Friday, 2 September 2016

ਲੋਕ ਮਸਲੇ : ਦੇਸ਼ ਅੰਦਰ ਵੱਧ ਰਿਹਾ ਸਾਈਬਰ ਅਪਰਾਧ

ਪਿਛਲੇ ਦਿਨੀਂ 17 ਅਗਸਤ ਨੂੰ, ਜ਼ਿਲ੍ਹਾ ਹੁਸ਼ਿਆਾਰਪੁਰ ਦੇ ਕਸਬਾ ਦਸੂਹਾ 'ਚ ਰਹਿੰਦੇ ਸਾਡੇ ਇਕ ਬਜ਼ੁਰਗ ਸਾਥੀ, ਕੇਸਰ ਸਿੰਘ ਬਾਂਸੀਆਂ ਦੇ ਪੰਜਾਬ ਨੈਸ਼ਨਲ ਬੈਂਕ ਵਿਚਲੇ ਖਾਤੇ 'ਚੋਂ, ਏ.ਟੀ.ਐਮ. ਦੀ ਦੁਰਵਰਤੋਂ ਕਰਕੇ ਧੋਖੇ ਨਾਲ 28500 ਰੁਪਏ ਕਿਸੇ ਨੇ ਕਢਵਾ ਲਏ। ਨਵੀਂ ਕਿਸਮ ਦੀ ਇਹ ਡਕੈਤੀ ਕਰਨ ਵਾਲੇ ਗਰੋਹ ਨੇ ਪਹਿਲਾਂ ਉਹਨਾਂ ਦੇ ਏ.ਟੀ.ਐਮ. ਕਾਰਡ ਵਿਚ ਦੂਰ ਬੈਠਿਆਂ ਹੀ ਕੋਈ ਨੁਕਸ ਪੈਦਾ ਕੀਤਾ ਅਤੇ ਫਿਰ ਉਸ ਨੁਕਸ ਨੂੰ ਦੂਰ ਕਰਨ ਦੇ ਬਹਾਨੇ ਉਹਨਾਂ ਨਾਲ ਮੋਬਾਇਲ ਫੋਨ 'ਤੇ ਸੰਪਰਕ ਸਥਾਪਤ ਕੀਤਾ ਗਿਆ। ਇਸ ਤਰ੍ਹਾਂ ਉਹਨਾਂ ਨੂੰ ਧੋਖੇ ਵਿਚ ਫਸਾਕੇ ਅਤੇ ਵਨ ਟਾਈਮ ਪਾਸਵਰਡ, ਜਿਸ ਬਾਰੇ ਆਮ ਲੋਕਾਂ ਨੂੰ ਉਕਾ ਹੀ ਕੋਈ ਗਿਆਨ ਨਹੀਂ ਹੈ, ਦੀ ਵਰਤੋਂ ਕਰਕੇ ਉਹਨਾਂ ਦੇ ਬੈਂਕ ਖਾਤੇ 'ਚੋਂ 7 ਵਾਰ ਵੱਖ ਵੱਖ ਰਕਮਾਂ ਕਢਵਾਈਆਂ, ਜਿਹਨਾਂ ਦਾ ਜੋੜ 28500 ਰੁਪਏ ਬਣਦਾ ਹੈ। ਉਸੇ ਦਿਨ, ਏਸੇ ਇਲਾਕੇ ਦੇ ਪਿੰਡ ਨਰਾਇਣਪੁਰ ਦੀ ਇਕ ਔਰਤ ਦੇ ਏਸੇ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ 'ਚੋਂ ਵੀ ਥੋੜੇ ਥੋੜੇ ਕਰਕੇ 57900 ਰੁਪਏ ਦੀ ਠੱਗੀ ਮਾਰੀ ਗਈ ਹੈ। ਸਾਥੀ ਕੇਸਰ ਸਿੰਘ ਬਾਂਸੀਆਂ ਦੇ ਮੋਬਾਇਲ 'ਤੇ ਬੈਂਕ ਤੋਂ ਗਲਤੀ ਨਾਲ ਆਏ ਇਕ ਹੋਰ ਸੰਦੇਸ਼ ਅਨੁਸਾਰ ਉਸੇ ਹੀ ਦਿਨ ਕਿਸੇ ਹੋਰ ਵਿਅਕਤੀ ਦੇ ਖਾਤੇ 'ਚੋਂ ਵੀ 50,000 ਰੁਪਏ ਕਢਵਾਏ ਗਏ ਹਨ। ਇਨ੍ਹਾਂ ਦਿਨਾਂ ਵਿਚ ਹੀ, ਸਾਡੀ ਇਕ ਰਿਸ਼ਤੇਦਾਰ ਬੀਬੀ ਦੇ ਸਟੇਟ ਬੈਂਕ ਆਫ ਇੰਡੀਆ ਦੇ ਏ.ਟੀ.ਐਮ. ਦੀ ਏਸੇ ਤਰ੍ਹਾਂ ਦੁਰਵਰਤੋਂ ਹੁੰਦੀ ਹੁੰਦੀ ਬਚੀ ਹੈ। ਉਸਦੇ ਬੇਟੇ ਨੇ ਸਮੇਂ ਸਿਰ ਦਖਲ ਦੇ ਕੇ ਨਵੀਂ ਕਿਸਮ ਦੇ ਡਾਕੇ ਨੂੰ ਰੋਕ ਦਿੱਤਾ ਪ੍ਰੰਤੂ ਦੋ ਦਿਨ ਬਾਅਦ ਉਸ ਬੀਬੀ ਨੂੰ ਮੁੜ ਉਹਨਾਂ ਹੀ ਲੁਟੇਰਿਆਂ ਦਾ ਫੋਨ ਆਇਆ, ਜਿਸ ਰਾਹੀਂ ਉਹਨਾਂ ਨੇ ਗੰਦੀਆਂ ਗਾਲਾਂ ਵੀ ਕੱਢੀਆਂ ਤੇ ਉਸ ਨੂੰ ਕਾਲੇ ਧੰਨ ਦੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ।
ਦੁੱਖ ਦੀ ਗੱਲ ਇਹ ਵੀ ਹੈ ਕਿ ਇਕ ਪਾਸੇ ਤਾਂ ਸਾਧਾਰਨ ਲੋਕਾਂ ਦੀ ਬੈਂਕਾਂ ਵਿਚ ਜਮ੍ਹਾਂ ਛੋਟੀ ਮੋਟੀ ਪੂੰਜੀ ਵੀ ਇਹਨਾਂ ਆਧੁਨਿਕ ਲੁਟੇਰਿਆਂ ਵਲੋਂ ਬੇਰਹਿਮੀ ਨਾਲ ਲੁੱਟੀ ਜਾ ਰਹੀ ਹੈ, ਦੂਜੇ ਪਾਸੇ ਪੁਲਸ ਪ੍ਰਸ਼ਾਸਨ ਵਲੋਂ ਅਜੇਹੇ ਅਪਰਾਧੀਆਂ ਦੀ ਨਿਸ਼ਾਨਦੇਹੀ ਕਰਨ ਤੇ ਉਹਨਾਂ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਬਜਾਇ ਆਪਣੀ ਜੁੰਮੇਵਾਰੀ ਤੋਂ ਉਕਾ ਹੀ ਪੱਲਾ ਝਾੜਿਆ ਜਾ ਰਿਹਾ ਹੈ। ਉਲਟਾ ਲੁੱਟੇ ਜਾ ਰਹੇ ਵਿਅਕਤੀਆਂ ਦੀ ਡਾਂਟ-ਡਪਟ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਪੁਲਸ ਕੋਲ ਆਉਣ ਦੀ ਥਾਂ ਕਨਜ਼ਿਊਮਰ ਫੋਰਮ ਕੋਲ ਸ਼ਿਕਾਇਤ ਦਰਜ ਕਰਾਉਣ ਆਦਿ ਦੀਆਂ ਉਲਟੀਆਂ ਪੁਲਟੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਹਨ। ਜਿਸ ਨਾਲ ਦੁਖਿਆਰਿਆਂ ਦੀਆਂ ਖੱਜਲ ਖੁਆਰੀਆਂ ਵਿਚ ਹੋਰ ਵਾਧਾ ਹੀ ਹੁੰਦਾ ਹੈ।
ਹੁਸ਼ਿਆਰਪੁਰ 'ਚ ਅਸੀਂ ਇਸ ਸਾਰੇ ਮਾਮਲੇ ਨੂੰ ਜ਼ਿਲ੍ਹੇ ਦੇ ਪੁਲਸ ਮੁਖੀ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਉਹਨਾਂ ਨੇ ਅਜੇਹੇ ਕੇਸਾਂ ਦੀਆਂ ਐਫ.ਆਈ.ਆਰਜ਼ ਤੁਰੰਤ ਦਰਜ ਕਰਨ ਲਈ ਹਦਾਇਤਾਂ ਜਾਰੀ ਕਰਨ ਅਤੇ ਵਿਸ਼ੇਸ਼ ਅਧਿਕਾਰੀਆਂ ਰਾਹੀਂ ਪੜਤਾਲਾਂ ਕਰਵਾਉਣ ਦਾ ਭਰੋਸਾ ਤਾਂ ਦਿੱਤਾ ਹੈ, ਪ੍ਰੰਤੂ ਹੇਠਲੇ ਪੱਧਰ 'ਤੇ ਲੋਕਾਂ ਦੀ ਸੁਣਵਾਈ ਉਦੋਂ ਤੱਕ ਬਿਲਕੁਲ ਨਹੀਂ ਹੁੰਦੀ ਜਦੋਂ ਤੱਕ ਜਨਤਕ ਦਬਾਅ ਨਹੀਂ ਬਣਦਾ। ਇਸ ਲਈ ਇਸ ਨਵੀਂ, ਪ੍ਰਸ਼ਾਸਨਿਕ ਮਿਲੀਭੁਗਤ ਕਾਰਨ ਤੇਜ਼ੀ ਨਾਲ ਖੰਭ ਖਿਲਾਰਦੀ ਜਾ ਰਹੀ ਇਸ ਲੁੱਟ, ਵਿਰੁੱਧ ਵੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਜਨਤਕ ਦਬਾਅ ਬਨਾਉਣ ਦੀ ਭਾਰੀ ਲੋੜ ਹੈ। ਇਸ ਨੂੰ ਸਾਈਬਰ ਕਰਾਈਮ ਕਹਿਕੇ ਜਿਸ ਤਰ੍ਹਾਂ, ਪੁਲਸ ਕਰਮਚਾਰੀ ਆਪਣੇ ਆਪ ਨੂੰ ਜ਼ੁੰਮੇਵਾਰੀ ਤੋਂ ਮੁਕਤ ਕਰਨ ਦਾ ਯਤਨ ਕਰਦੇ ਹਨ, ਉਸਦਾ ਡਟਵਾਂ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਜੇਕਰ ਜੁੰਮੇਵਾਰ ਪੁਲਸ ਅਧਿਕਾਰੀ ਚਾਹੁਣ ਤਾਂ ਇਸ ਸਾਈਬਰ ਲੁੱਟ ਦੀ ਪੈੜ ਲਾਜ਼ਮੀ ਨੱਪੀ ਜਾ ਸਕਦੀ ਹੈ ਅਤੇ ਦੋਸ਼ੀਆਂ ਤੱਕ ਪੁੱਜਿਆ ਜਾ ਸਕਦਾ ਹੈ। ਇਸ ਅਪਰਾਧ ਵਿਚ ਸਬੰਧਤ ਬੈਂਕ ਅਤੇ ਆਈ.ਟੀ.ਕੰਪਨੀਆਂ ਦੇ ਮੁਲਾਜ਼ਮਾਂ ਦੀਆਂ ਮਿਲੀਭੁਗਤ ਦੀਆਂ ਸੰਭਾਵਨਾਵਾਂ ਵੀ ਸਪੱਸ਼ਟ ਦਿਖਾਈ ਦਿੰਦੀਆਂ ਹਨ।
ਅੱਜ ਦੇਸ਼ ਵਿਚ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਵਰਗੇ ਸ਼ੋਸ਼ੇ ਛੱਡੇ ਜਾ ਰਹੇ ਹਨ ਅਤੇ ਬੈਂਕ ਖਾਤਿਆਂ ਨੂੰ ਆਧਾਰ ਨੰਬਰਾਂ ਨਾਲ ਜੋੜਨ ਦੇ ਖੇਖਣ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਲੋਕਾਂ ਦੀ ਗਾੜ੍ਹੇ ਪਸੀਨੇ ਦੀ ਕਮਾਈ ਨੂੰ ਸ਼ਰੇਆਮ ਬੜੀ ਸਫਾਈ ਨਾਲ ਲੁੱਟਿਆ ਜਾ ਰਿਹਾ ਹੈ। ਇਹਨਾਂ ਨਵੇਂ ਕਿਸਮ ਦੇ ਡਾਕਿਆਂ ਨੂੰ ਰੋਕਣ ਵਾਸਤੇ ਜਿੱਥੇ ਸਰਕਾਰ ਨੂੰ ਤੁਰੰਤ ਢੁਕਵੇਂ ਕਦਮ ਪੁੱਟਣੇ ਚਾਹੀਦੇ ਹਨ, ਉਥੇ ਆਮ ਲੋਕਾਂ ਨੂੰ ਵੀ ਪੁਲਸ ਉਪਰ ਦਬਾਅ ਬਣਾਕੇ ਦੋਸ਼ੀ ਸਰੋਤਾਂ ਦੀ ਨਿਸ਼ਾਨਦੇਹੀ ਕਰਨ ਲਈ ਮਜ਼ਬੂਰ ਕੀਤਾ ਜਾਣਾ ਚਾਹੀਦਾ ਹੈ।
- ਹਰਕੰਵਲ ਸਿੰਘ 

No comments:

Post a Comment