Tuesday, 7 July 2015

ਸਥਿਤੀ ਦੀ ਅਸਲ ਭਿਆਨਕਤਾ ਦਾ ਨਮੂਨਾ ਮਾਤਰ ਹੈ ਮੰਡੀ (ਹਿਮਾਚਲ ਪ੍ਰਦੇਸ਼) ਵਿਖੇ ਵਾਪਰੀ ਮੰਦਭਾਗੀ ਘਟਨਾ

ਠੇਕਾ ਅਧਾਰਿਤ ਭਰਤੀ ਅਤੇ ਹਾਇਰ ਐਂਡ ਫਾਇਰ ਦੀ ਨੀਤੀ ਦੇ ਵਿਨਾਸ਼ਕਾਰੀ ਸਿੱਟੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਚਾਰ ਵਿਅਕਤੀ ਮੰਡੀ ਵਿਖੇ ਅਫਸੋਸਨਾਕ ਮੌਤ ਮਰ ਚੁੱਕੇ ਹਨ ਅਤੇ 9 (ਜਾਂ ਇਸ ਤੋਂ ਵੀ ਜ਼ਿਆਦਾ) ਜਖ਼ਮੀਆਂ ਦਾ ਹਾਲ ਅਜੇ ਆਉਣ ਵਾਲਾ ਸਮਾਂ ਦੱਸੇਗਾ।
ਅਫਸੋਸਨਾਕ ਘਟਨਾ ਇਹ ਹੈ ਕਿ ਮੰਡੀ ਵਿਖੇ ਇਕ ਆਈ.ਆਈ.ਟੀ. ਦੀ ਇਮਾਰਤ ਦੀ ਉਸਾਰੀ ਦਾ ਕੰਮ ਕਿਸੇ ਪ੍ਰਾਈਵੇਟ ਠੇਕੇਦਾਰ ਰਾਹੀਂ ਚਲ ਰਿਹਾ ਹੈ। ਜਿਥੇ ਕੰਮ ਕਰਨ ਵਾਲੇ ਕਿਰਤੀ ਅਜੇ ਤੱਕ ਵੀ ਤਨਖਾਹਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਤੋਂ ਵਿਰਵੇ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਸਨ। ਉਸ ਠੇਕੇਦਾਰ ਦੇ ਸਕਿਊਰਿਟੀ ਸਟਾਫ (ਦ ਹਿੰਦੂ ਅਖਬਾਰ ਮੁਤਾਬਕ ਬਾਊਂਸਰਜ਼) ਨੇ ਸੰਘਰਸ਼ਸ਼ੀਲ ਮਜ਼ਦੂਰਾਂ 'ਤੇ ਗੋਲੀਆਂ ਚਲਾਕੇ ਮਜ਼ਦੂਰ ਆਗੂਆਂ ਸਮੇਤ 9 ਵਿਅਕਤੀਆਂ ਨੂੰ ਫੱਟੜ ਕਰ ਦਿੱਤਾ। ਇਸ ਗੋਲੀਬਾਰੀ ਤੋਂ ਉਪਜੇ ਲੋਕ ਰੋਹ ਦੇ ਸਿੱਟੇ ਵਜੋਂ ਇਕੱਤਰ ਹੋਈ ਭੀੜ ਨਾਲ ਹੋਈ ਝੜਪ ਵੇਲੇ ਆਪਣਾ ਬਚਾਅ ਕਰਨ ਲਈ ਭੱਜੇ ਸਕਿਊਰਟੀ ਸਟਾਫ ਦੇ ਦੋ ਮੈਂਬਰ ਤਾਂ ਨੇੜੇ ਨਦੀ ਵਿਚ ਡਿੱਗ ਕੇ ਮਰ ਗਏ ਅਤੇ ਦੋ ਜਖ਼ਮਾਂ ਦੀ ਤਾਬ ਨਾ ਝਲਦੇ ਹੋਏ ਬਾਅਦ 'ਚ ਪੂਰੇ ਹੋ ਗਏ।
ਇਥੇ ਇਹ ਵੀ ਦੱਸਣਯੋਗ ਹੈ ਕਿ ਠੇਕਾ ਅਧਾਰਤ ਕਿਰਤੀਆਂ ਲਈ ਕੋਈ ਮਨੁੱਖੀ ਨਿਯਮ ਜਾਂ ਕਿਰਤ ਕਾਨੂੰਨ ਨਹੀਂ ਲਾਗੂ ਕੀਤੇ ਜਾਂਦੇ, ਬੇਰੋਜ਼ਗਾਰੀ ਦੇ ਝੰਬੇ ਕਿਰਤੀਆਂ ਤੋਂ ਜਾਨਵਰਾਂ ਨਾਲੋਂ ਵੀ ਬਦਤਰ ਹਾਲਤਾਂ 'ਚ ਕੰਮ ਲਿਆ ਜਾਂਦਾ ਹੈ। ਮੌਜੂਦਾ ਘਟਨਾਕ੍ਰਮ 'ਚ ਕਾਮਿਆਂ ਨੇ ਦੱਸਿਆ ਕਿ ਹਿਮਾਚਲ ਵਰਗੇ ਪਹਾੜੀ ਰਾਜ 'ਚ ਠੰਡ ਦੇ ਮੌਸਮ 'ਚ ਤਾਪਮਾਨ 1 ਡਿਗਰੀ ਤੋਂ ਹੇਠਾਂ ਜਾਂ ਇਸ ਦੇ ਆਸਪਾਸ ਰਹਿੰਦਾ ਹੈ। ਉਸ ਵੇਲੇ ਕੀਤੇ ਕੰਮ ਦੀਆਂ ਉਜਰਤਾਂ ਅਜੇ ਤੱਕ ਨਹੀਂ ਮਿਲੀਆਂ ਜਿਸ ਦੀ ਪ੍ਰਾਪਤੀ ਲਈ ਇਹ ਘੋਲ ਚਲ ਰਿਹਾ ਸੀ। 'ਦੀ ਹਿੰਦੂ' ਅਖਬਾਰ ਦੀ ਰਿਪੋਰਟ (21.6.15 ਸਫ਼ਾ ਤਿੰਨ) ਇਹ ਵੀ ਖੁਲਾਸਾ ਕਰਦੀ ਹੈ ਕਿ ਮਜ਼ਦੂਰਾਂ ਨੇ ਕਿਰਤ ਵਿਭਾਗ, ਮਾਲਕਾਂ (ਕੰਟਰੈਕਟਰਜ਼), ਸਿਵਲ ਅਤੇ ਪੁਲਸ ਪ੍ਰਸ਼ਾਸਨ ਕੋਲ ਅਨੇਕਾਂ ਹੀ ਚਾਰਾਜੋਈਆਂ ਕੀਤੀਆਂ ਪਰ ਕਿਸੇ ਨੇ ਰੱਤੀ ਭਰ ਵੀ ਦਖਲ ਦੇ ਕੇ ਉਨ੍ਹਾਂ ਦੇ ਬਣਦੇ ਹੱਕ ਨਹੀਂ ਦਵਾਏ। ਸਥਿਤੀ ਦਾ ਦੂਜਾ ਦੁਖਾਂਤਕ ਪਹਿਲੂ ਇਹ ਹੈ ਕਿ ਕੰਟਰੈਕਟਰਜ਼ ਨੇ ਮਜ਼ਦੂਰਾਂ ਨੂੰ ਕਾਬੂ ਕਰਨ (ਗੋਲੀਬਾਰੀ ਰਾਹੀਂ) ਲਈ ਬੇਰੋਜ਼ਗਾਰ ਨੌਜਵਾਨਾਂ ਦਾ ਹੀ ਬੜਾ ਘਿਣੌਣਾ ਇਸਤੇਮਾਲ ਕੀਤਾ ਹੈ ਅਤੇ ਤਬਾਹਕੁੰਨ ਸਿੱਟੇ ਸਭ ਦੇ ਸਾਹਮਣੇ ਹਨ। ਇਹ ਘਟਨਾ ਅਜੇ ਹੋਰ ਵੀ ਦੁਖਦਾਈ ਨਤੀਜੇ ਕੱਢੇਗੀ, ਇਸ ਗੱਲ ਦੀ ਪੂਰੀ ਸ਼ੰਕਾ ਹੈ। ਵੱਡਾ ਸਵਾਲ ਇਹ ਹੈ ਕਿ ਸਰਕਾਰਾਂ ਦੀਆਂ ਨੀਤੀਆਂ ਕਰਕੇ ਸਾਰਾ ਦੇਸ਼ ਹੀ ਅਜਿਹੀਆਂ ਅਰਾਜਕ ਸਥਿਤੀਆਂ ਵੱਲ ਵੱਧਦਾ ਦਿਸਦਾ ਹੈ।

No comments:

Post a Comment