Saturday 3 September 2016

ਸਾਥੀ ਚਰਨ ਸਿੰਘ ਵਿਰਦੀ ਦੇ ਸ਼ੀਸ਼ੇ ਦਾ ਕੱਚ-ਸੱਚ

ਹਰਕੰਵਲ ਸਿੰਘ

ਮਈ ਮਹੀਨੇ 'ਚ ਪੱਛਮੀ ਬੰਗਾਲ ਦੀ ਵਿਧਾਨ ਸਭਾ ਲਈ ਹੋਈਆਂ ਚੋਣਾਂ ਵਿਚ, ਸੀ.ਪੀ.ਆਈ.(ਐਮ) ਵਲੋਂ ਕਾਂਗਰਸ ਪਾਰਟੀ ਨਾਲ ਸਾਂਝ ਪਾਉਣ ਦੀ ਅਪਣਾਈ ਗਈ ਦੀਵਾਲੀਆ ਦਾਅਪੇਚਕ ਲਾਈਨ ਬਾਰੇ ਦੇਸ਼ ਭਰ ਵਿਚ ਉਭਰੇ ਰਾਜਸੀ-ਵਿਚਾਰਧਾਰਕ ਵਾਦ-ਵਿਵਾਦ ਦੌਰਾਨ, 'ਸੰਗਰਾਮੀ ਲਹਿਰ' ਵਿਚ ਛਪੀਆਂ ਸਾਡੀਆਂ ਕੁੱਝ ਇਕ ਸਿਧਾਂਤਕ ਟਿੱਪਣੀਆਂ ਤੋਂ ਬੁਖਲਾਕੇ ਸੀ.ਪੀ.ਆਈ.(ਐਮ) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਚਰਨ ਸਿੰਘ ਵਿਰਦੀ ਨੇ ''ਮਾਸਟਰ ਹਰਕੰਵਲ ਸਿੰਘ ਲਈ ਸ਼ੀਸ਼ਾ'' ਦੇ ਸਿਰਲੇਖ ਹੇਠ ਇਕ ਲੰਬਾ ਲੇਖ ਲਿਖਿਆ ਹੈ। ਉਹਨਾਂ ਨੇ ਇਹ ਲੇਖ ਪਹਿਲਾਂ ਆਪਣੀ ਪਾਰਟੀ ਦੇ ਮਾਸਕ ਪਰਚੇ 'ਲੋਕ ਲਹਿਰ' ਦੇ ਜੁਲਾਈ ਅੰਕ ਵਿਚ 'ਰਾਜਨੀਤਕ ਟਿੱਪਣੀਕਾਰ' ਦੇ ਨਾਂਅ ਹੇਠ ਛਾਪਿਆ, ਪ੍ਰੰਤੂ ਬਾਅਦ ਵਿਚ 'ਰੋਜ਼ਾਨਾ ਦੇਸ਼ ਸੇਵਕ' ਦੇ 31 ਜੁਲਾਈ ਦੇ ਅੰਕ ਵਿਚ ਆਪਣੇ ਨਾਂਅ ਹੇਠ ਛਪਵਾਇਆ। ਇਸ ਲੇਖ ਵਿਚ ਉਨ੍ਹਾਂ ਨੇ ਆਪਣੀ ਪਾਰਟੀ ਵਲੋਂ ਇਹਨਾਂ ਚੋਣਾਂ ਵਿਚ ਅਪਣਾਈ ਗਈ ਲਾਈਨ ਨੂੰ ਸਹੀ ਠਹਿਰਾਉਣ ਅਤੇ ਇਸ ਵਿਰੁੱਧ ਕਾਮਰੇਡ ਜਗਮਤੀ ਸਾਂਗਵਾਨ ਵਲੋਂ ਕੀਤੀ ਗਈ ਬਗਾਵਤ ਨੂੰ ਨਿੰਦਣ ਲਈ ਕਈ ਝੂਠੀਆਂ-ਸੱਚੀਆਂ ਦਲੀਲਾਂ ਦਾ 'ਚੰਗਾ' ਆਸਰਾ ਲਿਆ ਹੈ। ਅਜਿਹਾ ਕਰਨਾ ਉਹਨਾ ਦੀ 'ਡਿਊਟੀ' ਵੀ ਹੈ ਅਤੇ ਅੱਜਕਲ ਮਜ਼ਬੂਰੀ ਵੀ। ਇਸ ਲਈ ਇਸ ਪੱਖੋਂ ਤਾਂ ਕਿਸੇ ਨੂੰ ਕੋਈ ਬਹੁਤਾ ਇਤਰਾਜ਼ ਨਹੀਂ ਹੋ ਸਕਦਾ। ਐਪਰ ਇਸ ਦੇ ਨਾਲ ਹੀ ਸਾਥੀ ਵਿਰਦੀ ਨੇ ਸਾਡੀ ਪਾਰਟੀ-ਸੀ.ਪੀ.ਐਮ.ਪੰਜਾਬ ਬਾਰੇ ਅਤੇ ਵਿਸ਼ੇਸ਼ ਤੌਰ 'ਤੇ ਮੇਰੇ ਬਾਰੇ, ਨਿੱਜੀ ਰੂਪ ਵਿਚ, ਬਹੁਤ ਸਾਰੀਆਂ ਮਨੋਕਲਪਿਤ ਤੇ ਘਟੀਆ ਊਜਾਂ ਲਾਈਆਂ ਹਨ। ਇਸ ਤਰ੍ਹਾਂ, ਉਹਨਾਂ ਨੇ, ਸਿਧਾਂਤਕ ਮੱਤਭੇਦਾਂ ਨੂੰ ਨਿੱਜੀ ਲੜਾਈ ਦਾ ਰੂਪ ਦੇਣ ਦਾ ਅਸਲੋਂ ਹੀ ਅਨੈਤਿਕ ਕੰਮ ਕੀਤਾ ਹੈ। ਇਸ ਲਈ, ਸਾਨੂੰ ਅਫਸੋਸ ਹੈ ਕਿ ਇਸ ਹੱਥਲੀ ਲਿਖਤ ਵਿਚ, ਵਾਦ ਵਿਵਾਦ ਦਾ ਵਿਸ਼ਾ ਬਣੀਆਂ ਉਪਰੋਕਤ ਦੋਵਾਂ ਘਟਨਾਵਾਂ ਬਾਰੇ ਆਪਣੀ ਸਿਧਾਂਤਕ ਸਮਝਦਾਰੀ ਨੂੰ ਦਰਿੜਾਉਣ ਦੇ ਨਾਲ ਨਾਲ ਸਾਨੂੰ ਵਿਰਦੀ ਸਾਹਿਬ ਵਲੋਂ ਘੜੀਆਂ ਗਈਆਂ ਵਿਅਕਤੀਗਤ ਊਜਾਂ ਬਾਰੇ ਵੀ ਉਹਨਾਂ ਨਾਲ ਸੰਖੇਪ ਸੰਵਾਦ ਰਚਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ; ਜਿਹੜਾ ਸ਼ਾਇਦ ਕੁਝ ਪਾਠਕਾਂ ਦੀਆਂ ਨਜ਼ਰਾਂ ਵਿਚ ਬੇਲੋੜਾ ਲੱਗੇ। ਅਤੇ, ਹੋ ਸਕਦਾ ਹੈ ਕਿ ਉਹਨਾਂ ਨੂੰ ਚੰਗਾ ਵੀ ਨਾ ਲੱਗੇ। ਇਸ ਲਈ ਸਾਡੀ ਬੇਨਤੀ ਹੈ ਕਿ ਇਸ ਪੱਖੋਂ ਸਾਡੀ ਮਜ਼ਬੂਰੀ ਨੂੂੰ ਧਿਆਨ ਵਿਚ ਜ਼ਰੂਰ ਰੱਖਿਆ ਜਾਵੇ।
ਜਿਥੋਂ ਤੱਕ ਵਿਰਦੀ ਸਾਹਿਬ ਦੀ ਪਾਰਟੀ ਵਲੋਂ ਕੀਤੇ ਗਏ ਉਪਰੋਕਤ ਚੋਣ ਗਠਜੋੜ ਦਾ ਸਬੰਧ ਹੈ : ਜਮਾਤੀ ਨਿਰਨਿਆਂ ਤੋਂ ਹਮੇਸ਼ਾ ਸੇਧਤ ਰਹਿੰਦੀ ਮਾਰਕਸਵਾਦੀ ਸਮਝਦਾਰੀ ਦੀ ਤਾਂ ਇਹ ਸਮਝੌਤਾ ਨੰਗੀ ਚਿੱਟੀ ਤੌਹੀਨ ਹੈ ਹੀ, ਇਹ ਤਾਂ ਉਹਨਾਂ ਲੈਨਿਨਵਾਦੀ ਜਥੇਬੰਦਕ ਅਸੂਲਾਂ ਦੀ ਵੀ ਘੋਰ ਉਲੰਘਣਾ ਸੀ, ਜਿਹਨਾਂ ਅਸੂਲਾਂ ਦੀ ਪਾਲਣਾ ਕਰਨ ਦੇ ਦਾਅਵੇ ਉਹ ਪਾਰਟੀ ਅਕਸਰ ਕਰਦੀ ਹੈ। ਕਾਂਗਰਸ ਪਾਰਟੀ ਨਾਲ ਕੀਤਾ ਗਿਆ ਇਹ ਸਮਝੌਤਾ ਉਹਨਾਂ ਦੀ ਪਾਰਟੀ ਦੀ 21ਵੀਂ ਕਾਂਗਰਸ ਦੇ ਫੈਸਲਿਆਂ ਦੀ, ਲੀਡਰਸ਼ਿਪ ਦੇ ਇਕ ਹਿੱਸੇ ਵਲੋਂ ਕੀਤੀ ਗਈ ਨੰਗੀ ਚਿੱਟੀ  ਤੇ 'ਦਲੇਰਾਨਾ' ਉਲੰਘਣਾ ਸੀ। ਇਹੋ ਕਾਰਨ ਹੈ ਕਿ ਉਹਨਾਂ ਦਿਨਾਂ ਵਿਚ ਵਿਰਦੀ ਸਾਹਿਬ ਸਮੇਤ ਪਾਰਟੀ ਦੇ ਬਹੁਤੇ ਆਗੂਆਂ ਦੀ ਸਥਿਤੀ 'ਸੱਪ ਦੇ ਮੂੰਹ ਕੋਹੜਕਿਰਲੀ' ਵਰਗੀ ਬਣੀ ਰਹੀ; ਨਾ ਇਸ ਸਮਝੌਤੇ ਨੂੰ ਸਪੱਸ਼ਟ ਰੂਪ ਵਿਚ ਅਪਨਾਉਣ ਦੀ ਹਿੰਮਤ ਅਤੇ ਨਾ ਰੱਦ ਕਰਨ ਦੀ। ਕਈ ਆਗੂ ਤਾਂ ਇਸ ਸ਼ਰਮਨਾਕ ਮੌਕਾਪ੍ਰਸਤੀ ਤੋਂ 'ਚੰਗੇ ਨਤੀਜੇ' ਨਿਕਲਣ ਅਤੇ ਸਮੁੱਚੀ ਪਾਰਟੀ ਲਾਈਨ ਵਿਚ 180 ਦਰਜੇ ਦਾ ਮੋੜਾ ਕੱਟੇ ਜਾਣ ਦਾ ਭਰਮ ਵੀ ਪਾਲਦੇ ਰਹੇ। ਸ਼ਾਇਦ, ਉਹਨਾਂ ਦੇ 'ਜਮਹੂਰੀ ਕੇਂਦਰੀਵਾਦ' ਦਾ ਇਹ ਇਕ 'ਅਤੀ ਉਤਮ' ਨਮੂਨਾ ਸੀ। ਇਹੋ ਕਾਰਨ ਹੈ ਕਿ ਕੇਂਦਰੀ ਕਮੇਟੀ ਨੇ ਦਬਵੀਂ ਜਹੀ ਜੀਭੇ ਇਸ ਸਮਝੌਤੇ ਨੂੰ ''ਪਾਰਟੀ ਕਾਂਗਰਸ ਦੀ ਸਮਝਦਾਰੀ ਨਾਲ ਮੇਲ ਨਹੀਂ ਖਾਂਦਾ'' ਅਤੇ ''ਇਸਦੀ ਦਰੁਸਤੀ ਕੀਤੀ ਜਾਣੀ ਚਾਹੀਦੀ ਹੈ'' ਕਹਿਕੇ, ਪਾਰਲੀਮਾਨੀਵਾਦੀ ਮੌਕਾਪ੍ਰਸਤੀ ਦੇ ਆਫਰੇ ਹੋਏ ਤੇ ਸਿਰ ਚੜ੍ਹ ਬੋਲ ਰਹੇ ਭੂਤ ਤੋਂ ਪੱਲਾ ਛੁਡਾਉਣ ਦਾ ਯਤਨ ਕੀਤਾ ਹੈ। ਇਸ  ਪੱਖੋਂ ਉਹਨਾਂ ਨੂੰ ਜੇਕਰ ਥੋੜੀ ਬਹੁਤ ਸਫਲਤਾ ਵੀ ਮਿਲ ਜਾਵੇ ਤਾਂ ਇਹ ਨਿਸ਼ਚੇ ਹੀ ਸਵਾਗਤਯੋਗ ਹੋਵੇਗੀ।
 
ਜਗਮਤੀ ਦਾ ਕਸੂਰ!ਰਿਹਾ ਸਵਾਲ ਕੇਂਦਰੀ ਕਮੇਟੀ ਦੀ 18-20 ਜੂਨ ਦੀ ਮੀਟਿੰਗ ਵਿਚਲੀਆਂ ਘਟਨਾਵਾਂ ਦੇ ਮੁਲਾਂਕਣ ਦਾ। ਇਹਨਾਂ ਘਟਨਾਵਾਂ ਬਾਰੇ ਅਸੀਂ 'ਸੰਗਰਾਮੀ ਲਹਿਰ' ਦੇ ਜੁਲਾਈ ਅੰਕ ਵਿਚ ਆਪਣੀ ਟਿੱਪਣੀ ਦੇ ਨਾਲ ਕਾਮਰੇਡ ਜਗਮਤੀ ਸਾਂਗਵਾਨ ਦਾ ਖੁੱਲਾ ਪੱਤਰ ਵੀ ਹੂਬਹੂ ਛਾਪਿਆ ਸੀ। ਉਸ ਪੱਤਰ ਵਿਚ ਅੰਕਿਤ ਤੱਥਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਕਿਵੇਂ ਬਹੁਗਿਣਤੀ ਦਾ ਫੈਸਲਾ ਪੀ.ਬੀ. ਦੇ ਦੋ ਮੈਂਬਰਾਂ ਵਲੋਂ ਅਸਤੀਫਾ ਦੇ ਦੇਣ ਦੀ ਧਮਕੀ ਹੇਠ ਬਦਲਿਆ ਗਿਆ ਸੀ। ਕੀ ਪਾਰਟੀ ਦੇ ਸਰਵਉਚ ਅਦਾਰੇ ਦੇ ਫੈਸਲਿਆਂ ਦੀ, ਲੁਕ-ਛਿਪਕੇ ਨਹੀਂ, ਬਲਕਿ ਸ਼ਰੇਆਮ ਚੇਤਨ ਰੂਪ ਵਿਚ ਉਲੰਘਣਾ ਕਰਨਾ ਅਤੇ ਫਿਰ ਗਲਤੀ ਮੰਨਣ ਦੀ ਥਾਂ ਅਸਤੀਫੇ ਦੀ ਧਮਕੀ ਦੇ ਕੇ ਬਹੁਸੰਮਤੀ ਦੇ ਫੈਸਲੇ ਨੂੰ ਨਰਮ ਕਰਨ ਲਈ ਦਬਾਅ ਬਨਾਉਣਾ ਵੀ ''ਜਮਹੂਰੀ ਕੇਂਦਰੀਵਾਦ'' ਦੇ ਸਿਧਾਂਤਕ ਸੰਕਲਪ ਦੀ ਕੋਈ ਨਵੀਂ ਵੰਨਗੀ ਹੈ? ਬਿਨਾਂ ਸ਼ੱਕ, ਇਹ ਜਮਹੂਰੀ ਕੇਂਦਰੀਵਾਦ ਦੇ ਬੁਨਿਆਦੀ ਜਥੇਬੰਦਕ ਅਸੂਲਾਂ ਦੀ ਮੁਜ਼ਰਮਾਨਾ ਖਿੱਲੀ ਉਡਾਉਣਾ ਸੀ। ਉਂਝ ਤਾਂ ਸੱਜੇ ਜਾਂ ਖੱਬੇ ਕੁਰਾਹੇ ਦੀ ਸ਼ਿਕਾਰ ਬਣ ਚੁੱਕੀ ਕਿਸੇ ਵੀ ਪਾਰਟੀ ਤੋਂ ਇਸ ਇਨਕਲਾਬੀ ਅਸੂਲ ਦੀ ਪਾਲਣਾ ਦੀ ਆਸ ਹੀ ਨਹੀਂ ਰੱਖਣੀ ਚਾਹੀਦੀ; ਕਿਉਂਕਿ ਇਹ ਲੈਨਿਨਵਾਦੀ ਜਥੇਬੰਦਕ ਸਿਧਾਂਤ ਇਨਕਲਾਬੀ ਪਾਰਟੀਆਂ ਲਈ ਹੀ ਲਾਜ਼ਮੀ ਹੁੰਦਾ ਹੈ, ਸੁਧਾਰਵਾਦੀ ਸੋਸ਼ਲ ਡੈਮੋਕਰੇਟਿਕ ਪਾਰਟੀਆਂ ਅਤੇ ਅਰਾਜਕਤਾਵਾਦੀ ਮਾਅਰਕੇਬਾਜ਼ ਕਦੋਂ ਇਸ ਦੀ ਪਰਵਾਹ ਕਰਦੇ ਹਨ? ਇਹੋ ਕਾਰਨ ਹੈ ਕਿ ਵਿਰਦੀ ਸਾਹਿਬ ਦੀ ਪਾਰਟੀ ਵਲੋਂ ਇਹਨਾਂ ਬੁਨਿਆਦੀ ਸਿਧਾਂਤਾਂ ਦੀਆਂ ਕੀਤੀਆਂ ਜਾ ਰਹੀਆਂ ਘੋਰ ਉਲੰਘਣਾਵਾਂ ਅਸੀਂ ਪਿਛਲੇ ਕਈ ਸਾਲਾਂ ਤੋਂ ਦੇਖਦੇ ਆ ਰਹੇ ਹਾਂ। 1997-98 ਵਿਚ ਪੰਜਾਬ ਅੰਦਰ ਵਾਪਰੀਆਂ ਧੱਕੇਸ਼ਾਹੀਆਂ ਅਜੇਹੀਆਂ ਉਲੰਘਣਾਵਾਂ ਦੇ ਦਸਤਾਵੇਜ਼ੀ ਸਬੂਤ ਬਣ ਚੁੱਕੀਆਂ ਹਨ। 1964 ਵਿਚ ਅਪਣਾਈ ਗਈ ਇਨਕਲਾਬੀ ਰਾਜਨੀਤਕ ਸੇਧ ਨੂੰ, ਪ੍ਰੋਗਰਾਮ ਦੇ ਸਮਾਂ ਅਨੁਕੂਲ ਕਰਨ ਦੇ ਪਰਦੇ ਹੇਠ ਕੀਤੀਆਂ ਗਈਆਂ ਕੁਝ ਅਹਿਮ ਤਬਦੀਲੀਆਂ ਰਾਹੀਂ, ਇਨਕਲਾਬੀ ਪੈਂਤੜੇ ਤੋਂ ਉਖਾੜ ਦੇਣ ਬਾਅਦ ਜਮਹੂਰੀ ਕੇਂਦਰੀਵਾਦ ਦੇ ਅਹਿਮ ਅੰਗ, ਅੰਤਰਪਾਰਟੀ ਜਮਹੂਰੀਅਤ ਨੂੰ, ਇਸ ਪਾਰਟੀ ਵਲੋਂ ਜਿਸ ਤਰ੍ਹਾਂ ਮਿੱਟੀ ਵਿਚ ਮਧੋਲਿਆ ਗਿਆ ਹੈ, ਅਤੇ ਭਾਰੂ ਲੀਡਰਸ਼ਿਪ ਜਿਸ ਤਰ੍ਹਾਂ ਦੀਆਂ ਅਫਸਰਸ਼ਾਹੀ ਆਪਹੁਦਰਾਸ਼ਾਹੀਆਂ ਵਾਲੇ ਵਿਵਹਾਰ ਦਾ ਵਿਖਾਵਾ ਕਰਦੀ ਰਹੀ ਹੈ, ਉਸ ਦਾ ਹੁਣ ਇਕ ਲੰਬਾ ਤੇ ਘਿਨਾਉਣਾ ਇਤਹਾਸ ਹੈ; ਜਿਸ ਬਾਰੇ ਕਿਧਰੇ ਫੇਰ ਸਹੀ। ਕੇਂਦਰੀ ਕਮੇਟੀ ਦੀ ਉਪਰੋਕਤ ਮੀਟਿੰਗ ਨਾਲ ਸਬੰਧਤ ਇਹ ਨਵੀਂ ਘਟਨਾ ਇਹਨਾਂ ਮੁਢਲੇ ਜਥੇਬੰਦਕ ਅਸੂਲਾਂ ਦੀ ਮਿੱਟੀ ਪਲੀਤ ਕਰਨ ਦੀ ਇਕ ਨਵੀਂ ਨਿਵਾਣ ਹੈ। ਅਤੇ, ਕੌਰਵ ਸਭਾ ਵਿਚ ਜਦੋਂ ਜਮਹੂਰੀ ਕੇਂਦਰੀਵਾਦ ਦੇ ਲੈਨਿਨਵਾਦੀ ਸਿਧਾਂਤ ਦਾ ਚੀਰ ਹਰਨ ਹੋ ਰਿਹਾ ਹੋਵੇ ਤਾਂ 'ਕ੍ਰਿਸ਼ਨ' ਦੀ ਭੂਮਿਕਾ ਨਿਭਾਉਂਦਿਆਂ ਜੇਕਰ ਕੋਈ ਜਗਮਤੀ ਵਿਦਰੋਹੀ ਸੁਰ ਉਠਾਵੇਗੀ ਤਾਂ ਉਸ ਨੇ ਮਾਣਮੱਤੀ ਤਾਂ ਲਾਜ਼ਮੀ ਬਣਨਾ ਹੀ ਸੀ।
 
ਮਨਘੜਤ ਉਜਾਂ ਦੀ ਬੌਛਾੜਇਹਨਾਂ ਦੋਵਾਂ ਮੁੱਦਿਆਂ 'ਤੇ ਸਾਡੀ ਸਿਧਾਂਤਕ ਸਮਝਦਾਰੀ ਉਪਰ ਨਕਾਰਆਤਮਿਕਤਾ (ਨਾਂਪੱਖੀ ਮਾਨਸਿਕਤਾ) ਦਾ ਲੇਬਲ ਚਿਪਕਾ ਕੇ ਸਾਥੀ ਵਿਰਦੀ ਨੇ ਆਪਣੇ ਲੇਖ ਵਿਚ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਅਸੀਂ ਸਾਰੇ ਜਮਹੂਰੀ ਕੇਂਦਰੀਵਾਦ ਦੇ ''ਜਮਾਂਦਰੂ'' ਵਿਰੋਧੀ ਹਾਂ ਅਤੇ ਅਨੁਸ਼ਾਸਨਹੀਣ ਹਾਂ। ਇਸ ਮੰਤਵ ਲਈ ਉਹਨਾਂ ਨੇ ਕਈ ਨਵੇਂ ਤੱਥ ਵੀ ਘੜੇ ਹਨ ਅਤੇ ਕੁਝ ਇਕ ਆਧਾਰਹੀਣ ਦੋਸ਼ ਵੀ ਲਾਏ ਹਨ। ਨਿੱਜੀ ਰੂਪ ਵਿਚ, ਮੇਰੇ ਸੰਦਰਭ ਵਿਚ, ਸਧਾਰਨ ਟਰੇਡ ਯੂਨੀਅਨਨਿਸਟਾਂ ਤੇ ਰਾਜਨੀਤਕ ਵਰਕਰਾਂ ਵਿਚ ਅਕਸਰ ਉਭਰ ਆਉਂਦੇ ਨੁਕਸ, ਜਿਵੇਂ ਕਿ ਵਿੱਤੀ ਬੇਨਿਯਮੀਆਂ ਦਾ ਸ਼ਿਕਾਰ ਬਣ ਜਾਣਾ, ਅਫਸਰਾਂ ਜਾਂ ਸਰਕਾਰ ਨਾਲ ਗਾਂਠ-ਸਾਂਠ ਕਰਨਾ, ਸੰਘਰਸਾਂ 'ਚ ਗੱਦਾਰੀ ਕਰਨਾ, ਸਰਕਾਰੀ  ਅਤਿਆਚਾਰਾਂ ਤੋਂ ਘਬਰਾਕੇ ਪਿੜ ਛੱਡ ਜਾਣਾ ਆਦਿ ਤਾਂ ਸ਼ਾਇਦ ਵਿਰਦੀ ਸਾਹਿਬ ਦੇ ਸਕੈਨਰ ਵਿਚ ਕਿਧਰੇ  ਦਿਖਾਈ ਨਹੀਂ ਦਿੱਤੇ। ਇਸ ਲਈ ਉਹਨਾਂ ਨੇ, ਆਪਣੀ ਵਿਦਵਤਾ ਦਾ ਪ੍ਰਗਟਾਵਾ ਕਰਦਿਆਂ, ਆਪਣੀ ਡਿਕਸ਼ਨਰੀ ਵਿਚਲੇ ਸਾਰੇ ਹੀ ਨਾਂਹ-ਪੱਖੀ ਸੰਕਲਪਾਂ ਦੀ ਏਥੇ ਚੰਗੀ ਝੜੀ ਲਾਈ ਹੈ। ਇਹਨਾਂ 'ਚੋਂ ਬਹੁਤੇ ਸੰਕਲਪ ਤਾਂ ਸ਼ਾਇਦ ਕਈ ਚੰਗੇ ਪੜ੍ਹੇ ਲਿਖੇ ਪਾਠਕਾਂ ਦੀ ਸਮਝ ਤੋਂ ਵੀ ਬਾਹਰ ਹੋਣਗੇ।  ਜਿਵੇਂ ਕਿ- ''ਅਰਾਜਕਤਾਵਾਦੀ ਨਕਾਰਆਤਮਿਕਤਾ ਦਾ ਪਿਤਾਮਾ'', ''ਅਨਾਰਕੋਸਿੰਡੀਕਲਿਸਟ ਯੋਧਾ'', ਅਰਾਜਕ ਨਕਾਰਾਤਾਮਕ, ਅਲਟਰਾ-ਡੈਮੋਕਰੈਟ, ਨਿਕਬੁਰਜ਼ਵਾ ਅਰਾਜਕਤਾਵਾਦੀ-ਸੰਘਵਾਦੀ ਅਤੇ ਇਨਕਲਾਬ-ਵਿਰੋਧੀ ਆਦਿ। ਮੋਟੇ ਰੂਪ ਵਿਚ ਇਹਨਾਂ ਸਾਰੇ ਨੁਕਸਾਂ ਦਾ ਸਾਰ ਤੱਤ, ਉਹਨਾਂ ਦੀਆਂ ਨਜ਼ਰਾਂ ਵਿਚ, ਨਿੱਜੀ ਤੌਰ 'ਤੇ ਮੇਰਾ ਅਨੁਸ਼ਾਸਨਹੀਣ, ਹੂੜਮੱਤ ਜਾਂ ਮਨਮਤੀਆ ਹੋਣਾ ਹੀ ਨਿਕਲਦਾ ਹੈ। ਇਹਨਾਂ ਸਾਰੇ ਕੁਰਾਹਿਆਂ ਤੇ ਕਰੁਚੀਆਂ ਦਾ ਸ਼ਿਕਾਰ ਗਰਦਾਨਕੇ ਉਹਨਾਂ ਨੇ ਮੇਰੇ ਉਪਰ ਇਕ ਠੋਸ ਇਲਜ਼ਾਮ ਇਹ ਲਾਇਆ ਹੈ ਕਿ ਮੈਂ ''2002 ਵਿਚ ਸੀ.ਪੀ.ਆਈ.(ਐਮ) ਤੋਂ ਬਗਾਵਤ ਕਰਕੇ ਪਾਸਲਾ ਗਰੁੱਪ ਰੂਪੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਨਾਂਅ ਦੀ ਢਾਈ ਇੱਟਾਂ ਦੀ ਮਸੀਤ (ਜ਼ੋਰ ਸਾਡਾ) ਖੜੀ ਕੀਤੀ।'' ਏਥੇ ਨੋਟ ਕਰਨ ਵਾਲੀ ਗੱਲ ਇਹ ਵੀ ਹੈ ਕਿ 4 ਖੱਬੀਆਂ ਪਾਰਟੀਆਂ ਦੇ ਮੋਰਚੇ ਵਿਚ ਜਿਸ ਪਾਰਟੀ ਨਾਲ ਵਿਰਦੀ ਸਾਹਿਬ ਦੀ ਪਾਰਟੀ ਦਾ ਅੱਜਕਲ ਪੰਜਾਬ ਵਿਚ, ਬਰਾਬਰਤਾ ਦੇ ਆਧਾਰ 'ਤੇ, ਸਾਂਝਾ ਮੋਰਚਾ ਹੈ ਉਸਨੂੰ ਉਹ ਆਪਣੇ ਇਸ ਲੇਖ ਵਿਚ ਤਿੰਨ ਵਾਰ ''ਢਾਈ ਇੱਟਾਂ ਦੀ ਮਸੀਤ'' ਕਹਿੰਦੇ ਹਨ। ਇਹ ਹੈ ਉਹਨਾਂ ਦੀ ਖੱਬੀਆਂ ਸ਼ਕਤੀਆਂ ਨੂੰ ਇਕਜੁੱਟ ਕਰਨ ਪ੍ਰਤੀ 'ਸੁਹਿਰਦਤਾ' ਦਾ ਠੋਸ ਪ੍ਰਮਾਣ।
ਕਾਮਰੇਡ ਮੰਗਤ ਰਾਮ ਪਾਸਲਾ ਦੀ ਅਗਵਾਈ ਹੇਠ ਸਾਡੀ ਵੱਖਰੀ ਪਾਰਟੀ ਕਿਓਂ ਬਣੀ? ਸੀ.ਪੀ.ਆਈ.(ਐਮ.) ਦੇ ਅਪਡੇਟਿਡ ਪ੍ਰੋਗਰਾਮ ਦੇ ਸਬੰਧ ਵਿਚ ਸਾਡੇ ਉਹਨਾਂ ਦੀ ਪਾਰਟੀ ਨਾਲ ਮਤਭੇਦ ਕਿਹੜੇ ਕਿਹੜੇ ਸਨ? ਇਹ ਸਾਰੇ ਸਵਾਲ ਹੁਣ ਤੱਕ ਕਾਫੀ ਹੰਗਾਲੇ ਜਾ ਚੁੱਕੇ ਹਨ, ਦਸਤਾਵੇਜ਼ਾਂ ਦਾ ਰੂਪ ਧਾਰਨ ਕਰ ਗਏ ਹਨ ਅਤੇ ਪਿਛਲੇ 15 ਵਰ੍ਹਿਆਂ ਦੇ ਅਮਲੀ ਇਤਹਾਸ ਦਾ ਵੀ ਅੰਗ ਬਣ ਚੁੱਕੇ ਹਨ। ਇਸ ਲਈ ਇਨਾਂ ਪੱਖਾਂ ਤੇ ਬਹੁਤੀਆਂ ਟੂਕਾਂ ਆਦਿ ਦੇ ਕੇ ਅਸੀਂ ਇਸ ਲਿਖਤ ਨੂੰ ਹੋਰ ਭਾਰਾ ਨਹੀਂ ਕਰਨਾ ਚਾਹੁੰਦੇ। ਪ੍ਰੰਤੂ ਏਨਾ ਕੁ ਜ਼ਰੂਰ ਨੋਟ ਕਰਾਉਣਾ ਚਾਹਾਂਗੇ ਕਿ ਇਸ ਸੰਦਰਭ ਵਿਚ ਵਿਰਦੀ ਸਾਹਿਬ ਵਲੋਂ ਉਦੋਂ ਰਾਤੋ ਰਾਤ ਚੁਪਚੁਪੀਤੇ, ਆਪਣੀਆਂ ਪਹਿਲੀਆਂ ਪੁਜੀਸ਼ਨਾਂ ਤਿਆਗ ਕੇ ਨਿਰੋਲ ਸਵਾਰਥੀ ਹਿੱਤਾਂ ਖਾਤਰ ਨਵਾਂ ਪੈਂਤੜਾ ਅਪਣਾ ਲੈਣ ਵਾਲੀ ਕਲਾਬਾਜ਼ੀ ਅਜੇ ਵੀ ਜਾਣਕਾਰਾਂ ਅੰਦਰ ਘੋਰ ਨਫਰਤ ਦੀ ਪਾਤਰ ਬਣੀ ਹੋਈ ਹੈ, ਜਦੋਂਕਿ ਦਸੰਬਰ 2001 ਵਿਚ ਬਣੀ ਸਾਡੀ ਪਾਰਟੀ ਨੇ ਚਰਨ ਸਿੰਘ ਵਿਰਦੀ ਵਰਗੇ 'ਫਿਲਾਸਫਰਾਂ' ਦੀਆਂ ਕਈ ਅੰਤਰਮੁਖੀ ਮਿੱਥਾਂ ਬੁਰੀ ਤਰ੍ਹਾਂ ਰੋਲ਼ ਸੁੱਟੀਆਂ ਹਨ। ਸਿੱਟੇ ਵਜੋਂ, ਸਾਡੀ ''ਢਾਈ ਇੱਟਾਂ ਦੀ ਮਸੀਤ'' ਹੁਣ ਉਹਨਾਂ ਦੀ ਬਹੁ-ਰਾਸ਼ਟਰੀ ਸਮੱਗਰੀ ਨਾਲ ਬਣੀ ਹੋਈ ਬਹੁਮੰਜਲੀ 'ਲਾਲ-ਮਸਜਿੱਦ' ਦੇ ਉਚੇ ਮੁਨਾਰਿਆਂ ਤੋਂ ਵੀ ਕਈ ਪੱਖਾਂ ਤੋਂ ਉਚੇਰੀ ਦਿਖਾਈ ਦਿੰਦੀ ਹੈ; ਸਮੁੱਚੇ ਪੰਜਾਬ ਵਿਚ ਵੀ ਅਤੇ ਇਸਦੇ ਕਈ ਜ਼ਿਲ੍ਹਿਆਂ ਵਿਚ ਵੀ। ਏਥੇ ਅਸੀਂ ਵਿਰਦੀ ਸਾਹਿਬ ਤੋਂ ਸਿਰਫ ਏਨਾਕੁ ਸਵਾਲ ਹੀ ਪੁੱਛਣਾ ਚਾਹੁੰਦੇ ਹਾਂ ਕਿ ਕਿਧਰੇ ਪੰਜਾਬ ਅੰਦਰ 2001 ਵਿਚ ਸੀ.ਪੀ.ਆਈ.(ਐਮ) ਦੀ ਵੱਡੀ ਬਹੁਗਿਣਤੀ (ਲਗਭਗ 74%) ਵਲੋਂ ਪੁਟਿਆ ਗਿਆ ਇਹ ਇਤਿਹਾਸਕ ਕਦਮ ਮਹਾਨ ਲੈਨਿਨ ਦੇ ਕਥਨ ''Split is a step forward'' ਨੂੰ ਹੀ ਤਾਂ ਰੂਪਮਾਨ ਨਹੀਂ ਕਰ ਰਿਹਾ?
ਜਿੱਥੋਂ ਤੱਕ (ਵਿਰਦੀ ਸਾਹਿਬ ਦੀਆਂ ਨਜ਼ਰਾਂ ਵਿਚਲੇ) ਮੇਰੇ ਨਿੱਜੀ ਨੁਕਸਾਂ ਦਾ ਸਬੰਧ ਹੈ, ਇਹਨਾਂ ਬਾਰੇ ਤਾਂ ਏਥੇ ਮੈਂ ਸਿਰਫ ਏਨਾ ਕੁ ਹੀ ਕਹਿਣਾ ਚਾਹੁੰਦਾ ਹਾਂ ਕਿ ਉਹਨਾਂ ਵਲੋਂ ਵਰਤੇ ਗਏ ਇਹ ਸਾਰੇ ਵਿਸ਼ੇਸ਼ਣ ''Give the dog a bad name and kill him'' ਵਾਲੀ ਹੰਕਾਰਵਾਦੀ ਤੇ ਗਰੀਬ-ਮਾਰੂ ਪਹੁੰਚ ਅਧੀਨ ਕੀਤਾ ਗਿਆ ਇਕ ਕੋਝਾ ਤੇ ਅਸਫਲ ਯਤਨ ਹੈ। ਕਿਉਂਕਿ ਮੇਰਾ 6 ਦਹਾਕਿਆਂ ਦਾ ਸਮਾਜਿਕ-ਰਾਜਸੀ ਜੀਵਨ ਹੈ ਅਤੇ ਮੇਰੀ ''ਅਨੁਸਾਸ਼ਨਹੀਣਤਾ'' ਜਾਂ ਮੇਰੀ ''ਇਨਕਲਾਬ-ਵਿਰੋਧੀ ਮਾਨਸਿਕਤਾ'' ਦਾ ਮੇਰੇ ਨੇੜਲੇ ਸਾਥੀਆਂ ਨੂੰ ਪੂਰਾ ਗਿਆਨ ਹੈ। ਉਂਝ ਏਥੇ ਇਹ ਲਿਖਣਾ ਵੀ ਕੁਥਾਂਹ ਨਹੀਂ ਹੋਵੇਗਾ ਕਿ ਵਿਰਦੀ ਸਾਹਿਬ ਨਾਲ ਵੀ ਮੈਂ 30 ਕੁ ਵਰ੍ਹੇ ਇਕੱਠਿਆਂ ਕੰਮ ਕੀਤਾ ਹੈ। ਚੰਗਾ ਮਿੱਤਰਚਾਰਾ ਵੀ ਰਿਹਾ ਅਤੇ ਇਕ ਪਾਰਟੀ ਵਿਚ ਮਿਲਕੇ ਕੰਮ ਵੀ ਕੀਤਾ; ਇਕ ਦੂਜੇ ਤੋਂ ਕਈ ਕੁਝ ਸਿੱਖਿਆ ਵੀ ਤੇ ਸੁਣਿਆ ਵੀ (ਕਦੇ ਕਦੇ ਕੁੱਝ ਧੋਖੇ ਵੀ ਖਾਧੇ)। ਜੇਕਰ ਕਿਧਰੇ ਪਹਿਲਾਂ ਉਹਨਾਂ ਵਲੋਂ ਮੇਰੀਆਂ ਇਹਨਾਂ ਅਖਾਉਤੀ ਘਾਟਾਂ ਉਪਰ ਉਂਗਲੀ ਧਰੀ ਗਈ ਹੁੰਦੀ ਤਾਂ ਇਸ ਪੱਖੋਂ ਵੀ ਮੈਂ (ਜਿਸ ਨੂੰ ਉਦੋਂ ਉਹ ਅਵਾਂਤੀਗਾਰਡ ਕਹਿਕੇ ਵਡਿਆਇਆ ਕਰਦੇ ਸਨ) ਉਹਨਾਂ ਦਾ ਧੰਨਵਾਦੀ ਜ਼ਰੂਰ ਹੁੰਦਾ; ਕਿਉਂਕਿ ਅਨੁਸ਼ਾਸਨਬੱਧ ਪਾਰਟੀ ਬਗੈਰ ਇਨਕਲਾਬੀ ਕਾਰਜ ਕਦੇ ਨੇਪਰੇ ਨਹੀਂ ਚੜ੍ਹ ਸਕਦੇ ਅਤੇ ਅਨਾਰਕੋ-ਰੀਪਿਊਡੀਏਸ਼ਨਿਜ਼ਮ'' ਭਾਵ ਅਰਾਜਕਤਾਵਾਦੀ ਮਨਮੁੁੱਖਤਾ ਇਸ ਪੱਖੋਂ ਇਕ ਘੋਰ ਅਪਰਾਧ ਹੁੰਦਾ ਹੈ। ਏਥੇ ਇਕ ਗੱਲ ਹੋਰ : ਪੱਦ-ਲੋਭ, ਪੱਦ ਲੋਭ ਤੋਂ ਪ੍ਰੇਰਿਤ ਹੋ ਕੇ ਕੀਤੀ ਗਈ ਅਕਿਰਤਘਣਤਾ, ਨਿੱਜੀ ਹਿੱਤਾਂ ਦੀ ਪੂਰਤੀ ਲਈ ਯੁੱਧ ਸਾਥੀਆਂ ਦੀਆਂ ਲਾਸ਼ਾਂ ਨੂੰ ਪੌੜੀਆਂ ਵਜੋਂ ਵਰਤਣਾ, ਆਗੂਆਂ ਸਾਹਮਣੇ ਉਹਨਾਂ ਦੀ ਚਮਚਾਗਿਰੀ ਕਰਨੀ ਅਤੇ ਪਿੱਠ ਪਿੱਛੇ ਉਹਨਾਂ ਦੇ 'ਤਰਲੋਸਤਰਾ' (ਕੌਮਾਂਤਰੀ ਕਮਿਊਨਿਸਟ ਲਹਿਰ ਵਿਚਲਾ ਸਵੀਡਨ ਦਾ ਇਕ ਠੱਗ) ਵਰਗੇ ਨਾਂਅ ਕੁਨਾਂਅ ਪਾ ਕੇ ਬਦਖੋਹੀਆਂ ਕਰਨਾ, ਸਪੱਸ਼ਟਵਾਦਤਾ ਦੀ ਥਾਂ ਹਮੇਸ਼ਾ ਪੂਛ-ਦਬਾਊ ਕਾਇਰਤਾ ਦਾ ਪ੍ਰਗਟਾਵਾ ਕਰਨਾ ਆਦਿ ਵੀ ਇਨਕਲਾਬੀ ਪਾਰਟੀ ਦੀ ਉਸਾਰੀ ਦੇ ਪੱਖ ਤੋਂ ਬਹੁਤ ਹੀ ਘਾਤਕ ਅਪਰਾਧ ਹੁੰਦੇ ਹਨ। ਇਹਨਾਂ ਬਾਰੇ ਵੀ ਚਿੰਤਾ ਕਰਨੀ ਜ਼ਰੂਰੀ ਹੈ, ਵਿਰਦੀ ਸਾਹਿਬ!
 
ਬੌਧਿਕ ਬੇਈਮਾਨੀ ਦੀ ਸਿਖਰਇਕ ਹੋਰ ਮਾੜੀ ਗੱਲ ਇਹ ਹੈ ਕਿ ਮੇਰੇ ਬਾਰੇ ਘੜੇ ਗਏ ਉਪਰੋਕਤ ਅਖਾਉਤੀ ਨੁਕਸਾਂ ਨੂੰ ਸਿੱਧ ਕਰਨ ਲਈ ਵਿਰਦੀ ਸਾਹਿਬ ਨੂੰ ਏਥੇ ਇਕ ਹੋਰ ਵੱਡੀ ਜ਼ਹਿਮਤ ਵੀ ਉਠਾਉਣੀ ਪਈ ਹੈ। 'ਇਕ ਝੂਠ ਨੂੰ ਛੁਪਾਉਣ ਲਈ 100 ਝੂਠ ਬੋਲਣ ਦੀ ਲੋੜ' ਵਾਲੀ ਕਹਾਵਤ ਨੂੰ ਆਪਣੇ ਲੇਖ ਵਿਚ ਉਹਨਾਂ ਨੇ ਬੜੀ 'ਬਹਾਦਰੀ' ਨਾਲ ਵਰਤਿਆ ਹੈ। ਉਹਨਾਂ ਦਾ ਪਹਿਲਾ ਅਜਿਹਾ ਕੁਫ਼ਰ ਇਸ ਤਰ੍ਹਾਂ ਹੈ :
''1970 ਤੋਂ ਪਹਿਲਾਂ ਪੰਜਾਬ ਦੀ ਮੁਲਾਜ਼ਮ ਲਹਿਰ ਵਿਚ ਮਾਸਟਰ ਹਰਕੰਵਲ ਸਿੰਘ ਦੀ ਅਨਾਰਕੋਸਿੰਡੀਕਲਿਸਟ ਸੋਚ ਦਾ ਬੋਲਬਾਲਾ ਸੀ। ਐਪਰ ਇਸ ਦੌਰਾਨ ਪਰਮਿੰਦਰ ਦੇ ਪੈਨ ਨਾਂਅ ਹੇਠ ਛਪੇ ''ਜਮਾਤੀ ਭਿਆਲੀ ਦੇ ਪਖੰਡੀ ਪਹਿਲਵਾਨ'' ਅਤੇ ''ਟਰੇਡ ਯੂਨੀਅਨ ਮੋਰਚੇ 'ਤੇ ਲੋਕਾਂ ਦੇ ਮਿੱਤਰ ਕੌਣ ਹਨ?'' ਦੋ ਪੈਂਫਲਿਟ ਛਪੇ।... ਫਿਰ ਵਿਗਿਆਨਕ ਤੇ ਅਣਵਿਗਿਆਨਕ ਪਰਖ ਕਸਵੱਟੀਆਂ ਦਾ ਪਲੈਟਫਾਰਮ ਛਾਪਿਆ ਗਿਆ। ਮੁਲਾਜ਼ਮ ਲਹਿਰ ਅਨਾਰਕੋਸਿੰਡੀਕਲਿਸਟ ਜਕੜ ਤੋਂ ਇਸ ਤਰ੍ਹਾਂ ਕੁੱਝ ਮੁਕਤ ਹੋਈ ਸੀ।''
 
ਇਸ ਘੋਰ ਕੁਫ਼ਰ ਵਿਚਲੀ ਅਸਲੀਅਤ ਨੂੰ ਸਮਝਣ ਵਾਸਤੇ ਅਸਲ ਤੱਥ ਇਸ ਤਰ੍ਹਾਂ ਹਨ :
ਪਹਿਲਾ : ਇਹ ਪੈਂਫਲਿਟ ਇਕੱਲੇ ਪਰਮਿੰਦਰ (ਵਿਰਦੀ ਦੇ ਪੈਨ ਨਾਂਅ) ਹੇਠ ਨਹੀਂ ਬਲਕਿ ''ਸੁਧਾਰਵਾਦ ਤੇ ਜਮਾਤੀ ਭਿਆਲੀ ਦੇ ਪਖੰਡੀ ਪਹਿਲਵਾਨ ਅਤੇ ਅੰਤਰਿਮ ਰਲੀਫ ਦੀ ਪ੍ਰਾਪਤੀ'' ਦੇ ਸਿਰਲੇਖ ਵਾਲਾ ਪਹਿਲਾ ਪੈਫਲਿਟ ਤਿੰਨ ਲੇਖਕਾਂ - ਪਰਮਿੰਦਰ, ਸ਼ਤਰੂਜੀਤ (ਹਰਕੰਵਲ ਸਿੰਘ ਦਾ ਪੈਨ ਨਾਂਅ)  ਅਤੇ ਸੁਰਿੰਦਰ (ਬੋਧ ਸਿੰਘ ਘੁੰਮਣ ਦਾ ਪੈਨ ਨਾਂਅ) ਦੇ ਨਾਂਵਾਂ ਹੇਠ ਮਸਕੀਨ ਪ੍ਰਿੰਟਿੰਗ ਪ੍ਰੈਸ ਹੁਸ਼ਿਆਰਪੁਰ ਤੋਂ ਛਪਿਆ ਸੀ, ਜਦੋਂਕਿ ਦੂਜੇ ਪੈਂਫਲਿਟ ਵਿਚ ਇਹਨਾਂ ਤਿੰਨਾਂ ਦੇ ਨਾਲ ਚੌਥਾ ਨਾਂਅ ਸਲੀਮ (ਸੁਰਜੀਤ ਸਿੰਘ ਖਟੜਾ ਦਾ ਪੈਨ ਨਾਂਅ) ਵੀ ਸ਼ਾਮਿਲ ਸੀ। ਸਾਂਝੀਆਂ ਲਿਖਤਾਂ ਵਿਚ ਕਿਸੇ ਸਾਥੀ ਦੀ ਭੂਮਿਕਾ ਵੱਧ ਜਾਂ ਘੱਟ ਤਾਂ ਹੋ ਸਕਦੀ ਹੈ, ਪ੍ਰੰਤੂ ਸਾਂਝੀ ਕਿਰਤ 'ਤੇ ਨਿਰੋਲ ਆਪਣਾ ਹੀ ਦਾਅਵਾ ਪੱਕਾ ਕਰਨ ਦਾ ਅਜੇਹਾ ਕੋਝਾ ਯਤਨ ਕਰਨਾ ਸਿਰੇ ਦੀ ਬੌਧਿਕ ਬੇਈਮਾਨੀ ਹੈ, ਜਿਸ ਦਾ ਪ੍ਰਗਟਾਵਾ ਸਾਥੀ ਵਿਰਦੀ ਏਥੇ ਕਰ ਰਹੇ ਹਨ।
 
ਦੂਜਾ ਤੱਥ : ਜਿਵੇਂ ਕਿ ਪੈਂਫਲਿਟਾਂ ਦੇ ਸਿਰਲੇਖਾਂ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ, ਪੰਜਾਬ ਦੀ ਮੁਲਾਜ਼ਮ ਲਹਿਰ ਵਿਚ ਉਸ ਸਮੇਂ ਢਿੱਲੋਂ ਗਰੁੱਪ ਅਤੇ ਰਾਣਾ ਗਰੁੱਪ ਵਿਚਕਾਰ ਚੱਲ ਰਹੇ ਵਿਚਾਰਧਾਰਕ ਮਤਭੇਦ ਤੇ ਸਰਕਾਰ ਵਿਰੁੱਧ ਸੰਘਰਸ਼ਾਂ ਵਿਚ ਅਪਣਾਏ ਜਾਣ ਵਾਲੇ ਦਾਅਪੇਚਕ ਮਤਭੇਦਾਂ ਦੀ ਰੌਸ਼ਨੀ ਵਿਚ ਇਹ ਪੈਂਫਲਿਟ ਰਾਣਾ ਗਰੁੱਪ ਦੀਆਂ ਪੁਜੀਸ਼ਨਾਂ ਦੀ ਪਰੋੜ੍ਹਤਾ ਕਰਨ ਲਈ ਲਿਖੇ ਗਏ ਸਨ। ਪਰਖ ਕਸਵੱਟੀਆਂ ਵਿਚ, ਪਿਛੋਂ ਜਾ ਕੇ, ਮਾਅਰਕੇਬਾਜ਼ਾਂ ਦੀਆਂ ਪੁਜੀਸ਼ਨਾਂ ਨਾਲੋਂ ਵੀ ਸਪੱਸ਼ਟ ਵੱਖਰੇਵੇਂ ਕੀਤੇ ਗਏ ਸਨ। ਇਸ ਤਰ੍ਹਾਂ ਇਹ ਸਾਰੇ ਉਪਰਾਲੇ ਮੇਲ ਮਿਲਾਪ ਤੇ ਮਾਅਰਕੇਬਾਜ਼ੀ ਦੇ ਕੁਰਾਹਿਆਂ ਦੇ ਵਿਰੁੱਧ ਸਨ। ਉਸ ਸਮੇਂ ਵਿਰਦੀ ਸਾਹਿਬ ਕੋਲ ਤਾਂ ਸਿਰਫ ਕਿਤਾਬੀ ਗਿਆਨ ਹੀ ਸੀ, ਸਮੁੱਚੀ ਅਮਲੀ ਜਾਣਕਾਰੀ ਅਤੇ ਠੋਸ ਤੱਥ ਤਾਂ ਉਹਨਾਂ ਭਾਈਵਾਲਾਂ ਦਾ ਹਾਸਲ ਹੀ ਸੀ, ''ਜਿਹਨਾਂ ਨੇ ਅੰਤਰਿਮ ਰਲੀਫ ਦੇ ਘੋਲ ਵਿਚ ਸਰਕਾਰੀ ਜਬਰ ਦਾ ਟਾਕਰਾ ਕੀਤਾ, ਜਿਹਨਾਂ ਜਾਇਦਾਦ ਕੁਰਕੀ ਵਾਰੰਟਾਂ ਦੇ ਬਾਵਜੂਦ ਅੰਡਰਗਰਾਊਂਡ ਰਹਿਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਂ ਜਿਹਨਾਂ ਨੇ ਜੇਲ੍ਹਾਂ ਦੀਆਂ ਸਜ਼ਾਵਾਂ ਭੁਗਤੀਆਂ।''  ਰਾਣਾ ਗਰੁੱਪ ਦਾ ਮੈਂ ਲੰਬਾ ਸਮਾਂ ਸਰਗਰਮ ਸਿਪਾਹੀ ਰਿਹਾ ਹਾਂ ਅਤੇ ਸਾਥੀ ਬੋਧ ਸਿੰਘ ਘੁੰਮਣ ਵੀ। ਵਿਰਦੀ ਸਾਹਿਬ ਨੇ ਤਾਂ ਕਦੇ ਬਾਂਹ ਚੁੱਕ ਕੇ ਨਾਅਰਾ ਵੀ ਨਹੀਂ ਸੀ ਮਾਰਿਆ, ਮੁਲਾਜ਼ਮ ਘੋਲਾਂ 'ਚ ਕੈਦਾਂ ਕੱਟਣੀਆਂ ਜਾਂ ਸਰਕਾਰ ਦੀਆਂ ਬਦਲਾ ਲਊ ਕਾਰਵਾਈਆਂ ਦੇ ਸ਼ਿਕਾਰ ਬਣਨ ਦੀ ਕਹਾਣੀ ਤਾਂ ਦੂਰ ਦੀ ਗੱਲ ਹੈ। ਜਿਲ੍ਹਾ ਗੁਰਦਾਸਪੁਰ ਦੇ ਦਰਜਾ ਚਾਰ ਮੁਲਾਜ਼ਮਾਂ ਦੇ ਇਕ ਅਧਿਕਾਰੀ ਵਿਰੁੱਧ ਚੱਲੇ ਸੰਘਰਸ਼ ਨੂੰ ਲੰਪਨ-ਪ੍ਰੋਲਤਾਰੀਆਂ ਦੇ ਸੰਘਰਸ਼ ਦੀ ਉਪਾਧੀ ਦੇਣ ਤੇ ਉਸਦਾ ਵਿਰੋਧ ਕਰਨ ਦਾ 'ਨਾਮਣਾ' ਜ਼ਰੂਰ ਖੱਟਿਆ ਸੀ, ਉਹਨਾਂ ਨੇ ਇਕ ਵਾਰ। ਅਜੋਕੇ ਸੰਦਰਭ ਵਿਚ, ਇਹਨਾਂ ਪੈਂਫਲਿਟਾਂ ਦੀ ਪਹੁੰਚ, ਉਪਯੋਗਤਾ ਤੇ ਸਾਰਥਕਤਾ ਬਾਰੇ ਤਾਂ ਕਿੰਤੂ ਪ੍ਰੰਤੂ ਹੋ ਸਕਦਾ ਹੈ ਪ੍ਰੰਤੂ ਇਹ ਸਪੱਸ਼ਟ ਹੈ ਕਿ ਸੱਜੇ ਸੋਧਵਾਦੀਆਂ ਦੀਆਂ ਪੁਜੀਸ਼ਨਾਂ ਵਿਰੁੱਧ ਰਾਣਾ ਗਰੁੱਪ ਦੀਆਂ ਪੁਜੀਸ਼ਨਾਂ ਨੂੰ ਸਹੀ ਤੇ ਵਿਗਿਆਨਕ ਸਿੱਧ ਕਰਨ ਲਈ ਹੀ ਇਹ ਦੋਵੇਂ ਅਤੇ ਕੁਝ ਹੋਰ ਪੈਂਫਲਿਟ ਵੀ ਉਦੋਂ ਲਿਖੇ ਗਏ ਸਨ, ਅਰਾਜਕਤਾਵਾਦੀ ਸੰਘਵਾਦ ਵਿਰੁੱਧ ਨਹੀਂ। ਵਿਰਦੀ ਸਾਹਿਬ ਦੇ ਇਸ ਅਨੈਤਿਕ ਦਾਅਵੇ ਦੀ, ਲੋੜ ਪਈ ਤਾਂ, ਪੈਂਫਲਿਟ ਦੁਬਾਰਾ ਛਾਪਕੇ ਵੀ ਕਲਈ ਖੋਲੀ ਜਾਵੇਗੀ।
ਇਸ ਟੂਕ ਵਿਚਲਾ ਤੀਜਾ ਨੁਕਤਾ ਹੈ : ''ਮੇਰੀ 'ਅਨਾਰਕੋਸਿੰਡੀਕਲਿਸਟ' ਸੋਚ ਦਾ ਬੋਲ ਬਾਲਾ ਹੋਣਾ।'' ਇਹ ਆਸ ਤਾਂ ਕੀਤੀ ਨਹੀਂ ਜਾ ਸਕਦੀ ਕਿ ਸਾਥੀ ਵਿਰਦੀ ਨੂੰ ਇਸ ਟਰੇਡ ਯੂਨੀਅਨ ਕੁਰਾਹੇ ਦੇ ਲੱਛਣਾਂ ਬਾਰੇ ਜਾਣਕਾਰੀ ਨਾ ਹੋਵੇ, ਪਰ ਫੇਰ ਵੀ ਅਸੀਂ ਉਹਨਾਂ ਦੇ ਧਿਆਨ ਵਿਚ ਇਹ ਜ਼ਰੂਰ ਲਿਆਉਣਾ ਚਾਹੁੰਦੇ ਹਾਂ ਕਿ ਸੋਵੀਅਤ ਯੂਨੀਅਨ ਸਮੇਂ; ਪ੍ਰਾਗਰੈਸ ਪਬਲਿਸ਼ਰਜ, ਮਾਸਕੋ ਵਲੋਂ 1984 ਵਿਚ ਛਾਪੀ ਗਈ ''ਡਿਕਸ਼ਨਰੀ ਆਫ ਸਾਇੰਟਿਫਿਕ ਕਮਿਊਨਿਜ਼ਮ'' ਦੇ ਪੰਨਾ 11-12 'ਤੇ ਇਸ ਕੁਰਾਹੇ ਨੂੰ ਇਸ ਤਰ੍ਹਾਂ ਪਰਿਭਾਸ਼ਤ ਕੀਤਾ ਗਿਆ ਹੈ।
''ਅਕਾਰਕੋਸਿੰਡੀਕਲਿਜ਼ਮ, ਮਜ਼ਦੂਰ ਜਮਾਤ ਦੀ ਲਹਿਰ ਵਿਚ ਇਕ ਰਾਜਨੀਤਕ ਪਾਰਟੀ ਦੀ ਅਗਵਾਈ ਵਾਲੀ ਭੂਮਿਕਾ ਤੋਂ ਇਨਕਾਰੀ ਹੁੰਦਾ ਹੈ ਅਤੇ ਮਜ਼ਦੂਰ ਵਰਗ ਨੂੰ ਜਥੇਬੰਦ ਕਰਨ ਤੇ ਮੁਸੀਬਤਾਂ ਤੋਂ ਮੁਕਤ ਕਰਨ ਲਈ ਰਾਜਨੀਤਕ ਸੰਘਰਸ਼ ਨੂੰ ਨਹੀਂ ਬਲਕਿ ਨਿਰੋਲ ਟਰੇਡ ਯੂਨੀਅਨ ਸਰਗਰਮੀ ਨੂੰ ਹੀ ਕਾਫੀ ਸਮਝਦਾ ਹੈ।'' ਏਸੇ ਸਮਝਦਾਰੀ ਨੂੰ ਮਹਾਨ ਲੈਨਿਨ ਦੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਕੁਰਾਹਾ ''ਟਰੇਡ ਯੂਨੀਅਨਾਂ ਨੂੰ ਸਮਾਜਵਾਦ ਦੇ ਸਕੂਲ ਬਨਾਉਣ ਵਿਚ ਵਾਧਕ ਬਣਦਾ ਹੈ''। 1971-72 ਵਿਚ ਹੁਸ਼ਿਆਰਪੁਰ ਆਏ ਵਿਰਦੀ ਸਾਹਿਬ ਨੂੰ ਮੇਰੇ 'ਚ ਇਹ ਕਮੀ ਪਤਾ ਨਹੀਂ ''ਅੰਨ੍ਹੇ ਨੂੰ ਅੰਧੇਰੇ 'ਚ ਦੂਰ ਦੀ ਸੁੱਝਣ'' ਵਾਂਗ ਕਿਵੇਂ ਦਿਸੀ ਹੈ, ਜਦੋਂ ਕਿ ਮੈਂ 1962 ਤੋਂ ਰਾਜਨੀਤਕ ਪਾਰਟੀ ਦੀ ਅਗਵਾਈ ਦਾ ਬਕਾਇਦਾ ਧਾਰਨੀ ਹਾਂ ਅਤੇ ਸੁਹਿਰਦਤਾ ਸਹਿਤ ਇਸ ਦੀ ਪਾਲਣਾ   ਵੀ ਕਰਦਾ ਆ ਰਿਹਾ ਹਾਂ। ਵਿਰਦੀ ਸਾਹਿਬ ਤਾਂ ਉਦੋਂ ਸ਼ਾਇਦ ਅਜੇ ਕੁੱਲੂ ਵਾਦੀ ਦੇ ਹਸੀਨ ਨਜ਼ਾਰਿਆਂ ਦਾ ਆਨੰਦ ਹੀ ਮਾਣ ਰਹੇ ਸਨ, ਜਿਹਨਾਂ ਬਾਰੇ ਉਹਨਾਂ ਦੇ ਇਕ ਲੰਗੋਟੀਏ ਯਾਰ ਵਲੋਂ ਕੀਤੇ ਗਏ ਖੁਲਾਸਿਆਂ ਦਾ ਵੀ ਅਸੀਂ ਤਾਂ ਬੁਰਾ ਹੀ ਮਨਾਇਆ ਹੈ, ਅਤੇ ਉਹਨਾਂ 'ਤੇ ਮਿੱਟੀ ਪਾਉਣ ਦੇ ਉਪਰਾਲੇ ਕੀਤੇ ਹਨ; ਕਿਉਂਕਿ ਰਾਜਸੀ ਮਤਭੇਦਾਂ ਵਿਚ ਅਜੇਹੀਆਂ ਨਿੱਜੀ ਘਾਟਾਂ-ਕਮਜ਼ੋਰੀਆਂ ਨੂੰ ਘਸੀਟਣਾ ਸ਼ੋਭਾ ਨਹੀਂ ਦਿੰਦਾ। ਇਸ ਹਾਲਤ ਵਿਚ, ਉਹਨਾਂ ਦਾ ਮੇਰੇ ਉਪਰ ਲਾਇਆ ਗਿਆ ਇਹ ਦੋਸ਼ ਨਿਸ਼ਚੇ ਹੀ ਕੁਫ਼ਰ ਦੀ ਆਖਰੀ ਸੀਮਾ ਹੈ। ਮੇਰੇ ਟਰੇਡ ਯੂਨੀਅਨ ਜੀਵਨ ਦੌਰਾਨ ਸਾਥੀਆਂ ਵਲੋਂ ਕਦੇ ਕਦੇ ਇਹ ਉਲਾਹਮਾ ਤਾਂ ਮਿਲਦਾ ਰਿਹਾ ਹੈ ਕਿ ''ਪਾਰਟੀ ਆਗੂਆਂ ਤੋਂ ਲੋੜੋਂ ਵੱਧ ਅਗਵਾਈ ਲਈ ਜਾ ਰਹੀ ਹੈ'', ਪ੍ਰੰਤੂ ਅਜੇਹਾ ਬੇਹੂਦਾ ਇਲਜ਼ਾਮ ਲਾਉਣ ਦੀ ਘਾੜਤ ਸਿਫਰ ਚਰਨ ਸਿੰਘ ਵਿਰਦੀ ਹੀ ਘੜ ਸਕਦਾ ਹੈ, ਜਿਸਦੇ ਲਈ ਉਹ 'ਮੁਬਾਰਕਵਾਦ' ਦਾ ਪਾਤਰ ਹੈ।
 
ਖੱਬੀਆਂ ਸ਼ਕਤੀਆਂ ਦੀ ਇਕਜੁੱਟਤਾਵਿਰਦੀ ਸਾਹਿਬ ਨੇ ਇਕ ਦੋਸ਼ ਇਹ ਵੀ ਲਾਇਆ ਹੈ ਕਿ ਪੰਜਾਬ ਵਿਚ ਚਾਰ ਖੱਬੇ ਪੱਖੀ ਪਾਰਟੀਆਂ ਦੇ ਬਣੇ ਹੋਏ ਮੋਰਚੇ ਨਾਲ ''ਲੋਕਾਂ ਦੇ ਮਨਾਂ ਵਿਚ ਚੰਗੀਆਂ ਆਸਾਂ ਬੱਝ ਰਹੀਆਂ ਹਨ, ਪਰ ਜਾਪਦਾ ਹੈ ਮਾਸਟਰ ਹਰਕੰਵਲ ਸਿੰਘ ਨੂੰ ਇਹ ਖੱਬਾ ਮੋਰਚਾ ਬਹੁਤ ਚੁੱਭ ਰਿਹਾ ਹੈ।'' ਇਹ ਦੋਸ਼ ਵੀ ਅਸਲੋਂ ਹੀ ਨਿਰਆਧਾਰ ਹੈ, ਤੱਥਾਂ ਦੇ ਵਿਰੁੱਧ ਹੈ 'ਤੇ ਮੰਦ ਭਾਵਨਾ ਦੀ ਉਪਜ ਹੈ। ਪਹਿਲੀ ਗੱਲ ਤਾਂ ਕਿ ਇਸ ਮੋਰਚੇ ਦੀ ਬਣਤਰ, ਮੰਗਾਂ ਜਾਂ ਸਰਗਰਮੀਆਂ ਦੀ ਸੇਧ ਆਦਿ ਬਾਰੇ ਆਪਣੀ ਪਾਰਟੀ ਨਾਲੋਂ ਮੇਰੀ ਕੋਈ ਅੱਡਰੀ ਰਾਇ ਨਹੀਂ ਹੈ। ਰਾਜਨੀਤਕ ਮੁੱਦਿਆਂ 'ਤੇ ਸਾਡੀ ਪਾਰਟੀ ਅੰਦਰ ਪੂਰਨ ਇਕਜੁੱਟਤਾ ਹੈ ਅਤੇ ਆਗੂਆਂ ਵਿਚਕਾਰ ਪੂਰਨ ਇਕਸੁਰਤਾ ਹੈ। ਇਹੋ ਕਾਰਨ ਹੈ ਕਿ ਸਾਂਝੀਆਂ ਮੀਟਿੰਗਾਂ ਵਿਚ ਸਾਡੇ ਸਾਥੀਆਂ ਦੇ ਕਦੇ ਪਾਟਵੇਂ ਵਿਚਾਰ ਪੇਸ਼ ਨਹੀਂ ਹੋਏ ਅਤੇ ਨਾ ਹੀ ਸਾਂਝੀ ਸਰਗਰਮੀ ਦੇ ਅਗਾਂਹ ਵਧਣ ਵਿਚ ਅਤੇ ਇਸਨੂੰ ਰਾਜਸੀ ਬਦਲ ਵਜੋਂ ਵਿਕਸਤ ਕਰਨ ਵਿਚ ਅਸੀਂ ਕਦੇ ਕੋਈ ਰੁਕਾਵਟ ਖੜੀ ਕੀਤੀ ਹੈ। ਸਗੋਂ, ਦੂਜੀਆਂ ਧਿਰਾਂ ਵਿਚਲੇ ਆਪਸੀ ਵਿਵਾਦਾਂ ਨੂੰ ਸਾਂਝੀ ਲਹਿਰ ਦੇ ਹਿੱਤਾਂ ਖਾਤਰ ਸੁਲਝਾਉਣ ਵਿਚ ਅਸੀਂ ਮਦਦ ਜ਼ਰੂਰ ਕਰਦੇ ਆ ਰਹੇ ਹਾਂ। ਵਿਰਦੀ ਸਾਹਿਬ ਅਜੇਹੀ ਕੋਈ ਵੀ ਉਦਾਹਰਣ ਨਹੀਂ ਦੇ ਸਕਦੇ ਕਿ ਸਾਂਝੇ ਰੂਪ ਵਿਚ ਲੱਗੀ ਕਿਸੇ ਜਿੰਮੇਵਾਰੀ ਨੂੰ ਨਿਭਾਉਣ ਵਿਚ ਅਸੀਂ ਕੋਈ ਕੁਤਾਹੀ ਕੀਤੀ ਹੋਵੇ, ਐਕਸ਼ਨਾਂ ਆਦਿ ਵਿਚ ਘੱਟ ਯੋਗਦਾਨ ਪਾਇਆ ਹੋਵੇ ਜਾਂ ਸਾਡੇ ਪਰਚੇ ਵਿਚ ਸਾਂਝੇ ਐਕਸ਼ਨਾਂ ਦੀ ਰਿਪੋਰਟਿੰਗ ਕਰਨ ਵਿਚ ਕਿਸੇ ਪ੍ਰਕਾਰ ਦੀ ਸੰਕੀਰਤਨਤਾ ਜਾਂ ਪੱਖਪਾਤ ਦਾ ਵਿਖਾਵਾ ਹੋਇਆ ਹੋਵੇ। ਇਹਨਾਂ ਪੱਖਾਂ ਤੋਂ ਵਿਰਦੀ ਸਾਹਿਬ ਦੀ ਕਮਾਂਡ ਹੇਠ ਛੱਪ ਰਹੇ ਲੋਕ ਲਹਿਰ ਦੀ ਸਮੱਗਰੀ ਨਾਲ ਮਿਲਾਕੇ ਦੇਖਿਆ ਜਾਵੇ ਤਾਂ ਸਥਿਤੀ ਹੋਰ ਵੀ ਵਧੇਰੇ ਸਪੱਸ਼ਟ ਹੋ ਸਕਦੀ ਹੈ। ਫਿਰ ਅਸੀਂ ਇਸ ਸਾਂਝੀ ਲਹਿਰ ਦੇ ਦੋਖੀ ਕਿਵੇਂ ਹੋਏ? ਹਾਂ! ਜੇਕਰ ਵਿਰਦੀ ਸਾਹਿਬ ਸੁਖਬੀਰ ਬਾਦਲ ਨਾਲ ਮਿਲਕੇ ਸੂਫੀ ਸ਼ਾਮ ਮਨਾਉਣ ਵਰਗੀ ਜੱਗੋਂ ਤਰੇਵੀਂ ਗੱਲ ਕਰਦੇ ਹੋਣ ਤਾਂ ਉਸ ਬਾਰੇ ਕਮਿਊਨਿਸਟ ਸਫ਼ਾਂ ਨੂੰ ਸੁਚੇਤ ਕਰਨਾ ਤਾਂ ਸਾਡੀ ਡਿਊਟੀ ਬਣਦੀ ਹੈ। ਇਸ ਉਪਰ ਵੀ ਜੇਕਰ ਕੋਈ ਉਜਰ ਕਰੇ ਤਾਂ ਇਹ ਉਸਦੀ ਆਪਣੀ ਸਮਝਦਾਰੀ ਹੈ, ਸਾਡੀ ਨਹੀਂ।
 
ਇਕ ਹੋਰ ਨਿਵਾਣ ਮੇਰੀ ''ਇਮਾਨਦਾਰੀ ਤੇ ਅਸੂਲਾਂ 'ਤੇ ਪਹਿਰਾਬਰਦਾਰੀ'' ਨੂੰ ਲਾਂਛਤ ਕਰਨ ਲਈ ਵਿਰਦੀ ਸਾਹਿਬ ਨੇ ਆਪਣੇ ਲੇਖ ਵਿਚ ਇਕ ਹੋਰ 'ਮਾਅਰਕਾ' ਮਾਰਿਆ ਹੈ। ਉਹਨਾਂ ਦੋਸ਼ ਲਾਇਆ ਹੈ ਕਿ 1989 ਵਿਚ ਲੋਕ ਸਭਾ ਲਈ ਹੋਈਆਂ ਚੋਣਾਂ ਸਮੇਂ ''ਇਸ ਯੋਧੇ ਨੇ (ਭਾਵ ਮੈਂ) ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਲਈ'' ਕੇਂਦਰੀ ਹੈਡਕੁਆਰਟਰ ਵਲੋਂ ਭੇਜੇ ਗਏ ''ਇਸ਼ਤਹਾਰਾਂ ਦਾ ਉਪਰਾਲਾ ਅੱਧਾ ਹਿੱਸਾ ਪਾੜਕੇ ਹੇਠਲਾ ਅੱਧਾ ਲਵਾ ਦਿੱਤਾ।'' ਅਤੇ ''ਜਦੋਂ ਪਾਰਟੀ ਲੀਡਰਸ਼ਿਪ ਵਲੋਂ ਇਸ ਸਬੰਧੀ ਪੜਤਾਲ ਕੀਤੀ ਗਈ ਤਾਂ ਇਸ ਦਾ ਭਾਂਡਾ ਜ਼ਿਲ੍ਹੇ ਦੇ ਇਕ ਮੋਹਰੀ ਮੁਲਾਜ਼ਮ ਆਗੂ ਸਿਰ ਭੰਨ ਦਿੱਤਾ।'' ਕਿਸੇ ਹੋਰ ਸਾਥੀ ਨਾਲ ਸਬੰਧਤ ਇਸ ਅਰਧ-ਸੱਚ ਨੂੰ ਮੇਰੇ ਉਪਰ ਇਕ ਅਤੀ ਗੰਭੀਰ ਦੋਸ਼ ਵਜੋਂ ਮੜ੍ਹਨ ਸਮੇਂ, ਜਾਪਦਾ ਹੈ, ਵਿਰਦੀ ਸਾਹਿਬ ਦੀ ਕਲਮ ਕੁਝ ਡੋਲ ਗਈ ਹੈ, ਕਿਉਂਕਿ ਇਸ ਘਿਨਾਉਣੇ ਤੇ ਬੁਜ਼ਦਲਾਨਾ ਹਮਲੇ ਨੂੰ ਵਧੇਰੇ ਪ੍ਰਭਾਵੀ ਬਨਾਉਣ ਲਈ ਉਹ ਹੋਈ ਪੜਤਾਲ ਦਾ ਜ਼ਿਕਰ ਛੱਡ ਵੀ ਸਕਦੇ ਸਨ। ਚੰਗੀ ਗੱਲ ਹੈ, ਉਹਨਾਂ ਨੇ ਇਸਦਾ ਜ਼ਿਕਰ ਕਰਕੇ ਆਪਣੇ ਕੁਕਰਮ ਨੂੰ ਕੁਝ ਹਲਕਾ ਕਰ ਲਿਆ ਹੈ। ਇਸ ਨਾਲ ਆਮ ਪਾਠਕ ਵਾਸਤੇ ਹਕੀਕਤ ਨੂੰ ਸਮਝਣਾ ਵਧੇਰੇ ਮੁਸ਼ਕਲ ਨਹੀਂ ਰਿਹਾ। ਇਸ ਸੰਦਰਭ ਵਿਚ ਮੈਂ ਤਾਂ ਬਸ ਏਨਾਂ ਕੁ ਹੀ ਕਹਿਣਾ ਚਾਹਾਂਗਾ ਕਿ ਜੇਕਰ ਦੋਸ਼ੀ ਪਾਏ ਗਏ ਸਾਥੀ ਵਲੋਂ ਕੀਤੀ ਗਈ ਇਸ ਗੰਭੀਰ ਗਲਤੀ ਵਿਚ ਮੇਰੀ ਭੋਰਾ ਭਰ ਵੀ ਸ਼ਮੂਲੀਅਤ ਹੁੰਦੀ ਤਾਂ ਇਸ ਚੋਣ ਤੋਂ ਬਾਅਦ ਮਦਰਾਸ ਵਿਖੇ ਹੋਈ ਅਗਲੀ ਪਾਰਟੀ ਕਾਂਗਰਸ ਵਿਚ, ਪਾਰਟੀ ਦੀ ਕੇਂਦਰੀ ਲੀਡਰਸ਼ਿਪ ਮੈਨੂੰ ਕੇਂਦਰੀ ਕਮੇਟੀ ਮੈਂਬਰ ਵਜੋਂ ਪ੍ਰਮੋਟ ਕਰਨ ਦੀ ਤਜਵੀਜ਼ ਕਦੇ ਵੀ ਪੇਸ਼ ਨਾ ਕਰਦੀ, ਅਤੇ ਉਹ ਵੀ ਚਰਨ ਸਿੰਘ ਵਿਰਦੀ ਵਰਗੇ ਵਿਦਵਾਨ, 16 ਕਲਾਂ ਸੰਪੂਰਨ, ''ਪੰਜਾਬ ਦੇ ਇਕੋ ਇਕ ਸ਼ੁੱਧ ਮਾਰਕਸਿਸਟ'' ਯੋਧੇ ਨੂੰ ਬਾਈਪਾਸ ਕਰਕੇ।
ਏਥੇ ਵਿਰਦੀ ਸਾਹਿਬ ਬਾਰੇ ਇਕ ਹੋਰ ਠੋਸ ਤੱਥ ਪਾਠਕਾਂ ਨਾਲ ਸਾਂਝਾ ਕਰਨਾ ਵੀ ਕੁਝ ਜ਼ਰੂਰੀ ਹੀ ਜਾਪਦਾ ਹੈ। ਜਿਸ ਪਾਰਟੀ-ਕੰਮ (ਸਿਧਾਂਤਕ ਪੱਤਰਕਾਰਤਾ) ਵਿਚ ਉਹਨਾਂ ਨੂੰ ਸਭ ਤੋਂ ਵੱਧ ਮੁਹਾਰਤ ਹਾਸਲ ਹੈ, ਅਤੇ ਜਿਸ ਦੇ ਤਕਨੀਕੀ ਗਿਆਨ ਬਾਰੇ ਉਹ ਬਹੁਤ ਮਾਣ ਮਹਿਸੂਸ ਕਰਦੇ ਆ ਰਹੇ ਹਨ, ਉਸਦੀ ਕਾਰਗੁਜਾਰੀ ਵੀ ਬਹੁਤ ਹੀ 'ਸ਼ਾਨਾਮੱਤੀ' ਹੈ। ਉਹਨਾਂ ਦੀ ਕਮਾਂਡ ਹੇਠ ਪਾਰਟੀ ਦੀ ਰੋਜ਼ਾਨਾ ਅਖਬਾਰ 'ਲੋਕ ਲਹਿਰ' ਪਹਿਲਾਂ ਹਫਤਾਵਾਰ ਹੋ ਗਈ ਸੀ ਅਤੇ ਹੁਣ ਉਹ ਇਕ ਮਾਸਕ ਪਰਚਾ ਬਣ ਚੁੱਕੀ ਹੈ। ਇਸ ਤੋਂ ਬਿਨਾਂ ਉਹਨਾਂ ਦੀ ਕਮਾਂਡ ਹੇਠ 'ਦੇਸ਼ ਸੇਵਕ' ਅਖਬਾਰ ਨਾਲ ਅੱਜ-ਕੱਲ੍ਹ ਜਿਹੜਾ ਕੁਕਰਮ ਕਮਾਇਆ ਜਾ ਰਿਹਾ ਹੈ ਉਸ ਨੇ ਤਾਂ ਕਿਰਤੀ ਲਹਿਰ ਦੇ ਕਈ ਸੁਹਿਰਦ ਸਿਪਾਹੀਆਂ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ। ਉਪਰੋਕਤ ਸੂਫੀ ਸ਼ਾਮ ਨੂੰ ਲਾਏ ਗਏ ਨਵੇਂ ਬੂਟੇ ਨੂੰ ਸੂਹਿਆਂ ਦੀ ਥਾਂ ਜ਼ਹਿਰੀਲੇ ਨੀਲੇ ਫੁੱਲ ਨਿਕਲ ਆਏ ਹਨ। ਇਹ ਇਕ ਹੋਰ ਜੱਗੋਂ ਤੇਰਵੀਂ ਗੱਲ ਹੈ। ਇਸ ਬਹੁਤ ਹੀ ਗੰਭੀਰ ਗੁਨਾਹ ਲਈ ਇਤਿਹਾਸ ਇਸ 'ਕਲਮ ਦੇ ਧਨੀ' ਨੂੰ ਕਦੇ ਮੁਆਫ ਨਹੀਂ ਕਰੇਗਾ।
ਆਪਣੇ ਲੇਖ ਰਾਹੀਂ ਉਹਨਾਂ ਨੇ ਸਾਨੂੰ ਇਹ ਵੀ ਨਸੀਹਤ ਕੀਤੀ ਹੈ ਕਿ ਅਸੀਂ ''ਆਪਣੀਆਂ ਟਿੱਪਣੀਆਂ ਕਰਦੇ ਸਮੇਂ ਭਾਰਤ ਦੀ ਕਮਿਊਨਿਸਟ ਲਹਿਰ ਦੇ ਹਿੱਤਾਂ'' ਦਾ ਧਿਆਨ ਜ਼ਰੂਰ ਰੱਖੀਏ। ਇਸ ਨਸੀਹਤ ਵਾਸਤੇ ਅਸੀਂ ਉਹਨਾਂ ਦੇ ਧੰਨਵਾਦੀ ਹਾਂ, ਪਰ ਨਾਲ ਹੀ ਨਿਮਰਤਾ ਸਹਿਤ ਇਹ ਬੇਨਤੀ ਕਰਨੀ ਵੀ ਜ਼ਰੂਰੀ ਸਮਝਦੇ ਹਾਂ ਕਿ :
:  ਭਾਰਤੀ ਕਮਿਊਨਿਸਟ ਲਹਿਰ ਦੇ ਹਿੱਤ ਪਦ ਲੋਭ ਖਾਤਰ ਵਫਾਦਾਰੀਆਂ ਬਦਲਦੇ ਰਹਿਣ ਨਾਲ ਸੁਰੱਖਿਅਤ ਨਹੀਂ ਰਹਿੰਣੇ; ਇਹਨਾਂ ਲਈ ਤਾਂ ਜਮਾਤੀ ਸੰਘਰਸ਼ ਦੇ ਬਾਅਸੂਲ ਪੈਂਤੜੇ 'ਤੇ ਨਿਡਰਤਾ ਸਾਹਿਤ ਡਟੇ ਰਹਿਣਾ ਪਵੇਗਾ ਅਤੇ ਪੋਟਾ ਪੋਟਾ ਹੋ ਕੇ ਮਰਨਾ ਵੀ ਪੈ ਸਕਦਾ ਹੈ। ਅਤੇ,
:  ਭਾਰਤੀ ਕਮਿਊਨਿਸਟ ਲਹਿਰ ਦੇ ਮਹਾਨ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਕਮਿਊਨਿਸਟ ਨੈਤਿਕਤਾ ਨੂੰ ਪ੍ਰਣਾਏ ਹੋਏ ਸੂਝਵਾਨ ਤੇ ਕੁਰਬਾਨੀਆਂ ਕਰਨ ਵਾਲੇ ਮਾਰਕਸਵਾਦੀ-ਲੈਨਿਨਵਾਦੀ ਸੂਰਮਿਆਂ ਦੇ ਅਨੁਸ਼ਾਸਨਬੱਧ ਸੰਗਠਨ ਦੀ ਲੋੜ ਹੈ, ਛਡਯੰਤਰਾਂ ਤੇ ਸਾਜਿਸ਼ਾਂ (Intrigues & conspiracies) ਵਿਚ ਗਲ਼ਤਾਨ ਰਹਿਣ ਵਾਲੇ ਬੁਜ਼ਦਿਲਾਂ ਦੀ ਨਹੀਂ, ਅਤੇ
:  ਕਿਸੇ ਹੋਰ ਦੇ ਮੋਢੇ 'ਤੇ ਰੱਖਕੇ ਹਥਿਆਰ ਚਲਾਉਣਾ ਗੁਰੀਲਾ ਯੁਧ ਦਾ ਦਾਅਪੇਚ ਨਹੀਂ ਹੁੰਦਾ, ਨੀਚਤਾ ਦੀ ਸ਼ਿਖ਼ਰ ਹੁੰਦੀ ਹੈ।

No comments:

Post a Comment