ਮੈਂ ਤਾਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ!
ਪੰਜਾਬੀ ਮਾਂ ਬੋਲੀ ਦੀ ਝੋਲੀ 'ਮੜ੍ਹੀ ਦਾ ਦੀਵਾ', 'ਅੰਨ੍ਹੇ ਘੋੜੇ ਦਾ ਦਾਨ', 'ਅਣਹੋਏ' ਜਿਹੀਆਂ ਬੇਸ਼ਕੀਮਤੀ ਸਾਹਿਤਕ ਕਿਰਤਾਂ ਨਾਲ ਲਬਾਲਬ ਭਰਨ ਵਾਲੇ ਗਿਆਨ ਪੀਠ ਇਨਾਮ ਜੇਤੂ, ਪਦਮਸ਼੍ਰੀ ਪ੍ਰੋਫੈਸਰ ਗੁਰਦਿਆਲ ਸਿੰਘ ਸਾਡੇ ਦਰਮਿਆਨ ਨਹੀਂ ਰਹੇ। ਉਨ੍ਹਾਂ ਦੀਆਂ ਮਾਨਵੀ ਪਿਆਰ ਨਾਲ ਭਰਪੂਰ ਰਚਨਾਵਾਂ ਦਾ ਨਾ ਕੇਵਲ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਬਲਕਿ ਸੰਸਾਰ ਦੀਆਂ ਅਨੇਕਾਂ ਭਾਸ਼ਾਵਾਂ ਵਿਚ ਅਨੁਵਾਦ ਹੋਇਆ, ਇਸੇ ਲਈ ਉਨ੍ਹਾਂ ਨੂੰ ਸੰਸਾਰ ਪ੍ਰਸਿੱਧ ਪੰਜਾਬੀ ਸਾਹਿਤਕਾਰ ਕਿਹਾ ਜਾਂਦਾ ਹੈ। ਪ੍ਰੋਫੈਸਰ ਸਾਹਿਬ ਦੀਆਂ ਰਚਨਾਵਾਂ 'ਤੇ ਅਧਾਰਿਤ ਬਣੀਆਂ ਅਨੇਕਾਂ ਫਿਲਮਾਂ ਦਾ ਕਲਾ ਸਿਨੇਮਾ ਦੇ ਆਦਰਸ਼ ਵਜੋਂ ਜਾਣੇ ਜਾਂਦੇ ਸੰਸਾਰ ਦੇ ਫਿਲਮ ਮੇਲਿਆਂ (ਫੈਸਟੀਵਲਜ਼) 'ਤੇ ਦਿਖਾਇਆ ਜਾਣਾ ਉਨ੍ਹਾਂ ਦੀਆਂ ਰਚਨਾਵਾਂ ਦੇ ਵਸੀਹ ਪ੍ਰਭਾਵ ਦਾ ਲਖਾਇਕ ਹੈ। ਸਾਡੀ ਜਾਚੇ ਪ੍ਰੋਫੈਸਰ ਸਾਹਿਬ ਦੀਆਂ ਰਚਨਾਵਾਂ 'ਚ ਇਨਸਾਨੀ ਕਦਰਾਂ ਕੀਮਤਾਂ ਖਾਸਕਰ ਕਿਰਤੀ ਵਰਗਾਂ ਦੀਆਂ ਸਜੀਵ ਦੁਸ਼ਵਾਰੀਆਂ ਦਾ ਸੂਖਮ ਤੇ ਖੂਬਸੂਰਤ ਚਿੱਤਰਨ, ਦੂਜੇ ਸਾਹਿਤਕਾਰਾਂ ਨਾਲੋਂ ਇਸ ਕਰਕੇ ਬਿਹਤਰ ਹੈ ਕਿਉਂਕਿ ਉਹ ਅਜਿਹੇ ਜੀਵਨ ਦੇ ਕੇਵਲ ਦਰਸ਼ਕ (Spectator) ਹੀ ਨਹੀਂ ਸਨ, ਬਲਕਿ ਮਹਾਨ ਰੂਸੀ ਸਾਹਿਤਕਾਰ ਮੈਕਸਿਮ ਗੋਰਕੀ ਵਾਂਗ ਉਨ੍ਹਾਂ ਇਹ ਦੁਸ਼ਵਾਰੀਆਂ ਹੱਡੀਂ ਹੰਢਾਈਆਂ ਸਨ। ਉਨ੍ਹਾਂ ਨੂੰ ਨੇੜਿਓਂ ਜਾਣਨ ਵਾਲੇ ਅਤੇ ਉਨ੍ਹਾਂ ਦੀ ਮਾਰਮਿਕ ਸਵੈਜੀਵਨੀ ਦੇ ਪਾਠਕ ਇਸ ਤੱਥ ਤੋਂ ਭਲੀ ਭਾਂਤ ਜਾਣੂੰ ਹਨ ਕਿ ਪ੍ਰੋਫੈਸਰ ਸਾਹਿਬ ਨੇ ਆਪਣੇ ਬਚਪਨ ਵਿਚ ਕਿੰਨ੍ਹਾਂ ਦੁਸ਼ਵਾਰੀਆਂ ਤੋਂ ਲੰਘ ਕੇ ਆਪਣੇ ਆਪ ਨੂੰ ਜਿਉਂਦਾ ਰੱਖਿਆ। ਇਕ ਮਾਨਮੱਤੇ ਕਿਰਤੀ ਪਰਵਾਰ 'ਚ ਜਨਮੇ ਪ੍ਰੋਫੈਸਰ ਗੁਰਦਿਆਲ ਸਿੰਘ ਨੇ ਗੱਲੀ ਗੱਲੀ ਘੁੰਮਦਿਆਂ ਹੋਕੇ ਦੇ ਦੇ ਕੇ ਘਰਾਂ 'ਚ ਕੰਮ ਕੀਤਾ। ਅਜਿਹੇ ਮਨੁੱਖ ਦਾ ਤੁਰ ਜਾਣਾ ਸਾਡੇ ਸਭਨਾਂ ਲਈ ਅਤੀ ਦੁਖਦਾਈ ਹੈ ਪਰ ਉਨ੍ਹਾਂ ਦੀਆਂ ਰਚਨਾਵਾਂ ਅਤੇ ਜੀਵਨ ਸਾਨੂੰ ਚਾਨਣ ਦੀ ਤਲਾਸ਼ ਵਿਚ ਤੁਰਦੇ ਰਹਿਣ ਲਈ ਹਮੇਸ਼ਾ ਪ੍ਰੇਰਿਤ ਕਰਦੀਆਂ ਰਹਿਣਗੀਆਂ। ਅਸੀਂ 'ਸੰਗਰਾਮੀ ਲਹਿਰ' ਅਤੇ ਸੀ.ਪੀ.ਐਮ.ਪੰਜਾਬ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਹਾਂ।
ਸੋਮਾ ਤਾਂ ਸੋਮਾ ਹੀ ਸੀ!
ਮਹਾਨ ਸਾਥੀ ਲੈਨਿਨ ਦਾ ਕਥਨ ਹੈ ਕਿ ਇਨਕਲਾਬੀ ਹਾਲਾਤ ਵਿੱਚ ਅਨੇਕਾਂ ਲੋਕ ਬੜੀ ਤੇਜ਼ੀ ਨਾਲ ਲਹਿਰ ਦਾ ਹਿੱਸਾ ਬਣਦੇ ਹਨ, ਪਰ ਮਹਾਨ ਉਹ ਲੋਕ ਹੁੰਦੇ ਹਨ, ਜੋ ਇਨਕਲਾਬ ਲਈ ਸਾਜ਼ਗਾਰ ਹਾਲਾਤ ਨਾ ਹੋਣ ਦੇ ਬਾਵਜੂਦ ਇਨਕਲਾਬੀ ਲਹਿਰ ਦੀ ਉਸਾਰੀ 'ਚ ਜੁੱਟੇ ਰਹਿੰਦੇ ਹਨ। ਇਹ ਗੱਲ ਸਾਥੀ ਨਰਿੰਦਰ ਸੋਮੇ 'ਤੇ ਇੰਨ-ਬਿੰਨ ਢੁੱਕਦੀ ਹੈ, ਜੋ 27 ਜੁਲਾਈ ਨੂੰ 48 ਸਾਲ ਦੀ ਉਮਰ 'ਚ ਸਦੀਵੀ ਵਿਛੋੜਾ ਦੇ ਗਏ।
ਸਾਥੀ ਸੋਮਾ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਸਾਂਝੀ ਮੀਟਿੰਗ 'ਚ ਸ਼ਾਮਲ ਹੋਣ ਲਈ 25 ਜੁਲਾਈ ਨੂੰ ਸਰਦੂਲਗੜ੍ਹ ਤੋਂ ਮਾਨਸਾ ਆ ਰਹੇ ਸਨ, ਜਿੱਥੇ ਇੱਕ ਕਾਰ ਨਾਲ ਹੋਈ ਟੱਕਰ 'ਚ ਉਨ੍ਹਾ ਦੇ ਸਿਰ 'ਤੇ ਗੰਭੀਰ ਸੱਟ ਵੱਜੀ। ਇਲਾਜ ਲਈ ਪੀ ਜੀ ਆਈ ਚੰਡੀਗੜ੍ਹ ਵਿਖੇ ਵੀ ਲਿਜਾਇਆ ਗਿਆ, ਪਰ ਇਹ ਸੱਟ ਜਾਨਲੇਵਾ ਸਾਬਤ ਹੋਈ।
ਸਰਦੂਲਗੜ੍ਹ ਦੇ ਇਤਿਹਾਸ ਵਿੱਚ ਇਹ ਸ਼ਾਇਦ ਪਹਿਲਾ ਵਾਕਿਆ ਹੈ, ਜਦੋਂ ਕਿਸੇ ਸਿਆਸੀ ਸ਼ਖਸੀਅਤ, ਉਹ ਵੀ ਸਿਰਫ 48 ਸਾਲ ਦੀ ਛੋਟੀ ਉਮਰ ਦੇ ਆਗੂ ਦੀ ਅੰਤਮ ਯਾਤਰਾ 'ਚ ਸ਼ਮੂਲੀਅਤ ਲਈ ਕਾਰੋਬਾਰੀ ਭਾਈਚਾਰੇ ਨੇ ਸਵੈ-ਇੱਛਾ ਨਾਲ ਮੁਕੰਮਲ ਤੌਰ 'ਤੇ ਬਾਜ਼ਾਰ ਬੰਦ ਕੀਤਾ ਹੋਵੇ। ਇਹ ਸਾਥੀ ਨਰਿੰਦਰ ਸੋਮੇ ਦੀ ਸ਼ਖਸੀਅਤ ਦੀ ਜਨਤਕ ਮਕਬੂਲੀਅਤ ਦਾ ਇੱਕ ਸਬੂਤ ਹੈ।
ਪਰਵਾਰਕ ਜ਼ਿੰਮੇਵਾਰੀਆਂ ਕਰਕੇ ਸਾਥੀ ਸੋਮਾ ਸਕੂਲੀ ਵਿੱਿਦਆ ਤੋਂ ਅੱਗੇ ਆਪਣੀ ਪੜ੍ਹਾਈ ਜਾਰੀ ਨਹੀਂ ਸੀ ਰੱਖ ਸਕਿਆ। ਬੜੀ ਛੋਟੀ ਉਮਰ ਵਿੱਚ ਹੀ ਆਪਣੇ ਪਿਤਾ ਸ੍ਰੀ ਨਰਾਤਾ ਰਾਮ ਦਾ ਭਾਰ ਵੰਡਾਉਣ ਲਈ ਕਾਰੋਬਾਰ 'ਚ ਪੈ ਗਿਆ। ਇੱਥੋਂ ਹੀ ਉਨ੍ਹਾ ਦਾ ਵਾਹ ਸਾਥੀ ਲਾਲ ਚੰਦ ਨਾਲ ਪਿਆ, ਜਿਨ੍ਹਾ ਦੀ ਪ੍ਰੇਰਨਾ ਸਦਕਾ ਉਹ ਡੀ ਵਾਈ ਐੱਫ ਆਈ ਵਿੱਚ ਸਰਗਰਮ ਹੋਇਆ। ਕਾਰੋਬਾਰ ਤੋਂ ਜਥੇਬੰਦੀ ਅਤੇ ਜਥੇਬੰਦੀ 'ਚ ਸਾਥੀ ਲਾਲ ਚੰਦ ਨਾਲ ਭਰਾਵਾਂ ਵਰਗਾ ਪਿਆਰ ਬੜੀ ਤੇਜ਼ੀ ਨਾਲ ਵਿਚਾਰਾਂ ਦੀ ਪੱਕੀ ਸਾਂਝ 'ਚ ਬਦਲ ਗਿਆ। ਇਹ ਸਾਂਝ ਅਤੇ ਇਸ ਵਿਚਾਰਧਾਰਾ 'ਤੇ ਪਹਿਰਾਬਰਦਾਰੀ ਉਸ ਨੇ ਅੰਤਲੇ ਸਾਹਾਂ ਤੱਕ ਅਡੋਲ ਰਹਿ ਕੇ ਨਿਭਾਈ। ਸਾਥੀ ਸੋਮੇ ਦੇ ਸਮਕਾਲੀ ਅਨੇਕਾਂ ਮੱਧਵਰਗੀ ਕਾਰਕੁੰਨ ਜਜ਼ਬਾਤੀ ਹੋ ਕੇ ਜਾਂ ਲਹਿਰ ਦੀ ਚੜ੍ਹਾਈ ਦੌਰਾਨ ਸਫਾਂ 'ਚ ਸ਼ਾਮਲ ਹੁੰਦੇ ਰਹੇ, ਪਰ ਡਾਵਾਂਡੋਲ ਜਮਾਤੀ ਖਾਸੇ ਕਰਕੇ ਉਹ ਕਿਰਦੇ ਰਹੇ, ਪਰ ਨਰਿੰਦਰ ਸੋਮਾ ਕਿਰਤੀ ਜਮਾਤ ਦੀ ਬੰਦਖਲਾਸੀ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਵਾਲੇ ਨਿਜ਼ਾਮ ਦੀ ਸਥਾਪਤੀ ਵਾਲੇ ਮੋਰਚੇ 'ਤੇ ਅੰਤਲੇ ਸਾਹਾਂ ਤੱਕ ਅਡੋਲ ਤੁਰਦਾ ਰਿਹਾ। ਅੱਤਵਾਦ ਦੇ ਕਾਲੇ ਦੌਰ ਸਮੇਂ ਕਈ ਲੋਕ, ਗੁਰੂਆਂ ਦੇ ਦਿਖਾਏ ਸਾਂਝੀਵਾਲਤਾ ਦੇ ਰਾਹ ਤੋਂ ਥਿੜਕ ਕੇ ਨਿਰਦੋਸ਼ਾਂ ਦੇ ਕਾਤਲਾਂ ਦੀਆਂ ਵਾਰਾਂ ਗਾਉਣ ਲੱਗ ਪਏ ਸਨ, ਪਰ ਸਾਥੀ ਨਰਿੰਦਰ ਸੋਮਾ ਅੱਤਵਾਦ ਅਤੇ ਅੱਤਵਾਦ ਦੇ ਜਨਮਦਾਤਿਆਂ ਖਿਲਾਫ ਉਸ ਕਾਲੇ ਦੌਰ ਵਿੱਚ ਵੀ ਬੇਖੌਫ ਗਰਜਦਾ ਰਿਹਾ।
ਉਂਝ ਤਾਂ ਸਾਥੀ ਸੋਮਾ ਦਾ ਪਰਵਾਰ ਉਦਾਰ ਸੋਚ ਵਾਲਾ ਹੈ, ਪਰ ਕਮਿਊਨਿਸਟ ਲਹਿਰ ਦਾ ਅੰਗ ਬਣਨ ਤੋਂ ਬਾਅਦ ਉਸ ਦੀ ਉਦਾਰਤਾ ਨੂੰ ਖੰਭ ਲੱਗ ਗਏ। ਬਾਬਰੀ ਮਸਜਿਦ ਡੇਗੇ ਜਾਣ ਦਾ ਵਿਰੋਧ ਕਰਨ ਵੇਲੇ ਅਤੇ ਉਸ ਤੋਂ ਪਹਿਲਾਂ ਚੱਲੇ ਵਿਚਾਰਧਾਰਕ ਸੰਗਰਾਮ ਵੇਲੇ ਅਨੇਕਾਂ ਹਿੰਦੂ ਪਰਵਾਰਾਂ ਨਾਲ ਸੰਬੰਧਤ ਕਮਿਊਨਿਸਟ ਕਾਰਕੁਨਾਂ 'ਤੇ ਭਾਰੀ ਪਰਵਾਰਕ ਤੇ ਸਮਾਜਿਕ ਦਬਾਅ ਸੀ, ਪਰ ਸਾਥੀ ਨਰਿੰਦਰ ਸੋਮਾ ਖੁਦ ਅਤੇ ਉਸ ਦੀ ਪ੍ਰੇਰਨਾ ਸਦਕਾ ਉਸ ਦਾ ਸਮੁੱਚਾ ਪਰਵਾਰ ਵਿਗਿਆਨਕ, ਧਰਮ-ਨਿਰਪੱਖ ਅਕੀਦਿਆਂ ਦੇ ਪੱਖ 'ਚ ਭੁਗਤਿਆ।
ਸਾਥੀ ਨਰਿੰਦਰ ਸੋਮਾ ਨੇ ਆਪਣੇ ਇਲਾਕੇ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸਥਾਪਨਾ ਅਤੇ ਇਸ ਦੇ ਪਸਾਰ 'ਚ ਵੱਡਮੁੱੱਲਾ ਯੋਗਦਾਨ ਪਾਇਆ। ਇਸ ਨੌਜਵਾਨ ਮੋਰਚੇ ਤੋਂ ਫਾਰਗ ਹੋ ਕੇ ਸਾਥੀ ਸੋਮਾ ਨੇ ਦਿਹਾਤੀ ਮਜ਼ਦੂਰ ਸਭਾ 'ਚ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਸ਼ਹੀਦ ਦੀਪਕ ਧਵਨ ਦੀ ਸ਼ਖਸੀਅਤ ਉਸ ਦੀ ਪ੍ਰੇਰਨਾ ਦਾ ਮੁੱਖ ਸਰੋਤ ਸੀ।
ਬਹੁਪੱਖੀ ਸਰਗਰਮੀਆਂ ਸਾਥੀ ਸੋਮਾ ਦੀ ਸ਼ਖਸੀਅਤ ਦਾ ਇੱਕ ਅਤੁੱਟ ਹਿੱਸਾ ਸਨ। ਜੋਧਾਂ ਵਿਖੇ ਮਹੀਨਿਆਂਬੱਧੀ ਰਹਿ ਕੇ ਉਨ੍ਹਾ ਬਾਕੀ ਸਾਥੀਆਂ ਨਾਲ ਮਿਲ ਕੇ ਨਾਟਕ ਟੀਮ ਤਿਆਰ ਕਰਨ ਅਤੇ ਖੁਦ ਪਾਤਰਾਂ ਦਾ ਕਿਰਦਾਰ ਨਿਭਾਉਣਾ ਸਿੱਖਣ 'ਚ ਮਿਸਾਲੀ ਰੋਲ ਅਦਾ ਕੀਤਾ। ਭਾਵੇਂ ਉਸ ਵੇਲੇ ਸਾਥੀ ਸੋਮਾ ਕੁਲਵਕਤੀ ਨਹੀਂ ਸੀ, ਪਰ ਲੰਮਾ ਸਮਾਂ ਕਾਰੋਬਾਰ ਅਤੇ ਘਰ-ਪਰਵਾਰ ਤੋਂ ਦੂਰ ਰਹਿ ਕੇ ਉਸ ਨੇ ਇਹ ਟੀਮ ਤਿਆਰ ਕਰਵਾਈ। ਬਾਅਦ 'ਚ ਕਾਇਮ ਹੋਏ ਜਨਵਾਦੀ ਕਲਾ ਮੰਚ ਸਰਦੂਲਗੜ੍ਹ 'ਚ ਸ਼ਾਮਲ ਹੋ ਕੇ ਉਨ੍ਹਾ ਸਮੁੱਚੇ ਮਾਲਵੇ ਖਿੱਤੇ 'ਚ ਅਨੇਕਾਂ ਲੋਕ-ਪੱਖੀ ਕਲਾ ਵਿਧਾਵਾਂ ਦਾ ਪ੍ਰਦਰਸ਼ਨ ਕੀਤਾ। ਇੱਕ ਆਗੂ ਤੋਂ ਲੈ ਕੇ ਇੱਕ ਵਲੰਟੀਅਰ ਤੱਕ ਦੀ ਹਰ ਜ਼ਿੰਮੇਵਾਰੀ ਨਿਭਾਉਣੀ ਸਾਥੀ ਸੋਮਾ ਦੀ ਸ਼ਖਸੀਅਤ ਦਾ ਇੱਕ ਖਾਸ ਪਹਿਲੂ ਰਿਹਾ।
48 ਸਾਲਾਂ ਦੀ ਉਮਰ ਅਤੇ ਉਸ ਵਿੱਚੋਂ 31 ਸਾਲ ਕਮਿਊਨਿਸਟ ਲਹਿਰ ਨੂੰ ਅਰਪਿਤ ਕਰ ਦੇਣੇ ਆਪਣੇ-ਆਪ 'ਚ ਇੱਕ ਇਨਕਲਾਬੀ ਅਫਸਾਨਾ ਹੋ ਨਿਬੜਦਾ ਹੈ। ਸਾਥੀ ਸੋਮਾ ਨੇ ਸਿਰਫ ਉਪਰੋਂ ਉਲੀਕੇ ਗਏ ਐਕਸ਼ਨਾਂ 'ਚ ਸ਼ਮੂਲੀਅਤ ਕਰਨ ਦੀ ਜ਼ਿੰਮੇਵਾਰੀ ਹੀ ਨਹੀਂ ਨਿਭਾਈ, ਸੈਂਕੜੇ ਸਥਾਨਕ ਘੋਲਾਂ 'ਚ ਆਗੂ ਰੋਲ ਵੀ ਅਦਾ ਕੀਤਾ। ਘੱਗਰ ਦੇ ਪਾਣੀ 'ਚ ਗੰਦਗੀ ਖਿਲਾਫ, ਭਾਖੜਾ ਦੇ ਪਾਣੀ ਦੀ ਸਿੰਚਾਈ ਲਈ ਸੁਚੱਜੀ ਸਪਲਾਈ ਵਾਸਤੇ, ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ 'ਚ ਵਾਧੇ ਵਿਰੁੱਧ, ਅਬਾਦੀਆਂ 'ਚੋਂ ਸ਼ਰਾਬ ਦੇ ਠੇਕੇ ਚੁਕਵਾਉਣ ਲਈ, ਪੁਲਸ ਵਧੀਕੀਆਂ ਖਿਲਾਫ, ਟਰਾਂਸਪੋਰਟ ਮਾਫੀਏ ਦੇ ਧੱਕੇ ਵਿਰੁੱਧ, ਠੇਕਾ ਆਧਾਰਤ ਬਿਜਲੀ ਕਾਮਿਆਂ ਦੀ ਮੌਤ ਵੇਲੇ ਵਾਰਸਾਂ ਨੂੰ ਮੁਆਵਜ਼ਾ ਦਿਵਾਉਣ, ਦੁਕਾਨਦਾਰਾਂ ਦੇ ਉਜਾੜੇ ਵਿਰੁੱਧ ਚੱਲੇ ਹਰ ਘੋਲ 'ਚ ਸਾਥੀ ਨਰਿੰਦਰ ਸੋਮਾ ਨੇ ਆਗੂ ਰੋਲ ਨਿਭਾਇਆ।
ਅਕਸਰ ਕਿਹਾ ਜਾਂਦਾ ਹੈ ਕਿ ਲੋਕ ਭਗਤ ਸਿੰਘ ਤਾਂ ਚਾਹੁੰਦੇ ਹਨ, ਪਰ ਆਪਣੇ ਬੱਚਿਆਂ ਨੂੰ ਭਗਤ ਸਿੰਘ ਬਣਨ ਤੋਂ ਰੋਕਦੇ ਹਨ। ਸਾਥੀ ਸੋਮਾ ਨੇ ਇਸ ਕਥਨ ਨੂੰ ਫੇਲ੍ਹ ਕਰਦਿਆਂ ਆਪਣੇ ਸਮੁੱਚੇ ਪਰਵਾਰ ਨੂੰ ਅਗਾਂਹਵਧੂ ਖੱਬੀ ਲਹਿਰ ਦਾ ਹਿੱਸਾ ਬਣਾਇਆ। ਉਸ ਦੇ ਦੋਨੋਂ ਬੇਟੇ ਸ਼ਹੀਦ ਭਗਤ ਨੌਜਵਾਨ ਸਭਾ ਦੇ ਸਰਗਰਮ ਆਗੂ ਹਨ। ਉਸ ਦੀਆਂ ਭੈਣਾਂ, ਚਾਚੇ-ਤਾਏ ਦੇ ਮੁੰਡੇ-ਕੁੜੀਆਂ ਤੇ ਅੱਗੋਂ ਉਨ੍ਹਾਂ ਦੇ ਰਿਸ਼ਤੇਦਾਰ ਵੀ ਪਾਰਟੀ ਅਤੇ ਖੱਬੀ ਲਹਿਰ ਨਾਲ ਹਮਦਰਦੀ ਰੱਖਦੇ ਹਨ। ਇਸ ਵੇਲੇ ਸਾਥੀ ਸੋਮਾ ਸੀ ਪੀ ਐੱਮ ਪੰਜਾਬ ਦੀ ਮਾਨਸਾ ਇਕਾਈ ਦਾ ਸਕੱਤਰ ਸੀ ਅਤੇ ਸੂਬਾਈ ਪੱਧਰ 'ਤੇ ਬਣੇ ਸੋਸ਼ਲ ਮੀਡੀਆ ਸੈੱਲ ਦਾ ਅਹਿਮ ਮੈਂਬਰ ਸੀ। ਉਹ ਦਿਹਾਤੀ ਮਜ਼ਦੂਰ ਫਰੰਟ 'ਤੇ ਨਾ ਕੇਵਲ ਜ਼ਿਲ੍ਹੇ ਅੰਦਰ ਪੂਰੀ ਤਰ੍ਹਾਂ ਖੁੱਭਿਆ ਹੋਇਆ ਸੀ, ਸਗੋਂ ਹਰਿਆਣਾ ਦੇ ਸਾਥੀਆਂ ਦੀ ਪੂਰੀ ਸਰਗਰਮੀ ਨਾਲ ਸਹਾਇਤਾ ਵੀ ਕਰ ਰਿਹਾ ਸੀ।
ਸਾਥੀ ਸੋਮਾ ਦੇ ਵਿਛੋੜਾ ਦੇ ਜਾਣ ਵੇਲੇ ਸਾਰੇ ਪਰਵਾਰਕ ਮੈਂਬਰਾਂ ਨਾਲ ਮੈਂ ਵੀ ਪੀ ਜੀ ਆਈ ਚੰਡੀਗੜ੍ਹ ਵਿਖੇ ਹਾਜ਼ਰ ਸੀ। ਅੰਦਰੋਂ ਪੂਰੀ ਤਰ੍ਹਾਂ ਝੰਜੋੜਿਆ, ਟੁੱਟਿਆ, ਪਰ ਭਾਵਨਾਵਾਂ ਨੂੰ ਜ਼ਬਤ 'ਚ ਰੱਖ ਕੇ ਸ਼ਾਂਤ ਦਿਸਣ ਦਾ ਯਤਨ ਕਰ ਰਿਹਾ ਸਾਂ। ਏਨੇ ਨੂੰ ਸਾਥੀ ਸੋਮਾ ਦਾ ਵੱਡਾ ਬੇਟਾ ਪਰਮਾ ਰੋਂਦਾ-ਰੋਂਦਾ ਮੇਰੇ ਕੋਲ ਆ ਕੇ ਕਹਿਣ ਲੱਗਾ, 'ਅੰਕਲ ਆਪਾਂ ਤਾਂ ਡੈਡੀ ਦੀਆਂ ਅੱਖਾਂ ਵੀ ਦਾਨ ਕਰਨੀਆਂ ਸਨ।' ਉਸ ਦੇ ਇਹ ਬੋਲ ਮੇਰੇ ਲਈ ਰੌਸ਼ਨੀ ਦੀ ਇੱਕ ਚਮਕਦੀ ਹੋਈ ਕਿਰਨ ਵਾਂਗ ਸਨ। ਮੈਨੂੰ ਜਾਪਿਆ ਸੋਮਾ ਤਾਂ ਪਰਮੇ ਦੇ ਅੰਦਰ ਪੂਰੀ ਤਰ੍ਹਾਂ ਜਿਉਂਦਾ-ਜਾਗਦਾ ਹੈ। ਸਾਥੀ ਸੋਮੇ ਦੇ ਅੰਤਮ ਸੰਸਕਾਰ ਵੇਲੇ ਗਮਗੀਨ ਮਾਹੌਲ ਵਿੱਚ ਵੀ ਜੋਸ਼ ਭਰਪੂਰ ਨਾਅਰੇ ਲਾ ਕੇ ਉਸ ਦੇ ਅਧੂਰੇ ਕਾਜ਼ ਨੂੰ ਪੂਰਾ ਕਰਨ ਦਾ ਪ੍ਰਣ ਦ੍ਰਿੜ੍ਹਾ ਰਹੇ ਵੱਡੀ ਗਿਣਤੀ ਨੌਜਵਾਨਾਂ ਨੂੰ ਦੇਖ ਕੇ ਮੈਨੂੰ ਅਹਿਸਾਸ ਹੋਇਆ ਕਿ ਸਾਥੀ ਸੋਮਾ ਤਾਂ ਇਨ੍ਹਾਂ ਨੌਜਵਾਨਾਂ, ਸਾਡੇ ਸਭਨਾਂ ਦੇ ਅੰਗ-ਸੰਗ ਹੋ ਕੇ ਵਿਚਰ ਰਿਹਾ ਹੈ। ਮਨੁੱਖਤਾ ਲਈ ਉਸ ਦੇ ਅੰਦਰਲਾ ਦਰਦ ਸਾਡੀਆਂ ਹਿੱਕਾਂ 'ਚ ਧੜਕ ਰਿਹਾ ਹੈ। ਉਨ੍ਹਾ ਦੇ ਪਰਵਾਰ ਦਾ ਅਸਥੀਆਂ ਨੂੰ ਸਿਰਮੌਰ ਸ਼ਹੀਦਾਂ ਦੀ ਯਾਦਗਾਰ ਹੁਸੈਨੀਵਾਲਾ ਵਿਖੇ ਸਤਲੁਜ ਦੇ ਪਾਣੀਆਂ 'ਚ ਜਲ ਪ੍ਰਵਾਹ ਕਰਨ ਅਤੇ 'ਆਤਮਾ ਦੀ ਸ਼ਾਂਤੀ' ਲਈ ਕੋਈ ਵੀ ਧਾਰਮਕ ਰਸਮ ਨਾ ਕਰਨ ਦਾ ਫੈਸਲਾ ਇਸ ਗੱਲ ਦਾ ਲਿਖਾਇਕ ਹੈ ਕਿ ਸਾਥੀ ਸੋਮਾ ਦੇ ਵਿਚਾਰ ਨਾ ਕੇਵਲ ਅੱਗੇ ਵਧਣਗੇ, ਸਗੋਂ ਉਸ ਦਾ ਅਕੀਦਾ ਜਿੱਤ ਵੀ ਹਾਸਲ ਕਰੇਗਾ।
7 ਅਗਸਤ 2016 (ਐਤਵਾਰ) ਨੂੰ ਉਨ੍ਹਾ ਨਮਿਤ ਸ਼ਰਧਾਂਜਲੀ ਸਮਾਗਮ 'ਚ ਸੀ ਪੀ ਐੱਮ ਪੰਜਾਬ ਅਤੇ ਹੋਰਨਾਂ ਖੱਬੀਆਂ ਪਾਰਟੀਆਂ, ਜਨਵਾਦੀ ਸੰਗਠਨਾਂ ਅਤੇ ਪ੍ਰਗਤੀਵਾਦੀ ਲਹਿਰ ਦੇ ਆਗੂਆਂ ਤੇ ਕਾਰਕੁਨਾਂ ਨੇ ਵੱਡੀ ਪੱਧਰ 'ਤੇ ਪੁੱਜ ਕੇ ਸਾਥੀ ਸੋਮਾ ਦੇ ਕਾਜ਼ ਨੂੰ ਪੂਰਾ ਕਰਨ ਦਾ ਅਹਿਦ ਲਿਆ। ਰਿਵਾਇਤਾਂ ਦੇ ਉਲਟ, ਨੌਜਵਾਨ ਉਮਰ 'ਚ ਵਿਛੋੜਾ ਦੇ ਜਾਣ ਦੇ ਬਾਵਜੂਦ, ਸ਼ਰਧਾਂਜਲੀ ਸਮਾਗਮ 'ਚ ਰਸੂਲਪੁਰੀਆਂ ਦੇ ਕਵੀਸ਼ਰੀ ਜਥੇ ਵਲੋਂ ਲੋਕਾਂ ਦੇ ਦਰਦਾਂ ਦੀ ਬਾਤ ਪਾਉਂਦੀਆਂ ਜੋਸ਼ੀਲੀਆਂ ਵਾਰਾਂ ਪੇਸ਼ ਕੀਤੀਆਂ ਗਈਆਂ। ਕਸਬੇ ਦੇ ਨੌਜਵਾਨਾਂ ਨੇ ਉਨ੍ਹਾਂ ਦੀ ਸਦੀਵੀਂ ਯਾਦ ਨੂੰ ਸਮਰਪਤ ਖੂਨਦਾਨ ਕੈਂਪ ਲਾਇਆ ਜਿੱਥੇ ਸੈਂਕੜੇ ਯੂਨਿਟ ਖੂਨ ਇਕਤਰ ਹੋਇਆ।
No comments:
Post a Comment