Tuesday 7 July 2015

ਮੱਧ ਸ਼੍ਰੇਣੀ ਆਪਣਾ ਮੂਲ ਪਛਾਣੇ

ਮੱਖਣ ਕੁਹਾੜ 
ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਸਰਕਾਰ ਨੇ 2015 ਦਾ ਜੋ ਪਹਿਲਾ ਪੂਰਾ ਬੱਜਟ ਪੇਸ਼ ਕੀਤਾ, ਉਸ ਨਾਲ ਮੱਧ ਸ਼੍ਰੇਣੀ ਤੜਪ ਉੱਠੀ। ਮੱਧ ਸ੍ਰੇਣੀ ਨੂੰ ਆਸਾਂ 'ਤੇ ਪਾਣੀ ਫਿਰ ਗਿਆ ਲਗਦਾ ਹੈ। ਭਾਵੇਂ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਪਰ ਇਹ ਰੁਝਾਨ ਵਧਦਾ ਜਾ ਰਿਹਾ ਹੈ। ਸਚਮੁੱਚ ਇਸ ਸਮੇਂ ਮੱਧ ਸ਼੍ਰੇਣੀ ਵੀ ਚੋਖੀ ਸੰਕਟਗ੍ਰਸਤ ਹੈ।
ਸੰਕਟ ਦਾ ਕਾਰਨ ਸਿਰਫ਼ ਇਹੀ ਨਹੀਂ ਹੈ ਕਿ ਇਸ ਵਾਰ ਉਸ ਨੂੰ ਆਮਦਨ ਕਰ ਵਿਚ ਕੋਈ ਛੋਟ ਨਹੀਂ ਦਿੱਤੀ ਗਈ ਜਾਂ ਇਸ ਪੱਧਰ ਦੇ ਕਾਰੋਬਾਰੀਆਂ ਤੇ ਵੱਡੇ ਕਿਸਾਨਾਂ ਦਾ ਸਾਹ ਸੌਖਾ ਕਰਨ ਲਈ ਕੋਈ ਉਪਾਅ ਨਹੀਂ ਕੀਤੇ ਜਾਂ ਸਿੱਧੇ-ਅਸਿੱਧੇ ਟੈਕਸਾਂ ਰਾਹੀਂ ਹੋਰ ਬੋਝ ਪਾਇਆ ਗਿਆ ਹੈ। ਸਗੋਂ ਇਸ ਦਾ ਵਧੇਰੇ ਕਾਰਨ ਇਸ ਸ਼੍ਰੇਣੀ ਨੂੰ ਹੇਠਲੀ ਸ਼੍ਰੇਣੀ ਵਿਚ ਧੱਕੇ ਜਾਣ ਦੀ ਪ੍ਰਕਿਰਿਆ ਵਿਚ ਤੇਜ਼ੀ ਆਉਣਾ ਹੈ।
ਮੱਧ ਸ਼੍ਰੇਣੀ ਹਮੇਸ਼ਾ ਤ੍ਰਿਸ਼ੰਕੂ ਦੀ ਭੂਮਿਕਾ ਨਿਭਾਉਂਦੀ ਰਹੀ ਹੈ। ਇਹ ਸ਼੍ਰੇਣੀ ਉਪਰਲੀ ਸ਼੍ਰੇਣੀ ਵਿਚ ਜਾਣ ਦੀ ਦੌੜ ਵਿਚ ਹਮੇਸ਼ਾ ਇਕ-ਦੂਜੇ ਤੋਂ ਅੱਗੇ ਲੰਘਣ ਦੀ ਕਾਹਲ ਵਿਚ ਰਹਿੰਦੀ ਹੈ। ਇਸ ਕਾਹਲ ਵਿਚ ਉਹ ਸਭ ਮਾਨਵੀ ਰਿਸ਼ਤੇ ਅਤੇ ਕਦਰਾਂ ਕੀਮਤਾਂ ਵੀ ਭੁੱਲ ਜਾਂਦੀ ਹੈ। ਅਜੇਹੀ ਲੰਮੀ ਜਦੋ-ਜ਼ਹਿਦ ਨਾਲ ਹੇਠਲੀ ਸ਼੍ਰੇਣੀ ਵਿਚੋਂ ਉਹ ਮਸਾਂ ਹੀ ਉਭਰ ਕੇ ਆਈ ਹੈ ਅਤੇ ਆਪਣੀ ਕਾਰਜਸ਼ੈਲੀ ਤਬਦੀਲ ਕਰ ਚੁੱਕੀ ਹੈ। ਕਦੀ ਸਮਾਜ ਸ਼ਾਸ਼ਤਰੀਆਂ ਵਲੋਂ ਇਸ ਸ਼੍ਰੇਣੀ ਨੂੰ 'ਥਾਲ਼ੀ ਦੇ ਬੈਂਗਣ' ਦੀ ਸੰਗਿਆ ਦਿੱਤੀ ਜਾਂਦੀ ਹੈ, ਜੋ ਥਾਲ਼ੀ ਦੇ ਨਾਲ ਹੀ ਝੱਟ ਉਲਰ ਜਾਂਦਾ ਹੈ। ਸਚਮੁੱਚ ਮੱਧ ਸ਼੍ਰੇਣੀ ਅਕਸਰ ਉਲਾਰਪਨ ਦਾ ਸ਼ਿਕਾਰ ਰਹਿੰਦੀ ਹੈ।
ਇਸ ਸਮੇਂ ਭਾਰਤ ਦੀ ਲਗਭਗ ਅੱਧੀ ਵਸੋਂ ਹੇਠਲੀ ਸ਼੍ਰੇਣੀ ਵਿਚ ਹੈ। ਘੋਰ ਗ਼ਰੀਬੀ ਵਿਚ ਜੀਵਨ ਬਸਰ ਕਰ ਰਹੀ ਹੈ। ਉੱਚਤਮ ਸ਼੍ਰੇਣੀ ਦੇ ਕਾਰਪੋਰੇਟ ਘਰਾਣੇ ਤੇ ਹੋਰ ਵਪਾਰਕ ਅਦਾਰਿਆਂ ਦੇ ਮਾਲਕਾਂ ਦੀ ਗਿਣਤੀ ਲਗਭਗ 2 ਫ਼ੀਸਦੀ ਤੋਂ ਵੀ ਘੱਟ ਹੈ। ਇਹੀ ਉਹ ਸ਼੍ਰੇਣੀ ਹੈ ਜੋ ਰਾਜ ਸੱਤਾ 'ਤੇ ਕਾਬਜ਼ ਹੈ ਅਤੇ ਂ ਨੀਤੀਆਂ ਉਸ ਦੀ ਸੇਵਾ ਲਈ ਹੀ ਬਣਦੀਆਂ ਹਨ। ਉਸ ਤੋਂ ਹੇਠਲੀ ਕਰੀਬ ਵਸੋਂ 15% ਵੱਸੋਂ ਐਸੀ ਹੈ, ਜਿਸ ਨੂੰ ਅਮੀਰ ਸ਼੍ਰੇਣੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਬਾਕੀ ਦੀ ਕਰੀਬ 30 ਫ਼ੀਸਦੀ ਵਸੋਂ ਮੱਧ ਵਰਗੀ ਜੀਵਨ ਬਤੀਤ ਕਰ ਰਹੀ ਹੈ। ਕੁਲ ਆਬਾਦੀ ਦਾ ਕਰੀਬ ਤੀਸਰਾ ਹਿੱਸਾ, ਸਭ ਤੋਂ ਉਪਰਲੀ ਇਕ ਫ਼ੀਸਦੀ ਸ਼੍ਰੇਣੀ ਕੋਲ ਦੇਸ਼ ਦੀ ਕੁਲ ਜਾਇਦਾਦ ਦਾ 50 ਫ਼ੀਸਦੀ ਤੋਂ ਵੀ ਵਧੇਰੇ ਹਿੱਸਾ ਹੈ। ਇਕ ਅੰਦਾਜ਼ੇ ਅਨੁਸਾਰ ਉਪਰਲੇ 20 ਫ਼ੀਸਦੀ ਕੋਲ 80% ਦੇ ਕਰੀਬ ਜਾਇਦਾਦ ਹੈ।
ਮੱਧ ਸ਼੍ਰੇਣੀ ਦਾ ਮੁੱਖ ਸੰਕਟ ਹੈ ਕਿ ਇਸ ਨੇ ਜੋ ਹੁਣ ਤੀਕ ਮੁਕਾਮ ਹਾਸਲ ਕੀਤਾ ਸੀ, ਉਸ ਤੋਂ ਉਹ ਖੁੱਸਦਾ ਜਾ ਰਿਹਾ ਹੈ। ਇਹ ਦੇਸ਼ ਦੀ ਆਜ਼ਾਦੀ ਦੇ ਬਾਅਦ ਲਗਾਤਾਰ ਪ੍ਰਾਪਤ ਹੁੰਦਾ ਰਿਹਾ ਸੀ ਪਰ 20ਵੀਂ ਸਦੀ ਦੇ ਆਖ਼ਰੀ ਦਹਾਕੇ ਵਿਚ ਨਵੀਂਆਂ ਆਰਥਕ  ਨੀਤੀਆਂ ਨਾਲ ਖੁਸਣਾ ਸ਼ੁਰੂ ਹੋ ਗਿਆ ਅਤੇ ਇਸ ਪ੍ਰਕਿਰਿਆ ਵਿਚ ਹੁਣ ਹੋਰ ਤੇਜ਼ੀ ਆਈ ਹੈ। ਇਸ ਸ਼੍ਰੇਣੀ ਦੀ ਉਪਰਲੀ ਅਮੀਰ ਸ਼੍ਰੇਣੀ ਵਿਚ ਸ਼ਾਮਲ ਹੋਣ, ਰਾਜ ਭਾਗ ਵਿਚ ਨੌਕਰੀਆਂ ਵਿਚ, ਮੁਫ਼ਤ ਵਿਦਿਆ ਗ੍ਰਹਿਣ ਕਰਨ ਵਿਚ ਹਿੱਸੇਦਾਰੀ ਵਧਣ ਦੀ ਬਜਾਏ ਘਟਦੀ ਜਾ ਰਹੀ ਹੈ। ਵਿਦੇਸ਼ੀਂ ਜਾ ਕੇ ਵੀ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ।
1947 ਵਿਚ ਜਦ ਦੇਸ਼ ਆਜ਼ਾਦ ਹੋਇਆ, ਇਸ ਸ਼੍ਰੇਣੀ ਨੂੰ ਵਧੇਰੇ ਸਹੂਲਤਾਂ ਮਿਲੀਆਂ। ਮਾਮੂਲੀ ੇ ਪੜ੍ਹੇ ਲਿਖੇ ਨੂੰ ਵੀ ਨੌਕਰੀ ਮਿਲ ਗਈ। ਪੜ੍ਹਾਈ ਵਿਚ ਸਹੂਲਤ/ਪੜ੍ਹਾਈ ਕਰਦੇ ਹੀ ਫੇਰ ਨੌਕਰੀ। ਨੌਕਰੀ ਬਾਅਦ ਚੰਗੀ ਤਨਖਾਹ ਅਤੇ ਪੈਨਸ਼ਨ। ਬੱਚਿਆਂ ਨੂੰ ਉੱਚ ਵਿਦਿਆ ਪ੍ਰਾਪਤ ਕਰਾਉਣ ਤੇ ਮਗਰੋਂ ਨੌਕਰੀ ਦਿਵਾਉਣ ਦਾ ਹਰ ਮੌਕਾ ਮਿਲਿਆ। ਵੱਡੀ ਕਿਸਾਨੀ ਹਰੀ ਕ੍ਰਾਂਤੀ ਵਿਚ ਛਾਲ ਮਾਰ ਕੇ ਇਕ ਛੜੱਪਾ ਅੱਗੇ ਵੱਧ ਗਈ। ਰਾਜ ਭਾਗ ਵਿਚ ਚੌਧਰ ਕਰਨ ਦੇ ਪੂਰੇ ਮੌਕੇ ਮਿਲੇ। ਪੰਚਾਇਤੀ ਰਾਜ ਤੋਂ ਲੈ ਕੇ ਵਿਧਾਨ ਸਭਾ, ਲੋਕ ਸਭਾ ਤੀਕਰ ਨੁਮਾਇੰਦਗੀ ਦਾ ਰਾਹ ਖੁੱਲ੍ਹ ਜਾਣ ਦਾ ਕਾਰਨ ਸਿਆਸੀ ਪਾਰਟੀਆਂ ਵਿਚ ਉੱਚ ਅਹੁਦੇ, ਜ਼ਮੀਨਾਂ ਦੀ ਮਾਲਕੀ ਵਧਾਉਣ ਤੇ ਨਾਲ-ਨਾਲ ਹੋਰ ਕਾਰੋਬਾਰ ਕਰਨ, ਕਿਸਾਨੀ 'ਚ ਹੀ ਆੜ੍ਹਤ ਅਤੇ ਹੋਰ ਵਪਾਰਕ ਮੌਕਿਆਂ ਰਾਹੀਂ ਅੱਗੇ ਵਧਣ ਨਾਲ ਚੰਗਾ ਜੀਵਨ ਬਸਰ ਕਰਨ ਦੇ ਮੌਕੇ ਮਿਲੇ। ਇਸ ਸ਼੍ਰੇਣੀ ਨੇ ਰਾਜ ਭਾਗ ਦੇ ਕਈ ਸੁਖ ਮਾਨਣ ਦੀ ਕੋਸ਼ਿਸ਼ ਵਿਚ ਸਫਲਤਾ, ਪਿੰਡ ਤੋਂ ਸ਼ਹਿਰ, ਸ਼ਹਿਰੀ ਜਾਇਦਾਦ ਖ਼ਰੀਦਣ, ਕੋਠੀਆਂ, ਕਾਰਾਂ, ਟਰੈਕਟਰ, ਕੰਬਾਈਨਾਂ, ਨਿੱਜੀ ਸਕੂਲਾਂ, ਹਸਪਤਾਲ ਦੀ ਮਾਲਕੀ, ਸੈਲਰ, ਰੇਤਾ, ਬੱਜਰੀ, ਸ਼ਰਾਬ ਦੇ ਠੇਕੇ, ਬੱਸਾਂ-ਟਰੱਕਾਂ ਦੀ ਟਰਾਂਸਪੋਰਟ, ਛੋਟੀਆਂ ਸਨਅਤਾਂ, ਯੂਰਪ, ਅਮਰੀਕੀ ਦੇਸ਼ਾਂ ਵਿਚ ਪੜ੍ਹਾਉਣ ਆਦਿ ਨਾਲ ਇਹ ਜੀਵਨ ਪੱਧਰ ਉੱਚਾ ਕਰਨ ਦੇ ਸਫਲ ਰਹੇ। ਸਿੱਟੇ ਵਜੋਂ ਇਸ ਮੱਧ ਵਰਗੀ ਸ਼੍ਰੇਣੀ ਦੇ ਵੀ ਦੋ ਹਿੱਸੇ ਹੋ ਗਏ। ਇਕ ਉੱਚ ਮੱਧ ਵਰਗ ਸ਼੍ਰੇਣੀ ਤੇ ਦੂਜੀ ਹੇਠਲੀ ਮੱਧ ਵਰਗ ਸ਼੍ਰੇਣੀ। ਇਸ ਵਕਤ ਕੁੱਲ ਦੀ ਕੁੱਲ ਮੱਧ ਵਰਗ ਸ਼੍ਰੇਣੀ ਹੀ ਸੰਕਟ ਵਿਚ ਹੈ।
ਮੱਧ ਵਰਗੀ ਸ਼੍ਰੇਣੀ ਦੇ ਬੱਚੇ ਆਮ ਤੌਰ 'ਤੇ ਉੱਚੀ ਸਿੱਖਿਆ ਪ੍ਰਾਪਤ ਕਰਨ ਦੇ ਸਮਰੱਥ ਹੋ ਕੇ, ਡਾਕਟਰ, ਇੰਜਨੀਅਰ, ਐਮ.ਐਸ.ਸੀ., ਪੀ.ਐਚ.ਡੀ., ਕੰਪਿਊਟਰ ਅਤੇ ਹੋਰ ਉਚ ਸਿੱਖਿਆ ਆਦਿ ਪ੍ਰਾਪਤ ਕਰ ਕੇ ਇਸ ਵਕਤ ਵਿਹਲੇ ਫਿਰ ਰਹੇ ਹਨ। ਉਨ੍ਹਾਂ ਵਾਸਤੇ ਕੋਈ ਨੌਕਰੀ ਨਹੀਂ ਹੈ। ਜੇ ਨੌਕਰੀ ਮਿਲਦੀ ਵੀ ਹੈ ਤਾਂ ਨਿਗੁਣੀ ਤਨਖ਼ਾਹ 'ਤੇ/ਠੇਕੇ 'ਤੇ। ਕੋਈ ਪੈਨਸ਼ਨ ਨਹੀਂ। ਕੋਈ ਸੇਵਾ ਸੁਰੱਖਿਆ ਨਹੀਂ। ਕਿਸਾਨੀ ਅਤੇ ਛੋਟੇ ਕਾਰੋਬਾਰੀ ਬਰਬਾਦ ਹੋ ਰਹੇ ਹਨ। ਕਿਸਾਨ ਨੂੰ ਜਿਣਸਾਂ 'ਤੇ ਉਪਜ ਦੇ ਵਾਜਬ ਭਾਅ ਨਹੀਂ ਮਿਲਦੇ, ਟਰੈਕਟਰ ਵਿਹਲੇ ਚਿੱਟੇ ਹਾਥੀ, ਖ਼ਰਚੇ ਦਾ ਖੋਅ। ਕਰਜ਼ੇ ਦੀਆਂ ਭੰਡਾਂ ਭਾਰੀ। ਆਤਮ ਹੱਤਿਆਵਾਂ। ਸਵਾਮੀਨਾਥਨ ਰਿਪੋਰਟ ਤੋਂ ਇਨਕਾਰ, ਭੌਂ ਪ੍ਰਾਪਤੀ ਬਿੱਲ ਦੀਆਂ ਖ਼ਤਰਨਾਕ ਮੱਦਾਂ। ਛੋਟੀ ਕਿਸਾਨੀ ਜ਼ਮੀਨਾਂ ਵੇਚ ਵੇਚ ਕੇ ਦਿਹਾਤੀ ਮਜ਼ਦੂਰਾਂ ਵਿਚ ਸ਼ਾਮਲ ਹੋ ਰਹੀ ਹੈ। ਕੋਈ ਦਿਹਾੜੀ ਨਹੀਂ ਮਿਲਦੀ। ਵੱਡੀਆਂ ਸਨਅਤਾਂ, ਛੋਟੀਆਂ ਨੂੰ ਹੜੱਪ ਕਰ ਰਹੀਆਂ ਹਨ। ਹਾਕਮਾਂ ਦੀ ਕਾਰੋਬਾਰਾਂ ਵਿਚ ਸਿੱਧੀ ਦਖ਼ਲਅੰਦਾਜ਼ੀ। ਹਾਕਮ ਸ਼੍ਰੇਣੀ ਦੀ ਦੇਸ਼ ਦੀ ਅਮੀਰ ਸ਼੍ਰੇਣੀ, ਕਾਰਪੋਰੇਟ ਘਰਾਣਿਆਂ ਵਿਦੇਸ਼ੀ ਅਮੀਰਾਂ ਨਾਲ ਸਿੱਧੀ ਸਾਂਝ। ਸਾਰੀਆਂ ਸੁੱਖ ਸਹੂਲਤਾਂ ਰਾਜ ਕਰ ਰਹੀ ਉੱਚ ਸ਼੍ਰੇਣੀ ਦੇ 2 ਫ਼ੀਸਦੀ ਦੇ ਕਰੀਬ ਲੋਕਾਂ ਵਾਸਤੇ। ਅੱਜ ਮੱਧ ਸ਼੍ਰੇਣੀ ਹਾਕਮ ਸ਼੍ਰੇਣੀ ਦੇ ਵਿਤਕਰੇ ਕਾਰਨ ਦੂਰ ਹੋਈ ਮਹਿਸੂਸ ਕਰ ਕੇ ਹੇਠਲੀ ਸ਼੍ਰੇਣੀ ਵੱਲ ਧੱਕੇ ਜਾਣ ਦੇ ਅਹਿਸਾਸ ਨਾਲ ਦੁਖੀ ਹੈ। ਅਤੇ ਨਿਰੰਤਰ ਸੰਕਟ ਦਾ ਸ਼ਿਕਾਰ ਹੋਣ ਵੱਲ ਵੱਧ ਰਹੀ ਹੈ। ਮੱਧ ਸ਼੍ਰੇਣੀ ਦੀਆਂ ਸੁੱਖ ਸਹੂਲਤਾਂ ਵਾਲੀਆਂ ਵਸਤਾਂ, ਟੀ.ਵੀ. ਫਰਿੱਜ, ਕੰਪਿਊਟਰ, ਵਾਸ਼ਿੰਗ ਮਸ਼ੀਨਾਂ, ਏ.ਸੀ., ਮੋਟਰਸਾਈਕਲ, ਕਾਰਾਂ, ਟਰੈਕਟਰ, ਇੱਟ, ਰੇਤ, ਬੱਜਰੀ ਸਮੇਤ ਹੋਰ ਇਮਾਰਤੀ ਸਾਮਾਨ, ਸੰਗਮਰਮਰ, ਦਵਾਈਆਂ, ਹਸਪਤਾਲ ਤੇ ਸਕੂਲਾਂ ਦੇ ਖ਼ਰਚੇ, ਖ਼ਪਤ ਲਈ ਪੈਟਰੋਲ, ਗੈਸ, ਡੀਜ਼ਲ, ਸਾਫ਼ ਪਾਣੀ ਲਈ ਆਰ.ਓ. ਹਰ ਚੀਜ਼ ਪਹੁੰਚ ਤੋਂ ਬਾਹਰ ਹੋਈ ਜਾ ਰਹੀ ਹੈ। ਟੈਕਸ ਵੱਧ ਰਹੇ ਹਨ। ਸਬਸਿਡੀਆਂ ਤੇਜ਼ੀ ਨਾਲ ਸਮਾਪਤ ਕੀਤੀਆਂ ਜਾ ਰਹੀਆਂ ਹਨ। ਹਰ ਤਰ੍ਹਾਂ ਦੇ ਖ਼ਰਚੇ ਹੋਰ ਹੋਰ ਵਧੇਰੇ ਹੋਈ ਜਾ ਰਹੇ ਹਨ ਅਤੇ ਆਮਦਨ ਹੋਰ ਹੋਰ ਘਟਦੀ ਜਾ ਰਹੀ ਹੈ।
ਬਹੁਗਿਣਤੀ ਮੱਧ ਸ਼੍ਰੇਣੀ ਦੀ ਹਾਲਤ ਇਹ ਹੈ ਕਿ ਉਹ ਅਜੇ ਵੀ ਆਪਣੇ ਮਸਲੇ ਹੱਲ ਕਰਾਉਣ ਲਈ ਝਾਕ ਹਾਕਮ ਸਿਆਸੀ ਪਾਰਟੀਆਂ 'ਤੇ ਹੀ ਰੱਖ ਰਹੀ ਹੈ। ਉਸ ਨੂੰ ਅਜੇ ਵੀ ਗਿਆਨ ਨਹੀਂ ਹੋਇਆ ਕਿ ਰਾਜ ਉੱਚ ਅਜਾਰੇਦਾਰ ਸਰਮਾਏਦਾਰੀ ਅਤੇ ਜਾਗੀਰਦਾਰੀ ਸ਼੍ਰੇਣੀ ਕਰ ਰਹੀ ਹੈ। ਮੌਜੂਦਾ ਪ੍ਰਬੰਧ ਵਿਚ ਚਾਹੇ ਕਿਸੇ ਵੀ ਸਰਮਾਏਦਾਰ-ਜਾਗੀਰਦਾਰ ਪਾਰਟੀ ਦੀ ਸਰਕਾਰ ਬਣੇ ਉਸ ਨੇ ਅਜਾਰੇਦਾਰਾਂ ਦੀ ਕਾਰਜਕਾਰਨੀ ਕਮੇਟੀ ਦੇ ਤੌਰ 'ਤੇ ਹੀ ਕੰਮ ਕਰਨਾ ਹੈ।
ਮੱਧ ਸ਼੍ਰੇਣੀ ਇਹ ਗੱਲ ਭੁੱਲ ਜਾਂਦੀ ਹੈ ਕਿ ਹੇਠਲੇ ਵਰਗਾਂ ਦੇ ਭਲੇ ਵਿਚ ਹੀ ਉਸ ਦਾ ਭਲਾ ਸੰਭਵ ਹੈ। ਅਤੇ ਇਹ ਭਲਾ ਹੇਠਲੀਆਂ ਜਮਾਤਾਂ ਨਾਲ ਮਿਲ ਕੇ ਸਾਂਝੇ ਲੋਕ ਘੋਲਾਂ ਨਾਲ ਹੀ ਸੰਭਵ ਹੋਣਾ ਹੈ। ਇਨ੍ਹਾਂ ਵਰਗਾਂ ਵਿਚ ਉਹ ਗ਼ਰੀਬ ਜਿਨ੍ਹਾਂ ਦੀ ਗਿਣਤੀ 50 ਫ਼ੀਸਦੀ ਦੇ ਕਰੀਬ ਹੈ, ਜੇ ਇਸ ਸ਼੍ਰੇਣੀ ਦਾ ਕਲਿਆਣ ਹੋਵੇਗਾ, ਫੇਰ ਹੀ ਮੱਧ ਵਰਗ ਸ਼੍ਰੇਣੀ ਦਾ ਹੋਵੇਗਾ। ਮੱਧ ਸ਼੍ਰੇਣੀ ਦਾ ਭਲਾ ਵੀ ਸਿਰਫ਼ ਤੇ ਸਿਰਫ਼ ਹੇਠਲੀ ਦੱਬੀ ਕੁਚਲੀ ਸ਼੍ਰੇਣੀ ਦੇ ਨਾਲ ਚੱਲਣ ਅਤੇ ਸਾਂਝੀ ਜਦੋ-ਜਹਿਦ ਉਸਾਰਨ ਵਿਚ ਹੀ ਹੈ।
ਇਹ ਉਹੀ ਮੱਧ ਵਰਗ ਹੈ, ਜਿਸਨੇ ਜਦੋਂ ਵੀ ਧਰਮਾਂ, ਜਾਤਾਂ, ਮਜ਼੍ਹਬਾਂ, ਖਿੱਤਿਆਂ ਤੋਂ ਉਪਰ ਉਠ ਕੇ ਸਾਂਝੀ ਜਦੋ-ਜਹਿਦ ਵਿਚ ਸ਼ਮੂਲੀਅਤ ਕੀਤੀ ਹੈ ਤਾਂ ਹੇਠਲੀ ਸ਼੍ਰੇਣੀ ਦੇ ਨਾਲ ਨਾਲ ਇਨ੍ਹਾਂ ਨੂੰ ਵੀ ਸਹੂਲਤਾਂ ਮਿਲੀਆਂ ਹਨ। ਜਦ ਲੋਕ ਲਹਿਰਾਂ ਵਿਚ ਇਹ ਸਾਂਝੇ ਤੌਰ 'ਤੇ ਵਿਚਰੇ ਤਾਂ ਅੰਗਰੇਜ਼ੀ ਸਾਮਰਾਜ ਨੂੰ ਵੀ ਹੂੰਝ ਕੇ ਬਾਹਰ ਸੁੱਟ ਦਿੱਤਾ ਗਿਆ। ਆਜ਼ਾਦੀ ਲਈ ਕੀਤੀ ਸਾਰੀ ਜਦੋ-ਜਹਿਦ ਬਰਾਬਰਤਾ ਅਤੇ ਗ਼ਰੀਬੀ ਤੋਂ ਮੁਕੰਮਲ ਬੰਦਖ਼ਲਾਸੀ ਦੀ ਵਿਚਾਰਧਾਰਾ ਦੇ ਅਨੁਸਾਰ ਹੀ ਸੀ। ਆਜ਼ਾਦੀ ਤੋਂ ਪਹਿਲਾਂ ਵੀ ਮੱਧ  ਸ਼੍ਰੇਣੀ ਇਕ ਵਿਚਾਰਧਾਰਕ ਸੇਧ ਦੇਣ ਵਿਚ ਆਪਣਾ ਰੋਲ ਨਿਭਾਉਂਦੀ ਰਹੀ ਹੈ ਅਤੇ ਹੇਠਲੀ ਸ਼੍ਰੇਣੀ ਨੂੰ ਨਾਲ ਲੈ ਕੇ ਸਾਂਝੇ ਹਿਤਾਂ ਲਈ ਲਹੂ ਵੀਟਵੀਆਂ ਲੜਾਈਆਂ ਵਿਚ ਲਗਾਤਾਰ ਸ਼ਾਮਲ ਹੁੰਦੀ ਰਹੀ, ਜਿਸ ਕਾਰਨ ਜਿੱਤਾਂ ਵੀ ਹੋਈਆਂ ਅਤੇ ਸਹੂਲਤਾਂ ਵੀ ਮਿਲੀਆਂ। ਪਰ ਅੱਜ ਗੱਲ ਹੋਰ ਹੈ। ਅੱਜ ਮੱਧ ਵਰਗ ਕੋਲ ਸਮਾਜਵਾਦੀ ਸੰਕਲਪ ਦੀ ਕਮੀ ਹੈ। ਹੇਠਲੀਆਂ ਜਮਾਤਾਂ ਨਾਲ ਮਿਲ ਕੇ ਜਨਤਕ ਸੰਘਰਸ਼ਾਂ ਰਾਹੀਂ ਜਿੱਤਾਂ ਪ੍ਰਾਪਤ ਕਰਨ ਦੀ ਥਾਂ ਉਹ ਮਾਲਕ ਨਾਲ ਸਾਂਝ ਪਾਉਣ ਦੀ ਤੇਜ਼ ਚੂਹਾ ਦੌੜ ਵਿਚ ਸ਼ਾਮਲ ਹੋ ਗਈ ਹੈ।
ਅੱਜ ਮੱਧ ਸ਼੍ਰੇਣੀ ਹੇਠਲੀ ਸ਼੍ਰੇਣੀ ਦੇ ਸਾਰੇ ਦੁੱਖ ਦਰਦ, ਗ਼ਰੀਬੀ ਦੇ ਸੰਤਾਪ ਭੁੱਲ ਕੇ ਉਪਰ ਦੀ ਹੀ ਝਾਕ ਵਿਚ ਹੈ। ਪਰ ਰਾਜ ਕਰ ਰਹੀ ਜਮਾਤ ਨੂੰ ਹੁਣ ਏਸ ਮੱਧ ਸ਼੍ਰੇਣੀ ਨਾਲ ਸਾਂਝ ਪਾਉਣ ਅਤੇ ਇਸ ਨੂੰ ਹੋਰ ਸਹੂਲਤਾਂ ਦੇਣ ਦੀ ਲੋੜ ਨਹੀਂ ਰਹੀ। ਜਦ ਇਹ ਸ਼੍ਰੇਣੀ ਵਿਚਾਰਧਾਰਕ ਜੰਗ ਲੜਨ ਤੋਂ ਮੂੰਹ ਮੋੜ ਰਹੀ ਹੈ ਅਤੇ ਹੇਠਲੀ ਸ਼੍ਰੇਣੀ ਨੂੰ ਨਾਲ ਲੈ ਕੇ ਉਸ ਵਿਰੁੱਧ ਬੇਕਿਰਕ ਲੜਾਈ ਨਹੀਂ ਲੜ ਰਹੀ, ਤਦ ਹਾਕਮਾਂ ਨੂੰ ਕਾਹਦਾ ਡਰ। ਉਸ ਨੇ ਬਾਗ਼ੀ ਸੁਰਾਂ ਨੂੰ ਦਬਾਉਣ ਲਈ ਆਪਣੇ ਆਪ ਨੂੰ ਹੋਰ ਮਜ਼ਬੂਤ ਕਰ ਲਿਆ ਹੈ। ਹਾਕਮ ਜਮਾਤਾਂ ਨੇ ਰਾਜ ਸੱਤਾ 'ਤੇ ਕਾਬਜ਼ ਰਹਿਣ ਲਈ ਹਰ ਹੀਲਾ ਕਰ ਲਿਆ ਹੈ। ਖੱਬੇਪੱਖੀ ਵਿਚਾਰਧਾਰਾ ਜਿਸ ਦੀ ਅਗਵਾਈ ਵਿਚ ਹੇਠਲੀ ਸ਼੍ਰੇਣੀ ਹੱਕਾਂ ਦੀ ਲੜਾਈ ਲੜਦੀ ਸੀ, ਹੁਣ ਕਮਜ਼ੋਰ ਹੈ।
ਏਸ ਅਵਸਥਾ ਵਿਚ ਹੁਣ ਹਾਕਮਾਂ ਨੂੰ ਕਾਹਦਾ ਡਰ ਹੈ। ਉਨ੍ਹਾਂ ਨੂੰ ਜੋ ਥੋੜ੍ਹਾ ਬਹੁਤ ਡਰ ਤੌਖ਼ਲਾ ਹੈ ਵੀ ਸੀ, ਉਸ ਨੂੰ ਖ਼ਤਮ ਕਰਨ ਅਤੇ ਮੌਜੂਦਾ ਲੁੱਟ-ਖੋਹ ਨੂੰ ਤੇ ਲੋਕ ਵਿਰੋਧੀ, ਗ਼ਰੀਬ ਵਿਰੋਧੀ 'ਅਵਸਥਾ' ਨੂੰ ਮਜ਼ਬੂਤ ਕਰਨ ਲਈ ਵਿਦੇਸ਼ੀ ਅਜਾਰੇਦਾਰਾਂ ਅਤੇ ਸਾਮਰਾਜੀ ਮੁਲਕਾਂ ਨਾਲ ਸਾਂਝ ਹੋਰ ਵਧਾ ਲਈ ਹੈ ਅਤੇ ਹੋਰ ਮਜ਼ਬੂਤ ਕਰ ਲਈ ਹੈ। ਉਸ ਨੇ ਤਾਂ ਹੁਣ ਹੇਠਲੀ ਸ਼੍ਰੇਣੀ ਦੀ 'ਚੂਪਣੀ' ਵਜੋਂ ਸੰਵਿਧਾਨ ਵਿਚ ਦਰਜ 'ਸਮਾਜਵਾਦ' ਸ਼ਬਦ ਕੱਢਣ ਦੀ ਵੀ ਤਿਆਰੀ ਕਰ ਲਈ ਹੈ। ਉਸ ਨੂੰ ਹੁਣ ਮੱਧ ਵਰਗ ਦਾ ਕੋਈ ਡਰ ਨਹੀਂ। ਹੇਠਲੀ ਸ਼੍ਰੇਣੀ ਨੂੰ ਉਨ੍ਹਾਂ ਗ਼ਰੀਬੀ ਨਾਲ ਉਂਜ ਹੀ ਮਧੋਲ ਛੱਡਿਆ ਹੈ। ਹੇਠਲੀ ਸ਼੍ਰੇਣੀ ਨੇ ਸਮਾਜਵਾਦ ਦਾ, ਬਰਾਬਰਤਾ ਦਾ ਸੁਪਨਾ ਹੀ ਜਿਵੇਂ ਤਿਆਗ ਦਿੱਤਾ ਹੈ ਅਤੇ ਨਰਕ ਵਰਗੀ ਜ਼ਿੰਦਗੀ ਨੂੰ ਉਸ ਨੇ ਜਿਵੇਂ ਆਪਣੀ ਪੱਕੀ ਕਿਸਮਤ ਵਜੋਂ ਹੀ ਸਵੀਕਾਰ ਕਰ ਲਿਆ ਲਗਦਾ ਹੈ।
ਜੇ ਮੱਧ ਸ਼੍ਰੇਣੀ ਨੇ ਆਪਣੇ ਖੁਰ ਰਹੇ ਜੀਵਨ ਪੱਧਰ ਨੂੰ ਬਚਾਉਣਾ ਹੈ ਤਾਂ ਇਸ ਨੂੰ ਲਾਜ਼ਮੀ ਸਰਮਾਏਦਾਰ ਪੱਖੀ ਸਾਰੀਆਂ ਸਿਆਸੀ ਪਾਰਟੀਆਂ ਦੇ ਭੁਲੇਵਿਆਂ 'ਚੋਂ ਬਾਹਰ ਨਿਕਲਣਾ ਹੋਵੇਗਾ। ਕਦੇ ਕਾਂਗਰਸ, ਕਦੇ ਜਨ ਸੰਘ, ਕਦੇ ਜਨਤਾ ਪਾਰਟੀ, ਕਦੇ ਭਾਰਤੀ ਜਨਤਾ ਪਾਰਟੀ, ਕਦੇ ਅਕਾਲੀ ਦਲ, ਕਦੇ ਪੀ.ਪੀ.ਪੀ., ਕਦੇ ਆਮ ਆਦਮੀ ਪਾਰਟੀ ਤੇ ਖੇਤਰੀ ਪਾਰਟੀਆਂ ਆਦਿ-ਆਦਿ ਦੀ ਝਾਕ ਛੱਡ ਕੇ ਨਿਰੋਲ ਲੋਕ ਸ਼ਕਤੀ ਭਾਵ ਮਜ਼ਦੂਰਾਂ, ਕਿਸਾਨਾਂ ਅਤੇ ਸੰਕਟਗ੍ਰਸਤ ਛੋਟੀਆਂ ਕਾਰੋਬਾਰੀ ਸ਼੍ਰੇਣੀਆਂ 'ਤੇ ਟੇਕ ਰੱਖਣੀ ਹੋਵੇਗੀ। ਉਹ ਇਕੱਲਿਆਂ ਲੜ ਕੇ ਮਹੱਤਵਪੂਰਨ ਜਿੱਤਾਂ ਪ੍ਰਾਪਤ ਨਹੀਂ ਕਰ ਸਕਦੀ, ਇਸ ਸੰਕਟ ਲਈ ਤਾਂ ਹਰ ਹਾਲਤ ਉਸ ਨੂੰ ਪੁਰਾਣੇ ਇਤਿਹਾਸ ਤੋਂ ਸਬਕ ਸਿੱਖ ਕੇ ਅਜੋਕੀਆਂ ਅਗਾਂਹਵਧੂ ਜਮਾਤਾਂ ਨੂੰ ਨਾਲ ਲੈ ਕੇ ਇਕ ਯੁੱਧ ਲੜਨਾ ਹੋਵੇਗਾ। ਸਿਰਫ਼ ਤਾਂ ਹੀ ਉਸ ਦੀ ਆਪਣੀ ਸ਼ਕਤੀ ਵੀ ਵੱਧ ਸਕਦੀ ਹੈ ਅਤੇ ਉਹ ਆਪਣੀ ਬਣਦੀ ਭੂਮਿਕਾ ਨਿਭਾ ਸਕਦੀ ਹੈ। ਉਪਰ ਜਾਣ ਦੀ ਭੁਲੇਖੇ ਭਰੀ ਝਾਕ ਛੱਡ ਕੇ ਕੇਵਲ ਸਰਬੱਤ ਦੇ ਭਲੇ ਲਈ, ਸਾਂਝੀਵਾਲਤਾ ਦੀ ਲੜਾਈ ਦਾ ਸੰਕਲਪ ਹੀ ਉਸ ਲਈ ਕਲਿਆਣਕਾਰੀ ਹੋ ਸਕਦਾ ਹੈ। ਅੱਜ ਦੀ ਇਤਿਹਾਸਕ ਲੋੜ ਹੈ ਕਿ ਉਹ ਆਪਣਾ ਮੂਲ ਪਛਾਣ ਕੇ ਅਜੋਕੀਆਂ ਅਗਾਂਹਵਧੂ ਜਮਾਤਾਂ ਨਾਲ ਰਲ ਕੇ ਸਭ ਦੇ ਕਲਿਆਣ ਲਈ ਅਤੇ ਮੌਜੂਦਾ ਵਿਵਸਥਾ ਦੀ ਤਬਦੀਲੀ ਦੀ ਲੜਾਈ ਵਿਚ ਆਪਣੀ ਬਣਦੀ ਭੂਮਿਕਾ ਨਿਭਾਵੇ।

No comments:

Post a Comment