੀਤੇ ਜਾਣ ਦੀ ਜ਼ਰੂਰਤ ਹੈ, ਜਿਸ ਲਈ ਸੀ.ਪੀ.ਐਮ.ਪੰਜਾਬ ਆਪਣੀ ਪੂਰੀ ਪੂਰੀ ਵਾਹ ਲਾਏਗੀ।
ਸਰਮਾਏਦਾਰੀ ਪ੍ਰਬੰਧ ਦੇ ਚਾਲਕ ਤੇ ਅੱਜ ਦੇ ਹਾਕਮ ਲੋਕਾਂ ਦਾ ਧਿਆਨ ਜ਼ਿੰਦਗੀ ਦੇ ਅਸਲ ਮੁੱਦਿਆਂ ਤੋਂ ਲਾਂਭੇ ਕਰਕੇ ਜਨ ਸਮੂਹਾਂ ਨੂੰ ਮੂਰਖ ਬਨਾਉਣ ਵਾਸਤੇ ਆਪਣੇ ਪ੍ਰਚਾਰ ਸਾਧਨਾਂ ਰਾਹੀਂ ਅੰਧ ਵਿਸ਼ਵਾਸ਼, ਹਨੇਰ ਵਿਰਤੀ, ਫਿਰਕਾਪ੍ਰਸਤੀ, ਜਾਤੀ ਪਾਤੀ, ਵੰਡਵਾਦੀ ਤੇ ਹੋਰ ਹਰ ਕਿਸਮ ਦਾ ਅਸ਼ਲੀਲ ਅਤੇ ਅਸਮਾਜਿਕ ਸਭਿਆਚਾਰ ਵੰਡ ਰਹੇ ਹਨ। ਨਸ਼ਿਆਂ ਦਾ ਵਿਉਪਾਰ ਵੀ ਸਾਸ਼ਕਾਂ ਦੇ ਹੱਥਾਂ ਵਿਚ ਇਕ ਅਤਿ ਦਾ ਲਾਭ ਕਮਾਊ ਧੰਦਾ ਹੈ। ਥਾਂ ਥਾਂ ਚਲ ਰਹੇ ਕਥਿਤ ਧਾਰਮਿਕ ਡੇਰੇ, 'ਬਾਬੇ', 'ਮਹਾਂਪੁਰਸ਼', ਸੰਤ, ਕਥਾ ਵਾਚਕ ਇਤਿਆਦੀ ਜੋ ਲੋਕਾਂ ਨੂੰ ਨਿਤਾਣੇ, ਮਾਯੂਸ, ਕਿਸਮਤਵਾਦੀ, ਗੁਲਾਮ ਮਾਨਸਿਕਤਾ ਦੇ ਸ਼ਿਕਾਰ ਤੇ ਤੰਗੀਆਂ ਤੁਰਸ਼ੀਆਂ ਦੀ ਜ਼ਿੰਦਗੀ ਤੋਂ ਸੰਤੁਸ਼ਟ ਰਹਿ ਕੇ ਮਰਨ ਤੋਂ ਬਾਅਦ ਦੇ ਖਿਆਲੀ ਸੁਖਾਂ ਦੇ ਪ੍ਰਾਪਤ ਹੋਣ ਦਾ ਝੂਠਾ ਪ੍ਰਚਾਰ ਕਰਕੇ ਜਿੱਥੇ ਮੌਜੂਦਾ ਜ਼ਾਲਮ ਹਾਕਮਾਂ ਦਾ ਪੱਖ ਪੂਰ ਰਹੇ ਹਨ, ਉਥੇ ਸਾਡੇ ਪੁਰਾਣੇ ਇਤਿਹਾਸ ਦੀਆਂ ਸਾਰੀਆਂ ਹੀ ਉਨ੍ਹਾਂ ਮਹਾਨ ਪ੍ਰੰਪਰਾਵਾਂ ਨੂੰ ਵੀ ਮਿੱਟੀ ਵਿਚ ਮਿਲਾ ਰਹੇ ਹਨ ਜੋ ਪਾਖੰਡਾਂ ਤੇ ਵਹਿਮਾਂ ਦਾ ਖੰਡਨ ਕਰਕੇ ਮਨੁੱਖ ਨੂੰ ਤਰਕਸ਼ੀਲ ਬਣਾਉਂਦੀਆਂ ਹਨ ਅਤੇ ਸਰਵ ਸਾਂਝਾ ਤੇ ਬਰਾਬਰਤਾ ਦੇ ਅਸੂਲ ਉਪਰ ਅਧਾਰਤ ਸਮਾਜ ਸਿਰਜਣ ਲਈ ਪ੍ਰੇਰਣਾ ਦੇਣ, ਕੁਰਬਾਨੀਆਂ ਕਰਨ ਲਈ ਤਿਆਰ ਰਹਿਣ ਤੇ ਹਰ ਪ੍ਰਕਾਰ ਦੇ ਜ਼ੁਲਮਾਂ ਦਾ ਟਾਕਰਾ ਕਰਦੇ ਹੋਏ ਮਜ਼ਲੂਮਾਂ ਸੰਗ ਖੜੇ ਹੋਣ ਦੀਆਂ ਸਿੱਖਿਆਵਾਂ ਦਿੰਦੀਆਂ ਹਨ।
ਸੀ.ਪੀ.ਐਮ.ਪੰਜਾਬ ਇਸ ਅੰਧ ਵਿਸ਼ਵਾਸ਼, ਝੂਠੀਆਂ ਮਨਘੜਤ ਕਹਾਣੀਆਂ, ਪਾਖੰਡਾਂ ਤੇ ਮਿਥਿਹਾਸਕ ਕਥਾਵਾਂ ਤੋਂ ਲੋਕਾਂ ਨੂੰ ਮੁਕਤ ਕਰਾਉਣਾ ਚਾਹੁੰਦੀ ਹੈ ਤੇ ਉਨ੍ਹਾਂ ਨੂੰ ਵਿਗਿਆਨਕ ਨਜ਼ਰੀਏ ਨਾਲ ਲੈਸ ਕਰਕੇ ਤਰਕਸ਼ੀਲ ਬਣਾਉਣਾ ਚਾਹੁੰਦੀ ਹੈ ਤਾਂ ਕਿ ਉਹ ਆਪਣੀ ਕਿਸਮਤ ਨੂੰ ਆਪ ਘੜਨ। ਕਮਿਊਨਿਸਟ ਪਿਛਾਂਹ ਖਿੱਚੂ ਵਿਚਾਰਾਂ, ਕਰਾਮਾਤਾਂ, ਅਤਕਥਨੀ ਅਮਲਾਂ ਤੇ ਝੂਠੀਆਂ ਰਹੁ ਰੀਤਾਂ ਦਾ ਡਟਵਾਂ ਵਿਰੋਧ ਕਰਦੇ ਹਨ, ਜਿਨ੍ਹਾਂ ਦਾ ਵਿਰੋਧ ਆਪਣੇ ਸਮਿਆਂ ਵਿਚ ਤੇ ਆਪਣੇ ਢੰਗਾਂ ਨਾਲ ਸਾਡੇ ਸਿੱਖ ਗੁਰੂ ਸਹਿਬਾਨਾਂ, ਭਗਤ ਕਬੀਰ ਤੇ ਰਵੀਦਾਸ ਜੀ ਮਹਾਰਾਜ ਵਰਗੇ ਮਹਾਂਪੁਰਸ਼ਾਂ ਤੇ ਹੋਰ ਅਨੇਕਾਂ ਸਮਾਜ ਸੁਧਾਰਕਾਂ ਤੇ ਧਾਰਮਕ ਸ਼ਖਸ਼ੀਅਤਾਂ ਨੇ ਕੀਤਾ ਸੀ। ਅਸੀਂ ਇਸ ਰਵਾਇਤ ਨੂੰ ਮੌਜੂਦਾ ਦੌਰ ਦੇ ਮਹਾਨ ਇਨਕਲਾਬੀਆਂ, ਕੂਕਿਆਂ, ਗਦਰੀ ਬਾਬਿਆਂ, ਸ਼ਹੀਦ ਭਗਤ ਸਿੰਘ ਹੁਰਾਂ ਤੇ ਹੋਰ ਅਣਗਿਣਤ ਅਗਾਂਹ ਵਧੂ ਤੇ ਆਪਾਵਾਰੂ ਯੋਧਿਆਂ ਦੇ ਅਮਲਾਂ ਨੂੰ ਪ੍ਰੇਰਨਾ ਸਰੋਤ ਸਮਝਕੇ ਅਜੋਕੇ ਲੁਟੇਰੇ ਪ੍ਰਬੰਧ, ਪੂੰਜੀਵਾਦ ਨੂੰ ਖਤਮ ਕਰਨ ਦੇ ਅੰਤਮ ਨਿਸ਼ਾਨੇ ਦੀ ਪ੍ਰਾਪਤੀ ਲਈ ਅੱਗੇ ਵੱਧਣਾ ਚਾਹੁੰਦੇ ਹਾਂ। ਕਮਿਊਨਿਸਟ ਹਰ ਇਨਸਾਨ ਦੀ, ਆਪਣੀ ਇੱਛਾ ਅਨੁਸਾਰ, ਕਿਸੇ ਵੀ ਧਰਮ ਨੂੰ ਮੰਨਣ ਜਾਂ ਨਾ ਮੰਨਣ ਦੀ ਆਜ਼ਾਦੀ ਦੇ ਮੁਦੱਈ ਹਨ। ਇਸੇ ਕਰਕੇ 'ਧਰਮ ਤੇ ਰਾਜਨੀਤੀ' ਨੂੰ ਰਲਗੱਡ ਕਰਨ ਦੀ ਹਮੇਸ਼ਾ ਹੀ ਕਮਿਊਨਿਸਟਾਂ ਨੇ ਵਿਰੋਧਤਾ ਕੀਤੀ ਹੈ ਅਤੇ ਫਿਰਕਾਪ੍ਰਸਤੀ ਦੀ ਵਿਰੋਧਤਾ ਕਰਦੇ ਹੋਏ 'ਧਰਮ ਨਿਰਪੱਖਤਾ ਤੇ ਲੋਕ ਰਾਜ' ਦਾ ਝੰਡਾ ਬੁਲੰਦ ਕੀਤਾ ਹੈ।
ਮੋਦੀ ਸਰਕਾਰ ਤੇ ਇਸਨੂੰ ਵਿਚਾਰਧਾਰਕ ਅਗਵਾਈ ਦੇਣ ਵਾਲੀ ਸੰਸਥਾ ਆਰ.ਐਸ.ਐਸ. ਸਾਡੇ ਬਹੁ ਧਰਮੀ, ਬਹੂ ਕੌਮੀ, ਅਨੇਕਾਂ ਬੋਲੀਆਂ ਬੋਲਣ ਵਾਲੇ ਲੋਕਾਂ ਦੇ ਵੰਨ ਸੁਵੰਨਤਾ ਵਾਲੇ ਦੇਸ਼ ਨੂੰ ਇਕ ਖਾਸ ਧਰਮ ਅਧਾਰਤ ਦੇਸ਼ (ਹਿੰਦੂ ਰਾਸ਼ਟਰ) ਵਿਚ ਤਬਦੀਲ ਕਰਨਾ ਚਾਹੁੰਦੇ ਹਨ, ਜਿਸਦਾ ਕਿਰਦਾਰ ਮੂਲ ਰੂਪ ਵਿਚ ਫਾਸ਼ੀਵਾਦੀ ਤੇ ਪੂਰੀ ਤਰ੍ਹਾਂ ਗੈਰ ਜਮਹੂਰੀ ਹੋਵੇਗਾ। ਇਸ ਲਈ ਸੰਘ ਪਰਿਵਾਰ ਨੂੰ 'ਧਰਮ ਨਿਰਪੱਖਤਾ ਤੇ ਲੋਕ-ਰਾਜ' ਦੇ ਸ਼ਬਦ ਬਹੁਤ ਚੁੰਭਦੇ ਹਨ। ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਉਹ ਹਿੰਦੂ ਧਰਮ ਦੇ ਬਹੁਤ ਸਾਰੇ ਅਮੁੱਲੇ ਤੇ ਚੰਗੇ ਅਸੂਲਾਂ ਨੂੰ ਤਿਆਗ ਕੇ ਵੇਲਾ ਵਿਹਾ ਚੁੱਕੇ ਗਲਤ ਤੇ ਪਿਛਾਂਹਖਿੱਚੂ ਵਿਚਾਰਾਂ ਨੂੰ ਮੁੜ ਸੁਰਜੀਤ ਕਰਨ ਵਿਚ ਲੱਗੇ ਹੋਏ ਹਨ ਤੇ 'ਮਿਥਿਹਾਸ ਨੂੰ ਇਤਿਹਾਸ' ਵਿਚ ਬਦਲਨਾ ਚਾਹੁੰਦੇ ਹਨ। ਘੱਟ ਗਿਣਤੀ ਫਿਰਕਿਆਂ ਵਿਰੁੱਧ ਤਿੱਖੇ ਵਿਚਾਰਧਾਰਕ ਤੇ ਵਹਿਸ਼ੀਆਨਾ ਹਮਲੇ ਆਰ.ਐਸ.ਐਸ. ਦੀ ਘਿਨਾਉਣੀ ਫਿਰਕੂ ਸੋਚ ਦਾ ਭਾਗ ਹੈ ਜੋ ਮੌਜੂਦਾ ਹਾਕਮ ਬੜੀ ਚਤੁਰਾਈ ਨਾਲ ਲਾਗੂ ਕਰ ਰਹੇ ਹਨ। ਘੱਟ ਗਿਣਤੀ ਫਿਰਕਿਆਂ ਵਿਚਲੇ ਕੱਟੜਵਾਦੀ ਤੱਤ ਵੀ, ਜਦੋਂ ਆਰ.ਐਸ.ਐਸ. ਉਪਰ ਹਮਲਾ ਆਪਣੇ ਫਿਰਕੂ ਤੇ ਅੰਧ ਵਿਸ਼ਵਾਸ਼ੀ ਨਜ਼ਰੀਏ ਤੋਂ ਕਰਦੇ ਹਨ, ਤਦ ਦੋਨੋਂ ਧਿਰਾਂ ਦੇ ਜਨੂੰਨੀ ਇਕ ਥਾਂ ਖੜ੍ਹੇ ਨਜ਼ਰ ਆਉਂਦੇ ਹਨ। ਸੰਘ ਪਰਿਵਾਰ ਦੀ ਹਦਾਇਤ ਉਪਰ ਮੋਦੀ ਸਰਕਾਰ ਸਾਡੇ ਇਤਿਹਾਸ, ਵਿਦਿਅਕ ਸਲੇਬਸ ਤੇ ਅਗਾਂਹਵਧੂ ਸਾਹਿਤ ਨੂੰ ਤਬਾਹ ਕਰਕੇ ਸੰਕੀਰਨਤਾਵਾਦੀ ਤੇ ਫਿਰਕੂ ਸੋਚ ਨੂੰ ਲੋਕਾਂ ਉਪਰ ਥੋਪਣ ਲਈ ਪੂਰਾ ਜ਼ੋਰ ਲਗਾ ਰਹੇ ਹਨ। ਜਦੋਂਕਿ ਕਮਿਊਨਿਸਟਾਂ ਦੀ ਵਿਚਾਰਧਾਰਾ ਦੀ ਬੁਨਿਆਦ, ਮਾਰਕਸਵਾਦੀ-ਲੈਨਿਨਵਾਦੀ ਫਲਸਫਾ, ਇਕ ਵਿਗਿਆਨਕ ਨਜ਼ਰੀਆ ਹੈ, ਜੋ ਮੌਜੂਦਾ ਲੁੱਟ-ਖਸੁੱਟ ਵਾਲੇ ਸਮਾਜ ਨੂੰ ਬਦਲਣ ਲਈ ਰਾਹ ਦਰਸਾਉਂਦਾ ਹੈ। ਪਰ ਨਾਲ ਹੀ ਸੀ.ਪੀ.ਐਮ.ਪੰਜਾਬ ਵਿਗਿਆਨਕ ਵਿਚਾਰਧਾਰਾ ਤੋਂ ਸੇਧ ਲੈਂਦਿਆਂ ਹੋਇਆਂ ਆਪਣੇ ਦੇਸ਼ ਤੇ ਪ੍ਰਾਂਤ ਦੇ ਅਗਾਂਹਵਧੂ, ਮਾਨਵਵਾਦੀ ਤੇ ਮਾਣਮੱਤੇ ਇਤਿਹਾਸ ਨੂੰ ਵੀ ਆਪਣਾ ਪ੍ਰੇਰਣਾ ਸਰੋਤ ਮੰਨਕੇ ਪੀੜਤ ਲੋਕਾਂ ਦੀ ਜਨਤਕ ਲਹਿਰ ਉਸਾਰਨ ਲਈ ਯਤਨਸ਼ੀਲ ਹੈ। ਸਾਡਾ ਇਹ ਪੱਕਾ ਵਿਸ਼ਵਾਸ਼ ਹੈ ਕਿ ਕਿਸੇ ਵੀ ਦੇਸ਼ ਜਾਂ ਖਿੱਤੇ ਅੰਦਰ ਹਕੀਕੀ ਸਮਾਜਕ ਪਰਿਵਰਤਨ ਦੀ ਲਹਿਰ ਸੰਸਾਰ ਵਿਆਪੀ ਵਿਗਿਆਨਕ ਸੇਧ ਤੋਂ ਅਗਵਾਈ ਲੈਂਦਿਆਂ ਹੋਇਆਂ ਆਪਣੇ ਇਤਿਹਾਸ ਦੀ ਗੌਰਵਸ਼ਾਲੀ ਵਿਰਾਸਤ ਨੂੰ ਅੱਖੋਂ ਓਹਲੇ ਕਰਕੇ ਨਹੀਂ ਉਸਾਰੀ ਜਾ ਸਕਦੀ। ਇਸ ਲਈ ਕਮਿਊਨਿਸਟ ਜਿਥੇ ਹਰ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਨੂੰ ਆਪੋ ਆਪਣੀ ਮਰਜ਼ੀ ਅਨੁਸਾਰ ਕਿਸੇ ਵੀ ਧਰਮ ਜਾਂ ਵਿਚਾਰਧਾਰਾ ਨੂੰ ਮੰਨਣ ਤੇ ਪ੍ਰਚਾਰਨ ਦੀ ਪੂਰੀ ਖੁਲ੍ਹ ਦੇਣ ਦੇ ਅਲੰਬਰਦਾਰ ਹਨ, ਉਥੇ ਅਗਾਂਹਵਧੂ, ਵਿਗਿਆਨਕ ਤੇ ਤਰਕਸ਼ੀਲ ਵਿਚਾਰ ਪ੍ਰਗਟ ਕਰਨ ਦੀ ਵੀ ਹਰ ਵਿਅਕਤੀ ਤੇ ਸੰਸਥਾ ਨੂੰ ਪੂਰੀ ਪੂਰੀ ਆਜ਼ਾਦੀ ਦੇ ਪੱਕੇ ਹਾਮੀ ਹਨ। ਇਸੇ ਆਧਾਰ 'ਤੇ ਅਸੀਂ ਧਰਮ ਤੇ ਰਾਜਨੀਤੀ ਨੂੰ ਰਲਗਡ ਨਹੀਂ ਕਰਦੇ ਤੇ ਧਰਮ ਨੂੰ ਹਰ ਇਨਸਾਨ ਦਾ ਨਿੱਜੀ ਮਸਲਾ ਤਸਲੀਮ ਕਰਦੇ ਹਾਂ। ਕਮਿਊਨਿਸਟ ਸਮਾਜ ਦੇ ਵਿਕਾਸ ਵਿਚ ਵੱਖ ਵੱਖ ਧਰਮਾਂ, ਵਿਚਾਰਾਂ ਤੇ ਸਮਾਜਿਕ ਲਹਿਰਾਂ ਦੇ ਯੋਗਦਾਨ ਦੀ ਵੀ ਪੂਰੀ ਪੂਰੀ ਕਦਰ ਕਰਦੇ ਹਨ ਅਤੇ ਇਨ੍ਹਾਂ ਤੋਂ ਲੋੜੀਂਦੇ ਸਬਕ ਲੈਂਦੇ ਹੋਏ ਦੇਸ਼ ਅੰਦਰ ਇਨਕਲਾਬੀ ਲਹਿਰ ਉਸਾਰਨ ਲਈ ਯਤਨਸ਼ੀਲ ਰਹਿੰਦੇ ਹਨ। ਕਮਿਊਨਿਸਟ ਹਰ ਵੰਨਗੀ ਦੀ ਫਿਰਕਾਪ੍ਰਸਤੀ ਤੇ ਅੰਨ੍ਹੇ ਕੌਮਵਾਦ ਦੇ ਸਖ਼ਤ ਵਿਰੋਧੀ ਹਨ ਤੇ ਧਰਮ ਨਿਰਪੱਖਤਾ ਤੇ ਲੋਕ ਰਾਜੀ ਪ੍ਰੰਪਰਾਵਾਂ ਦੇ ਅਲੰਬਰਦਾਰ ਹਨ।
ਪੂੰਜੀਵਾਦ ਦੇ ਸਮਰਥਕ ਤੇ ਖਾਸਕਰ ਅੱਜ ਦੇ ਭਾਰਤੀ ਹਾਕਮ, ਸਮਾਜ ਨੂੰ ਧਰਮਾਂ, ਜਾਤਾਂ ਤੇ ਫਿਰਕਿਆਂ ਦੇ ਅਧਾਰ 'ਤੇ ਵੰਡਣਾ ਚਾਹੁੰਦੇ ਹਨ। ਇਸ ਨਾਲ ਇਕ ਤਾਂ ਲੋਕ ਵਿਰੋਧੀ ਨੀਤੀਆਂ ਦੇ ਚਾਲਕ ਹੋਣ ਦੇ ਬਾਵਜੂਦ ਉਨ੍ਹਾਂ ਨੂੰ  ਵਿਚਾਰਧਾਰਕ ਤੌਰ 'ਤੇ ਪੱਛੜੇ ਲੋਕਾਂ ਦੀ ਹਮਾਇਤ ਮਿਲਦੀ ਰਹਿੰਦੀ ਹੈ ਤੇ ਦੂਸਰਾ ਨਵਉਦਾਰਵਾਦੀ ਨੀਤੀਆਂ ਦਾ ਡਟਵਾਂ ਤੇ ਅਸੂਲੀ ਵਿਰੋਧ ਕਰਨ ਵਾਲੀਆਂ ਕਿਰਤੀ ਲੋਕਾਂ ਦੀਆਂ ਧਿਰਾਂ ਨੂੰ ਆਪਸ ਵਿਚ ਪਾੜਨ ਵਿਚ ਸਹਾਇਤਾ ਮਿਲਦੀ ਹੈ। ਲੋਕ ਹਿਤਾਂ ਦੇ ਖਿਲਾਫ ਇਹ ਪਿਛਾਖੜ ਤੇ ਆਧੁਨਿਕਤਾ ਦਾ ਅਨੋਖਾ ਸੁਮੇਲ ਹੈ। ਜਦੋਂਕਿ ਸੀ.ਪੀ.ਐਮ.ਪੰਜਾਬ ਫਿਰਕਾਪ੍ਰਸਤੀ, ਜਾਤੀਪਾਤੀ ਤੇ ਹੋਰ ਕਿਸੇ ਕਿਸਮ ਦੀ ਫੁੱਟ ਪਾਊ ਲਹਿਰ ਦਾ ਡਟਵਾਂ ਵਿਰੋਧ ਕਰਦੀ ਹੋਈ ਧਰਮ ਨਿਰਪੱਖਤਾ ਤੇ ਬਰਾਬਰਤਾ ਦੇ ਅਮਲਾਂ ਉਪਰ ਨਿਰੰਤਰ ਪਹਿਰਾ ਦੇ ਰਹੀ ਹੈ। ਪ੍ਰੰਤੂ ਅਸੀਂ ਇਸ ਹਕੀਕਤ ਨੂੰ ਵੀ ਅੱਖੋਂ ਓਹਲੇ ਨਹੀਂ ਕਰ ਸਕਦੇ ਕਿ ਹਜ਼ਾਰਾਂ ਸਾਲਾਂ ਤੋਂ ਸਾਡੇ ਸਮਾਜ ਵਿਚ  ਕਿਰਤੀ ਲੋਕਾਂ ਦਾ ਇਕ ਹਿੱਸਾ ਅਮਾਨਵੀ ਜਾਤੀਪਾਤੀ ਵਿਵਸਥਾ, ਸਮਾਜਕ ਅਨਿਆਂ ਤੇ ਜਬਰ ਦਾ ਸ਼ਿਕਾਰ ਹੁੰਦਾ ਚਲਿਆ ਆ ਰਿਹਾ ਹੈ। ਪੂੰਜੀਵਾਦ ਦੇ ਮੌਜੂਦਾ ਦੌਰ ਵਿਚ ਭਾਰਤ ਅੰਦਰ ਇਹ ਅਮਾਨਵੀ ਵਿਵਸਥਾ ਪਹਿਲਾਂ ਤੋਂ ਵੀ ਗੰਭੀਰ ਰੂਪ ਧਾਰਨ ਕਰੀ ਬੈਠੀ ਹੈ। ਇਸ ਜਾਤੀਪਾਤੀ ਵਿਵਸਥਾ ਦਾ ਅਸਲ  ਖਾਤਮਾ ਤਾਂ ਸਮਾਜਵਾਦੀ ਪ੍ਰਬੰਧ ਵਿਚ ਹੀ ਸੰਭਵ ਹੈ, ਜਦੋਂ ਪੈਦਾਵਾਰ ਦੇ ਸਾਧਨਾਂ ਉਪਰ ਸਮੁੱਚੇ ਸਮਾਜ ਦਾ ਕਬਜ਼ਾ ਹੋਵੇਗਾ ਤੇ ਕਾਣੀ ਵੰਡ ਦਾ ਖਾਤਮਾ ਹੋਵੇਗਾ। ਪ੍ਰੰਤੂ ਕਥਿਤ ਅਛੂਤ ਤੇ ਨੀਵੀ ਜਾਤਾਂ ਨਾਲ ਸੰਬੰਧਤ ਕਿਰਤੀ ਲੋਕਾਂ ਅੰਦਰ ਸਮਾਜਵਾਦੀ ਚੇਤਨਾ ਦਾ ਪਸਾਰਾ ਕਰਕੇ ਉਨ੍ਹਾਂ ਨੂੰ ਸਮੁੱਚੀ ਮਜ਼ਦੂਰਾਂ ਕਿਸਾਨਾਂ ਦੀ ਜਮਹੂਰੀ ਲਹਿਰ ਵਿਚ ਆਗੂ ਭੂਮਿਕਾ ਅਦਾ ਕਰਨ ਦੇ ਯੋਗ ਬਨਾਉਣ ਲਈ ਅਸੀਂ ਸਦਾ ਹੀ, ਦਲਿਤ ਤੇ ਹੋਰ ਨੀਵੀਆਂ ਸ਼੍ਰੇਣੀਆਂ ਨਾਲ ਸਬੰਧਤ ਲੋਕਾਂ ਨੂੰ ਆਪਣੀ ਇਕ ਅੱਤ ਭਰੋਸੇਯੋਗ ਧਿਰ ਸਮਝਦੇ ਹੋਏ ਉਨ੍ਹਾਂ ਨਾਲ ਹੋ ਰਹੇ ਜਾਤੀਪਾਤੀ ਵਿਤਕਰੇ ਤੇ ਹਰ ਪ੍ਰਕਾਰ ਦੇ ਸਮਾਜਕ ਜਬਰ ਦਾ ਨਿਰੰਤਰ ਡਟਵਾਂ ਵਿਰੋਧ ਕਰਦੇ ਹਾਂ ਅਤੇ ਹਰ ਪ੍ਰਕਾਰ ਦੇ ਸਮਾਜਿਕ ਜਬਰ ਵਿਰੁੱਧ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਲਈ ਵਚਨਬੱਧ ਹਾਂ। ਸਮਾਜਿਕ ਜਬਰ ਦੇ ਦੁਖਾਂਤ ਤੋਂ ਅੱਖਾਂ ਮੀਟਣਾ ਗੈਰ ਕਮਿਊਨਿਸਟ ਕਿਰਦਾਰ ਹੈ, ਜਿਸ ਦੀ ਕਮਿਊਨਿਸਟ ਲਹਿਰ ਵਿਚ ਕੋਈ ਜਗ੍ਹਾ ਨਹੀਂ ਹੈ। ਇਸਦੇ ਨਾਲ ਹੀ ਅਸੀਂ ਜਾਤਪਾਤ ਉਪਰ ਅਧਾਰਤ ਸੰਗਠਨ ਖੜ੍ਹੇ ਕਰਕੇ ਜਾਤਪਾਤ ਦੀਆਂ ਲਕੀਰਾਂ ਨੂੰ ਹੋਰ ਡੂੰਘਿਆਂ ਕਰਨ ਦੇ ਵਿਰੁੱਧ ਹਾਂ ਤੇ ਸਮੁੱਚੀ ਮਿਹਨਤਕਸ਼ ਜਮਾਤ ਦੀ ਏਕਤਾ ਤੇ ਸਾਂਝੇ ਸੰਘਰਸ਼ਾਂ ਦੇ ਹਾਮੀ ਹਾਂ, ਜੋ ਮੌਜੂਦਾ ਆਰਥਿਕ ਤੇ ਰਾਜਨੀਤਕ ਢਾਂਚੇ ਨੂੰ ਬਦਲਣ ਵੱਲ ਸੇਧਤ ਹੈ।
ਗੱਲੀਂ ਬਾਤੀਂ ਮੋਦੀ ਸਰਕਾਰ, ਭਾਜਪਾ ਤੇ ਹਰ ਤਰ੍ਹਾਂ ਦੀਆਂ ਹੋਰ  ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਪਾਰਟੀਆਂ ਭਰਿਸ਼ਟਾਚਾਰ ਦੇ ਵਿਰੋਧੀ ਹੋਣ ਦਾ ਦਾਅਵਾ ਕਰਦੀਆਂ ਹਨ। ਪ੍ਰੰਤੂ ਕਮਾਲ ਇਹ ਹੈ ਕਿ ਇਹ ਸਾਰੀਆਂ ਹੀ ਧਿਰਾਂ ਭਰਿਸ਼ਟਾਚਾਰ ਨੂੰ ਜਨਮ ਦੇਣ ਵਾਲੇ ਆਰਥਿਕ ਢਾਂਚੇ ''ਪੂੰਜੀਵਾਦ'' ਦੀਆਂ ਹਮਾਇਤੀ ਹਨ। ਪੂੰਜੀਵਾਦੀ ਢਾਂਚਾ ਭਰਿਸ਼ਟਾਚਾਰ, ਬੇਈਮਾਨੀ, ਝੂਠ, ਮੱਕਾਰੀ ਤੇ ਲੁੱਟ ਖਸੁੱਟ ਤੋਂ ਬਿਨਾਂ ਵੱਧ-ਫੁੱਲ ਹੀ ਨਹੀਂ  ਸਕਦਾ। ਇਸੇ ਕਰਕੇ ਭਾਰਤ ਦੀਆਂ ਸਾਰੀਆਂ ਹੀ ਹਾਕਮ ਜਮਾਤਾਂ ਦੀਆਂ ਪਾਰਟੀਆਂ ਭਰਿਸ਼ਟਾਚਾਰੀ ਸਕੈਂਡਲਾਂ ਵਿਚ ਗਲਤਾਨ ਹਨ ਤੇ ਇਨ੍ਹਾਂ ਪਾਰਟੀਆਂ ਦੇ ਆਗੂਆਂ ਦਾ ਸਾਰਾ ਕਾਰੋਬਾਰ ਤੇ ਖਰਚਾ ਪੂੰਜੀਵਾਦੀ ਤੇ ਭਰਿਸ਼ਟਾਚਾਰੀ ਜਮਾਤ ਸਹਿਣ ਕਰਦੀ ਹੈ। ਇਸਦੇ ਉਲਟ ਕਮਿਊਨਿਸਟ ਹਮੇਸ਼ਾਂ ਹੀ ਭਰਿਸ਼ਟਾਚਾਰ ਤੇ ਲੁੱਟ-ਖਸੁੱਟ ਤੋਂ ਮੁਕਤ ਸਮਾਜ ਉਸਾਰਨ ਲਈ ਯਤਨਸ਼ੀਲ ਰਹਿੰਦੇ ਹਨ। ਇਸੇ ਵਿਚਾਰਧਾਰਾ ਉਪਰ ਚਲਦਿਆਂ ਉਹ ਰਾਜਨੀਤਕ ਖੇਤਰ ਵਿਚ ਕੰਮ ਕਰਦੇ ਹਨ। ਇਸੇ ਕਰਕੇ ਕਦੇ ਕਿਸੇ ਕਮਿਊਨਿਸਟ ਆਗੂ ਜਾਂ ਮੰਤਰੀ ਉਪਰ ਭਰਿਸ਼ਟਾਚਾਰ ਕਰਨ ਦੇ ਦੋਸ਼ ਨਹੀਂ ਲੱਗੇ। ਜੇਕਰ ਕਦੀ ਕਦਾਈਂ ਇਨਕਲਾਬੀ ਰਾਜਨੀਤੀ ਤੋਂ ਭਟਕਿਆ ਕੋਈ ਵਿਅਕਤੀ ਭਰਿਸ਼ਟਾਚਾਰੀ ਜਾਂ ਹੋਰ ਅਸਮਾਜਿਕ ਕੰਮ ਕਰਦਾ ਪਕੜਿਆ ਜਾਂਦਾ ਹੈ ਜਾਂ ਪੜਤਾਲ ਕਰਨ ਤੇ ਦੋਸ਼ੀ ਪਾਇਆ ਜਾਂਦਾ ਹੈ, ਤਦ ਇਹ ਕਮਿਊਨਿਸਟ ਪਾਰਟੀਆਂ ਹੀ ਹਨ, ਜੋ ਬਿਨਾਂ ਰੱਖ ਰਖਾਅ ਤੇ ਬਿਨਾਂ ਕਿਸੇ ਦੇਰੀ ਦੇ ਐਸੇ ਗਲਤ ਤੱਤਾਂ ਨੂੰ ਪਾਰਟੀ ਸਫਾਂ ਵਿਚੋਂ ਬਾਹਰ ਕਰ ਦੇਣ ਦੀ ਹਿੰਮਤ ਰੱਖਦੀਆਂ ਹਨ। ਕਮਿਊਨਿਸਟਾਂ ਨੂੰ ਇਮਾਨਦਾਰੀ, ਕੁਰਬਾਨੀ, ਲੋਕ ਹਿਤਾਂ ਪ੍ਰਤੀ ਪ੍ਰਤੀਬੱਧਤਾ ਇਤਿਆਦਿ ਗੁਣ ਕਮਿਊਨਿਸਟ ਇਨਕਲਾਬੀ ਵਿਚਾਰਧਾਰਾ ਅਤੇ ਗੌਰਵਮਈ ਵਿਰਾਸਤ ਤੋਂ ਪ੍ਰਾਪਤ ਹੋਏ ਹਨ ਜਿਸ ਉਤੇ ਅੱਜ ਵੀ ਉਹ ਅਮਲ ਜਾਰੀ ਰੱਖ ਰਹੇ ਹਨ। ਅਸੀਂ ਭਰਿਸ਼ਟਾਚਾਰ ਦੇ ਖਾਤਮੇਂ ਲਈ ਜਨ ਚੇਤਨਾ ਪੈਦਾ ਕਰਕੇ ਜਨਤਕ ਲਾਮਬੰਦੀ ਉਪਰ ਜ਼ੋਰ ਦਿੰਦੇ ਹਾਂ। ਸਮੁੱਚੇ ਪ੍ਰਸ਼ਾਸ਼ਨ ਦਾ ਜਿਸ ਤਰ੍ਹਾਂ ਮੌਜੂਦਾ ਸਰਕਾਰਾਂ ਨੇ ਰਾਜਨੀਤੀਕਰਨ ਕੀਤਾ ਹੈ, ਉਸ ਉਪਰ ਲਗਾਮ ਲਗਾ ਕੇ ਵੀ ਇਕ ਹੱਦ ਤੱਕ ਭਰਿਸ਼ਟਾਚਾਰ ਰੋਕਿਆ ਜਾ ਸਕਦਾ ਹੈ।
ਅੰਤ ਵਿਚ ਅਸੀਂ ਇਹ ਆਖਣਾ ਚਾਹੁੰਦੇ ਹਾਂ ਕਿ ਜਿਹੜੇ ਲੋਕ ਇਹ ਸਮਝਦੇ ਹਨ ਕਿ ਮੌਜੂਦਾ ਪੂੰਜੀਵਾਦੀ ਨੀਤੀਆਂ ਤੇ ਅਮਲਾਂ ਦਾ ਕੋਈ ਮੁਤਬਾਦਲ ਹੀ ਨਹੀਂ ਹੈ, ਸੀ.ਪੀ.ਐਮ.ਪੰਜਾਬ ਉਹਨਾ ਨੂੰ ਸਰਾਸਰ ਗਲਤ ਸਮਝਦੀ ਹੈ। ਯੋਗ ਮੁਤਬਾਦਲ ਤਾਂ ਮੌਜੂਦ ਹੈ, ਪ੍ਰੰਤੂ ਇਸਨੂੰ ਪ੍ਰਾਪਤ ਕਰਨ ਲਈ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੀ ਇਕ ਮਜ਼ਬੂਤ ਰਾਜਨੀਤਕ ਧਿਰ ਜੋ ਮਿਹਨਤਕਸ਼ ਲੋਕਾਂ ਨੂੰ ਇਕਜੁਟ ਕਰਕੇ ਜ਼ੋਰਦਾਰ ਜਮਾਤੀ ਸੰਘਰਸ਼ ਵਿੱਢਣ ਦੇ ਨਾਲ ਨਾਲ ਵਿਚਾਰਧਾਰਕ ਪ੍ਰਪੱਕਤਾ ਤੇ ਆਪਾਵਾਰੂ ਭਾਵਨਾ ਪੈਦਾ ਕਰੇ, ਅਜੇ ਲੋੜੀਂਦੀ ਹੈ। ਇਸ ਵਾਸਤੇ ਵੱਖ ਵੱਖ ਕਮਿਊਨਿਸਟ ਪਾਰਟੀਆਂ ਤੇ ਧੜਿਆਂ ਵਲੋਂ ਆਪਣੇ ਤੌਰ 'ਤੇ ਅਤੇ ਸਾਂਝੇ ਰੂਪ ਵਿਚ ਵੀ ਯਤਨ ਚਲ ਰਹੇ ਹਨ। ਸੀ.ਪੀ.ਐਮ.ਪੰਜਾਬ ਨੂੰ ਪੂਰੀ ਆਸ ਹੈ ਕਿ ਜਨ ਸਮੂਹਾਂ ਦੇ ਸਹਿਯੋਗ ਤੇ ਸ਼ਮੂਲੀਅਤ ਨਾਲ ਪੂੰਜੀਵਾਦ ਦਾ ਖਾਤਮਾ ਤੇ ਅਮੀਰੀ ਗਰੀਬੀ ਦੇ ਪਾੜੇ ਤੋਂ ਮੁਕਤ ਬਰਾਬਰਤਾ ਵਾਲਾ ਸਮਾਜ ਭਾਵ ਸਮਾਜਵਾਦ, ਸਿਰਜਣ ਵਿਚ ਕਾਮਯਾਬੀ ਅਵੱਸ਼ ਮਿਲੇਗੀ। ਸਦੀਆਂ ਪੁਰਾਣਾ ਨਾਬਰਾਬਰੀ ਤੇ ਅਧਾਰਤ ਸਮਾਜਕ ਢਾਂਚਾ ਬਦਲਣ ਵਾਸਤੇ ਦਿਨਾਂ ਤੇ ਸਾਲਾਂ ਦੀ ਸੀਮਾ ਨਹੀਂ ਮਿੱਥੀ ਜਾ ਸਕਦੀ, ਪ੍ਰੰਤੂ ਲੁਟੇਰੇ ਪ੍ਰਬੰਧ ਦੇ ਮੁਕੰਮਲ ਖਾਤਮੇ ਦੀ ਹਕੀਕਤ ਉਪਰ, ਵਿਗਿਆਨਕ ਨਜ਼ਰੀਏ ਤੋਂ, ਅਟੁਟ ਵਿਸ਼ਵਾਸ਼ ਜ਼ਰੂਰ ਕਾਇਮ ਰਹਿਣਾ ਚਾਹੀਦਾ ਹੈ।

No comments:

Post a Comment