Wednesday 8 July 2015

ਲਲਿਤ ਮੋਦੀ ਬਨਾਮ ਸੁਸ਼ਮਾ, ਵਸੁੰਧਰਾ..... ਮੋਦੀ ਦੇ ਮੰਤਰੀ ਤੇ ਸੰਗੀ ਵੀ ਉਸੇ ਹਮਾਮ 'ਚ

ਮਹੀਪਾਲ 
ਸਵੱਛ ਅਤੇ ਸਾਫ ਸੁਥਰਾ ਸ਼ਾਸਨ-ਪ੍ਰਸ਼ਾਸਨ ਕਾਇਮ ਕਰਨ ਦੇ ਨਰਿੰਦਰ ਮੋਦੀ ਅਤੇ ਉਸ ਦੇ ਜੋਟੀਦਾਰਾਂ ਦੇ ਵੱਡੇ-ਵੱਡੇ ਦਮਗੱਜਿਆਂ ਦੇ ਫਰਜ਼ੀ ਹੋਣ ਬਾਰੇ ਲੋਕ ਪੱਖੀ ਧਿਰਾਂ ਨੂੰ ਤਾਂ ਭਾਵੇਂ ਪਹਿਲਾਂ ਵੀ ਕੋਈ ਭੁਲੇਖਾ ਨਹੀਂ ਸੀ, ਪਰ ਹਾਲੀਆ ਦਿਨਾਂ ਵਿਚ ਬੀ.ਜੇ.ਪੀ. ਦੀ ਅਗਵਾਈ ਵਾਲੀ ਰਾਜਸਥਾਨ ਸਰਕਾਰ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ, ਉਸਦੇ ਪੁੱਤਰ ਸਾਂਸਦ ਦੁਸ਼ਯੰਤ ਸਿੰਘ ਅਤੇ ਮੋਦੀ ਸਰਕਾਰ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਕ੍ਰਿਕਟ ਖੇਡ ਨੂੰ ਸੱਟੇਬਾਜ਼ੀ, ਮਨੀ ਲਾਡਰਿੰਗ ਆਦਿ ਦੇ ਪਤਿਤ ਧੰਦੇ ਰਾਹੀਂ ਬਦਨਾਮ ਕਰਨ ਵਾਲੇ ਲਲਿਤ ਮੋਦੀ (ਸਾਬਕਾ ਚੇਅਰਮੈਨ ਆਈ.ਪੀ.ਐਲ.) ਦੀ ਕਾਰੋਬਾਰੀ ਅਤੇ ਰਾਜਸੀ ਹਿਤਾਂ ਲਈ ਕੀਤੀ ਗਈ ਨਾਵਾਜ਼ਬ ਮਦਦ ਦੇ ਖੁਲਾਸੇ ਹੋਣ ਨਾਲ ਇਸ ਸਰਕਾਰ ਅਤੇ ਸਰਕਾਰ ਚਲਾ ਰਹੀ ਮੁੱਖ ਪਾਰਟੀ ਭਾਜਪਾ, ਜਿਸਨੂੰ ਪਹਿਲਾਂ ਲੁਕਵੇਂ ਢੰਗਾਂ ਰਾਹੀਂ ਅਤੇ ਹੁਣ ਕਾਫੀ ਹੱਦ ਤੱਕ ਖੁਲ੍ਹੀ ਦਖਲ ਅੰਦਾਜ਼ੀ ਨਾਲ, ਆਰ.ਐਸ.ਐਸ. ਚਲਾ ਰਿਹਾ ਹੈ; ਦਾ ਹੀਜ਼ ਪਿਆਜ ਸਭ ਦੇ ਸਾਹਮਣੇ ਬੇਪਰਦ ਹੋ ਗਿਆ ਹੈ।
ਇੰਡੀਅਨ ਉਲੰਪਿਕ ਐਸੋਸੀਏਸ਼ਨ ਦੇ ਸਾਬਕਾ ਮੁੱਖੀ ਵਲੋਂ ਖੇਡਾਂ ਦੀ ਬਿਹਤਰੀ ਅਤੇ ਖੇਡਾਂ ਦੇ ਕੌਮਾਂਤਰੀ ਆਯੋਜਨਾਂ ਲਈ ਬਣਾਏ ਗਏ ਸਟੇਡੀਅਮਜ਼ ਦੀ ਉਸਾਰੀ ਅਤੇ ਬਾਜ਼ਾਰੀ ਕੀਮਤ ਤੋਂ ਹਜ਼ਾਰਾਂ ਗੁਣਾਂ ਕੀਮਤ 'ਤੇ ਖੇਡ ਸਮੱਗਰੀ, ਖਿਡਾਰੀਆਂ ਦੀ ਖੁਰਾਕ, ਪੁਸ਼ਾਕਾਂ ਆਦਿ ਖਰੀਦਣ ਵੇਲੇ ਹੋਏ ਘਪਲੇ ਦੇ ਉਜਾਗਰ ਹੋਣ ਨਾਲ ਸਮੁੱਚੇ ਦੇਸ਼ਵਾਸੀਆਂ, ਖਾਸਕਰ ਖੇਡ ਪ੍ਰੇਮੀਆਂ ਦਾ ਮਨ ਬਹੁਤ ਖੱਟਾ ਹੋਇਆ ਸੀ।
ਪਾਠਕਾਂ ਨੂੰ ਇਹ ਵੀ ਯਾਦ ਹੋਵੇਗਾ ਕਿ ਜਦੋਂ ਸੂਚਨਾ ਅਧਿਕਾਰ ਕਾਨੂੰਨ (ਆਰ.ਟੀ.ਆਈ.) ਦੇ ਘੇਰੇ 'ਚੋਂ ਦੇਸ਼ ਦੇ ਸਮੁੱਚੇ ਕ੍ਰਿਕਟ ਖੇਡ ਪ੍ਰਬੰਧਾਂ/ਅਯੋਜਨਾ ਨੂੰ ਚਲਾਉਣ ਵਾਲੀ ਬਾਡੀ ''ਕ੍ਰਿਕਟ ਇੰਡੀਆ'' ਨੂੰ ਬਾਹਰ ਰੱਖਿਆ ਗਿਆ ਸੀ; ਜਿਸ ਕਰਕੇ ਲੋਕ ਮਨਾਂ 'ਚ ਉਦੋਂ ਵੀ ਸ਼ੰਕੇ ਖੜੇ ਹੋਏ ਸਨ ਪਰ ਕਈਆਂ  ਕਾਰਨਾਂ ਕਰਕੇ ਗੱਲ ਗੌਲੀ ਨਹੀਂ ਸੀ ਗਈ। ਹਾਲਾਂਕਿ ਇਹ ਮੁੱਦਾ ਬਹੁਤ ਹੀ ਗੰਭੀਰ ਸੀ ਅਤੇ ਅੱਜ ਵੀ ਹੈ।
ਇਹ ਦੱਸਣਾ ਵੀ ਜ਼ਰੂਰੀ ਬਣਦਾ ਹੈ ਕਿ ਸਾਬਕਾ ਆਈ.ਪੀ.ਐਸ. ਅਧਿਕਾਰੀ ਅਤੇ ਪੰਜਾਬ ਦੇ ਡੀ.ਜੀ.ਪੀ. ਰਹਿ ਚੁੱਕੇ ਕੇ.ਪੀ.ਐਸ.ਗਿੱਲ ਨੂੰ ਇਕ ਵਾਰ ਆਈ.ਐਚ.ਏ. (ਇੰਡੀਅਨ ਹਾਕੀ ਐਸੋਸੀਏਸ਼ਨ) ਦਾ ਮੁੱਖੀ ਥਾਪੇ ਜਾਣ ਤੋਂ ਬਾਅਦ ਉਸਨੇ ਐਸੋਸੀਏਸ਼ਨ ਦੀਆਂ ਕਈ ਚੋਣਾਂ ਆਪਣੇ ਅਸਰ ਹੇਠਲੇ ਪੁਲੀਸ ਅਧਿਕਾਰੀਆਂ ਦੀ ਮਦਦ ਲੈਂਦਿਆਂ ਆਪਣੇ ਵਿਰੁੱਧ ਖੜੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਡਾਂਗਾਂ ਨਾਲ ਭੁਗਤ ਸੁਆਰ ਕੇ ਜਿੱਤੀਆਂ ਸਨ। ਜ਼ਾਹਿਰ ਹੈ ਡਾਂਗ ਨਾਲ ਚੋਣਾਂ ਜਿੱਤੀਆਂ ਜਾਣ ਦਾ ''ਭਾਣਾ' ਕੋਈ ਹਾਕੀ ਦੀ ਖੇਡ ਅਤੇ ਹਾਕੀ ਖਿਡਾਰੀਆਂ ਦੀ ਬਿਹਤਰੀ ਲਈ ਤਾਂ ਨਹੀਂ ਸੀ ਵਰਤਾਇਆ ਗਿਆ।
ਆਓ ਮੂਲ ਵਿਸ਼ੇ ਵੱਲ ਪਰਤੀਏ! ਮਤਭੇਦਾਂ ਅਤੇ ਅੰਗਰੇਜਾਂ ਵਲੋਂ ਲਿਆਂਦੀ ਗਈ ਜਾਂ ਗੁਲਾਮੀ ਦੀ ਨਿਸ਼ਾਨੀ ਕਹੇ ਜਾਣ ਦੇ ਬਾਵਜੂਦ ਕ੍ਰਿਕਟ ਅੱਜਕੱਲ੍ਹ ਦੇਸ਼ ਦੀ ਸਭ ਤੋਂ ਹਰਮਨ ਪਿਆਰੀ ਖੇਡ ਬਣ ਚੁੱਕੀ ਹੈ। ਖਾਸਕਰ ਨਵੀਂ ਪੀੜ੍ਹੀ ਵਿਚ ਇਹ ਜ਼ਿਆਦਾ ਹੀ ਪਾਪੂਲਰ ਹੈ। ਕ੍ਰਿਕਟ ਵਿਚ ਸੱਟੇਬਾਜ਼ੀ ਦੀਆਂ ਖ਼ਬਰਾਂ ਵੀ ਨਵੀਆਂ ਨਹੀਂ ਅਤੇ ਇਕੱਲੇ ਭਾਰਤ ਤਕ ਹੀ ਸੀਮਤ ਹੋਣ ਇਹ ਗੱਲ ਵੀ ਨਹੀਂ। ਕਈ ਨਾਮੀ ਗਿਰਾਮੀ ਭਾਰਤੀ/ਵਿਦੇਸ਼ੀ ਖਿਡਾਰੀਆਂ ਦਾ ਖੇਡ ਕੈਰੀਅਰ ਸੱਟੇਬਾਜ਼ਾਂ ਨਾਲ ਸਬੰਧ ਹੋਣ ਦੇ ਦੋਸ਼ਾਂ ਦੇ ਚਲਦੇ ਮੁਕੰਮਲ ਖਤਮ ਹੋ ਚੁੱਕਿਆ ਹੈ। ਪਰ ਦੇਸ਼ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਝਟਕਾ ਲੱਗਿਆ ਹੈ ਆਈ.ਪੀ.ਐਲ. (ਟਵੰਟੀ-ਟਵੰਟੀ ਕ੍ਰਿਕਟ ਦਾ ਭਾਰਤੀ ਕਲੱਬ ਸੰਸਕਰਣ) ਦੇ ਗਠਨ ਤੋਂ ਬਾਅਦ ਇਸਦੇ ਆਯੋਜਨਾਂ ਵੇਲੇ ਉਜਾਗਰ ਹੋਈਆਂ ਸੱਟੇਬਾਜ਼ੀ; ਮੈਚ ਫਿਕਸਿੰਗ; ਮਨੀ ਲਾਂਡਰਿੰਗ; ਖੇਡ ਪ੍ਰਸ਼ਾਸਕਾਂ/ਫ੍ਰੈਂਚਾਈਜ਼ (ਟੀਮ) ਮਾਲਕਾਂ ਅਤੇ ਰਾਜਨੀਤੀਵਾਨਾਂ ਦੇ ਗੱਠਜੋੜ ਵਲੋਂ ਮਚਾਈ ਬੇਤਹਾਸ਼ਾ ਲੁੱਟ ਦੇ ਮਾਮਲੇ ਉਜਾਗਰ ਹੋਣ ਨਾਲ। ਇਸ ਸਾਰੀ ਅਤੀ ਗੰਦੀ ਖੇਡ (ਜੋ ਅੱਜ ਵੀ ਜਾਰੀ ਹੈ) ਦਾ ਮੁਖ ਸੂਤਰਧਾਰ ਹੈ ਭਾਰਤ ਦੀ ਵਿਦੇਸ਼ ਮੰਤਰੀ; ਰਾਜਸਥਾਨ ਦੀ ਮੁੱਖ ਮੰਤਰੀ; ਉਸਦੇ ਸਾਂਸਦ ਪੁੱਤਰ ਅਤੇ ਕਈ ਅਣਪੜਦ ਹੋਈਆਂ ਹਸਤੀਆਂ ਦੀ ਮਦਦ ਨਾਲ ਵਿਦੇਸ਼ ਜਾਣ ਅਤੇ ਉਥੇ ਜਾ ਕੇ ਮਨਮਰਜ਼ੀ ਕਰਨ ਵਾਲਾ ''ਲਲਿਤ ਮੋਦੀ''। ਜਿਸਨੇ ਕ੍ਰਿਕਟ ਦੇ ਵਕਾਰ ਨੂੰ ਇੰਨਾ ਨੀਵਾਂ ਡੇਗ ਦਿੱਤਾ ਕਿ ਸਭਨਾ ਲਈ ਨਫਰਤ ਦਾ ਪਾਤਰ ਕਹੇ ਜਾਣ ਵਾਲਾ ਵੇਸਵਾਗਿਰੀ ਵਰਗਾ ਧੰਦਾ ਵੀ ਇਸ 'ਕੁਕਰਮ' ਤੋਂ ਘੱਟ ਮਾੜਾ ਹੀ ਸਮਝੇ ਜਾਣ ਦੀ ਨੌਬਤ ਆ ਗਈ ਹੈ।
ਉਂਝ ਭਾਵੇਂ ਪਿੱਛਲੱਗੂਆਂ ਜਾਂ ਕ੍ਰਿਕਟ ਨੂੰ ਅਜੇ ਵੀ ਭਗਵਾਨ ਸਮਝਣ ਵਾਲੇ ਲੋਕਾਂ ਦੀ ਤਾਂ ਅੱਜ ਵੀ ਕੋਈ ਕਮੀ ਨਹੀਂ ਪਰ ਕ੍ਰਿਕਟ ਖਾਸ ਕਰਕੇ ਆਈ.ਪੀ.ਐਲ. ਵਿਚ ਲਲਿਤ ਮੋਦੀ ਅਤੇ ਹਰ ਪਾਰਟੀ 'ਚ ਬੈਠੇ ਉਸਦੇ ਜੁੰਡੀ ਦੇ ਯਾਰਾਂ ਜਿਵੇਂ ਰਾਜੀਵ ਸ਼ੁਕਲਾ, ਸ਼ਰਦ ਪਵਾਰ, ਪ੍ਰਫੁਲ ਪਟੇਲ, ਅਰੁਣ ਜੇਟਲੀ, ਸ਼ਸ਼ੀ ਥਰੂਰ ਆਦਿ ਦੀ ਮੌਨ ਸਹਿਮਤੀ ਜਾਂ ਆਰਥਕ ਭਾਗੀਦਾਰੀ ਰਾਹੀਂ ਮਚਾਈ ਬੇਤਹਾਸ਼ਾ ਅੰਨ੍ਹੀ ਲੁੱਟ ਨੇ ਚੇਤੰਨ ਅਤੇ ਦੇਸ਼ ਲਈ ਫਿਕਰਮੰਦਾਂ ਦੀ ਜ਼ਮੀਰ ਨੂੰ ਜ਼ਰੂਰ ਝੰਜੋੜਿਆ ਹੈ।
ਹੁਣ ਭਾਜਪਾ ਕੁੱਝ ਵੀ ਕਹੇ/ਕਰੇ ਜਾਂ ਨਾ, ਪਰ ਇਕ ਗਲ ਜ਼ਰੂਰ ਸਾਫ ਹੋਈ ਹੈ ਕਿ ਸੁਸ਼ਮਾ ਸਵਰਾਜ ਦੀ ਬੇਟੀ ਬਾਂਸੁਰੀ ਪਾਸਪੋਰਟ ਦੀ ਵੈਧਤਾ ਬਹਾਲ ਕਰਨ ਦੇ ਕੇਸ ਵਿਚ ਲਲਿਤ ਮੋਦੀ ਦੀ ਵਕੀਲ ਸੀ ਅਤੇ ਲਲਿਤ ਮੋਦੀ ਦਾ ਪਾਸਪੋਰਟ ਬਹਾਲ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਜਾਣੀ ਵਿਦੇਸ਼ ਮੰਤਰਾਲੇ ਦਾ ਫਰਜ਼ ਬਣਦਾ ਸੀ।
ਦ ਜੇ ਇਹ ਚੁਣੌਤੀ ਨਹੀਂ ਦਿੱਤੀ ਗਈ ਭਾਵ ਉਚ ਜਾਂ ਉਚੱਤਮ ਅਦਾਲਤ ਵਿਚ ਪਾਸਪੋਰਟ ਬਹਾਲ ਕਰਨ ਦੇ ਹੇਠਲੀ ਅਦਾਲਤ ਦੇ ਫ਼ੈਸਲੇ ਖਿਲਾਫ ਅਪੀਲ ਨਹੀਂ ਪਾਈ ਗਈ ਤਾਂ ਇਸ ਪਿੱਛੇ ਬਾਂਸੁਰੀ ਅਤੇ ਲਲਿਤ ਮੋਦੀ ਦੇ ਕਾਰੋਬਾਰੀ (ਵਕੀਲ ਅਤੇ ਮੁਵੱਕਿਲ) ਸਬੰਧਾਂ ਦੇ ਪ੍ਰੈਸ਼ਰ ਜਾਂ ਸੌਦੇਬਾਜ਼ੀ ਦੀ ਸੰਭਾਵਨਾ ਤੋਂ ਉੱਕਾ ਹੀ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਵਕੀਲ ਵਿਦੇਸ਼ ਮੰਤਰੀ ਦੀ ਧੀ ਹੈ ਅਤੇ ਇਹ ਅਪੀਲ ਵਿਦੇਸ਼ ਮੰਤਰਾਲੇ ਵਲੋਂ ਕੀਤੀ ਜਾਣੀ ਸੀ।
ਦ ਇਹ ਵੀ ਗੱਲ ਹੁਣ ਸਾਫ਼ ਹੋ ਗਈ ਹੈ ਕਿ ਆਮ ਤੌਰ 'ਤੇ ਭਗੌੜੇ ਹੋਏ ਮੁਜ਼ਰਮਾਂ ਦੇ ਖਿਲਾਫ ਜੋ ਵਿਦੇਸ਼ੀਂ ਬੈਠੇ ਹੋਣ, ਦੇ ਵਿਰੁੱਧ ਸੰਬੰਧਤ ਹਾਈ ਕਮਿਸ਼ਨਰਜ ਨੂੰ ਹਿਦਾਇਤਾਂ (ਸਖਤੀ ਕਰਨ ਲਈ) ਦੇਣ ਦਾ ਨਿਯਮ ਹੈ ਉਹ ਨਿਭਾਇਆ ਨਹੀਂ ਗਿਆ।
ਦ ਵਸੁੰਧਰਾ ਰਾਜੇ ਵਲੋਂ ਲਲਿਤ ਮੋਦੀ ਦੇ ਕਾਗਜ਼ਾਂ 'ਤੇ ਪਾਈ ਗਈ ਜ਼ਾਮਨੀ ਦਾ ਪੂਰਾ ਕੱਚਾ ਚਿੱਠਾ ਦੇਰ ਸਵੇਰ ਸਾਹਮਣੇ ਆ ਹੀ ਜਾਵੇਗਾ। ਪਰ ਇਕ ਗੱਲ ਸਾਫ਼ ਹੈ ਕਿ ਲਲਿਤ ਮੋਦੀ ਦੇ ਇਸ ਨਾਲ ਪਰਿਵਾਰਕ ਅਤੇ ਉਸ ਤੋਂ ਵੀ ਜ਼ਿਆਦਾ ਕਾਰੋਬਾਰੀ ਸੰਬੰਧ ਹਨ। ਇਸ ਦੇ ਪੁੱਤਰ ਦੁਸ਼ਯੰਤ ਸਿੰਘ ਦੀ ਕੰਪਨੀ ਵਿਚ ਲਲਿਤ ਮੋਦੀ ਵਲੋਂ ਕਰੋੜਾਂ ਰੁਪਏ ਦਾ ਨਿਵੇਸ਼ ਕਰਨ ਅਤੇ ਉਸ ਦੀ ਕੰਪਨੀ ਦੇ ਅਤੀ ਮਾਮੂਲੀ ਬਾਜ਼ਾਰੀ ਕੀਮਤ ਦੇ ਸ਼ੇਅਰ 19 ਹਜ਼ਾਰ ਤੋਂ ਜ਼ਿਆਦਾ ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਖਰੀਦੇ ਜਾਣ ਦੇ ਖੁਲਾਸੇ ਤਾਂ ਜਨਤਾ ਸਾਹਮਣੇ ਆ ਹੀ ਚੁੱਕੇ ਹਨ।
ਦ ਬੀ.ਜੇ.ਪੀ. ਦੇ ਕਈ ਹੋਰ ਵੱਡੇ ਧੁਰੰਦਰਾਂ ਦੀ ਲੁਕਵੀਂ ਸਹਿਮਤੀ  ਅਤੇ ਮਦਦ ਵੀ ਲਲਿਤ ਮੋਦੀ ਨੂੰ ਜ਼ਰੂਰ ਹੈ ਨਹੀਂ ਤਾਂ ਐਵੇਂ ਹੀ ਕਿਵੇਂ ਸਾਰੀ ਭਾਜਪਾ ਵਿਦੇਸ਼ ਮੰਤਰੀ ਨੂੰ ਦੁੱਧ ਧੋਤੀ ਕਰਾਰ ਦੇਣ 'ਤੇ ਉਤਾਰੂ ਹੋਈ ਪਈ ਹੈ ਅਤੇ ਵਿਰੋਧ ਕਰਨ ਵਾਲਿਆਂ ਲਈ ਅਤੀ ਭੱਦੀ ਸ਼ਬਦਾਵਲੀ ਵਰਤ ਰਹੀ ਹੈ।
ਦ ਇਸ ਕੁਕਰਮ ਵਿਚ ਰਾਜ ਕਰਦੀਆਂ ਸਾਰੀਆਂ ਪਾਰਟੀਆਂ ਦੇ ਉਚ ਆਗੂਆਂ ਦੀ ਸਹਿਮਤੀ ਹੈ ਭਾਵੇਂ ਉਹ ਕੌਮੀ ਪਾਰਟੀਆਂ ਹੋਣ ਜਾਂ ਸੂਬਿਆਂ 'ਚ ਰਾਜ ਕਰਨ ਵਾਲੀਆਂ।
ਦ  ਇਹ ਵੀ ਚਿੰਤਾ ਦੀ ਗੱਲ ਹੈ ਕਿ ਇਹ ਗੰਦਾ ਵਰਤਾਰਾ ਹੁਣ ਕੇਵਲ ਕ੍ਰਿਕਟ ਤੱਕ ਹੀ ਸੀਮਤ ਨਹੀਂ ਰਹਿ ਗਿਆ ਬਲਕਿ ਬਾਕੀ ਖੇਡਾਂ ਵੀ (ਖਾਸ ਕਰ ਕਬੱਡੀ) ਵੀ ਇਸ ਦੇ ਮਨਹੂਸ ਕਲਾਵੇ ਵਿਚ ਜਾਂਦੀਆਂ ਦਿਸ ਰਹੀਆਂ ਹਨ।
ਦ ਸਭ ਤੋਂ ਮਾੜੀ ਗੱਲ ਇਹ ਹੋਈ ਕਿ ਖੇਡਾਂ ਹੁਣ ਖੇਡਾਂ ਨਹੀਂ ਰਹਿ ਗਈਆਂ ਬਲਕਿ ਖੇਡ ਸੰਸਥਾਵਾਂ ਦੇ ਕਰਤਿਆਂ ਧਰਤਿਆਂ, ਰਾਜਨੀਤੀਵਾਨਾਂ; ਉਚ ਕਾਰੋਬਾਰੀ ਘਰਾਣਿਆਂ; ਇਖਲਾਕ ਤੋਂ ਗਿਰੇ ਖਿਡਾਰੀਆਂ ਦੀ ਗੰਦੀ ਇੱਟੀ-ਬਿੱਟੀ ਰਾਹੀਂ ਲੱਖਾਂ ਖਰਬਾਂ ਦੀ ਕਮਾਈ ਵਾਲੀ ਖਾਣ ਬਣ ਗਈਆਂ ਹਨ, ਖਾਸਕਰ ਕ੍ਰਿਕਟ ਫੁੱਟਬਾਲ ਆਦਿ।
ਮੁੱਕਦੀ ਗੱਲ ਸੰਸਾਰੀਕਰਣ/ਉਦਾਰੀਕਰਨ ਦੇ ਮਨਹੂਸ ਸਾਮਰਾਜੀ ਅਮਲਾਂ ਨੇ ਸਭ ਥਾਂਈ ਕਾਰਪੋਰੇਟ ਘਰਾਣਿਆਂ ਦੀਆਂ ਤਿਜੋਰੀਆਂ ਭਰਨ ਦੇ ਨਾਲ ਨਾਲ ਭਰਿਸ਼ਟਾਚਾਰ ਨੂੰ ਨਵੀਆਂ ਨਿਵਾਣਾਂ ਤੱਕ ਪਹੁੰਚਾ ਦਿੱਤਾ ਹੈ।
ਇਸ ਬਾਰੇ ਭਾਵੇਂ ਆਉਂਦੇ ਦਿਨਾਂ 'ਚ ਹੋਰ ਵੀ ਕਈ ਖੁਲਾਸੇ ਹੋਣਗੇ ਪਰ ਇਕ ਗੱਲ ਤਾਂ ਸਾਫ਼ ਹੈ ਕਿ ਅੱਵਲ ਤਾਂ ਭਾਜਪਾ ਅਤੇ ਨੈਤਿਕਤਾ ਦਾ ਰਾਗ ਅਲਾਪੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲਲਿਤ ਮੋਦੀ ਦੇ ਬੇਲੀ-ਬੇਲਣਾ ਖਿਲਾਫ ਕੋਈ ਕਾਰਵਾਈ ਕਰਨਗੇ ਹੀ ਨਹੀਂ ਅਤੇ ਜੇ ਮਜ਼ਬੂਰੀ ਵੱਸ ਕੀਤੀ ਵੀ ਤਾਂ ਉਸ ਕਾਰਵਾਈ ਦਾ ਸਮੱਸਿਆ ਦੇ ਮੂਲ ਕਾਰਨਾਂ ਦੀ ਤਲਾਸ਼ ਅਤੇ ਹੱਲ ਦਾ ਲੱਖਾਂ ਕੋਹਾਂ ਦੂਰ-ਦੂਰ ਤੱਕ ਦਾ ਕੋਈ ਵਾਸਤਾ ਨਹੀਂ ਹੋਵੇਗਾ।

No comments:

Post a Comment