Saturday 5 August 2017

ਸਥਾਨਕ ਘੋਲਾਂ ਦੀ ਮਹੱਤਤਾ ਅਤੇ ਸੰਘਰਸ਼ ਦਾ ਦਰੁਸਤ ਤਰੀਕਾ

ਮੰਗਤ ਰਾਮ ਪਾਸਲਾ 
ਇਨਕਲਾਬੀ ਜਨਤਕ ਲਹਿਰ ਉਸਾਰਨ ਲਈ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ ਦੀ ਤਸੱਲੀਬਖਸ਼ ਜਾਣਕਾਰੀ, ਦਰੁਸਤ ਰਾਜਨੀਤਕ ਸੇਧ ਅਤੇ ਜਨਤਕ ਲਹਿਰ ਉਸਾਰਨ ਲਈ ਢੁਕਵੇਂ ਦਾਅਪੇਚ ਲਾਗੂ ਕਰਨ ਦੀ ਮੁਹਾਰਤ ਅਤੀ ਜਰੂਰੀ ਬੁਨਿਆਦੀ ਲੋੜਾਂ ਹਨ । ਬਿਨਾਂ ਸ਼ੱਕ ਸਮੁੱਚੀ ਕਮਿਊਨਿਸਟ ਲਹਿਰ ਨੇ ਇਸ ਦਿਸ਼ਾ ਵਿਚ ਕਾਫੀ ਕੰਮ ਕੀਤਾ ਹੈ ਤੇ ਅਨੇਕਾਂ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ। ਪ੍ਰੰਤੂ ਇਸ ਸਭ ਕੁੱਝ ਦੇ ਬਾਵਜੂਦ ਅਜੇ ਦੇਸ਼ ਦੇ ਵੱਡੇ ਭਾਗਾਂ ਵਿਚ ਅਸਰਦਾਇਕ ਢੰਗ ਨਾਲ ਵਿਸ਼ਾਲ ਲੋਕ ਘੋਲ ਉਸਾਰ ਕੇ ਕਮਿਊਨਿਸਟ ਲਹਿਰ ਨੂੰ ਮਜ਼ਬੂਤ ਕਰਨ ਹਿੱਤ ਬਹੁਤ ਕੁੱਝ ਕਰਨਾ ਬਾਕੀ ਹੈ। ਜੇਕਰ ਅਸੀਂ ਹਕੀਕੀ ਇਨਕਲਾਬੀ ਜਨਤਕ ਲਹਿਰ ਖੜ੍ਹੀ ਕਰਨ ਹਿੱਤ ਆਪਣੇ ਅਤੀਤ ਦੀਆਂ ਕਮਜ਼ੋਰੀਆਂ ਤੇ ਗਲਤ ਸਮਝਾਂ ਉਪਰ ਕਾਬੂ ਨਾ ਪਾਇਆ, ਤਦ ਦੇਸ਼ ਦੀ ਮੌਜੂਦਾ ਚਿੰਤਾਜਨਕ ਹਾਲਤ ਵਿਚ ਖੱਬੀ ਲਹਿਰ ਨੂੰ ਵੱਡੀਆਂ ਚੁਣੌਤੀਆਂ ਤੇ ਖਤਰੇ ਮਿਲਣ ਦੀਆਂ ਸੰਭਾਵਨਾ ਮੂੰਹ ਅੱਡੀ ਖੜ੍ਹੀਆਂ ਹਨ, ਜਿਨ੍ਹਾਂ ਦਾ ਮੁਕਾਬਲਾ ਕਰਨਾ ਜੇਕਰ ਅਸੰਭਵ ਤਾਂ ਨਹੀਂ ਪ੍ਰੰਤੂ ਅਤਿਅੰਤ ਮੁਸ਼ਕਿਲ ਜ਼ਰੂਰ ਹੈ। ਹਾਕਮ ਜਮਾਤਾਂ ਦੀਆਂ ਮੌਜੂਦਾ ਸਰਕਾਰਾਂ ਦੀਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਸਦਕਾ ਭਾਰਤ ਦੇ ਮਿਹਨਤੀ ਲੋਕਾਂ ਲਈ ਰੋਟੀ, ਰੋਜ਼ੀ, ਮਕਾਨ, ਵਿਦਿਆ, ਸਿਹਤ ਸੇਵਾਵਾਂ ਵਰਗੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਹੋਣ ਦਾ ਸੁਪਨਾ ਅਸੰਭਵ ਬਣਦਾ ਜਾ ਰਿਹਾ ਹੈ। ਖੇਤੀਬਾੜੀ ਦਾ ਮੌਜੂਦਾ ਸੰਕਟ ਮਨੁੱਖੀ ਇਤਿਹਾਸ ਦਾ ਸਭ ਤੋਂ ਕਠਿਨ ਤੇ ਕੁਸੈਲਾ ਅਧਿਆਇ ਬਣ ਗਿਆ ਹੈ, ਜਿੱਥੇ ਅੱਜ ਤਕ 3 ਲੱਖ ਤੋਂ ਵਧੇਰੇ ਖੇਤ ਮਜ਼ਦੂਰਾਂ, ਬੇਜ਼ਮੀਨੇ ਤੇ ਗਰੀਬ ਕਿਸਾਨਾਂ ਨੇ ਕਰਜ਼ੇ ਦੇ ਭਾਰ ਹੇਠ ਦੱਬੇ ਹੋਣ ਕਾਰਨ ਖੁਦਕੁਸ਼ੀਆਂ ਕਰਨ ਨੂੰ ਤਰਜੀਹ ਦਿੱਤੀ ਹੈ। ਸਰਕਾਰਾਂ ਨੇ ਲੋਕਾਂ ਪ੍ਰਤੀ ਆਪਣੀਆਂ ਸਾਰੀਆਂ ਜ਼ਿਮੇਵਾਰੀਆਂ ਨੂੰ ਤਿਲਾਂਜਲੀ ਦੇ ਕੇ ਦੇਸੀ ਤੇ ਵਿਦੇਸ਼ੀ ਧਨਵਾਨਾਂ ਨੂੰ ਹਰ ਖੇਤਰ ਵਿਚ ਲੋਕਾਂ ਦੀ ਰੱਤ ਨਿਚੋੜਨ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਸੰਘਰਸ਼ਸ਼ੀਲ ਰਾਜਸੀ ਧਿਰਾਂ ਲਈ ਇਹ ਗੱਲ ਧੀਰਜ ਬਨ੍ਹਾਉਂਦੀ ਹੈ ਕਿ ਮੌਜੂਦਾ ਸਰਕਾਰਾਂ ਦੀ ਕਾਰਗੁਜਾਰੀ ਸਦਕਾ ਆਰਥਿਕ, ਸਮਾਜਿਕ ਤੇ ਰਾਜਨੀਤਕ ਤੌਰ 'ਤੇ ਪੀੜਤ ਲੋਕ ਆਪਣੀ ਗੁਲਾਮੀ ਦਾ ਅਹਿਸਾਸ ਕਰਕੇ ਆਵਾਜ਼ ਬੁਲੰਦ ਕਰਨ ਦੇ ਰਾਹ ਤੁਰੇ ਹਨ।
ਦਲਿਤਾਂ, ਅਰੌਤਾਂ ਤੇ ਗਰੀਬ ਮਜ਼ਦੂਰਾਂ ਤੇ ਕਿਸਾਨਾਂ ਵਲੋਂ ਅਪਣੇ ਉਪਰ ਹੋ ਰਹੇ ਜ਼ੁਲਮ ਦਾ ਅਹਿਸਾਸ ਹੋਣ ਕਰਕੇ ਵੱਖ ਵੱਖ ਢੰਗਾਂ ਨਾਲ ਸਰਕਾਰਾਂ ਦਾ ਵਿਰੋਧ ਦਰਜ ਕਰਾਇਆ ਜਾ ਰਿਹਾ ਹੈ।  ਲੋਕਾਂ ਦੇ ਇਸ ਵਿਰੋਧ ਨੂੰ ਜੇਕਰ ਅਸੀਂ ਵਿਆਪਕਤਾ, ਵਿਸ਼ਾਲਤਾ, ਨਿਰੰਤਰਤਾ ਤੇ ਤਿੱਖਪੁਣਾ ਪ੍ਰਦਾਨ ਕਰ ਸਕੀਏ ਤਾਂ ਅਜੋਕੀਆਂ ਸੰਕਟਮਈ ਹਾਲਤਾਂ ਵਿਚ ਵੀ ਇਕ ਵਿਸ਼ਾਲ ਇਨਕਲਾਬੀ ਲਹਿਰ ਦੇ ਉਸਰਨ ਦੀਆਂ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ।
ਸਥਾਨਕ ਪੱਧਰ ਦੇ ਘੋਲਾਂ ਵਿਚ ਜਨਸਮੂਹਾਂ ਦੀ ਵਧੇਰੇ ਸ਼ਮੂਲੀਅਤ ਨਾਲ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਦੇਸ਼ ਪੱਧਰ 'ਤੇ ਮਜ਼ਬੂਤ ਜਨਤਕ ਲਹਿਰ ਖੜ੍ਹੀ ਕਰਨ ਵਿਚ ਸਹਾਇਤਾ ਮਿਲਦੀ ਹੈ। ਲੋਕਾਂ ਦਾ ਵਿਸ਼ਾਲ ਸੰਘਰਸ਼ ਲਾਜ਼ਮੀ ਤੌਰ 'ਤੇ ਲੋਕ ਦੋਖੀ ਸਰਕਾਰਾਂ ਤੇ ਇਨ੍ਹਾਂ ਦੀਆਂ ਸਮੁੱਚੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਜੂਝਦਾ ਹੋਇਆ ਸਮਾਜਿਕ ਪਰਿਵਰਤਨ ਲਈ ਅੱਗੇ ਵਧੇਗਾ। ਇਸ ਲਈ ਹੇਠਲੀ ਪੱਧਰ ਦੇ ਜਨਸਮੂਹਾਂ ਨੂੰ ਜੋ ਰਾਜਸੀ ਤੌਰ 'ਤੇ ਅਜੇ ਘੱਟ ਚੇਤਨ ਹਨ, ਵਿਸ਼ਾਲ ਲਹਿਰ ਵਿਚ ਸ਼ਾਮਲ ਕਰਨ ਵਾਸਤੇ ਸਥਾਨਕ ਪੱਧਰ ਦੇ ਘੋਲ ਵਿੱਢਣੇ ਬਹੁਤ ਜ਼ਰੂਰੀ ਹਨ।
ਕਿਸੇ ਵੀ ਹਿੱਸੇ ਜਾਂ ਤਬਕੇ ਦੇ ਲੋਕਾਂ ਦੀ ਮਜ਼ਬੂਤ ਲਹਿਰ ਖੜ੍ਹੀ ਕਰਨ ਵਾਸਤੇ ਸਭ ਤੋਂ ਜਰੂਰੀ ਹੈ ਉਨ੍ਹਾਂ ਨਾਲ ਸਬੰਧਤ ਢੁਕਵੇਂ ਸਥਾਨਕ ਮੁੱਦਿਆਂ ਦੀ ਜਾਣਕਾਰੀ। ਜੇਕਰ ਸਾਨੂੰ ਘੋਲ ਵਿਚ ਕੁੱਦਣ ਵਾਲੇ ਜਨਸਮੂਹਾਂ ਦੀ ਵਿਸ਼ੇਸ਼ ਮੁਸ਼ਕਿਲ ਜਾਂ ਵਧੇਰੇ ਮੁਸ਼ਕਿਲਾਂ ਦਾ ਪੂਰਨ ਗਿਆਨ ਹੀ ਨਹੀਂ ਤੇ ਇਸ ਗਿਆਨ ਨੂੰ ਸਬੰਧਤ ਲੋਕਾਂ ਤੱਕ ਨਹੀਂ ਪਹੁੰਚਾਇਆ ਜਾਂਦਾ, ਤਦ ਸੰਭਾਵਿਤ ਸੰਘਰਸ਼ਾਂ ਵਿਚ ਉਨ੍ਹਾਂ ਦੀ ਵੱਡੇ ਪੈਮਾਨੇ ਉਪਰ ਸ਼ਮੂਲੀਅਤ ਨਹੀਂ ਹੋ ਸਕਦੀ। ਇਸ ਜਾਣਕਾਰੀ ਨੂੰ ਆਪ ਹਾਸਲ ਕਰਕੇ ਫਿਰ ਲਿਖਤੀ ਰੂਪ ਵਿਚ ਤੇ ਸੰਘਣੇ ਪ੍ਰਚਾਰ ਰਾਹੀਂ ਪੀੜਤ ਲੋਕਾਂ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ। ਇਸ ਕੰਮ ਲਈ ਕੁਝ ਆਗੂਆਂ ਤੇ ਕਾਰਕੁੰਨਾਂ ਦੇ ਸੁਕਐਡ ਬਣਾ ਕੇ ਇਕ ਯੋਜਨਾ ਤਹਿਤ ਲੋਕਾਂ ਤੱਕ ਪਹੁੰਚ ਕਰਨ ਦੇ ਨਵੇਂ-ਨਵੇਂ ਉਪਾਅ ਤਲਾਸ਼ਣੇ ਹੋਣਗੇ।
ਲੋਕਾਂ ਦੀਆਂ ਸਥਾਨਕ ਮੰਗਾਂ ਜਾਂ ਮੁਸ਼ਕਿਲਾਂ ਉਪਰ ਲਾਮਬੰਦੀ ਕਰਨ ਸਮੇਂ ਬਹੁਤੀ ਵਾਰ ਗਿਣਵੇਂ-ਚੁਣਵੇਂ ਵਿਅਕਤੀਆਂ ਤੇ ਉਨ੍ਹਾਂ ਨਾਲ ਨਿੱਜੀ ਸੰਪਰਕ ਵਾਲੇ ਲੋਕਾਂ ਤੱਕ ਹੀ ਸੀਮਤ ਰਹਿਣ ਦੀ ਇਕ ਬਹੁਤ ਹੀ ਦੋਸ਼ ਪੂਰਨ ਸਮਝਦਾਰੀ ਬਣੀ ਹੋਈ ਹੈ। ਪਿੰਡ/ਮੁਹੱਲੇ/ਕਸਬੇ ਦੇ ਆਮ ਲੋਕਾਂ ਨੂੰ ਨਾ ਤਾਂ ਪ੍ਰਸਤਾਵਿਤ ਐਕਸ਼ਨ ਦੀ ਜਾਣਕਾਰੀ ਹੁੰਦੀ ਹੈ ਤੇ ਨਾ ਹੀ ਉਸ ਸੰਘਰਸ਼ ਨੂੰ ਵਿੱਢਣ ਵਾਲੇ ਲੋਕਾਂ ਜਾਂ ਜਨਤਕ ਜਥੇਬੰਦੀਆਂ ਪ੍ਰਤੀ ਕੋਈ ਹਮਦਰਦੀ ਜਾਂ ਲਗਾਅ। ਇਸ ਲਈ ਇਹ ਐਜੀਟੇਸ਼ਨ ਦਾ ਇਕ ਮੁਢਲਾ ਅਸੂਲ ਬਣਾ ਲਿਆ ਜਾਣਾ ਚਾਹੀਦਾ ਹੈ ਕਿ ਜਦੋਂ ਕਿਸੇ ਮੁੱਦੇ ਉਪਰ ਕੋਈ ਵਿਸ਼ੇਸ਼ ਜਨਤਕ ਇਕੱਠ ਕੀਤਾ ਜਾਂਦਾ ਹੈ ਤਾਂ ਲਿਖਤੀ ਦੋ ਵਰਕੀ ਰਾਹੀਂ ਤੇ ਕੁਝ ਦਿਨ ਸਪੀਕਰ ਨਾਲ ਮੁਨਿਆਦੀ ਤੇ ਝੰਡਾ ਮਾਰਚ ਕਰਕੇ ਆਮ ਲੋਕਾਂ ਨੂੰ ਇਸ ਸੰਘਰਸ਼ ਦੇ ਮੁੱਦਿਆਂ ਤੇ ਤਜਵੀਜਤ ਐਕਸ਼ਨ ਦੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਪ੍ਰਚਾਰ ਕਾਰਜ ਨੂੰ ਵਿੱਢੇ ਜਾਣ ਵਾਲੇ ਘੋਲ ਦੀ ਸਾਹ ਰਗ ਸਮਝਿਆ ਜਾਣਾ ਚਾਹੀਦਾ ਹੈ। ਇਸ ਪ੍ਰਚਾਰ ਰਾਹੀਂ ਯਕੀਨਨ ਤੌਰ 'ਤੇ ਕੁੱਝ ਨਵੇਂ ਸਧਾਰਣ ਲੋਕ ਤਜਵੀਜਤ ਪ੍ਰਸਤਾਵਿਤ ਐਕਸ਼ਨ ਵਿਚ ਸ਼ਮੂਲੀਅਤ ਕਰਨਗੇ। ਘੱਟੋ-ਘੱਟ ਵੱਸੋਂ ਦੇ ਵੱਡੇ ਹਿੱਸੇ ਨੂੰ ਇਸ ਐਕਸ਼ਨ ਤੇ ਸਬੰਧਤ ਮੰਗਾਂ ਦੀ ਜਾਣਕਾਰੀ ਤਾਂ ਜ਼ਰੂਰੀ ਮਿੱਲ ਜਾਵੇਗੀ, ਭਾਵੇਂ ਉਹ ਆਪ ਸਰੀਰਕ ਤੌਰ 'ਤੇ ਇਸ ਵਿਚ ਸ਼ਾਮਿਲ ਨਹੀਂ ਵੀ ਹੋਏ। ਇਹ ਸਮਝਦਾਰੀ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਜਿੰਨੀ ਵਿਸ਼ਾਲ ਜਨਤਕ ਲਾਮਬੰਦੀ ਹੋਵੇਗੀ, ਓਨੀਆਂ ਹੀ ਘੋਲ ਦੇ ਸਫਲ ਹੋਣ ਦੀਆਂ ਸੰਭਾਵਨਾਵਾਂ ਵਧੇਰੇ ਬਣਨਗੀਆਂ। ਚੰਦ ਲੋਕਾਂ ਦੀ ਸ਼ਮੂਲੀਅਤ ਨਾਲ ਘੋਲ ਜਿੱਤਣ ਦੀ ਮਨਸ਼ਾ ਨੂੰ ਖੱਬਾ ਕੁਰਾਹਾ ਹੀ ਕਿਹਾ ਜਾ ਸਕਦਾ ਹੈ। ਜੇਕਰ ਇਸ ਢੰਗ ਨਾਲ ਕੋਈ ਪ੍ਰਾਪਤੀ ਹੋ ਵੀ ਜਾਂਦੀ ਹੈ ਤੇ ਸੰਬੰਧਤ ਲੋਕਾਈ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ, ਤਦ ਉਸ ਜਿੱਤ ਨੂੰ ਸਿਰਫ ਆਪਣੇ ਮਨ ਦੀ ਤਸੱਲੀ ਹੀ ਸਮਝਿਆ ਜਾਣਾ ਚਾਹੀਦਾ ਹੈ, ਜਿਸਦਾ ਜਨਤਕ ਇਨਕਲਾਬੀ ਲਹਿਰ ਉਸਾਰਨ ਨਾਲ ਕੋਈ ਰਿਸ਼ਤਾ ਨਹੀਂ ਹੈ।
ਘੋਲ ਨੂੰ ਚਲਾਉਣ ਲਈ ਸੰਕੀਰਨਤਾ ਨੂੰ ਤਿਆਗ ਕੇ ਇਸਨੂੰ ਵਿਸ਼ਾਲ ਆਧਾਰ ਪ੍ਰਦਾਨ ਕਰਨ ਦਾ ਉਪਰਾਲਾ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ। ਵੱਖ-ਵੱਖ ਰਾਜਸੀ ਵਿਚਾਰਾਂ, ਧਾਰਮਿਕ ਅਕੀਦਿਆਂ, ਅਲੱਗ-ਅਲੱਗ ਰਾਜਨੀਤਕ ਪਾਰਟੀਆਂ ਨਾਲ ਜੁੜੇ ਆਮ ਲੋਕਾਂ ਉਪਰ ਆਧਾਰਤ ਵਿਸ਼ਾਲ ਅਧਾਰ ਵਾਲੀਆਂ ਸਾਂਝੀਆਂ ਕਮੇਟੀਆਂ ਘੋਲ ਚਲਾਉਣ ਵਿਚ ਬਹੁਤ ਮਦਦਗਾਰ ਸਾਬਤ ਹੋ ਸਕਦੀਆਂ ਹਨ। ਹਰ ਫੈਸਲਾ ਇਸ ਕਮੇਟੀ ਰਾਹੀਂ ਕਰਨ ਨਾਲ ਆਮ ਲੋਕਾਂ ਦਾ ਭਰੋਸਾ ਵੀ ਜਿੱਤਿਆ ਜਾਂਦਾ ਹੈ ਤੇ ਘੋਲ ਵਿਚ ਉਨ੍ਹਾਂ ਦੀ ਭਾਗੀਦਾਰੀ ਵੀ ਵੱਧਦੀ ਹੈ।
ਕਦੀ ਵੀ ਲੋਕਾਂ ਦੀ ਸ਼ਮੂਲੀਅਤ ਤੇ ਚੇਤਨਾ ਦੀ ਪੱਧਰ ਦਾ ਧਿਆਨ ਕੀਤੇ ਬਿਨਾਂ ਖਾੜਕੂ (ਮਾਅਰਕੇਬਾਜ਼) ਐਕਸ਼ਨ ਨਹੀਂ ਕਰਨਾ ਚਾਹੀਦਾ। ਜਿੱਤ ਲਈ ਤਾਕਤਾਂ ਦੇ ਤੋਲ ਦਾ ਨਰੀਖਣ ਕਰਨਾ ਹੋਵੇਗਾ। ਅੰਤਰਮੁਖੀ ਤੇ ਬਾਹਰਮੁਖੀ ਹਕੀਕਤਾਂ ਨੂੰ ਧਿਆਨ ਵਿਚ ਰੱਖੇ ਬਿਨਾਂ ਕੋਈ ਵੀ ਘੋਲ ਆਪਣੇ ਨਿਸ਼ਾਨੇ ਤੱਕ ਨਹੀਂ ਪੁੱਜ ਸਕਦਾ। ਸਭ ਤੋਂ ਵੱਧ ਪੱਲੇ ਬੰਨ੍ਹਣ ਵਾਲੀ ਗੱਲ ਇਹ ਹੈ ਕਿ ਕਾਰਗਰ ਤੇ ਭਰੋਸੇਯੋਗ ਹਥਿਆਰ 'ਲੋਕ' ਹਨ, ਸਿਰਫ ਲੋਕ, ਲੋਕ, ਲੋਕ..... ਤੇ ਲੋਕ। ਸੰਘਰਸ਼ ਦੌਰਾਨ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਵੀਰ ਰਸ ਵਾਲਾ ਸਭਿਆਚਾਰ ਤੇ ਹੋਰ ਵੱਖ-ਵੱਖ ਤਰੀਕਿਆਂ ਦੇ ਫੌਰੀ ਜਨਤਕ ਐਕਸ਼ਨਾਂ ਰਾਹੀਂ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਦਾ ਸਿਲਸਿਲਾ ਜਾਰੀ ਰੱਖਣਾ ਹੋਵੇਗਾ। ਸਰਕਾਰੀ ਏਜੰਟਾਂ ਤੇ ਦੁਸ਼ਮਣ ਧਿਰਾਂ ਵਲੋਂ ਯੋਜਨਾਬੱਧ ਢੰਗ ਨਾਲ ਕਈ ਕਾਰਵਾਈਆਂ ਜਨਸਮੂਹਾਂ ਵਿਚ ਉਤੇਜਨਾ ਤੇ ਭੜਕਾਹਟ ਪੈਦਾ ਕਰਨ ਲਈ ਕਰਾਈਆਂ ਜਾਂਦੀਆਂ ਹਨ। ਅਜਿਹੀਆਂ ਕਾਰਵਾਈਆਂ ਕਰਨ ਵਾਲੇ ਤੱਤਾਂ ਬਾਰੇ ਲੋਕਾਂ ਨੂੰ ਲਗਾਤਾਰ ਸੁਚੇਤ ਕਰਦੇ ਰਹਿਣਾ ਹੋਵੇਗਾ। ਘੋਲ ਲੰਬਾ ਹੋਣ ਦੀ ਹਾਲਤ ਵਿਚ ਕੁਝ ਲੋਕ ਨਿਰਾਸ਼ਤਾ ਵਿਚੋਂ ਮਾਅਰਕੇਬਾਜ਼ ਐਕਸ਼ਨ ਦੀ ਵਕਾਲਤ ਕਰਨ ਲੱਗ ਪੈਂਦੇ ਹਨ। ਉਨ੍ਹਾਂ ਨੂੰ ਦੁਸ਼ਮਣ ਨਹੀਂ ਸਮਝਣਾ ਚਾਹੀਦਾ ਬਲਕਿ ਧੀਰਜ ਨਾਲ ਘੋਲ ਦੀ ਮਹਾਨਤਾ ਤੇ ਦਰੁਸਤ ਦਾਅਪੇਚਾਂ ਦੀ ਜਾਣਕਾਰੀ ਦੇ ਕੇ ਕਾਇਲ ਕਰਨਾ ਹੋਵੇਗਾ।
ਜੇਕਰ ਸੰਘਰਸ਼ ਠੀਕ ਲੀਹਾਂ ਉਪਰ ਚਲ ਰਿਹਾ ਹੈ ਤਾਂ ਧਨ, ਲੰਗਰ, ਵਲੰਟੀਅਰ ਤੇ ਹੋਰ ਕਿਸੇ ਚੀਜ਼ ਦੀ ਵੀ ਕੋਈ ਕਮੀ ਨਹੀਂ ਰਹਿੰਦੀ। ਪ੍ਰੰਤੂ ਇਸ ਗੱਲ ਦਾ ਧਿਆਨ ਰੱਖਣਾ ਲਾਜ਼ਮੀ ਹੈ ਕਿ ਹਰ ਚੀਜ਼ ਭਾਵ ਆਮਦਨ ਤੇ ਖਰਚ ਦਾ ਪੂਰਾ ਪੂਰਾ ਹਿਸਾਬ ਰੱਖਿਆ ਜਾਵੇ ਤੇ ਆਮ ਲੋਕਾਂ ਨੂੰ ਨਿਰੰਤਰ ਇਸਦੀ ਜਾਣਕਾਰੀ ਦਿੱਤੀ ਜਾਂਦੀ ਰਹੇ। ਸੰਘਰਸ਼ਾਂ ਦੇ ਲੰਮੇਰਾ ਹੋਣ ਨਾਲ ਆਮ ਲੋਕਾਂ, ਖਾਸਕਰ ਔਰਤਾਂ ਦੀ ਸ਼ਮੂਲੀਅਤ ਘਟ ਸਕਦੀ ਹੈ। ਕਈ ਵਾਰ ਘੋਲ ਦੇ ਜਥੇਬੰਦਕਾਂ ਵਲੋਂ ਵੀ ਇਸ ਪੱਖ ਤੋਂ ਘੱਟ ਧਿਆਨ ਦਿੱਤਾ ਜਾਂਦਾ ਹੈ। ਪ੍ਰੰਤੂ ਹਕੀਕਤ ਇਹ ਹੈ ਕਿ ਅਜੋਕੀਆਂ ਪ੍ਰਸਥਿਤੀਆਂ ਵਿਚ ਹੱਕੀ ਸੰਘਰਸ਼ਾਂ ਵਿਚ ਔਰਤਾਂ ਦੀ ਗਿਣਤੀ ਫੈਸਲਾਕੁੰਨ ਬਣ ਸਕਦੀ ਹੈ, ਕਿਉਂਕਿ ਉਹ ਸਮਾਜ ਵਿਚ ਲਗਾਤਾਰ ਜ਼ਿਆਦਤੀਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਦੀਆਂ ਆ ਰਹੀਆਂ ਹਨ ਤੇ ਪਿਛਲੇ ਸਮਿਆਂ ਵਿਚ ਔਰਤਾਂ ਅੰਦਰ ਆਪਣੇ ਅਧਿਕਾਰਾਂ ਪ੍ਰਤੀ ਵਧੇਰੇ ਚੇਤਨਤਾ ਤੇ ਉਮੰਗ ਜਾਗੀ ਹੈ। ਅਜਿਹੇ ਸੰਘਰਸ਼ਾਂ ਵਿਚ ਨੌਜਵਾਨਾਂ ਦੀ ਵੱਧ ਤੋਂ ਵੱਧ ਗਿਣਤੀ ਵਿਚ ਭਾਗੀਦਾਰੀ ਨੂੰ ਵੀ ਯਕੀਨੀ ਬਣਾਉਣ ਦੀ  ਜ਼ਰੂਰਤ ਹੈ।
ਸੰਘਰਸ਼ਾਂ ਨੂੰ ਜਿੱਤ ਵਿਚ ਬਦਲਣ ਦੀ ਸਮਾਂ ਸੀਮਾ ਅਸੀਂ ਤੈਅ ਨਹੀਂ ਕਰ ਸਕਦੇ। ਇਹ ਮੁੱਖ ਰੂਪ ਵਿਚ ਦੂਸਰੀ ਧਿਰ  ਭਾਵ ਸਰਕਾਰ/ਵਿਰੋਧੀ ਧਿਰ ਦੇ ਵਿਵਹਾਰ ਤੇ ਸੰਘਰਸ਼ਸ਼ੀਲ ਲੋਕਾਂ ਦੀ ਸ਼ਕਤੀ 'ਤੇ ਨਿਰਭਰ ਕਰਦਾ ਹੈ। ਇਸ ਲਈ ਸੰਘਰਸ਼ਾਂ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਨੂੰ ਵਧੇਰੇ ਠਰ੍ਹੰਮੇ, ਹੌਸਲੇ ਤੇ ਸਿਆਣਪ ਤੋਂ ਕੰਮ ਲੈਣਾ ਪਏਗਾ। ਸੰਘਰਸ਼ ਦੇ ਦੌਰਾਨ ਪੂਰਨ ਵਿਚਾਰ ਵਟਾਂਦਰੇ ਤੋਂ ਬਾਅਦ ਕੋਈ ਖਾੜਕੂ ਐਕਸ਼ਨ ਵੀ ਜਥੇਬੰਦ ਕੀਤਾ ਜਾ ਸਕਦਾ ਹੈ ਤੇ ਵੱਖ-ਵੱਖ ਢੰਗਾਂ ਰਾਹੀਂ ਸੰਘਰਸ਼ ਦੀ ਦਿਸ਼ਾ ਵੀ ਬਦਲੀ ਜਾ ਸਕਦੀ ਹੈ। ਪ੍ਰੰਤੂ ਇਸ ਤਰ੍ਹਾਂ ਦੇ ਇੱਕਾ  ਦੁੱਕਾ ਖਾੜਕੂ ਐਕਸ਼ਨ ਹਰ ਸਮੇਂ ਸੰਘਰਸ਼ ਦੀ ਮੂਲ ਸੇਧ ਨਹੀਂ ਬਣ ਸਕਦੇ। ਸੰਘਰਸ਼ ਦੌਰਾਨ ਪੁਲਸ ਜਬਰ, ਝੂਠੇ ਕੇਸਾਂ ਤੇ ਹੋਰ ਹਰ ਤਰ੍ਹਾਂ ਦੀਆਂ ਜ਼ਿਆਦਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਗੂ ਸਾਥੀਆਂ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਦ੍ਰਿੜਤਾ, ਦਲੇਰੀ ਤੇ ਆਪਾਵਾਰੂ ਭਾਵਨਾ ਨਾਲ ਸਾਹਮਣਾ ਕਰਨ ਲਈ ਆਪ ਇਕ 'ਮਿਸਾਲ' ਦੇ ਤੌਰ 'ਤੇ ਪੇਸ਼ ਹੋਣਾ ਹੋਵੇਗਾ। ਜੇਕਰ ਚੰਗਾ ਕੰਮ ਕਰਦਿਆਂ ਕੋਈ ਤਕਲੀਫ ਹੀ ਨਹੀਂ ਹੁੰਦੀ ਤਾਂ ਸਮਝੋ ਉਹ ਕੰਮ 'ਚੰਗਾ' ਹੈ ਹੀ ਨਹੀਂ। ਇਸ ਸਮਝ ਨੂੰ ਹਰ ਸਮੇਂ ਜ਼ਿਹਨ ਵਿਚ ਰੱਖਣਾ ਹੋਵੇਗਾ।
ਅੰਤਮ ਰੂਪ ਵਿਚ ਇਮਾਨਦਾਰੀ ਤੇ ਦ੍ਰਿੜਤਾ ਨਾਲ ਲੜੇ ਸੰਘਰਸ਼ ਸਦਕਾ ਆਮ ਲੋਕਾਂ ਦਾ ਘੋਲਾਂ ਦੀਆਂ ਮੋਹਰੀ ਜਥੇਬੰਦੀਆਂ ਅਤੇ ਇਸਦੇ ਸੰਘਰਸ਼ਸ਼ੀਲ ਆਗੂਆਂ ਪ੍ਰਤੀ ਭਰੋਸਾ ਤੇ ਹੋਰ ਤਿੱਖੇ ਘੋਲ ਕਰਨ ਦੀ ਮਹਾਨਤਾ ਪ੍ਰਤੀ ਅਕੀਦਾ ਮਜ਼ਬੂਤ ਹੁੰਦਾ ਹੈ। ਇਹ ਗੱਲ ਵੀ ਧਿਆਨ ਗੋਚਰੇ ਰੱਖਣੀ ਹੋਵੇਗੀ ਕਿ ਸਮਾਜਿਕ ਤਬਦੀਲੀ ਪ੍ਰਤੀ ਪ੍ਰਤੀਬੱਧ ਧਿਰਾਂ ਦਾ ਕੰਮ ਸਥਾਨਕ ਸੰਘਰਸ਼ਾਂ ਤੇ ਜਿੱਤਾਂ ਹਾਸਲ ਕਰਨ ਨਾਲ ਹੀ ਖਤਮ ਨਹੀਂ ਹੋ ਜਾਂਦਾ। ਇਨ੍ਹਾਂ ਜਨ ਸਮੂਹਾਂ ਨੂੰ ਇਸ ਲੋਟੂ ਪ੍ਰਬੰਧ ਵਿਰੁੱਧ ਚਲ ਰਹੇ ਵੱਡੇ ਜਨਤਕ ਘੋਲ ਤੇ ਸਮੁੱਚੀ ਜਮਹੂਰੀ ਲਹਿਰ  ਦਾ ਅਟੁੱਟ ਅੰਗ ਬਣਾਉਣਾ ਹੋਵੇਗਾ। ਉਨ੍ਹਾਂ ਨੂੰੂ ਰਾਜਨੀਤਕ ਤੇ  ਵਿਗਿਆਨਕ ਵਿਚਾਰਧਾਰਕ ਚੇਤਨਾ ਨਾਲ ਲੈਸ ਕਰਨ ਨਾਲ ਹੀ ਇਹ ਕਾਰਜ ਸਿਰੇ ਚਾੜ੍ਹਿਆ ਜਾ ਸਕਦਾ ਹੈ। ਜਿੱਥੇ ਘੋਲ ਲੜਿਆ ਗਿਆ ਹੈ, ਉਥੋਂ ਦੇ ਲੋਕਾਂ ਨੂੰ ਵੱਖ-ਵੱਖ ਜਮਾਤੀ ਤੇ ਜਨਤਕ ਜਥੇਬੰਦੀਆਂ ਵਿਚ ਭਰਤੀ ਕਰਨ ਤੇ ਉਨ੍ਹਾਂ ਨੂੰ ਸਮਾਜਿਕ ਵਿਗਿਆਨ ਦੀ ਸਿੱਖਿਆ ਨਾਲ ਲੈਸ ਕਰਕੇ ਸਮਾਜਿਕ ਤਬਦੀਲੀ ਦੇ ਮਹਾਨ ਕਾਰਜ ਵਿਚ ਸਰਗਰਮ ਭਾਗੀਦਾਰ ਬਣਾਉਣ ਨਾਲ ਹੀ ਸਥਾਨਕ ਘੋਲਾਂ ਦੀ ਮਹੱਤਤਾ ਤੇ ਅੰਤਮ ਨਿਸ਼ਾਨੇ (ਲੁੱਟ-ਖਸੁੱਟ ਰਹਿਤ ਸਮਾਜ ਦੀ ਸਥਾਪਨਾ) ਨੂੰ ਉਜਾਗਰ ਕੀਤਾ ਜਾ ਸਕਦਾ ਹੈ। ਸਥਾਨਕ ਘੋਲ ਤੇ ਮੌਜੂਦਾ ਸਰਮਾਏਦਾਰੀ ਪ੍ਰਬੰਧ ਵਿਰੁੱਧ ਸੰਘਰਸ਼ ਇਕ ਦੂਸਰੇ ਦੇ ਪਰੀਪੂਰਕ ਹਨ, ਬਦਲ ਬਿਲਕੁਲ ਨਹੀਂ। ਇਹ ਇਕ ਦੂਸਰੇ ਦੇ ਮਦਦਗਾਰ ਹਨ। ਦੋਨਾਂ ਘੋਲ ਵੰਨਗੀਆਂ ਨੂੰ ਠੀਕ ਚੌਖਟੇ ਵਿਚ ਸਮਝਣ ਨਾਲ ਜਮਹੂਰੀ ਲਹਿਰ ਦਾ ਘੇਰਾ ਵਿਸ਼ਾਲ ਬਣਾਇਆ ਜਾ ਸਕਦਾ ਹੈ।

No comments:

Post a Comment