Tuesday 9 June 2015

ਕਮਿਊਨਿਸਟ ਅੰਦੋਲਨ ਦੀ ਸਥਿਤੀ ਅਤੇ ਸਮਾਧਾਨ

ਮੰਗਤ ਰਾਮ ਪਾਸਲਾ

ਰਾਜਨੀਤਕ ਹਲਕਿਆਂ ਵਿਚ, ਪਿਛਲੀਆਂ ਲੋਕ ਸਭਾ ਚੋਣਾਂ ਅਤੇ ਇਸਤੋਂ ਪਹਿਲਾਂ ਪੱਛਮੀ ਬੰਗਾਲ ਦੀ ਵਿਧਾਨ ਸਭਾ ਚੋਣਾਂ ਅੰਦਰ ਸੀ.ਪੀ.ਆਈ.(ਐਮ) ਦੀ ਹੋਈ ਕਰਾਰੀ ਹਾਰ ਦੇ ਸੰਦਰਭ ਵਿਚ, ਕਮਿਊਨਿਸਟ ਲਹਿਰ ਦੇ ਕਮਜ਼ੋਰ ਹੋਣ ਦੀ ਚਰਚਾ ਆਮ ਹੀ ਹੁੰਦੀ ਰਹਿੰਦੀ ਹੈ। ਇਹ ਇਕ ਤਲਖ਼ ਹਕੀਕਤ ਵੀ ਹੈ। ਪਾਰਲੀਮੈਂਟ ਤੇ ਅਸੈਂਬਲੀਆਂ ਵਿਚ ਖੱਬੀ ਧਿਰ ਦੀ ਘੱਟ ਪ੍ਰਤੀਨਿੱਧਤਾ, ਪ੍ਰਾਪਤ ਵੋਟਾਂ ਦੀ ਅਨੁਪਾਤ ਵਿਚ ਕਮੀ ਅਤੇ ਜਨਤਕ ਲਾਮਬੰਦੀ ਦੇ ਪੱਖ ਤੋਂ ਜਨ ਅਧਾਰ ਦਾ ਸਿਮਟਣਾ ਇਸ ਤੱਥ ਦੇ ਸੂਚਕ ਹਨ। ਰਵਾਇਤੀ ਕਮਿਊਨਿਸਟ ਪਾਰਟੀਆਂ ਵਲੋਂ ਦੂਸਰੇ ਰਾਜਨੀਤਕ ਦਲਾਂ ਨਾਲ ਗਠਜੋੜ ਤੇ ਗੰਢ-ਤਰੁੱਪ ਕਰਨ, ਚੋਣ ਸਾਂਝਾਂ ਬਨਾਉਣ ਅਤੇ ਕੁੱਝ ਇਕ ਕਮਿਊਨਿਸਟ ਆਗੂਆਂ ਵਲੋਂ ਸਰਕਾਰਾਂ ਬਣਾਉਣ ਸਬੰਧੀ ਸਰਗਰਮੀਆਂ ਕਰਨ ਦੀ 'ਮੁਹਾਰਤ', ਜਿਸਨੂੰ ਖੱਬੀ ਲਹਿਰ ਦੇ ਰਾਜਨੀਤੀ ਵਿਚ ਵਧੇ ਪ੍ਰਭਾਵ ਦੀ ਸੂਚਕ ਮੰਨਿਆ ਜਾਂਦਾ ਸੀ, ਦੇ ਅਲੋਪ ਹੋ ਜਾਣ ਨੂੰ ਵੀ ਕਈ ਟਿੱਪਣੀਕਾਰ ਕਮਿਊਨਿਸਟ ਲਹਿਰ ਦਾ ਕਮਜ਼ੋਰ ਹੋ ਜਾਣਾ ਮੰਨ ਰਹੇ ਹਨ। ਜਦੋਂ ਕੁਝ ਇਕ ਕਮਿਊਨਿਸਟ ਨੇਤਾਵਾਂ ਦੀਆਂ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਪਾਰਟੀਆਂ ਨਾਲ ਰਾਜਸੀ ਮਿਲਣੀਆਂ ਤੇ ਸਮਾਜਿਕ ਸਾਂਝਾਂ ਨੂੰ ਮੀਡੀਏ ਵਿਚ ਖੂਬ ਪ੍ਰਚਾਰਿਆ ਜਾਂਦਾ ਸੀ, ਉਦੋਂ ਇਹ ਸਭ ਕੁਝ ਮੌਜੂਦਾ ਪ੍ਰਬੰਧ ਦੇ ਚਾਲਕਾਂ ਨੂੰ ਰਾਸ ਆਉਂਦਾ ਸੀ। ਉਹਨਾਂ ਲਈ, ਖੱਬੀ ਲਹਿਰ ਦੇ 'ਹਾਸ਼ੀਏ ਉਪਰ ਸਿਮਟ ਜਾਣ' ਤੋਂ ਬਾਅਦ ਅੱਜ ਅਜਿਹਾ ਕਰਨਾ ਬੇਲੋੜਾ ਤੇ ਨੁਕਸਾਨਦੇਹ ਸਮਝਿਆ ਜਾ ਰਿਹਾ ਹੈ। ਫੈਸਲਾ ਉਦੋਂ ਵੀ ਕਮਿਊਨਿਸਟ ਵਿਰੋਧੀਆਂ ਦੇ ਹੱਥਾਂ ਵਿਚ ਸੀ ਅਤੇ ਹੁਣ ਵੀ। ਭਾਵੇਂ ਕਿ ਕੁਝ ਕਮਿਊਨਿਸਟ ਹਲਕਿਆਂ ਅੰਦਰ ਵੀ ਇਸ ਬਾਰੇ ਭਰਮ ਪਾਲਿਆ ਜਾ ਰਿਹਾ ਸੀ। 
ਕਮਿਊਨਿਸਟ ਧਿਰਾਂ ਦੀ ਪਾਰਲੀਮੈਂਟ ਤੇ ਅਸੈਂਬਲੀਆਂ ਵਿਚ ਵਧੀ ਹੋਈ ਪ੍ਰਤੀਨਿੱਧਤਾ ਪਿਛੇ, ਇਸ ਵਲੋਂ, ਲੋਕ ਹਿਤਾਂ ਦੀ ਰਾਖੀ ਲਈ ਕੀਤੀਆਂ ਜਾਂਦੀਆਂ ਜਦੋ-ਜਹਿਦਾਂ, ਕੁਰਬਾਨੀਆਂ ਅਤੇ ਸਰਕਾਰਾਂ ਦੇ ਲੋਕ ਵਿਰੋਧੀ ਕਦਮਾਂ ਵਿਰੁੱਧ ਜਥੇਬੰਦ ਕੀਤੇ ਗਏ ਜਨਤਕ ਘੋਲਾਂ ਦਾ ਵੱਡਾ ਹੱਥ ਹੁੰਦਾ ਹੈ। ਪ੍ਰੰਤੂ ਕਈ ਮੌਕਿਆਂ 'ਤੇ ਇਨ੍ਹਾਂ ਜਿੱਤਾਂ ਵਿਚ ਦੂਸਰੇ ਦਲਾਂ ਨਾਲ ਕੀਤੇ ਸਮਝੌਤੇ ਤੇ ਉਸਾਰੇ ਸਾਂਝੇ ਮੰਚਾਂ ਦੀ ਵੀ ਚੋਖੀ ਭੂਮਿਕਾ ਨਜ਼ਰ ਆਉਂਦੀ ਹੈ। ਕਮਿਊਨਿਸਟ ਲਹਿਰ ਦੇ ਇਤਿਹਾਸ ਵਿਚ ਆਂਧਰਾ ਪ੍ਰਦੇਸ਼, ਪੰਜਾਬ, ਤਾਮਿਲਨਾਡੂ, ਬਿਹਾਰ, ਯੂ.ਪੀ. ਆਦਿ ਪ੍ਰਾਂਤਾਂ ਵਿਚ ਇਸ ਤੱਥ ਨੂੰ ਸੌਖਿਆਂ ਹੀ ਦੇਖਿਆ ਤੇ ਸਮਝਿਆ ਜਾ ਸਕਦਾ ਹੈ ਜਿੱਥੇ ਖੇਤਰੀ ਦਲਾਂ ਨਾਲ ਮਿਲਕੇ ਖੱਬੀਆਂ ਪਾਰਟੀਆਂ ਨੇ ਕਈ ਵਾਰ ਚੰਗੀਆਂ ਪਾਰਲੀਮਾਨੀ ਜਿੱਤਾਂ ਹਾਸਲ ਕੀਤੀਆਂ। ਭਾਵੇਂ ਲੰਬੇ ਸਮੇਂ ਦੇ ਤਜ਼ਰਬੇ ਦੇ ਆਧਾਰ 'ਤੇ ਅਸੀਂ ਇਹ ਠੋਕ ਵਜਾ ਕੇ ਕਹਿ ਸਕਦੇ ਹਾਂ ਕਿ ਅਜੇਹੀਆਂ ਜਿੱਤਾਂ ਦੇ ਬਾਵਜੂਦ ਏਥੇ ਕਮਿਊਨਿਸਟਾਂ ਦੇ ਆਧਾਰ ਨੂੰ ਖੋਰਾ ਹੀ ਲੱਗਿਆ ਹੈ।  ਇਸ ਕਰਕੇ ਇਸ ਤੱਥ ਨੂੰ ਨਜ਼ਰ-ਅੰਦਾਜ਼ ਕੀਤੇ ਬਿਨਾਂ ਕਿ ਦੇਸ਼ ਅੰਦਰ ਖੱਬੀ ਲਹਿਰ ਕਮਜ਼ੋਰ ਹੋਈ ਹੈ, ਸਿਰਫ ਪ੍ਰਾਪਤ ਵੋਟਾਂ ਅਤੇ ਪਾਰਲੀਮੈਂਟ/ਅਸੈਂਬਲੀ ਮੈਂਬਰਾਂ ਦੀ ਘਟੀ ਜਾਂ ਵਧੀ ਗਿਣਤੀ ਨਾਲ ਹੀ ਹਕੀਕੀ ਕਮਿਊਨਿਸਟ ਅਧਾਰ ਨਹੀਂ ਨਾਪਿਆ ਜਾਣਾ ਚਾਹੀਦਾ। ਦੂਸਰੇ ਦਲਾਂ ਨਾਲ ਮਿਲਕੇ ਜਿੱਤੀਆਂ ਵਧੇਰੇ ਸੀਟਾਂ ਜਾਂ ਹਾਸਲ ਕੀਤੀਆਂ ਵੋਟਾਂ ਨਾ ਤਾਂ ਖੱਬੀ ਲਹਿਰ ਦੀ ਅਸਲੀ ਸ਼ਕਤੀ ਨੂੰ ਰੂਪਮਾਨ ਕਰਦੀਆਂ ਹਨ ਅਤੇ ਨਾ ਹੀ ਇਹ ਲਹਿਰਾਂ ਦੇ ਭਵਿੱਖੀ ਵਾਧੇ ਵਿਚ ਹੀ ਸਹਾਇਕ ਹੁੰਦੀਆਂ ਹਨ। ਕਈ ਵਾਰ ਹਾਕਮ ਧਿਰਾਂ ਵਲੋਂ ਗੈਰ ਜਮਹੂਰੀ ਅਤੇ ਅਨੈਤਿਕ ਹੱਥਕੰਡਿਆਂ ਰਾਹੀਂ ਪੈਦਾ ਕੀਤੀਆਂ ਅਣਸੁਖਾਵੀਆਂ ਪ੍ਰਸਥਿਤੀਆਂ ਵਿਚ ਵੀ ਖੱਬੇ ਪੱਖੀਆਂ ਦੀ ਕਾਰਗੁਜ਼ਾਰੀ ਆਪਣੀ ਸ਼ਕਤੀ ਮੁਤਾਬਕ ਨਹੀਂ ਹੁੰਦੀ। ਪ੍ਰੰਤੂ ਇਹ ਇਕ ਅਟੱਲ ਸਚਾਈ ਹੈ ਕਿ ਕਮਿਊਨਿਸਟ ਅਸੂਲਾਂ ਉਪਰ ਪਹਿਰਾ ਦਿੰਦਿਆਂ ਹੋਇਆਂ ਅਪਣਾਇਆ ਗਿਆ ਦਰੁਸਤ ਰਾਜਨੀਤਕ ਪੈਂਤੜਾ ਹਕੀਕੀ ਕਮਿਊਨਿਸਟ ਲਹਿਰ ਉਸਾਰਨ ਅਤੇ ਮਜ਼ਬੂਤ ਕਰਨ ਵਿਚ ਹਮੇਸ਼ਾ ਹੀ ਅੰਤਮ ਸਿੱਟੇ ਵਜੋਂ  ਮਦਦਗਾਰ ਸਾਬਤ ਹੁੰਦਾ ਹੈ। ਪਾਰਲੀਮਾਨੀ ਮੌਕਾਪ੍ਰਸਤੀ ਦੇ ਕੁਰਾਹੇ ਦਾ ਸ਼ਿਕਾਰ ਹੋ ਕੇ ਲੁਟੇਰੀਆਂ ਜਮਾਤਾਂ ਦੀਆਂ ਰਾਜਨੀਤਕ ਪਾਰਟੀਆਂ ਤੇ ਆਗੂਆਂ ਨਾਲ ਪਾਈਆਂ ਸਾਂਝਾਂ ਸਦਕਾ ਬਾਹਰਮੁਖੀ ਤੌਰ ਤੇ ਦਿਖ ਰਹੇ ਝੂਠੇ ਜਨ ਆਧਾਰ ਜਾਂ ਸਾਖ ਨੂੰ ਖੱਬੇ ਪੱਖੀ ਜਨ ਆਧਾਰ ਮੰਨਣਾ ਸਰਾਸਰ ਗਲਤ ਤੇ ਗੈਰ ਵਿਗਿਆਨਕ ਹੈ। ਅਜਿਹੀ ਸਾਵਧਾਨੀ ਇਸ ਲਈ ਵੀ ਜ਼ਰੂਰੀ ਹੈ ਕਿ ਜਦੋਂ ਸਰਮਾਏਦਾਰੀ ਵਲੋਂ ਕਮਿਊਨਿਸਟ ਵਿਚਾਰਧਾਰਾ ਨੂੰ ਵੇਲਾ ਵਿਹਾ ਚੁੱਕਾ ਸਿਧਾਂਤ ਦੱਸਕੇ ਘਟੇ ਹੋਏ ਖੱਬੇ ਪੱਖੀ ਜਨਤਕ ਅਧਾਰ ਬਾਰੇ ਧੂੰਆਧਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਕਮਿਊਨਿਸਟ ਪਾਰਟੀਆਂ ਆਪ ਵੀ ਇਸੇ ਬਾਰੇ ਆਤਮ ਚਿੰਤਨ ਕਰ ਰਹੀਆਂ ਹਨ, ਉਸ ਸਮੇਂ ਖੱਬੇ ਪੱਖੀ ਲਹਿਰ ਦਾ ਗਲਤ ਮਿੱਥਾਂ ਦੇ ਆਧਾਰ 'ਤੇ ਮੁਲਾਂਕਣ ਕਰਨ ਨਾਲ ਲਹਿਰ ਪ੍ਰਤੀ ਲੋਕਾਂ ਅੰਦਰ ਪਸਤਹਿਮਤੀ ਤੇ ਗਲਤ ਫਹਿਮੀ ਵੱਧਦੀ ਹੈ ਤੇ ਭਵਿੱਖੀ ਵਿਕਾਸ ਲਈ ਇਹ ਨੁਕਸਾਨਦੇਹ ਸਾਬਤ ਹੋ ਸਕਦੀ ਹੈ।  
ਖੱਬੇ ਪੱਖੀ ਲਹਿਰ ਦੀ ਅਜੋਕੀ ਸਥਿਤੀ ਬਾਰੇ ਅੰਤਰਮੁਖਤਾ ਤੋਂ ਬਚਦਿਆਂ ਹੋਇਆਂ ਤੱਥਾਂ ਉਪਰ ਆਧਾਰਤ ਠੀਕ ਨਿਰਣਾ ਕਰਨ ਦੀ ਲੋੜ ਹੈ, ਜਿਸ ਨਾਲ ਪੁਰਾਣੀਆਂ ਗਲਤੀਆਂ ਨੂੰ ਸੁਧਾਰ ਕੇ ਅੱਗੇ ਵਧਿਆ ਜਾ ਸਕਦਾ ਹੈ। ਆਜ਼ਾਦੀ ਮਿਲਣ ਤੋਂ ਬਾਅਦ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਕਮਿਊਨਿਸਟਾਂ ਵਲੋਂ ਨਿਭਾਈ ਗਈ ਕੁਰਬਾਨੀਆਂ ਭਰੀ ਸ਼ਾਨਦਾਰ ਭੂਮਿਕਾ ਅਤੇ ਕਾਂਗਰਸੀ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਲੜਦਿਆਂ ਹੋਇਆਂ ਲੋਕ ਹਿਤਾਂ ਲਈ ਕੀਤੀ ਗਈ ਪਹਿਰੇਬਰਦਾਰੀ ਸਦਕਾ ਕਮਿਊਨਿਸਟ ਲਹਿਰ ਇਕ ਮਜ਼ਬੂਤ ਪ੍ਰਭਾਵਸ਼ਾਲੀ ਧਿਰ ਵਜੋਂ ਉਭਰੀ ਸੀ। ਉਦੋਂ ਕਾਂਗਰਸ ਤੋਂ ਬਿਨਾਂ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਹੋਰ ਰਾਜਨੀਤਕ ਪਾਰਟੀਆਂ ਹੋਂਦ ਵਿਚ ਨਹੀਂ ਆਈਆਂ ਸਨ ਤੇ ਜਾਂ ਫਿਰ ਕਾਫੀ ਕਮਜ਼ੋਰ ਸਨ। ਆਰ.ਐਸ.ਐਸ. ਤੇ ਦੂਸਰੇ ਸੰਪਰਦਾਇਕ ਸੰਗਠਨਾਂ ਵਲੋਂ ਆਜ਼ਾਦੀ ਘੋਲ ਦੌਰਾਨ ਨਿਭਾਏ ਗਏ ਸਾਮਰਾਜ ਪੱਖੀ ਤੇ ਫੁੱਟ ਪਾਊ ਰੋਲ ਸਦਕਾ ਫਿਰਕੂ ਸ਼ਕਤੀਆਂ ਦੀ ਲੋਕਾਂ ਅੰਦਰ ਪਕੜ ਵੀ ਅਜੇ ਕਾਫੀ ਢਿੱਲੀ ਸੀ। ਕਮਿਊਨਿਸਟ ਲਹਿਰ ਦਾ ਤੇਜ਼ ਵਿਕਾਸ ਦੇਖਦਿਆਂ  ਹੋਇਆਂ ਹਾਕਮ ਜਮਾਤਾਂ ਨੇ ਆਪਣੇ ਹਿੱਤਾਂ ਦੀ ਰਾਖੀ ਲਈ ਕਾਂਗਰਸੀ ਸਰਕਾਰਾਂ ਪ੍ਰਤੀ ਪੈਦਾ ਹੋ ਰਹੀ ਬੇਚੈਨੀ ਨੂੰ ਨਵੀਆਂ ਉਭਰ ਰਹੀਆਂ ਦੂਸਰੀਆਂ ਧਨਾਢ ਪਾਰਟੀਆਂ ਦੇ ਪਿਛੇ ਲਾਮਬੰਦ ਕਰਨ ਵਿਚ ਵੱਡੀ ਸਹਾਇਤਾ ਕੀਤੀ। ਅਜਿਹਾ ਕਰਨ ਦੀ ਲੋੜ ਇਕ ਤਾਂ ਹਾਕਮ ਧਿਰਾਂ ਲਈ ਸੰਭਾਵਿਤ 'ਲਾਲ ਖਤਰੇ' ਨੂੰ ਟਾਲਣ ਲਈ ਸੀ ਤੇ ਦੂਸਰਾ ਪੂੰਜੀਵਾਦੀ ਵਿਕਾਸ ਮਾਡਲ ਨੂੰ ਬੇਰੋਕ ਅੱਗੇ ਵਧਾਉਣ ਲਈ। 
ਕਮਿਊਨਿਸਟ ਪਾਰਟੀਆਂ ਵਲੋਂ ਜਬਰਦਸਤ ਜਨਤਕ ਘੋਲਾਂ ਦੇ ਬਲਬੂਤੇ ਲੋਕ ਮਤ ਪ੍ਰਾਪਤ  ਕਰਕੇ ਪੱਛਮੀ ਬੰਗਾਲ, ਕੇਰਲਾ ਤੇ ਤਰੀਪੁਰਾ ਵਿਚ ਖੱਬੇ ਪੱਖੀ ਸਰਕਾਰਾਂ ਕਾਇਮ ਕੀਤੀਆਂ ਗਈਆਂ ਜਿਨ੍ਹਾਂ ਨੇ ਲੋਕ ਹਿਤਾਂ ਲਈ  ਅਨੇਕਾਂ ਅਸਰਦਾਰ ਕਦਮ ਵੀ ਪੁੱਟੇ। ਜਿਹਨਾਂ ਸਦਕਾ ਇਹਨਾਂ ਪ੍ਰਾਂਤਾਂ ਅੰਦਰ ਕਮਿਊਨਿਸਟ ਲਹਿਰ ਦਾ ਜਨਤਕ ਆਧਾਰ ਵੀ ਵਧਿਆ ਤੇ ਮਜ਼ਬੂਤ ਹੋਇਆ। ਪ੍ਰੰਤੂ ਜਦੋਂ ਇਨ੍ਹਾਂ ਖੱਬੇ ਪੱਖੀ ਸਰਕਾਰਾਂ ਨੇ ਅਜਿਹੀਆਂ ਲੋਕ ਵਿਰੋਧੀ ਨੀਤੀਆਂ ਵੀ ਲਾਗੂ ਕੀਤੀਆਂ ਜਿਨ੍ਹਾਂ ਦਾ ਖੱਬੇ ਪੱਖੀ ਦਲ ਬਾਕੀ ਦੇਸ਼ ਵਿਚ ਡਟਵਾਂ ਵਿਰੋਧ ਕਰਦੇ ਆ ਰਹੇ ਸਨ, ਤਾਂ ਉਸ ਨਾਲ ਇਸ ਲਹਿਰ ਨੂੰ ਤਕੜਾ ਝਟਕਾ ਲੱਗਾ। ਕੇਂਦਰੀ ਸਰਕਾਰ ਨਾਲ ਕਮਿਊਨਿਸਟ ਪਾਰਟੀਆਂ ਦੀ ਸਿੱਧੀ ਤੇ ਅਸਿੱਧੀ ਸਾਂਝ ਨੇ ਵੀ ਕਮਿਊਨਿਸਟਾਂ ਦੀ ਵੱਖਰੀ ਆਜ਼ਾਦਾਨਾ ਲੋਕ ਪੱਖੀ ਪਹਿਚਾਣ ਨੂੰ ਢਾਅ ਲਾਈ। ਪੱਛਮੀ ਬੰਗਾਲ ਦੀ ਖੱਬੇ ਪੱਖੀ ਸਰਕਾਰ ਵਲੋਂ ਸਿੰਗੂਰ ਤੇ ਨੰਦੀਗਰਾਮ ਵਿਖੇ ਕਿਸਾਨਾਂ ਦੀਆਂ ਜ਼ਮੀਨਾਂ ਜਬਰਦਸਤੀ ਹਥਿਆ ਕੇ ਵਿਦੇਸ਼ੀ ਕੰਪਨੀਆਂ ਤੇ ਭਾਰਤੀ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਸਵੈ ਘਾਤੀ ਫੈਸਲਾ ਇਸੇ ਸੰਦਰਭ ਵਿਚ ਦੇਖਿਆ ਜਾਣਾ ਚਾਹੀਦਾ ਹੈ। 
ਇਸਤੋਂ ਬਿਨਾਂ ਸੰਸਾਰ ਪੱਧਰ ਉਤੇ ਸੋਵੀਅਤ ਯੂਨੀਅਨ ਅਤੇ ਦੂਸਰੇ ਪੂਰਬੀ ਯੂਰਪ ਦੇ ਦੇਸ਼ਾਂ ਅੰਦਰ ਸਮਾਜਵਾਦੀ ਪ੍ਰਬੰਧ ਨੂੰ ਵੱਜੀਆਂ ਪਛਾੜਾਂ ਨੇ ਵੀ ਬਾਕੀ ਦੁਨੀਆਂ ਦੀ ਕਮਿਊਨਿਸਟ ਲਹਿਰ ਵਾਂਗੂੰ ਭਾਰਤ ਦੀਆਂ ਕਮਿਊਨਿਸਟ ਪਾਰਟੀਆਂ ਅੰਦਰ ਵਿਚਾਰਧਾਰਕ ਭੰਬਲਭੂਸਾ ਅਤੇ ਨਿਰਾਸ਼ਤਾ ਪੈਦਾ ਕੀਤੀ। ਇਸ ਤੋਂ ਬਿਨਾਂ, ਸਿਧਾਂਤਕ ਰੂਪ ਵਿਚ, ਦੇਸ਼ ਦੀ ਖੱਬੀ ਲਹਿਰ ਦੇ ਕਮਜ਼ੋਰ ਹੋਣ ਦਾ ਇਕ ਪ੍ਰਮੁੱਖ ਕਾਰਨ ਸੱਜੇ ਤੇ ਖੱਬੇ ਪੱਖੀ ਭਟਕਾਅ ਵੀ ਹਨ, ਜਿਹਨਾਂ ਦੇ ਸਿੱਟੇ ਵਜੋਂ ਇਹ ਵੱਖ ਵੱਖ ਹਿੱਸਿਆਂ ਵਿਚ ਵੰਡੀ ਗਈ। ਕਮਿਊਨਿਸਟਾਂ ਦਾ ਇਕ ਭਾਗ ਸੱਜੇ ਪੱਖੀ ਭਟਕਾਅ (ਸੋਧਵਾਦ) ਦਾ ਸ਼ਿਕਾਰ ਹੋ ਕੇ ਜਮਾਤੀ ਘੋਲਾਂ ਦੇ ਰਾਹ ਤੋਂ ਭਟਕ ਕੇ ਜਮਾਤੀ ਮਿਲਵਰਤੋਂ ਦੀ ਪਟੜੀ ਚੜ੍ਹ ਗਿਆ, ਜਦਕਿ ਖੱਬੇ ਪੱਖੀ ਕੁਰਾਹੇ ਪਿਆ ਦੂਸਰਾ ਹਿੱਸਾ (ਮਾਓਵਾਦੀ ਤੇ ਹੋਰ ਅਰਾਜਕਤਾਵਾਦੀ ਖੱਬੇ ਪੱਖੀ ਗਰੁੱਪ) ਮਾਅਰਕੇਬਾਜ਼ੀ ਦੇ ਢਹੇ ਚੜ੍ਹਕੇ ਮਿਹਨਤਕਸ਼ ਲੋਕਾਂ ਦੇ ਵਿਸ਼ਾਲ ਭਾਗਾਂ ਨਾਲੋਂ ਨਿਖੜ ਕੇ ਜਮਹੂਰੀ ਲਹਿਰ ਦੇ ਘੇਰੇ ਵਿਚੋਂ ਬਾਹਰ ਨਿਕਲ ਗਿਆ। ਇਸ ਭਟਕਾਅ ਨੇ ਹਾਕਮ ਧਿਰਾਂ ਨੂੰ ਖੱਬੀ ਲਹਿਰ ਉਪਰ ਜਬਰ ਤੇਜ਼ ਕਰਨ ਦਾ ਇਕ ਹੋਰ ਬਹਾਨਾ ਵੀ ਦਿੱਤਾ, ਜੋ ਪਹਿਲਾਂ ਹੀ ਆਪਣੀ ਸੱਤਾ ਦੀ ਰਾਖੀ ਲਈ ਦਬਾਊ ਮਸ਼ੀਨਰੀ ਦੀ ਖੁੱਲ੍ਹੀ ਵਰਤੋਂ ਲਗਾਤਾਰ ਕਰਦੀਆਂ ਆ ਰਹੀਆਂ ਹਨ। 
ਦੇਸ਼ ਅੰਦਰ ਸਰਮਾਏਦਾਰੀ ਆਰਥਕ ਵਿਕਾਸ ਸਦਕਾ ਵਸੋਂ ਦੇ ਇਕ ਚੋਖੇ ਭਾਗ ਨੂੰ ਚੰਗਾ ਆਰਥਿਕ ਲਾਭ ਵੀ ਮਿਲਿਆ ਹੈ। ਵੱਡੀ ਗਿਣਤੀ ਵਿਚ ਦਰਮਿਆਨੀ ਜਮਾਤ ਜਿਹੜੀ ਕਿ ਆਰਥਿਕ ਪੱਖ ਤੋਂ ਹੇਠਲੇ ਪੱਧਰ ਦੇ ਲੋਕਾਂ ਨਾਲੋਂ ਕਾਫੀ ਸੌਖੀ ਹੈ, ਇਸ ਵਿਕਾਸ ਮਾਡਲ ਦੀ ਉਪਜ ਹੈ। ਇਸ ਦਰਮਿਆਨੇ ਵਰਗ ਦੀ, ਪੜ੍ਹਿਆ ਲਿਖਿਆ ਹੋਣ ਕਾਰਨ, ਲੋਕ ਰਾਇ ਬਣਾਉਣ ਵਿਚ ਵੀ ਕਾਫੀ ਭੂਮਿਕਾ ਹੈ। ਪੂੰਜੀਵਾਦੀ ਲੀਹਾਂ 'ਤੇ ਹੋਏ ਇਸ ਤੇਜ਼ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ਤੇ ਇਸ ਢਾਂਚੇ ਦੀ ਆਪਣੇ ਅੰਦਰੂਨੀ ਸੰਕਟਾਂ ਉਪਰ ਕਾਬੂ ਪਾਉਣ ਦੀ ਸਮਰੱਥਾ ਨੂੰ ਕਮਿਊਨਿਸਟ ਪਾਰਟੀਆਂ ਵਲੋਂ ਘਟਾ ਕੇ ਆਂਕਿਆ ਗਿਆ। ਇਸ ਸਮਝਦਾਰੀ ਅਧੀਨ ਹੀ ਸਮਾਜਵਾਦੀ ਇਨਕਲਾਬ ਦੀ ਕਾਮਯਾਬੀ ਦੀਆਂ ਫੌਰੀ ਸੰਭਾਵਨਾਵਾਂ ਵੀ ਮਿਥੀਆਂ ਗਈਆਂ, ਜੋ ਅਜੇ ਸੰਭਵ ਨਹੀਂ ਸਨ। ਇਸ ਅੰਤਰਮੁਖਤਾ ਨੇ ਕਮਿਊਨਿਸਟ ਕਾਡਰ ਵਿਚ ਗੈਰ-ਯਥਾਰਥਕ ਤੇ ਅਣਵਿਗਿਆਨਕ ਆਸ਼ਾਵਾਦ ਉਤਪਨ ਕੀਤਾ। ਇਸ ਲਈ ਪੂੰਜੀਵਾਦੀ ਆਰਥਿਕ ਵਿਕਾਸ ਦੇ ਲਾਭਪਾਤਰੀ ਉਹ ਲੋਕ, ਜਿਹੜੇ ਆਪਣੀਆਂ ਆਰਥਿਕ ਮੁਸ਼ਕਿਲਾਂ ਦੇ ਹੱਲ ਲਈ ਅਤੇ ਜ਼ਿੰਦਗੀ ਦੀਆਂ ਹੋਰ ਲੋੜਾਂ ਦੀ ਪੂਰਤੀ ਲਈ ਖੱਬੇ ਪੱਖੀ ਅੰਦੋਲਨ ਨਾਲ ਜੁੜੇ ਆ ਰਹੇ ਸਨ (ਭਾਵੇਂ ਰਾਜਨੀਤਕ ਤੇ ਵਿਚਾਰਧਾਰਕ ਤੌਰ ਤੇ ਇਹ ਸਾਂਝ ਬਹੁਤ ਕਮਜ਼ੋਰ ਸੀ), ਹੌਲੀ ਹੌਲੀ ਆਪਣੇ ਹਿਤਾਂ ਦੀ ਪੂਰਤੀ ਵਾਸਤੇ ਦੂਜੀਆਂ ਸਰਮਾਏਦਾਰ ਪਾਰਟੀਆਂ ਨਾਲ ਜੁੜਨ ਲੱਗ ਪਏ। ਮੱਧ ਵਰਗ ਦੇ ਇਸ ਤੋੜ ਵਿਛੋੜੇ ਨਾਲ ਅਤੇ ਮਜ਼ਦੂਰਾਂ, ਦਲਿਤਾਂ, ਆਦਿਵਾਸੀਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਨਾਲ ਸੰਬੰਧਤ ਜਨ ਸਮੂਹਾਂ ਅੰਦਰ ਖੱਬੀ ਲਹਿਰ ਦੀਆਂ ਕਮਜ਼ੋਰ ਜੜ੍ਹਾਂ ਹੋਣ ਕਾਰਨ, ਸਥਿਤੀ ਮੌਜੂਦਾ ਤ੍ਰਾਸਦੀ ਤੱਕ ਪੁੱਜ ਗਈ। 
ਕਮਿਊਨਿਸਟ ਲਹਿਰ ਅੰਦਰ ਆਈ ਹੋਈ ਅਜੋਕੀ ਖੜੋਤ ਅਤੇ ਘਾਟ ਕਮਜ਼ੋਰੀ ਨੂੰ ਅੰਤਰਮੁਖਤਾ ਦਾ ਸ਼ਿਕਾਰ ਹੋਏ ਬਿਨਾਂ ਠੀਕ ਸੰਦਰਭ ਤੇ ਤੱਥਾਂ ਉਪਰ ਅਧਾਰਤ ਹੋ ਕੇ ਘੋਖਣਾ ਹੋਵੇਗਾ। ਮਿਹਨਤਕਸ਼ ਬੁਨਿਆਦੀ ਜਮਾਤਾਂ ਵਿਚ ਠੋਸ ਜਨਤਕ ਆਧਾਰ ਸਥਾਪਤ ਕੀਤੇ ਬਿਨਾਂ ਮੌਕਾਪ੍ਰਸਤ ਅਮਲਾਂ ਨਾਲ ਹਾਸਲ ਕੀਤੀ ਹੋਈ ਹਵਾ ਦੇ ਗੁਬਾਰੇ ਵਰਗੀ ਕੋਈ 'ਪ੍ਰਾਪਤੀ' ਸਦੀਵੀਂ ਨਹੀਂ ਰਹਿ ਸਕਦੀ। ਸਭ ਤੋਂ ਵੱਧ ਸ਼ੋਸ਼ਤ ਲੋਕਾਂ ਦੇ ਜਮਾਤੀ ਜਨਤਕ ਸੰਘਰਸ਼ਾਂ ਦੇ ਬਲਬੂਤੇ ਉਸਰੀ ਜਨਤਕ ਲਹਿਰ ਹੀ ਆਰਥਿਕ, ਰਾਜਨੀਤਕ ਤੇ ਵਿਚਾਰਧਾਰਕ ਘੋਲਾਂ ਦੀਆਂ ਪੌੜੀਆਂ ਚੜ੍ਹਦੀ ਹੋਈ ਸਥਾਈ ਬਣ ਸਕਦੀ ਹੈ ਅਤੇ ਦੁਸ਼ਮਣ ਦੇ ਸਾਰੇ ਹੱਲਿਆਂ ਦਾ ਟਾਕਰਾ ਕਰਦੀ ਹੋਈ ਸਮਾਜਿਕ ਪਰਿਵਰਤਨ ਦੇ ਮਿਥੇ ਨਿਸ਼ਾਨੇ ਨੂੰ ਹਾਸਲ ਕਰ ਸਕਦੀ ਹੈ। ਕਮਿਊਨਿਸਟਾਂ ਨੂੰ ਦਰਮਿਆਨੇ ਵਰਗ ਦੇ ਲੋਕਾਂ ਤੱਕ ਪਹੁੰਚ ਕਰਨ ਲਈ ਵੀ ਨਵੀਆਂ ਵਿਧੀਆਂ ਤੇ ਸਾਧਨਾਂ ਦੀ ਤਲਾਸ਼ ਕਰਨੀ ਹੋਵੇਗੀ, ਜਿਸ ਨਾਲ ਖੱਬੀ ਲਹਿਰ ਦੇ ਘੇਰੇ 'ਚੋਂ ਦੂਰ ਚਲੇ ਗਏ ਲੋਕਾਂ ਨੂੰ ਮੁੜ ਜਮਹੂਰੀ ਲਹਿਰ ਵਿਚ ਸ਼ਾਮਲ ਕੀਤਾ ਜਾ ਸਕੇ। ਇਸ ਕੰਮ ਵਿਚ ਕਮਿਊਨਿਸਟਾਂ ਦਾ ਪਿਛਲਾ ਕੁਰਬਾਨੀਆਂ ਭਰਿਆ ਸ਼ਾਨਦਾਰ ਇਤਿਹਾਸ, ਕਈ ਗਿਣਨਯੋਗ ਪ੍ਰਾਪਤੀਆਂ ਤੇ ਵਿਗਿਆਨਕ ਸੋਚ ਵੱਡਾ ਯੋਗਦਾਨ ਪਾ ਸਕਦੀ ਹੈ। ਪ੍ਰੰਤੂ ਮੌਕਾਪ੍ਰਸਤ ਰਾਜਨੀਤੀ ਉਪਰ ਚਲਦਿਆਂ ਹੋਇਆਂ ਹਾਕਮ ਜਮਾਤਾਂ ਦੇ ਪਿੱਛਲੱਗੂ ਬਣਕੇ ਜੋ 'ਬਨਾਵਟੀ ਤਾਕਤ' ਹਾਸਲ ਕੀਤੀ ਗਈ ਸੀ ਤੇ ਝੂਠੀ ਬੱਲੇ ਬੱਲੇ ਦਾ ਸ਼ਿਕਾਰ ਹੋ ਕੇ ਜਮਾਤੀ ਘੋਲਾਂ ਦਾ ਰਾਹ ਤਿਆਗਿਆ ਗਿਆ ਸੀ, ਇਸ ਨੂੰ ਮੁੜ ਉਸੇ ਢੰਗ ਨਾਲ ਹਾਸਲ ਕਰਨ ਦੀ ਲਾਲਸਾ ਨੂੰ ਪੂਰੀ ਤਰ੍ਹਾਂ ਤਿਆਗਣਾ ਹੋਵੇਗਾ। ਜਮਾਤੀ ਸੰਘਰਸ਼ਾਂ ਦੇ ਰਾਹੇ ਪੈ ਕੇ ਵਧਣ ਫੁੱਲਣ ਵਾਲੀ ਖੱਬੀ ਲਹਿਰ ਨੂੰ ਹਾਕਮ ਧਿਰ ਦੇ ਮੀਡੀਏ ਤੇ ਹਮਾਇਤੀਆਂ ਵਲੋਂ ਭੰਡਿਆ ਵੀ ਜਾਵੇਗਾ ਤੇ ਨਜ਼ਰ ਅੰਦਾਜ਼ ਵੀ ਕੀਤਾ ਜਾਵੇਗਾ। ਗੈਰ ਪਾਰਲੀਮਾਨੀ ਘੋਲਾਂ ਰਾਹੀਂ ਪ੍ਰਾਪਤ ਜਨਤਕ ਹਮਾਇਤ ਨਾਲ ਪਾਰਲੀਮਾਨੀ ਜਿੱਤਾਂ ਹਾਸਲ ਕਰਨ ਲਈ ਲੰਬਾ ਸਮਾਂ ਲੱਗ ਸਕਦਾ ਹੈ ਤੇ ਕਈ ਵਾਰ ਲੁਟੇਰੇ ਹਾਕਮ ਵਰਗਾਂ ਵਲੋਂ ਗੈਰ-ਜਮਹੂਰੀ ਹਥਕੰਡਿਆਂ ਨਾਲ ਇਸਨੂੰ ਅਸੰਭਵ ਵੀ ਬਣਾਇਆ ਜਾ ਸਕਦਾ ਹੈ। ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਥੋੜੇ ਸਮੇਂ ਦੇ ਲਾਭਾਂ ਨੂੰ ਸਾਹਮਣੇ ਰੱਖਕੇ ਅੰਤਮ ਨਿਸ਼ਾਨੇ ਨੂੰ ਕਦਾਚਿੱਤ ਅੱਖੋਂ ਉਹਲੇ ਨਹੀਂ ਕਰਨਾ ਚਾਹੀਦਾ। ਇਨਕਲਾਬੀ ਸਮਾਜਕ ਤਬਦੀਲੀ ਦਾ ਮਹਾਨ ਨਿਸ਼ਾਨਾ ਪ੍ਰਾਪਤ ਕਰਨਾ ਲੰਬਾ, ਕਠਿਨ ਤੇ ਖ਼ਤਰਿਆਂ ਭਰਿਆ ਰਸਤਾ ਹੈ। ਇਸਨੂੰ ਹਾਸਲ ਕਰਨ ਲਈ ਸਿਧਾਂਤਕ ਪਕਿਆਈ, ਕੁਰਬਾਨੀ ਭਰਿਆ ਅਮਲ, ਸਿਰੜ ਅਤੇ ਪ੍ਰਤੀਬੱਧਤਾ ਦੀ ਸਖਤ ਜ਼ਰੂਰਤ ਹੈ। ਇਸ ਰਾਹੇ ਚਲਦਿਆਂ ਹੋਇਆਂ ਹੀ ਕਮਿਊਨਿਸਟ ਲਹਿਰ ਦੀਆਂ ਮੌਜੂਦਾ ਕਮਜ਼ੋਰੀਆਂ ਉਪਰ ਕਾਬੂ ਪਾ ਕੇ ਹਕੀਕੀ ਰੂਪ ਵਿਚ ਇਕ ਸ਼ਕਤੀਸ਼ਾਲੀ ਇਨਕਲਾਬੀ ਲਹਿਰ ਖੜ੍ਹੀ ਕੀਤੀ ਜਾ ਸਕਦੀ ਹੈ।  

No comments:

Post a Comment