Sunday 4 September 2016

ਦਲਿਤਾਂ ਉਪਰ ਵੱਧ ਰਹੇ ਜਬਰ ਨੂੰ ਕਿਵੇਂ ਠੱਲਿਆ ਜਾਵੇ?

ਮੰਗਤ ਰਾਮ ਪਾਸਲਾ 
ਕਥਿਤ ਗਊ ਰਕਸ਼ਕਾਂ ਵਲੋਂ ਪਿਛਲੇ ਦਿਨੀਂ, ਊਨਾ (ਗੁਜਰਾਤ) ਵਿਖੇ ਮਰੀ ਹੋਈ ਗਾਂ ਦਾ ਚਮੜਾ ਲਾਹ ਰਹੇ ਦਲਿਤ ਨੌਜਵਾਨਾਂ ਦੇ ਕੱਪੜੇ ਉਤਾਰ ਕੇ ਡਾਂਗਾਂ ਨਾਲ ਕੀਤੀ ਗਈ ਬੇਤਹਾਸ਼ਾ ਕੁਟਮਾਰ ਨੇ ਦੇਸ਼ ਭਰ ਦੇ ਦਲਿਤ ਸਮਾਜ ਤੇ ਜਮਹੂਰੀ ਲਹਿਰ ਅੰਦਰ ਭਾਜਪਾ ਦੇ ਵਿਰੁੱਧ ਇਕ ਰੋਹ ਦਾ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਹਰ ਪ੍ਰਾਂਤ ਵਿਚ ਦਲਿਤ ਤੇ ਦੂਸਰੇ ਕਿਰਤੀ ਲੋਕ ਇਸ ਵਹਿਸ਼ੀ ਜਬਰ ਵਿਰੁੱਧ ਸੜਕਾਂ ਉਪਰ ਨਿਕਲੇ ਹਨ।
ਦਲਿਤਾਂ, ਘੱਟ ਗਿਣਤੀਆਂ, ਆਦਿਵਾਸੀਆਂ, ਪਛੜੀਆਂ ਜਾਤੀਆਂ ਦੇ ਲੋਕਾਂ ਅਤੇ ਔਰਤਾਂ ਉਪਰ ਵੱਧ ਰਹੇ ਅੱਤਿਆਚਾਰ ਸਮਾਜਕ ਰਾਜਨੀਤਕ ਦਰਿਸ਼ਟੀਕੋਨ ਤੋਂ ਬੇਹੱਦ ਚਿੰਤਾਜਨਕ ਹਨ। ਇਹ ਪੂੰਜੀਵਾਦੀ ਪ੍ਰਬੰਧ ਦੇ ਅਸਲੀ ਅਮਾਨਵੀ ਚਿਹਰੇ ਤੇ ਚਰਿੱਤਰ ਨੂੰ ਜਨਤਾ ਸਾਹਮਣੇ ਉਘਾੜ ਕੇ ਪੇਸ਼ ਕਰ ਰਹੇ ਹਨ। ਪੂੰਜੀਵਾਦ ਕਿਰਤੀ ਲੋਕਾਂ ਉਪਰ ਆਰਥਿਕ ਨਾਬਰਾਬਰੀ ਤੇ ਗਰੀਬੀ ਦੇ ਪਹਾੜ ਹੀ ਨਹੀਂ ਲੱਦ ਦਾ ਬਲਕਿ ਸਮਾਜ ਦੇ ਸਦੀਆਂ ਤੋਂ ਲਿਤਾੜੇ ਜਾ ਰਹੇ ਤੇ ਸੱਚੀ ਸੁੱਚੀ ਕਿਰਤ ਕਰਨ ਵਾਲੇ ਲੋਕਾਂ ਉਪਰ ਨਾ ਬਿਆਨ ਕਰਨ ਯੋਗ ਸਰੀਰਕ ਤੇ ਮਾਨਸਿਕ ਜਬਰ ਦਾ ਕੁਹਾੜਾ ਵੀ ਪੂਰੀ ਬੇਤਰਸੀ ਨਾਲ ਚਲਾਉਂਦਾ ਹੈ। ਕੁਝ ਲੋਕ ਆਖ ਰਹੇ ਹਨ ਕਿ ਇਸ ਸਮਾਜਿਕ ਜਬਰ ਨੂੰ ਰੋਕਣ ਲਈ ਮਨੁੱਖ ਦੀ ਮਾਨਸਿਕ ਸੋਚ ਨੂੰ ਬਦਲਣ ਦੀ ਜਰੂਰਤ ਹੈ। ਜਦੋਂਕਿ ਕਈ ਹੋਰ ਸੱਜਣ ਇਹ ਦਲੀਲ ਦਿੰਦੇ ਹਨ ਕਿ ਇਸ ਵਰਤਾਰੇ ਨੂੰ ਰੋਕਣ ਲਈ 'ਖਾਸ' ਰਾਜਨੀਤਕ ਪਾਰਟੀ ਦੇ ਹੱਥਾਂ ਵਿਚ ਸੱਤਾ ਦੀ ਵਾਗਡੋਰ ਦਿੱਤੇ ਜਾਣ ਨਾਲ ਜਾਂ ਵਿਸ਼ੇਸ਼ ਧਰਮ ਅਧਾਰਤ ਰਾਜ ਸਥਾਪਤ ਕਰਕੇ ਵੱਖਰੇ ''ਚਾਲ ਚਰਿੱਤਰ'' ਦਾ ਦਾਅਵਾ ਕਰਨ ਵਾਲੀ ਸੰਸਥਾ (ਆਰ.ਐਸ.ਐਸ. ਜਾਂ ਭਾਜਪਾ) ਦੇ ਰਾਜ ਭਾਗ ਨੂੰ ਮਜ਼ਬੂਤ ਕਰਕੇ ਹੀ ਦਲਿਤ ਤੇ ਕਥਿਤ ਨੀਵੀਆਂ ਜਾਤਾਂ ਨਾਲ ਸਬੰਧਤ ਲੋਕਾਂ ਨਾਲ ਹੋ ਰਹੇ ਅਤਿਆਚਾਰਾਂ ਦਾ ਖਾਤਮਾ ਕੀਤਾ ਜਾ ਸਕਦਾ ਹੈ। ਉਹ ਇਸ ਵਿਗਿਆਨਕ ਤੱਥ ਨੂੰ ਅਣਗੌਲਿਆ ਕਰਦੇ ਹਨ ਕਿ ਮਾਨਸਿਕ ਸੋਚ ਵੀ ਕਿਸੇ ਸਮਾਜ ਦੀਆਂ ਆਰਥਿਕ ਹਾਲਤਾਂ ਵਿਚੋਂ ਹੀ ਪੈਦਾ ਹੁੰਦੀ ਹੈ। ਜਿਹੜੀਆਂ ਪਾਰਟੀਆਂ ਪੂੰਜੀਵਾਦੀ ਪ੍ਰਬੰਧ ਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਇਸ ਦੀ ਮਜ਼ਬੂਤੀ ਵਿਚ ਲੱਗੀਆਂ ਹੋਈਆਂ ਹਨ, ਉਹ ਤਾਂ ਸਮਾਜ ਵਿਚ ਪ੍ਰਚਲਿਤ ਆਰਥਿਕ ਤੇ ਸਮਾਜਿਕ ਨਾਬਰਾਬਰੀ ਦੀਆਂ ਨਿੱਤ ਨਵੀਆਂ ਬੁਲੰਦੀਆਂ ਛੂਹ ਰਹੀਆਂ ਹਨ।  ਉਨ੍ਹਾਂ ਤੋਂ, ਸਦੀਆਂ ਤੋਂ ਚਲ ਰਹੀ ਊਚ-ਨੀਚ, ਗਰੀਬ ਅਮੀਰ ਅਤੇ ਮਾਲਕ ਤੇ ਨੌਕਰ ਦੇ ਆਪਸੀ ਰਿਸ਼ਤਿਆਂ ਵਿਚਲੇ ਵੱਖਰੇਵੇਂ ਨੂੰ ਤੋੜਨ ਵਾਲੀ ਮਾਨਸਿਕਤਾ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਇਹ ਮਸਲਾ ਕਿਸੇ ਇਕਾ-ਦੁੱਕਾ ਉਦਾਹਰਣਾਂ ਨੂੰ ਲੈ ਕੇ ਤੇ ਸੰਬੰਧਤ ਦੋਸ਼ੀਆਂ ਨੂੰ ਹਲਕੀਆਂ-ਫੁਲਕੀਆਂ ਸਜ਼ਾਵਾਂ ਦੇਣ ਨਾਲ ਹੱਲ ਨਹੀਂ ਹੁੰਦਾ। ਲੋੜ ਉਸ ਵਿਵਸਥਾ ਨੂੰ ਸਮਝਣ ਦੀ ਹੈ, ਜਿਸ ਵਿਚ ਸਭ ਤੋਂ ਵੱਧ ਘਿਰਣਤ ਤੇ ਹੇਠਲੇ ਪੱਧਰ ਦਾ ਕੰਮ ਕਰਨ ਵਾਲੇ, ਸਮਾਜ ਦੀ ਹਕੀਕੀ ਸੇਵਾ ਵਿਚ ਲੱਗੇ ਹੋਏ ਭਾਈ ਘਨਈਆ ਦੇ ਪੈਰੋਕਾਰਾਂ ਨੂੰ, ਸਭ ਤੋਂ ਵੱਧ ਜਬਰ ਤੇ ਜ਼ੁਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਕਿਉਂ ਹੈ? ਇਸ ਲਈ ਕੌਣ ਜ਼ਿੰਮੇਵਾਰ ਹੈ? ਇਸ ਨੂੰ ਵੱਖ ਵੱਖ ਢੰਗਾਂ ਨਾਲ ਪੁਰਾਣੀ ਭਾਰਤੀ ਸੰਸਕ੍ਰਿਤੀ (ਮਨੂੰਵਾਦੀ) ਦੇ ਗੁਣਗਾਨ ਕਰਕੇ ਹੱਕੀ ਠਹਿਰਾਉਣ ਦਾ ਯਤਨ ਕਿਹੜੀਆਂ ਸ਼ਕਤੀਆਂ ਕਰ ਰਹੀਆਂ ਹਨ ਤੇ ਉਨ੍ਹਾਂ ਦੇ ਅਸਲ ਇਰਾਦੇ ਕੀ ਹਨ?
ਸਮੁੱਚਾ ਮਾਨਵੀ ਇਤਿਹਾਸ ਜਮਾਤੀ ਘੋਲਾਂ ਦਾ ਇਤਿਹਾਸ ਹੈ, ਜਿਥੇ ਦੋ ਵਿਰੋਧੀ ਜਮਾਤਾਂ ਇਕ ਦੂਸਰੇ ਨਾਲ ਮਿਲਕੇ ਸਮਾਜਿਕ ਵਿਕਾਸ ਦਾ ਕਾਰਜ ਵੀ ਕਰਦੀਆਂ ਰਹੀਆਂ ਹਨ, ਪ੍ਰੰਤੂ ਇਹ ਇਕ ਦੂਸਰੀ ਦੇ ਵਿਰੋਧ ਵਿਚ ਜਦੋਜਹਿਦ ਵੀ ਕਰਦੀਆਂ ਰਹੀਆਂ ਹਨ। ਇਹ ਲੋਕਾਂ ਦੇ ਸਮੂਹ (ਜਮਾਤਾਂ) ਕਦੀ ਗੁਲਾਮਦਾਰੀ ਯੁਗ ਵਿਚ ਗੁਲਾਮਾਂ ਤੇ ਗੁਲਾਮ ਮਾਲਕਾਂ ਦੇ ਰੂਪ ਵਿਚ ਜਾਣੇ ਜਾਂਦੇ ਰਹੇ ਹਨ ਤੇ ਅੱਗੋਂ ਜਗੀਰਦਾਰੀ ਪ੍ਰਥਾ ਵਿਚ ਜਗੀਰਦਾਰ (ਰਜਵਾੜੇ) ਤੇ ਮੁਜ਼ਾਰਿਆਂ ਦੇ ਨਾਂਵਾਂ ਨਾਲ ਪੁਕਾਰੇ ਜਾਂਦੇ ਰਹੇ ਹਨ। ਅਜੋਕੇ ਪੂੰਜੀਵਾਦੀ ਦੌਰ ਵਿਚ ਇਨ੍ਹਾਂ ਦੇ ਬਦਲਵੇਂ ਨਾਂਅ ਪੂੰਜੀਪਤੀ ਤੇ ਮਜ਼ਦੂਰ ਜਮਾਤ ਮਿੱਥੇ ਗਏ ਹਨ। ਇਨ੍ਹਾਂ ਦੀ ਮਿਲਵਰਤੋਂ ਵਕਤੀ ਤੇ ਵਿਰੋਧ ਸਦੀਵੀਂ ਅਤੇ ਨਾ ਹਲ ਹੋਣ ਵਾਲਾ ਹੈ। ਸਾਡੇ ਦੇਸ਼ ਵਿਚ ਸਮਾਜਿਕ ਵਿਕਾਸ ਦੇ ਇਕ ਪੜਾਅ ਉਪਰ (ਸਪੱਸ਼ਟ ਰੂਪ ਵਿਚ ਜਗੀਰਦਾਰੀ ਪ੍ਰਬੰਧ ਅਧੀਨ ) ਲੁੱਟੀ ਜਾ ਰਹੀ ਜਮਾਤ ਵਿਚ ਵੀ ਅੱਗੋਂ ਵੰਡੀਆਂ ਪਾ ਦਿੱਤੀਆਂ ਗਈਆਂ। ਇੱਥੋਂ ਤੱਕ ਕਿ ਦਲਿਤ ਭਾਈਚਾਰਾ ਵੀ ਜਾਤਪਾਤ ਅਧਾਰਤ ਫੁੱਟ ਦਾ ਸ਼ਿਕਾਰ ਹੈ। ਇਹ ਕੰਮ ਇਕ ਖਾਸ ਧਾਰਮਕ ਮਰਿਆਦਾ ਤੇ ਸਮਾਜਿਕ ਢਾਂਚੇ ਅੰਦਰ ਲੁਟੇਰੇ ਵਰਗਾਂ ਵਲੋਂ ਇਕ ਸੋਚੀ ਸਮਝੀ ਯੋਜਨਾ ਅਧੀਨ ਕੀਤਾ ਗਿਆ। ਲੁੱਟੀ ਜਾ ਰਹੀ ਲੋਕਾਈ ਵਿਚ ਇਕ ਹਿੱਸਾ ਸਭ ਤੋਂ ਘ੍ਰਿਣਤ ਸਮਝੇ ਜਾਂਦੇ ਕੰਮ ਕਰਦਿਆਂ ਹੋਇਆਂ ''ਦਲਿਤਾਂ ਤੇ ਅਛੂਤਾਂ'' ਦੇ ਨਾਂਅ ਨਾਲ ਜਾਣਿਆ ਜਾਣ ਲੱਗਾ। ਇਸ ਕੁਲਹਿਣੀ ਤੇ ਖਤਰਨਾਕ ਪਿਰਤ ਨੂੰ ਬਾਅਦ ਵਿਚ ਪਿਤਾ ਪੁਰਖੀ ਧੰਦਾ ਬਣਾ ਦਿੱਤਾ ਗਿਆ। ਇਸ ਵੰਡ ਦੀਆਂ ਦੀਵਾਰਾਂ ਏਨੀਆਂ ਪੱਕੀਆਂ ਕਰ ਦਿੱਤੀਆਂ ਗਈਆਂ ਕਿ ਸਮਾਜਿਕ ਢਾਂਚਾ ਤੇ ਆਰਥਿਕ ਰਿਸ਼ਤੇ ਬਦਲਣ ਨਾਲ ਵੀ ਇਹ ਲਕੀਰਾਂ ਮਿਟਣ ਦੀ ਥਾਂ ਹੋਰ ਡੂੰਘੇਰੀਆਂ ਹੁੰਦੀਆਂ ਗਈਆਂ। ਕਿਰਤੀ ਜਨ ਸਮੂਹਾਂ ਦੇ ਇਸ ਹਿੱਸੇ ਨੂੰ, ਜਿੱਥੇ ਉਚ ਵਰਗ ਤੇ ਉਚ ਜਾਤਾਂ (ਲੁਟੇਰੀਆਂ ਜਮਾਤਾਂ) ਦੇ ਲੋਕ ਘਿਰਣਾ ਦੀ ਨਿਗਾਹ ਨਾਲ ਦੇਖਣ ਲੱਗੇ ਅਤੇ ਉਨ੍ਹਾਂ ਨਾਲ ਅਣਮਨੁੱਖੀ ਵਿਵਹਾਰ ਕਰਨ ਲੱਗ ਪਏ, ਉਥੇ ਲੁੱਟੀਆਂ ਜਾ ਰਹੀਆਂ ਜਮਾਤਾਂ ਦਾ ਇਕ ਭਾਗ, ਜੋ ਕਿਸੇ ਨਾ ਕਿਸੇ ਰੂਪ ਵਿਚ ਪੈਦਾਵਾਰੀ ਸਾਧਨਾਂ ਦੀ ਮਾਲਕੀ (ਭਾਵੇਂ ਸੀਮਤ ਹੀ ਸਹੀ) ਰੱਖਦਾ ਸੀ, ਆਪਣੇ ਆਪ ਨੂੰ ਇਸ ਦਲਿਤ ਤੇ ਪੱਛੜੇ ਸਮਾਜ ਦੇ ਮੁਕਾਬਲੇ ਵਿਚ ਵੱਖਰਾ ਤੇ ਉਚੇਰਾ ਸਮਝਣ ਲੱਗ ਪਿਆ। ਮਜ਼ਬੂਰੀ ਬਸ ਸਾਧਨਹੀਣ ਦਲਿਤ ਤੇ ਕਥਿਤ ਨੀਵੀਆਂ ਜਾਤਾਂ ਨਾਲ ਸੰਬੰਧਤ ਜਨ ਸਮੂਹਾਂ ਨੇ ਇਸ ਸਥਿਤੀ ਨੂੰ ਕਬੂਲ ਕਰ ਲਿਆ ਤੇ ਉਹ ਅਣਮਨੁੱਖੀ ਜੀਵਨ ਹਾਲਤਾਂ ਵਿਚ ਜੀਊਣ ਵਿਚ ਹੀ ਤਸੱਲੀ ਕਰਕੇ ਬੈਠ ਗਏ।
ਇਹ ਵੀ ਇਕ ਸੱਚ ਹੈ ਕਿ ਇਨ੍ਹਾਂ ਦੱਬੇ ਕੁਚਲੇ ਤੇ ਅਛੂਤ ਸਮਝੇ ਜਾਂਦੇ ਲੋਕਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਤੇ ਅਣਮਨੁੱਖੀ ਵਿਵਹਾਰ ਵਿਰੁੱਧ ਸੁਚੇਤ ਮਹਾਨ ਪੁਰਸ਼ਾਂ ਤੇ ਕਿਰਤੀ ਲੋਕਾਂ ਤੇ ਕਈ ਆਗੂਆਂ ਨੇ ਜ਼ੋਰਦਾਰ ਅਵਾਜ਼ ਬੁਲੰਦ ਕੀਤੀ ਤੇ ਜਨਤਕ ਪ੍ਰਤੀਰੋਧ ਵੀ ਜਥੇਬੰਦ ਕੀਤੇ। ਗੁਰੂ ਨਾਨਕ ਦੇਵ ਜੀ, ਗੁਰੂ ਰਵਿਦਾਸ ਜੀ, ਭਗਤ ਕਬੀਰ ਜੀ, ਬਾਬਾ ਜੋਤੀਬਾ ਰਾਉ ਫੂਲੇ, ਰਾਮਾ ਸਵਾਮੀ ਨਾਇਕਰ (ਪੈਰਿਆਰ), ਬਾਬਾ ਸਾਹਿਬ ਬੀ.ਆਰ. ਅੰਬੇਡਕਰ, ਕਾਮਰੇਡ ਈ.ਐਮ.ਐਸ. ਨੰਬੂਦਰੀਪਾਦ ਤੇ ਕਾਮਰੇਡ ਪੀ. ਸੁੰਦਰੀਆ ਜਿਹੇ ਮਹਾਂਪੁਰਸ਼ ਤੇ ਆਗੂ ਇਸ ਪੱਖੋਂ ਸਭ ਤੋਂ ਵੱਧ ਸਤਿਕਾਰਤ ਸਮਝੇ ਜਾਂਦੇ ਹਨ। ਬਰਾਬਰਤਾ ਤੇ ਸਾਂਝੀਵਾਲਤਾ ਦੀ ਮੁਦੱਈ ਵਿਚਾਰਧਾਰਾ-ਮਾਰਕਸਵਾਦ-ਲੈਨਿਨਵਾਦ ਦੇ ਅਨੁਆਈਆਂ ਨੇ ਵੀ ਇਸ ਜਾਤੀ ਪਾਤੀ ਪ੍ਰਥਾ ਵਿਰੁੱਧ ਕਈ ਇਲਾਕਿਆਂ ਵਿਚ ਜ਼ੋਰਦਾਰ ਅਵਾਜ਼ ਬੁਲੰਦ ਕੀਤੀ ਤੇ ਅੰਦੋਲਨ ਕਰਕੇ ਕਈ ਕੁਰੀਤੀਆਂ ਦੂਰ ਕਰਨ ਵਿਚ ਸਫਲਤਾ ਹਾਸਲ ਕੀਤੀ। ਪ੍ਰੰਤੂ ਇਸ ਰੋਗ ਦੀਆਂ ਜੜ੍ਹਾਂ ਜਿੰਨੀਆਂ ਡੂੰਘੀਆਂ ਸਨ, ਉਸ ਮੁਤਾਬਕ ਇਸਦਾ ਇਲਾਜ ਅਜੇ ਨਹੀਂ ਹੋ ਸਕਿਆ। ਪੂੰਜੀਵਾਦੀ ਵਿਕਾਸ ਦੇ ਦੌਰ ਵਿਚ ਇਸ ਪ੍ਰਬੰਧ ਦੇ ਹਮਾਇਤੀਆਂ ਵਲੋਂ ਆਪਣੀਆਂ ਲੋੜਾਂ ਦੀ ਪੂਰਤੀ ਲਈ 'ਆਜ਼ਾਦੀ, ਬਰਾਬਰਤਾ, ਭਰਾਤਰੀ ਭਾਵ' ਵਰਗਾ ਅਗਾਂਹਵਧੂ ਨਾਅਰਾ ਤਾਂ ਬੁਲੰਦ ਕੀਤਾ ਗਿਆ, ਪ੍ਰੰਤੂ ਉਸਦੇ ਬਾਵਜੂਦ ਵੀ ਦਲਿਤ ਸਮਾਜ ਉਪਰ ਹੋ ਰਹੇ ਸਮਾਜਿਕ ਅਤਿਆਚਾਰਾਂ ਵਿਚ ਕਮੀ ਹੋਣ ਦੀ ਥਾਂ ਵਾਧਾ ਹੀ ਹੋਇਆ। ਇਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਇਹ ਊਚ ਨੀਚ, ਜਾਤੀ ਪਾਤੀ ਅਧਾਰਤ ਪ੍ਰਬੰਧ ਅਤੇ ਅਛੂਤ ਸ਼੍ਰੇਣੀਆਂ ਨਾਲ ਘੋਰ ਅਨਿਆਂ ਕਰਨ ਵਾਲੀ ਸਮਾਜਿਕ ਵਿਵਸਥਾ ਸਿਰਫ ਤੇ ਸਿਰਫ ਭਾਰਤੀ ਉਪ-ਮਹਾਂਦੀਪ ਅੰਦਰ ਹੀ ਮੌਜੂਦ ਹੈ, ਸੰਸਾਰ ਭਰ ਵਿਚ ਹੋਰ ਕਿਧਰੇ ਨਹੀਂ। ਰੰਗ, ਕੌਮ, ਬੋਲੀ ਤੇ ਨਸਲ (Race) ਦੇ ਸਬੰਧ ਵਿਚ ਤਾਂ ਵਿਤਕਰੇ ਹਰ ਪੂੰਜੀਵਾਦੀ ਦੇਸ਼ ਵਿਚ ਦੇਖੇ ਜਾ ਸਕਦੇ ਹਨ, ਪ੍ਰੰਤੂ ਜਾਤੀਪਾਤੀ ਅਧਾਰਤ ਘੋਰ ਪੱਖਪਾਤੀ ਵਿਤਕਰਾ ਰਿਸ਼ੀਆਂ ਮੁਨੀਆਂ ਦੇ ਇਸ 'ਮਹਾਨ ਭਾਰਤ ਵਰਸ਼' ਦੀ ਹੀ ਵਿਸ਼ੇਸ਼ਤਾ ਹੈ!
ਵੱਖ-ਵੱਖ ਦਲਿਤ ਆਗੂਆਂ, ਸਮਾਜ ਸੁਧਾਰਕਾਂ ਤੇ ਕਰਾਂਤੀਕਾਰੀਆਂ ਵਲੋਂ ਕੀਤੇ ਗਏ ਯਤਨਾਂ ਸਦਕਾ ਇਨ੍ਹਾਂ ਵਰਗਾਂ ਨੂੰ ਕੁਝ ਨਿਗੂਣੀਆਂ ਜਿਹੀਆਂ ਸਹੂਲਤਾਂ ਜਿਵੇਂ ਰਾਖਵਾਂਕਰਨ, ਜਾਤੀਸੂਚਕ ਸ਼ਬਦ ਬੋਲਣ ਦੀ ਮਨਾਹੀ, ਬੱਚਿਆਂ ਨੂੰ ਵਜ਼ੀਫੇ ਆਦਿ ਪ੍ਰਾਪਤ ਹੋਈਆਂ ਹਨ। ਇਨ੍ਹਾਂ ਸਹੂਲਤਾਂ ਸਦਕਾ ਇਕ ਬਹੁਤ ਛੋਟੇ ਜਿਹੇ ਹਿੱਸੇ ਨੂੰ ਕੁੱਝ ਪੱਖਾਂ ਤੋਂ ਲਾਭ ਵੀ ਪ੍ਰਾਪਤ  ਹੋਇਆ ਹੈ। ਜੇਕਰ ਰੀਜ਼ਰਵੇਸ਼ਨ ਦੀ ਸਹੂਲਤ ਨਾ ਹੁੰਦੀ ਤਾਂ ਸ਼ਾਇਦ ਕੋਈ ਵਿਰਲਾ ਵਾਂਝਾ ਦਲਿਤ ਜਾਂ ਅਛੂਤ ਹੀ ਸਰਕਾਰ ਵਿਚ ਮੰਤਰੀ, ਉਚ ਸਰਕਾਰੀ ਅਫਸਰ, ਡਾਕਟਰ ਜਾਂ ਇੰਜੀਨੀਅਰ ਬਣਨ ਦੇ ਰੁਤਬੇ ਤੱਕ ਪੁੱਜ ਸਕਦਾ। ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਲੋਕਾਂ ਦੇ ਇਕ ਨਿਕੇ ਜਿਹੇ ਹਿੱਸੇ ਨੇ ਇਨ੍ਹਾਂ ਸਹੂਲਤਾਂ ਦੀ ਵਰਤੋਂ ਕਰਦਿਆਂ ਵਿਦਿਆ ਹਾਸਲ ਕਰਕੇ ਆਪਣੀ  ਸਮਾਜਕ-ਰਾਜਸੀ ਚੇਤਨਾ ਤੇ ਜਾਗਰੂਕਤਾ ਵਿਚ ਵਾਧਾ ਵੀ ਕੀਤਾ ਹੈ। ਭਾਵੇਂ ਕਿ ਇਹ ਵਾਧਾ ਅਜੇ ਵੀ ਉਸ ਜਮਾਤੀ ਚੇਤਨਾ ਪੱਖੋਂ ਊਣਾ ਹੈ, ਜਿਸਨੇ ਇਸ ਸਮਾਜ ਨੂੰ ਹਰ ਕਿਸਮ ਦੀ ਲੁੱਟ ਖਸੁੱਟ ਤੇ ਸਮਾਜਿਕ  ਜਬਰ ਤੋਂ ਸਦੀਵੀਂ ਮੁਕਤੀ ਦੁਆਉਣੀ ਹੈ। ਇਹ ਸਾਰਾ ਕੁੱਝ ਹੋਣ ਦੇ ਬਾਵਜੂਦ ਵੀ ਸਮੁੱਚੇ ਦਲਿਤ ਭਾਈਚਾਰੇ ਜਾਂ ਕਥਿਤ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਨਾ ਤਾਂ ਜਿਊਣ ਯੋਗ ਆਰਥਿਕ ਵਸੀਲੇ ਨਸੀਬ ਹੋਏ ਹਨ ਅਤੇ ਨਾ ਹੀ  ਸਮਾਜਿਕ ਜਬਰ ਤੋਂ ਨਿਜ਼ਾਤ ਮਿਲੀ ਹੈ। ਜਾਤਪਾਤ ਦੇ ਵਿਤਕਰੇ ਤੇ ਵਧੀਕੀਆਂ ਤੋਂ ਬਚਣ ਲਈ 'ਧਰਮ ਪਰਿਵਰਤਨ' ਦਾ ਸਾਧਨ ਵੀ ਦਲਿਤ ਸਮਾਜ ਦੀ ਦੁਖਾਂ ਭਰੀ ਜ਼ਿੰਦਗੀ ਵਿਚ ਕੋਈ ਸੁੱਖ ਦਾ ਰੰਗ ਨਹੀਂ ਭਰ ਸਕਿਆ। ਉਲਟਾ ਸਗੋਂ ਧਰਮ ਪਰਿਵਰਤਨ ਕਰਨ ਵਾਲੇ ਦਲਿਤ ਰਾਖਵਾਂਕਰਨ ਆਦਿ ਦੀਆਂ ਸਹੂਲਤਾਂ ਤੋਂ ਵੀ ਵਾਂਝੇ ਹੋ ਗਏ।
ਪੂੰਜੀਵਾਦੀ ਪ੍ਰਬੰਧ ਅਧੀਨ ਅੱਜ ਜਦੋਂ  ਉਚ ਜਾਤੀਆਂ ਦੇ ਲੋਕ ਤੇ ਪੈਦਾਵਾਰੀ ਸਾਧਨਾਂ ਦੇ ਮਾਲਕ ਵਿਅਕਤੀ ਦਲਿਤਾਂ ਤੇ ਨੀਵੀਆਂ ਜਾਤਾਂ ਵਜੋਂ ਜਾਣੇ ਜਾਂਦੇ ਲੋਕਾਂ ਉਪਰ ਘੋਰ ਸਮਾਜਿਕ ਜਬਰ ਤੇ ਵਿਤਕਰੇ ਕਰ ਰਹੇ ਹਨ, ਤਦ ਕੁਝ ਰਾਜਨੀਤਕ ਪਾਰਟੀਆਂ ਤੇ ਸਮਾਜਿਕ ਸੰਗਠਨ ਦਲਿਤਾਂ ਨੂੰ ਨਿਰੋਲ ਦਲਿਤਾਂ ਦੇ ਨਾਂਅ  ਉਪਰ ਜਥੇਬੰਦ ਕਰ ਰਹੇ ਹਨ। ਉਹ, ਆਮ ਤੌਰ 'ਤੇ, ਇਸ ਹੋ ਰਹੇ ਸਪੱਸ਼ਟ ਅਨਿਆਂ ਦਾ ਹੱਲ ਕਿਸੇ ਦਲਿਤ ਜਾਂ ਨੀਵੀ ਜਾਤ ਨਾਲ ਸੰਬੰਧਤ ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਗਰੁੱਪ ਦੀ ਸਰਕਾਰ ਬਣਨ ਵਿਚ ਟਟੋਲਦੇ ਹਨ। ਜੇ ਕੋਈ ਵਿਅਕਤੀ ਜਾਂ ਸੰਸਥਾ ਦਲਿਤਾਂ ਤੇ ਹੋਰ ਪਛੜੇ ਲੋਕਾਂ ਨੂੰ ਇਕੱਠਿਆਂ ਕਰਕੇ ਉਨ੍ਹਾਂ ਦੀ ਕਿਸੇ ਹੱਕੀ ਮੰਗ ਦੀ ਪ੍ਰਾਪਤੀ ਲਈ ਘੋਲ ਕਰਦੀ ਹੈ ਤਾਂ ਇਹ ਸ਼ਲਾਘਾ ਯੋਗ ਹੈ। ਪ੍ਰੰਤੂ ਜੇਕਰ ਅਜਿਹੇ ਵਿਅਕਤੀ ਜਾਂ ਰਾਜਨੀਤਕ ਸੰਗਠਨ ਮੌਜੂਦਾ ਲੁਟੇਰੇ ਪ੍ਰਬੰਧ ਵਿਚ ਦਲਿਤਾਂ ਤੇ ਪੱਛੜੇ ਵਰਗਾਂ ਦੇ ਲੋਕਾਂ ਨੂੰ ਸਮੁੱਚੀ ਜਮਹੂਰੀ ਲਹਿਰ ਦਾ ਹਿੱਸਾ ਨਹੀਂ ਬਣਾਉਂਦੇ ਤਾਂ ਮੰਤਕੀ ਤੌਰ 'ਤੇ ਉਹ ਦਲਿਤਾਂ ਨੂੰ ਜਾਤੀਪਾਤੀ ਵਿਤਕਰੇ, ਸਮਾਜਿਕ ਜਬਰ ਤੇ ਆਰਥਿਕ ਲੁੱਟ ਖਸੁੱਟ ਤੋਂ ਛੁਟਕਾਰਾ ਨਹੀਂ ਦੁਆ ਸਕਦੇ। ਬਲਕਿ ਜੇਕਰ ਇਹ ਵਿਤਕਰਾ ਜਾਰੀ ਰਹੇ ਤਾਂ ਦਲਿਤਾਂ ਦੇ ਨਾਂਅ 'ਤੇ ਅਜਿਹੀ ਰਾਜਨੀਤੀ ਕਰਨ ਵਾਲਿਆਂ ਦੀ ਤਾਂ ਰਾਜਸੀ ''ਦੁਕਾਨ'' ਚਲਦੀ ਰਹਿੰਦੀ ਹੈ। ਇਸ ਤੋਂ ਉਲਟ, ਦਲਿਤਾਂ ਤੇ ਪੱਛੜੇ ਵਰਗਾਂ ਦੀਆਂ ਬਾਕੀ ਕਿਰਤੀਆਂ ਨਾਲੋਂ ਵੱਖਰੀਆਂ ਜਾਂ ਵਿਰੋਧ ਵਿਚ ਬਣੀਆਂ ਸੰਸਥਾਵਾਂ ਜੇਕਰ ਇਕੱਠੀਆਂ ਹੋ ਕੇ ਸਾਰੀਆਂ ਬਿਮਾਰੀਆਂ ਤੇ ਵਿਤਕਰਿਆਂ ਦੀ ਜੜ੍ਹ 'ਪੂੰਜੀਵਾਦੀ' ਢਾਂਚੇ ਵਿਰੁੱਧ ਨਹੀਂ ਲੜਦੀਆਂ ਤੇ ਇਸਨੂੰ ਬਦਲ ਕੇ ਸਮਾਜਵਾਦੀ ਵਿਵਸਥਾ ਦੀ ਕਾਇਮੀ ਲਈ ਅੱਗੇ ਨਹੀਂ  ਵਧਦੀਆਂ, ਤਦ ਇਸ ਦੱਬੇ-ਕੁਚਲੇ ਤਬਕੇ ਦਾ ਕੋਈ ਭਲਾ ਹੋਣ ਦੀ ਥਾਂ ਲੋਟੂ ਨਿਜ਼ਾਮ ਪੂੰਜੀਵਾਦ ਦੀ ਉਮਰ ਹੀ ਲੰਬੀ ਹੋਵੇਗੀ। ਦੱਬੇ-ਕੁਚਲੇ ਲੋਕਾਂ ਦੀ ਸਾਂਝੀ ਲੜਾਈ, ਸਮਾਜਿਕ ਵਿਕਾਸ ਦੀ ਵਿਗਿਆਨਕ ਵਿਚਾਰਧਾਰਾ ਅਤੇ ਅਨੁਸ਼ਾਸਨਬੱਧ ਇਨਕਲਾਬੀ ਸੰਗਠਨ ਹੀ ਅਜੋਕੀ ਗੁਲਾਮੀ ਦੀਆਂ ਜੰਜ਼ੀਰਾਂ ਵਿਚ ਜਕੜੀ ਤਮਾਮ ਲੋਕਾਈ ਲਈ ਆਜ਼ਾਦੀ ਦਾ ਰਸਤਾ ਖੋਲ੍ਹ ਸਕਦੇ ਹਨ।
ਇਨਕਲਾਬੀ ਅਤੇ ਖੱਬੀਆਂ ਸ਼ਕਤੀਆਂ ਦੀ ਇਸ ਸਮਝਦਾਰੀ ਨੂੰ ਵੀ ਨਵਿਆਉਣ ਦੀ ਲੋੜ ਹੈ ਕਿ ਜਾਤੀਪਾਤੀ ਵਿਤਕਰਿਆਂ ਤੇ ਸਮਾਜਕ ਜਬਰ ਦਾ ਖਾਤਮਾ ਪੂੰਜੀਵਾਦ ਵਿਕਾਸ ਨਾਲ ਜਾਂ ਪੂੰਜੀਵਾਦ ਤੋਂ ਬਾਅਦ ਸਮਾਜਵਾਦੀ ਪ੍ਰਬੰਧ ਵਿਚ ਆਪਣੇ ਆਪ ਖਤਮ ਹੋ ਜਾਵੇਗਾ। ਸਮਾਜਿਕ ਤਬਦੀਲੀ ਵਾਸਤੇ ਪਹਿਲਾਂ, ਸਮਾਜਿਕ ਨਪੀੜਨ ਦਾ ਸਭ ਤੋਂ ਵੱਧ ਸ਼ਿਕਾਰ ਲੋਕਾਂ ਨੂੰ ਲਾਮਬੰਦ ਕਰਕੇ ਸੰਘਰਸ਼ ਕਰਨਾ ਹੋਵੇਗਾ ਤੇ ਉਨ੍ਹਾਂ ਦਾ ਵਿਸ਼ਵਾਸ ਜਿੱਤਣਾ ਹੋਵੇਗਾ। ਦਲਿਤਾਂ ਉਪਰ ਹੋ ਰਹੇ ਜਬਰ ਦਾ ਟਾਕਰਾ ਕਰਨ ਦਾ ਜ਼ਿੰਮਾ ਸਿਰਫ ਦਲਿਤ ਜਥੇਬੰਦੀਆਂ ਜਾਂ ਦਲਿਤ ਆਗੂਆਂ ਦਾ ਹੀ ਨਹੀਂ, ਸਗੋਂ ਸਮੁੱਚੀ ਜਮਹੂਰੀ ਲਹਿਰ ਤੇ ਇਸਦੇ ਆਗੂਆਂ ਉਪਰ ਜ਼ਿਆਦਾ ਹੈ। ਇਹ ਇਕ ਬਹੁਤ ਹੀ ਮਹੱਤਵਪੂਰਨ, ਲੰਬਾ ਤੇ ਸਿਰੜੀ ਘੋਲ ਹੈ, ਜਿਸਦੀ ਮਹਾਨਤਾ ਦਾ ਅਹਿਸਾਸ ਹਾਲੇ ਤੱਕ ਵੀ ਕਈ ਅਗਾਂਹਵਧੂ ਹਲਕੇ ਪੂਰੀ ਗੰਭੀਰਤਾ ਨਾਲ ਨਹੀਂ ਕਰਦੇ। ਹਕੀਕੀ ਸਮਾਜਿਕ ਪਰਿਵਰਤਨ ਵਾਸਤੇ ਇਨਕਲਾਬੀ ਲਹਿਰ ਦੇ ਧੁਰੇ ਵਜੋਂ ਦਲਿਤਾਂ, ਪਛੜੀ ਜਾਤੀਆਂ ਨਾਲ ਸਬੰਧਤ ਕਿਰਤੀ ਲੋਕਾਂ, ਮਜ਼ਦੂਰਾਂ, ਖੇਤ ਮਜ਼ਦੂਰਾਂ, ਗਰੀਬ ਤੇ ਛੋਟੇ ਕਿਸਾਨਾਂ ਨੂੰ ਇਕਜੁਟ ਹੋ ਕੇ ਕੰਮ ਕਰਨਾ ਹੋਵੇਗਾ। ਸਮਾਜਵਾਦੀ ਪ੍ਰਬੰਧ ਦੀ ਸਥਾਪਤੀ ਉਪਰੰਤ ਵੀ, ਇਕ ਸਮੇਂ ਤੱਕ, ਸਮੁੱਚੇ ਸਮਾਜ ਨੂੰ ਇਨ੍ਹਾਂ ਦਲਿਤਾਂ ਤੇ ਪੱਛੜੀਆਂ ਜਾਤੀਆਂ ਦੇ ਲੋਕਾਂ ਦੇ ਹੱਕਾਂ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ।
ਅੱਜ ਜਦੋਂ ਕਿ ਦੇਸ਼ ਅੰਦਰ ਆਰ.ਐਸ.ਐਸ. (ਸੰਘ ਪਰਿਵਾਰ) ਦੀ ਵਿਚਾਰਧਾਰਾ ਨੂੰ ਪਰਣਾਈ ਹੋਈ ਭਾਜਪਾ ਹੱਥ ਸੱਤਾ ਆ ਗਈ ਹੈ, ਜੋ ਦੇਸ਼ ਦਾ ਧਰਮ ਨਿਰਪੱਖ, ਜਮਹੂਰੀ ਤੇ ਭਾਈਚਾਰਕ ਸਾਂਝ ਵਾਲਾ ਢਾਂਚਾ ਬਦਲ ਕੇ ਇਕ ਧਰਮ ਅਧਾਰਤ ਦੇਸ਼ (Theocratic State) ਬਣਾਉਣ ਦੇ ਮਨਹੂਸ ਟੀਚੇ ਨੂੰ ਹਾਸਲ ਕਰਨ ਲਈ ਪੂਰੇ ਜ਼ੋਰ ਤੇ ਯੋਜਨਾ ਨਾਲ ਕੰਮ ਕਰ ਰਹੀ ਹੈ ਅਤੇ ਆਰਥਿਕ ਪੱਖੋਂ ਸਾਮਰਾਜ ਨਿਰਦੇਸ਼ਿਤ ਨਵ-ਉਦਾਰਵਾਦੀ ਨੀਤੀਆਂ ਲਾਗੂ ਕਰ ਰਹੀ ਹੈ, ਤਦ ਉਸਦਾ ਮੁੱਖ ਨਿਸ਼ਾਨਾ ਜਿੱਥੇ ਜਮਹੂਰੀ ਤੇ ਅਗਾਂਹਵਧੂ ਲਹਿਰ ਨੂੰ ਤਬਾਹ ਕਰਨਾ ਹੈ, ਉਥੇ ਘੱਟ ਗਿਣਤੀਆਂ, ਦਲਿਤਾਂ ਅਛੂਤ ਸਮਝੀਆਂ ਜਾਂਦੀਆਂ ਜਾਤੀਆਂ, ਕਬਾਇਲੀਆਂ ਤੇ ਔਰਤਾਂ ਵੀ ਉਸਦੀ ਉਚੇਚੀ ਮਾਰ ਹੇਠ ਹਨ। ਇਸੇ ਕਰਕੇ ਮੋਦੀ ਦੀ ਕੇਂਦਰੀ ਸਰਕਾਰ ਵਲੋਂ ਡਾ. ਬੀ.ਆਰ. ਅੰਬੇਡਕਰ ਦਾ ਫੋਕਾ ਰਟਣ ਮੰਤਰ ਕਰਨ ਅਤੇ ਔਰਤਾਂ ਨੂੰ ਵਧੇਰੇ ਅਧਿਕਾਰ ਤੇ ਸੁਰੱਖਿਆ ਦੇਣ ਦੇ ਪਾਖੰਡੀ ਨਾਅਰਿਆਂ ਦੇ ਨਾਲ ਨਾਲ ਦਲਿਤਾਂ ਨੂੰ ਮਨੂੰਵਾਦੀ ਵਿਵਸਥਾ ਦੇ ਕਾਇਦੇ ਕਾਨੂੰਨਾਂ ਵਾਂਗ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਔਰਤਾਂ ਉਪਰ ਅਤਿਆਚਾਰਾਂ ਵਿਚ ਵੀ ਢੇਰ ਵਾਧਾ ਕੀਤਾ ਜਾ ਰਿਹਾ ਹੈ। ਜਦੋਂ ਨਰਿੰਦਰ ਮੋਦੀ ਦੀ ਸਰਕਾਰ ਨੇ  ਪਿਛਾਖੜੀ ਵਿਚਾਰਧਾਰਾ, ਵੇਲਾ ਵਿਹਾ ਚੁੱਕੇ ਗਲਤ ਰਸਮੋ ਰਿਵਾਜ ਤੇ ਗੈਰ ਵਿਗਿਆਨਕ ਵਿਦਿਆ ਦਾ ਪਸਾਰਾ ਕਰਨ ਦੀ ਯੋਜਨਾ ਬਣਾ ਲਈ ਹੈ, ਤਦ ਉਸ ਵਿਚ ਮਨੂੰਸਮਿਰਤੀ ਦੇ ਕਾਇਦੇ-ਕਾਨੂੰਨਾਂ ਦਾ ਲਾਗੂ ਹੋਣਾ ਵੀ ਲਾਜ਼ਮੀ ਹੈ, ਜਿਸ ਵਿਚ ਦਲਿਤਾਂ ਉਪਰ ਸਮਾਜਿਕ ਜਬਰ, ਛੂਤ-ਛਾਤ, ਔਰਤਾਂ ਦੀ ਗੁਲਾਮੀ ਆਦਿ ਪਹਿਲਾਂ ਹੀ ਸ਼ਾਮਿਲ ਹੈ। ਕੇਵਲ ਊਨੇ (ਗੁਜਰਾਤ) ਵਿਚ ਹੀ ਗਊ ਰੱਖਿਆ ਦੇ ਨਾਂਅ ਉਪਰ ਗਰੀਬ ਦਲਿਤਾਂ ਦੀ ਕੁੱਟ ਕੁੱਟ ਕੇ ਚਮੜੀ ਨਹੀਂ ਉਧੇੜੀ ਗਈ, ਸੰਘ ਪਰਿਵਾਰ ਦੇ ਗੁੰਡੇ ਜਿੱਥੇ ਜੀ ਕਰਦਾ ਹੈ, ਧਰਮ ਦੇ ਨਾਂਅ ਹੇਠਾਂ ਬੇਗੁਨਾਹ ਲੋਕਾਂ ਵਿਰੁੱਧ ਹਰ ਤਰ੍ਹਾਂ ਦਾ ਜਬਰ ਕਰਦੇ ਹਨ। ਜਦੋਂ ਕੇਂਦਰੀ ਸਰਕਾਰ ਵਲੋਂ ਉਦਾਰੀਕਰਨ ਤੇ ਸੰਸਾਰੀਕਰਨ ਦੇ ਪਰਦੇ ਹੇਠਾਂ ਸਮੁੱਚੇ ਅਰਥਚਾਰੇ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਤਦ ਭਾਰਤੀ ਸੰਵਿਧਾਨ ਅਧੀਨ ਦਲਿਤਾਂ, ਪਛੜੇ ਵਰਗਾਂ ਤੇ ਕਬਾਇਲੀ ਲੋਕਾਂ ਵਾਸਤੇ ਰਾਖਵੇਂਕਰਨ ਜਾਂ ਵਿਸ਼ੇਸ਼ ਅਧਿਕਾਰਾਂ ਦੀ ਵਿਵਸਥਾ ਆਪਣੇ ਆਪ ਹੀ ਅਰਥਹੀਣ ਹੋ ਜਾਂਦੀ ਹੈ। ਕਿਉਂਕਿ ਨਿੱਜੀ ਕੰਪਨੀਆਂ ਤੇ ਕਾਰਪੋਰੇਟ ਘਰਾਣੇ ਤਾਂ ਆਪਣੇ ਮੁਨਾਫੇ ਵਧਾਉਣ ਬਾਰੇ  ਹੀ ਸੋਚਦੇ ਹਨ, ਉਹ ਰਾਖਵੇਂਕਰਨ ਦੀ ਨੀਤੀ ਦੇ ਪਾਬੰਦ ਨਹੀਂ ਹਨ। ਕਿੰਨਾ ਧੋਖੇਬਾਜ਼ ਹੈ 'ਸੰਘ ਪਰਿਵਾਰ', ਜੋ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਦਾ ਗੁਣਗਾਨ ਕਰਦੇ ਹੋਏ ਉਨ੍ਹਾਂ ਦੁਆਰਾ ਦਲਿਤਾਂ ਤੇ ਪੱਛੜੇ ਲੋਕਾਂ ਦੇ ਭਲੇ ਲਈ ਥੋੜੇ ਬਹੁਤੇ ਬਣਾਏ ਕਾਨੂੰਨਾਂ ਨੂੰ ਹੀ ਖਤਮ ਕਰ ਰਿਹਾ ਹੈ! ਸੰਘ ਪਰਵਾਰ, ਮੂਲ ਰੂਪ ਵਿਚ, ਸਾਮਰਾਜ ਪੱਖੀ ਤੇ ਦਲਿਤਾਂ, ਪਛੜੇ ਵਰਗਾਂ ਤੇ ਸਮੁੱਚੇ ਮਿਹਨਤਕਸ਼ ਲੋਕਾਂ ਦਾ ਦੁਸ਼ਮਣ ਹੈ।
ਇਸ ਸਥਿਤੀ ਵਿਚੋਂ ਨਿਕਲਣ ਵਾਸਤੇ ਜਿੱਥੇ ਦਲਿਤ ਜਨ ਸਮੂਹਾਂ ਲਈ  ਵਰਗ ਚੇਤਨਾ ਤੇ ਏਕਤਾ ਜ਼ਰੂਰੀ ਹੈ, ਉਥੇ ਜਮਹੂਰੀ ਤੇ ਖੱਬੀ ਲਹਿਰ ਨੂੰ ਵੀ ਦਲਿਤ ਸਵਾਲਾਂ ਨੂੰ ਆਪਣੇ ਹੋਰ ਜਮਾਤੀ ਸਵਾਲਾਂ ਵਾਂਗ ਹੀ ਪੂਰੀ ਸ਼ਿੱਦਤ ਨਾਲ ਉਠਾਉਣਾ ਹੋਵੇਗਾ ਤੇ ਉਨ੍ਹਾਂ ਉਪਰ ਸੰਘਰਸ਼ ਲਾਮਬੰਦ ਕਰਨੇ ਹੋਣਗੇ। ਅਜਿਹਾ ਕਰਦਿਆਂ ਦਲਿਤਾਂ ਤੇ ਹੁੰਦੀ ਕਿਸੇ ਕਿਸਮ ਦੀ ਜ਼ਿਆਦਤੀ ਦਾ ਵਿਰੋਧ ਜਮਹੂਰੀ ਲਹਿਰ ਦਾ ਪਹਿਲ ਅਧਾਰਿਤ ਮੁੱਦਾ ਬਣਾਉਣ ਦੀ ਜ਼ਰੂਰਤ ਹੈ। ਦਲਿਤ ਤੇ ਹੋਰ ਪਛੜੇ ਵਰਗਾਂ ਨੂੰ ਵੀ ਇਸ ਪੱਖੋਂ ਸੁਚੇਤ ਕਰਨਾ ਹੋਵੇਗਾ ਕਿ ਅਸਲ ਲੜਾਈ ਪੈਦਾਵਾਰ ਦੇ ਸਾਧਨਾਂ ਉਪਰ ਸਮੂਹਿਕ ਕਬਜ਼ੇ ਤੇ ਪੈਦਾਵਾਰ ਦੀ ਨਿਆਂਪੂਰਨ ਵੰਡ ਦੀ ਹੈ, ਜੋ ਸਮਾਜਵਾਦੀ ਵਿਵਸਥਾ ਵਿਚ ਹੀ ਸੰਭਵ ਹੈ। ਜਾਤਪਾਤ ਅਧਾਰਤ ਰਾਜਨੀਤੀ ਜਾਂ ਸਿਰਫ ਕਿਸੇ ਜਾਤ ਅਧਾਰਤ ਆਗੂ ਦਾ ਰਾਜ ਸੱਤਾ ਉਪਰ ਕਾਬਜ਼ ਹੋ ਜਾਣਾ ਮਸਲੇ ਦਾ ਹੱਲ ਨਹੀਂ ਹੈ। ਤਜ਼ਰਬੇ ਦੇ ਤੌਰ 'ਤੇ ਦੇਸ਼ ਦਾ ਦਲਿਤ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ, ਵੱਖੋ ਵੱਖ ਰੰਗਾਂ ਦੇ ਕੇਂਦਰੀ ਅਤੇ ਸੂਬਾਈ ਵਜੀਰਾਂ ਤੇ ਲੋਕ ਪ੍ਰਤੀਨਿੱਧ ਅਤੇ ਯੂ.ਪੀ. ਵਿਚ ਕੁਮਾਰੀ ਮਾਇਆਵਤੀ ਦਾ ਚਾਰ ਵਾਰ ਮੁੱਖ ਮੰਤਰੀ ਦੀ ਕੁਰਸੀ ਉਪਰ ਬਿਰਾਜਮਾਨ ਹੋਣਾ ਦੇਸ਼ ਤੇ ਪ੍ਰਾਂਤ ਅੰਦਰ ਦਲਿਤਾਂ ਤੇ ਹੋਰ ਪਛੜੇ ਵਰਗਾਂ ਦੇ ਲੋਕਾਂ ਦੀ ਜ਼ਿੰਦਗੀ ਵਿਚ ਕੋਈ ਤਬਦੀਲੀ ਨਹੀਂ ਲਿਆ ਸਕਿਆ। ਜਾਤੀਪਾਤੀ ਆਗੂਆਂ ਤੇ ਰਾਜਸੀ ਪਾਰਟੀਆਂ ਵਲੋਂ ਸਮਾਜਿਕ ਤਬਦੀਲੀ ਬਾਰੇ ਵਿਗਿਆਨਕ ਚੇਤਨਾ ਵੀ, ਦਲਿਤ ਸਮਾਜ ਵਿਚ ਲਿਆਉਣ ਦਾ ਲੋੜੀਂਦਾ ਉਪਰਾਲਾ ਕਦੀ ਨਹੀਂ ਕੀਤਾ ਜਾਂਦਾ। ਕਿਉਂਕਿ ਉਨ੍ਹਾਂ ਆਗੂਆਂ ਤੇ ਜਾਤੀ ਅਧਾਰਤ ਪਾਰਟੀਆਂ ਦੀ ਮੰਜ਼ਿਲ ਦਲਿਤ ਸਮਾਜ ਦੀ ਸਹਾਇਤਾ ਨਾਲ ਰਾਜ ਸੱਤਾ ਉਪਰ ਕਬਜ਼ਾ ਕਰਨ ਤਕ ਹੀ ਸੀਮਤ ਹੈ। ਹਕੀਕੀ ਸਮਾਜਿਕ ਤਬਦੀਲੀ ਉਨ੍ਹਾਂ ਦਾ ਨਿਸ਼ਾਨਾ ਨਹੀਂ ਹੈ। ਯਤਨ ਇਹ ਹੋਣਾ ਚਾਹੀਦਾ ਹੈ ਕਿ ਦਲਿਤਾਂ, ਪਿਛੜੇ ਵਰਗਾਂ ਦੇ ਲੋਕਾਂ ਤੇ ਔਰਤਾਂ ਉਪਰ ਹੋ ਰਹੇ ਅਤਿਆਚਾਰਾਂ ਵਿਰੁੱਧ ਵਿਸ਼ਾਲ ਤੋਂ ਵਿਸ਼ਾਲ ਲਾਮਬੰਦੀ ਵੀ ਕੀਤੀ ਜਾਵੇ, ਪ੍ਰੰਤੂ ਨਾਲ ਹੀ ਉਨ੍ਹਾਂ ਵਿਚ ਵਿਗਿਆਨਕ ਵਰਗ ਚੇਤਨਾ ਦਾ ਚਿਰਾਗ ਵੀ ਜਗਾਇਆ ਜਾਵੇ, ਜਿਸਨੇ, ਅੰਤਮ ਰੂਪ ਵਿਚ, ਬਾਕੀ ਸਮਾਜ ਦੇ ਮਿਹਨਤਕਸ਼ ਲੋਕਾਂ ਵਾਂਗ ਸਦੀਆਂ ਤੋਂ ਸਮਾਜਿਕ ਜਬਰ ਤੇ ਅਨਿਆਂ ਦਾ ਸ਼ਿਕਾਰ ਹੋ ਰਹੇ ਦਲਿਤ ਸਮਾਜ ਨੂੰ ਵੀ ਹਕੀਕੀ ਆਜ਼ਾਦੀ ਤੇ ਬਰਾਬਰਤਾ ਭਰਪੂਰ ਜ਼ਿੰਦਗੀ ਪ੍ਰਦਾਨ ਕਰਨੀ ਹੈ।

No comments:

Post a Comment