Friday, 2 September 2016

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਸਤੰਬਰ 2016)

ਰਵੀ ਕੰਵਰ 
ਬੋਲੀਵੀਆ ਵਲੋਂ ਸਾਮਰਾਜ ਵਿਰੋਧੀ ਫੌਜੀ ਅਕਾਦਮੀ ਦੀ ਸਥਾਪਨਾ  
ਲਾਤੀਨੀ ਅਮਰੀਕੀ ਮਹਾਂਦੀਪ ਦੇ ਦੇਸ਼ ਬੋਲੀਵੀਆ ਦੀ ਖੱਬੇ ਪੱਖੀ ਸਰਕਾਰ ਨੇ ਇਕ ਨਵੇਕਲਾ ਕਦਮ ਚੁੱਕਦੇ ਹੋਏ ਆਪਣੇ ਦੇਸ਼ ਵਿਚ ਇਕ ਸਾਮਰਾਜ ਵਿਰੋਧੀ ਫੌਜੀ ਟਰੇਨਿੰਗ ਅਕਾਦਮੀ ਦੀ ਸਥਾਪਨਾ ਕੀਤੀ ਹੈ। 17 ਅਗਸਤ ਨੂੰ ਇਸ ਅਕਾਦਮੀ ਦਾ ਉਦਘਾਟਨ ਦੇਸ਼ ਦੇ ਖੱਬੇ ਪੱਖੀ ਰਾਸ਼ਟਰਪਤੀ ਸਾਥੀ ਈਵੋ ਮੋਰਾਲੇਜ਼ ਨੇ ਕੀਤਾ। ਉਨ੍ਹਾਂ ਨੇ ਉਦਘਾਟਨ ਕਰਦੇ ਹੋਏ ਕਿਹਾ ਕਿ ਇਹ ਅਕਾਦਮੀ ਅਜਿਹੇ ਫੌਜੀ ਟਰੇਨਿੰਗ ਕੋਰਸ ਕਰਵਾਏਗੀ ਜਿਨ੍ਹਾਂ ਨਾਲ ਸਿਖਿਆਰਥੀ ਵਿਕਾਸਸ਼ੀਲ ਦੇਸ਼ਾਂ ਉਪਰ ਵੱਖ-ਵੱਖ ਰੂਪਾਂ ਵਿਚ ਸਾਮਰਾਜਵਾਦ ਵਲੋਂ ਕੀਤੇ ਜਾ ਰਹੇ ਹਮਲਿਆਂ ਦਾ ਟਾਕਰਾ ਕਰ ਸਕਣਗੇ। ਇਸ ਅਕਾਦਮੀ ਦੇ ਪਾਠਕ੍ਰਮ ਵਿਚ ਸਾਮਰਾਜਵਾਦ ਅਤੇ ਉਸਦੀ ਜਨ ਵਿਰੋਧੀ ਕਾਰਜਨੀਤੀ ਤੇ ਨਤੀਜਿਆਂ ਦਾ ਅਧਿਐਨ ਵੀ ਸ਼ਾਮਲ ਹੋਵੇਗਾ। ਇਸਦੇ ਨਾਲ ਨਾਲ ਕੁਦਰਤੀ ਵਸੀਲਿਆਂ ਬਾਰੇ ਦੁਨੀਆਂ ਭਰ ਵਿਚ ਚਲ ਰਹੀ ਰਾਜਨੀਤੀ ਅਤੇ ਬੋਲੀਵੀਆ ਦੇ ਸਮਾਜਕ ਢਾਂਚੇ ਦਾ ਵੀ ਸਿੱਖਿਆਰਥੀਆਂ ਨੂੰ ਅਧਿਐਨ ਕਰਵਾਇਆ ਜਾਵੇਗਾ।
ਬੋਲੀਵੀਆ ਦੇ ਪੂਰਵੀ ਹਿੱਸੇ ਵਿਚ ਸ਼ਾਂਤਾ ਕਰੁਜ਼ ਸ਼ਹਿਰ ਵਿਚ ਸਥਿਤ ਇਸ ਫੌਜੀ ਟਰੇਨਿੰਗ ਅਕਾਦਮੀ ਦਾ ਨਾਂਅ ਦੇਸ਼ ਦੇ ਸਾਬਕਾ ਲੋਕ ਪੱਖੀ ਰਾਸ਼ਟਰਪਤੀ ਜੁਆਨ ਜੋਸ ਟੋਰੇਸ ਦੇ ਨਾਂਅ 'ਤੇ ਰੱਖਿਆ ਗਿਆ ਹੈ। ਇਸ ਅਕਾਦਮੀ ਦਾ ਮਕਸਦ ਸਾਮਰਾਜੀ ਅਮਰੀਕਾ ਦੇ ਸ਼ਹਿਰ ਜਾਰਜੀਆ ਵਿਚ ਸਥਿਤ ਉਸ ਅਮਰੀਕੀ ਫੌਜੀ ਅਕਾਦਮੀ ਦਾ ਲੋਕ ਪੱਖੀ ਢੰਗ ਨਾਲ ਮੁਕਾਬਲਾ ਕਰਨਾ ਹੈ, ਜਿਸਦਾ ਹੁਣ ਨਾਂਅ ਬਦਲਕੇ ਅਮਰੀਕਾ ਨੇ 'ਵੈਸਟਰਨ ਹੈਮੀਸਫੇਅਰ ਇੰਸਟੀਚਿਊਟ ਆਫ ਸਿਕਿਊਰਟੀ ਕੋ-ਆਪਰੇਸ਼ਨ' ਕਰ ਦਿੱਤਾ ਹੈ। ਇਹ ਲੋਕ ਵਿਰੋਧੀ ਤੇ ਸਾਮਰਾਜ ਭਗਤ ਫੌਜੀ ਅਫਸਰ ਪੈਦਾ ਕਰਦੀ ਹੈ। ਵਰਣਨਯੋਗ ਹੈ ਕਿ ਇਸ ਅਕਾਦਮੀ ਵਿਚੋਂ ਟਰੇਨਿੰਗ ਲੈ ਕੇ ਨਿਕਲੇ ਬਹੁਤੇ ਅਫਸਰ ਲਾਤੀਨੀ ਅਮਰੀਕਾ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਵਿਚ ਸਾਮਰਾਜ ਦੇ ਹੱਥਠੋਕੇ ਬਣਕੇ ਉਸਦੇ ਲੋਕ ਵਿਰੋਧੀ ਅਤੇ ਮਨੁੱਖ ਮਾਰੂ ਮਨੋਰਥਾਂ ਨੂੰ ਪੂਰਾ ਕਰਨ ਲਈ ਮਨੁੱਖੀ ਅਧਿਕਾਰਾਂ ਦੀਆਂ ਗੰਭੀਰ ਉਲੰਘਣਾਵਾਂ ਕਰਨ ਲਈ ਬਦਨਾਮ ਹਨ। ਪਿਛਲੀ ਸਦੀ ਦੇ 70ਵੇਂ ਦਹਾਕੇ ਦੇ ਅੰਤ ਵਿਚ ਅਰਜਨਟੀਨਾ ਦੀ ਜਮਹੂਰੀ ਸਰਕਾਰ ਦਾ ਤਖਤਾ ਪਲਟ ਕਰਨ ਵਾਲੇ ਦੋ ਫੌਜੀ ਅਫਸਰ ਇਸੇ ਅਕਾਦਮੀ ਤੋਂ ਟਰੇਨਿੰਗ ਪ੍ਰਾਪਤ ਸਨ, ਜਿਨ੍ਹਾਂ ਦੇਸ਼ ਦੀ ਸੱਤਾ ਸੰਭਾਲਣ ਤੋਂ ਬਾਅਦ 30 ਹਜ਼ਾਰ ਖੱਬੇ ਪੱਖੀ ਕਾਰਕੁੰਨਾਂ ਦਾ ਕਤਲ ਕੀਤਾ ਸੀ। ਗੁਆਟੇਮਾਲਾ ਦੇ ਸਾਬਕਾ ਰਾਸ਼ਟਰਪਤੀ ਜਨਰਲ ਇਫਰੇਮ ਰਿਊਸ ਮੋਂਟ ਨੇ ਵੀ 1950 ਵਿਚ ਇਸੇ ਅਕਾਦਮੀ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ। ਉਸਦੇ ਕਾਰਜਕਾਲ ਦੌਰਾਨ ਹੋਈਆਂ ਮਨੁੱਖੀ ਅਧਿਕਾਰਾਂ ਦੀਆਂ ਘੋਰ ਉਲੰਘਣਾਵਾਂ ਬਾਰੇ ਬਣੇ 2 ਤੱਥ ਖੋਜ ਕਮੀਸ਼ਨਾਂ ਨੇ ਉਸ ਦੀ ਅਗਵਾਈ ਵਿਚ ਵੱਡੇ ਪੱਧਰ 'ਤੇ ਦੇਸ਼ ਦੇ ਲੋਕਾਂ ਨਾਲ ਬਲਾਤਕਾਰ ਕਰਨ, ਤਸੀਹੇ ਦੇਣ, ਕਤਲ ਕਰਨ ਵਰਗੇ ਘਿਨਾਉਣੇ ਆਰੋਪਾਂ ਨੂੰ ਤਸਦੀਕ ਕੀਤਾ ਸੀ। ਬਹੁਕੌਮੀ ਕੰਪਨੀਆਂ ਦਾ ਕੁਦਰਤੀ ਵਸੀਲਿਆਂ ਅਤੇ ਜ਼ਮੀਨ ਉਤੇ ਕਬਜ਼ਾ ਕਰਵਾਉਣ ਲਈ ਮੂਲ ਨਿਵਾਸੀਆਂ ਦਾ ਵੱਡੇ ਪੱਧਰ 'ਤੇ ਕਤਲੇਆਮ ਕੀਤਾ ਸੀ।
ਦੇਸ਼ ਦੇ ਰੱਖਿਆ ਮੰਤਰੀ ਰੇਅਮੀ ਫੇਰੀਰਾ ਨੇ ਇਸ ਮੌਕੇ 'ਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਸਾਮਰਾਜ ਵਿਰੋਧੀ ਫੌਜੀ ਸਕੂਲ ਫੌਜੀਆਂ ਵਿਚ ਮਨੁੱਖੀ ਜ਼ਿੰਦਗੀ ਪ੍ਰਤੀ ਇਕ ਨਵੇਕਲੀ ਭਾਵਨਾ ਪੈਦਾ ਕਰੇਗਾ, ਤਾਂ ਜੋ ਉਹ ਜਿੰਦਗੀ ਨੂੰ ਪਿਆਰ ਕਰਨ ਨਾ ਕਿ ਹਾਕਮਾਂ ਦੇ ਇਸ਼ਾਰੇ 'ਤੇ ਉਨ੍ਹਾਂ ਦੀਆਂ ਕਠਪੁਤਲੀਆਂ ਬਣਕੇ ਬੰਦੂਕ ਹੀ ਚਲਾਉਣ ਇਸ ਨਾਲ ਲੋਕਾਂ ਦੀ ਜ਼ਿੰਦਗੀ ਖੁਸ਼ਹਾਲ ਬਣਾਈ ਜਾ ਸਕੇਗੀ। ਇੱਥੇ ਅਮਰੀਕੀ ਸਾਮਰਾਜ ਦੇ ਫੌਜੀ ਸਿੱਖਿਆ ਸਕੂਲ ਦੀ ਤਰ੍ਹਾਂ ਫੌਜੀ ਅਫਸਰਾਂ ਨੂੰ ਅਜਿਹੀ ਟਰੇਨਿੰਗ ਨਹੀਂ ਦਿੱਤੀ ਜਾਵੇਗੀ, ਜਿਸ ਨਾਲ ਉਹ ਲੋਕਾਂ ਨੂੰ ਆਪਣੇ ਦੁਸ਼ਮਣ ਸਮਝਣ ਲੱਗ ਜਾਂਦੇ ਹਨ ਅਤੇ ਸਿੱਟੇ ਵਜੋਂ ਉਨ੍ਹਾਂ ਲਈ ਲੋਕਾਂ ਨੂੰ ਤਸੀਹੇ ਦੇਣਾ ਅਤੇ ਉਨ੍ਹਾਂ ਦਾ ਕਤਲ ਕਰਨਾ ਇਕ ਆਮ ਗੱਲ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲਾਤੀਨੀ ਅਮਰੀਕਾ ਦੇ ਬਹੁਤੇ ਦੇਸ਼ਾਂ ਵਿਚ ਫੌਜੀ ਤਾਨਾਸ਼ਾਹ ਰਾਜ ਅਤੇ ਨਵਉਦਾਰਵਾਦੀ ਆਰਥਕ ਤੇ ਸਮਾਜਕ ਨੀਤੀਆਂ ਅੰਨ੍ਹੇਵਾਹ ਲਾਗੂ ਕਰਕੇ ਇਸ ਮਹਾਂਦੀਪ ਦੇ ਲੋਕਾਂ ਨੂੰ ਕੰਗਾਲ ਕਰਨ ਵਾਲੇ ਹਾਕਮ ਇਸਦੀ ਜਿਊਂਦੀ ਜਾਗਦੀ ਉਦਾਹਰਣ ਹਨ। ਇਹ ਫੌਜੀ ਅਕਾਦਮੀ ''ਸਾਮਰਾਜ ਵਿਰੋਧੀ ਸਿਧਾਂਤ'' ਨੂੂੰ ਪ੍ਰਫੁਲਤ ਕਰੇਗੀ ਜਿਸ ਨਾਲ ਫੌਜੀ ਅਫਸਰ ਦੇਸ਼ ਦੀ ਪ੍ਰਭੁਸੱਤਾ ਲਈ ਖੜ੍ਹੇ ਹੋਣ ਵਾਲੇ ਖਤਰਿਆਂ ਨੂੰ ਸੌਖਿਆਂ ਹੀ ਪਛਾਣ ਸਕਣਗੇ। ਇਹ ਮੌਜੂਦਾ ਫੌਜੀ ਅਫਸਰਾਂ ਨੂੰ ਵੀ ਟਰੇਨਿੰਗ ਦੇਵੇਗੀ। ਇਸ ਅਕਾਦਮੀ ਦੇ ਪਹਿਲੇ ਬੈਚ ਵਿਚ 100 ਸਿੱਖਿਆਰਥੀ ਹੋਣਗੇ।
ਸਾਥੀ ਈਵੋ ਮੋਰਾਲੇਜ ਨੇ 2005 ਵਿਚ ਪਹਿਲੀ ਵਾਰ ਦੇਸ਼ ਦੀ ਬਾਗਡੋਰ ਸੰਭਾਲੀ ਸੀ ਅਤੇ ਉਹ ਦੇਸ਼ ਦੇ ਪਹਿਲੇ ਮੂਲ ਨਿਵਾਸੀ ਰਾਸ਼ਟਰਪਤੀ ਸਨ। ਉਹ ਇਸ ਮਹਾਂਦੀਪ ਵਿਚ ਸਾਮਰਾਜਵਾਦ ਵਿਰੋਧੀ ਲਹਿਰ ਦੇ ਆਗੂ ਵੈਨੇਜ਼ੁਏਲਾ ਦੇ ਰਾਸ਼ਰਪਤੀ ਮਰਹੂਮ ਸਾਥੀ ਹੂਗੋ ਸ਼ਾਵੇਜ਼ ਨਾਲ ਮੋਢੇ ਨਾਲ ਮੋਢਾ ਜੋੜਕੇ ਸਾਮਰਾਜੀ ਅਮਰੀਕਾ ਅਤੇ ਉਸਦੇ ਹੱਥਠੋਕੇ ਪੂੰਜੀਪਤੀ ਰਾਜਨੀਤੀਵਾਨਾਂ ਦਾ ਮੁਕਾਬਲਾ ਕਰਦੇ ਰਹੇ ਹਨ। ਸੱਤਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਉਹ ਅਜਿਹੇ ਹਮਲਿਆਂ ਦਾ ਸ਼ਿਕਾਰ ਰਹੇ ਹਨ ਅਤੇ ਬੜੀ ਦਿਲੇਰੀ ਨਾਲ ਇਨ੍ਹਾਂ ਹਮਲਿਆਂ ਦਾ ਟਾਕਰਾ ਕਰ ਰਹੇ ਹਨ, ਚਾਹੇ ਉਹ ਬ੍ਰਾਜ਼ੀਲ ਦੀ ਖੱਬੇ ਪੱਖੀ ਰਾਸ਼ਟਰਪਤੀ ਦਿਲਮਾ ਰੌਸੇਫ ਨੂੰ ਸਾਮਰਾਜੀ ਹਥਠੋਕਿਆਂ ਵਲੋਂ ਦੇਸ਼ ਦੀ ਸੰਸਦ ਰਾਹੀਂ ਅਖੌਤੀ ਮਹਾਦੋਸ਼ ਲਾ ਕੇ ਸੱਤਾ ਤੋਂ ਲਾਂਭੇ ਕਰਨਾ ਹੋਵੇ ਜਾਂ ਫਿਰ ਵੈਨੇਜ਼ੁਏਲਾ ਵਿਚ ਦੇਸ਼ ਦੇ ਖੱਬੇ ਪੱਖੀ ਰਾਸ਼ਟਰਪਤੀ ਨਿਕੋਲਸ ਮਾਦੂਰੋ ਵਿਰੁੱਧ ਸਾਮਰਾਜੀ ਹੱਥਠੋਕਿਆਂ ਵਲੋਂ ਅਸਥਿਰ ਕਰਨ ਦੀ ਸਾਜਿਸ਼ ਹੋਵੇ, ਉਹ ਸਦਾ ਹੀ ਅਜਿਹੀਆਂ ਸਾਮਰਾਜੀ ਚਾਲਾਂ ਵਿਰੁੱਧ ਆਵਾਜ਼ ਬੁਲੰਦ ਕਰਦੇ ਰਹੇ ਹਨ। ਫੌਜੀ ਅਫਸਰਾਂ ਨੂੰ ਲੋਕ ਪੱਖੀ ਨਜ਼ਰੀਏ ਨਾਲ ਲੈਸ ਕਰਨ ਹਿੱਤ ਟਰੇਨਿੰਗ ਦੇਣ ਲਈ ਸਥਾਪਤ ਕੀਤੀ ਗਈ ਇਹ ਫੌਜੀ ਅਕਾਦਮੀ ਉਨ੍ਹਾਂ ਦੇ ਸਾਮਰਾਜ ਵਿਰੋਧੀ ਦ੍ਰਿੜ ਇਰਾਦੇ ਨੂੰ ਦਰਸਾਉਂਦੀ ਹੈ।


ਮਿਸਰ ਦੇ ਅਲਗਜੈਂਡਰੀਆ ਸ਼ਿਪਯਾਰਡ ਕਾਮਿਆਂ ਦਾ ਸ਼ੰਘਰਸ਼ 
ਮੱਧ ਪੂਰਬ ਏਸ਼ੀਆਈ ਦੇਸ਼ ਮਿਸਰ ਦੀ ਅਲਗਜੈਂਡਰੀਆ ਸ਼ਿਪਯਾਰਡ ਕੰਪਨੀ ਦੇ ਕਾਮੇ ਪਿਛਲੇ ਚਾਰ ਮਹੀਨਿਆਂ ਤੋਂ ਸੰਘਰਸ਼ ਦੇ ਮੈਦਾਨ ਵਿਚ  ਹਨ। ਦੇਸ਼ ਵਿਚ ਫੌਜੀ ਤਖਤਾਪਲਟ ਦੇ ਸਿੱਟੇ ਵਜੋਂ ਬਣੀ ਜਨਰਲ ਅਬਦੁਲ ਫਤਾਹ ਅਲ-ਸੀਸੀ ਦੀ ਅਗਵਾਈ ਵਾਲੀ ਸਰਕਾਰ ਨੂੰ ਤਿੰਨ ਸਾਲ ਹੋ ਗਏ ਹਨ। ਇਹ ਸਰਕਾਰ ਬੜੀ ਬੇਰਹਿਮੀ ਨਾਲ ਸਮਾਜਕ ਸੇਵਾਵਾਂ ਦੇ ਖਰਚਿਆਂ ਵਿਚ ਕਟੌਤੀਆਂ ਅਤੇ ਨਿੱਜੀਕਰਨ ਕਰਦੀ ਹੋਈ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਅਜੰਡੇ ਨੂੰ ਲਾਗੂ ਕਰ ਰਹੀ ਹੈ। ਜਿਸਦੇ ਸਿੱਟੇ ਵਜੋਂ ਮਿਸਰ ਦੇ ਆਮ ਲੋਕ ਵੱਧ ਰਹੀ ਮਹਿੰਗਾਈ, ਬੇਰੋਜ਼ਗਾਰੀ ਅਤੇ ਤਨਖਾਹਾਂ ਵਿਚ ਖੜੋਤ ਨਾਲ ਜੂਝ ਰਹੇ ਹਨ।
ਮਿਸਰ ਵਿਚ 2011 ਵਿਚ ਹੋਸਨੀ ਮੁਬਾਰਕ ਵਿਰੁੱਧ ਹੋਈ ਲੋਕ ਬਗਾਵਤ ਦੇ ਦੌਰਾਨ ਅਤੇ ਉਸਦੇ ਸਿੱਟੇ ਵਜੋਂ ਬਾਅਦ ਵਿਚ ਉਸਰੀਆਂ ਵਿਦਿਆਰਥੀ ਤੇ ਮਜ਼ਦੂਰ ਜਥੇਬੰਦੀਆਂ ਅਲ-ਸੀਸੀ ਸਰਕਾਰ ਦੇ ਵਿਸ਼ੇਸ਼ ਨਿਸ਼ਾਨੇ 'ਤੇ ਹਨ। ਪਰ ਇਸ ਅਕਹਿ ਦਮਨ ਦਾ ਮੁਕਾਬਲਾ ਕਰਦੇ ਹੋਏ ਵੀ ਦੇਸ਼ ਦੀ ਕਿਰਤੀ ਜਮਾਤ ਆਪਣੇ ਆਪ ਨੂੰ ਜਥੇਬੰਦ ਕਰਦੀ ਹੋਈ ਮੁੜ ਆਪਣੀਆਂ ਜਥੇਬੰਦੀਆਂ ਉਸਾਰ ਰਹੀ ਹੈ। ਸਰਕਾਰੀ ਮੁਲਾਜ਼ਮਾਂ, ਡਾਕਟਰਾਂ ਅਤੇ ਹਾਈ ਸਕੂਲਾਂ ਦੇ ਵਿਦਿਆਰਥੀਆਂ ਸਮੇਤ ਦੇਸ਼ ਦੇ ਸਨਅਤੀ ਕਾਮਿਆਂ ਨੇ ਵੱਡੀ ਪੱਧਰ 'ਤੇ ਪਿਛਲੇ ਸਾਲ ਦੌਰਾਨ ਬਹੁਤ ਜਬਰਦਸਤ ਰੋਸ ਐਕਸ਼ਨ ਕੀਤੇ ਸਨ।
ਇਸ ਸਾਲ ਦੇ ਮਈ ਮਹੀਨੇ ਤੋਂ ਦੇਸ਼ ਦੀ ਅਲਗਜੈਂਡਰੀਆ ਸ਼ਿਪਯਾਰਡ ਕੰਪਨੀ ਦੇ ਕਾਮੇ ਧਰਨੇ ਉਤੇ ਬੈਠੇ ਹੋਏ ਹਨ। ਉਨ੍ਹਾਂ ਦੀਆਂ ਮੰਗਾਂ ਵਿਚ ਮਹਿਗਾਈ ਦੇ ਮੱਦੇਨਜ਼ਰ ਤਨਖਾਹਾਂ ਵਿਚ ਵਾਧੇ ਦੇ ਨਾਲ ਨਾਲ ਢੁਕਵੇਂ ਸੁਰੱਖਿਆ ਤਰੀਕਾਕਾਰਾਂ ਨੂੰ ਲਾਗੂ ਕਰਨ, ਕੰਪਨੀ ਨਾਲ ਹੋਏ ਸਮਝੌਤੇ ਮੁਤਾਬਕ ਬੋਨਸ ਦੇਣ, ਕਾਨੂੰਨ ਮੁਤਾਬਕ ਪੱਕੇ ਹੋਣ ਦੀ ਯੋਗਤਾ ਰੱਖਦੇ 36 ਕੱਚੇ ਕਾਮਿਆਂ ਨੂੰ ਪੱਕਿਆਂ ਕਰਨ, ਸਿਹਤ ਬੀਮਾ ਕਰਨ ਅਤੇ ਕੰਪਨੀ ਦੇ ਜਨਰਲ ਮੈਨੇਜ਼ਰ ਨੂੰ ਬਰਖਾਸਤ ਕਰਨ ਦੀਆਂ ਮੰਗਾਂ ਸ਼ਾਮਲ ਹਨ।
ਸ਼ਿਪਯਾਰਡ ਦੇ ਪ੍ਰਬੰਧਕਾਂ ਨੇ ਕਾਮਿਆਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਥਾਂ ਤਾਲਾਬੰਦੀ ਕਰ ਦਿੱਤੀ ਅਤੇ 26 ਕਾਮਿਆਂ ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਫੌਜੀ ਅਦਾਲਤ ਸਾਹਮਣੇ ਪੇਸ਼ ਕਰ ਦਿੱਤਾ। ਇਨ੍ਹਾਂ ਕਾਮਿਆਂ 'ਤੇ ਸੰਵਿਧਾਨ ਦੀ ਧਾਰਾ 5 ਲਾਗੂ ਕਰਦੇ ਹੋਏ ਹੋਰ ਕਾਮਿਆਂ ਨੂੰ ਕੰਮ ਕਰਨ ਤੋਂ ਰੋਕਣ, ਉਤਪਾਦਨ ਵਿਚ ਅੜਿਕਾ ਡਾਹੁਣ ਦੇ ਦੋਸ਼ਾਂ ਅਧੀਨ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਵਿਰੁੱਧ ਕੇਸ ਦੀ ਸੁਣਵਾਈ ਦੌਰਾਨ ਉਨ੍ਹਾਂ ਨੂੰ ਫੌਜੀ ਅਦਾਲਤ ਵਲੋਂ ਸਖਤ ਸਜ਼ਾਵਾਂ ਦਿੱਤੇ ਜਾਣ ਦੀ ਪੂਰੀ-ਪੂਰੀ ਸੰਭਾਵਨਾ ਹੈ।
ਇਹ ਸ਼ਿਪਯਾਰਡ ਕਾਮੇ ਸਰਕਾਰੀ ਵਜਾਰਤ ਸਾਹਮਣੇ ਨਿਰੰਤਰ ਧਰਨੇ 'ਤੇ ਬੈਠੇ ਹਨ। ਉਨ੍ਹਾਂ ਦੁਨੀਆਂ ਭਰ ਦੀਆਂ ਟਰੇਡ ਯੂਨੀਅਨਾਂ ਅਤੇ ਜਮਹੂਰੀਅਤ ਪਸੰਦ ਲੋਕਾਂ ਤੋਂ ਸਮਰਥਨ ਦੀ ਅਪੀਲ ਕੀਤੀ ਹੈ। ਅਦਾਲਤੀ ਕਾਰਵਾਈ ਦੌਰਾਨ ਉਨ੍ਹਾਂ 'ਤੇ ਕੰਮ ਕਰਨ ਤੋਂ ਇਨਕਾਰ ਕਰਨ ਅਤੇ ਹੜਤਾਲ ਕਰਨ ਲਈ ਭੜਕਾਉਣ ਦੇ ਦੋਸ਼ਾਂ ਅਧੀਨ ਮੁਕੱਦਮੇ ਚਲਾਕੇ ਸਜਾਵਾਂ ਦਿੱਤੇ ਜਾਣ ਦਾ ਵਿਰੋਧ ਕਰਨ ਲਈ ਵੀ ਕੌਮਾਂਤਰੀ ਪੱਧਰ 'ਤੇ ਮੁਹਿੰਮ ਚਲਾਉਣ ਦੀ ਅਪੀਲ ਕੀਤੀ ਗਈ ਹੈ।
ਇਨ੍ਹਾਂ ਕਾਮਿਆਂ ਨੇ ਆਪਣਾ ਕੇਸ ਪੇਸ਼ ਕਰਦੇ ਹੋਏ ਕਿਹਾ ਹੈ ਕਿ ਫੌਜੀ ਅਦਾਲਤ ਵਿਚ ਮੁਕੱਦਮਾ ਚੱਲਣ ਕਾਰਨ ਕਾਮੇ ਸਿਵਲ ਅਦਾਲਤਾਂ ਵਿਚ ਮਿਲਣ ਵਾਲੇ ਬਹੁਤ ਸਾਰੇ ਅਧਿਕਾਰਾਂ ਤੋਂ ਵਾਂਝੇ ਰਹਿ ਜਾਣਗੇ। 24 ਮਈ ਤੋਂ ਇਹ ਕਾਮੇ ਫੌਜੀ ਜੇਲ੍ਹ ਵਿਚ ਹਨ, ਜਿਨ੍ਹਾਂ ਨੇ ਫੌਜੀ ਕਾਨੂੰਨ ਦੇ ਘੇਰੇ ਵਿਚ ਆਉਂਦਾ ਕੋਈ ਵੀ ਜ਼ੁਰਮ ਨਹੀਂ ਕੀਤਾ ਹੈ। ਉਹ ਆਪਣੀਆਂ ਮੰਗਾਂ ਲਈ ਅਮਨਪੂਰਵਕ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਸਨ। ਅਲਗਜੈਂਡਰੀਆ ਸ਼ਿਪਯਾਰਡ ਕੰਪਨੀ ਨੂੰ ਕਿਸੇ ਵੀ ਤਰ੍ਹਾਂ ਫੌਜੀ ਅਦਾਰਾ ਨਹੀਂ ਕਿਹਾ ਜਾ ਸਕਦਾ। ਇਹ ਸਾਰੇ ਸਿਵਲੀਅਨ ਮੁਲਾਜ਼ਮ ਹਨ ਅਤੇ ਉਨ੍ਹਾਂ ਨੇ ਕਾਫੀ ਸਾਲ ਪਹਿਲਾਂ ਉਸ ਵੇਲੇ ਇਸ ਕੰਪਨੀ ਵਿਚ ਨੌਕਰੀ ਸ਼ੁਰੂ ਕੀਤੀ ਸੀ ਜਦੋਂ ਇਹ ਜਨਤਕ ਖੇਤਰ ਦਾ ਅਦਾਰਾ ਸੀ। ਇਸ ਲਈ ਇਨ੍ਹਾਂ ਕਾਮਿਆਂ 'ਤੇ ਦੇਸ਼ ਦੇ ਸਿਵਲ ਕਿਰਤ ਕਾਨੂੰਨ ਲਾਗੂ ਹੁੰਦੇ ਹਨ। ਕਾਮਿਆਂ ਮੁਤਾਬਕ ਉਨ੍ਹਾਂ ਦੇ ਸਾਥੀਆਂ 'ਤੇ ਫੌਜੀ ਅਦਾਲਤ ਵਿਚ ਕੇਸ ਚਲਾਇਆ ਜਾਣਾ, ਕੌਮਾਂਤਰੀ ਕਿਰਤ ਸੰਸਥਾ ਦੀਆਂ ਕਨਵੈਨਸ਼ਨਾਂ ਦੀ ਘੋਰ ਉਲੰਘਣਾ ਹੈ, ਜਿਨ੍ਹਾਂ 'ਤੇ ਮਿਸਰ ਦੀ ਸਰਕਾਰ ਨੇ ਦਸਤਖਤ ਕੀਤੇ ਹੋਏ ਹਨ। ਇਹ ਕਾਮਿਆਂ ਦੇ ਅਮਨਪੂਰਵਕ ਢੰਗ ਨਾਲ ਆਪਣੀਆਂ ਜਾਇਜ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦੇ ਅਧਿਕਾਰ ਦੀ ਤਾਂ ਉਲੰਘਣਾ ਹੈ ਹੀ ਨਾਲ ਹੀ ਇਹ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਅਤੇ ਢੁਕਵੀਆਂ ਕਾਰਜ ਹਾਲਤਾਂ, ਉਚਿਤ ਤਨਖਾਹਾਂ ਨਾਲ ਸਬੰਧਤ ਮੰਗਾਂ ਨੂੰ ਸਮੂਹਿਕ ਸੌਦੇਬਾਜੀ ਰਾਹੀਂ ਪ੍ਰਾਪਤ ਕਰਨ ਦੇ ਅਧਿਕਾਰ ਦੀ ਵੀ ਉਲੰਘਣਾ ਹੈ।
ਦੁਨੀਆਂ ਦੇ ਕਾਮਿਆਂ ਅਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਮਿਸਰ ਦੇ ਕਾਮਿਆਂ ਉਤੇ ਦੇਸ਼ ਦੀ ਫੌਜੀ ਸਰਕਾਰ ਵਲੋਂ ਕੀਤੇ ਜਾ ਰਹੇ ਦਮਨ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

No comments:

Post a Comment