Wednesday, 2 August 2017

ਸੰਪਾਦਕੀ ਟਿੱਪਣੀਆਂ (ਸੰਗਰਾਮੀ ਲਹਿਰ-ਅਗਸਤ 2017)

ਪਾਸ਼ ਨੂੰ ਲੋਕ ਚੇਤਿਆਂ 'ਚੋਂ ਮਨਫ਼ੀ ਕਰਨ ਦੀਆਂ ਸਾਜ਼ਿਸ਼ਾਂ 
ਦੇਸੀ-ਬਦੇਸ਼ੀ ਕਰਪੋਰੇਟ ਘਰਾਣਿਆਂ ਅਤੇ ਅਜੋਕੇ ਸੰਸਾਰ ਆਕਾਵਾਂ , ਸਾਮਰਾਜੀ ਦੇਸ਼ਾਂ ਦੇ ਸਰਵ ਪੱਖੀ ਲੁੱਟ ਮਚਾਉਣ ਦੇ ਜ਼ਲਿਮ ਮਨਸੂਬਿਆਂ ਨੂੰ ਬੇਰੋਕ ਟੋਕ ਸਿਰੇ ਚਾੜ੍ਹਣ ਲਈ ਪੱਬਾਂ ਭਾਰ ਹੋਈ ਕੇਂਦਰ ਦੀ ਮੋਦੀ ਸਰਕਾਰ ਨੇ ਉਕਤ ਦਿਸ਼ਾ 'ਚ ਇੱਕ ਹੋਰ ਕੋਝਾ ਹਲੱਾ ਬੋਲਿਆ ਹੈ।
ਇਹ ਹੱਲਾ, ਲੋਕਾਂ ਦੇ ਮੱਥੇ 'ਚ ਚੰਗੇਰੇ ਭਵਿੱਖ ਦੇ ਸੰਗਰਾਮ ਲਈ ਵਲਵਲੇ ਰੌਸ਼ਨ ਕਰਨ ਵਾਲੀਆਂ, ਖਾਲਿਸਤਾਨੀ ਦਹਿਸ਼ਤਗਰਦਾਂ ਹੱਥੋਂ ਸ਼ਹੀਦ ਹੋਏ ਇਨਕਲਾਬੀ ਕਵੀ ਅਵਤਾਰ ਸਿੰਘ 'ਪਾਸ਼' ਦੀਆਂ ਕਵਿਤਾਵਾਂ ਨੂੰ ਸਕੂਲੀ ਸਿਲੇਬਸ 'ਚੋਂ ਮਨਫ਼ੀ ਕਰਨ ਦੀ ਸਾਜਿਸ਼ ਦੇ ਰੂਪ ਵਿੱਚ ਕੀਤਾ ਗਿਆ ਹੈ। ਸੰਸਾਰ ਭਰ ਦੇ ਸਾਹਿਤ ਪ੍ਰੇਮੀਆਂ, ਖਾਸ ਕਰ ਗਜ਼ਲ ਸਿਰਜ਼ਕਾਂ ਦੇ ਉਸਤਾਦ ਵਜੋਂ ਜਾਣੇ ਜਾਂਦੇ ਜ਼ਨਾਬ ਮਿਰਜ਼ਾ ਗਾਲਿਬ ਅਤੇ ਸੰਸਾਰ ਦੇ ਪ੍ਰਸਿੱਧ ਚਿਤੱਰਕਾਰ ਮਕਬੂਲ ਫ਼ਿਦਾ ਹੁਸੈਨ ਦੀਆਂ ਰਚਨਾਵਾਂ ਅਤੇ ਜੀਵਨ ਪੰਧ ਬਾਰੇ ਜਾਣਕਾਰੀ ਦਿੰਦੇ ਵੇਰਵੇ ਵੀ ਪਾਠਕ੍ਰਮ 'ਚੋਂ ਕੱਢਣ ਦੀਆਂ ਗੋਂਦਾਂ ਗੁੰਦੀਆਂ ਜਾ ਚੱਕੀਆਂ ਹਨ।
ਉਕਤ ਹੱਲੇ ਦਾ ਸੂਤਰਧਾਰ ਹੈ, ਨਾਗਪੂਰੀ ਫ਼ਿਰਕੂ ਸਕੂਲ (thought) 'ਚੋਂ ਉਪਜਿਆ ਸੰਘ ਪਰਿਵਾਰ ਦਾ ਵਿਦਵਾਨ ਦੀਨਾ ਨਾਥ ਬਤਰਾ। ਇਹ 'ਦੀਨ-ਹੀਨ' ਬੁੱਧੀ ਦਾ ਮਾਲਕ ਦੀਨਾ ਨਾਥ ਬੱਤਰਾ ਉਹੀ ਭੱਦਰ ਪੁਰਸ਼ ਹੈ ਜੋ ਕਦੀ ਭੋਲੇ ਭਾਲੇ ਲੋਕਾਂ ਦੀ ਸਾਵੀਂ ਸੋਚ ਨੂੰ ਫ਼ਿਰਕੂ ਡੰਗਾਂ ਨਾਲ ਅਸਾਵੀਂ ਕਰਨ ਵਾਲੀ ਸੰਘੀ ਸੰਸਥਾ 'ਸ਼ਿਕਸ਼ਾ ਸੰਸਕ੍ਰਿਤੀ ਉੱਥਾਨ ਨਿਆਸ' ਦੇ ਸਰਵੇਸਰਵਾ ਵਜੋਂ 'ਸੇਵਾਵਾਂ' ਦੇ ਚੁੱਕਾ ਹੈ। ਕਹਿਣ ਦੀ ਲੋੜ ਨਹੀਂ, ਆਰ.ਐਸ.ਐਸ ਵਲੋਂ ਸਿਰਜੀਆਂ ਅਜਿਹੀਆਂ ਸੰਸਥਾਵਾਂ, ਫਿਰਕੂ ਛਾਵਨਵਾਦ, ਹਨੇਰ ਬਿਰਤੀਵਾਦ, ਉੱਚ ਜਾਤੀ ਹੰਕਾਰ, ਔਰਤਾਂ ਪ੍ਰਤੀ ਤ੍ਰਿਸਕਾਰ, ਘੱਟ ਗਿਣਤੀਆਂ ਖਾਸ ਕਰ ਮੁਸਲਮਾਨਾਂ ਪ੍ਰਤੀ ਘੋਰ ਨਫ਼ਰਤ ਅਤੇ ਕਮਿਊਨਿਸਟਾਂ ਸਮੇਤ ਹਰ ਅਗਾਂਵਧੂ ਸੰਗਠਨਾਂ ਖਿਲਾਫ਼ ਹਿੰਸਾ ਭੜਕਾਉਣ ਦੀਆਂ ਨਰਸਰੀਆਂ ਹਨ। ਇਨ੍ਹਾਂ ਸੰਸਥਾਵਾਂ ਦਾ ਅੰਤਮ ਉਦੇਸ਼ ਸੰਸਾਰ ਭਰ 'ਚ ਸਥਾਪਤ ਸਾਮਰਾਜੀ ਲੁੱਟ ਦੀ ਗਰੰਟੀ ਲਈ ਯਤਨਸ਼ੀਲ ਸ਼ਾਸਨ ਤੰਤਰਾਂ ਦੇ ਹਿੱਤਾਂ ਦੀ ਰਾਖੀ ਹੈ।
ਦੀਨਾ ਨਾਥ ਬਤਰਾ ਬਾਰੇ ਅਜੇ ਲੋਕਾਂ ਚੇਤਿਆਂ 'ਚ ਇਹ ਤੱਥ ਤਾਜ਼ਾ ਹੀ ਹੋਵੇਗਾ ਕਿ ਉਹ ਹਰ ਕਿਸਮ ਦੀਆਂ ਅਣ-ਵਿਗਿਆਨਕ, ਤੱਥਾਂ ਰਹਿਤ, ਪਿਛਾਂਹ ਖਿਚੂ ਮਿੱਥਾਂ-ਕਹਾਣੀਆਂ-ਅਖਾਣਾਂ ਨੂੰ ਪਾਠਕ੍ਰਮ ਦਾ ਹਿੱਸਾ ਬਨਾਉਣ ਦੀ ਵਕਾਲਤ ਕਰ ਚੁਕੱਾ ਹੈ ਅਤੇ ਆਪਣੀ ਨਿਯੁਕਤੀ (ਸੰਘ ਦੇ ਇਸ਼ਾਰੇ 'ਤੇ) ਦਾ ਮਕਸਦ ਪੂਰਾ ਕਰਨ ਲਈ ਠੋਸ ਕਦਮ ਵੀ ਚੁੱਕ ਚੁੱਕਾ ਹੈ।
'ਪਾਸ਼', ਜਿਸ ਨਾਂਅ ਨਾਲ ਉਸ ਨੂੰ ਪਿਆਰ ਕਰਨ ਵਾਲੇ ਸਾਰੇ ਉਸਨੂੰ ਸੱਦਦੇ ਹਨ, ਦੀਆਂ ਰਚਨਾਵਾਂ ਪਾਠਕ੍ਰਮ 'ਚ ਬੇਦਖ਼ਲ ਕਰਨ ਦੀਆਂ ਸਾਜਿਸ਼ਾਂ ਪਿਛੇ ਉਕਤ ਸਾਜਿਸ਼ੀ ਨੀਤੀ ਚੌਖਟਾ ਹੀ ਕੰਮ ਕਰ ਰਿਹਾ ਹੈ।
ਹਰ ਤਾਨਾਸ਼ਾਹ ਵਾਂਗੂੰ, ਸੰਘੀ ਟੋਲਾ ਇਹ ਭੁੱਲ ਗਿਆ ਹੈ ਕਿ ਨਾਜ਼ਿਮ ਹਿਕਮਤ, ਪਾਬਲੋ ਨੇਰੂਦਾ, ਫ਼ੈਜ਼ ਅਹਿਮਦ ਫ਼ੈਜ਼ ਅਤੇ ਹੋਰਨਾਂ ਕਿਰਤੀ ਸ਼੍ਰੇਣੀ ਦੇ ਫ਼ਨਕਾਰਾਂ ਨਾਲ ਅਜਿਹੀਆਂ ਹਾਕਮਾਨਾ ਸਾਜ਼ਿਸ਼ਾਂ ਪਹਿਲਾਂ ਵੀ ਫ਼ੇਲ੍ਹ ਹੋਈਆਂ ਹਨ ਅਤੇ ਮਨੁੱਖ ਦੀ ਆਜ਼ਾਦੀ ਦੀਆਂ ਹਾਮੀ ਤਾਕਤਾਂ ਮੌਜੂਦਾ ਸਾਜ਼ਿਸ਼ ਦੀਆਂ ਵੀ ਧੱਜੀਆਂ ਉਡਾਅ ਦੇਣਗੀਆਂ। ਸਾਡੀ ਜਾਚੇ ਹਰ ਖੇਤਰ ਦੀਆਂ ਪ੍ਰਗਤੀ ਅਤੇ ਅਮਨ ਦੀਆਂ ਸਮਰਥਕ ਧਿਰਾਂ ਨੂੰ ਜਮਾਤੀ ਪੈਂਤੜੇ ਤੋਂ ਇਸ ਹਮਲੇ ਵਿਰੁੱਧ ਮੈਦਾਨ 'ਚ ਨਿੱਤਰਨਾ ਚਾਹੀਦਾ ਹੈ।
ਫ਼ਿਲਹਾਲ ਬਕੌਲ ਪਾਸ਼.....
''ਨਾ ਕਤਲ ਹੋਏ ਨਾ ਹੋਣਗੇ ਇਸ਼ਕ ਦੇ ਇਹ ਗੀਤ,
ਮੌਤ ਦੀ ਸਰਦਲ 'ਤੇ ਬਹਿ ਗਾਉਂਦੇ ਰਹੇ ਨੇ ਲੋਕ।''


 
ਬੇਚਾਰੇ ਜਨਸੇਵਕ ! 
ਰਾਜ ਸਭਾ ਵਿਚ ਇਸ ਹਫਤੇ ਜਦੋਂ ਮੈਂਬਰਾਂ ਦੇ ਤਣਖਾਹ ਵਾਧੇ ਦੇ ਮੁੱਦੇ 'ਤੇ ਬਹਿਸ ਚਲ ਰਹੀ ਸੀ, ਤਾਂ ਕੁਝ ਪਾਰਲੀਮੈਂਟ ਮੈਂਬਰਾਂ ਵਲੋਂ ਉਠਾਏ ਨੁਕਤਿਆਂ ਤੋਂ ਇਹ ਭੁਲੇਖਾ ਪੈਦਾ ਹੋ ਰਿਹਾ ਸੀ ਕਿ ਅਜੋਕੇ ਸਮੇਂ 'ਚ ਭਾਰਤ ਦੀ ਸਵਾ ਸੌ ਕਰੋੜ ਵੱਸੋਂ 'ਚੋਂ, ਜੇ ਕੋਈ ਸਭ ਤੋਂ ਵੱਧ ਧੱਕੇ ਅਤੇ ਜ਼ਿਆਦਤੀ ਦਾ ਸ਼ਿਕਾਰ ਲੋਕ ਹਨ ਤਾਂ ਉਹ ਰਾਜ ਸਭਾ ਮੈਂਬਰ ਹੀ ਹਨ। ਕੁਝ ਕੁ ਭਾਸ਼ਣਾਂ ਦੀਆਂ ਵੰਨਗੀਆਂ 'ਤੇ ਨਿਗ੍ਹਾ ਮਾਰਨੀ ਕਾਫ਼ੀ ਲਾਹੇਵੰਦੀ ਰਹੇਗੀ।
ਦੇਸ਼ ਦੇ ਸਭ ਤੋਂ ਵੱਡੇ ਸੂਬੇ ਉਤਰ ਪ੍ਰਦੇਸ਼ ਤੋਂ ਚੁਣ ਕੇ ਆਏ ਨਰੇਸ਼ ਅਗਰਵਾਲ ਨੇ ਆਪਣੀ ''ਗਰੀਬੀ'' ਦਾ ਰੋਣਾ ਰੋਂਦਿਆਂ ਕਿਹਾ ਕਿ ਅਸੀਂ 50 ਹਜ਼ਾਰ ਰਪਏ ਪ੍ਰਤੀ ਮਹੀਨਾ ਦੀ ਤਣਖਾਹ 'ਚ ਗੁਜਾਰਾ ਕਿਵੇਂ ਕਰੀਏ? ਕੀ ਅਸੀਂ ਮੰਗਤੇ ਹਾਂ ਸਾਡੇ ਸਕੱਤਰ ਸਾਥੋਂ ਕਿਤੇ ਵੱਧ ਤਣਖਾਹਾਂ ਲੈਂਦੇ ਹਨ। ਕਈਆਂ ਸੂਬਿਆਂ ਦੇ ਵਿਧਾਇਕਾਂ ਦੀ ਤਣਖਾਹ ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਹੈ, ਜਦਕਿ ਸਾਨੂੰ ਬੱਚੇ ਪਾਲਣੇ ਮੁਸ਼ਕਿਲ ਹੋਏ ਪਏ ਹਨ।
ਹਿਮਾਚਲ ਦੀ ਪ੍ਰਤੀਨਿਧਤਾ ਕਰਨ ਵਾਲੇ ਸਾਬਕਾ ਕੇਂਦਰੀ ਵਜ਼ੀਰ ਆਨੰਦ ਸ਼ਰਮਾ ਨੇ ਵੀ ਕੌੜ ਗਲੱਛਦਿਆਂ ਕਿਹਾ ਕਿ ਮੀਡੀਆ 'ਚ ਸਾਡੇ ਬਾਰੇ ਇਹ ਭਰਮ ਖੜਾ ਕੀਤਾ ਜਾ ਰਿਹਾ ਹੈ ਕਿ ਸਾਨੂੰ ਬੜੀਆਂ ਸਹੂਲਤਾਂ 'ਤੇ ਭੱਤੇ ਮਿਲਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਬੇਇੱਜ਼ਤੀ ਅਤੇ ਮਾਨਸਿਕ ਪੀੜਾ ਝੱਲਣੀ ਪੈਂਦੀ ਹੈ ਤੇ ਸਾਡੇ ਸਨਮਾਨ ਨੂੰ ਠੇਸ ਲੱਗਦੀ ਹੈ।
ਪਹਿਲਾਂ ਤਣਖਾਹ ਬਾਰੇ ਜੋ ਤੱਥ ਇਨ੍ਹਾਂ ਮਹਾਨੁਭਵਾਂ ਨੇ ਛੁਪਾਏ ਹਨ, ਉਨ੍ਹਾਂ ਬਾਰੇ ਜਾਣਕਾਰੀ ਸਾਂਝੀ ਕਰ ਲਈ ਜਾਵੇ ਤਾਂ ਜ਼ਿਆਦਾ ਬਿਹਤਰ ਹੋਵੇਗਾ। ਨਰੇਸ਼ ਅਗਰਵਾਲ ਸਾਹਿਬ ਨੇ ਉਨ੍ਹਾਂ (ਰਾਜ ਸਭਾ ਮੈਂਬਰਾਂ) ਨੂੰ ਹਾਸਲ ਹਵਾਈ ਅਤੇ ਰੇਲ ਸਫਰ, ਰਿਹਾਇਸ਼, ਅਸੀਮਤ ਟੈਲੀਕਾਮ ਫੋਨ ਕਾਲ, ਉਚਤਮ ਪੱਧਰ ਦੀਆਂ ਸਿਹਤ ਸੇਵਾਵਾਂ, ਬਿਜਲੀ, ਪਾਣੀ, ਬਾਦਸ਼ਾਹੀ ਰਿਹਾਇਸ਼, ਗੱਡੀ ਆਦਿ ਸਹੂਲਤਾਂ ਮੁਕੰਮਲ ਮੁਫ਼ਤ ਮਿਲਣ ਦੀ ਗੱਲ ਬੜੀ ਕੁਸ਼ਲਤਾ ਨਾਲ ਲੁਕੋ ਲਈ।
ਇਸ ਤੋਂ ਬਿਨਾਂ ਇਨ੍ਹਾਂ ਨੂੰ ਮਿਲਣ ਵਾਲੇ ਰੋਜ਼ਾਨਾਂ ਭੱਤੇ (2 ਹਜ਼ਾਰ ਰੁਪਏ ਪ੍ਰਤੀ ਦਿਨ), ਹਲਕਾ ਅਲਾਊਂਸ (45 ਹਜ਼ਾਰ ਰੁਪਏ ਮਾਸਕ) ਦਫਤਰੀ ਭੱਤਾ (45 ਹਜ਼ਾਰ ਰੁਪਏ ਮਾਸਕ) ਅਤੇ ਅਜਿਹੇ ਹੋਰ ਕਿੰਨੇ ਹੀ ਭੱਤਿਆਂ ਦੀ ਵੀ ਉਨ੍ਹਾਂ ਪਰਦਾਪੋਸ਼ੀ ਕੀਤੀ।
ਅਗਰਵਾਲ ਸਾਹਿਬ ਨੇ ਇਹ ਦੱਸਣ ਦੀ ਖੇਚਲ ਵੀ ਬਿਲਕੁਲ ਨਹੀਂ ਕੀਤੀ ਕਿ ਉਨ੍ਹਾਂ ਦੀ ਕਾਰਗੁਜਾਰੀ ਕੀ ਹੈ?
ਚੰਗਾ ਹੁੰਦਾ ਜੇ ਅਗਰਵਾਲ ਸਾਹਿਬ ਇਹ ਵੀ ਦੱਸ ਦਿੰਦੇ ਕਿ ਭਾਰਤ 'ਚ ਔਸਤ ਪ੍ਰਤੀ ਜੀਅ ਆਮਦਨ ਦੇ ਮੁਕਾਬਲੇ ਉਨ੍ਹਾਂ ਦੇ ਤਣਖਾਹਾਂ ਭੱਤੇ ਕਿੰਨੇ ਹਜ਼ਾਰ ਗੁਣਾ ਵੱਧ ਹਨ।
ਅਮੀਰ ਸਮਝੇ ਜਾਂਦੇ ਦੇਸ਼ਾਂ ਦੇ ਪਾਰਲੀਮੈਂਟ ਮੈਂਬਰਾਂ ਦੀ ਸਾਦਾ ਰਹਿਣੀ ਅਤੇ ਜਨਤਾ 'ਚ ਵਿਚਰਨ ਦਾ ਆਮ ਵਰਗਾ ਢੰਗ ਸਾਡੇ ਪਾਰਲੀਮੈਂਟ ਮੈਂਬਰਾਂ ਦੇ ਨੇੜ ਦੀ ਵੀ ਨਹੀਂ ਲੰਘਿਆ। ਉਥੋਂ ਦੇ ਰਾਸ਼ਟਰ ਪ੍ਰਮੁੱਖਾਂ ਦੇ ਵੀ ਉਹ ਠਾਠ ਨਹੀਂ ਜਿੰਨੇ ਸਾਡੇ ਸਧਾਰਨ ਐਮ.ਪੀ. ਜਾਂ ਵਿਧਾਇਕਾਂ ਦੇ ਹਨ।
ਐਮ.ਪੀ.ਹੋਣ ਦਾ ਲਾਹਾ ਲੈ ਕੇ ਇਨ੍ਹਾਂ ਭੱਦਰ ਪੁਰਸ਼ਾਂ ਨੇ ਕੀ-ਕੀ ਕਾਲੀਆਂ ਕਮਾਈਆਂ ਕੀਤੀਆਂ ਹਨ, ਇਸ ਬਾਰੇ ਸੱਚ ਬੋਲਣ ਦੀ ਤਾਂ ਇਨ੍ਹਾਂ ਰਾਜਨੇਤਾਵਾਂ ਤੋਂ ਲੋਕਾਂ ਨੇ ਆਸ ਹੀ ਚਿਰੋਕਣੀ ਛੱਡ ਦਿੱਤੀ ਹੈ।
ਬਾਕੀ ਆਨੰਦ ਸ਼ਰਮਾ ਸਾਹਿਬ ਨੇ ਜੋ ਕਿਹਾ ਹੈ ਕਿ ਉਨ੍ਹਾਂ ਦਾ ਕੋਈ ਸਨਮਾਨ ਨਹੀਂ ਕਰਦਾ, ਤਾਂ ਅਸੀਂ ਕਹਿਣਾ ਚਾਹਾਂਗੇ ਕਿ ਇਹ ਅਵਸਥਾ ਘੱਟ ਜਾਂ ਵੱਧ ਤਣਖਾਹ ਕਰਕੇ ਪੈਦਾ ਨਹੀਂ ਹੋਈ। ਬਲਕਿ ਇਸ ਦਾ ਕਾਰਨ ਰਾਜਨੇਤਾਵਾਂ ਦਾ ਹਰ ਰੋਜ ਹੇਠਾਂ ਤੋਂ ਹੇਠਾਂ ਡਿੱਗਦਾ ਜਾ ਰਿਹਾ ਆਚਰਣ ਅਤੇ ਵਿਹਾਰ ਹੈ।
ਉਂਝ ਲੱਗਦੇ ਹੱਥ ਪਾਠਕਾਂ ਨਾਲ ਇਕ ਹੋਰ ਗੱਲ ਸਾਂਝੀ ਕਰਨੀ ਵੀ ਬੜੀ ਜ਼ਰੂਰੀ ਹੈ। ਲੋਕਾਂ ਲਈ ਅਸਲੋਂ ਗੈਰ ਜ਼ਰੂਰੀ ਮੁੱਦਿਆਂ 'ਤੇ ਬਿਗੜੈਲ ਵਹਿੜਕਿਆਂ ਵਾਂਗੂੰ ਸਿੰਗ ਫਸਾਉਣ ਵਾਲੇ ਵੱਖੋ-ਵੱਖ ਦਲਾਂ ਦੇ ਮੈਂਬਰਾਂ ਨੇ ਘੱਟ ਤਣਖਾਹਾਂ ਦਾ ਰੋਣਾ ਰੋਣ ਅਤੇ ਵੱਧ ਦੀ ਮੰਗ ਕਰਨ 'ਚ ਬੜੀ ਲਾਮਿਸਾਲ ਏਕਤਾ (100 ਫੀਸਦੀ) ਦਾ ਪ੍ਰਦਰਸ਼ਨ ਕੀਤਾ। ਹੈ ਨਾ ਕਮਾਲ ਦੀ ਗੱਲ! ਭੁਖਮਰੀ ਨਾਲ ਮਰ ਰਹੇ, ਕਰਜ਼ ਜ਼ਾਲ 'ਚ ਫਸੇ ਹੋਣ ਕਰਕੇ ਆਤਮਹੱਤਿਆਵਾਂ ਕਰ ਰਹੇ, ਧਰਤੀ ਪੁੱਤਰਾਂ ਦੀ ਜੂਨ ਸੁਧਾਰਨ ਦੇ ਕਦਮ ਚੁੱਕਣ ਬਾਰੇ ਕਦੀ ਸੰਜੀਦਗੀ ਦਿਖਾਓ ਨੇਤਾ ਜੀਓੁ।
- ਮਹੀਪਾਲ

ਸਰਕਾਰ ਅਤੇ ਖੇਡਾਂ 'ਚ ਸੱਟੇਬਾਜ਼ੀ 
ਕੁਸ਼ਤੀ ਦੇ ਅਖਾੜੇ 'ਚ ਘੁਲਦੇ ਦੋ ਭਲਵਾਨ ਜਦੋਂ ਆਪਸ 'ਚ ਇਹ ਸਲਾਹ ਕਰ ਲੈਂਦੇ ਹਨ ਕਿ ਉਨ੍ਹਾਂ 'ਚੋਂ ਕਿਸੇ ਨੇ ਨਹੀਂ ਹਰਨਾ ਤਾਂ ਲੋਕਾਂ ਨੂੰ ਸਵਾਦ ਨਹੀਂ ਆਉਂਦਾ। ਲੋਕ ਅਜਿਹੇ ਭਲਵਾਨਾਂ ਨੂੰ ਚੰਗਾ ਹੀ ਨਹੀਂ ਸਮਝਦੇ ਅਤੇ ਜੇ ਇਹ ਪਤਾ ਲੱਗ ਜਾਵੇ ਕਿ ਜਾਣ ਬੁੱਝ ਕੇ ਹਾਰਨ ਵਾਲੇ ਭਲਵਾਨ ਨੇ ਹਾਰਨ ਲਈ ਹੀ ਪੈਸੇ ਲਏ ਹੋਏ ਹਨ ਤਾਂ ਲੋਕ ਮਾੜਾ ਤਾਂ ਕਹਿੰਦੇ ਹੀ ਹਨ ਅਤੇ ਅਜਿਹੇ ਮਾਮਲੇ 'ਚ ਇਨਾਮਾਂ ਦਾ ਵੀ ਕੋਈ ਮਹੱਤਵ ਨਹੀਂ ਰਹਿ ਜਾਂਦਾ। ਖ਼ੇਡ ਦੀ ਅਸਲੀ ਭਾਵਨਾ ਖਤਮ ਹੋ ਕੇ ਰਹਿ ਜਾਂਦੀ ਹੈ। ਸਰੀਰਕ ਤੰਦਰੁਸਤੀ ਲਈ ਅਤੇ ਆਪਸੀ ਮੁਕਾਬਲੇ ਲਈ ਖ਼ੇਡੀਆਂ ਜਾਂਦੀਆਂ ਖ਼ੇਡਾਂ 'ਚ ਜੇ ਪੈਸਾ ਇੰਨਾ ਭਾਰੂ ਹੋ ਜਾਵੇ ਕਿ ਉਨ੍ਹਾਂ ਨੂੰ ਖਰੀਦਣ ਵਾਲਾ ਜਦੋਂ ਮਰਜ਼ੀ ਖਰੀਦ ਲਵੇ ਅਤੇ ਜਦੋਂ ਮਰਜ਼ੀ ਉਨ੍ਹਾਂ ਹੇਠੋਂ ਫੱਟਾ ਖਿੱਚ ਲਵੇ ਤਾਂ ਖੇਡ ਦਾ ਅਸਲੀ ਸਰੂਪ ਹੀ ਜਾਂਦਾ ਲੱਗੇਗਾ। ਅਜਿਹਾ ਹੀ ਕੰਮ ਸਾਡੇ ਦੇਸ਼ ਦੇ ਹਾਕਮ ਕਰਨ ਲੱੱਗੇ ਹੋਏ ਹਨ। ਉਹ ਜਲਦੀ ਹੀ ਅਜਿਹਾ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੇ ਹਨ, ਜਿਸ ਨਾਲ ਕਾਨੂੰਨੀ ਰੂਪ 'ਚ ਸੱਟੇਬਾਜ਼ੀ ਨੂੰ ਮਾਨਤਾ ਮਿਲ ਜਾਵੇ। ਸ਼ਾਇਦ ਉਹ ਸੱਟੇਬਾਜ਼ੀ 'ਤੇ ਲੱਗਣ ਵਾਲੇ 28 ਫੀਸਦੀ ਜੀਐਸਟੀ ਨੂੰ ਕਮਾਈ ਦੇ ਰੂਪ 'ਚ ਦੇਖਦੇ ਹੋਣ ਪਰ ਦੇਸ਼ ਦੀ ਅਸਲੀ ਕਮਾਈ ਭੰਗ ਦੇ ਭਾਣੇ ਜਾਂਦੀ ਰਹੇਗੀ। ਘੋੜਿਆਂ ਦੀਆਂ ਰੇਸਾਂ ਲਈ ਲਾਈ ਜਾਂਦੀ ਸੱਟੇਬਾਜ਼ੀ ਵੀ ਇੱਕ ਤਰ੍ਹਾਂ ਦਾ ਜੂਆ ਹੀ ਹੈ। ਜਿਸ 'ਚ ਭੱਜ ਰਹੇ ਘੋੜੇ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਸ 'ਤੇ ਪੈਸੇ ਲਗਾਏ ਹੋਏ ਹਨ, ਉਸ ਦਾ ਕੰਮ ਤਾਂ ਭੱਜਣਾ ਹੀ ਹੋ ਸਕਦਾ ਹੈ। ਇਸ ਪਿੱਛੇ ਕਿੰਨੇ ਅਮੀਰ ਲੋਕ ਕਮਾਈ ਕਰ ਰਹੇ ਹਨ ਅਤੇ ਨਾਲੋ ਨਾਲ ਅਯਾਸ਼ੀ ਵੀ ਕਰ ਰਹੇ ਹਨ। ਖੇਡਾਂ ਦੇ ਖੇਤਰ 'ਚ 1982 ਦੀਆਂ ਏਸ਼ੀਅਨ ਖੇਡਾਂ ਬਾਰੇ ਹਾਲੇ ਵੀ ਲੋਕਾਂ ਨੂੰ ਯਾਦ ਹੋਵੇਗਾ ਕਿ ਹਾਕੀ ਦੇ ਫਾਈਨਲ ਮੈਚ 'ਚ ਭਾਰਤ ਨੇ ਪਹਿਲਾ ਗੋਲ ਪਹਿਲੇ ਮਿੰਟਾਂ 'ਚ ਦਾਗ ਦਿੱਤਾ ਅਤੇ ਮਗਰੋਂ 7 ਗੋਲ ਆਪਣੇ ਸਿਰ ਕਰਵਾ ਲਏ। ਮੈਚ ਦੇਖਣ ਵਾਲੇ ਉਸ ਵੇਲੇ ਹੈਰਾਨ ਸਨ ਕਿ ਭਾਰਤ ਦਾ ਗੋਲਚੀ ਆਪਣੇ ਗੋਲ 'ਚ ਖੜ੍ਹਨ ਦੀ ਥਾਂ ਕਿਤੇ ਹੋਰ ਹੀ 'ਖੇਡ' ਰਿਹਾ ਸੀ। ਮੈਚ ਇੱਕ ਪਾਸੜ ਹੋਣ ਕਾਰਨ ਇਸ ਦਾ ਜਲਦੀ ਹੀ ਪਤਾ ਲੱਗ ਗਿਆ। ਕ੍ਰਿਕਟ 'ਚ ਸੱਟੇਬਾਜ਼ੀ ਦੀਆਂ ਖ਼ਬਰਾਂ ਅਕਸਰ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ, ਜੋ ਕਿ ਬਹੁਤ ਹੱਦ ਤੱਕ ਸੱਚ ਸਾਬਤ ਵੀ ਹੋ ਚੁੱਕੀਆਂ ਹਨ। ਅਜਿਹਾ ਹੋਣ ਨਾਲ ਖੇਡ ਦਾ ਅਸਲੀ ਮਕਸਦ ਕਿਤੇ ਦੂਰ ਰਹਿ ਜਾਂਦਾ ਹੈ।
ਹੁਣ ਸਾਡੇ ਦੇਸ਼ 'ਚ ਇਸ ਨੂੰ ਕਾਨੂੰਨੀ ਤੌਰ 'ਤੇ ਮਾਨਤਾ ਦੇਣ ਦਾ ਕੰਮ ਆਰੰਭ ਕੀਤਾ ਜਾਣ ਲੱਗਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦਾ ਖਰੜਾ ਤਿਆਰ ਕਰਨ ਤੋਂ ਲੈ ਕੇ ਇਸ ਕਾਨੂੰਨ ਨੂੰ ਪਾਸ ਕਰਨ 'ਚ ਦੋ ਸਾਲ ਲੱਗ ਸਕਦੇ ਹਨ। ਜਿਸ ਤਹਿਤ ਆਨਲਾਈਨ ਸੱਟੇਬਾਜ਼ੀ ਨੂੰ ਕਾਨੂੰਨੀ ਤੌਰ 'ਤੇ ਮਾਨਤਾ ਮਿਲੇਗੀ। ਇਸ ਕੰਮ ਲਈ ਮੁਢਲੇ ਦੌਰ ਦੀਆਂ ਵਿਭਾਗੀ ਗੱਲਾਂ-ਬਾਤਾਂ ਆਰੰਭ ਹੋ ਗਈਆ ਹਨ। ਖੇਡ ਵਿਭਾਗ ਦੇ ਇੱਕ ਸਕੱਤਰ ਨੇ ਇੰਗਲੈਂਡ ਜਾਕੇ ਇਸ ਦੇ ਨੁਕਤਿਆਂ ਨੂੰ ਸਿੱਖਣ ਦਾ ਕੰਮ ਆਰੰਭ ਕਰ ਦਿੱਤਾ ਹੈ। ਅਤੇ, ਇੰਗਲੈਂਡ ਨਾਲ ਇਸ ਤੋਂ ਪਹਿਲਾਂ 'ਕੰਮ ਸਿੱਖਣ ਦਾ' ਇੱਕ ਸਮੌਝਤਾ ਵੀ ਕਰ ਲਿਆ ਗਿਆ ਹੈ। ਇਸ ਦੇ ਕਾਰਨ ਬਹੁਤ ਸਪੱਸ਼ਟ ਹਨ ਕਿ ਸਾਡੇ ਦੇਸ਼ 'ਚ 9.6 ਲੱਖ ਕਰੋੜ ਰੁਪਏ ਦਾ ਗੈਰ ਕਾਨੂੰਨੀ ਸੱਟਾ ਬਜਾਰ ਸਰਗਰਮ ਹੈ। ਇਸ ਨੂੰ ਰੋਕਣ ਦੀ ਥਾਂ ਇਸ ਨੂੰ ਕਾਨੂੰਨੀ ਬਣਾਉਣ ਦਾ ਕੰਮ ਆਰੰਭ ਕਰ ਦਿੱਤਾ ਹੈ।
ਸਰਕਾਰ ਵਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਅਜਿਹੇ ਸੂਖਮ ਵਿਸ਼ੇ 'ਤੇ ਕੰਮ ਕਰਦਿਆਂ ਪੈਣ ਵਾਲੇ ਅਸਰਾਂ ਬਾਰੇ ਉਹ ਭਲੀ ਭਾਂਤ ਵਾਕਫ ਹਨ ਪਰ ਜਦੋਂ ਹਾਕਮਾਂ ਨੇ ਦੇਸ਼ 'ਚ ਖੇਡਾਂ ਨੂੰ ਪ੍ਰਫੁਲੱਤ ਕਰਨ ਲਈ 'ਖ਼ੇਡਾਂ' ਖੇਡ ਕੇ ਹੀ ਪੈਸੇ ਇੱਕਠੇ ਕਰਨ ਦਾ ਮਨ ਬਣਾ ਲਿਆ ਹੋਵੇ ਤਾਂ ਖ਼ੇਡਾਂ ਦਾ ਅਸਲੀ ਭਵਿੱਖ ਸਮਝਿਆ ਹੀ ਜਾ ਸਕਦਾ ਹੈ।
ਪੰਜਾਬ 'ਚ ਕਬੱਡੀ ਦੀ ਖੇਡ ਨੂੰ ਪ੍ਰਮੁੱਖਤਾ ਨਾਲ ਖੇਡਿਆ ਜਾਂਦਾ ਹੈ। ਪਿੰਡਾਂ 'ਚ ਹੋਣ ਵਾਲੇ ਟੂਰਨਾਮੈਂਟਾਂ 'ਚ ਖਿਡਾਰੀਆਂ 'ਤੇ ਪੈਸੇ ਲਗਾਏ ਜਾਂਦੇ ਹਨ। ਹਰੇਕ ਕਬੱਡੀ 'ਤੇ ਪੈਸੇ ਲਗਾਏ ਜਾਂਦੇ ਹਨ ਅਤੇ ਫਿਰ ਚੰਗੇ ਖਿਡਾਰੀਆਂ ਨੂੰ ਵਿਦੇਸ਼ ਬੁਲਾਉਣ ਵੇਲੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਇੱਕਮੱਤ ਫੈਸਲੇ ਨਹੀਂ ਕੀਤੇ ਜਾਂਦੇ ਕਿਉਂਕਿ ਕਬੱਡੀ ਪ੍ਰਮੋਟਰਾਂ ਦੇ ਇਸ 'ਚ ਪੈਸੇ ਲੱਗੇ ਹੁੰਦੇ ਹਨ। ਇਸ ਦਾ ਹੀ ਸਿੱਟਾ ਹੈ ਕਿ ਕਬੱਡੀ ਦਾ ਭਵਿੱਖ ਸੁਹਾਵਣਾ ਦਿਖਾਈ ਨਹੀਂ ਦੇ ਰਿਹਾ। ਪ੍ਰਮੋਟਰ ਪੰਜਾਬ ਸਟਾਈਲ ਕਬੱਡੀ ਲਈ ਪੈਸੇ ਲਗਾ ਰਹੇ ਹਨ ਅਤੇ ਏਸ਼ੀਅਨ ਖੇਡਾਂ 'ਚ ਜੇ ਕਿਤੇ ਮਾੜੀ ਮੋਟੀ ਕਬੱਡੀ ਨੂੰ ਮਾਨਤਾ ਮਿਲੀ ਸੀ ਤਾਂ ਉਹ ਨੈਸ਼ਨਲ ਸਟਾਈਲ ਨੂੰ ਹੀ ਮਿਲੀ ਸੀ। ਪੈਸਿਆਂ ਦੀ ਕਾਣੀ ਵੰਡ ਕਾਰਨ ਕੁੱਝ ਲੋਕਾਂ ਦੀ ਨਜ਼ਰ 'ਚ ਕਬੱਡੀ ਕੱਖਾਂ ਤੋਂ ਲੱਖਾਂ ਦੀ ਬਣ ਗਈ ਅਤੇ ਕੁੱਝ ਲੋਕਾਂ ਦੀ ਨਜ਼ਰ 'ਚ ਕਬੱਡੀ ਲੱਖਾਂ ਦੀ ਹੋਣ ਦੇ ਬਾਵਜੂਦ ਕੱਖਾਂ ਦੇ ਭਾਅ ਰੁਲਣ ਲੱਗ ਪਈ। ਕ੍ਰਿਕਟ 'ਚ ਵੀ ਅਜਿਹਾ ਹੀ ਕੁੱਝ ਹੋ ਰਿਹਾ ਹੈ, ਇਸ 'ਚ ਕੁੱਝ ਖਿਡਾਰੀ ਵੀ ਸੱਟੇਬਾਜ਼ੀ ਦੇ 'ਧੰਦੇ' 'ਚ ਸ਼ਾਮਲ ਰਹੇ ਹਨ। ਹੁਣ ਵੀ ਇਸ 'ਤੇ ਬਹਿਸ ਜਾਰੀ ਹੈ ਕਿ ਸੱਟੇਬਾਜ਼ੀ ਨੂੰ ਮਾਨਤਾ ਮਿਲਣੀ ਚਾਹੀਦੀ ਹੈ ਕਿ ਨਹੀਂ। ਮਾਨਸਿਕ ਰੂਪ 'ਚ ਖੇਡੀਆਂ ਜਾਣ ਵਾਲੀਆਂ ਇਹ ਖੇਡਾਂ, ਸਰੀਰਕ ਰੂਪ 'ਚ ਖੇਡੀਆਂ ਜਾਣ ਵਾਲੀਆਂ ਖੇਡਾਂ 'ਤੇ ਲਾਜ਼ਮੀ ਤੌਰ 'ਤੇ ਭਾਰੂ ਪੈਣਗੀਆਂ। ਦੇਸ਼ ਦੀ ਜਵਾਨੀ ਦਾ ਭਵਿੱਖ ਖੇਡਾਂ 'ਚ ਪਹਿਲਾਂ ਹੀ ਬਹੁਤ ਵਧੀਆ ਨਹੀਂ ਹੈ ਅਤੇ ਜਦੋਂ ਇਸ 'ਚ ਪੈਸੇ ਵਾਲੇ ਲੋਕ ਸੱਟੇਬਾਜ਼ੀ ਦੇ ਨਾਂਅ ਹੇਠ ਆਪਣੀ ਮਰਜ਼ੀ ਦੇ ਮੁਤਾਬਿਕ ਖਿਡਾਰੀਆਂ ਨੂੰ 'ਹਦਾਇਤਾਂ' ਜਾਰੀ ਕਰਨਗੇ ਤਾਂ ਇਖਲਾਕੀ ਤੌਰ 'ਤੇ ਖੇਡਾਂ ਦੀ ਹਾਰ ਹੀ ਹੋਏਗੀ। ਦੇਸ਼ ਦੇ ਹਾਕਮਾਂ ਨੂੰ ਸੱਟੇਬਾਜ਼ੀ ਤੋਂ ਧਿਆਨ ਹਟਾ ਕੇ ਖੇਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਅਤੇ ਪ੍ਰਾਇਮਰੀ ਪੱਧਰ ਤੋਂ ਹੀ ਖੇਡਾਂ ਲਈ ਸੁਖਾਵਾਂ ਮਾਹੌਲ ਤਿਆਰ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।                  
- ਸਰਬਜੀਤ ਗਿੱਲ

No comments:

Post a Comment