Wednesday 2 August 2017

ਆਰ.ਐਮ.ਪੀ.ਆਈ. ਦੀ ਪਲੇਠੀ ਕੁੱਲ ਹਿੰਦ ਕਾਨਫਰੰਸ ਦੀਆਂ ਤਿਆਰੀਆਂ ਸ਼ੁਰੂ


ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ 23 ਤੋਂ 26 ਨਵੰਬਰ 2017 ਨੂੰ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਪਲੇਠੀ ਕੁੱਲ ਹਿੰਦ ਕਾਨਫਰੰਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀਆਂ ਹਨ।
ਚੰਡੀਗੜ੍ਹ ਸਥਿਤ ਮੱਖਣ ਸ਼ਾਹ ਲੁਬਾਣਾ ਭਵਨ ਵਿਖੇ, ਕਾਨਫਰੰਸ ਦੇ ਪ੍ਰਬੰਧਾਂ ਨੂੰ ਸੁਚਾਰੂ ਰੂਪ 'ਚ ਸਿਰੇ ਚਾੜ੍ਹਨ ਦੇ ਮਕਸਦ ਅਧੀਨ ਸੁਆਗਤੀ ਕਮੇਟੀ ਦੇ ਗਠਨ ਲਈ ਸੱਦੀ ਗਈ ਵਿਸ਼ੇਸ਼ ਮੀਟਿੰਗ ਵਿਚ, ਉਘੇ ਪੰਜਾਬੀ ਲੇਖਕ ਸ. ਗੁਲਜਾਰ ਸਿੰਘ ਸੰਧੂ ਨੂੰ ਇਸ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ। ਉਨ੍ਹਾਂ ਦੇ ਨਾਲ ਸਾਥੀ ਇੰਦਰਜੀਤ ਸਿੰਘ ਗਰੇਵਾਲ ਨੂੰ ਸਕੱਤਰ ਅਤੇ ਸਾਥੀ ਰਵੀ ਕੰਵਰ ਨੂੰ ਖਜਾਨਚੀ ਵਜੋਂ ਸੇਵਾਵਾਂ ਨਿਭਾਉਣ ਲਈ ਚੁਣਿਆ ਗਿਆ। ਉਕਤ ਨਾਮਵਰ ਸ਼ਖਸ਼ੀਅਤਾਂ ਤੋਂ ਬਿਨਾਂ 48 ਹੋਰ ਸਾਥੀਆਂ ਸਮੇਤ 51 ਮੈਂਬਰੀ ਸੁਆਗਤੀ ਕਮੇਟੀ ਚੁਣੀ ਗਈ।
ਮੀਟਿੰਗ ਦੀ ਪ੍ਰਧਾਨਗੀ ਉਘੇ ਕਿਸਾਨ ਆਗੂ ਸਾਥੀ ਕੁਲਵੰਤ ਸਿੰਘ ਸੰਧੂ ਵਲੋਂ ਕੀਤੀ ਗਈ। ਮੰਚ 'ਤੇ ਸਾਥੀ ਸੰਧੂ, ਗੁਲਜਾਰ ਸਿੰਘ ਸੰਧੂ ਅਤੇ ਇੰਦਰਜੀਤ ਸਿੰਘ ਗਰੇਵਾਲ ਤੋਂ ਇਲਾਵਾ, ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪੰਜਾਬ ਦੇ ਜੁਝਾਰੂ ਟਰੇਡ ਯੂਨੀਅਨ ਅੰਦੋਲਨ ਦੇ ਅਮਿੱਟ ਹਸਤਾਖਰ ਵਜੋਂ ਨਾਮਣਾ ਖੱਟਣ ਵਾਲੇ ਸਾਥੀ ਤਰਲੋਚਨ ਸਿੰਘ ਰਾਣਾ, ਕੇਂਦਰ ਪੰਜਾਬੀ ਲਿਖਾਰੀ ਸਭਾ ਦੇ ਜਨਰਲ ਸਕੱਤਰ ਸਾਥੀ ਸੁਸ਼ੀਲ ਦੁਸਾਂਝ, ਉਘੇ ਟਰੇਡ ਯੂਨੀਅਨ ਆਗੂ ਸਾਥੀ ਵੇਦ ਪ੍ਰਕਾਸ਼ ਸ਼ਰਮਾ, ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਜੈਪਾਲ ਸਿੰਘ ਮੌਜੂਦ ਸਨ। ਮੀਟਿੰਗ ਦੀ ਕਾਰਵਾਈ ਸਾਥੀ ਮਹੀਪਾਲ ਵਲੋਂ ਚਲਾਈ ਗਈ।
ਸਾਥੀ ਮੰਗਤ ਰਾਮ ਪਾਸਲਾ ਵਲੋਂ ਕਾਨਫਰੰਸ ਦੇ ਮਹੱਤਵ ਅਤੇ ਅਜੋਕੀ ਰਾਜਸੀ ਸਥਿਤੀ ਬਾਰੇ ਸੰਖੇਪ ਵਿਚਾਰ ਪੇਸ਼ ਕੀਤੇ ਗਏ। ਸੁਆਗਤੀ ਕਮੇਟੀ ਦੇ ਚੇਅਰਮੈਨ ਉਘੇ ਪੰਜਾਬੀ ਲੇਖਕ ਸ. ਗੁਲਜ਼ਾਰ ਸਿੰਘ ਸੰਧੂ ਨੇ ਸਮੁੱਚੀ ਸੁਆਗਤੀ ਕਮੇਟੀ ਵਲੋਂ, ਕਾਨਫਰੰਸ ਦੀ ਸਫਲਤਾ ਲਈ ਕੋਈ ਹੋਰ ਕਸਰ ਬਾਕੀ ਨਾ ਛੱਡਣ ਦਾ ਭਰੋਸਾ ਦਿੱਤਾ। ਸਾਥੀ ਕੁਲਵੰਤ ਸਿੰਘ ਸੰਧੂ ਵਲੋਂ ਆਰ.ਐਮ.ਪੀ.ਆਈ. ਦੀ ਪਲੇਠੀ ਕਾਨਫਰੰਸ ਦੇ ਪਿਛੋਕੜ ਸਬੰਧੀ ਘਟਨਾਵਾਂ ਬਾਰੇ ਚਾਨਣਾ ਪਾਇਆ ਗਿਆ। ਸਾਥੀ ਤਰਲੋਚਨ ਸਿੰਘ ਰਾਣਾ ਨੇ ਆਪਣੇ ਭਾਵਪੂਰਤ ਸੰਬੋਧਨ ਵਿਚ ਕਾਨਫਰੰਸ ਦੀ ਲਾਮਿਸਾਲ ਸਫਲਤਾ ਲਈ ਜੁਟ ਜਾਣ ਦਾ ਸੱਦਾ ਦਿੱਤਾ। ਉਨ੍ਹਾਂ ਆਪਣੇ ਵਲੋਂ 20 ਹਜਾਰ ਰੁਪਏ ਸਹਾਇਤਾ ਵੀ ਸੁਆਗਤੀ ਕਮੇਟੀ ਨੂੰ ਮੌਕੇ 'ਤੇ ਭੇਂਟ ਕੀਤੀ। ਚੰਡੀਗੜ੍ਹ ਯੂਨਿਟ ਦੇ ਸਾਥੀਆਂ ਵਲੋਂ ਮੀਟਿੰਗ ਵਿਚ ਪੁੱਜੇ ਸਾਥੀਆਂ ਲਈ ਲੰਗਰ ਆਦਿ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ।
ਮੀਟਿੰਗ ਵਿਚ ਕਲਾ ਅਤੇ ਸਾਹਿਤ ਜਗਤ ਦੀਆਂ ਉਘੀਆਂ ਹਸਤੀਆਂ ਤੋਂ ਬਿਨਾਂ ਵੱਖੋ-ਵੱਖ ਖੇਤਰਾਂ ਦੀਆਂ ਨਾਮਵਰ ਸਖਸ਼ੀਅਤਾਂ ਵੀ ਮੌਜੂਦ ਸਨ ਜਿਨ੍ਹਾਂ 'ਚੋਂ ਅਨੇਕਾਂ ਕੱਦਾਵਰ ਸ਼ਖਸ਼ੀਅਤਾਂ ਨੂੰ ਸੁਆਗਤੀ ਕਮੇਟੀ ਲਈ ਚੁਣਿਆ ਗਿਆ। ਇਸ ਮੌਕੇ ਕਾਨਫਰੰਸ ਦਾ ਲੋਗੋ ਵੀ ਰਿਲੀਜ਼ ਕੀਤਾ ਗਿਆ।

No comments:

Post a Comment