Friday 2 September 2016

ਚੋਣਾਂ ਅਤੇ ਖੱਬੀਆਂ ਧਿਰਾਂ

ਮੰਗਤ ਰਾਮ ਪਾਸਲਾ 
ਕਿਸੇ ਸਮੇਂ ਪੰਜਾਬ ਅੰਦਰ ਕਮਿਊਨਿਸਟ ਲਹਿਰ ਕਾਫੀ ਮਜ਼ਬੂਤ ਰਹੀ ਹੈ। ਆਜ਼ਾਦੀ ਘੋਲ ਦੌਰਾਨ ਕਮਿਊਨਿਸਟਾਂ ਨੇ ਅੰਗਰੇਜ਼ੀ ਸਾਮਰਾਜ ਵਿਰੁੱਧ ਲੜਦਿਆਂ ਮਾਣਮੱਤੀਆਂ ਕੁਰਬਾਨੀਆਂ ਕੀਤੀਆਂ ਹਨ ਅਤੇ ਸਭ ਤੋਂ ਜ਼ਿਆਦਾ 'ਸਾਜਿਸ਼ੀ ਕੇਸ' (Conspiracy cases) ਵੀ ਕਮਿਊਨਿਸਟਾਂ ਦੇ ਖਿਲਾਫ ਹੀ ਮੜ੍ਹੇ ਗਏ। ਗਦਰ ਪਾਰਟੀ, ਕਿਰਤੀ ਕਿਸਾਨ ਪਾਰਟੀ, ਸ਼ਹੀਦ-ਇ-ਆਜ਼ਮ ਸ. ਭਗਤ ਸਿੰਘ ਦੀ ਅਗਵਾਈ ਹੇਠ ਸੰਗਠਿਤ ਹੋਈ ਨੌਜਵਾਨ ਭਾਰਤ ਸਭਾ ਦੇ ਬਹੁਤ ਸਾਰੇ ਆਗੂ ਲੰਬੀਆਂ ਸਜ਼ਾਵਾਂ ਤੇ ਹੋਰ  ਹਰ ਤਰ੍ਹਾਂ ਦੇ ਤਸੀਹੇ ਝੱਲਣ ਤੋਂ ਬਾਅਦ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋ ਕੇ ਉਮਰ ਭਰ ਸੰਘਰਸ਼ ਕਰਦੇ ਰਹੇ। ਜਗੀਰਦਾਰੀ ਦੇ ਵਿਰੁੱਧ ਮੁਜਾਰਿਆਂ ਨੂੰ ਮਾਲਕੀ ਹੱਕ ਦੁਆਉਣ ਵਾਸਤੇ ਤੇ ਕਿਸਾਨੀ ਦੇ ਦੂਸਰੇ ਮੁੱਦਿਆਂ ਬਾਰੇ ਸੰਘਰਸ਼ਾਂ ਦੀ ਲੰਬੀ ਗਾਥਾ ਵੀ ਕਮਿਊਨਿਸਟ ਪਾਰਟੀਆਂ ਦੇ ਹਿੱਸੇ ਆਉਂਦੀ ਹੈ।
ਕਿਸਾਨਾਂ ਤੋਂ ਬਿਨਾਂ ਦੂਸਰੀਆਂ ਮਿਹਨਤੀ ਜਮਾਤਾਂ ਜਿਵੇਂ ਦਲਿਤਾਂ, ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ ਆਦਿ ਦੇ ਹੱਕਾਂ ਬਾਰੇ ਸੰਘਰਸ਼ ਤਾਂ ਕੀਤੇ ਗਏ, ਪ੍ਰੰਤੂ ਕਮਿਊਨਿਸਟ ਪਾਰਟੀ ਦਾ ਮੁੱਖ ਅਧਾਰ ਕਿਸਾਨੀ ਵਿਚ ਰਿਹਾ। ਜਦੋਂ ਮੁਜਾਰਿਆਂ ਨੂੰ ਜ਼ਮੀਨੀ ਹੱਕ ਮਿਲ ਗਏ ਤਦ ਮਾਲਕੀ ਵਾਲੀ ਇਹ ਕਿਸਾਨੀ ਤੇ ਦੂਸਰੇ ਕਿਸਾਨਾਂ ਦੇ ਦਰਮਿਆਨੇ ਤੇ ਉਪਰਲੇ ਭਾਗ ਆਪਣੀਆਂ ਰਾਜਨੀਤਕ ਤੇ ਆਰਥਿਕ ਖਾਹਸ਼ਾਂ ਪੂਰੀਆਂ ਕਰਨ ਵਾਸਤੇ ਦੂਸਰੀਆਂ ਰਾਜਸੀ ਪਾਰਟੀਆਂ ਸੰਗ ਜੁੜ ਗਏ। ਕਿਸਾਨੀ ਤੇ ਦੂਸਰੇ ਮਿਹਨਤਕਸ਼ਾਂ ਦੇ ਇਨ੍ਹਾਂ ਹਿਸਿਆਂ ਨੂੰ ਜਮਾਤੀ ਚੇਤਨਾ ਦੀ ਵੀ ਲੋੜੀਂਦੀ ਸਿੱਖਿਆ ਨਹੀਂ ਦਿੱਤੀ ਗਈ ਤੇ ਦੂਸਰੀਆਂ ਸਰਮਾਏਦਾਰ ਜਗੀਰਦਾਰ ਜਮਾਤਾਂ ਦੀਆਂ ਰਾਜਨੀਤਕ ਪਾਰਟੀਆਂ ਨਾਲ ਕਮਿਊਨਿਸਟਾਂ ਦੀਆਂ ਚੋਣ ਸਾਂਝਾਂ ਨੇ ਵੀ ਕਮਿਊਨਿਸਟਾਂ ਦੇ ਆਜ਼ਾਦਾਨਾ ਜਨਆਧਾਰ ਨੂੰ ਖੋਰਾ ਲਾਇਆ। ਸੋਵੀਅਤ ਯੂਨੀਅਨ ਤੇ ਦੂਸਰੇ ਪੂਰਬੀ ਯੂਰਪ ਦੇ ਦੇਸ਼ਾਂ ਅੰਦਰ ਸਮਾਜਵਾਦੀ ਢਾਂਚਾ ਬਿਖਰਨ ਤੋਂ ਬਾਅਦ ਅਤੇ ਸਾਮਰਾਜ ਦੀਆਂ ਨਵਉਦਾਰਵਾਦੀ ਨੀਤੀਆਂ ਲਾਗੂ ਹੋਣ ਨਾਲ ਕਮਿਊਨਿਸਟਾਂ ਨਾਲ ਜੁੜੇ ਦਰਮਿਆਨੇ ਤਬਕਿਆਂ ਤੇ ਬੁੱਧੀਜੀਵੀਆਂ ਉਪਰ ਵੀ ਨਾਂਹ ਪੱਖੀ ਅਸਰ ਹੋਇਆ। ਕਮਿਊਨਿਸਟ ਲਹਿਰ ਵਿਚਲੀ ਆਪਸੀ ਫੁੱਟ ਨੇ ਵੀ ਕਮਿਊਨਿਸਟ ਲਹਿਰ ਸੰਗ ਜੁੜੇ ਲੋਕਾਂ ਤੇ ਹਮਦਰਦ ਹਲਕਿਆਂ ਅੰਦਰ ਕਾਫੀ ਨਿਰਾਸ਼ਤਾ ਪੈਦਾ ਕੀਤੀ ਤੇ ਇਸ ਲਹਿਰ ਨਾਲ ਜੁੜਨ ਤੋਂ ਨਵੇਂ ਨੌਜਵਾਨ ਤੇ ਬੁੱਧੀਜੀਵੀ ਕੰਨੀ ਕਤਰਾਉਣ ਲੱਗੇ। ਭਾਵੇਂ ਕਮਿਊਨਿਸਟ ਲਹਿਰ ਅੰਦਰ ਫੁੱਟ ਦੇ ਮੁੱਖ ਕਾਰਨ ਸਿਧਾਂਤਕ ਤੇ ਰਾਜਨੀਤਕ ਵੱਖਰੇਵੇਂ ਸਨ, ਪ੍ਰੰਤੂ ਜਨ ਸਧਾਰਣ ਤੱਕ ਇਨ੍ਹਾਂ ਮਤਭੇਦਾਂ ਦੀ ਅਸਲ  ਸਚਾਈ ਨਹੀਂ ਪੁੱਜੀ ਤੇ ਉਹ ਸਾਰੇ ਕਮਿਊਨਿਸਟ ਧੜਿਆਂ ਨੂੰ ਆਮ ਤੌਰ 'ਤੇ ਗੁਣ ਦੋਸ਼ਾਂ ਦੇ ਆਧਾਰ ਤੋਂ ਬਿਨਾਂ, 'ਕਮਿਊਨਿਸਟ' ਤੌਰ 'ਤੇ ਹੀ ਜਾਣਦੇ ਹਨ। ਫਿਰਕੂ ਸ਼ਕਤੀਆਂ ਦੇ ਪਸਾਰੇ ਤੇ ਹੋਰ ਵੰਡਵਾਦੀ, ਜਾਤੀਪਾਤੀ, ਵੱਖਰੀ ਪਹਿਚਾਣ ਬਣਾਉਣ ਲਈ ਉਠੀਆਂ ਲਹਿਰਾਂ ਨੇ ਸਭ ਤੋਂ ਵੱਧ ਨੁਕਸਾਨ ਕਮਿਊਨਿਸਟ ਲਹਿਰ ਦਾ ਹੀ ਕੀਤਾ ਹੈ।
ਇਨ੍ਹਾਂ ਸਾਰੀਆਂ ਔਕੜਾਂ ਤੇ ਦਰਪੇਸ਼ ਮੁਸ਼ਕਲਾਂ ਦੇ ਬਾਵਜੂਦ ਪੰਜਾਬ ਅੰਦਰਲੀ ਕਮਿਊਨਿਸਟ ਲਹਿਰ ਨੇ ਲੋਕਾਂ ਦੇ ਮਨਾਂ ਅੰਦਰ ਸੁਚੇਤ ਜਾਂ ਅਚੇਤ ਰੂਪ ਵਿਚ ਆਪਣੀ ਜਗ੍ਹਾ ਬਣਾਈ ਹੋਈ ਹੈ। ਇਸੇ ਕਰਕੇ ਜਦੋਂ ਵੀ ਕਿਸੇ ਕਮਿਊਨਿਸਟ ਪਾਰਟੀ ਜਾਂ ਖੱਬੇ ਪੱਖੀ ਜਨਤਕ ਜਥੇਬੰਦੀਆਂ ਨੇ ਗੰਭੀਰਤਾ ਨਾਲ ਹਾਕਮ ਜਮਾਤਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਅਤੇ ਲੋਕਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਕੋਈ ਸੰਘਰਸ਼ ਵਿੱਢਿਆ ਹੈ, ਕਿਰਤੀ ਲੋਕਾਂ ਦਾ ਇਨ੍ਹਾਂ ਨੂੰ ਭਰਪੂਰ ਸਮਰਥਨ ਮਿਲਿਆ ਹੈ। ਅੱਜ ਵੀ ਪੰਜਾਬ ਦੀਆਂ ਕਮਿਊਨਿਸਟ ਪਾਰਟੀਆਂ ਸਮੇਤ ਹੋਰ ਖੱਬੀਆਂ ਸ਼ਕਤੀਆਂ ਅਤੇ ਵੱਖ ਵੱਖ ਵਰਗਾਂ ਦੇ ਜਨ-ਸੰਗਠਨ ਇਕਮੁੱਠ ਹੋ ਕੇ ਜਦੋਂ ਕੋਈ ਜਨਤਕ ਸੰਘਰਸ਼ ਕਰਦੇ ਹਨ, ਤਦ ਜਨ ਸਧਾਰਣ ਦੀ ਇਨ੍ਹਾਂ ਘੋਲਾਂ ਵਿਚ ਸ਼ਮੂਲੀਅਤ ਉਤਸ਼ਾਹਜਨਕ ਹੁੰਦੀ ਹੈ। ਲੋਕ ਆਪ ਮੁਹਾਰੇ ਹੀ ਕਹਿ ਉਠਦੇ ਹਨ ਕਿ ''ਜੇਕਰ ਅੱਜ ਵੀ ਸਾਰੇ ਲਾਲ ਝੰਡੇ ਵਾਲੇ ਇਕੱਠੇ ਹੋ ਜਾਣ ਤਦ ਇਹ ਰਾਜ ਕਰਦੀਆਂ ਸਾਰੀਆਂ ਲੋਕ ਵਿਰੋਧੀ ਪਾਰਟੀਆਂ ਨੂੰ ਤਕੜੀ ਹਾਰ ਦੇ ਸਕਦੇ ਹਨ।'' ਪੰਜਾਬ ਦੇ ਬੁੱਧੀਜੀਵੀ ਹਲਕੇ ਤੇ ਸਥਾਨਕ ਪ੍ਰੈਸ ਵੀ ਕਮਿਊਨਿਸਟਾਂ ਦੀ ਵਧਦੀ ਤਾਕਤ ਨੂੰ ਦੇਖ ਕੇ ਇਸਦਾ ਆਮ ਤੌਰ 'ਤੇ ਹਾਂ ਪੱਖੀ ਨੋਟਿਸ ਲੈਂਦੀ ਹੈ।
ਇਸ ਬਾਰੇ ਤਾਂ ਕੋਈ ਭੁਲੇਖਾ ਨਹੀਂ ਹੈ ਕਿ ਤੱਤਕਾਲੀ ਤੌਰ 'ਤੇ ਸਾਰੀਆਂ ਕਮਿਊਨਿਸਟ ਪਾਰਟੀਆਂ ਤੇ ਧੜੇ ਆਪੋ ਆਪਣੀ ਹੋਂਦ ਖਤਮ ਕਰਕੇ ਇਕ ਪਾਰਟੀ ਵਿਚ ਸੰਮਿਲਤ ਹੋ ਜਾਣ, ਇਹ ਇਕ ਸਿਰਫ ਚੰਗੀ ਪ੍ਰੰਤੂ ਗੈਰ ਯਥਾਰਥਵਾਦੀ ਖਾਹਿਸ਼ ਜਾਪਦੀ ਹੈ। ਇਹੀ ਗੱਲ ਵੱਖ ਵੱਖ ਜਮਾਤਾਂ ਦੀਆਂ ਜਨਤਕ ਜਥੇਬੰਦੀਆਂ ਉਪਰ ਵੀ ਢੁਕਦੀ ਹੈ। ਪ੍ਰੰਤੂ ਸੰਘਰਸ਼ਾਂ ਦੇ ਅਮਲਾਂ ਤੇ ਜਮਹੂਰੀ ਪ੍ਰਕ੍ਰਿਰਿਆ ਵਿਚ ਵੱਖ ਵੱਖ ਕਮਿਊਨਿਸਟਾਂ ਤੇ ਦੂਸਰੇ ਖੱਬੇ ਧੜਿਆਂ ਨੂੰ ਇਕੱਠਿਆਂ ਹੋਣ ਵਿਚ ਕਿਹੜੀਆਂ ਔਕੜਾਂ ਦਰਪੇਸ਼ ਹਨ ਜਾਂ ਉਨ੍ਹਾਂ ਲਈ ਕੌਣ ਜ਼ਿੰਮੇਵਾਰ ਹੈ, ਬਾਰੇ ਸਦਭਾਵਨਾ ਤੇ ਕਮਿਊਨਿਸਟ ਭਾਵਨਾ ਅਧੀਨ ਆਪਸੀ ਵਿਚਾਰ ਵਟਾਂਦਰਾ ਤੇ ਲਿਖਤੀ ਬਹਿਸ ਛੇੜੀ ਜਾ ਸਕਦੀ ਹੈ। ਇਸ ਬਹਿਸ ਨਾਲ ਜਨ ਸਧਾਰਣ ਨੂੰ ਵੀ ਕਮਿਊਨਿਸਟ ਲਹਿਰ ਦੇ ਇਕਜੁਟ ਹੋਣ ਜਾਂ ਘੱਟੋ ਘੱਟ ਸਾਂਝੇ ਸੰਘਰਸ਼ ਕਰਨ ਤੋਂ ਆਨਾਕਾਨੀ ਕਰਨ ਵਾਲੀਆਂ ਧਿਰਾਂ ਦੀ ਜਾਣਕਾਰੀ ਮਿਲ ਸਕਦੀ ਹੈ ਤੇ ਉਹ ਆਪਣੇ ਪਾਰਟੀ ਜਾਂ ਜਨਤਕ ਸੰਗਠਨਾਂ ਦੇ ਆਗੂਆਂ ਨੂੰ ਘੱਟੋ ਘੱਟ ਮੁੱਦਿਆਂ ਉਪਰ ਅਧਾਰਤ ਏਕਤਾ ਤੇ ਸੰਘਰਸ਼ ਕਰਨ ਲਈ ਮਜ਼ਬੂਰ ਕਰ ਸਕਦੇ ਹਨ। ਲੋਕਾਂ ਵਿਚਕਾਰ ਇਨ੍ਹਾਂ ਬਹਿਸਾਂ ਤੋਂ ਕਮਿਊਨਿਸਟਾਂ ਨੂੰ ਵੀ ਆਪਣੀਆਂ ਗਲਤੀਆਂ ਨੂੰ ਸੁਧਾਰਨ ਦਾ ਮੌਕਾ ਮਿਲ ਸਕਦਾ ਹੈ।
ਵੱਖ ਵੱਖ ਸੰਘਰਸ਼ਾਂ ਦੇ ਰੂਪਾਂ ਵਿਚੋਂ ਮੌਜੂਦਾ ਜਮਹੂਰੀ ਪ੍ਰਣਾਲੀ ਵਿਚ ਚੋਣ ਘੋਲ ਵੀ ਇਕ ਮਹੱਤਵਪੂਰਨ ਘੋਲ ਹੈ। ਜਿਹੜੀਆਂ ਵੀ ਕਮਿਊਨਿਸਟ ਪਾਰਟੀਆਂ ਜਾਂ ਖੱਬੇ ਪੱਖੀ ਧੜੇ ਕਿਰਤੀ ਲੋਕਾਂ ਦੇ ਬਹੁਤ ਸਾਰੇ ਸਵਾਲਾਂ ਬਾਰੇ ਸਾਂਝੀਆਂ ਲੜਾਈਆਂ ਲੜਦੇ ਹਨ ਕਈ ਵਾਰ ਉਹ ਵੀ ਚੋਣਾਂ ਵਿਚ ਸਾਂਝੀ ਰਣਨੀਤੀ ਬਣਾਕੇ ਸਾਂਝਾ ਮੋਰਚਾ ਨਹੀਂ ਬਣਾਉਂਦੇ। ਇਸ ਵਿਚ ਵੱਖ-ਵੱਖ ਰਾਜਨੀਤਕ ਦਲਾਂ ਦੇ ਪਾਰਟੀ ਪ੍ਰੋਗਰਾਮਾਂ ਅਤੇ ਅੰਤਮ ਨਿਸ਼ਾਨੇ ਦੀ ਪ੍ਰਾਪਤੀ ਦੇ ਢੰਗਾਂ ਨਾਲੋਂ ਚੋਣਾਂ ਦੌਰਾਨ ਸਾਂਝਾ ਦੁਸ਼ਮਣ ਮਿਥਣ ਤੇ ਉਸ ਵਿਰੁੱਧ ਬੱਝਵੀਂ ਤੇ ਸਪੱਸ਼ਟ ਲੜਾਈ ਦੇਣ ਬਾਰੇ ਮਤਭੇਦ ਮੁੱਖ ਰੁਕਾਵਟ ਹਨ। ਕੋਈ ਧਿਰ ਭਾਜਪਾ-ਅਕਾਲੀ ਦਲ ਗਠਜੋੜ, ਕਾਂਗਰਸ ਤੇ 'ਆਪ' ਦੇ ਵਿਰੋਧ ਵਿਚ ਸਾਰੀਆਂ ਖੱਬੀਆਂ ਧਿਰਾਂ ਦੀ ਏਕਤਾ ਅਤੇ ਚੋਣਾਂ 'ਚ ਘੱਟੋ ਘੱਟ ਸਾਂਝੇ ਪ੍ਰੋਗਰਾਮ ਬਣਾ ਕੇ ਚੋਣ ਘੋਲ ਵਿਚ ਕੁਦਣ ਦੀ ਵਕਾਲਤ ਕਰਦੇ ਹਨ ਤੇ ਕਈ ਦੂਸਰੀਆਂ ਧਿਰਾਂ ਚੋਣਾਂ ਵਿਚ ਉਪਰੋਕਤ ਰਾਜਨੀਤਕ ਧਿਰਾਂ ਵਿਚੋਂ ਕਿਸੇ ਇਕ ਜਾਂ ਦੋਵਾਂ ਨੂੰ ਦੁਸ਼ਮਣ ਕਰਾਰ ਦੇ ਕੇ ਤੀਸਰੇ ਰਾਜਨੀਤਕ ਦਲ ਨਾਲ ਸਾਂਝਾ ਪਾਉਣ ਨੂੰ ਤਰਜੀਹ ਦਿੰਦੇ ਹਨ। ਇਸ ਮਤਭੇਦ ਨੂੰ ਖਤਮ ਕਰਨ ਲਈ ਸਰਮਾਏਦਾਰ-ਜਗੀਰਦਾਰ ਰਾਜਨੀਤਕ ਪਾਰਟੀਆਂ ਦੇ ਸ਼ਾਸਨ ਕਾਲ ਦੌਰਾਨ ਉਨ੍ਹਾਂ ਦੇ ਪਿਛਲੇ ਕਿਰਦਾਰ, ਅਪਣਾਈਆਂ ਗਈਆਂ ਆਰਥਿਕ ਤੇ ਰਾਜਨੀਤਕ ਨੀਤੀਆਂ ਤੇ ਕਮਿਊਨਿਸਟ ਲਹਿਰ ਦੇ ਇਨ੍ਹਾਂ ਪ੍ਰਤੀ ਅਪਣਾਏ ਵਤੀਰੇ ਦੇ ਨਤੀਜੇ ਵਜੋਂ ਕਮਿਊਨਿਸਟਾਂ ਦੇ ਜਨ ਅਧਾਰ ਵਿਚ ਹੋਏ ਵਾਧੇ ਜਾਂ ਨੁਕਸਾਨ ਵਰਗੇ ਨਿਕਲੇ ਸਿੱਟਿਆਂ ਨੂੰ ਆਧਾਰ ਬਣਾਇਆ ਜਾ ਸਕਦਾ ਹੈ ਤੇ ਭਵਿੱਖੀ ਦਰੁਸਤ ਦਾਅਪੇਚ ਘੜੇ ਜਾ ਸਕਦੇ ਹਨ। ਮੈਂ ਨਾਂ ਮਾਨੂੰ, ਕਿਸੇ ਧਿਰ ਲਈ ਵੀ ਹਾਨੀਕਾਰਕ ਹੈ। ਮਾਓਵਾਦੀ ਮੌਜੂਦਾ ਹਾਲਤਾਂ ਵਿਚ ਜਮਹੂਰੀ ਪ੍ਰਕਿਰਿਆ ਵਿਚ ਹਿੱਸਾ ਲੈਣ ਨੂੰ ਹੀ ਨਕਾਰਦੇ ਹਨ। ਉਹ ਸਿਰਫ ਜਨਤਕ ਸਰਗਰਮੀਆਂ ਦੇ ਨਾਲ ਨਾਲ 'ਹਥਿਆਰਬੰਦ' ਘੋਲ ਨੂੰ ਹੀ ਇਕ ਮਾਤਰ 'ਇਨਕਲਾਬੀ ਘੋਲ' ਸਮਝਦੇ ਹਨ। ਇਸ ਲਈ ਉਨ੍ਹਾਂ ਨਾਲ ਚੋਣ ਪ੍ਰਕਿਰਿਆ ਜਾਂ ਮੌਜੂਦਾ ਜਮਹੂਰੀ ਢਾਂਚੇ ਵਿਚ ਕਿਸੇ ਕਿਸਮ ਦੀ ਸਾਂਝ ਪਾਉਣ ਦਾ ਸਵਾਲ ਹੀ ਖੜ੍ਹਾ ਨਹੀਂ ਹੁੰਦਾ।
ਕੁਝ ਕਮਿਊਨਿਸਟ ਧੜੇ ਰਾਜਨੀਤਕ ਤੌਰ ਤੇ ਗੁਪਤਵਾਸ (Under Ground) ਰਹਿਕੇ ਗੁਪਤ ਰਾਜਨੀਤਕ ਸਰਗਰਮੀਆਂ ਕਰਦੇ ਹਨ, ਜਿਨ੍ਹਾਂ ਦਾ ਉਨ੍ਹਾਂ ਦੇ ਪਾਰਟੀ ਮੈਂਬਰਾਂ ਤੋਂ ਬਿਨਾਂ ਕਿਸੇ ਦੂਸਰੇ ਨੂੰ ਕੋਈ ਗਿਆਨ ਨਹੀਂ ਹੁੰਦਾ। ਪ੍ਰੰਤੂ ਇਹ ਗੁਪਤਵਾਸ ਕਮਿਊਨਿਸਟ ਪਾਰਟੀਆਂ ਜਾਂ ਧੜੇ, ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਆਦਿ ਵਰਗਾਂ ਵਿਚ ਖੁਲ੍ਹੀਆਂ ਜਥੇਬੰਦੀਆਂ ਬਣਾ ਕੇ  ਜਨਤਕ ਸਰਗਰਮੀਆਂ ਕਰਦੇ ਹਨ। ਕਈ ਵਾਰ ਇਹ ਜਥੇਬੰਦੀਆਂ ਆਜ਼ਾਦਾਨਾ ਤੌਰ 'ਤੇ ਜਨਤਕ ਐਕਸ਼ਨ ਕਰਦੀਆਂ ਹਨ ਅਤੇ ਅਨੇਕਾਂ ਵਾਰ ਇਹ ਦੂਸਰੇ ਵਿਚਾਰਾਂ ਦੇ ਵੱਖ ਵੱਖ ਸੰਗਠਨਾਂ ਨਾਲ ਮਿਲਕੇ ਸਾਂਝੀਆਂ ਜਨਤਕ ਕਾਰਵਾਈਆਂ ਵੀ ਕਰਦੀਆਂ ਹਨ। ਇਸ ਤਰ੍ਹਾਂ ਦੀ ਕੰਮ ਵਿਧੀ ਨਾਲ ਇਹਨਾਂ ਜਨਤਕ ਜਥੇਬੰਦੀਆਂ ਦਾ ਲੋਕਾਂ ਨੂੰ ਨਜ਼ਰ ਆਉਣ ਵਾਲਾ ਚੌਖਾ ਜਨ ਆਧਾਰ ਵੀ  ਉਸਰਿਆ ਹੈ। ਲਾਜ਼ਮੀ ਤੌਰ ਤੇ ਅਜਿਹੀਆਂ ਜਨਤਕ ਜਥੇਬੰਦੀਆਂ ਕਿਸੇ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀ ਸਰਕਾਰ ਦੇ ਪੰਜ ਸਾਲਾਂ ਦੇ ਕਾਰਜ ਕਾਲ ਦੌਰਾਨ ਉਨ੍ਹਾਂ ਦੀਆਂ ਲੋਕ ਵਿਰੋਧੀ ਆਰਥਿਕ ਤੇ ਰਾਜਨੀਤਕ ਨੀਤੀਆਂ ਵਿਰੁੱਧ ਘੋਲ ਕਰਦੇ ਹੋਏ ਹਾਕਮ ਜਮਾਤਾਂ ਦੇ ਆਗੂਆਂ ਤੇ ਸਰਕਾਰਾਂ ਵਿਰੁੱਧ ਜਨ ਸਮੂਹਾਂ ਵਿਚ ਇਕ ਜਮਾਤੀ ਨਫਰਤ ਤੇ ਜਮਾਤੀ ਚੇਤਨਾ ਦੀ ਚਿੰਗਾਰੀ ਮਘਾਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਘੋਲਾਂ ਵਿਚ ਅਨੇਕਾਂ ਵਾਰੀ ਸੰਘਰਸ਼ ਕਰ ਰਹੇ ਸਾਰੇ ਸੰਗਠਨਾਂ ਦੇ ਖਿਲਾਫ ਪੁਲਸ ਜਬਰ ਵੀ ਹੁੰਦਾ ਹੈ ਤੇ ਸਾਂਝੀਆਂ ਜਨਤਕ ਕਾਰਵਾਈਆਂ ਨਾਲ ਪੰਜਾਬ ਦੇ ਕਿਰਤੀ ਸਮੂਹਾਂ ਨੂੰ ਬਹੁਤ ਸਾਰੀਆਂ ਆਰਥਿਕ ਤੇ ਰਾਜਨੀਤਕ ਪ੍ਰਾਪਤੀਆਂ ਵੀ ਹੁੰਦੀਆਂ ਹਨ।
ਹਾਕਮ ਜਮਾਤਾਂ ਦੀਆਂ ਇਨ੍ਹਾਂ ਲੋਕ ਮਾਰੂ ਤੇ ਸਾਮਰਾਜ ਪੱਖੀ ਨੀਤੀਆਂ ਦੇ ਮੁਕਾਬਲੇ ਵਿਚ ਕੋਈ ਲੋਕ ਪੱਖੀ ਤੇ ਅਗਾਂਹਵਧੂ ਰਾਜਨੀਤਕ ਮੁਤਬਾਦਲ ਉਸਾਰਨ ਦੀ ਲੋੜ ਹਰ ਸਮਾਜਿਕ ਤਬਦੀਲੀ ਲਈ ਸੁਹਿਰਦ ਵਿਅਕਤੀ ਤੇ ਸੰਗਠਨ ਦਾ ਮਕਸਦ ਹੋਣਾ ਚਾਹੀਦਾ ਹੈ। ਪ੍ਰੰਤੂ ਜਦੋਂ ਗੁਪਤਵਾਸ ਰਾਜਨੀਤਕ ਜਥੇਬੰਦੀ ਦੀ ਦਿਸ਼ਾ ਨਿਰਦੇਸ਼ਨ ਅਨੁਸਾਰ ਖੁਲ੍ਹੀਆਂ ਜਨਤਕ ਸਰਗਰਮੀਆਂ ਵਿਚ ਲੱਗੇ ਮਿਹਨਤਕਸ਼ ਲੋਕਾਂ ਨੂੰ ਚੋਣਾਂ ਦੌਰਾਨ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਵੋਟ ਦੇਣ ਦੀ ਖੁਲ੍ਹ ਦੇ ਦਿੱਤੀ ਜਾਂਦੀ ਹੈ (ਕੁੱਝ ਵੱਡੇ ਤੇ ਨਾਮਵਰ ਆਗੂਆਂ ਨੂੰ ਛੱਡ ਕੇ) ਤਦ ਕੁਦਰਤੀ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਜਮਾਤੀ ਕਤਾਰਬੰਦੀ ਤੇ ਵਿਗਿਅਨਕ ਜਮਾਤੀ ਚੇਤਨਾ ਨੂੰ ਤਿਆਗ ਕੇ ਲੋਟੂ ਰਾਜਸੀ ਦਲਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦੇਣਾ, ਸਿਆਸੀ ਖੁਦਕਸ਼ੀ ਕਰਨ ਵਾਲਾ ਕਦਮ ਹੈ। ਇਹ ਤਾਂ ਹੋ ਸਕਦਾ ਹੈ ਕਿ ਗੁਪਤਵਾਸ ਰਾਜਨੀਤਕ ਜਥੇਬੰਦੀ ਪਿਛਲੇ ਤਜ਼ਰਬਿਆਂ ਦੇ ਆਧਾਰ ਉਤੇ ਲੁਟੇਰੀਆਂ ਜਮਾਤਾਂ ਦੀਆਂ ਪਾਰਟੀਆਂ ਨੂੰ ਵੋਟ ਨਾ ਪਾਉਣ (ਚੋਣਾਂ ਦਾ ਬਾਈਕਾਟ ਕਰਨ) ਦਾ ਸੱਦਾ ਦੇ ਦੇਣ (ਹੁਣ 'ਨੋਟਾ' ਦਾ ਬਟਨ ਦਬਾ ਕੇ ਕਿਸੇ ਵੀ ਰਾਜਨੀਤਕ ਧਿਰ ਦੇ ਬਾਈਕਾਟ ਦੇ ਸੱਦੇ ਦੀ ਮਾਤਰਾ ਨੂੰ ਮਾਪਿਆ ਜਾ ਸਕਦਾ ਹੈ)। ਸ਼ਾਇਦ ਉਹ ਅਜਿਹਾ ਇਸ ਲਈ ਨਹੀਂ ਕਰਦੇ ਕਿ ਉਨ੍ਹਾਂ ਦੇ ਜਨਤਕ ਜਥੇਬੰਦੀਆਂ ਦੇ ਨਜ਼ਰੀਏ ਤੋਂ ਦਿਸਦੇ ਜਨਆਧਾਰ ਤੋਂ ਵੋਟ ਬਾਈਕਾਟ ਕਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਹੋਣ ਨਾਲ ਉਨ੍ਹਾਂ ਦਾ ਰਾਜਨੀਤਕ ਕੱਦ ਨੀਵਾਂ ਹੋ ਜਾਵੇਗਾ। ਇਹ ਬਹੁਤ ਹੀ ਨਿਕ ਬੁਰਜ਼ੂਆ ਸੋਚ ਹੈ ਤੇ ਆਪਣੀ ਕਮਜ਼ੋਰੀ ਨੂੰ ਗਲਤ ਢੰਗ ਨਾਲ ਛੁਪਾਉਣ ਦਾ ਯਤਨ ਹੈ। ਇਹ ਇਕ ਤਲਖ ਹਕੀਕਤ ਹੈ ਕਿ ਅਜਿਹੀਆਂ ਜਨਤਕ ਜਥੇਬੰਦੀਆਂ ਦਾ ਵੱਡਾ ਜਨ ਆਧਾਰ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਜਾਂ ਕਿਸੇ ਹੋਰ ਸਰਮਾਏਦਾਰ ਪਾਰਟੀ (ਹੁਣ ਆਪ) ਦੇ ਹੱਕ ਵਿਚ ਭੁਗਤ ਜਾਂਦਾ ਹੈ ਕਿਉਂਕਿ ਉਸਦੇ ਆਗੂ ਅਜਿਹਾ ਕਰਨ ਤੋਂ ਉਨ੍ਹਾਂ ਨੂੰ ਨਹੀਂ ਵਰਜਦੇ।
ਦੂਸਰਾ ਢੰਗ ਇਹ ਹੋ ਸਕਦਾ ਹੈ ਕਿ ਗੁਪਤਵਾਸ ਰਾਜਸੀ ਜਥੇਬੰਦੀਆਂ ਆਪਣੇ ਪ੍ਰਭਾਵ ਹੇਠਲੀਆਂ ਜਨਤਕ ਜਥੇਬੰਦੀਆਂ ਦੇ ਜਨ ਅਧਾਰ ਨੂੰ ਚੋਣਾਂ 'ਚ ਕਿਸੇ ਖੱਬੀ ਧਿਰ ਦੇ ਹੱਕ ਵਿਚ ਭੁਗਤਣ ਦਾ ਪੈਂਤੜਾ ਲੈਣ, ਜਿਸ ਨਾਲ ਘੱਟੋ ਘੱਟ ਹੁਕਮਰਾਨ ਲੋਟੂ ਟੋਲੇ ਨੂੰ ਤਾਂ ਸੱਟ ਮਾਰੀ ਜਾ ਸਕੇਗੀ ਤੇ ਖੱਬੀਆਂ ਤੇ ਇਨਕਲਾਬੀ ਧਿਰਾਂ ਦੇ ਜਨ ਅਧਾਰ ਨੂੰ ਇਕਮੁੱਠ ਤੇ ਕਾਇਮ ਰੱਖਿਆ ਜਾ ਸਕੇਗਾ। ਇਸ ਨਾਲ ਹਾਕਮ ਧਿਰਾਂ ਦੇ ਵਿਰੋਧ ਵਿਚ ਖੜੀਆਂ ਤੇ ਸੰਘਰਸ਼ ਕਰ ਰਹੀਆਂ ਧਿਰਾਂ ਦੀ ਸਪੱਸ਼ਟ ਕਤਾਰਬੰਦੀ ਵੀ ਹੋਵੇਗੀ। ਜਦੋਂ ਗੁਪਤਵਾਸ ਜਥੇਬੰਦੀਆਂ ਦੇ ਆਗੂ ਇਹ ਨਾਅਰਾ ਦਿੰਦੇ ਹਨ ਕਿ ''ਸਰਕਾਰਾਂ ਤੋਂ ਨਾ ਝਾਕ ਕਰੋ-ਆਪਣੀ ਰਾਖੀ ਆਪ ਕਰੋ'' ਤਦ ਇਸ ਕਥਨ ਦੇ ਵੀ ਦੋਹਰੇ ਅਰਥ ਹਨ। ਇਕ ਤਾਂ ਇਹ ਨਾਅਰਾ ਲੋਕਾਂ ਨੂੰ ਆਪ ਇਕਜੁਟ ਹੋ ਕੇ ਹੱਕਾਂ ਦੀ ਰਾਖੀ ਲਈ ਸੰਘਰਸ਼ ਦਾ ਸੱਦਾ ਹੈ ਤੇ ਦੂਸਰਾ ਇਸਦਾ ਮਤਲਬ ਇਹ ਵੀ ਹੈ ਕਿ ਕਿਰਤੀ ਲੋਕਾਂ ਨੇ ਕਦੀ ਵੀ ਰਾਜ ਸੱਤਾ ਦੀ ਵਾਗਡੋਰ ਆਪਣੇ ਹੱਥਾਂ ਵਿਚ ਨਹੀਂ ਲੈ ਸਕਣੀ, ਇਹ ਸਿਰਫ ਲੋਟੂ ਜਮਾਤਾਂ ਦੀ ਹੀ ਜਗੀਰ ਹੈ। ਦੂਸਰੇ ਅਰਥਾਂ ਵਿਚ ਇਹ ਜਨ ਸਧਾਰਣ ਦੇ ਗੈਰ-ਰਾਜਸੀਕਰਨ ਵਾਲਾ ਨਾਅਰਾ ਵੀ ਸਿੱਧ ਹੋ ਸਕਦਾ ਹੈ।
ਅਸੀਂ ਉਪਰੋਕਤ ਰਾਇ ਕਿਸੇ ਰਾਜਸੀ ਧਿਰ ਦੀ ਨਿੰਦਿਆ ਕਰਨ ਜਾਂ ਨੀਵਾਂ ਦਿਖਾਉਣ ਦੇ ਮਨਸ਼ੇ ਨਾਲ ਨਹੀਂ, ਸਗੋਂ ਇਕ ਮਿੱਤਰ ਰਾਜਨੀਤਕ ਧਿਰ ਵਜੋਂ ਨਿਮਰਤਾ ਸਹਿਤ ਦੇ ਰਹੇ ਹਾਂ। ਜੇਕਰ ਇਸਤੋਂ ਕੋਈ ਹੋਰ ਚੰਗਾ ਰਾਜਨੀਤਕ ਰਾਹ ਹੋਵੇਗਾ ਤਾਂ ਅਸੀਂ ਉਸ ਬਾਰੇ ਵੀ ਵਿਚਾਰ ਕਰ ਸਕਦੇ ਹਾਂ। ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੀ 'ਜਮਾਤੀ ਚੇਤਨਾ' ਰਾਜਨੀਤਕ ਸਰਗਰਮੀਆਂ ਵਿਚ ਹਿੱਸਾ ਲਏ ਬਿਨਾਂ ਆਪਣੇ ਆਪ ਹੀ ਇਕ 'ਇਨਕਲਾਬੀ ਸੰਗਠਨ' ਵਿਚ ਤਬਦੀਲ ਨਹੀਂ ਹੋ ਸਕਦੀ ਤੇ ਨਾ ਹੀ ਘੋਲਾਂ ਵਿਚ ਕੁੱਦੇ ਮਜ਼ਦੂਰ-ਕਿਸਾਨ ਤੇ ਹੋਰ ਮਿਹਨਤੀ ਵਰਗ ਆਪਣੇ ਤਜ਼ਰਬਿਆਂ ਦਾ ਕੋਈ ਜਮਾਂ ਕੀਤੀ ਰਾਸ਼ੀ (Fixed Deposit) ਹੀ ਕਰਾ ਸਕਦੇ ਹਨ। ਉਨ੍ਹਾਂ ਦੇ ਤੁਰ  ਜਾਣ ਤੋਂ ਬਾਅਦ, ਨਵੀਂ ਪੀੜ੍ਹੀ, ਜਿਹੜੀ ਉਨ੍ਹਾਂ ਦੀ ਥਾਂ ਲਵੇਗੀ ਨੂੰ ਮੁੜ ਉਨ੍ਹਾਂ ਹੀ ਤਜ਼ਰਬਿਆਂ ਵਿਚ ਪਾਈ ਰੱਖਣਾ ਸਮਾਜਿਕ ਪਰਿਵਰਤਨ ਦੀ ਲਹਿਰ ਨੂੰ ਅੱਗੇ ਨਹੀਂ ਵਧਾ ਸਕਦਾ।
ਅਜੋਕੇ ਸਮੇਂ ਦੀ ਵੱਡੀ ਲੋੜ ਹੈ ਕਿ ਹਾਕਮ ਜਮਾਤਾਂ ਦੀਆਂ ਵੱਖ ਵੱਖ ਪਾਰਟੀਆਂ ਭਾਜਪਾ, ਕਾਂਗਰਸ, ਅਕਾਲੀ ਦਲ,  ਆਪ ਆਦਿ ਵਿਰੁੱਧ ਚੋਣ ਘੋਲ (ਜੋ  ਸਮੁੱਚੇ ਜਮਾਤੀ ਸੰਘਰਸ਼ ਦਾ ਦੂਜੀਆਂ ਘੋਲ ਵੰਨਗੀਆਂ ਵਾਂਗ ਹੀ ਇਕ ਭਾਗ ਹੈ) ਵਿਰੁੱਧ ਸਾਰੀਆਂ ਕਮਿਊਨਿਸਟ ਤੇ ਖੱਬੀਆਂ ਧਿਰਾਂ ਇਕ ਮੰਚ ਉਪਰ ਆ ਕੇ ਚੋਣ ਦੰਗਲ ਵਿਚ ਕੁੱਦਣ। ਵਿਚਾਰਾਂ ਦੀ ਭਿੰਨਤਾ ਰੱਖਦੇ ਹੋਏ ਸਾਂਝੇ ਮੁੱਦੇ ਟਟੋਲੇ ਜਾ ਸਕਦੇ ਹਨ, ਜੋ ਇਸ ਏਕੇ ਦਾ ਅਧਾਰ ਬਣ ਸਕਦੇ ਹਨ। ਅਜਿਹੀ ਏਕਤਾ ਉਨ੍ਹਾਂ ਲੋਕਾਂ ਦਾ ਵੀ ਮੂੰਹ ਬੰਦ ਕਰੇਗੀ, ਜੋ ਇਹ ਕਹਿਕੇ ਠਹਾਕੇ ਲਗਾ ਰਹੇ ਹਨ ਕਿ ਮਾਰਕਸਵਾਦ-ਲੈਨਿਨਵਾਦ ਹੁਣ ਗੈਰ ਪ੍ਰਸੰਗਿਕ ਹੋ ਗਿਆ ਹੈ ਤੇ ਕਮਿਊਨਿਸਟ ਧਿਰਾਂ ਪੂਰੀ ਤਰ੍ਹਾਂ ਹਾਸ਼ੀਏ 'ਤੇ ਚਲੀਆਂ ਗਈਆਂ ਹਨ। ਇਤਿਹਾਸ ਦਾ ਪਹੀਆ 'ਪੂੰਜੀਵਾਦ' ਉਪਰ ਜਾ ਕੇ ਨਹੀਂ ਰੁਕਦਾ, ਬਲਕਿ ਜਮਾਤ ਰਹਿਤ ਤੇ ਲੁੱਟ ਖਸੁੱਟ ਤੋਂ ਮੁਕਤ ਸਮਾਜ ਹੀ ਇਤਿਹਾਸ ਦੀ ਸਭ ਤੋਂ ਉਪਰਲੀ ਟੀਸੀ ਹੈ।

No comments:

Post a Comment