Tuesday 9 June 2015

ਜਮਾਤੀ ਵਿਤਕਰਾ ਅਤੇ ਨਿਆਂਪਾਲਕਾ

ਗੁਰਨਾਮ ਸਿੰਘ ਦਾਊਦ

ਇਹਨਾਂ ਕਾਲਮਾਂ ਵਿਚ ਪਹਿਲਾਂ ਵੀ ਕਈ ਵਾਰ ਲਿਖਿਆ ਜਾ ਚੁੱਕਾ ਹੈ ਕਿ ਸਾਡਾ ਭਾਰਤੀ ਸਮਾਜ ਜਮਾਤਾਂ ਵਿਚ ਵੰਡਿਆ ਹੋਇਆ ਹੈ। ਇਕ ਜਮਾਤ ਕਿਰਤ ਕਰਦੀ ਹੈ ਅਤੇ ਹਰੇਕ ਚੀਜ਼ ਨੂੰ ਬਣਾਉਂਦੀ ਹੈ, ਭਾਵ ਸਾਰਾ ਕੁਝ ਕਿਰਤੀ ਜਮਾਤ ਹੀ ਪੈਦਾ ਕਰਦੀ ਹੈ। ਪਰ ਪੈਦਾ ਕਰਨ ਤੋਂ ਬਾਅਦ ਉਹ ਆਪਣੀ ਹੀ ਪੈਦਾ ਕੀਤੀ ਹੋਈ ਚੀਜ਼ ਦੀ ਮਾਲਕ ਨਹੀਂ ਰਹਿੰਦੀ ਸਗੋਂ ਇਸ ਪੈਦਾਵਾਰ ਉਪਰ ਦੂਸਰੀ ਜਮਾਤ ਜੋ ਕਿ ਹੱਥੀਂ ਕੰਮ ਨਹੀਂ ਕਰਦੀ ਉਹ ਕਾਬਜ਼ ਹੋ ਜਾਂਦੀ ਹੈ। ਅਤੇ, ਮਰਜ਼ੀ ਦੇ ਮੁਨਾਫੇ ਰੱਖ ਕੇ ਪੈਦਾ ਕਰਨ ਵਾਲੀ ਜਮਾਤ ਨੂੰ ਉਹ ਹੀ ਚੀਜ਼ ਵੇਚ ਕੇ ਉਸ ਦੀ ਸਖਤ ਮਿਹਨਤ ਦੀ ਕਮਾਈ ਨੂੰ ਲੁੱਟਦੀ ਹੈ ਤੇ ਆਪ ਵਿਹਲੇ ਰਹਿ ਕੇ ਲੁੱਟ ਦੇ ਮਾਲ ਨਾਲ ਐਸ਼, ਅਰਾਮ ਦੀ ਜ਼ਿੰਦਗੀ ਜਿਊਂਦੀ ਹੈ। ਕਿਰਤੀ ਜਮਾਤ ਕੰਮ ਕਰਦਿਆਂ ਹੋਇਆਂ ਭੁੱਖ, ਨੰਗ ਤੇ ਤੰਗੀਆਂ ਤੁਰਸ਼ੀਆਂ ਨਾਲ ਗ੍ਰਸਤ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੁੰਦੀ ਹੈ। 
ਇਸ ਤੋਂ ਇਲਾਵਾ ਅੱਜ ਅਸੀਂ ਇਕ ਹੋਰ ਜਮਾਤੀ ਵਿਤਕਰੇ ਦੀ ਗੱਲ ਕਰ ਰਹੇ ਹਾਂ ਜਿਹੜਾ ਵਿਤਕਰਾ ਰੋਜ ਸਾਡੇ ਕਾਨੂੰਨ ਨੂੰ ਲਾਗੂ ਕਰਨ ਵਾਲੇ ਲੋਕ ਕਰਦੇ ਹਨ। ਉਂਝ ਕਹਿਣ ਨੂੰ ਸਾਡੇ ਦੇਸ਼ ਦਾ ਕਾਨੂੰਨ ਸਾਰੇ ਭਾਰਤਵਾਸੀਆਂ ਲਈ ਇਕੋ ਜਿਹਾ ਹੈ ਅਤੇ ਸਭ ਲਈ ਬਰਾਬਰ ਹੈ ਪਰ ਅਮਲ ਵਿਚ ਉਹੋ ਹੀ ਕਾਨੂੰਨ ਅਤੇ ਕਾਨੂੰਨ ਸਬੰਧੀ ਵਰਤਾਰਾ ਕਿਵੇਂ ਬਦਲ ਜਾਂਦਾ ਹੈ ਇਸ ਦੀਆਂ ਉਂਝ ਤਾਂ ਕਈ ਮਿਸਾਲਾਂ ਪੰਚਾਇਤਾਂ ਵਿਚ, ਥਾਣਿਆਂ, ਕਚਿਹਰੀਆਂ ਵਿਚ ਰੋਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਮੈਂ ਅੱਜ ਇਕ ਅਜਿਹੀ ਘਟਨਾ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ ਜੋ ਕਿ ਪਿਛਲੇ ਦਿਨੀਂ ਇਕ ਫਿਲਮੀ ਅਦਾਕਾਰ ਸਲਮਾਨ ਖਾਨ ਦੇ ਕੇਸ ਵਿਚ ਵਾਪਰੀ ਹੈ। 
ਸਲਮਾਨ ਖਾਨ ਦੇ ਕੇਸ ਦੀ ਘਟਨਾ ਬਿਆਨ ਕਰਨ ਤੋਂ ਪਹਿਲਾਂ ਤੁਹਾਡੀ ਸਮਝਦਾਰੀ ਤੇ ਜਾਣਕਾਰੀ ਲਈ ਮੈਂ ਆਪਣੇ ਨਾਲ ਵਾਪਰਦੀ ਇਕ ਘਟਨਾ ਬਿਆਨ ਕਰਨੀ ਚਾਹੁੰਦਾ ਹਾਂ ਤਾਂ ਕਿ ਦੋਵਾਂ ਕੇਸਾਂ ਵਿਚ ਕਾਨੂੰਨ ਨੂੰ ਲਾਗੂ ਕਰਨ ਵਾਲਿਆਂ ਦੀ ਭੂਮਿਕਾ ਦੀ ਅਸਲ ਜਾਣਕਾਰੀ ਤੁਹਾਡੀ ਸਮਝ ਵਿਚ ਸੌਖਿਆਂ ਹੀ ਆ ਸਕੇ। 
ਸਨ 2000 ਦੇ ਅਗਸਤ ਮਹੀਨੇ ਵਿਚ ਮੈਨੂੰ ਮੇਰੇ ਰਾਜਨੀਤਕ ਵਿਰੋਧੀਆਂ ਨੇ ਰਸਤੇ ਵਿਚ ਇਸ ਕਰਕੇ ਘੇਰ ਲਿਆ ਕਿ ਮੈਂ ਉਹਨਾਂ ਵਲੋਂ ਕੀਤੇ ਇਕ ਕਤਲ ਦੇ ਕੇਸ ਵਿਚ ਸਚਾਈ ਸਾਹਮਣੇ ਲਿਆਉਣ ਲਈ ਕੋਸ਼ਿਸ਼ ਕੀਤੀ ਸੀ। ਜਿਸ ਕਰਕੇ ਉਹਨਾਂ ਨੂੰ ਸਜ਼ਾ ਕੱਟਣੀ ਪੈ ਰਹੀ ਸੀ। ਹੋਇਆ ਇੰਜ ਕਿ ਰਸਤੇ ਵਿਚ ਮੈਨੂੰ ਘੇਰ ਕੇ ਮਾਰ ਦੇਣ ਦੀ ਕੋਸ਼ਿਸ਼ ਵਿਰੁੱਧ ਮੇਰੇ ਸਰਕਾਰੀ ਗੰਨਮੈਨ ਨੇ ਮੇਰਾ ਬਚਾਅ ਕਰਨ ਖਾਤਰ ਹਵਾਈ ਫਾਇਰਿੰਗ ਕੀਤੀ ਅਤੇ ਜਦ ਉਹ ਵਿਰੋਧੀ ਰਾਈਫਲ ਖੋਹਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਇਕ ਦੇ ਹੱਥ ਤੇ ਗੋਲੀ ਲੱਗ ਗਈ ਤੇ ਉਹ ਜ਼ਖ਼ਮੀ ਹੋ ਗਿਆ। ਸਬੰਧਤ ਪੁਲਸ ਨੇ ਇਹ ਸਾਰਾ ਕੁਝ ਜਾਣਦਿਆਂ ਹੋਇਆਂ ਵੀ ਮੇਰੇ ਖਿਲਾਫ਼ ਧਾਰਾ 307 ਤਹਿਤ ਝੂਠਾ ਮੁਕੱਦਮਾ ਦਰਜ ਕਰ ਦਿੱਤਾ, ਜਦਕਿ ਪੁਲਸ ਪ੍ਰਸ਼ਾਸ਼ਨ ਨੂੰ ਹਕੀਕਤ ਦਾ ਪਤਾ ਸੀ। ਸਰਕਾਰੀ ਦਬਾਅ ਅਧੀਨ ਦਰਜ ਹੋਇਆ ਮੁਕੱਦਮਾ 6 ਸਾਲ ਚੱਲਿਆ ਤੇ ਅੰਤ 30 ਮਈ 2006 ਨੂੰ ਮੈਨੂੰ ਤੇ ਮੇਰੇ ਗੰਨਮੈਨ ਦੋਵਾਂ ਨੂੰ ਸੈਸ਼ਨ ਕੋਰਟ ਅੰਮ੍ਰਿਤਸਰ ਨੇ 6-6 ਸਾਲ ਦੀ ਸਜਾ ਸੁਣਾ ਦਿੱਤੀ ਅਤੇ ਅਸੀਂ ਦੋਵੇਂ ਹੀ ਸ਼ਾਮ ਨੂੰ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿਚ ਚਲੇ ਗਏ। ਉਸ ਤੋਂ ਪਹਿਲਾਂ 2000 ਵਿਚ ਘਟਨਾ ਵਾਪਰਨ ਸਮੇਂ ਵੀ 3-3 ਮਹੀਨੇ ਜੇਲ੍ਹ ਵਿਚ ਰਹਿ ਕੇ ਹੀ ਦੋਵਾਂ ਦੀ ਜਮਾਨਤ ਹੋਈ ਸੀ। ਧਾਰਾ 307 ਤਹਿਤ ਵੱਧ ਤੋਂ ਵੱਧ ਸਜਾ 7 ਸਾਲ ਹੋ ਸਕਦੀ ਸੀ ਤੇ ਸਾਨੂੰ ਥੋੜੀ ਹੀ ਘੱਟ ਭਾਵ 6-6 ਸਾਲ ਸਜਾ ਸੁਣਾ ਦਿੱਤੀ ਗਈ। ਜੇਲ੍ਹ ਵਿਚ ਜਾ ਕੇ ਹਾਈ ਕੋਰਟ ਵਿਚ ਅਪੀਲ ਦਰਜ ਕਰਨ ਲਈ ਕਈ ਦਿਨਾਂ ਬਾਅਦ ਸੈਸ਼ਨ ਕੋਰਟ ਦੇ ਫੈਸਲੇ ਦੀ ਕਾਪੀ ਦਿੱਤੀ ਗਈ। ਜਦ ਸੁਆਲ ਹਾਈ ਕੋਰਟ ਵਿਚੋਂ ਜਮਾਨਤ ਕਰਾਉਣ ਦਾ ਆਇਆ ਤਾਂ ਮਹਿੰਗੇ ਵਕੀਲ ਕਰਨ ਦੇ ਬਾਵਜੂਦ ਇਹ ਗੱਲ ਸਾਹਮਣੇ ਆਉਂਦੀ ਰਹੀ ਕਿ ਹੋਈ ਕੁਲ ਸਜਾ ਦਾ ਚੌਥਾ ਹਿੱਸਾ ਕੱਟਣ ਤੋਂ ਬਾਅਦ ਹੀ ਜਮਾਨਤ ਹੋ ਸਕਦੀ ਹੈ ਤੇ ਇੰਨ ਬਿੰਨ ਇਸੇ ਤਰ੍ਹਾਂ ਕਰੀਬ ਡੇਢ ਸਾਲ ਕੱਟਣ ਤੋਂ ਬਾਅਦ ਅਸੀਂ ਜਮਾਨਤ 'ਤੇ ਬਾਹਰ ਆਏ। 2008 ਵਿਚ ਹਾਈ ਕੋਰਟ ਦੀ ਸੁਣਵਾਈ ਸ਼ੁਰੂ ਹੋਈ ਤੇ 5-6 ਮਹੀਨਿਆਂ ਦੀ ਖੱਜਲ ਖੁਆਰੀ ਤੋਂ ਬਾਅਦ ਮੁਦੱਈ ਧਿਰ ਨਾਲ ਰਾਜੀਨਾਮਾ ਹੋ ਜਾਣ ਤੇ ਵੀ ਮੇਰਾ ਕੇਸ ਅੰਡਰ ਗੌਨ (ਭਾਵ ਕੱਟੀ ਹੋਈ ਸਜਾ ਦੇ ਬਰਾਬਰ ਸਜਾ) ਕਰਕੇ 15 ਹਜ਼ਾਰ ਰੁਪਏ ਹੋਰ ਜ਼ੁਰਮਾਨਾ ਕਰਕੇ ਮੈਨੂੰ ਛੱਡਿਆ ਗਿਆ। ਜੇਲ੍ਹ ਵਿਚ ਕੱਟੇ ਡੇਢ ਸਾਲ ਵਿਚ ਸਖਤ ਮਸ਼ੱਕਤ ਕਰਨੀ ਪਈ ਤੇ ਬਾਕੀ ਲੋਕਾਂ ਵਾਂਗ ਮਾੜੀ ਖੁਰਾਕ, ਨਾ ਦੇ ਬਰਾਬਰ ਸਿਹਤ ਸਹੂਲਤਾਂ, ਰਾਤਾਂ ਕੱਟਣ ਲਈ ਬਹੁਤ ਹੀ ਤੰਗ ਤੇ ਅਣਮਨੁੱਖੀ ਰਿਹਾਇਸ਼ ਸਮੇਤ ਅਨੇਕਾਂ ਮੁਸੀਬਤਾਂ ਕੱਟ ਕੇ ਮੈਂ ਜੇਲ੍ਹ ਤੋਂ ਬਾਹਰ ਆਇਆ। ਇਸ ਸਮੇਂ ਦੌਰਾਨ ਮੇਰੀ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਦਾ ਵੀ ਕਾਫੀ ਨੁਕਸਾਨ ਹੋਇਆ ਕਿਉਂਕਿ ਮੈਂ ਸੂਬੇ ਦਾ ਜਨਰਲ ਸਕੱਤਰ ਹਾਂ ਤੇ ਉਦੋਂ ਵੀ ਸੀ। 
ਹੁਣ ਗੱਲ ਕਰਦੇ ਹਾਂ ਫਿਲਮੀ ਅਦਾਕਾਰ ਸਲਮਾਨ ਖਾਨ ਦੀ ਉਪਰਲੀ ਜਮਾਤ ਨਾਲ ਸਬੰਧਤ ਇਸ ਸਖਸ਼ ਨੂੰ ਲੋਕਾਂ ਨਾਲ ਕੋਈ ਲੈਣ ਦੇਣ ਨਹੀਂ ਸਗੋਂ ਫਿਲਮਾਂ ਰਾਹੀਂ ਚੰਗਾ ਮਾੜਾ ਪਰੋਸ ਕੇ ਕਰੋੜਾਂ ਰੁਪਏ ਇਕੱਠੇ ਕਰਨ ਵਾਲੇ ਇਸ ਆਦਮੀ ਨੇ 2002 ਵਿਚ ਬੰਬਈ ਦੀ ਇਕ ਬੇਕਰੀ ਅਮਰੀਕਨ ਐਕਸਪ੍ਰੈਸ ਦੇ ਬਾਹਰ ਆਪਣਾ ਕੋਈ ਘਰ ਨਾ ਹੋਣ ਕਰਕੇ ਫੁਟਪਾਥ ਉਪਰ ਸੁੱਤੇ ਪਏ ਬੇਘਰੇ ਗਰੀਬਾਂ 'ਤੇ ਆਪਣੀ ਲੈਂਡ ਕਰੂਜਰ ਕਾਰ ਜਾਣਬੁੱਝ ਕੇ ਚੜ੍ਹਾ ਦਿੱਤੀ। ਜਿਸ ਨਾਲ ਇਕ ਆਦਮੀ ਜੂਰਉਲਾ ਮਹਿਬੂਬ ਸ਼ਰੀਫ ਮੌਕੇ ਤੇ ਮਾਰਿਆ ਗਿਆ ਤੇ 4 ਹੋਰ ਸਖ਼ਤ ਜ਼ਖ਼ਮੀ ਹੋ ਗਏ। ਉਸ ਵਕਤ ਸਲਮਾਨ ਖਾਨ ਕਾਰ ਚਲਾ ਰਿਹਾ ਸੀ ਜਿਸ ਕੋਲ ਕੋਈ ਡਰਾਇਵਿੰਗ ਲਾਈਸੈਂਸ ਨਹੀਂ ਸੀ ਅਤੇ ਉਸ ਨੇ ਸ਼ਰਾਬ ਵੀ ਪੀਤੀ ਹੋਈ ਸੀ। 
ਸਲਮਾਨ ਖਾਨ ਉਤੇ ਕੇਸ ਤਾਂ ਦਰਜ ਕੀਤਾ ਗਿਆ ਪਰ ਬਹੁਤ ਹੀ ਹਲਕਾ। ਬਾਂਦਰਾ ਇਲਾਕੇ ਦੇ ਮੈਟਰੋਪਾਲਿਟਨ ਮੈਜਿਸਟਰੇਟ ਦੀ ਅਦਾਲਤ ਵਿਚ ਕੇਸ ਚੱਲਿਆ ਤੇ ਦੋਸ਼ ਸਿਰਫ ਲਾਪ੍ਰਵਾਹੀ ਨਾਲ ਕਾਰ ਚਲਾਉਣ ਦਾ ਹੀ ਲਾਇਆ ਗਿਆ ਸੀ ਜਿਸ ਵਿਚ ਵੱਧ ਤੋਂ ਵੱਧ 2 ਸਾਲ ਦੀ ਹੀ ਸਜ਼ਾ ਹੋ ਸਕਦੀ ਸੀ। ਇਹ ਕੇਸ ਵੀ 2006 ਵਿਚ, ਭਾਵ 4 ਸਾਲਾਂ ਬਾਅਦ ਚੱਲਿਆ। 
ਕੈਸਾ ਅਨਰਥ ਹੈ ਕਿ ਇਕ ਆਦਮੀ ਮਾਰ ਦਿੱਤਾ ਗਿਆ ਹੋਵੇ 4 ਜਖ਼ਮੀ ਹੋਣ ਤੇ ਪਰਚਾ ਸਿਰਫ ਲਾਪ੍ਰਵਾਹੀ ਨਾਲ ਕਾਰ ਚਲਾਉਣ ਦਾ। ਅਖੀਰ ਕੁਝ ਲੋਕਾਂ ਦੀ ਜਦੋਂ ਜਹਿਦ ਅਤੇ ਅਨੇਕਾਂ ਗਵਾਹਾਂ ਦੀਆਂ ਗਵਾਹੀਆਂ ਤੋਂ ਬਾਅਦ 2012 ਵਿਚ ਗੈਰ ਇਰਾਦਤਨ ਕਤਲ ਦੇ ਗੰਭੀਰ ਦੋਸ਼ ਤਹਿਤ ਇਸ ਅਦਾਲਤ ਨੇ ਕੇਸ ਸੈਸ਼ਨ ਕੋਰਟ ਨੂੰ ਭੇਜ ਦਿੱਤਾ। ਉਥੇ ਸਲਮਾਨ ਖਾਨ ਨੇ ਸੈਸ਼ਨ ਕੋਰਟ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਤੇ ਕਿਹਾ ਕਿ ਕਾਰ ਮੇਰਾ ਡਰਾਇਵਰ ਅਸ਼ੋਕ ਸਿੰਘ ਚਲਾ ਰਿਹਾ ਸੀ। ਅਸ਼ੋਕ ਸਿੰਘ ਨੇ ਵੀ ਬਿਆਨ ਦੇ ਕੇ ਮੰਨ ਲਿਆ ਕਿ ਕਾਰ ਮੈਂ ਹੀ ਚਲਾ ਰਿਹਾ ਸੀ ਜੋ ਕਿ ਮੰਨਣਯੋਗ ਨਹੀਂ ਸੀ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇੰਨੇ ਵੱਡੇ ਕੇਸ ਵਿਚ ਸਲਮਾਨ ਖਾਨ ਦੇ ਡਰਾਈਵਰ ਨੇ ਬਿਆਨ ਦੇ ਕੇ ਦੋਸ਼ ਕਬੂਲ ਕਿਉਂ ਕਰਨ ਦਾ ਯਤਨ ਕੀਤਾ। ਸਾਫ ਹੈ ਕਿ ਇਹ ਸਭ ਅਦਾਕਾਰੀ ਰਾਹੀਂ ਇਕੱਠੇ ਕੀਤੇ ਗਏ ਨੋਟਾਂ ਦੀ ਕ੍ਰਿਪਾ ਹੀ ਹੋ ਸਕਦੀ ਹੈ। 
ਅੰਤ 13 ਸਾਲਾਂ ਬਾਅਦ 6 ਮਈ 2015 ਨੂੰ ਬੰਬਈ ਦੇ ਸੈਸ਼ਨ ਕੋਰਟ ਦੇ ਮਾਣਯੋਗ ਜੱਜ ਡੀ.ਡਬਲਯੂ. ਦੇਸ਼ਪਾਂਡੇ ਨੇ ਫੈਸਲਾ ਸੁਨਾਉਣ ਵੇਲੇ ਕਿਹਾ ''ਅਭਿਨੇਤਾ ਵਿਰੁੱਧ ਸਾਰੇ ਦੋਸ਼ ਸਿੱਧ ਹੋਏ, ਜਿੰਨਾਂ ਵਿਚ ਲਾਪ੍ਰਵਾਹੀ ਨਾਲ ਗੱਡੀ ਚਲਾਉਣਾ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਦੇ ਨਾਲ ਗੈਰ ਇਰਾਦਾਤਨ ਹੱਤਿਆ ਦਾ ਸੰਗੀਨ ਦੋਸ਼ ਵੀ ਸ਼ਾਮਲ ਹੈ।'' ਜੱਜ ਨੇ ਇਹ ਵੀ ਕਿਹਾ ਕਿ ਅਭਿਨੇਤਾ ਕੋਲ ਡਰਾਈਵਿੰਗ ਲਾਈਸੈਂਸ ਵੀ ਨਹੀਂ ਸੀ। 
ਸਾਰੇ ਦੋਸ਼ ਸਿੱਧ ਹੋਣ 'ਤੇ ਜੱਜ ਸਾਹਿਬ ਨੇ 5 ਸਾਲ ਕੈਦ ਅਤੇ 25 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜਾ ਸੁਣਾ ਦਿੱਤੀ। ਸਜਾ ਸੁਣਾਉਂਦਿਆਂ ਸਾਰ ਹੀ ਪੈਸੇ ਵਾਲੀ ਜਮਾਤ ਦੇ ਇਸ ਵਿਅਕਤੀ ਨੇ ਪੈਸੇ ਦੇ ਜ਼ੋਰ ਨਾਲ ਆਪਣੇ ਰੰਗ ਵਿਖਾਉਣੇ ਸ਼ੁਰੂ ਕੀਤੇ। ਜਿਥੇ ਸਜ਼ਾ ਤੋਂ ਬਾਅਦ ਤੁਰੰਤ ਗ੍ਰਿਫਤਾਰ ਕਰਕੇ ਦੋਸ਼ੀ ਨੂੰ ਜੇਲ੍ਹੀਂ ਭੇਜਿਆ ਜਾਂਦਾ ਹੈ ਉਥੇ ਸਲਮਾਨ ਖਾਨ ਨੂੰ ਜੇਲ੍ਹ ਭੇਜਣ ਦੀ ਥਾਂ ਪ੍ਰਸ਼ਾਸਨ ਉਸ ਦੇ ਬਚਾਅ ਵਿਚ ਜੁੱਟ ਗਿਆ। ਫੈਸਲਾ ਸੁਣਾਉਣ ਤੋਂ ਕਈ ਦਿਨਾਂ ਬਾਅਦ ਮਿਲਣ ਵਾਲੀ ਆਰਡਰ ਦੀ ਕਾਪੀ ਉਸੇ ਵੇਲੇ ਮੁਹੱਈਆ ਕਰਵਾ ਦਿੱਤੀ ਗਈ। ਮਿੰਟਾਂ ਸਕਿੰਟਾਂ ਵਿਚ ਕੇਸ ਤਿਆਰ ਕਰਕੇ ਬੰਬੇ ਹਾਈ ਕੋਰਟ ਵਿਚ ਅਪੀਲ ਦਾਇਰ ਕਰਵਾ ਦਿੱਤੀ ਗਈ ਕਈ ਕਈ ਦਿਨ ਅਪੀਲ ਦਾਇਰ ਕਰਨ 'ਤੇ ਲਾਉਣ ਵਾਲਿਆਂ ਨੇ 3 ਘੰਟੇ ਵਿੱਚ ਤੇ ਉਸੇ ਦਿਨ 4 ਵਜੇ ਹਾਈ ਕੋਰਟ ਵਿਚ ਸੁਣਵਾਈ ਦਾ ਸਮਾਂ ਐਲਾਨ ਕਰ ਦਿੱਤਾ ਗਿਆ ਅਤੇ 4 ਵੱਜਦਿਆਂ ਹੀ ਹਾਈ ਕੋਰਟ ਦੇ ਜੱਜ ਸਾਹਿਬਾਨ ਨੇ ਇਹ ਕਹਿ ਕੇ ਦੋ ਦਿਨ ਦੀ ਜਮਾਨਤ ਦੇ ਦਿੱਤੀ ਕਿ ਆਰਡਰ ਦੀ ਪੂਰੀ ਕਾਪੀ ਸਲਮਾਨ ਖਾਨ ਨੂੰ ਸੈਸ਼ਨ ਕੋਰਟ ਵਿਚੋਂ ਨਹੀਂ ਮਿਲੀ ਇਸ ਕਰਕੇ 8 ਮਈ ਤੱਕ ਜਮਾਨਤ ਦਿੱਤੀ ਜਾਂਦੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ 3 ਸਾਲ ਤੋਂ ਵੱਧ ਸਜਾ ਹੋਣ 'ਤੇ ਜਮਾਨਤ ਉਪਰਲੀ ਅਦਾਲਤ ਵਿਚੋਂ ਹੀ ਹੋਣੀ ਹੁੰਦੀ ਹੈ। 
8 ਮਈ ਨੂੰ ਕੀ ਹੋਇਆ। ਮੈਨੂੰ ਲੱਗਦਾ ਹੈ ਕਿ ਦੱਸਣ ਦੀ ਲੋੜ ਨਹੀਂ ਜੋ ਹੋਣਾ ਸੀ ਉਹੋ ਹੋਇਆ ਤੇ ਸਲਮਾਨ ਖਾਨ ਨੂੰ ਪੂਰੀ ਜਮਾਨਤ ਮਿਲ ਗਈ। ਸੋ ਅੱਜਕੱਲ ਸਲਮਾਨ ਖਾਨ ਜੇਲ੍ਹ ਵਿਚ ਜਾਣ ਦੀ ਥਾਂ ਫਿਲਮ ਦੀ ਸ਼ੂਟਿੰਗ ਕਰਨ ਕਸ਼ਮੀਰ ਵਿਚ ਗਿਆ ਹੋਇਆ ਹੈ। ਜੇਲ੍ਹ ਤੋਂ ਵੀ ਬਚ ਗਿਆ, ਗਰਮੀ ਤੋਂ ਵੀ ਬਚ ਕੇ ਕਸ਼ਮੀਰ ਜਾ ਕੇ ਪੈਸੇ ਇਕੱਠੇ ਕਰਨ ਦੇ ਕੰਮ ਵਿਚ ਜੁਟਿਆ ਹੋਇਆ ਹੈ। 
ਆਓ ਜ਼ਰਾ ''ਕਾਨੂੰਨ ਸਾਰਿਆਂ ਲਈ ਬਰਾਬਰ ਹੋਣ'' ਬਾਰੇ ਵਿਚਾਰ ਕਰੀਏ। ਜਦੋਂ ਮੈਨੂੰ ਸਜਾ ਹੋਈ ਸੀ ਉਦੋਂ ਮੈਨੂੰ ਉਸੇ ਦਿਨ ਆਰਡਰ ਦੀ ਕਾਪੀ ਕਿਉਂ ਨਾ ਮਿਲੀ, ਮੇਰੀ ਅਪੀਲ ਮਹੀਨਾ ਭਰ ਹਾਈਕੋਰਟ ਵਿਚ ਕਿਉਂ ਨਾ ਲੱਗ ਸਕੀ ਅਤੇ ਮੈਨੂੰ ਜਮਾਨਤ ਮਿਲਣ ਤੋਂ ਪਹਿਲਾਂ ਸਜਾ ਦਾ ਚੌਥਾ ਹਿੱਸਾ ਕੱਟਣਾ ਪਿਆ। ਇਹ ਸਵਾਲ ਹੈ ਜੋ ਜਮਾਤਾਂ ਵਿਚ ਵੰਡੇ ਹੋਏ ਇਸ ਸਮਾਜ ਦੀ ਅਸਲ ਤਸਵੀਰ ਪੇਸ਼ ਕਰਦਾ ਹੈ। ਇਹ ਸਵਾਲ ਹੀ ਗਰੀਬਾਂ ਤੇ ਅਮੀਰਾਂ ਵਿਚ ਫਰਕ ਦੀ ਅਸਲ ਤਸਵੀਰ ਪੇਸ਼ ਕਰਦਾ ਹੈ। ਇਹ ਸਵਾਲ ਹੀ ਕਾਨੂੰਨ ਸਭ ਲਈ ਬਰਾਬਰ ਹੋਣ ਦਾ ਪਰਦਾਫਾਸ਼ ਕਰਕੇ ਸੱਚ ਸਾਹਮਣੇ ਪ੍ਰਗਟ ਕਰਦਾ ਹੈ।
ਸਲਮਾਨ ਖਾਨ ਦੀ ਉਸੇ ਦਿਨ ਅਪੀਲ ਦਾਇਰ ਹੋ ਜਾਣੀ, ਉਸੇ ਦਿਨ ਸੁਣਵਾਈ ਹੋ ਜਾਣੀ ਤੇ ਉਸੇ ਦਿਨ ਦੋ ਦਿਨ ਦੀ ਜਮਾਨਤ ਮਿਲ ਜਾਣੀ, ਹੁਣ ਕਿਸੇ ਵੀ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿਣ ਦਿੰਦੀ ਤੇ ਸਾਫ ਜਵਾਬ ਮਿਲਦਾ ਹੈ ਕਿ ਹਾਕਮ ਧਿਰ ਨਾਲ ਸਬੰਧਤ ਅਤੇ ਪੈਸੇ ਦੇ ਮਾਲਕ ਧਨੀ ਲੋਕਾਂ ਲਈ ਕਾਨੂੰਨ ਮੋਮ ਵਾਂਗੂੰ ਢਾਲਿਆ ਜਾ ਸਕਦਾ ਹੈ। ਸੋ ਇਹ ਸਾਰਾ ਕੁੱਝ ਹਾਕਮ ਧਿਰ ਦੀ ਮਰਜ਼ੀ ਅਨੁਸਾਰ ਤੇ ਪੈਸੇ ਦੇ ਜ਼ੋਰ 'ਤੇ ਕੀਤਾ ਗਿਆ। ਜਿਹੜਾ ਕਾਨੂੰਨ ਆਰਡਰ ਮਿਲਣ ਵਿਚ ਦੇਰੀ ਕਰਦਾ ਹੈ, ਜਿਹੜਾ ਕਾਨੂੰਨ ਸੁਣਵਾਈ ਲਈ ਸਮਾਂ ਮੰਗਦਾ ਹੈ। ਜਿਹੜਾ ਕਾਨੂੰਨ ਮੇਰੇ ਤੇ ਮੇਰੀ ਜਮਾਤ ਦੇ ਲੋਕਾਂ ਲਈ ਸਜਾ ਦਾ ਚੌਥਾ ਹਿੱਸਾ ਕੱਟ ਕੇ ਜਮਾਨਤ ਦੇਣ ਦੀ ਗੱਲ ਕਰਦਾ ਹੈ। ਉਹ ਕਾਨੂੰਨ ਸਲਮਾਨ ਖਾਨ 'ਤੇ ਲਾਗੂ ਕਰਨ ਲਈ ਹਾਕਮਾਂ ਵਲੋਂ ਸਿਰ ਪਰਨੇ ਕਰ ਦਿੱਤਾ ਗਿਆ ਤੇ ਸਾਰਾ ਕੁੱਝ ਪੈਸੇ ਦੇ ਜ਼ੋਰ ਨਾਲ ਅਸਾਨ ਹੋ ਗਿਆ। 
ਇਕ ਗੱਲ ਹੋਰ ਜੋ ਪਾਠਕਾਂ ਨਾਲ ਸਾਂਝੀ ਕਰਨੀ ਜ਼ਰੂਰੀ ਹੈ, ਉਹ ਇਹ ਹੈ ਕਿ ਸਜਾ ਦਾ ਐਲਾਨ ਹੁੰਦਿਆਂ ਸਾਰ ਸਲਮਾਨ ਖਾਨ ਦੀ ਤੇ ਹਾਕਮ ਧਿਰ ਦੀ ਜਮਾਤ ਦੇ ਲੋਕਾਂ ਲਈ ਬੇਚੈਨੀ ਸ਼ੁਰੂ ਹੋ ਗਈ। ਉਹ ਇਨਸਾਨੀਅਤ ਨੂੰ ਭੁੱਲ ਗਏ ਤੇ ਊਲ ਜ਼ਲੂਲ ਬੋਲਣ ਤੱਕ ਚਲੇ ਗਏ। ਸਲਮਾਨ ਖਾਨ ਨਾਲ ਹਮਦਰਦੀ ਜਿਤਾਉਂਦੇ ਇਕ ਗਾਇਕ ਅਭਿਜੀਤ ਨੇ ਟਵਿਟਰ ਤੇ ਬਹੁਤ ਬੇਹੁਦਾ ਤੇ ਇਨਸਾਨੀਅਤ ਤੋਂ ਗਿਰੀ ਹੋਈ ਟਿੱਪਣੀ ਕਰਦਿਆਂ ਕਿਹਾ ਕਿ ''ਕੁੱਤਾ ਰੋਡ ਤੇ ਸੋਵੇਂਗਾ ਤਾਂ ਕੁੱਤੇ ਦੀ ਮੌਤ ਮਰੇਗਾ। ਸੜਕ (ਫੁੱਟਪਾਥ) ਗਰੀਬ ਦੇ ਪਿਉ ਦੀ ਨਹੀਂ ਹੈ।'' ਇਹ ਟਿੱਪਣੀ ਜਿਥੇ ਇਹਨਾਂ ਲੋਕਾਂ ਦੀ ਨੈਤਿਕਤਾ 'ਤੇ ਸਵਾਲ ਖੜੇ ਕਰਦੀ ਹੈ, ਉਥੇ ਇਹ ਵੀ ਸਾਬਤ ਕਰਦੀ ਹੈ ਕਿ ਜਮਾਤੀ ਵੰਡ ਵਿਚ ਇਹ ਲੁਟੇਰੀ ਜਮਾਤ ਗਰੀਬਾਂ ਤੇ ਕਿਰਤੀਆਂ ਨੂੰ ਮਨੁੱਖ ਵੀ ਨਹੀਂ ਸਮਝਦੀ ਸਗੋਂ ਕੀੜੇ ਮਕੌੜੇ ਤੇ ਕੁੱਤਿਆਂ ਦੇ ਬਰਾਬਰ ਸਮਝਦੀ ਹੈ। 
ਉਹ ਸਲਮਾਨ ਖਾਨ ਜਿਸ ਨੇ 26/11 ਹਮਲੇ ਦੇ ਸਬੰਧ ਵਿਚ 2010 ਵਿਚ ਕਿਹਾ ਸੀ ''ਹਮਲੇ ਰੇਲ ਗੱਡੀਆਂ ਤੇ ਛੋਟੇ ਸ਼ਹਿਰਾਂ ਵਿਚ ਵੀ ਹੁੰਦੇ ਹਨ ਪਰ ਇਸ ਬਾਰੇ ਕੋਈ ਗੱਲ ਨਹੀਂ ਕਰਦਾ।'' ਉਸਨੇ ਕਿਹਾ ਸੀ ਕਿ ਇਸ ਹਮਲੇ ਲਈ ਪਾਕਿਸਤਾਨ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਭਾਵੇਂ ਕਿ ਉਸਨੇ ਬਾਅਦ ਵਿਚ ਮੁਆਫੀ ਮੰਗ ਲਈ ਸੀ। 
ਇਹ ਉਹ ਸਲਮਾਨ ਖਾਨ ਹੈ ਜਿਸ ਉਤੇ ਐਸ਼ਵਰਿਆ ਰਾਏ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲੱਗਿਆ ਸੀ। 
ਇਹ ਉਹੋ ਹੀ ਹੈ ਜਿਸ ਉਪਰ ਕਾਲੇ ਹਿਰਨ ਨੂੰ ਮਾਰਨ ਦਾ ਕੇਸ ਚੱਲਿਆ ਸੀ ਤੇ ਇਸ ਨੂੰ 1 ਸਾਲ ਕੈਦ ਦੀ ਸਜ਼ਾ ਹੋਈ ਸੀ। 
ਇਹ ਸਾਰਾ ਕੁੱਝ ਭੁਲ ਕੇ ਉਸਦੀ ਜਮਾਤ ਦੇ ਕੁਝ ਲੋਕਾਂ ਨੇ ਜੋ ਟਿਪਣੀਆਂ ਕੀਤੀਆਂ ਉਹ ਇਨਸਾਨੀਅਤ ਤੋਂ ਹਟਵੀਆਂ ਤੇ ਪੀੜਤ ਪਰਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਉਲਟ ਹਨ ਜਿਵੇਂ : ਸ਼ਕਤੀ ਕਪੂਰ ਨੇ ਕਿਹਾ ਕਿ ਮੈਂ ਫੈਸਲੇ ਤੋਂ ਦੁਖੀ ਹਾਂ ਤੇ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਖ਼ਬਰ ਹੈ। ਸਲਮਾਨ ਬਹੁਤ ਚੰਗੇ ਵਿਅਕਤੀ ਹਨ। ਪਰਨੀਤੀ ਚੌਪੜਾ ਨੇ ਕਿਹਾ ਕਿ ਸਲਮਾਨ ਬਾਰੇ ਸੋਚ ਕੇ ਦੁੱਖ ਹੁੰਦਾ ਹੈ ਅਸੀਂ ਹਮੇਸ਼ਾਂ ਉਹਨਾਂ ਨਾਲ ਹਾਂ। ਅਦਾਕਾਰ ਰਜਾ ਮੁਰਾਦ ਨੇ ਕਿਹਾ ਕਿ ਇਹ ਬਾਲੀਵੁਡ ਤੇ ਖਾਨ ਪਰਵਾਰ ਲਈ ਦੁੱਖ ਦੀ ਘੜੀ ਹੈ। ਇਸੇ ਤਰ੍ਹਾਂ ਹੋਰ ਵੀ ਕਈ ਲੋਕਾਂ ਦੀਆਂ ਟਿੱਪਣੀਆਂ ਆਈਆਂ ਹਨ ਜੋ ਮਾਰੇ ਗਏ ਨੂਰਉਲਾ ਮਹਿਬੂਬ ਸਰੀਫ ਤੇ ਜਖ਼ਮੀਆਂ ਨਾਲ ਹਮਦਰਦੀ ਦੀ ਬਜਾਏ ਕਾਨੂੰਨ ਦੁਆਰਾ ਸਜ਼ਾ ਦੇ ਹੱਕਦਾਰ ਨਾਲ ਹਮਦਰਦੀ ਪ੍ਰਗਟ ਕਰਦੇ ਦਿਖਾਈ ਦਿੰਦੇ ਹਨ। 
ਅਜਿਹਾ ਹੀ ਇਕ ਮਾਮਲਾ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਨਾਲ ਸਬੰਧਤ ਹੈ। ਉਸ ਉਤੇ ਆਮਦਨ ਤੋਂ ਵਧੇਰੇ ਜਾਇਦਾਦ ਬਣਾਉਣ ਦਾ ਦੋਸ਼ ਸਿੱਧ ਹੋ ਚੁੱਕਾ ਹੈ। ਉਂਝ ਤਾਂ ਉਹ ਕਈ ਵਾਰ ਕਾਨੂੰਨ ਦੇ ਸ਼ਿਕੰਜੇ ਵਿਚ ਫਸਦੀ ਰਹੀ ਹੈ ਪਰ ਪੈਸੇ ਵਾਲਿਆਂ ਦਾ ਕਾਨੂੰਨ ਕੁੱਝ ਵੀ ਨਹੀਂ ਵਿਗਾੜ ਸਕਦਾ ਇਸ ਲਈ ਉਹ ਬਚ ਜਾਂਦੀ ਰਹੀ। ਲੰਮਾ ਸਮਾਂ ਚਲੇ ਇਕ ਕੇਸ ਵਿਚ ਬੈਂਗਲੁਰੂ ਦੀ ਵਿਸ਼ੇਸ਼ ਅਦਾਲਤ ਨੇ 2004 ਵਿਚ ਉਸ ਨੂੰ 66.65 ਕਰੋੜ ਰੁਪਏ ਦੀ ਨਜਾਇਜ਼ ਜਾਇਦਾਦ ਬਣਾਉਣ ਦੀ ਦੋਸ਼ੀ ਕਰਾਰ ਦਿੱਤਾ ਸੀ। ਉਸ ਨੂੰ ਸਜ਼ਾ ਹੋ ਗਈ ਸੀ ਤੇ ਉਸ ਨੂੰ ਮੁੱਖ ਮੰਤਰੀ ਦਾ ਅਹੁਦਾ ਵੀ ਛੱਡਣਾ ਪਿਆ ਸੀ। ਨਾਲ ਹੀ ਉਸ ਉਤੇ 10 ਸਾਲ ਤੱਕ ਚੋਣ ਲੜਨ ਦੀ ਪਾਬੰਦੀ ਵੀ ਲਾਈ ਗਈ ਸੀ। ਪਰ ਪਿਛਲੇ ਹਫਤੇ ਉਸ ਦੀ ਅਪੀਲ 'ਤੇ ਗੌਰ ਕਰਦਿਆਂ ਜਸਟਿਸ ਸੀ. ਆਰ. ਕੁਮਾਰਸੁਆਮੀ ਨੇ 3 ਮਿੰਟ ਫਾਈਲ ਵੇਖ ਕੇ ਉਸ ਨੂੰ ਸਾਰੇ ਦੋਸ਼ਾਂ ਤੋਂ ਸਾਫ ਬਰੀ ਕਰ ਦਿੱਤਾ। ਇਹ ਫੈਸਲਾ ਵੀ ਜਮਾਤੀ ਵੰਡ ਤੇ ਪੈਸੇ ਦੀ ਬਰਕਤ ਨੂੰ ਹੀ ਰੂਪਮਾਨ ਕਰਦਾ ਹੈ। 
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਾ ਰਾਜ ਪ੍ਰਬੰਧ ਤੇ ਕਾਨੂੰਨ ਨੂੰ ਆਪਣੀ ਮਰਜ਼ੀ ਨਾਲ ਢਾਲ ਲੈਣ ਵਾਲਾ ਢਾਂਚਾ ਕਦ ਤੱਕ ਕਾਇਮ ਰਹੇਗਾ। ਗਰੀਬਾਂ ਤੇ ਕਿਰਤੀ ਲੋਕਾਂ ਨੂੰ ਬਰਾਬਰ ਇਨਸਾਫ ਕਦੋਂ ਮਿਲੇਗਾ। ਇਸ ਸਾਰੇ ਕੁੱਝ ਦਾ ਇਕੋ ਜਵਾਬ ਹੈ ਕਿ ਕਿਰਤੀ ਜਮਾਤ ਦੇ ਇਕਮੁੱਠ ਹੋ ਕੇ ਇਸ ਨਿਜ਼ਾਮ ਨੂੰ ਬਦਲਣ ਤੋਂ ਬਿਨਾਂ ਬਰਾਬਰ ਕਾਨੂੰਨ ਬਰਾਬਰ ਇੰਨਸਾਫ ਦੀ ਆਸ ਕਰਨਾ ਫਜ਼ੂਲ ਹੈ। ਸੋ ਆਓ ਆਪਾਂ ਕਿਰਤੀ ਲੋਕਾਂ ਨੂੂੰ ਜਾਗਰੂਕ ਕਰੀਏ ਤੇ ਜਮਾਤੀ ਸੰਘਰਸ਼ ਦਾ ਰਾਹ ਫੜੀਏ। ਸਾਰੀਆਂ ਬੀਮਾਰੀਆਂ ਦਾ ਇਲਾਜ ਜਮਾਤੀ ਸੰਘਰਸ਼ ਹੀ ਤਾਂ ਹੈ। ਆਓ ਪੰਜਾਬੀ ਕਵੀ ਪ੍ਰੋ. ਮੋਹਾਨ ਸਿੰਘ ਦੀ ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ 'ਤੇ ਅਮਲ ਕਰੀਏ : 
ਦਾਤੀਆਂ ਕਲਮਾਂ ਅਤੇ ਹਥੌੜੇ,
'ਕਠੇ ਕਰ ਲਓ ਸੰਦ ਓ ਯਾਰ।
ਤਗੜੀ ਇਕ ਤ੍ਰੈਸ਼ੂਲ ਬਣਾਉ,
ਯੁੱਧ ਕਰੋ ਪ੍ਰਚੰਡ ਓ ਯਾਰ। 

No comments:

Post a Comment