Monday, 8 June 2015

ਸ਼ਰਧਾਂਜਲੀਆਂ (ਸੰਗਰਾਮੀ ਲਹਿਰ-ਜੂਨ 2015)


ਸਾਥੀ ਨਛੱਤਰ ਸਿੰਘ ਦੁੱਗਾਂ ਲਈ ਸ਼ਰਧਾ ਦੇ ਕੁੱਝ ਸ਼ਬਦ ਕਿਹੋ ਜਿਹੀ ਮਿੱਟੀ ਦੇ ਬਣੇ ਹੋਏ ਸਨ ਇਹ ਯੋਧੇ 
ਮੇਰੇ ਲਈ 30 ਅਪ੍ਰੈਲ 2015 ਦਾ ਦਿਨ ਇਕ ਤਰ੍ਹਾਂ ਨਾਲ ਯਾਦਗਾਰੀ ਹੋ ਨਿਬੜਿਆ, ਜਦੋਂ ਪਾਰਟੀ ਕੰਮਾਂ ਵਾਸਤੇ ਮੈਂ ਸਾਥੀ ਗੱਜਣ ਸਿੰਘ ਨੂੰ ਉਨ੍ਹਾਂ ਦੇ ਪਿੰਡ ਦੁੱਗਾਂ (ਜ਼ਿਲ੍ਹਾ ਸੰਗਰੂਰ) ਮਿਲਣ ਗਿਆ। ਥੋੜੀ ਗੱਲਬਾਤ ਤੋਂ ਬਾਅਦ ਸਾਥੀ ਗੱਜਣ ਸਿੰਘ ਨੇ ਪਿੰਡ ਦੇ ਇਕ ਬਜ਼ੁਰਗ ਕਾਮਰੇਡ ਨਛੱਤਰ ਸਿੰਘ ਦੀ ਵਿਗੜ ਰਹੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਮੈਨੂੰ ਮਿਲਣ ਬਾਰੇ ਉਨ੍ਹਾਂ ਦਾ ਸੁਨੇਹਾ ਦਿੱਤਾ। ਇਹ ਮੇਰੇ ਵਾਸਤੇ ਕਿਸੇ 'ਅਲਾਹੀ ਹੁਕਮ' ਤੋਂ ਘੱਟ ਨਹੀਂ ਸੀ, ਜਿਸ ਨੂੰ ਸਿਰੇ ਚਾੜ੍ਹਨ ਨਾਲ ਮੈਨੂੰ ਇਕ ਖਾਸ ਕਿਸਮ ਦਾ ਸਕੂਨ ਪ੍ਰਾਪਤ ਹੋਣਾ ਸੀ। 
ਕੁਝ ਪਲਾਂ ਬਾਅਦ ਹੀ ਸਾਥੀ ਭੀਮ ਸਿੰਘ ਆਲਮਪੁਰ, ਗੱਜਣ ਸਿੰਘ ਦੁੱਗਾਂ, ਜੀਵਨ ਕੁਮਾਰ ਤੇ ਕੁੱਝ ਹੋਰ ਸਾਥੀਆਂ ਨਾਲ ਅਸੀਂ ਕਾਮਰੇਡ ਨਛੱਤਰ ਸਿੰਘ ਜੀ ਦੇ ਘਰ ਪੁੱਜੇ। ਬਰਾਂਡੇ ਵਿਚ ਮੰਜੇ ਉਪਰ ਲੇਟੇ, 11 ਮਹੀਨਿਆਂ ਤੋਂ ਕੁਝ ਵੀ ਖਾ ਨਾ ਸਕਣ ਵਾਲੇ ਇਸ 'ਜਰਨੈਲ' ਦਾ ਚਿਹਰਾ ਅਜੇ ਵੀ ਵੱਖਰੀ ਕਿਸਮ ਦਾ ਜਲਾਲ ਬਖੇਰ ਰਿਹਾ ਸੀ। ਸਾਫ ਸੁਥਰੇ ਸੁੰਦਰ ਕੱਪੜਿਆਂ ਵਿਚ ਹੱਡੀਆਂ ਦੀ ਮੁੱਠ ਬਣਿਆ ਇਹ ਬਜ਼ੁਰਗ ਸਮੁੱਚੇ ਪਰਿਵਾਰ ਵਲੋਂ ਕੀਤੀ ਜਾ ਰਹੀ ਅਦੁੱਤੀ ਦੇਖਭਾਲ ਦੀ ਤਸਵੀਰ ਪੇਸ਼ ਕਰਦਾ ਸੀ। ਜਦੋਂ ਸਾਥੀ ਗੱਜਣ ਸਿੰਘ ਨੇ ਉਚੀ ਆਵਾਜ਼ ਵਿਚ ਮੇਰੇ ਬਾਰੇ ਜਾਣਕਾਰੀ ਦਿੱਤੀ ਤਦ ਕਾਮਰੇਡ ਨਛੱਤਰ ਸਿੰਘ ਨੇ ਦੋਨੋਂ ਹੱਥ ਜੋੜ ਕੇ ਮੈਨੂੰ ਜੀ ਆਇਆਂ ਆਖਿਆ ਅਤੇ ਮੇਰੇ ਗੋਡਿਆਂ ਵੱਲ ਨੂੰ ਆਪਣੀਆਂ ਬਾਹਾਂ ਉਲਾਰੀਆਂ। ਮੈਨੂੰ ਭਾਸਿਆ ਸਾਥੀ ਨਛੱਤਰ ਸਿੰਘ ਅਜੇ ਮੈਨੂੰ ਕੁੱਝ ਹੋਰ ਮੋਹ, ਪਿਆਰ ਤੇ ਸਤਿਕਾਰ ਦੇਣਾ ਚਾਹੁੰਦਾ ਹੈ, ਜਿਸ ਦੇ ਮੇਰੇ ਤੋਂ ਜ਼ਿਆਦਾ ਉਹ ਖ਼ੁਦ ਹੱਕਦਾਰ ਹਨ। ਮੈਂ ਉਨ੍ਹਾਂ ਦੇ ਦੋਨੋਂ ਹੱਥ ਫੜ ਕੇ ਆਪਣੇ ਮੱਥੇ ਨੂੰ ਲਾਏ। ਇਸ ਤਰ੍ਹਾਂ ਦੇ ਮੌਕਿਆਂ 'ਤੇ ਮਨੁੱਖੀ ਮਨ ਅੰਦਰ ਵਹਿ ਰਹੇ ਵਿਚਾਰਾਂ ਦੇ ਵੇਗ ਨੂੰ ਮਹਿਸੂਸ ਹੀ ਕੀਤਾ ਜਾ ਸਕਦਾ ਹੈ। 
ਲਿਮਕਾ ਦਾ ਗਿਲਾਸ ਛੋਟੀ ਬੇਟੀ ਨੇ ਲਿਆ ਦਿੱਤਾ। ਕਾਮਰੇਡ ਨੇ ਬੜੀ ਕੋਸ਼ਿਸ਼ ਨਾਲ ਜੇਬ ਵਿਚੋਂ ਸੌ ਰੁਪਏ ਦਾ ਇਕ ਨੋਟ ਕੱਢਕੇ ਮੇਰੇ ਹੱਥ 'ਤੇ ਧਰ ਦਿੱਤਾ। ਸ਼ਾਇਦ ਕਮਿਊਨਿਸਟ ਲਹਿਰ ਵਾਸਤੇ ਉਨ੍ਹਾਂ ਵਲੋਂ ਕੀਤੇ ਪੂਰੇ ਜੀਵਨ ਦਾਨ ਦੀ ਪੈਸੇ ਦੇ ਰੂਪ ਵਿਚ ਇਹ ਆਖਰੀ ਕਿਸ਼ਤ ਸੀ। ਮੈਂ ਇਸ ਵੱਡੇ ਖਜ਼ਾਨੇ ਨੂੰ ਪ੍ਰਾਪਤ ਕਰਕੇ ਅਸ਼-ਅਸ਼ ਕਰ ਉਠਿਆ। 
ਮੈਨੂੰ ਲੱਗਾ ਅਗਲੇ ਹੀ ਪਲ ਸਾਥੀ ਨਛੱਤਰ ਸਿੰਘ ਕੋਈ ਹੋਰ ਸੁਨੇਹਾ ਦੇਣਾ ਚਾਹੁੰਦੇ ਹਨ। ਬਾਂਹ ਉਚੀ ਕਰਕੇ ਉਹ '.................... ਮਾਰੋ,..............ਮਾਰੋ'  ਆਖ ਰਹੇ ਸਨ। ਮੈਂ ਉਨ੍ਹਾਂ ਦੇ ਪੋਤਰੇ ਨੂੰ ਕਿਹਾ ਕਿ ਸਮਝ ਨਹੀਂ ਆ ਰਹੀ ਕਾਮਰੇਡ ਜੀ ਕੀ ਕਹਿ ਰਹੇ ਹਨ? ਉਸ ਦੱਸਿਆ ਕਿ ਬਾਪੂ ਜੀ ਪਾਰਟੀ ਦੇ 'ਨਾਅਰੇ' ਮਾਰਨ ਵਾਸਤੇ ਕਹਿ ਰਹੇ ਹਨ.... ਇਨਕਲਾਬ-ਜ਼ਿੰਦਾਬਾਦ, ਮਜ਼ਦੂਰ ਕਿਸਾਨ ਏਕਤਾ ਜ਼ਿੰਦਾਬਾਦ ਆਦਿ ਆਦਿ। 
ਕਾਮਰੇਡ ਦੇ ਮੰਜੇ ਦੁਆਲੇ ਅਸੀਂ ਖੜ੍ਹੇ ਕੁਝ ਕੁ ਸਾਥੀ ਤੇ ਘਰ ਦੇ ਜੀਅ ਜ਼ੁਬਾਨ ਤੋਂ ਕੁਝ ਬੋਲਣ ਦੀ ਹਿੰਮਤ ਤਾਂ ਨਾ ਜੁਟਾ ਸਕੇ ਪ੍ਰੰਤੂ ਸਭ ਦੀਆਂ ਬਾਹਾਂ ਮੱਲੋ ਮੱਲੀ ਉਪਰ ਨੂੰ ਜ਼ਰੂਰ ਉਠ ਰਹੀਆਂ ਸਨ।  ਕਾਮਰੇਡ ਜੀ ਨੇ ਆਪਣੀ ਨੂੰਹ ਨੂੰ ਮੈਨੂੰ ਮਾਣ ਸਤਿਕਾਰ ਵਜੋਂ ਇਕ ਕੰਬਲ ਲਿਆਉਣ ਵਾਸਤੇ ਕਿਹਾ, ਜਿਸ ਬਾਰੇ ਪਰਿਵਾਰ ਨੇ ਸ਼ਾਇਦ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਸੀ। ਮੈਂ ਨਿਮਰਤਾ ਨਾਲ ਹੱਥ ਜੋੜ ਕੇ ਨਾਂਹ ਕੀਤੀ, ਕਿਉਂਕਿ ਮੇਰੇ ਦਿਮਾਗ ਅੰਦਰ ਦੁਨੀਆਂ ਭਰ ਦੀਆਂ ਕੀਮਤੀ ਵਸਤਾਂ ਪਹਿਲਾਂ ਹੀ ਪਹੁੰਚਾ ਦਿੱਤੀਆਂ ਸਨ, ਕਾਮਰੇਡ ਨਛੱਤਰ ਸਿੰਘ ਜੀ ਦੇ ਆਦਰਸ਼ਵਾਦੀ ਜੀਵਨ ਨੇ! 
ਫੇਰ ਮਿਲਣ ਦਾ ਵਾਅਦਾ ਕਰਕੇ ਅਸੀਂ ਬਾਹਰ ਵੱਲ ਨੂੰ ਆ ਰਹੇ ਸਾਂ। ਪ੍ਰੰਤੂ ਮੇਰਾ ਦਿਲ ਤੇ ਦਿਮਾਗ ਮੌਤ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕਰ ਰਹੇ ਉਸ ਬਹਾਦਰ ਜਰਨੈਲ ਕਾਮਰੇਡ ਨਛੱਤਰ ਸਿੰਘ ਵਲੋਂ ਦਿੱਤੇ ਅੰਤਮ ਸੰਕੇਤਾਂ ਨਾਲ ਜੁੜਿਆ ਹੋਇਆ ਸੀ। 
ਉਸਨੇ ਸਾਰਾ ਜੀਵਨ ਕਮਿਊਨਿਸਟ ਲਹਿਰ ਦੇ ਸਮਰਪਤ ਕੀਤਾ,
ਧਨ ਦਾ ਆਖਰੀ ਸਿੱਕਾ ਵੀ ਪਾਰਟੀ ਦੇ ਹਵਾਲੇ ਕਰ ਦਿੱਤਾ 
ਤੇ ਨਾਲ ਹੀ ਭਵਿੱਖ ਵਿਚ ਸਮਾਜਿਕ ਤਬਦੀਲੀ ਦੇ 'ਨਾਅਰੇ ਲਗਾਉਣ' ਦਾ ਸੁਨੇਹਾ ਦਿੰਦਾ ਹੋਇਆ ਸਾਡੇ ਸਭ ਦੇ ਮੋਢਿਆਂ ਉਪਰ ਵੱਡੀ ਜ਼ਿੰਮੇਵਾਰੀ ਸੁੱਟ ਗਿਆ। 
ਜਾਪਦਾ ਸੀ ਕਿ ਉਹ ਜ਼ਰੂਰ ਸੋਚ ਰਿਹਾ ਹੋਵੇਗਾ ਕਿ ਜ਼ਿੰਦਗੀ ਭਰ ਸਾਡੇ ਇਹ ਨਾਅਰੇ, ਅਜੇ ਤੱਕ ਰੰਗ ਕਿਉਂ ਨਹੀਂ ਲਿਆ ਸਕੇ?
ਅਸੀਂ ਸਾਰੇ ਜਿਹੜੇ ਸਾਥੀ ਨਛੱਤਰ ਸਿੰਘ ਦੇ ਕਾਫਲੇ ਦੇ ਸੰਗੀ ਸਾਥੀ ਹਾਂ, ਆਪਣੇ ਮੋਢਿਆਂ ਉਪਰ ਉਸਦੇ ਆਖਰੀ ਪੈਗਾਮ ਦਾ ਭਾਰ ਚੁੱਕੀ ਫਿਰਦੇ ਹਾਂ। ਯਤਨ ਕਰੀਏ ਕਿ ਇਸ ਵੰਗਾਰ ਪਾਈ ਨੂੰ ਕਾਮਯਾਬ ਕਰਕੇ ਸਾਥੀ ਨਛੱਤਰ ਸਿੰਘ ਦੇ ਪਾਏ ਜ਼ਿੰਮੇਵਾਰੀਆਂ ਦੇ ਭਾਰ ਨੂੰ ਆਪਣੇ ਮੋਢਿਆਂ ਤੋਂ ਛੇਤੀ ਛੇਤੀ ਉਤਾਰ ਕੇ ਸੁਰਖ਼ਰੂ ਹੋ ਸਕੀਏ, ਜੋ 11 ਮਈ 2015 ਨੂੰ ਆਪਣੀ ਜ਼ਿੰਦਗੀ ਦੀ 74 ਸਾਲਾਂ ਦੀ ਯਾਤਰਾ ਨੂੰ ਪੂਰੀ ਸ਼ਾਨ ਨਾਲ ਸੰਪੂਰਨ ਕਰਕੇ ਸਾਥੋਂ ਵਿਦਾ ਹੋ ਗਿਆ ਹੈ।  
- ਮੰਗਤ ਰਾਮ ਪਾਸਲਾ


ਉਘੇ ਕਮਿਊਨਿਸਟ ਆਗੂ ਹਜਾਰਾ ਸਿੰਘ ਜੱਸੜ ਦੀ 10ਵੀਂ ਬਰਸੀ 'ਤੇ ਸ਼ਰਧਾਂਜਲੀ ਸਮਾਗਮ
ਉੱਘੇ ਦੇਸ਼ ਭਗਤ ਤੇ ਮਿਸਾਲੀ ਕਮਿਊਨਿਸਟ ਕਾਮਰੇਡ ਹਜ਼ਾਰਾ ਸਿੰਘ ਜੱਸੜ ਦੀ 10ਵੀਂ ਬਰਸੀ ਨੂੰ ਸਮਰਪਤ ਸੀ.ਪੀ.ਐੱਮ ਪੰਜਾਬ ਵੱਲੋਂ ਪਿੰਡ ਜੱਸੜ ਵਿਖੇ ਵਿਸ਼ਾਲ ਲੋਕ ਜਾਗਰੂਕਤਾ ਕਾਨਫਰੰਸ ਕੀਤੀ ਗਈ, ਜਿਸ ਵਿੱਚ ਇਲਾਕੇ ਭਰ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਨੌਜਵਾਨ, ਔਰਤਾਂ ਤੇ ਹੋਰ ਮਿਹਨਤਕਸ਼ ਲੋਕ ਹੱਥਾਂ 'ਚ ਪਾਰਟੀ ਦੇ ਝੰਡੇ ਚੁੱਕ ਕੇ ਬੜੇ ਜੋਸ਼ੋ-ਖਰੋਸ਼ ਤੇ ਇਨਕਲਾਬੀ ਭਾਵਨਾ ਨਾਲ ਸ਼ਾਮਲ ਹੋਏ। ਕਾਨਫਰੰਸ ਦੀ ਪ੍ਰਧਾਨਗੀ ਪਾਰਟੀ ਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਸਰਵਸਾਥੀ ਬਲਬੀਰ ਸਿੰਘ ਕੱਕੜ, ਅਮਰਜੀਤ ਸਿੰਘ ਭੀਲੋਵਾਲ, ਬੀਬੀ ਅਜੀਤ ਕੌਰ ਕੋਟ ਰਜਾਦਾ, ਸ਼ੀਤਲ ਸਿੰਘ ਤਲਵੰਡੀ, ਡੀ.ਐੱਸ.ਪੀ ਬਚਨ ਸਿੰਘ ਜੱਸੜ ਪ੍ਰਿਥੀਪਾਲ ਸਿੰਘ ਜੱਸੜ ਤੇ ਕੁਲਵੰਤ ਸਿੰਘ ਮਲੂਨੰਗਲ ਨੇ ਕੀਤੀ।
ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰ ਮੰਗਤ ਰਾਮ ਪਾਸਲਾ ਨੇ ਆਪਣੇ ਪਾਰਟੀ ਦੇ ਹਰਮਨ ਪਿਆਰੇ ਆਗੂ ਤੇ ਸਭ ਲਈ ਪ੍ਰੇਰਨਾ ਸਰੋਤ ਕਾਮਰੇਡ ਹਜ਼ਾਰਾ ਸਿੰਘ ਜੱਸੜ ਨੂੰ ਇਨਕਲਾਬੀ ਸ਼ਰਧਾਂਜਲੀਆਂ ਭੇਟ ਕਰਦਿਆਂ ਕਾਨਫਰੰਸ 'ਚ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਦੀ ਬੀ ਜੇ ਪੀ ਸਰਕਾਰ ਦੇਸ਼ ਭਗਤਾਂ ਤੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਆਰ.ਐੱਸ.ਐੱਸ. ਦੇ ਦਿਸ਼ਾ-ਨਿਰਦੇਸ਼ਾਂ 'ਤੇ ਦੇਸ਼ ਦੇ ਫੈਡਰਲ ਢਾਂਚੇ ਨੂੰ ਨੁਕਸਾਨ ਪਹੁੰਚਾ ਰਹੀ ਹੈ, ਦਿੱਲੀ ਸੂਬੇ ਦੀ ਸਰਕਾਰ ਪ੍ਰਤੀ ਅਪਨਾਈ ਨੀਤੀ ਇਸਦੀ ਉਘੜਵੀਂ ਮਿਸਾਲ ਹੈ ਕਿ ਮੋਦੀ ਇਸ ਸਰਕਾਰ ਦੀਆਂ ਸ਼ਕਤੀਆਂ ਆਪਣੇ ਕੋਲ ਕੇਂਦਰਤ ਕਰ ਰਿਹਾ ਹੈ। ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬਦੇਸ਼ੀਆਂ ਨੂੰ ਖੁੱਲ੍ਹਾ ਸੱਦਾ ਦੇ ਕੇ ਦੇਸ਼ ਨੂੰ ਵਿਕਾਊ ਲਾ ਦਿੱਤਾ ਹੈ। ਇਹਨਾਂ ਬੀ.ਜੇ.ਪੀ. ਵਾਲਿਆਂ ਵੱਲੋਂ ਫਿਰਕਾਪ੍ਰਸਤੀ ਜਾ ਜ਼ਹਿਰੀਲਾ ਪ੍ਰਚਾਰ ਕਰਨ ਨਾਲ ਦੇਸ਼ ਦੀਆਂ ਘੱਟ ਗਿਣਤੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ, ਜਿਹੜੀ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਬਣ ਸਕਦਾ ਹੈ। ਉਨ੍ਹਾਂ ਪੰਜਾਬ ਦੀ ਬਾਦਲ ਸਰਕਾਰ ਦੇ ਲੋਕ ਵਿਰੋਧੀ ਖਾਸੇ ਬਾਰੇ ਦੱਸਦਿਆਂ ਕਿਹਾ ਕਿ ਬਾਦਲ ਨੇ ਪੈਟਰੋਲ ਤੇ ਡੀਜ਼ਲ ਦੇ ਭਾਅ ਸੂਬਾਈ ਟੈਕਸ ਲਾ ਕੇ ਹੋਰ ਮਹਿੰਗੇ ਕਰ ਦਿੱਤੇ ਹਨ। ਜ਼ਮੀਨਾਂ ਦੇ ਸਵਾਲ 'ਤੇ ਅਬਾਦਕਾਰਾਂ ਤੇ ਮਜ਼ਦੂਰਾਂ ਉਪਰ ਜ਼ੁਲਮ ਢਾਹੇ ਜਾ ਰਹੇ ਹਨ ਤੇ ਪੰਜਾਬ 'ਚ ਇੱਕ ਤਰ੍ਹਾਂ ਨਾਲ ਮਾਫੀਆ ਰਾਜ ਸਥਾਪਤ ਕਰ ਦਿੱਤਾ ਹੈ, ਜਿਥੇ ਧੀਆਂ-ਭੈਣਾਂ ਦੀ ਇੱਜ਼ਤ ਸੁਰੱਖਿਅਤ ਨਹੀਂ, ਜਵਾਨੀ ਨੂੰ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ। ਕੇਂਦਰ ਤੇ ਪੰਜਾਬ ਸਰਕਾਰਾਂ ਦੀਆਂ ਅਜਿਹੀਆਂ ਲੋਕ ਵਿਰੋਧੀ ਨੀਤੀਆਂ ਤੇ ਨਵ-ਉਦਾਰਵਾਦੀ, ਲੋਕ ਮਾਰੂ ਨੀਤੀਆਂ ਨੂੰ ਭਾਂਜ ਦੇਣ ਲਈ ਸਾਡੀ ਪਾਰਟੀ ਸੀ.ਪੀ.ਐੱਮ ਪੰਜਾਬ ਜਿਥੇ ਖੱਬੀਆਂ ਪਾਰਟੀਆਂ ਨਾਲ ਏਕਾ ਉਸਾਰ ਕੇ ਸੰਘਰਸ਼ ਦੇ ਰਾਹ ਚੱਲ ਰਹੀ ਹੈ, ਉਥੇ ਪਾਰਟੀ ਵੱਲੋਂ 11 ਮਈ ਤੋਂ 30 ਮਈ ਤੱਕ ਲੋਕ ਜਾਗਰੂਕਤਾ ਮੁਹਿੰਮ ਚਲਾ ਕੇ ਕਿਰਤੀ ਲੋਕਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ ਅਤੇ 10 ਜੂਨ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਕੇਂਦਰ 'ਤੇ ਲਾਮਿਸਾਲ ਜਨਤਕ ਇਕੱਠ ਕਰਕੇ ਇਹਨਾਂ ਸਰਕਾਰਾਂ ਦਾ ਚੁਰਾਹੇ 'ਚ ਭਾਂਡਾ ਭੰਨਿਆ ਜਾਵੇਗਾ। 
ਇਸ ਮੌਕੇ ਸੀ.ਪੀ.ਐੱਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰਾਂ ਸਾਥੀ ਰਘਬੀਰ ਸਿੰਘ ਪਕੀਵਾ ਤੇ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਕਾਰਨ ਆਮ ਲੋਕ ਨਿੱਤ ਨਵੀਂਆਂ ਮੁਸੀਬਤਾਂ ਵਿੱਚ ਘਿਰਦੇ ਜਾ ਰਹੇ ਹਨ। ਇਕ ਪਾਸੇ ਵੱਧਦੀ ਮਹਿੰਗਾਈ ਨੇ ਗਰੀਬਾਂ ਤੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਹੈ, ਦੂਜੇ ਪਾਸੇ ਬੇਰੁਜ਼ਗਾਰੀ ਨੇ ਉਹਨਾਂ ਨੂੰ ਹਾਲੋਂ-ਬੇਹਾਲ ਕੀਤਾ ਹੋਇਆ ਹੈ। ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦਾਲਾਂ, ਸਬਜ਼ੀਆਂ ਆਦਿ ਦੀਆਂ ਕੀਮਤਾਂ ਅਸਮਾਨ ਛੋਹ ਰਹੀਆਂ ਹਨ ਤੇ ਬਾਦਲ ਦਾ ਅੰਨ੍ਹੇ ਤੌਰ 'ਤੇ ਪਸਰਿਆ ਭ੍ਰਿਸ਼ਟਾਚਾਰ ਲੋਕਾਂ ਦੇ ਕੰਨਾਂ ਨੂੰ ਹੱਥ ਲਵਾ ਰਿਹਾ ਹੈ, ਕਿਸਾਨੀ ਤਬਾਹੀ ਦੇ ਕੰਢੇ 'ਤੇ ਖੜੀ ਹੈ, ਖੁਦਕੁਸ਼ੀਆਂ 'ਚ ਵਾਧਾ ਹੋ ਰਿਹਾ ਹੈ। ਇਹਨਾ ਆਗੂਆਂ ਨੇ ਅੱਗੇ ਕਿਹਾ ਕਿ ਸਾਨੂੰ ਕਾਮਰੇਡ ਹਜ਼ਾਰਾ ਸਿੰਘ ਜੱਸੜ ਦੇ ਸੰਘਰਸ਼ਮਈ ਜੀਵਨ 'ਤੇ ਚੱਲਦਿਆਂ ਸੰਘਰਸ਼ਾਂ ਦੇ ਪਿੜ ਮੱਲਣੇ ਚਾਹੀਦੇ ਹਨ। 
ਕਾਨਫਰੰਸ ਨੂੰ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੀ.ਪੀ.ਐਮ.ਪੰਜਾਬ ਦੇ ਤਹਿਸੀਲ ਅਜਨਾਲਾ ਦੇ ਸਕੱਤਰ ਗੁਰਨਾਮ ਸਿੰਘ ਉਮਰਪੁਰਾ ਅਤੇ ਜਨਵਾਦੀ ਇਸਤਰੀ ਸਭਾ ਦੀ ਸੂਬਾਈ ਆਗੂ ਨੀਲਮ ਘੁਮਾਣ ਨੇ ਵੀ ਸੰਬੋਧਨ ਕੀਤਾ। ਪਰਵਾਰ ਵੱਲੋਂ ਜੱਸੜ ਜੀ ਦੀ ਸਮਾਜ ਸੇਵਿਕਾ ਲੜਕੀ ਬੀਬੀ ਸੁਰਜੀਤ ਕੌਰ ਜੱਸੜ ਨੇ ਕਾਨਫਰੰਸ 'ਚ ਪਹੁੰਚੇ ਸਮੂਹ ਔਰਤਾਂ ਤੇ ਵੀਰਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਪਿਤਾ ਦੇ ਪੂਰਨਿਆਂ 'ਤੇ ਚੱਲਣ ਦਾ ਅਹਿਦ ਦੁਹਰਾਇਆ। 

ਸ਼ਹੀਦ ਕਰਤਾਰ ਚੰਦ ਦੀ 25ਵੀਂ ਬਰਸੀ 'ਤੇ ਸ਼ਰਧਾਂਜਲੀਆਂ
ਨਿੱਜੀਕਰਨ ਦੀਆਂ ਤਬਾਹਕੁੰਨ ਨੀਤੀਆਂ ਨੇ ਆਮ ਵਰਗ ਦੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ਪਰ ਸਿਆਸੀ ਆਗੂਆਂ ਨੂੰ ਇਸਦਾ ਕੋਈ ਫਿਕਰ ਨਹੀਂ ਹੈ। ਇਹ ਵਿਚਾਰ ਸੀ.ਪੀ.ਐਮ.ਪੰਜਾਬ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸ਼ਹੀਦ ਕਰਤਾਰ ਚੰਦ ਦੀ 25 ਵੀਂ ਬਰਸੀ ਮੌਕੇ ਪਿੰਡ ਮਾਧੋਪੁਰ ਵਿਖੇ ਸਾਂਝੇ ਮੋਰਚੇ ਦੀ ਅਗੁਵਾਈ ਹੇਠ ਆਯੋਜਿਤ ਸ਼ਰਧਾਂਜਲੀ ਸਮਾਰੋਹ ਦੌਰਾਨ ਪ੍ਰਗਟਾਏ। ਉਨਾਂ ਕਿਹਾ ਕਿ ਮੌਜੂਦਾ ਹਾਕਮਾਂ ਨੇ ਹਮੇਸ਼ਾਂ ਹੀ ਆਮ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੈ ਤੇ ਫਿਰਕਾਪ੍ਰਸਤੀ ਦੇ ਜਹਿਰ ਨੇ ਸਾਡੇ ਸਮਾਜ ਦੀਆਂ ਜੜ੍ਹਾਂ ਖੋਖਲੀਆਂ ਕਰਕੇ ਰੱਖ ਦਿੱਤੀਆਂ ਹਨ। ਪੰਜਾਬ 'ਚ ਅਰਾਜਕਤਾ ਵਧ ਰਹੀ ਹੈ, ਸਾਰੇ ਵਰਗ ਬੁਰੀ ਤਰਾਂ ਪ੍ਰੇਸ਼ਾਨ ਹਨ, ਵਿਕਾਸ ਦੀ ਰਫਤਾਰ ਰੁਕ ਗਈ ਹੈ ਪਰੰਤੂ ਪੰਜਾਬ ਸਰਕਾਰ ਇਸ ਪੱਖੋਂ ਪੂਰੀ ਤਰ੍ਹਾਂ ਅਵੇਸਲੀ ਹੈ। ਸਮਾਗਮ ਦੀ ਸ਼ੁਰੁਆਤ ਸ਼ਹੀਦੀ ਸਮਾਰਕ ਤੇ ਝੰਡਾ ਲਹਿਰਾਉਣ ਉਪਰੰਤ ਕੀਤੀ ਗਈ। ਕਾਮਰੇਡ ਤਰਲੋਚਨ ਸਿੰਘ ਰਾਣਾ, ਮੁਲਾਜਮ ਆਗੂ ਵੇਦ ਪ੍ਰਕਾਸ਼, ਅਤੇ ਪਾਰਟੀ ਆਗੂ ਕਾਮਰੇਡ ਮੋਹਣ ਸਿੰਘ ਧਮਾਣਾ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਆਮ ਵਰਗ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਿਸ ਲਈ ਸਾਡੀਆਂ ਸਮੂਹ ਜੱਥੇਬੰਦੀਆਂ ਹਮੇਸ਼ਾ ਹੀ ਇਨ੍ਹਾਂ ਹਾਕਮ ਤਾਕਤਾਂ ਵਿਰੁੱਧ ਸੰਘਰਸ਼ ਕਰਦੀਆਂ ਆਈਆਂ ਹਨ ਤੇ ਕਰਦੀਆਂ ਰਹਿਣਗੀਆਂ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਜੱਥੇਬੰਦੀਆਂ ਵਲੋਂ ਸ਼ਹੀਦ ਕਰਤਾਰ ਚੰਦ ਦੀ ਧਰਮ ਪਤਨੀ ਰੇਸ਼ਮ ਕੌਰ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਗੁਰਨੈਬ ਸਿੰਘ, ਦਰਸ਼ਨ ਕੌਰ, ਮਾਸਟਰ ਬਲਵੀਰ ਸਿੰਘ, ਸ਼ਮਸ਼ੇਰ ਸਿੰਘ, ਪ੍ਰਵੀਨ ਕੁਮਾਰੀ, ਚੌਧਰੀ ਹਿੰਮਤ ਸਿੰਘ, ਅਵਤਾਰ ਸਿੰਘ, ਦਰਸ਼ਣ ਕੁਮਾਰ, ਬਲਵੀਰ ਸਿਮਘ ਔਲਖ, ਦਰਸ਼ਣ ਬੜਵਾ, ਕਰਮਚੰਦ, ਭੋਲਾ ਨਾਥ ਸੋਨੀ, ਜਸਵੀਰ ਸਿੰਘ, ਐਡਵੋਕੇਟ ਦਿਨੇਸ਼ ਚੱਢਾ, ਕ੍ਰਿਸ਼ਨ ਚੰਦ, ਹਰਭਜਨ ਸਿੰਘ ਅਸਮਾਨਪੁਰ, ਗੁਰਪ੍ਰੀਤ ਸਿੰਘ , ਅਵਨੀਤ ਚੱਢਾ, ਜਗਤਾਰ ਸਿੰਘ ਆਦਿ ਹਾਜਿਰ ਸਨ।

No comments:

Post a Comment