Wednesday 2 August 2017

ਸ਼ਰਧਾਂਜਲੀਆਂ (ਸੰਗਰਾਮੀ ਲਹਿਰ-ਅਗਸਤ 2017)

ਸ਼ਹੀਦ ਕਰਤਾਰ ਚੰਦ ਨੂੰ 27 ਵੀਂ ਬਰਸੀ ਮੌਕੇ ਸ਼ਰਧਾਂਜਲੀਆਂ

ਦੇਸ਼ ਦੀ ਏਕਤਾ, ਅਖੰਡਤਾ ਤੇ ਭਾਈਚਾਰਕ ਸਾਂਝ ਦੀ ਰਾਖੀ ਲਈ ਆਪਣੀ ਜਾਨ ਦੀ ਬਾਜੀ ਲਾਉਣ ਵਾਲੇ ਸ਼ਹੀਦ ਕਰਤਾਰ ਚੰਦ ਦੀ 27 ਵੀਂ ਬਰਸੀ ਜੇ.ਪੀ ਐਮ.ਓ ਵਲੋਂ ਉਨ੍ਹਾਂ ਦੇ ਪਿੰਡ ਮਾਧੋਪੁਰ ਵਿਖੇ 29 ਮਈ ਨੂੰ ਮਨਾਈ ਮਈ। ਮਿਹਨਤਕਸ਼, ਦੱਬੇ ਕੁਚਲੇ ਲੋਕਾਂ ਦੀ ਬਿਹਤਰੀ ਲਈ ਜਮਾਤਾਂ ਤੋਂ ਰਹਿਤ ਇਕ ਸਿਹਤਮੰਦ ਸਮਾਜ ਦੀ ਉਸਾਰੀ ਲਈ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਇਸ ਕਮਿਊਨਿਸਟ ਯੋਧੇ ਨੂੰ ਸਾਮਰਾਜੀ ਸ਼ਹਿ ਪ੍ਰਾਪਤ ਵੱਖਵਾਦੀ ਖਾਲਿਸਤਾਨੀ ਦਹਿਸ਼ਤਗਰਦਾਂ ਨੇ 10 ਮਈ 1990 ਨੂੰ ਸ਼ਹੀਦ ਕਰ ਦਿਤਾ ਸੀ।
ਇਸ ਮੌਕੇ ਜੁੜੇ  ਇਕੱਠ ਨੂੰ ਸੰਬੋਧਨ ਕਰਦਿਆਂ  ਆਰ. ਐਮ.ਪੀ.ਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਜਿਸ ਖਤਰੇ ਵਿਰੁੱਧ ਸਾਥੀ ਕਰਤਾਰ ਚੰਦ ਤੇ ਉਨ੍ਹਾਂ ਵਰਗੇ ਖੱਬੀ ਲਹਿਰ ਦੇ ਹੋਰਨਾਂ ਯੋਧਿਆਂ ਨੇ ਸ਼ਹਾਦਤਾਂ ਦਿੱਤੀਆ ਸਨ, ਉਹ ਅੱਜ ਇਕ ਵਾਰ ਫਿਰ ਸਿਰ ਚੁੱਕੀ ਖੜ੍ਹਾ ਹੈ। ਦੇਸ਼ ਨੂੰ ਫਿਰਕੂ ਲੀਹਾਂ 'ਤੇ ਵੰਡਣ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਗਊ ਰੱਖਿਆ ਦੇ ਨਾਂਅ 'ਤੇ ਦਲਿਤਾਂ ਤੇ ਮੁਸਲਮਾਨਾਂ ਨੂੰ  ਹਿੰਸਕ ਹਜੂਮਾਂ ਹਵਾਲੇ ਕੀਤਾ ਜਾ ਰਿਹਾ ਹੈ। ਲੋਕਾਂ ਦੇ ਅਸਲ ਮੁੱਦੇ ਮਹਿੰਗਾਈ, ਬੇਰੁਜ਼ਗਾਰੀ ਘੱਟੇ-ਮਿੱਟੀ ਰੋਲੇ ਜਾ ਰਹੇ ਹਨ। ਸਾਥੀ ਪਾਸਲਾ ਨੇ ਕਿਹਾ ਕਿ ਸ਼ਹੀਦ ਕਰਤਾਰ ਚੰਦ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਸਮਾਰਾਜੀ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਹਮਲੇ  ਦੇ ਨਾਲ-ਨਾਲ ਸੰਘ ਪਰਿਵਾਰ ਤੇ ਕੇਂਦਰ ਸਰਕਾਰ ਦੀ ਸ਼ਹਿ ਪ੍ਰਾਪਤ ਫਿਰਕੂ ਹਮਲਿਆਂ ਵਿਰੁੱਧ ਆਪਣੀ ਜਮਾਤੀ ਏਕਤਾ ਨੂੰ ਮਜਬੂਤ ਕਰਦਿਆਂ ਇਕ ਵਿਆਪਕ ਤੇ ਸਾਂਝਾ ਮੋਰਚਾ ਬਣਾ ਕੇ ਲੜਿਆ ਜਾਵੇ।
ਸਰਵਸਾਥੀ ਸ਼ਮਸ਼ੇਰ ਸਿੰਘ ਰੋਪੜ, ਨਿਰੰਜਣ ਦਾਸ, ਪਰਵੀਨ ਕੁਮਾਰੀ ਸਰਪੰਚ ਮਾਧੋਪੁਰ, ਹਿੰਮਤ ਸਿੰਘ ਚੌਧਰੀ ਤੇ ਦਰਸ਼ਨ ਸਿੰਘ ਬੜਵਾ 'ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਰਹਿਨੁਮਾਈ 'ਚ ਹੋਏ ਇਸ ਸ਼ਰਧਾਂਜਲੀ ਸਮਾਗਮ ਨੂੰ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਮੋਹਣ ਸਿੰਘ ਧਮਾਣਾ, ਪ.ਸ.ਸ.ਫ. ਦੇ ਜਨਰਲ ਸਕੱਤਰ ਸਾਥੀ ਵੇਦ ਪ੍ਰਕਾਸ਼ ਤੋਂ ਇਲਾਵਾ ਮਾਸਟਰ ਗੁਰਵਿੰਦਰ ਸਿੰਘ, ਵਿਜੈ ਕੁਮਾਰ ਨੰਗਲ, ਮਲਕੀਅਤ ਸਿੰਘ ਪਲਾਸੀ ਆਦਿ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਮਾਸਟਰ ਗੁਰਨਾਇਬ ਸਿੰਘ ਨੇ ਕੀਤਾ ਇਸ ਮੌਕੇ ਮਾਸਟਰ ਕਰਮ ਚੰਦ (ਕੇ.ਸੀ) ਆਨੰਦਪੁਰ ਸਹਿਬ ਨੇ ਸਾਥੀ ਪਾਸਲਾ ਨੂੰ  ਪਾਰਟੀ ਫੰਡ ਲਈ ਪੰਜਾਹ ਹਜ਼ਾਰ ਰੁਪਏ ਦਾ ਚੈਕ ਭੇਂਟ ਕੀਤਾ।

ਸ਼ਹੀਦ ਮੁਠੱਡਾ ਦੀ ਬਰਸੀ ਮੌਕੇ ਖੱਬੀ ਲਹਿਰ ਦੇ ਯੋਧਿਆਂ ਨੂੰ ਸ਼ਰਧਾਂਜਲੀਆਂ 
ਪਿੰਡ ਮੁਠੱਡਾ ਕਲਾਂ 'ਚ ਸ਼ਹੀਦ ਗੁਰਦਿਆਲ ਸਿੰਘ ਮੁਠੱਡਾ ਦੀ 30ਵੀਂ ਬਰਸੀ ਮੌਕੇ ਅੱਤਵਾਦ-ਵੱਖਵਾਦ ਦੇ ਦੌਰ ਵਿਚ ਭਾਈਚਾਰਕ ਸਾਂਝ ਤੇ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਲਈ ਸ਼ਹੀਦੀਆਂ ਪਾਉਣ ਵਾਲੇ ਖੱਬੀ ਲਹਿਰ ਦੇ ਸਮੁੱਚੇ ਯੋਧਿਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਮਹਾਨ ਸ਼ਹੀਦਾਂ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਪਾਰਟੀ ਵਲੋਂ ਆਲ ਇੰਡੀਆ ਕਾਨਫਰੰਸ ਚੰਡੀਗੜ੍ਹ 'ਚ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਹਕੀਕੀ ਇਨਕਲਾਬੀ ਪਾਰਟੀ ਸ਼ਹੀਦਾਂ ਦੇ ਕਦਮ ਚਿੰਨ੍ਹਾਂ 'ਤੇ ਚੱਲ ਕੇ ਅਤੇ ਕੁਰਬਾਨੀਆਂ ਤੋਂ ਬਿਨਾਂ ਨਹੀਂ ਬਣਾਈ ਜਾ ਸਕਦੀ। ਇਸ ਮੌਕੇ ਸੂਬਾ ਕਮੇਟੀ ਮੈਂਬਰ ਸ਼ਿਵ ਕੁਮਾਰ ਤਿਵਾੜੀ ਨੇ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਡਾ. ਮੁਠੱਡਾ ਦੀ ਕੁਰਬਾਨੀ ਪੰਜਾਬ 'ਚ ਘੱਟ ਗਿਣਤੀਆਂ ਦੀ ਰਾਖੀ ਲਈ ਹੋਈ ਅਤੇ ਅੱਜ ਫਿਰ ਦੇਸ਼ ਭਰ 'ਚ ਘੱਟ ਗਿਣਤੀਆਂ ਲਈ ਖਤਰਾ ਉੱਭਰ ਕੇ ਸਾਹਮਣੇ ਆ ਰਿਹਾ ਹੈ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਆਗੂ ਪਰਮਜੀਤ ਰੰਧਾਵਾ, ਮਾ. ਸ਼ਿੰਗਾਰਾ ਸਿੰਘ ਦੁਸਾਂਝ, ਸਰਬਜੀਤ ਮੁਠੱਡਾ ਅਤੇ ਮਨਜਿੰਦਰ ਸਿੰਘ ਢੇਸੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੀ ਪ੍ਰਧਾਨਗੀ ਲਹਿੰਬਰ ਸਿੰਘ ਅਤੇ ਅਮ੍ਰਿੰਤਪਾਲ ਨੰਗਲ ਨੇ ਕੀਤੀ। ਆਖਰ 'ਚ ਸ਼ਹੀਦੀ ਲਾਟ 'ਤੇ ਝੰਡਾ ਲਹਿਰਾਉਣ ਦੀ ਰਸਮ ਨੰਬਰਦਾਰ ਜਗੀਰ ਸਿੰਘ ਨੇ ਅਦਾ ਕੀਤੀ।
ਡਾ. ਗੁਰਦਿਆਲ ਸਿੰਘ ਯਾਦਗਾਰੀ ਸੁਸਾਇਟੀ, ਮੁਠੱਡਾ ਕਲਾਂ ਵਲੋਂ ਦੇਸ਼ ਭਗਤ ਯਾਦਗਰ ਕਮੇਟੀ ਜਲੰਧਰ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਇਸ ਵਾਰ ਤੀਜੇ ਪੁਸਤਕ ਮੁਕਾਬਲੇ 21 ਅਕਤੂਬਰ ਨੂੰ ਕਰਵਾਏ ਜਾਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਜਰਨੈਲ ਫਿਲੌਰ, ਬਨਾਰਸੀ ਦਾਸ ਘੁੜਕਾ, ਮੇਜਰ ਫਿਲੌਰ, ਸੁਖ ਰਾਮ ਦੁਸਾਂਝ, ਵਿਸ਼ਵਾਮਿੱਤਰ, ਹਰਦੇਵ ਸਿੰਘ, ਨੰਬੜਦਾਰ ਬਲਜਿੰਦਰ ਸਿੰਘ ਬਿਲਗਾ ਆਦਿ ਨੇ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ।

 
ਕੰਗ ਅਰਾਈਆਂ ਦੇ ਕਮਿਊਨਿਸਟ ਸ਼ਹੀਦਾਂ ਨੂੰ ਸ਼ਰਧਾਂਜਲੀ 
ਅੱਤਵਾਦੀਆਂ ਨਾਲ ਲੋਹਾ ਲੈਂਦਿਆ ਪਿੰਡ ਕੰਗਅਰਾਈਆਂ ਦੇ ਕਮਿਊਨਿਸਟ ਆਗੂ ਜਰਨੈਲ ਸਿੰਘ ਅਤੇ ਮਹਿੰਦਰ ਸਿੰਘ ਪੱਪੀ 1988 ਵਿਚ ਸ਼ਹੀਦ ਹੋ ਗਈ ਸਨ। ਅੱਧੀ ਰਾਤ ਨੂੰ ਅਤਿਵਾਦੀਆਂ ਵਲੋਂ ਘਰ 'ਤੇ ਕੀਤੇ ਹਮਲੇ ਦੌਰਾਨ ਮਹਿੰਦਰ ਸਿੰਘ ਪੱਪੀ ਨੇ ਇੱਕ ਅਤਿਵਾਦੀ ਨੂੰ ਜੱਫਾ ਮਾਰ ਲਿਆ ਸੀ, ਜਿਸ 'ਤੇ ਅਤਿਵਾਦੀ ਦੇ ਹੀ ਸਾਥੀ ਨੇ ਦੋਨੋਂ 'ਤੇ ਗੋਲੀ ਚਲਾ ਦਿੱਤੀ। 21 ਜੁਲਾਈ ਨੂੰ ਹੋਏ ਇਸ ਹਮਲੇ ਦੌਰਾਨ ਜਰਨੈਲ ਸਿੰਘ ਦੇ ਸਿਰ 'ਚ ਗੋਲੀ ਲੱਗੀ ਸੀ। ਉਨ੍ਹਾਂ ਨੇ 24 ਜੁਲਾਈ ਨੂੰ ਸ਼ਹਾਦਤ ਦਾ ਜਾਮ ਪੀਤਾ। 24 ਜੁਲਾਈ 2017 ਨੂੰ ਤਹਿਸੀਲ ਭਰ 'ਚੋਂ ਇਕੱਠੇ ਹੋਏ ਆਰਐੱਮਪੀਆਈ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਹੀਦੀ ਲਾਟ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸ਼ਹੀਦਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਅਤੇ ਉਨ੍ਹਾਂ ਦੇ ਕਦਮ ਚਿੰਨਾ 'ਚੇ ਚੱਲਣ ਦਾ ਮੁੜ ਤੋਂ ਪ੍ਰਣ ਕੀਤਾ। ਵਰਨਣਯੋਗ ਹੈ ਫਿਲੌਰ 'ਚ ਅਤਿਵਾਦੀਆਂ ਵਲੋਂ ਹਿੰਦੂ ਪਰਵਾਰ 'ਤੇ ਕੀਤੇ ਹਮਲੇ ਦੌਰਾਨ ਸਾਥੀ ਜਰਨੈਲ ਸਿੰਘ ਹੁਣਾ ਨੇ ਅੱਗੇ ਆਕੇ ਇਸ ਬੁਜ਼ਦਿਲ ਕਾਰੇ ਦਾ ਵਿਰੋਧ ਕੀਤਾ ਸੀ, ਜਿਸ ਤੋਂ ਖਾਰ ਖਾਂਦਿਆਂ ਅਤਿਵਾਦੀਆਂ ਨੇ ਅੱਧੀ ਰਾਤ ਨੂੰ ਇਸ ਪਰਿਵਾਰ 'ਤੇ ਹਮਲਾ ਕੀਤਾ ਸੀ। ਮਹਿੰਦਰ ਸਿੰਘ ਪੱਪੀ ਦੀ ਬਹਾਦਰੀ ਨੇ ਹੀ ਇੱਕ ਅਤਿਵਾਦੀ ਨੂੰ ਮਰਨ ਲਈ ਮਜ਼ਬੂਰ ਕਰ ਦਿੱਤਾ ਸੀ।

No comments:

Post a Comment