Wednesday, 27 August 2025

ਮਜ਼ਦੂਰ ਕਿਸਾਨ ਜਥੇਬੰਦੀਆਂ ਵਲੋਂ ਪਹਿਲੀ ਸਤੰਬਰ ਨੂੰ ਨਕੋਦਰ ਥਾਣੇ ਅੱਗੇ ਧਰਨਾ ਲਾਉਣ ਦਾ ਐਲਾਨ

 


ਨਕੋਦਰ: ਸਥਾਨਕ ਦਿਹਾਤੀ ਮਜ਼ਦੂਰ ਸਭਾ ਦੇ ਦਫ਼ਤਰ ‘ਚ ਵੱਖ ਵੱਖ ਮਜ਼ਦੂਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਹੋਈ ਸਾਂਝੀ ਮੀਟਿੰਗ ਦੌਰਾਨ ਸਥਾਨਕ ਪੁਲਿਸ ਦੇ ਮਾੜੇ ਰਵੱਈਏ ਵਿਰੁੱਧ ਪਹਿਲੀ ਸਤੰਬਰ ਨੂੰ ਨਕੋਦਰ ਥਾਣੇ ਅੱਗੇ ਧਰਨਾ ਲਾਉਣ ਦਾ ਫ਼ੈਸਲਾ ਕੀਤਾ ਗਿਆ।

ਮਜ਼ਦੂਰ ਕਿਸਾਨ ਆਗੂਆਂ ਸਰਵਸਾਥੀ ਦਰਸ਼ਨ ਨਾਹਰ, ਸੂਬਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ, ਹਰਮੇਸ਼ ਮਾਲੜੀ ਸੂਬਾ ਵਿੱਤ ਸਕੱਤਰ ਪੰਜਾਬ ਖੇਤ ਮਜ਼ਦੂਰ ਯੂਨੀਅਨ, ਹੰਸਰਾਜ ਪੱਬਵਾ ਅਤੇ ਤਰਸੇਮ ਪੀਟਰ, ਸੂਬਾ ਆਗੂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਮਨੋਹਰ ਸਿੰਘ ਗਿੱਲ ਸੂਬਾ ਆਗੂ ਜਮਹੂਰੀ ਕਿਸਾਨ ਸਭਾ ਅਤੇ ਸੰਦੀਪ ਅਰੋੜਾ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਸਭਾ ਨੇ ਕਿਹਾ ਕਿ 22 ਅਗਸਤ ਨੂੰ ਪਿੰਡ ਨੂਰਪੁਰ ਚੱਠਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬਲਜੀਤ ਜੀਤੀ ਅਤੇ ਉਸਦੇ ਦੋ ਭਰਾਵਾਂ ਨੂੰ ਗੁੰਡਾ ਅਨਸਰਾਂ ਵੱਲੋਂ ਘੇਰ ਕੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ ਅਤੇ ਜੇਰੇ ਇਲਾਜ਼ ਹਨ, ਜਦ ਕਿ ਦੋਸ਼ੀ ਖੁਦ ਹੀ ਆਪਣੇ ਸੱਟਾਂ ਮਾਰਕੇ ਅੱਧੀ ਰਾਤ ਨੂੰ ਦਾਖ਼ਲ ਹੋ ਕੇ ਉਲਟਾ ਯੂਨੀਅਨ ਆਗੂਆਂ ਤੇ ਹੋਰਨਾਂ ਨੌਜਵਾਨਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਆਗੂਆਂ‌ ਨੇ ਕਿਹਾ ਕਿ ਸਥਾਨਕ ਪੁਲਿਸ ਦੀ ਮਣਸ਼ਾ ਵੀ ਯੂਨੀਅਨ ਆਗੂਆਂ ਨੂੰ ਝੂਠੇ ਕੇਸਾਂ ਫਸਾਉਣ ਦੀ ਹੈ ਇਸ ਕਰਕੇ ਉਹਨਾਂ ਹਮਲਾਵਰਾਂ 'ਤੇ ਅਜੇ ਤਾਈਂ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਨਕੋਦਰ ਦੇ ਸੁੰਦਰ ਨਗਰ ਤੋਂ ਦੋ ਮਹੀਨਾਂ ਪਹਿਲਾਂ ਕੁੱਝ ਲੋਕ ਸ਼ਰੇਆਮ ਇਕ ਔਰਤ ਦੀ‌ ਉਸਦੇ ਘਰੋਂ ਹੀ ਕਾਰ ਖੋਹ ਕੇ ਲੈ ਗਏ ਪਰ ਦੋਸ਼ੀਆਂ ਦਾ ਪਤਾ ਹੋਣ ਦੇ ਬਾਵਜੂਦ ਵੀ ਅਜੇ ਤਾਈਂ ਪੁਲਸ ਨੇ ਪਰਚਾ ਦਰਜ ਨਹੀਂ ਕੀਤਾ। ਉਨਾਂ ਕਿਹਾ ਅਜਿਹੇ ਕਈ ਕੇਸ ਹਨ ਜਿਨ੍ਹਾਂ ਵਿਚ ਪੁਲਿਸ ਸਿਆਸੀ ਦਬਾਅ ਹੇਠ ਕਾਰਵਾਈ ਨਹੀਂ ਕਰ ਰਹੀ ਜਾਂ ਉਲਟਾ ਨਿਰਦੋਸ਼ਾਂ ਨੂੰ ਹੀ ਦੋਸ਼ੀ ਬਣਾ ਦਿੱਤਾ ਜਾਂਦਾ ਹੈ। ਮਜ਼ਦੂਰ ਕਿਸਾਨ ਆਗੂਆਂ ਨੇ ਕਿਹਾ ਪੁਲੀਸ ਦੇ ਇਸ ਰਵੱਈਏ ਨੂੰ ਹਰਗਿਜ਼ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਸੈਂਕੜੇ ਔਰਤਾਂ ਸਮੇਤ ਵੱਡੀ ਗਿਣਤੀ ਮਜ਼ਦੂਰ ਅਤੇ ਕਿਸਾਨ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਾਥੀ ਨਛੱਤਰ ਨਾਹਰ, ਦਿਲਬਾਗ ਸਿੰਘ ਚੰਦੀ, ਬਲਦੇਵ ਰਾਜ ਮਾਲੜੀ ਆਦਿ ਹਾਜ਼ਰ ਸਨ।

ਪੰਜਾਬ ਵਿੱਚ ਹੜ੍ਹ ਨੂੰ ਪੱਕੇ ਤੌਰ ’ਤੇ ਰੋਕਣ ਲਈ ਦਰਿਆਵਾਂ ਦਾ ਨਹਿਰੀ ਕਰਨ ਦੀ ਕੀਤੀ ਮੰਗ

 


ਅਜਨਾਲਾ: ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਵਿਸ਼ੇਸ਼ ਟੀਮ ਡਾਕਟਰ ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ’ਚ ਇੱਕ ਵਫ਼ਦ ਨੇ ਦਰਿਆ ਰਾਵੀ ਵਿੱਚ ਆਏ ਹੜ੍ਹ ਪੀੜਿਤ ਦਰਜਨਾਂ ਪਿੰਡਾਂ ਦਾ ਸਰਵੇਖਣ ਕਰਦਿਆਂ ਵੇਖਿਆ ਕਿ ਪਿੰਡਾਂ ਦੇ ਲੋਕ ਆਪਣਾ ਖਾਣ ਪੀਣ ਅਤੇ ਹੋਰ ਲੋੜੀਂਦਾ ਸਮਾਨ ਤੇ ਮਾਲ ਡੰਗਰ ਟਰੈਕਟਰ ਟਰਾਲੀਆਂ ਤੇ ਹੋਰ ਸਾਧਨਾਂ ਵਿੱਚ ਲੱਦ ਰਹੇ ਸਨ ਤਾਂ ਜੋ ਉਹ ਪਿੱਛੇ ਸੁਰੱਖਿਅਤ ਥਾਵਾਂ ’ਤੇ ਪਹੁੰਚ ਸਕਣ। ਕੁੱਝ ਅਜਿਹੇ ਪਿੰਡ ਸਨ ਘੋਨੇਵਾਲ, ਮਾਸੀਵਾਲ, ਨਿੱਸੋਕੇ, ਸਿੰਘੋਕੇ ਆਦਿ ਪਿੰਡਾਂ ’ਚ ਕੱਲ੍ਹ ਰਾਤ ਨੂੰ ਬੇਸ਼ੁਮਾਰ ਪਾਣੀ ਆਉਣ ਨਾਲ ਆਪਣਾ ਸਮਾਨ ਅਤੇ ਮਾਲ ਡੰਗਰ ਘਰਾਂ ਵਿੱਚੋਂ ਬਾਹਰ ਨਹੀਂ ਕੱਢ ਸਕੇ। ਜਦੋਂ ਇਸ ਟੀਮ ਦੇ ਮੈਂਬਰ ਸਾਬਕਾ ਸਰਪੰਚ ਹਰਦਿਆਲ ਸਿੰਘ ਡਿਆਲ ਭੱਟੀ, ਗਾਇਕ ਗੁਰਪਾਲ ਗਿੱਲ ਸੈਦਪੁਰ, ਪ੍ਰੋ. ਮਾਲਕ ਸਿੰਘ ਗੁਰਾਲਾ, ਕਿਸਾਨ ਆਗੂ ਬਲਵਿੰਦਰ ਸਿੰਘ ਰਮਦਾਸ ਚੌਂਕ ਵਿੱਚ ਪਹੁੰਚੇ ਜਿੱਥੇ ਹੜ੍ਹ ਦਾ ਪਾਣੀ ਤੇਜ਼ੀ ਨਾਲ ਵੱਧ ਰਿਹਾ ਸੀ ਜਿੱਥੇ ਰਮਦਾਸ ਡੇਰਾ ਬਾਬਾ ਨਾਨਕ ਪੁਲਿਸ ਨੇ ਨਾਕਾ ਲਾ ਕੇ ਆਵਾਜਾਈ ਰੋਕੀ ਹੋਈ ਸੀ, ਡਾ. ਅਜਨਾਲਾ ਨੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਹੜ੍ਹ ਬਾਰੇ ਹੋਰ ਜਾਣਕਾਰੀ ਲੈਣ ਲਈ ਪੁੱਛਿਆ ਤਾਂ ਉਹਨਾਂ ਸਾਰਿਆਂ ਨੇ ਕਿਹਾ ਕਿ ਇਹ ਹੜ੍ਹ ਦਾ ਪਾਣੀ ਪੰਜਾਬ ਅਤੇ ਕੇਂਦਰ ਸਰਕਾਰਾਂ ਵੱਲੋਂ ਯੱਕਲੱਖਤ ਤਿੰਨ ਲੱਖ ਕਿਊਸਕ ਤੋਂ ਵੱਧ ਪਾਣੀ ਥੀਨ ਡੈਮ ਤੋਂ ਛੱਡਣ ਅਤੇ ਮਾਧੋਪੁਰ ਦਾ ਗੇਟ ਟੁੱਟਣ ਕਾਰਨ ਇਹ ਹੜ੍ਹ ਦੀ ਕਰੋਪੀ ਆਈ ਹੈ। ਖੇਤੀ ਮਾਹਿਰ ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਅਜਿਹਾ ਕਰਨ ਦੀ ਬਜਾਏ ਮੌਸਮ ਵਿਭਾਗ ਦੀ ਜ਼ਿਆਦਾ ਬਾਰਸ਼ ਪੈਣ ਦੇ ਅਨੁਮਾਨ ਅਨੁਸਾਰ ਡੈਮ ਵਿੱਚੋਂ ਅੱਜ ਤੋਂ 20-25 ਦਿਨ ਪਹਿਲਾਂ ਹੀ ਥੋੜ੍ਹਾ ਥੋੜ੍ਹਾ ਕਰਕੇ ਪਾਣੀ ਜੇਕਰ ਛੱਡਿਆ ਜਾਂਦਾ ਤਾਂ ਹੜ੍ਹ ਬਿੱਲਕੁਲ ਨਹੀਂ ਸੀ ਆਉਣਾ।

ਜਦੋਂ ਇਹ ਸਰਵੇਖਣ ਟੀਮ ਬੇਦੀ ਛੰਨਾ, ਗਿੱਲਾਂਵਾਲੀ, ਮਲਕਪੁਰ, ਅਤਲੇ, ਮੰਦਰਾਂ ਵਾਲਾ ਆਦਿ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਜਿੰਨਾ ਦੀ ਹਜ਼ਾਰਾਂ ਏਕੜ ਫ਼ਸਲਾਂ ਇਸ ਮਨਸੂਈ (ਮਨੁੱਖ ਦੁਬਾਰਾ ਪੈਂਦਾ) ਹੜ੍ਹ ਨਾਲ ਮਾਰੀ ਗਈ ਅਤੇ ਜਾਨੀ ਮਾਲੀ ਨੁਕਸਾਨ ਵੀ ਹੋਇਆ।

ਸਰਵੇਖਣ ਟੀਮ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਹਿ ਕੀਤੀਆਂ ਮੰਗਾਂ ਕਿ ਮਾਰੀ ਗਈ ਫਸਲ ਦਾ 70 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਹੜ੍ਹ ਨਾਲ ਪੇਂਡੂ ਮਜ਼ਦੂਰਾਂ ਨੂੰ ਰੁਜ਼ਗਾਰ ਨਾ ਮਿਲਣ ਕਾਰਨ ਉਹਨਾਂ ਨੂੰ 7 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ, ਇਸ ਤਰ੍ਹਾਂ ਦੁੱਧਾਰੂ ਡੰਗਰਾਂ ਦੇ ਮਰ ਜਾਣ ਕਾਰਨ ਡੇੜ ਲੱਖ ਰੁਪਏ ਮੁਆਵਜ਼ਾ ਮਾਲਕ ਨੂੰ ਦਿੱਤਾ ਜਾਵੇ ਅਤੇ ਮਕਾਨਾਂ ਦੇ ਹੋਏ ਨੁਕਸਾਨ ਦੀ ਪੂਰੀ ਪੂਰੀ ਭਰਪਾਈ ਕੀਤੀ ਜਾਵੇ।

ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਪੱਤਰਕਾਰਾਂ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਲੰਮੇ ਸਮੇਂ ਤੋਂ ਮੰਗ ਕਰਦੀ ਆ ਰਹੀ ਹੈ ਕਿ ਪੰਜਾਬ ਵਿੱਚ ਹੜ੍ਹ ਨੂੰ ਪੱਕੇ ਤੌਰ ’ਤੇ ਰੋਕਣ ਲਈ ਦਰਿਆਵਾਂ ਦਾ ਨਹਿਰੀ ਕਰਨ ਕੀਤਾ ਜਾਵੇ ਅਜਿਹਾ ਕਰਨ ਨਾਲ ਜਿਥੇ ਹਰ ਸਾਲ ਲੱਖਾਂ ਏਕੜ ਫ਼ਸਲਾਂ ਨੂੰ ਤਬਾਹ ਹੋਣ ਤੋਂ ਰੋਕਿਆ ਜਾਵੇਗਾ ਉੱਥੇ ਹਰੇਕ ਘਰ ਨੂੰ ਲੋੜੀਂਦਾ ਸਵੱਛ ਪਾਣੀ ਪੀਣ ਨੂੰ ਮਿਲੇਗਾ ਅਤੇ ਹਰੇਕ ਖੇਤ ਨੂੰ ਨਹਿਰੀ ਪਾਣੀ ਪ੍ਰਾਪਤ ਵੀ ਹੋਵੇਗਾ। ਅਜਿਹਾ ਹੋਣ ਨਾਲ 2 ਸਾਲਾਂ ਵਿੱਚ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ 1960ਵਿਆਂ ਦਹਾਕੇ ਦੇ ਪੱਧਰ ’ਤੇ ਆ ਜਾਵੇਗਾ ਅਤੇ ਪੰਜਾਬ ਦੀ ਆਰਥਿਕ ਹਾਲਤ ਬੇਹਤਰ ਹੋਵੇਗੀ ਅਤੇ ਲੱਖਾਂ ਨੌਜਵਾਨ ਨੂੰ ਰੁਜ਼ਗਾਰ ਮਿਲੇਗਾ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਪਿੰਡ ਬੇਦੀ ਛੰਨਾ ਗੁਰਪ੍ਰੀਤ ਸਿੰਘ, ਛਿੰਦਾ ਸਿੰਘ, ਰਾਜਬੀਰ ਸਿੰਘ ਤੇ ਗੁਰਮੁੱਖ ਸਿੰਘ, ਡੁਜੋਵਾਲ ਦੇ ਜਸਪਾਲ ਸਿੰਘ ਤੇ ਜੱਗਪ੍ਰੀਤ ਸਿੰਘ, ਮਲਕਪੁਰ ਦੇ ਰੇਸ਼ਮ ਸਿੰਘ, ਗਿੱਲਾਵਾਲੀ ਤੇ ਅਤਲੇ ਪਿੰਡਾਂ ਦੇ ਅੰਤਰਪ੍ਰੀਤ ਸਿੰਘ, ਕੰਵਰਜੋਤ ਸਿੰਘ, ਸਤਨਾਮ ਸਿੰਘ, ਹਰਮਨਪ੍ਰੀਤ ਸਿੰਘ, ਰਮਦਾਸ ਕਸਬੇ ਦੇ ਦਲਬੀਰ ਸਿੰਘ, ਜਗਜੀਤ ਸਿੰਘ, ਯੋਧਾ ਸਿੰਘ, ਲਾਡੀ ਸਿੰਘ, ਬਾਟੀ ਸਿੰਘ ਆਦਿ ਨੇ ਇਸ ਟੀਮ ਨੂੰ ਦੱਸਿਆ ਕਿ ਕੋਈ ਸਰਕਾਰੀ ਅਧਿਕਾਰੀ ਆਏ ਹੜ੍ਹ ਸਮੇਂ ਸਾਰ ਲੈਣ ਲਈ ਨਹੀਂ ਆਇਆ।

Tuesday, 26 August 2025

ਪਿੰਡ ਗੰਗਾ ਅਬਲੂਕੀ ‘ਚ ਆਗੂਆਂ ਨੂੰ ਦਿੱਤੀ ਧਮਕੀ ਦੀ ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਨੇ ਕੀਤੀ ਨਿਖੇਧੀ


ਜਲੰਧਰ: ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾਈ ਕਨਵੀਨਰ ਸਾਥੀ ਦੀਪਕ ਠਾਕਰ, ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ, ਮੰਗਲ ਸਿੰਘ ਟਾਂਡਾ, ਜਸਵਿੰਦਰ ਵੱਟੂ, ਨਰਿੰਦਰ ਸਿੰਘ ਰਟੋਲ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੰਗਾ ਅਬਲੂਕੀ ਦੇ ਸਰਪੰਚ ਅਤੇ ਪਿੰਡ ਦੇ ਕੁਝ ਘੜੰਮ ਚੌਧਰੀਆਂ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾਈ ਆਗੂ ਪ੍ਰਕਾਸ਼ ਸਿੰਘ ਨਾਲ ਕਥਿਤ ਤੌਰ ‘ਤੇ ਧੱਕਾਮੁੱਕੀ ਕੀਤੀ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਿੱਤੀ। ਯੂਨੀਅਨ ਦੇ ਆਗੂਆਂ ਨੇ ਇਸ ਘਟਨਾਂ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। 

ਜਾਣਕਾਰੀ ਦਿੰਦੇ ਹੋਇਆਂ ਸੂਬਾ ਕਨਵੀਨਰ ਸਾਥੀ ਦੀਪਕ ਠਾਕੁਰ ਨੇ ਦਸਿਆ ਕਿ  ਲੰਘੀ 24 ਅਗਸਤ ਨੂੰ ਦਿਹਾਤੀ ਮਜ਼ਦੂਰ ਸਭਾ ਵੱਲੋਂ ਮਨਰੇਗਾ ਸਕੀਮ ਨੂੰ ਬੰਦ ਕਰਨ ਵਿਰੁੱਧ ਪਿੰਡ ਗੰਗਾ ਅਬਲੂਕੀ ਵਿਖੇ ਮਨਰੇਗਾ ਮਜ਼ਦੂਰਾਂ ਦੀ ਮੀਟਿੰਗ ਕਰਵਾਉਣ ਲਈ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਸਮੇਤ ਪਿੰਡ ਗੰਗਾ ਵਿਖੇ ਪਹੁੰਚੇ ਤਾਂ ਉਥੋਂ ਦੇ ਸਰਪੰਚ ਅਤੇ ਉਸਦੇ ਸਮਰਥਕਾਂ ਦੇ ਹੱਥਾਂ ਵਿਚ ਡੰਡੇ ਫੜ੍ਹੇ ਹੋਏ ਸਨ, ਮੀਟਿੰਗ ਸਥਾਨ ‘ਤੇ ਆਏ ਅਤੇ ਕਥਿਤ ਤੌਰ ‘ਤੇ ਧੱਕਾ ਮੁਕੀ ਕੀਤੀ ਅਤੇ ਧਮਕੀਆਂ ਦਿੰਦੇ ਹੋਏ ਪਿੰਡ ‘ਚੋਂ ਜਾਣ ਲਈ ਕਿਹਾ। ਆਗੂਆਂ ਨੇ ਜ਼ਿਲ੍ਹੇ ਦੇ ਪੁਲੀਸ ਮੁਖੀ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ। ਦੋਸ਼ੀਆਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਨਾ ਕਰਨ ਦੀ ਸੂਰਤ ਵਿਚ ਮਨਰੇਗਾ ਵਰਕਰਜ ਯੂਨੀਅਨ ਨੇ ਤਿੱਖਾ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਹੈ।

Monday, 25 August 2025

ਬਲਵਿੰਦਰ ਕੌਰ ਪ੍ਰਧਾਨ ਅਤੇ ਰਣਜੀਤ ਕੌਰ ਸਕੱਤਰ ਚੁਣੇ ਗਏ

 


ਤਰਨ ਤਾਰਨ: ਮਨਰੇਗਾ ਵਰਕਰਜ਼ ਯੂਨੀਅਨ ਇਕਾਈ ਰਟੋਲ ਦੀ ਭਰਵੀਂ ਮੀਟਿੰਗ ਕੁਲਦੀਪ ਸਿੰਘ ਰਟੋਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਸਿੰਘ ਰਟੋਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਮਨਰੇਗਾ ਕਾਮਿਆਂ ਨੂੰ ਕੰਮ ਤੋਂ ਵਹਿਲਿਆਂ ਕਰ ਦਿੱਤਾ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਮਨਰੇਗਾ ਵਰਕਰਾਂ ਨੂੰ ਕੰਮ ਜਿੰਨ੍ਹਾਂ ਚਿਰ ਕੰਮ ਨਹੀਂ ਦੇ ਸਕਦੀ, ਉਨ੍ਹਾ ਚਿਰ ਬੇਰੁਜ਼ਗਾਰੀ ਭੱਤਾ ਤਰੰਤ ਦਿੱਤਾ ਜਾਵੇ। ਇਹਨਾਂ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਮਨਰੇਗਾ ਸਕੀਮ ਦਾ ਬਜਟ ਹਰ ਸਾਲ ਘਟਾ ਰਹੀ ਹੈ। ਇਹਨਾਂ ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਸਕੀਮ ਨੂੰ ਪਾਰਦਰਸ਼ੀ ਢੰਗ ਨਾਲ ਚਲਾਇਆ ਜਾਵੇ ਅਤੇ ਮਨਰੇਗਾ ਵਰਕਰਾਂ ਦਾ ਮਿਹਨਤਾਂ ਨਾਲ ਘੱਟੋ ਘੱਟ 700 ਰੁਪਏ ਪ੍ਰਤੀ ਦਿਨ ਦਿੱਤਾ ਜਾਵੇ ਅਤੇ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ।

ਇਸ ਮੌਕੇ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ‘ਚ ਬਲਵਿੰਦਰ ਕੌਰ ਪ੍ਰਧਾਨ, ਸਰਬਜੀਤ ਕੌਰ ਮੀਤ ਪ੍ਰਧਾਨ, ਰਣਜੀਤ ਕੌਰ ਸਕੱਤਰ, ਪ੍ਰਭਜੋਤ ਕੌਰ ਖਜਾਨਚੀ, ਦਰਸ਼ਨ ਕੌਰ ਮੀਤ ਪ੍ਰਧਾਨ ਤੋ ਇਲਾਵਾ ਮਨਜੀਤ ਕੌਰ ਮੈਂਬਰ, ਸੁਵਿੰਦਰ ਕੌਰ ਮੈਂਬਰ, ਸੁਰਿੰਦਰ ਕੌਰ ਮੈਬਰ, ਪਰਮਜੀਤ ਕੌਰ ਮੈਂਬਰ, ਰਾਜਵੀਰ ਕੌਰ ਮੈਂਬਰ, ਸੁਖਵਿੰਦਰ ਕੌਰ ਮੈਬਰ, ਚਰਨ ਕੌਰ ਮੈਂਬਰ ਆਦਿ ਚੁਣੇ ਗਏ।

ਸਾਥੀ ਸ਼ਿੰਗਾਰਾ ਸਿੰਘ ਬੋਪਾਰਾਏ ਦੀ ਬਰਸੀ 30 ਨੂੰ


ਗੁਰਾਇਆ-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ 30 ਅਗਸਤ ਨੂੰ ਸਾਥੀ ਸ਼ਿੰਗਾਰਾ ਸਿੰਘ ਬੋਪਾਰਾਏ ਦੀ 8ਵੀਂ ਸਲਾਨਾ ਬਰਸੀ ਪਿੰਡ ਬੋਪਾਰਾਏ ਵਿਖੇ ਮਨਾਈ ਜਾਵੇਗੀ। ਇਸ ਸਬੰਧੀ ਪਾਰਟੀ ਦੇ ਤਹਿਸੀਲ ਪ੍ਰਧਾਨ ਸਰਬਜੀਤ ਗੋਗਾ ਅਤੇ ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ ਨੇ ਦੱਸਿਆ ਕਿ ਅਜੋਕੇ ਦੌਰ ’ਚ ਮੁਕਤ ਵਪਾਰ ਸਮਝੌਤੇ ਕਾਰਨ ਭਾਰਤ ਅਤੇ ਅਮਰੀਕਾ ਸਬੰਧਾਂ ਦੀ ਕਾਫੀ ਚਰਚਾ ਚੱਲ ਰਹੀ ਹੈ। ਇਸ ਦੌਰਾਨ ਖੇਤੀ ਦੇ ਸਹਾਇਕ ਧੰਦਿਆਂ ਲਈ ਖ਼ਤਰੇ ਖੜ੍ਹੇ ਹੋ ਰਹੇ ਹਨ। ਇਸ ਵਿਸ਼ੇ ’ਤੇ ਕੀਤੇ ਜਾ ਰਹੇ ਸੈਮੀਨਾਰ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਆਪਣਾ ਕੂੰਜੀਵਤ ਭਾਸ਼ਣ ਦੇਣਗੇ। ਇਸ ਮੌਕੇ ਰਾਏ ਪਰਿਵਾਰ ਵਲੋਂ ਪਰਮਜੀਤ ਬੋਪਾਰਾਏ ਨੇ ਦੱਸਿਆ ਕਿ ਠੀਕ 10 ਵਜੇ ਝੰਡਾ ਲਹਿਰਾਇਆ ਜਾਵੇਗਾ ਅਤੇ ਮਗਰੋਂ ਸੈਮੀਨਾਰ ਦੌਰਾਨ ਵਿਚਾਰਾਂ ਕੀਤੀਆਂ ਜਾਣਗੀਆਂ।

ਬਠਿੰਡਾ ਜ਼ਿਲ੍ਹੇ ਦੇ ਪਿੰਡ ਗੰਗਾ ਅਬਲੂਕੀ ‘ਚ ਆਗੂਆਂ ਨੂੰ ਦਿੱਤੀ ਧਮਕੀ ਦੀ ਦਿਹਾਤੀ ਮਜ਼ਦੂਰ ਸਭਾ ਨੇ ਕੀਤੀ ਨਿਖੇਧੀ


ਜਲੰਧਰ: ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਦਰਸ਼ਨ ਨਾਹਰ ਅਤੇ ਸੂਬਾ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੰਗਾ ਅਬਲੂਕੀ ਦੇ ਸਰਪੰਚ ਅਤੇ ਪਿੰਡ ਦੇ ਕੁਝ ਹੋਰ ਲੋਕਾਂ ਨੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਸਕੱਤਰ ਨਾਲ ਕਥਿਤ ਤੌਰ ‘ਤੇ ਧੱਕਾਮੁੱਕੀ ਕੀਤੀ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਇਸ ਸਬੰਧੀ ਸਾਥੀ ਪ੍ਰਕਾਸ਼ ਨੰਦਗੜ੍ਹ ਨੇ ਦੱਸਿਆ ਕਿ 24 ਅਗਸਤ ਨੂੰ ਦਿਹਾਤੀ ਮਜ਼ਦੂਰ ਸਭਾ ਵੱਲੋਂ ਮਨਰੇਗਾ ਸਕੀਮ ਨੂੰ ਬੰਦ ਕਰਨ ਵਿਰੁੱਧ ਪਿੰਡ ਗੰਗਾ ਅਬਲੂਕੀ ਵਿਖੇ ਮਨਰੇਗਾ ਮਜ਼ਦੂਰਾਂ ਦੀ ਮੀਟਿੰਗ ਕਰਵਾਉਣ ਲਈ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਸਮੇਤ ਪਿੰਡ ਗੰਗਾ ਪਹੁੰਚੇ ਤਾਂ ਉਥੋਂ ਦੇ ਸਰਪੰਚ ਅਤੇ ਕੁਝ ਹੋਰ ਵਿਆਕਤੀਆਂ ਜਿਨ੍ਹਾਂ ਕੋਲ ਡੰਡੇ ਸਨ, ਮੀਟਿੰਗ ਸਥਾਨ ‘ਤੇ ਆਏ ਅਤੇ ਕਥਿਤ ਤੌਰ ‘ਤੇ ਧੱਕਾ ਮੁਕੀ ਕੀਤੀ ਅਤੇ ਧਮਕੀਆਂ ਦਿੰਦੇ ਹੋਏ ਪਿੰਡ ‘ਚੋਂ ਜਾਣ ਲਈ ਕਿਹਾ।

ਉਕਤ ਆਗੂਆਂ ਦੇ ਜ਼ਿਲ੍ਹੇ ਦੇ ਪੁਲੀਸ ਮੁਖੀ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਜਾਂਚ ਕਰਕੇ ਸਜਾਵਾਂ ਦਿੱਤੀਆਂ ਜਾਣ।

Sunday, 24 August 2025

ਸੰਯੁਕਤ ਕਿਸਾਨ ਮੋਰਚੇ ਦੀ ਸਮਰਾਲਾ ਵਿਖੇ ਜੇਤੂ ਰੈਲੀ ਵਿੱਚ ਆਇਆ ਲੋਕਾਂ ਦਾ ਹੜ੍ਹ


ਸਮਰਾਲਾ: ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਅੱਜ ਸਮਰਾਲਾ ਵਿਖੇ ਕੀਤੀ ਗਈ ਜੇਤੂ ਰੈਲੀ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਦਾ ਰਿਕਾਰਡ ਤੋੜ ਇਕੱਠ ਹੋਇਆ। ਸਮਰਾਲਾ ਵੱਲ ਨੂੰ ਆਉਂਦੀਆਂ ਸਾਰੀਆਂ ਸੜਕਾਂ ਕਿਸਾਨਾਂ ਦੇ ਵਾਹਨਾਂ ਨਾਲ ਭਰੀਆਂ ਹੋਈਆਂ ਸਨ। ਜਿਸ ਕਾਰਨ ਹਰ ਪਾਸੇ ਜਾਮ ਵਰਗੇ ਹਾਲਾਤ ਬਣੇ ਰਹੇ। ਰੈਲੀ ਖਤਮ ਹੋਣ ਤੱਕ ਸ਼ਾਮਲ ਹੋਣ ਵਾਲੇ ਕਾਫਲਿਆਂ ਦੀ ਆਮਦ ਹੁੰਦੀ ਰਹੀ।

       ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਆਪਣੇ ਸੰਘਰਸ਼ ਦੇ ਸਦਕਾ, ਲੈਂਡ ਪੂਲਿੰਗ ਨੀਤੀ ਰੱਦ ਕਰਵਾਉਣ ਦੀ ਵਧਾਈ ਦਿੰਦਿਆਂ ਅਗਲੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭੂਮੀ ਅਧਿਗ੍ਰਹਿਣ ਕਾਨੂੰਨ 2013 ਦੀਆਂ ਲੋਕ ਪੱਖੀ ਮੱਦਾਂ ਦੀ ਹਰ ਹਾਲਤ ਵਿੱਚ ਰਾਖੀ ਕਰਨ ਲਈ ਤਿਆਰ ਰਹਿਣ ਤਾਂ ਜੋ ਲੈਂਡ ਬੈਂਕ ਬਣਾ ਕੇ ਖੇਤੀ ਯੋਗ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀਆਂ ਸਰਕਾਰਾਂ ਦੀਆਂ ਚਾਲਾਂ ਦਾ ਮੂੰਹ ਮੋੜਿਆ ਜਾ ਸਕੇ।

    ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਕਪਾਹ ਦੀ ਦਰਾਮਦ ਤੇ 11% ਟੈਕਸ ਮੁਲਤਵੀ ਕਰਨ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਇਹ ਕਦਮ ਅਮਰੀਕਾ ਦੀ ਟਰੰਪ ਸਰਕਾਰ ਦੇ ਦਬਾਅ ਹੇਠ ਆ ਕੇ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੁਰਸੀ ਦੀ ਕੁਰਬਾਨੀ ਦੇਣ ਵਾਲੇ ਬਿਆਨ ਦੀ ਸਿਆਹੀ ਵੀ ਨਹੀਂ ਸੁੱਕੀ ਤੇ ਉਨ੍ਹਾਂ ਦੇਸ਼ ਦੇ ਕਪਾਹ ਕਾਸ਼ਤਕਾਰਾਂ ਦੀ ਤਬਾਹੀ ਦੇ ਵਾਰੰਟ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਇਸ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਰ ਮੁਕਤ ਸਮਝੌਤਿਆਂ ਵਿਚੋਂ ਖੇਤੀ ਅਤੇ ਸਹਾਇਕ ਧੰਦੇ ਬਾਹਰ ਰੱਖੇ ਜਾਣ। ਸੰਯੁਕਤ ਕਿਸਾਨ ਮੋਰਚਾ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਅਮਰੀਕਾ ਦੇ ਸਾਹਮਣੇ ਗੋਡੇ ਟੇਕ ਕੇ ਖੇਤੀ ਵਿਰੋਧੀ ਕੋਈ ਵੀ ਸਮਝੌਤਾ ਕੀਤਾ ਤਾਂ ਇਸ ਵਿਰੁੱਧ ਦੇਸ਼ ਭਰ ਵਿੱਚ ਜਹਾਦ ਖੜਾ ਕੀਤਾ ਜਾਵੇਗਾ।

   ਬੁਲਾਰਿਆਂ ਨੇ ਸਰਕਾਰ ਦੇ ਨਾਕਸ ਪ੍ਰਬੰਧਾਂ ਕਾਰਨ ਪੰਜਾਬ ਵਿੱਚ ਆਏ ਹੜਾਂ ਦਾ ਮੁੱਦਾ ਉਠਾਉਂਦਿਆਂ ਨੁਕਸਾਨੀਆਂ ਫਸਲਾਂ ਦਾ 70,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਅਤੇ ਨੁਕਸਾਨੇ ਗਏ ਘਰਾਂ ਅਤੇ ਮਾਰੇ ਗਏ ਡੰਗਰਾਂ ਦਾ ਵੀ ਮੁਆਵਜ਼ਾ ਦੇਣ ਦੀ ਮੰਗ ਕੀਤੀ।

  ਗੰਨਾ ਕਿਸਾਨਾਂ ਦਾ ਬਕਾਇਆ  31 ਅਗਸਤ ਤੱਕ ਅਦਾ ਨਾਂ ਕਰਨ ਦੀ ਸਖ਼ਤ ਨਿੰਦਾ ਕਰਦਿਆਂ ਐਸਕੇਐਮ ਨੇ 2 ਸਤੰਬਰ ਨੂੰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋ ਕੇ ਮੁੱਖ ਮੰਤਰੀ ਦੇ ਘਰ ਵੱਲ ਮਾਰਚ ਕਰਨ ਦਾ ਐਲਾਨ ਕਰਦੇ ਹੋਏ ਗੰਨੇ ਦਾ ਭਾਅ 550 ਰੁਪਏ ਕਰਨ ਦੀ ਮੰਗ ਕੀਤੀ।

        ਕੇਂਦਰ ਸਰਕਾਰ ਵੱਲੋਂ ਸਹਿਕਾਰੀ ਖੇਤਰ ਨੂੰ ਰਾਜਾਂ ਤੋਂ ਖੋਹ ਕੇ ਕੇਂਦਰ ਦੇ ਅਧੀਨ ਕਰਨ ਅਤੇ ਬਾਅਦ ਵਿੱਚ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀਆਂ ਚਾਲਾਂ ਖ਼ਿਲਾਫ਼ ਕਿਸਾਨਾਂ ਨੂੰ ਸਾਵਧਾਨ ਕਰਦਿਆਂ ਇਸ ਵਿਰੁੱਧ ਸੰਘਰਸ਼ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

    ਅੱਜ ਦੇ ਇਕੱਠ ਵਿੱਚ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਅਤੇ ਪੰਜਾਬੀ ਅਦਾਕਾਰ ਜਸਵਿੰਦਰ ਸਿੰਘ ਭੱਲਾ ਦੇ ਅਕਾਲ ਚਲਾਣੇ ਤੇ ਸ਼ੋਕ ਮਤਾ ਪਾਸ ਕੀਤਾ ਗਿਆ ਨਾਲੋਂ ਨਾਲ ਲੁਧਿਆਣਾ ਜ਼ਿਲ੍ਹੇ ਦੇ ਅਖਾੜਾ,ਮੁਸ਼ਕਾਬਾਦ, ਟੱਪਰੀਆਂ ਅਤੇ ਖੀਰਨੀਆਂ ਵਿਖੇ ਲੱਗ ਰਹੀਆਂ ਬਾਇਉ ਗੈਸ ਫੈਕਟਰੀਆਂ ਖਿਲਾਫ ਲੜਨ ਵਾਲੇ ਲੋਕਾਂ ਤੇ ਜਬਰ ਬੰਦ ਕਰਨ ਅਤੇ ਪ੍ਰਦੂਸ਼ਣ ਨੂੰ ਲੈਕੇ ਲੋਕਾਂ ਦੇ ਖ਼ਦਸ਼ਿਆਂ ਨੂੰ ਦੂਰ ਕਰਨ ਲਈ ਵਿਗਿਆਨਕ ਮਾਹਰਾਂ ਤੋਂ ਮੁਲਾਂਕਣ ਕਰਵਾਉਣ ਦਾ ਮਤਾ ਵੀ ਪਾਸ ਕੀਤਾ ਗਿਆ। 

ਜੇਤੂ ਰੈਲੀ ਨੂੰ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਹਰਿੰਦਰ ਸਿੰਘ ਲੱਖੋਵਾਲ, ਬੂਟਾ ਸਿੰਘ ਬੁਰਜਗਿੱਲ,ਹਰਮੀਤ ਸਿੰਘ ਕਾਦੀਆਂ, ਨਿਰਭੈ ਸਿੰਘ ਢੁੱਡੀਕੇ,ਮਨਜੀਤ ਸਿੰਘ ਧਨੇਰ, ਬਲਦੇਵ ਸਿੰਘ ਨਿਹਾਲਗੜ੍ਹ, ਡਾ: ਸਤਨਾਮ ਸਿੰਘ ਅਜਨਾਲਾ,  ਡਾ ਦਰਸ਼ਨਪਾਲ, ਰੁਲਦੂ ਸਿੰਘ ਮਾਨਸਾ,ਬਲਜੀਤ ਸਿੰਘ ਗਰੇਵਾਲ, ਜੰਗਵੀਰ ਸਿੰਘ ਚੌਹਾਨ,ਫੁਰਮਾਨ ਸਿੰਘ ਸੰਧੂ,ਹਰਵਿੰਦਰ ਸਿੰਘ ਬੱਲੋਂ , ਵੀਰ ਸਿੰਘ ਬੜਵਾ, ਬੋਘ ਸਿੰਘ ਮਾਨਸਾ, ਸੁਖਦੇਵ ਸਿੰਘ ਅਰਾਈਆਂਵਾਲਾ, ਨਿਰਵੈਲ ਸਿੰਘ ਡਾਲੇਕੇ,ਨਛੱਤਰ ਸਿੰਘ ਜੈਤੋ, ਕਿਰਨਜੀਤ ਸੇਖੋਂ, ਬੂਟਾ ਸਿੰਘ ਸ਼ਾਦੀਪੁਰ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਗੁਰਮੀਤ ਸਿੰਘ ਗੋਲੇਵਾਲਾ, ਬਲਵਿੰਦਰ ਸਿੰਘ ਰਾਜੂ ਔਲਖ, ਹਰਜਿੰਦਰ ਸਿੰਘ ਟਾਂਡਾ,ਹਰਬੰਸ ਸਿੰਘ ਸੰਘਾ, ਕੰਵਲਪ੍ਰੀਤ ਸਿੰਘ ਪੰਨੂ, ਹਰਦੇਵ ਸਿੰਘ ਸੰਧੂ ਅਤੇ ਪ੍ਰੇਮ ਸਿੰਘ ਭੰਗੂ ਨੇ ਸੰਬੋਧਨ ਕੀਤਾ।

ਸਟੇਜ ਸੰਚਾਲਨ ਰਾਮਿੰਦਰ ਸਿੰਘ ਪਟਿਆਲਾ, ਰਘੁਬੀਰ ਸਿੰਘ ਬੈਨੀਪਾਲ, ਮੁਕੇਸ਼ ਚੰਦਰ ਸ਼ਰਮਾ, ਅੰਗਰੇਜ਼ ਸਿੰਘ ਭਦੌੜ, ਜਗਤਾਰ ਸਿੰਘ ਕਾਲਾ ਝਾੜ, ਪਰਮਿੰਦਰ ਸਿੰਘ ਪਾਲ ਮਾਜਰਾ, ਜਗਮੋਹਣ ਸਿੰਘ ਪਟਿਆਲਾ, ਰਵਨੀਤ ਸਿੰਘ ਬਰਾੜ ਅਤੇ ਅਵਤਾਰ ਸਿੰਘ ਮਹਿਮਾ ਤੇ ਆਧਾਰਿਤ ਸੰਚਾਲਨ ਕਮੇਟੀ ਨੇ ਕੀਤਾ। ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਲ ਸਾਰੀਆਂ ਜਥੇਬੰਦੀਆਂ ਨੇ ਜੇਤੂ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ।