Saturday 5 August 2017

ਸਮਾਜਿਕ ਜਬਰ ਦੇ ਕੋਹੜ ਦਾ ਖਾਤਮਾ ਅਗਾਂਹਵਧੂ ਸ਼ਕਤੀਆਂ ਦੀ ਨਿਰੰਤਰ ਜੱਦੋ ਜਹਿਦ ਨਾਲ ਹੀ ਸੰਭਵ

ਮੰਗਤ ਰਾਮ ਪਾਸਲਾ 
ਜਿਉਂ-ਜਿਉਂ ਸਮਾਂ ਗੁਜ਼ਰਦਾ ਜਾਂਦਾ ਹੈ, ਮੋਦੀ ਸਰਕਾਰ ਦਾ ਅਸਲ ਫਿਰਕੂ ਫਾਸ਼ੀ ਚਿਹਰਾ ਉਘੜਦਾ ਜਾ ਰਿਹਾ ਹੈ। ਆਰ.ਐਸ.ਐਸ. ਤੇ ਸੰਘ ਪਰਿਵਾਰ ਦੇ ਆਗੂ ਧਰਮ ਅਧਾਰਤ ''ਹਿੰਦੂ ਰਾਸ਼ਟਰ'' ਦੀ ਕਾਇਮੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਧਾਰਮਿਕ ਘੱਟ ਗਿਣਤੀਆਂ, ਤਤਕਾਲੀ ਤੌਰ 'ਤੇ ਮੁਸਲਮਾਨ ਤੇ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਰਾਹ ਦਾ ਵੱਡਾ ਰੋੜਾ ਸਮਝਦੇ ਹਨ। ਜਿੰਨੀ ਜ਼ਿਆਦਾ ਨਫ਼ਰਤ ਇਨ੍ਹਾਂ ਦੋਨਾਂ ਫਿਰਕਿਆਂ ਖ਼ਿਲਾਫ ਫੈਲੇਗੀ ਤੇ ਸਮਾਜ ਦਾ ਫਿਰਕੂ ਲੀਹਾਂ ਉਪਰ ਧਰੁਵੀਕਰਨ ਹੋਵੇਗਾ, ਓਨੀ ਹੀ ਜਲਦੀ ਤੇ ਵੱਡੀ ਗਿਣਤੀ ਵਿਚ ਹਿੰਦੂ ਵਸੋਂ ''ਹਿੰਦੂ ਰਾਸ਼ਟਰ'' ਦੇ ਸੰਕਲਪ ਨਾਲ ਜੁੜਦੀ ਜਾਵੇਗੀ, ਇਸ ਤਰ੍ਹਾਂ ਸੋਚਦਾ ਹੈ ਆਰ.ਐਸ.ਐਸ। ਇਹ ਵੱਖਰੀ ਗੱਲ ਹੈ ਕਿ ਦੁਨੀਆਂ ਦਾ ਕੋਈ ਵੀ ਧਰਮ ਆਧਾਰਤ ਦੇਸ਼ ਮੰਤਕੀ ਤੌਰ 'ਤੇ ਉਸੇ ਧਰਮ ਨਾਲ ਸਬੰਧਤ ਜਨ ਸਧਾਰਨ ਲਈ ਅਣਕਿਆਸੀਆਂ ਮੁਸੀਬਤਾਂ ਦੇ ਪਹਾੜ ਖੜ੍ਹੇ ਕਰ ਦਿੰਦਾ ਹੈ। ਪ੍ਰੰਤੂ ਅਜੇ ਹਿੰਦੂ ਧਰਮ ਦੀ ਕਿਸੇ ਵੀ ਧਾਰਾ ਵਿਚ ਵਿਸ਼ਵਾਸ ਰੱਖਣ ਵਾਲਾ ਆਮ ਆਦਮੀ ਚੇਤਨਾ ਦੀ ਘਾਟ ਕਾਰਨ ਮੁਢਲੇ ਦੌਰ ਵਿਚ ਅਜਿਹਾ ਨਹੀਂ ਸੋਚਦਾ।
''ਹਿੰਦੂ ਰਾਸ਼ਟਰ'' ਦਾ ਮੂਲ ਸੰਕਲਪ ਕਿਸੇ ਵੀ ਹੋਰ ਧਰਮ ਆਧਾਰਤ ਰਾਸ਼ਟਰ ਵਾਂਗ ਲੁੱਟ ਖਸੁੱਟ ਵਾਲਾ ਭਾਵ ਅਮੀਰੀ ਤੇ ਗਰੀਬੀ ਦੇ ਭਾਰੀ ਫ਼ਰਕ ਉਪਰ ਆਧਾਰਤ ਸਮਾਜ ਹੈ, ਜਿਸ ਵਿਚ ਧਨੀ ਵਰਗਾਂ ਦੇ ਹੱਥਾਂ ਵਿਚ ਸੱਤਾ ਹੋਣ ਦੇ ਨਾਲ-ਨਾਲ ਉਚ ਜਾਤੀ ਲੋਕਾਂ ਦੇ ਝੂਠੇ ਜਾਤੀ ਅਭਿਮਾਨ ਨੂੰ ਪੱਠੇ ਪਾਉਣ ਵਾਲਾ 'ਮਨੂੰਵਾਦੀ' ਵਿਚਾਰਧਾਰਾ ਉਪਰ ਉਸਰਿਆ 'ਤਸੀਹਾ ਕੇਂਦਰ' ਮਿਹਨਤਕਸ਼ਾਂ ਉਪਰ ਜਬਰ ਤੇ ਜ਼ੁਲਮ ਦਾ ਕੁਹਾੜਾ ਚਲਾਉਣ ਤੋਂ ਸਿਵਾਏ ਹੋਰ ਕੁਝ ਦੇ ਹੀ ਨਹੀਂ ਸਕਦਾ। ਇਸ ਇਮਾਰਤ ਦੀਆਂ ਨੀਹਾਂ ਵਿਚ ਕਥਿਤ ਨੀਵੀਆਂ ਤੇ ਪੱਛੜੀਆਂ ਜਾਤਾਂ ਨਾਲ ਸਬੰਧਤ ਲੋਕਾਂ, ਖਾਸਕਰ ਪੀੜਤ ਦਲਿਤ ਭਾਈਚਾਰੇ ਦੀ ਰੱਤ ਦੀ ਵੀ ਵੱਡੀ ਲੋੜ ਹੈ। ਕਈ  ਸੰਘੀ ਨੇਤਾਵਾਂ ਨੇ ਦਲਿਤਾਂ ਨੂੰ ਰਾਖਵੇਂਕਰਨ ਦੀ ਮਿਲ ਰਹੀ ਨਿਗੂਣੀ ਜਿਹੀ ਸਹੂਲਤ ਨੂੰ ਖਤਮ ਕਰਨ ਤੇ ਡਾ.ਬੀ.ਆਰ. ਅੰਬੇਡਕਰ ਦੇ ਜਾਤੀ ਪਾਤੀ ਪ੍ਰਥਾ ਵਿਚ ਨਪੀੜੇ ਜਾ ਰਹੇ ਲੋਕਾਂ ਲਈ ਕੀਤੇ ਸੰਘਰਸ਼ ਉਪਰ ਵੀ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਹਨ। ਅਸਲ ਵਿਚ ਗਊ ਰੱਖਿਆ ਦੇ ਨਾਂਅ ਉਪਰ ਕੀਤੀ ਜਾ ਰਹੀ ਗੁੰਡਾਗਰਦੀ ਤੇ ਦੇਸ਼ ਦੇ ਪੁਰਾਤਨ ਮਨੂੰਵਾਦੀ ਅਸੂਲਾਂ ਉਪਰ ਟਿੱਕੇ ਹੋਏ ਜ਼ੁਲਮੀ ਰਾਜ ਪ੍ਰਬੰਧ ਦੀ ਪੁਨਰ ਸੁਰਜੀਤੀ ਲਈ ਆਰੰਭੀ ਮੁਹਿੰਮ ਦਲਿਤਾਂ, ਕਬਾਇਲੀਆਂ ਤੇ ਹੋਰ ਕਥਿਤ ਨੀਵੀਆਂ ਜਾਤੀਆਂ ਨਾਲ ਸਬੰਧਤ ਲੋਕਾਂ ਨੂੰ ਨੀਵਾਂ ਦਿਖਾਉਣ ਵੱਲ ਹੀ ਸੇਧਤ ਹੈ। ਦੇਸ਼ ਦੇ ਬਹੁਤ ਸਾਰੇ ਭਾਗਾਂ ਵਿਚ ਅੱਜ ਵੀ ਜੋ ਅਨਿਆਂਪੂਰਨ ਤੇ ਅਮਾਨਵੀ ਵਿਵਹਾਰ ਇਨ੍ਹਾਂ ਦੱਬੀਆਂ ਜਾਤੀਆਂ ਦੇ ਲੋਕਾਂ ਨਾਲ ਕੀਤਾ ਜਾ ਰਿਹਾ ਹੈ, ਉਸ ਦੇ ਸੂਤਰਧਾਰ ਵੀ ਵਿੰਗੇ ਟੇਢੇ ਢੰਗ ਨਾਲ ਸੰਘੀ ਵਿਚਾਰਧਾਰਾ ਤੋਂ ਪ੍ਰੇਰਤ ਅਨਸਰ ਹੀ ਹਨ।
ਪਿਛਲੇ ਦਿਨੀਂ ਲਖਨਊ ਵਿਚ ਵਾਪਰੇ ਇਕ ਅੱਤ ਦੇ ਵਿਤਕਰੇ ਭਰਪੂਰ ਤੇ ਗੈਰ ਜਮਹੂਰੀ ਕਾਰੇ ਵੱਲ ਨੂੰ ਵੱਡੇ ਹਿੱਸੇ ਦੇ ਮੀਡੀਏ ਤੇ ਸੰਵੇਦਨਸ਼ੀਲ ਵਿਅਕਤੀਆਂ ਦਾ ਲੋੜੀਂਦਾ ਧਿਆਨ ਨਾ ਖਿੱਚੇ ਜਾਣਾ ਤੇ ਇਸ ਨਿੰਦਾਜਨਕ ਘਟਨਾ ਦਾ ਕੋਈ ਦਿਸਣਯੋਗ ਵਿਰੋਧ ਨਾ ਹੋਣਾ, ਸਿੱਧ ਕਰਦਾ ਹੈ ਕਿ ਸਮਾਜਿਕ ਜਬਰ ਦੇ ਸਵਾਲ ਨੂੰ ਹੱਲ ਕਰਨਾ ਕਿੰਨਾ ਕਠਿਨ ਤੇ ਲੰਮੇਰਾ ਸਫਰ ਹੈ। ਲਖਨਊ ਸ਼ਹਿਰ ਵਿਚ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਯਾ ਨਾਥ ਦੀਆਂ ਹਦਾਇਤਾਂ 'ਤੇ ਸਰਕਾਰੀ ਅਫਸਰਾਂ ਵਲੋਂ ਕੁੱਝ ਦਿਨਾਂ ਬਾਅਦ ਦਲਿਤਾਂ ਦੀ ਮੁੱਖ ਮੰਤਰੀ ਨਾਲ ਆਯੋਜਤ ਮੀਟਿੰਗ ਸਮੇਂ 'ਸ਼ੈਂਪੂ ਤੇ ਸਾਬਣ'' ਨਾਲ ਇਸ਼ਨਾਨ ਕਰਕੇ ਆਉਣ ਦੀ ਕੀਤੀ ਹਦਾਇਤ (ਤਾਂ ਕਿ ਮੁੱਖ ਮੰਤਰੀ ਜੀ ਕਿਸੇ ਅਛੂਤ ਨੇੜੇ ਬੈਠ ਕੇ ਭਿੱਟੇ ਨਾ ਜਾਣ) ਦੇ ਵਿਰੋਧ ਤੇ ਹੋਰ ਸਮਾਜਿਕ ਜਬਰ ਦੇ ਮੁੱਦਿਆਂ ਬਾਰੇ ਹੋਣ ਵਾਲੇ ਸੈਮੀਨਾਰ ਦੀ ਤਿਆਰੀ ਦੇ ਸਬੰਧ ਵਿਚ ਸਰਕਾਰੀ ਪ੍ਰੈਸ ਕਲੱਬ ਵਿਚ ਹੋ ਰਹੀ ਮੀਟਿੰਗ ਵਿਚੋਂ 21 ਵਿਅਕਤੀਆਂ ਨੂੰ ਬਿਨਾਂ ਕਿਸੇ ਦੋਸ਼ ਦੇ ਪੁਲਸ ਨੇ ਜਬਰੀ ਗ੍ਰਿਫਤਾਰ ਕਰ ਲਿਆ। ਇਨ੍ਹਾਂ ਵਿਅਕਤੀਆਂ ਵਿਚ 2 ਸੇਵਾ ਮੁਕਤ ਆਈ.ਏ.ਐਸ. ਅਫਸਰ ਵੀ ਸ਼ਾਮਿਲ ਸਨ। ਦਲਿਤ ਸਮਾਜ ਦਾ ਇਸਤੋਂ ਵੱਡਾ ਅਪਮਾਨ ਭਗਵੇਂ ਕੱਪੜਿਆਂ ਵਾਲਾ ਯੋਗੀ ਸਾਹਿਬ ਹੋਰ ਕੀ ਕਰ ਸਕਦਾ ਹੈ? ਕੁੱਟਣਾ ਤੇ ਰੋਣ ਵੀ ਨਾ ਦੇਣਾ ਆਰ.ਐਸ.ਐਸ. ਦੀ ਫਿਰਕੂ ਫਾਸ਼ੀ ਸੋਚ ਦਾ ਮੂਲ ਮੰਤਰ ਹੈ। ਉਂਝ ਇਹ ਤਾਂ ਸੰਘ ਸਮਰਥਤ ਭਾਜਪਾ ਸਰਕਾਰਾਂ ਤੇ ਸੰਘ ਪਰਿਵਾਰ ਦੀਆਂ ਖੜ੍ਹੀਆਂ ਕੀਤੀਆਂ ਸ਼ਾਸਤਰਧਾਰੀ ਸੈਨਾਵਾਂ ਵਲੋਂ ਹਰ ਰੋਜ਼ ਦਲਿਤ ਭਾਈਚਾਰੇ ਤੇ ਦੂਸਰੀਆਂ ਕਥਿਤ ਅਛੂਤ ਜਾਤੀਆਂ ਨਾਲ ਸਬੰਧਤ ਲੋਕਾਂ ਵਿਰੁੱਧ ਬੇਪਰਦ ਹੋ ਰਿਹਾ ਜਬਰ ਫਿਲਮ ਦੇ ਟਰੇਲਰ ਵਾਂਗ ਹੀ ਹੈ। ਅਸਲੀ ਦਿਲ ਕੰਬਾਊ ਜ਼ੁਲਮਾਂ ਦੀ ਦਾਸਤਾਨ ਦਿਖਾਉਣ ਵਾਲੀ ਫਿਲਮ ਤਾਂ ਅਜੇ ਇਸ ਤੋਂ ਵੱਖਰੀ ਹੈ। ਕਿਤੇ ਵਿਆਹ ਮੌਕੇ ਖੁਸ਼ੀ ਨਾਲ ਘੋੜੀ ਚੜ੍ਹਨ ਦੇ 'ਦੋਸ਼' ਵਜੋਂ, ਕਦੇ ਖੇਤਾਂ ਵਿਚ ਬੱਕਰੀ ਵੜ੍ਹਨ ਦੀ ਸਜ਼ਾ ਪੱਖੋਂ, ਕਈ ਵਾਰ ਬੇਜ਼ਮੀਨੇ ਪਰਿਵਾਰ ਦੀ ਔਰਤ ਦਾ ਖੇਤਾਂ ਵਿਚ ਪਖਾਨਾ ਕਰਨ ਜਾਣ ਦੇ ਜ਼ੁਰਮ ਦੀ ਸਜ਼ਾ ਵਜੋਂ ਤੇ ਕਦੀ ਕਿਸੇ ਦਲਿਤ ਨੌਜਵਾਨ ਵਲੋਂ ਉਚ ਜਾਤੀ ਦੀ ਮੁਟਿਆਰ ਨਾਲ ਸ਼ਾਦੀ ਰਚਾਉਣ ਦੀ 'ਹਮਾਕਤ' ਦੇ ਨਤੀਜੇ ਵਜੋਂ ਜੋ ਦੁਰਵਿਵਹਾਰ ਤੇ ਹੱਤਕ ਇਨ੍ਹਾਂ ਧਰਤੀ ਪੁੱਤਰਾਂ, ਦਲਿਤਾਂ ਨੂੰ ਝੇਲਣੀ ਪੈਂਦੀ ਹੈ, ਉਸ ਨਾਲ ਸੰਘੀ ਮਾਨਸਿਕਤਾ ਵਾਲਿਆਂ ਤੋਂ ਬਿਨਾਂ ਹਰ ਵਿਵੇਕਸ਼ੀਲ ਵਿਅਕਤੀ ਕੁਰਲਾ ਉਠਦਾ ਹੈ। ਨਾਮ ਨਿਹਾਦ ਪੱਛੜੀਆਂ ਜਾਤੀਆਂ ਦੇ ਲੋਕਾਂ ਦੀ ਇਹ ਦੁਰਦਸ਼ਾ ਸਦੀਆਂ ਤੋਂ ਹੋ ਰਹੀ ਹੈ, ਜਿਸਨੇ ਮੋਦੀ ਰਾਜ ਵਿਚ ਹੋਰ ਤੇਜ਼ੀ ਫੜ ਲਈ ਹੈ।
ਇਹ ਸਥਿਤੀ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਰਾਜਸੀ ਪਾਰਟੀਆਂ ਦੇ ਸ਼ਾਸਨ ਕਾਲ ਦੌਰਾਨ ਤੇ ਮਨੂੰਵਾਦੀ ਸੋਚ ਵਾਲੇ ਤੱਤਾਂ ਦੇ ਰਵੱਈਏ ਤੋਂ ਆਪਣੇ ਆਪ ਬਦਲਣ ਦੀ ਆਸ ਕਰਨਾ ਨਿਰੀ ਮੂਰਖਤਾ ਹੋਵੇਗੀ। ਇਹ ਕੰਮ ਕਿਰਤੀ ਵਰਗ ਦੇ ਹਿੱਤਾਂ ਦੀ ਰਾਖੀ ਲਈ ਪ੍ਰਤੀਬੱਧ ਖੱਬੀਆਂ ਤੇ ਇਨਕਲਾਬੀ ਧਿਰਾਂ ਅਤੇ ਦਲਿਤ ਤੇ ਪੱਛੜੇ ਸਮਾਜ ਦੇ ਲੋਕਾਂ ਨੇ ਖੁਦ ਆਪ ਹੀ ਸਿਰੇ ਚਾੜ੍ਹਨਾ ਹੈ। ਕਾਰਜ ਸਿਰੇ ਚਾੜ੍ਹਨ ਲਈ ਹਾਕਮ ਧਿਰਾਂ ਦੇ ਬੇਕਿਰਕ ਹੱਲੇ ਦਾ ਮੁਕਾਬਲਾ ਜਾਨਾਂ ਤਲੀ 'ਤੇ ਰੱਖ ਕੇ ਕੀਤਾ ਜਾ ਸਕਦਾ ਹੈ। ਮਰਨੋਂ ਬਾਅਦ ਕਿਸੇ ਸਵਰਗ ਦੀ ਤਾਂਘ ਜਾਂ ਕਿਸੇ ਪੀਰ ਫਕੀਰ ਜਾਂ ਬਾਬੇ ਦੇ ਮੱਠ 'ਤੇ ਜਾ ਕੇ ਜ਼ਿੰਦਗੀ ਦੀ ਖੈਰਾਤ ਮੰਗਣ ਨਾਲ ਵੀ ਉਚ ਜਾਤੀ ਦੀ ਮਾਨਸਿਕਤਾ ਤੇ ਸਮਾਜਿਕ ਜਬਰ ਤੋਂ ਸਾਡਾ ਖਹਿੜਾ ਨਹੀਂ ਛੁੱਟ ਸਕਣਾ। ਬਰਾਬਰਤਾ ਵਾਲੀ ਚੰਗੇਰੀ ਸਥਿਤੀ ਲਈ ਮੱਥੇ ਰਗੜ ਕੇ ਭੀਖ ਮੰਗਦੀ ਜ਼ਿੰਦਗੀ ਨਾਲੋਂ ਜ਼ੁਲਮ ਵਿਰੁੱਧ ਲੜਾਈ ਦੇ ਮੈਦਾਨ ਵਿਚ ਜ਼ਿੰਦਗੀ ਵਾਰਨਾ ਲੱਖਾਂ ਗੁਣਾਂ ਬਿਹਤਰ ਹੀ ਨਹੀਂ, ਮਾਣਮੱਤਾ ਵੀ ਹੈ। ਹਜ਼ਾਰਾਂ ਸਾਲਾਂ ਦੇ ਸਮਾਜਿਕ ਜਬਰ ਦਾ ਕੋਹੜ ਅਗਾਂਹ ਵਧੂ ਸੇਧ ਤੋਂ ਬਿਨਾਂ ਕਦੀ ਖਤਮ ਨਹੀਂ ਹੋਣਾ, ਕਿਉਂਕਿ ਇਹ ਨਿਰੰਤਰ, ਕਠਿਨ ਤੇ ਵਿਸ਼ਾਲ ਜਦੋਜਹਿਦ ਦੀ ਮੰਗ ਕਰਦਾ ਹੈ, ਜਿਹੜੀ ਹਮਸਾਏ ਕਿਰਤੀਆਂ ਨਾਲ ਮਿਲ ਕੇ ਲੜਨੀ ਪੈਣੀ ਹੈ।

No comments:

Post a Comment