Saturday, 3 December 2016

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਦਸੰਬਰ 2016)

ਸਿੱਟਾ
 
- ਸੁਜਾਨ ਸਿੰਘ 
 ਆਤਮਾ ਸਿੰਘ ਦੇ ਹਲ਼ ਦਾ ਫਾਲਾ ਭੁਰਭੁਰੀ ਮਿੱਟੀ ਫੋਲ ਕੇ ਸੱਜੇ-ਖੱਬੇ ਸੁੱਟੀ ਜਾ ਰਹੀ ਸੀ। ਉਸ ਦੇ ਸਿਆੜ ਦੇ ਨਾਲ ਨਾਲ ਮਗਰੋਂ ਦੋ ਸਿਆੜ ਹੋਰ ਬਣਦੇ ਆ ਰਹੇ ਸਨ। ਦੂਜੇ ਹੱਲ ਦੀ ਹੱਥੀ ਉਸ ਦੇ ਵੱਡੇ ਪੁੱਤਰ ਮੀਕੇ ਦੇ ਹੱਥ ਵਿਚ ਸੀ ਤੇ ਤੀਜੇ ਦੀ ਛੋਟੇ ਜੀਤੇ ਦੇ ਹੱਥ ਵਿਚ। ਮਸ਼ੀਨੀ ਦਰੁਸਤੀ ਵਾਂਗ ਸਿਆੜ ਨਾਲ ਸਿਆੜ ਖਹਿੰਦਾ ਤੁਰਿਆ ਜਾ ਰਿਹਾ ਸੀ। ਸੈਟ-ਸੁਕੇਅਰ ਰੱਖ ਕੇ ਕੋਈ ਪੜ੍ਹਾਕੂ ਸਿੱਧੀਆਂ ਲੀਕਾਂ ਇਉਂ ਸਮਾਨਅੰਤਰ ਵਾਹ ਲਵੇ ਤਾਂ ਵਾਹ ਲਵੇ, ਪਰ ਖ਼ਮ ਦੇ ਵਲ ਤੱਕ ਨੂੰ ਜ਼ਮੀਨ ਉਤੇ ਲੋਹੇ ਲੱਕੜ ਦੀ ਕਲਮ ਧਸਾ ਕੇ ਇਉਂ ਮੁਤਵਾਜ਼ੀ ਬਣਾਉਣਾ, ਇਨ੍ਹਾਂ ਧਰਤੀ ਦੇ ਕਲਾਕਾਰਾਂ ਦਾ ਹੀ ਕੰਮ ਸੀ।
ਹਨੇਰੀ ਰਾਤ ਵਿਚ ਤਾਰਿਆਂ ਦੀ ਰੌਸ਼ਨੀ ਤੇ ਦਿਨ ਦੇ ਚੜ੍ਹਾ ਦਾ ਅਣਦਿੱਸਦਾ ਚਾਨਣ ਇਨ੍ਹਾਂ ਖੇਤਾਂ ਦਿਆਂ ਕਾਮਿਆਂ ਲਈ ਕਾਫ਼ੀ ਸੀ। ਸ਼ਹਿਰੀਆਂ ਤੇ ਅਮੀਰਾਂ ਲਈ ਇਹ ਚਾਨਣ ਹਨੇਰੇ ਦਾ ਪਰਦਾ ਸੀ, ਜਿਸ ਹੇਠ ਗਰੀਬ ਕਿਰਸਾਣ ਦੀ ਮਿਹਨਤ ਤੇ ਕਲਾਕਾਰੀ ਲੁਕੀ ਰਹਿੰਦੀ ਸੀ। ਮੀਕਾ ਮਿਰਜ਼ੇ ਦੀ ਸਦ ਲਾ ਕੇ ਚੁੱਪ ਹੋ ਗਿਆ ਸੀ। ਬਲਦਾਂ ਦੀਆਂ ਟੱਲੀਆਂ ਟੁਣਕ-ਟੁਣਕ ਕੇ ਕਿਸੇ ਅਮੀਰ ਕਵੀ ਲਈ 'ਮਹਾਨ ਕਵਿਤਾ' ਦੀ ਪ੍ਰੇਰਣਾ ਬਣ ਰਹੀਆਂ ਸਨ। ਆਤਮਾ ਸਿੰਘ ਨੇ ਜਿਵੇਂ ਹਉਕਾ ਲਿਆ, ''ਦੱਬ ਕੇ ਵਾਹ ਤੇ ਰੱਜ ਕੇ ਖਾਹ''। ਜੀਤੇ ਨੇ ਮੁਖ਼ਾਲਫ਼ਤ ਕੀਤੀ, ''ਚਾਚਾ, ਕਿਉਂ ਐਡਾ ਝੂਠ ਬੋਲਨਾ ਵਾਂ। ਵੀਹ ਵਰ੍ਹੇ ਤੇ ਮੈਨੂੰ ਵੀ ਹੋ ਗਏ ਨੇ ਤੈਥੋਂ ਇਹ ਸੁਣਦਿਆਂ, ਪਰ ਕਿੱਦਣ ਖਾਧਾ ਵਾ ਅਸਾਂ ਰੱਜ ਕੇ ਤੇ ਕਿਹੜਾ ਏ ਐਸ ਸਾਡੇ ਬਾਹਰੇ ਵਿਚ ਸਾਥੋਂ ਦੱਬ ਕੇ ਵਾਹੁਣ ਵਾਲਾ।''
''ਰੱਬ ਰੱਬ ਕਰ ਅਮਰਤ ਵੇਲੇ। ਵੇਖੇਂ ਨਾ ਹੀਰਿਆ! ਮੇਹਨਤ ਆ ਸਾਡੇ ਵੱਸ, ਤੇ ਫਲ ਦੇਣਾ ਐਂ ਵਾ'ਗੁਰੂ ਦੇ ਹੱਥ,'' ਪਿਓ ਨੇ ਆਖਿਆ, ਜਿਸ ਨੂੰ ਤਾਏ ਦੇ ਵੱਡੇ ਪੁੱਤਰਾਂ ਦੀ ਰੀਸੇ ਆਤਮਾ ਸਿੰਘ ਦੇ ਨਿਆਣੇ ਵੀ ਚਾਚਾ ਕਹਿਣ ਲੱਗ ਪਏ ਸਨ।
ਆਤਮਾ ਸਿੰਘ ਨੇ ਜਿਉਂ ਹੀ ਹੋਸ਼ ਸੰਭਾਲੀ ਸੀ, ਉਹ ਦੱਬ ਕੇ ਵਾਹੁੰਦਾ ਆਇਆ ਸੀ। ਪਿਓ ਦੇ ਮਰਨ ਮਗਰੋਂ ਉਸਦੀ ਵੀਹ ਵਿਘੇ ਭੌਂ ਦੀ  ਚੂੰਡੇ-ਵੰਡ ਹੋਈ ਸੀ। ਵੱਡਾ ਭਰਾ ਪਹਿਲੀ ਵਹੁਟੀ ਵਿਚੋਂ ਸੀ ਤੇ ਉਸ ਨੂੰ ਦਸ ਵਿਘੇ ਭੌਂ ਆਈ ਸੀ, ਤੇ ਆਤਮਾ ਸਿੰਘ ਤੇ ਊਧਮ ਸਿੰਘ ਨੂੰ ਪੰਜ-ਪੰਜ ਵਿਘੇ। ਆਤਮਾ ਸਿੰਘ ਦੇ ਤਿੰਨ ਪੁੱਤਰ, ਦੋ ਧੀਆਂ ਸਨ। ਮੀਕਾ ਇਕੱਤੀਆਂ ਦਾ, ਜੀਤੋ ਅਠਾਈਆਂ ਦੀ, ਜੀਤਾ ਪੰਝੀਆਂ ਦਾ, ਮਹਿੰਦਰੋ ਵਰ-ਪ੍ਰਾਪਤ ਤੇ ਸਰੂਪ ਹਾਲੀ ਮੁੰਡਾ। ਇਨ੍ਹਾਂ ਵਿਚੋਂ ਜੀਤੋ ਦਾ ਉਸ ਵਿਆਹ ਢਾਈ ਵਿਘੇ ਭੋਂ ਗਹਿਣੇ ਰੱਖ ਕੇ ਕੀਤਾ ਸੀ। ਮੀਕੇ ਦਾ ਵਿਆਹ ਭੋਂ ਘੱਟ ਹੋਣ ਕਰਕੇ ਹਾਲੀ ਤੱਕ ਨਹੀਂ ਹੋਇਆ ਤਾਂ ਜੀਤੇ ਦਾ ਕਿਵੇਂ ਹੋ ਜਾਂਦਾ। ਗਰੀਬ ਤੋਂ ਧੀਆਂ ਲੈਣ ਵਾਲੇ ਤਾਂ ਕਈ ਹੁੰਦੇ ਹਨ ਪਰ ਗਰੀਬ ਨੂੰ ਧੀਆਂ ਦਿੰਦਾ ਕੋਈ ਨਹੀਂ। ਇਹ ਕਿਸ ਗੱਲ ਦਾ ਫ਼ਲ ਸੀ? ਆਤਮਾ ਸਿੰਘ ਆਖਦਾ ਹੁੰਦਾ ਸੀ, ਆਪਣੇ ਕਰਮਾਂ ਦਾ।
ਆਤਮਾ ਸਿੰਘ ਨੇਕ ਦਿਲ ਆਦਮੀ ਸੀ। ਉਸ ਵੱਡੇ ਭਰਾ ਨਾਲ ਜਾਇਦਾਦ ਲਈ ਮੁਕੱਦਮਾ ਨਹੀਂ ਸੀ ਕੀਤਾ। ਉਹ ਮਿਹਨਤੀ ਸੀ ਤੇ ਇਸ ਦਾ ਉਸ ਨੂੰ ਪਤਾ ਸੀ। ਉਹ ਰੱਬ ਨੂੰ ਮੰਨਣ ਵਾਲਾ ਸੀ। ਉਸ ਨੂੰ ਇਕ ਵਾਰ ਕਿਸੇ ਆਖਿਆ ਸੀ ਕਿ ਮਿਹਨਤੀ ਨੂੰ ਗਰੀਬ ਬਣਾਉਣ ਵਿਚ ਰੱਬ ਦਾ ਕੋਈ ਹੱਥ ਨਹੀਂ। ਇਹ ਗੱਲ ਉਸ ਪਿੰਡ ਦੇ ਸ਼ਾਹੂਕਾਰ ਅਮੀਰ ਚੰਦ ਅਤੇ ਜਗੀਰਦਾਰ ਇੰਦਰ ਸਿੰਘ ਨਾਲ ਕੀਤੀ ਸੀ ਤਾਂ ਉਨ੍ਹਾਂ ਵੱਖੋ ਵੱਖਰੇ ਸ਼ਬਦਾਂ ਵਿਚ ਕਿਹਾ ਸੀ, ''ਓਇ ਆਤਮਾ ਸਿਆਂ! ਉਹ ਜ਼ਜਰੂਰ ਕੋਈ ਨਾਸਤਕ ਹੋਊਗਾ।'' ਏਸ ਗੱਲ ਨੇ ਉਸ ਦੀ ਜਾਗਦੀ ਆਤਮਾ ਨੂੰ ਫਿਰ ਸੁਆ ਦਿੱਤਾ ਸੀ। ਤੇ ਜਾਗਦੀ ਆਤਮਾ ਬਿਨਾਂ, ਇਨ੍ਹਾਂ ਭਾਗ, ਕਿਸਮਤ ਤੇ ਕਰਮ ਬਣਾਉਣ ਵਾਲਿਆਂ ਦੇ ਖਿਲ਼ਾਫ ਬਗ਼ਾਵਤ ਕਿਵੇਂ ਹੋ ਸਕਦੀ ਸੀ।
ਗੁਜ਼ਾਰਾ ਚਲਾਉਣ ਲਈ ਆਤਮਾ ਸਿੰਘ, ਇੰਦਰ ਸਿੰਘ ਦੀ ਭੋਂ ਵਿਚੋਂ ਕੁਝ ਭੋਂ ਦਾ ਰਾਹਕ ਬਣ ਜਾਂਦਾ ਸੀ, ਜਿਸ ਵਿਚੋਂ ਬਿਨਾਂ ਮਿਹਨਤ, ਜਗੀਰਦਾਰ ਅੱਧ ਤੋਂ ਵੱਧ ਲੈ ਜਾਂਦਾ ਸੀ। ਆਤਮਾ ਸਿੰਘ ਦੀ ਆਪਣੀ ਭੋਂ ਤਾਂ ੳਸ ਨੂੰ ਉਸ ਦੇ ਆਪਣੇ ਟੱਬਰ ਦੀ ਮਿਹਨਤ ਬਿਨਾਂ ਇਕ ਦਾਣਾ ਅਨਾਜ ਦਾ ਨਹੀਂ ਸੀ ਦਿੰਦੀ। ਭੋਂ ਨਿਕਾਰੀ ਸੀ ਮਿਹਨਤ ਬਿਨਾਂ। ਨਿਕਾਰਾ ਸੀ ਜਾਗੀਰਦਾਰ ਇੰਦਰ ਸਿੰਘ ਮਿਹਨਤ ਕਰਨ ਦੀ ਸਮਰੱਥਾ ਬਿਨਾਂ। ਪਰ ਫਿਰ ਵੀ ਇਕ ਢੰਗ ਬਣਿਆ ਸੀ ਉਸ ਦੇ ਬਿਨਾਂ ਮਿਹਨਤ ਗੁਲਛਰੇ ਉਡਾਉਣ ਦਾ। ਇਕ ਵਾਰੀ ਪੈਲੀ ਬੰਨੇ ਫੇਰਾ ਮਾਰਨ ਗਿਆ ਇਕ ਪੜ੍ਹਾਕੂ ਨਾਲ ਉਸ ਦੀ ਗੱਲਬਾਤ ਹੋਈ ਸੀ। ਕਣਕ ਨੂੰ ਸਿੱਟਾ ਪੈ ਗਿਆ ਹੋਇਆ ਸੀ। ਕਣਕ ਵਾਹਵਾ ਸੰਘਣੀ ਸੀ ਤੇ ਸਿੱਟੇ ਵੀ ਲੰਮੇ।
''ਸੋਹਣੀ ਕਣਕ ਹੋਈ!'' ਪੜ੍ਹਾਕੂ ਨੇ ਆਖਿਆ ਸੀ।
ਆਤਮਾ ਸਿੰਘ ਨੇ ਉਤਰ ਦਿੱਤਾ ਸੀ-
''ਪੱਕੀ ਖੇਤੀ ਦੇਖ ਕੇ ਗਰਬ ਕਰੇ ਕਿਰਸਾਣ।
ਗੜੇ ਹਨੇਰੀ, ਝਖੜੋਂ ਘਰ ਆਵੇ, ਤੇ ਜਾਣ।''
''ਠੀਕ ਐ ਤਾਇਆ,'' ਪੜ੍ਹਾਕੂ ਨੇ ਭੇਤ ਭਰੇ ਲਹਿਜੇ ਵਿਚ ਕਿਹਾ ਸੀ। ''ਸਾਡੀ ਧਰਤੀ ਦੇ ਲੰਮੇ ਸਿੱਟਿਆਂ ਨੂੰ ਤੇ ਅਮਰੀਕਾ ਦਾ ਸਿੱਟਾ ਈ ਖਾ ਜਾਂਦਾ ਏ।''
ਆਤਮਾ ਸਿੰਘ ਸਿੱਟਿਆਂ ਨੂੰ ਖਾਣ ਵਾਲੇ ਸਿੱਟੇ ਦੀ ਗੱਲ ਸੁਣ ਕੇ ਬੜਾ ਹੈਰਾਨ ਹੋ ਗਿਆ ਸੀ। ਪੜ੍ਹਾਕੂ ਦੀਆਂ ਬਾਕੀ ਗੱਲਾਂ ਦੀ ਉਸ ਨੂੰ ਉਕੀ ਹੀ ਸਮਝ ਨਹੀਂ ਸੀ ਆਈ। ਬਸ ਆਪਣੇ ਦੇਸ਼ ਦੇ ਸੇਠਾਂ ਤੇ ਧਨੀਆਂ ਦੀ ਗੱਲ ਉਸ ਦੀ ਸਮਝ ਵਿਚ ਕੁਝ-ਕੁਝ ਆਈ, ਪਰ ਉਨ੍ਹਾਂ ਦਾ ਸਿੱਟੇ ਖਾਣ ਵਾਲਿਆਂ ਸਿੱਟਿਆਂ ਨਾਲ ਕੀ ਸਬੰਧ ਸੀ, ਉਸ ਨੂੰ ਪਤਾ  ਨਹੀਂ ਸੀ ਲੱਗਾ। ਉਸ ਨੂੰ ਪੜ੍ਹਾਕੂ ਕੋਈ ਸ਼ੁਦਾਈ ਜਾਪਿਆ ਸੀ। ਪੜ੍ਹਿਆ ਹੋਇਆ ਉਹ ਆਪ ਨਹੀਂ ਸੀ। ਮਿੱਟੀ ਨਾਲ ਮਿੱਟੀ ਹੋ ਕੇ ਉਨ੍ਹਾਂ ਦਾ ਗੁਜ਼ਾਰਾ ਤੁਰਦਾ ਸੀ। ਮੁੰਡੇ ਜੰਮਦੇ ਮਿਹਨਤ ਵਿਚ ਲੱਗ ਗਏ ਸਨ, ਨਹੀਂ ਤੇ ਥੋੜ੍ਹੀ ਭੋਂ ਨਾਲ ਉਨ੍ਹਾਂ ਦਾ ਗੁਜ਼ਾਰਾ ਕਿਵੇਂ ਹੁੰਦਾ? ਵਲ ਪੇਚ ਵਾਲੀ ਗੱਲ ਉਹ ਕਿਵੇਂ ਸਮਝਦੇ, ਤੇ ਧਨੀਆਂ ਦੀਆਂ ਗੱਲਾਂ ਹੁੰਦੀਆਂ ਨੇ ਵਲ ਪੇਚ ਵਾਲੀਆਂ ਤੇ ਪੜ੍ਹਿਆਂ ਹੋਇਆਂ ਦੇ ਸਮਝਣ ਵਾਲੀਆਂ। ਉਸ ਨੂੰ ਤੇ ਸਿੱਧੀ ਸਿੱਧੀ ਗੱਲ ਦੀ ਵੀ ਸਮਝ ਨਹੀਂ ਸੀ ਆਉਂਦੀ ਪਈ ਇੰਦਰ ਸਿੰਘ ਦੇ ਵਿਆਹੇ ਹੋਏ ਮੁੰਡੇ ਦੀਆਂ ਬਦਚਲਨੀ ਦੀਆਂ ਨਿੱਤ ਦੀਆਂ ਸ਼ਿਕਾਇਤਾਂ ਕਿਵੇਂ ਠੱਪੀਆਂ ਜਾਂਦੀਆਂ ਹਨ। ਪਰ ਅਮੀਰ ਚੰਦ ਦੀ ਝੂਠੀ ਸੱਚੀ ਸ਼ਿਕਾਇਤ ਉਤੇ ਅਮਰੀਕੇ ਨੂੰ ਪਰ੍ਹੇ ਵਿਚ ਬਿਠਾ ਕੇ ਬੇਇੱਜ਼ਤ ਕੀਤਾ ਗਿਆ ਸੀ।
ਹੁਣ ਪਰਾਣੀਆਂ ਦੀ 'ਸਾੜ-ਸਾੜ' ਮੁੰਡਿਆਂ ਦੀ 'ਤਤਾ-ਤਤਾ' ਤੇ ਬਲਦਾਂ ਦੇ ਘੁੰਗਰੂਆਂ ਤੇ ਟਲੀਆਂ ਦੀ ਟੁਣਕ ਤੇ ਛਣਕਾਰ ਵਿਚ ਉਸ ਨੂੰ ਇਉਂ ਜਾਪਿਆ ਜਿਵੇਂ 'ਦਬ ਕੇ ਵਾਹ ਤੇ ਰਜ ਕੇ ਖਾਹ' ਦਾ ਅਖਾਣ ਗਲਤ ਹੋ ਗਿਆ ਹੈ। ਠੀਕ ਤੇ ਤਦ ਹੁੰਦਾ, ਜੇ ਕਦੀ ਉਨ੍ਹਾਂ ਨੂੰ ਰੱਜ ਕੇ ਖਾਣਾ ਨਸੀਬ ਹੋਇਆ ਹੁੰਦਾ। ਜੇ ਅਖਾਣ ਬਣਿਆ ਤਾਂ ਕਿਸੇ ਸਮੇਂ ਵਿਚ ਜ਼ਰੂਰ ਸੱਚਾ ਹੋਊ। ਹੁਣ ਉਹੋ ਜਿਹਹਾ ਸਮਾਂ ਨਹੀਂ ਰਿਹਾ ਤਾਂ ਇਸ ਅਖਾਣ ਨੂੰ ਉਵੇਂ ਹੀ ਵਰਤੀ ਜਾਣਾ ਕਿਧਰ ਦੀ ਸਿਆਣਪ ਹੋਈ। ਕਦੇ ਲੋਕੀਂ ਕਹਿੰਦੇ ਸੀ, 'ਉਤਮ ਖੇਤੀ, ਮੱਧਮ ਵਪਾਰ। ਨਿਖਿੱਧ ਚਾਕਰੀ, ਭੀਖ ਗਵਾਰ।' ਹੁਣ ਨੌਕਰੀ ਵਾਲੇ ਤੇ ਸਗੋਂ ਚੰਗੇ ਨੇ। ਆਹ ਵੇਖੋ ਤਹਿਸੀਲਦਾਰ, ਥਾਣੇਦਾਰ, ਜ਼ਿਲ੍ਹੇਦਾਰ ਤੇ ਪਟਵਾਰੀ ਸਾਰੇ ਨੌਕਰ ਈ ਏ ਨਾ। ਇਹ ਕਿਤੇ ਨਿਖਿੱਧ ਨੇ? ਪਟਵਾਰੀ ਈ ਪਿੰਡ ਦਾ ਪੱਠਾ-ਦੱਥਾ ਮੁਕਾ ਦਿੰਦੇ ਨੇ। ਤੇ ਸ਼ਾਹ ਅਮੀਰ ਚੰਦ ਸਾਡੇ ਕੋਲੋਂ ਖਰੀਦਦਾ ਤੇ ਸਾਡੇ ਕੋਲ ਵੇਚਦਾ ਹੈ ਤੇ ਉਹ ਸਾਨੂੰ ਉਧਾਰੇ ਦਿੰਦਾ ਹੈ। ਉਧਾਰੇ ਦੇਣ ਜੋਗੇ ਉਸ ਨੂੰ ਅਸਮਾਨੋਂ ਤੇ ਨਹੀਂ ਨਾ ਢਹਿੰਦੇ। ਫੇਰ ਖੇਤੀ ਨਾਲੋਂ ਤਾਂ ਇਹਦਾ 'ਨਕਾਰਾ' ਕੰਮ ਵੀ ਚੰਗਾ ਹੋਇਆ।
ਆਤਮਾ ਸਿੰਘ ਐਤਕੀਂ ਦੀ ਹਾੜੀ ਦੀ ਵਟਕ ਨਾਲ ਆਪਣੀ ਛੋਟੀ ਧੀ ਦਾ ਵਿਆਹ ਕਰ ਦੇਣਾ ਚਾਹੁੰਦਾ ਸੀ। ਉਂਜ ਤੇ ਉਹ ਮੀਕੇ ਤੇ ਜੀਤੇ ਦਾ ਵਿਆਹ ਪਹਿਲੋਂ ਕਰਨਾ ਚਾਹੁੰਦਾ ਸੀ, ਪਰ ਉਨ੍ਹਾਂ ਦਾ ਵਿਆਹ ਉਸ ਦੇ ਵੱਸ ਵਿਚ ਨਹੀਂ ਸੀ। ਨਹੀਂ ਤਾਂ ਉਹ ਉਧਾਰੇ ਲੈ ਕੇ ਵੀ ਉਨ੍ਹਾਂ ਦੇ ਵਿਆਹ ਕਰ ਦਿੰਦਾ। ਉਸ ਦੀ ਅੰਦਰਲੀ ਕੋਈ ਹੈਵਾਨੀ ਸੂਝ ਦੱਸਦੀ ਸੀ ਕਿ ਧਨ ਧਰਤੀ ਕੋਲੋਂ ਵੀ ਵਿਆਹ ਜ਼ਰੂਰੀ ਹਨ ਪਰ ਰੋਟੀ ਸਭ ਤੋਂ ਜ਼ਰੂਰੀ ਹੈ। ਏਸੇ ਲਈ ਆਪਣੀਆਂ ਪੈਲੀਆਂ ਨੂੰ ਉਸ ਨੇ ਦੋਹਰਾਂ-ਚੌਹਰਾਂ ਲਾਈਆਂ ਸਨ। ਮਿੱਟੀ ਦੀ ਉਪਜਾਊ ਸ਼ਕਤੀ ਨੂੰ ਉਸ ਨੇ ਉਸ ਦੀਆਂ ਡੂੰਘਾਈਆਂ ਵਿਚੋਂ ਕੱਢਿਆ ਸੀ। ਕੁੜੀ ਦਾ ਵਿਆਹ  ਛੇਤੀ ਕਰਨਾ ਉਸ ਜ਼ਰੂਰੀ ਸਮਝਿਆ ਸੀ, ਕਿਉਂਕਿ ਪਿੰਡ ਵਿਚ ਇੰਦਰ ਸਿੰਘ ਤੇ ਉਸ ਦੇ ਪੁੱਤਰ ਵਰਗੇ ਗੌਰਮਿੰਟ ਦੇ ਬਣਾਏ ਅਮੀਰ ਹੋਰ ਵੀ ਸਨ।
ਫ਼ਾਰਮ ਦੀ ਕਣਕ ਦਾ ਬੀਅ ਖਰੀਦ ਕੇ ਪੋਰਿਆ ਗਿਆ। ਸ਼ਾਹ ਨੇ ਯਾਰ੍ਹੀਂ ਖ਼ਰੀਦੀ ਕਣਕ ਉਨ੍ਹਾਂ ਕੋਲ ਹੀ ਸਤਾਰ੍ਹੀਂ ਵੇਚੀ। ਸਿਆਲੀ ਰਾਤਾਂ ਵਿਚ ਖੂਹ ਗਿੜਦਾ ਰਿਹਾ ਤੇ ਖੇਸਾਂ ਦੀ ਬੁੱਕਲ ਨਾਲ ਕੱਕਰਾਂ ਦਾ ਮੁਕਾਬਲਾ ਕਰ ਕੇ ਨੰਗੇ ਪੈਰੀਂ ਤੇ ਪਾਟੀਆਂ ਜੁੱਤੀਆਂ ਨਾਲ ਤਿੰਨੇ  ਪਾਣੀ ਮੋੜਦੇ ਰਹੇ। ਦੱਬ ਕੇ ਵਾਹੁਣ ਤੇ ਰੂੜੀ ਪਾਉਣ ਦਾ ਨਤੀਜਾ ਆਤਮਾ ਸਿੰਘ ਦੀ ਕਣਕ, ਨਾਲ ਹੀ ਬੀਜੀਆਂ ਕਣਕਾਂ ਨੂੰ ਕਿਤੇ ਹੇਠਾਂ ਛੱਡ ਗਈ, ਇੱਥੋਂ ਤੱਕ ਕਿ ਢਹਿ ਪੈਣ ਦੇ ਡਰੋਂ ਲਾਪਰ ਕੇ ਡੰਗਰਾਂ ਨੂੰ ਪਾਉਣੀ ਪਈ। ਫਸਲ ਦੇ ਮੌਕੇ ਜਿਹੜੇ ਲੰਮੇ ਸਿੱਟੇ ਪਏ, ਉਨ੍ਹਾਂ ਨੂੰ ਦੇਖ ਕੇ ਪਿੰਡ ਦੇ ਜਿੰਮੀਂਦਾਰ ਦੰਗ ਰਹਿ ਗਏ।
ਵਿਸਾਖ ਵਿਚ ਵਾਢੀਆਂ ਪਈਆਂ। ਸਾਰੇ ਟੱਬਰ ਨੇ ਰਾਤਾਂ ਝਾਗ ਝਾਗ ਕੇ ਖਲਵਾੜੇ ਦੀ ਰਾਖੀ ਕੀਤੀ। ਗਾਹਣ ਪਏ ਤੇ ਧੂੜਾਂ ਉਡੀਆਂ ਅਤੇ ਆਖ਼ਰ ਦਾਣਿਆਂ ਦਾ ਬੋਹਲ ਲੱਗ ਗਿਆ। ਰੱਬ ਰੱਬ  ਕਰ ਕੇ ਗੜੇ, ਹਨੇਰੀ ਝੱਖੜ ਤੇ ਮੀਂਹ ਤੋਂ ਫ਼ਸਲ ਬਚ ਗਈ। ਹਾਲੀ ਵਾਢੀਆਂ ਹੋਣ ਹੀ ਲੱਗੀਆਂ ਹਨ ਕਿ ਕਣਕ ਦਾ ਭਾ ਪੈਰੋ ਪੈਰ ਡਿੱਗਣ ਲੱਗਾ। ਕਣਕਾਂ ਤਿਆਰ ਹੋਣ ਤੱਕ ਅਮੀਰ ਚੰਦ ਦਸੀਂ  ਰੁਪਈਂ ਖਰੀਦ ਰਿਹਾ ਸੀ। ਸ਼ਹਿਰ ਵਿਚ ਭਾਅ ਚੰਗੇ ਦੀ ਦੱਸ ਪਈ। ਗੱਡੇ ਜੋੜੇ ਤੇ ਸ਼ਹਿਰ ਦਾ ਰੁਖ ਕੀਤਾ। ਆਤਮਾ ਸਿੰਘ ਦੀ ਘਰ ਵਾਲੀ ਵੀ ਵਿਆਹ ਦੀ ਖਰੀਦ ਵੇਚ ਲਈ ਨਾਲ ਤੁਰੀ। ਆੜ੍ਹਤੀ ਨੇ ਗੱਡਿਆਂ ਨੂੰ ਚੁੰਗੀ 'ਤੇ ਹੀ ਬੋਚ ਲਿਆ। ਮਸੂਲ ਚੁੰਗੀ ਆਪ ਦੇ ਦਿੱਤਾ। ਕਣਕ ਦਾ ਢੇਰ ਲੱਗ ਗਿਆ। ਭਾਅ ਨਿਕਲਿਆ ਨੌਂ ਰੁਪਈਏ। ਆਤਮਾ ਸਿੰਘ ਰੋਣਹਾਕਾ ਹੋ ਗਿਆ, ਪਰ ਕੁੜੀ ਦਾ ਵਿਆਹ ਕਰਨਾ ਤੇ ਜ਼ਰੂਰੀ ਸੀ। ਕਣਕ ਤੁਲਣ ਲੱਗੀ। ਤੋਲੇ, ਛਾਣੇ, ਮਾਂਗਤਾਂ ਨੇ ਛੱਜੀਂ-ਬੁੱਕੀਂ ਲੁਟਿਆ। ਆਤਮਾ ਸਿੰਘ ਕਚੀਚੀ ਦੇ ਕੇ ਬੈਠਾ ਰਿਹਾ। ਉਸ ਨੂੰ ਨਗਦ ਰੁਪਈਏ ਚਾਹੀਦੇ ਸਨ, ਵਿਆਹ ਲਈ।
ਅਚਾਨਕ ਉਸ ਨੂੰ ਸਾਹਮਣੀ ਵੱਡੀ ਹਵੇਲੀ ਜਹੀ ਵਿਚ ਰੌਲਾ ਸੁਣਾਈ ਦਿੱਤਾ। ਸਮਝਿਆ ਲੜਾਈ ਹੋ ਪਈ ਹੋਵੇਗੀ। ਸ਼ਾਹ ਤੋਂ ਪੁੱਛਿਆ। ਆੜ੍ਹਤੀਏ ਸ਼ਾਹ ਨੇ ਦੱਸਿਆ, ''ਸਿੱਟਾ ਐ, ਸਿੱਟਾ।'' ਆਤਮਾ ਸਿੰਘ ਹੈਰਾਨ ਹੋਇਆ, 'ਇਹ ਕਿਹੋ ਜਿਹਾ ਸਿੱਟਾ ਐ?' ਰਾਹ ਵਿਚ ਜਾਂਦਿਆਂ ਸੋਚਿਆ, 'ਰੂੜੇ ਸ਼ਾਹ ਦੀ ਮੋਟਰ ਐ, ਕਈ ਮਕਾਨ ਨੇ, ਬਾਗ਼ ਤੇ ਕੋਠੀ ਵੀ ਐ,' ਤੇ ਤੜੱਕ ਉਸ ਨੂੰ ਖ਼ਿਆਲ ਸੁਝਿਆ ਕਿ 'ਸਭ ਸਾਡੀ ਕਣਕ, ਕਪਾਹ ਵੇਚਣ ਦੇ ਸਿਰ 'ਤੇ।'
ਉਹ ਹਵੇਲੀ ਦੇ ਅੰਦਰ ਵੜ ਗਿਆ। ਰੌਲ਼ੇ ਦਾ ਤੂਫ਼ਾਨ ਮਚਿਆ ਹੋਇਆ ਸੀ। ਵਿਹੜੇ ਵਿਚ ਦੂਜੀ ਮੰਜ਼ਲੇ, ਧੁਰ ਕੋਠੇ, ਲੋਕੀਂ ਰੌਲਾ ਪਾ ਰਹੇ ਸਨ। 'ਵੇਚੀ ਵੇਚੀ' ਦਾ ਜ਼ੋਰ ਸੀ। ਆਤਮਾ ਸਿੰਘ ਨੇ ਇਕ ਦੋਹਾਂ ਨੂੰ ਪੁੱਛਿਆ, ''ਹੈਂ ਓਇ, ਕੀ ਵੇਚੀ?'' ਪਰ ਕਿਸੇ ਉਤਰ ਨਾ ਦਿੱਤਾ। ਅਖ਼ੀਰ ਉਸ ਨੂੰ ਇਕ ਨੁੱਕਰੇ ਲੱਗਾ ਇਕ ਬੰਦਾ ਦਿਸਿਆ ਜੋ 'ਲਈ-ਵੇਚੀ' ਨੂੰ ਕੇਵਲ ਦੇਖ ਸੁਣ ਹੀ ਰਿਹਾ ਸੀ।
''ਬਾਊ ਜੀ, ਇਹ ਕੀ ਵੇਚੀ?''
ਬਾਊ ਨੇ ਕਿਹਾ, ''ਕਣਕ, ਕਣਕ ਦਾ ਸਿੱਟਾ।''
''ਕਣਕ ਹੈ ਕਿੱਥੇ ਤੇ ਉਸ ਦਾ ਸਿੱਟਾ?''
''ਕਣਕ ਨਹੀਂ, ਖ਼ਿਆਲੀ ਕਣਕ, ਐਵੇਂ ਈ,'' ਆਦਮੀ ਨੇ ਆਖਿਆ।
''ਤੇ ਫਿਰ ਵਿਕਦਾ ਕੀ ਐ?''
''ਕੁਝ ਵੀ ਨਹੀਂ, ਜੂਆ ਹੈ, ਜਿਸ ਵਿਚ ਕਿਸਾਨ ਸਦਾ ਹਾਰਦਾ ਹੈ।''
''ਪਰ ਮੈਂ ਤੇ ਜੂਆ ਨਹੀਂ ਖੇਡਦਾ।''
''ਵੀਰ, ਤੇਰੀ ਥਾਂ 'ਤੇ ਇਹ ਜੂ ਖੇਡਦੇ ਨੇ।''
ਆਤਮਾ ਸਿੰਘ ਦੀਆਂ ਅੱਖਾਂ ਵਿਚ ਸਮਝ ਦੀ ਚਮਕ ਆਈ, ਜੋ ਆਤਮਾ ਦੀ ਜਾਗ੍ਰਤ ਦੀ ਨਿਸ਼ਾਨੀ ਸੀ।
''ਇਹ ਵਲੈਤੀ ਸਿੱਟਾ ਤੇ ਨਹੀਂ?''
''ਉਹੋ ਈ ਐ?''
ਹੁਣ ਆਤਮਾ ਸਿੰਘ ਨੂੰ ਪਿੰਡ ਵਾਲੇ ਪੜ੍ਹਾਕੂ ਦੀਆਂ ਸਾਰੀਆਂ ਗੱਲਾਂ ਦੀ ਸਮਝ ਆ ਗਈ। ਅਮਰੀਕਾ ਤੇ ਵਲੈਤ ਸਾਡੀ ਫ਼ਸਲ ਸਸਤੀ ਕਰਾਉਂਦਾ ਹੈ। ਅਮੀਰ ਸਸਤੀ ਫ਼ਸਲ ਖਰੀਦਦਾ ਤੇ ਮਹਿੰਗੀ ਵੇਚਦਾ ਹੈ। ਹੋਰ ਅਮੀਰ ਹੋ ਕੇ ਉਹ ਐਸ਼ ਦੇ ਸਮਾਨ ਖਰੀਦਦਾ ਤੇ ਆਨੰਦ ਮਾਣਦਾ ਹੈ।
ਰੂੜੇ ਸ਼ਾਹ ਦੀ ਮੋਟਰ ਉਸ ਦੀਆਂ ਅੱਖਾਂ ਸਾਹਵੇਂ ਆ ਖੜੋਤੀ : 'ਮੋਟਰ' ਮਰੀਕਾ (ਅਮਰੀਕਾ) ਤੋਂ ਆਉਂਦੀ ਹੈ ਤੇ ਏਦਾਂ ਏਸ ਦੇਸ਼ ਦਾ ਅਮੀਰ ਦੇਸ਼ ਦੀ ਦੌਲਤ 'ਮਰੀਕਾ ਕੋਲ ਵੇਚਦਾ ਹੈ।' ਉਹ ਕੂਕ ਉਠਿਆ, ''ਬੰਦ ਕਰੋ, 'ਮਰੀਕਾ ਦੇ ਸਿੱਟੇ ਨੂੰ! ਬੰਦ ਕਰੋ!! ਮੈਂ ਲੁਟਿਆ ਗਿਆ ਜੇ ਓਇ ਲੋਕੋ...!!!'' 




कविता
मैं औरत हूँ
- नीलम घुमान
 

सूखे होठ
दुबली पतली सी,
आखों में उम्मीद की किरण,
मन में सकुचाती सी,
धीरे से बोली मैं औरत हूँ।
    स्वयं से लड़ती सी,
    समाज के ताने सहती सी,
    निर्भया न बनादी जाऊँ
    इस बात से डरती सी,
    आगे बढऩे की आस,
    मन में ठानी सी।
    धीरे से बोली मैं औरत हूं।
गिरती
गिरकर फिर उठती,
अपनी मंजिल की ओर,
बढ़ती सी,
मन में हार
न मानने वाली सी,
आधुनिकता के नाम पर
वस्तु बन
बाजार में
बिकती सी
वासना के दल दल में से
रास्ता अपना बनाती सी।
धीरे से बोली मैं औरत हूँ।
    सोचती सी,
    समाज को जन्म देने वाली
    आज अपने ही अस्तित्व
    को बचाती सी,
    औरत तेरी यही कहानी सी
    न खत्म होने वाली सी।
    धीरे से बोली मैं औरत हूँ।



ਕਵਿਤਾ
ਮਾਂ ਬੋਲੀ
(ਵਾਘਿਓਂ ਪਾਰ ਦੀ ਕਵਿਤਾ)
ਪੁੱਤਰਾਂ ਤੇਰੀ ਚਾਦਰ ਲਾਹੀ
ਹੋਰ ਕਿਸੇ ਦਾ ਦੋਸ਼ ਨਾ ਮਾਈ।
ਗੈਰਾਂ ਕਰੋਧ ਦੀ ਉਹ ਅੱਗ ਬਾਲੀ,
ਸੀਨੇ ਹੋ ਗਏ ਪਿਆਰ ਤੋਂ ਖਾਲੀ।
ਪੁੱਤਰਾਂ ਨੂੰ ਤੂੰ ਲੱਗੇ ਗਾਲ਼ੀ,
ਤੈਨੂੰ ਬੋਲਣ ਤੋਂ ਸ਼ਰਮਾਵਣ
ਗੈਰਾਂ ਐਸੀ 'ਵਾ ਵਗਾਈ
ਪੁੱਤਰਾਂ ਤੇਰੀ ਚਾਦਰ ਲਾਹੀ

    ਏਹਨਾਂ ਕੋਲ ਜ਼ਮੀਨਾਂ ਵੀ ਨੇ।
    ਏਹਨਾਂ ਹੱਥ ਸੰਗੀਨਾਂ ਵੀ ਨੇ।
    ਦੌਲਤ ਬੈਂਕ ਮਸ਼ੀਨਾਂ ਵੀ ਨੇ।
    ਨਾ ਇਹ ਤੇਰੇ ਨਾ ਸਿਰ ਮੇਰੇ,
    ਇਹ ਲੋਕੀਂ ਯੂਰਫ ਦੇ ਭਾਈ।
    ਪੁੱਤਰਾਂ ਤੇਰੀ ਚਾਦਰ ਲਾਹੀ,
    ਹੋਰ ਕਿਸੇ ਦਾ ਦੋਸ਼ ਨਾ ਮਾਈ।     
- ਹਬੀਬ ਜਾਲਿਬ




 


ਕਵਿਤਾ
ਇਕੋ ਸ਼ੈਤਾਨ  
- ਯੋਧ ਸਿੰਘ
 

ਖਾਲਿਸਤਾਨ
ਪਾਕਿਸਤਾਨ
ਹਿੰਦੂ ਭਾਰਤ
ਦਾ ਨਿਰਮਾਣ
ਨਾਟਕ ਨਿਰਦੇਸ਼ਕ
ਇੱਕੋ ਸ਼ੈਤਾਨ ।
    ਸਾਵੀ ਸਾਵੀ
    ਧਰਤ ਸੁਹਾਵੀ
    ਕੀਤੀ ਜਾ ਰਹੀ
    ਲਹੂ ਲੁਹਾਨ
    ਧਰਮਾਂ ਦੇ ਓਹਲੇ
    ਪੂੰਜੀ ਨਿਰਮਾਣ ।
ਚੋਰਾਂ ਦੀ ਸੱਤਾ
ਦੇ ਰੰਗ ਦਾ ਪੱਤਾ
ਜੰਗੀ ਤਾਸ਼
ਦੇ ਅਖਾੜੇ ਲਈ
ਥਾਂ ਥਾਂ ਉੱਤੇ
ਪਏ ਲਹਿਰਾਣ ।
    ਈਸਾ ਅੱਲਾ
    ਰੱਬ ਭਗਵਾਨ
    ਦੇ ਨਾਵਾਂ ਉੱਪਰ
    ਛੱਡ ਫਰਮਾਨ
    ਕਰਨ ਮੰਡੀਆਂ
    ਦਾ ਨਿਰਮਾਣ ।
ਸ਼ਕੁਨੀ ਮਾਮੇ
ਕਰਨ ਹੰਗਾਮੇ
ਸਿਰਾਂ ਥਾਣੀ
ਪਾਉਣ ਪਾਜਾਮੇ
ਤਾਰੀਖ ਲੋਕਾਈ
ਦੇ ਮੇਚ ਨਾ ਆਣ ।
    ਮਿਹਨਤਕਸ਼
    ਕੁਲ ਅਵਾਮ
    ਪਾਵਨ ਰਿਸ਼ਤੇ
    ਵਿੱਚ ਹਮਨਾਮ
    ਯੁੱਗ ਗਰਦਾਂ ਹੀ
    ਜਿੱਤਣੀ ਇਹ ਲਾਮ ।
ਖਾਲਿਸਤਾਨ
ਪਾਕਿਸਤਾਨ
ਹਿੰਦੂ ਭਾਰਤ
ਦਾ ਨਿਰਮਾਣ
ਲੋਕਾਈ ਨੂੰ ਵੰਡੇ
ਇੱਕੋ ਸ਼ੈਤਾਨ ।

No comments:

Post a Comment