Monday 8 June 2015

ਲਾਤੀਨੀ ਅਮਰੀਕਾ 'ਚ ਮਈ ਦਿਵਸ

ਸਾਮਰਾਜ ਦੇ ਹਮਲਿਆਂ ਵਿਰੁੱਧ ਇਕਜੁਟਤਾ ਦਿਵਸ ਵਜੋਂ ਮਨਾਇਆ ਗਿਆ 
ਵੈਨਜ਼ੁਏਲਾ ਵਿਚ ਮਈ ਦਿਵਸ
ਲਾਤੀਨੀ ਅਮਰੀਕਾ ਮਹਾਂਦੀਪ ਦੇ ਖੱਬੇ ਪੱਖੀ ਸ਼ਾਸਨ ਵਾਲੇ ਦੇਸ਼ ਵੈਨਜ਼ੁਏਲਾ ਵਿਚ ਮਈ ਦਿਵਸ, ਮਜ਼ਦੂਰਾਂ ਦਾ ਕੌਮਾਂਤਰੀ ਦਿਹਾੜਾ ਪੂਰੇ ਉਤਸ਼ਾਹ ਤੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਸਮੁੱਚੇ ਦੇਸ਼ ਵਿਚ ਥਾਂ ਪੁਰ ਥਾਂ ਮਿਹਨਤਕਸ਼ ਜਮਾਤ ਵਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਤ ਕਰਨ ਲਈ ਰੈਲੀਆਂ ਕੀਤੀਆਂ ਗਈਆਂ। ਮੁੱਖ ਸਮਾਗਮ ਦੇਸ਼ ਦੀ ਰਾਜਧਾਨੀ ਕਾਰਾਕਾਸ ਵਿਚ ਹੋਇਆ, ਜਿਸ ਵਿਚ ਇਕ ਲੱਖ ਤੋਂ ਵੱਧ ਲੋਕਾਂ ਨੇ ਭਾਗ ਲਿਆ। ਇਸ ਵਾਰ ਦੇ ਮਈ ਦਿਵਸ ਸਮਾਗਮਾਂ ਦੀ ਖਾਸ ਗੱਲ ਸੀ, ਅਮਰੀਕੀ ਸਾਮਰਾਜ ਵਲੋਂ 9 ਮਾਰਚ ਨੂੂੰ ਵੈਨਜੁਏਲਾ ਦੀ ਖੱਬੇ ਪੱਖੀ ਸਰਕਾਰ ਨੂੰ ਅਮਰੀਕਾ ਲਈ ਇਕ ਖਤਰਾ ਐਲਾਨੇ ਜਾਣ ਬਾਰੇ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਜਾਰੀ ਕੀਤੇ ਗਏ ਆਦੇਸ਼ ਵਿਰੁੱਧ ਅਤੇ ਦੇਸ਼ ਦੀ ਸਾਮਰਾਜ ਦੀ ਹਥਠੋਕਾ ਸੱਜ ਪਿਛਾਖੜੀ ਵਿਰੋਧੀ ਧਿਰ ਵਿਰੁੱਧ ਪੈਦਾ ਲੋਕ ਰੋਹ ਦਾ ਪ੍ਰਗਟਾਵਾ। 
ਰਾਜਧਾਨੀ ਵਿਚ ਇਕੱਤਰ ਹੋਏ ਵਿਸ਼ਾਲ ਇਕੱਠ ਵਿਚ ਲੋਕਾਂ ਨੇ ਲਾਲ ਕਮੀਜ਼ਾਂ ਪਾਈਆਂ ਹੋਈਆਂ ਸਨ ਅਤੇ ਦੇਸ਼ ਦੇ ਝੰਡੇ ਚੁੱਕੇ ਹੋਏ ਸਨ। ਇਹ ਇਕੱਠ ਲਾਲ ਸਮੁੰਦਰ ਦੀ ਸ਼ਕਲ ਅਖਤਿਆਰ ਕਰ ਗਿਆ ਸੀ। ਦੇਸ਼ ਦੇ ਰਾਸ਼ਟਰਪਤੀ ਸਾਥੀ ਨਿਕੋਲਸ ਮਾਦੂਰੋ ਨੇ ਇਸ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ-ਦੇਸ਼ ਬੋਲੀਵਾਰ ਇਨਕਲਾਬ ਭਾਵ '21ਵੀਂ ਸਦੀ ਦੇ ਸਮਾਜਵਾਦ ਵੱਲ ਤਬਦੀਲੀ' ਦੀ ਪ੍ਰਕਿਰਿਆ ਨਾਲ ਅੱਗੇ ਵੱਧ ਰਿਹਾ ਹੈ। ਇਸਨੇ ਜਥੇਬੰਦ ਕਿਰਤੀਆਂ ਦੀ ਗਿਣਤੀ ਵਿਚ ਕਾਫੀ ਵਾਧਾ ਕੀਤਾ ਹੈ। ਮੈਂ ਸਮਝਦਾ ਹਾਂ ਕਿ ਕਿਰਤੀਆਂ ਵਲੋਂ ਲਾਮਬੰਦੀ ਕਰਕੇ ਆਪਣੇ ਹਿਤਾਂ ਦੀ ਰਾਖੀ ਲਈ ਅੱਗੇ ਵਧਣਾ ਸਾਡੇ ਇਨਕਲਾਬ ਦੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦੀਆਂ ਆਰਥਕ ਨੀਤੀਆਂ ਨੂੰ ਮਜ਼ਦੂਰ ਜਮਾਤ ਆਪਣੇ ਹੱਥ ਵਿਚ ਲਵੇ। ਦੇਸ਼ਵਾਸੀਆਂ ਖਾਸ ਕਰਕੇ ਮਿਹਨਤਕਸ਼ ਲੋਕਾਂ ਵਲੋਂ ਸਾਮਰਾਜੀ ਹਮਲਿਆਂ ਦੇ ਦਿੱਤੇ ਜਾ ਰਹੇ ਮੂੰਹ ਤੋੜ ਜਵਾਬ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੇ ਸਖਤ ਵਿਰੋਧ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ 9 ਮਾਰਚ ਦੇ ਆਦੇਸ਼ ਵਿਚ ਦਰਜ ਕੀਤੇ ''ਅਸਾਧਾਰਣ ਤੇ ਨਵੇਕਲੇ ਖਤਰੇ'' ਦੀ ਤਸ਼ਰੀਹ ਕਰਨੋ ਕੰਨੀ ਕਤਰਾ ਗਿਆ ਹੈ। ਉਨ੍ਹਾਂ ਕਿਹਾ-''ਜਦੋਂ ਲੋਕ ਇਕਮੁੱਠ, ਚੇਤਨ ਤੇ ਲਾਮਬੰਦ ਹੋ ਜਾਂਦੇ ਹਨ ਤਾਂ ਉਹ ਫੌਲਾਦ ਬਣ ਜਾਂਦੇ ਹਨ, ਉਨ੍ਹਾਂ ਨੂੰ ਕੋਈ ਤਾਕਤ ਹਰਾ ਨਹੀਂ ਸਕਦੀ।'' ਇਸ ਵਿਸ਼ਾਲ ਇਕੱਠ ਸਾਹਮਣੇ ਉਨ੍ਹਾਂ ਦੇਸ਼ ਵਿਚ ਘੱਟੋ ਘੱਟ ਤਨਖਾਹ ਵਿਚ 30% ਦਾ ਵਾਧਾ ਕਰਨ ਦਾ ਐਲਾਨ ਵੀ ਕੀਤਾ। 20%  ਤਾਂ ਇਕ ਮਈ ਤੋਂ ਹੀ ਵੱਧ ਜਾਵੇਗੀ ਜਦੋਂਕਿ 10% 1 ਜੂਨ ਤੋਂ ਵਧੇਗੀ। ਉਨ੍ਹਾਂ ਤੇਲ ਦੀਆਂ ਕੀਮਤਾਂ ਦੇ ਡਿੱਗਣ ਨਾਲ ਪੈਦਾ ਹੋਈਆਂ ਆਰਥਕ ਮੁਸ਼ਕਲਾਂ ਤੋਂ ਉਠਦੇ ਖਦਸ਼ਿਆਂ ਨੂੰ ਸਾਫ ਕਰਦਿਆਂ ਕਿਹਾ-''ਤੇਲ ਦੀ ਕੀਮਤ ਚਾਹੇ 40 ਡਾਲਰ ਹੋਵੇ ਜਾਂ ਜ਼ੀਰੋ, ਕਿਰਤੀਆਂ ਦੇ ਹੱਕਾਂ-ਹਿਤਾਂ ਦੀ ਗਾਰੰਟੀ ਹਰ ਸਥਿਤੀ ਵਿਚ ਹੋਵੇਗੀ।'' 
ਇੱਥੇ ਇਹ ਵਰਣਨਯੋਗ ਹੈ ਕਿ 9 ਮਾਰਚ ਨੂੰ ਅਮਰੀਕੀ ਰਾਸ਼ਟਰਪਤੀ ਵਲੋਂ ਜਾਰੀ ਵੈਨਜ਼ੁਏਲਾ ਦੇ ਸਬੰਧ ਵਿਚ ਆਦੇਸ਼ ਤੋਂ ਬਾਅਦ ਦੇਸ਼ ਅਤੇ ਹੋਰ ਗੁਆਂਢੀ ਦੇਸ਼ਾਂ ਵਿਚ ਇਸ ਵਿਰੁੱਧ ਦਸਖਤੀ ਮੁੰਹਿੰਮ ਚਲਾਈ ਗਈ ਸੀ। ਜਿਸ ਵਿਚ 1 ਕਰੋੜ 30 ਲੱਖ ਤੋਂ ਵੱਧ ਲੋਕਾਂ ਨੇ ਦਸਖਤ ਕਰਕੇ ਆਪਣੇ ਗੁੱਸੇ ਦਾ ਇਜਹਾਰ ਕੀਤਾ ਸੀ। ਦੇਸ਼ ਵਿਚ ਸਾਮਰਾਜ ਦੀ ਹੱਥਠੋਕੀ ਸੱਜ ਪਿਛਾਖੜੀ ਵਿਰੋਧੀ ਧਿਰ ਵਲੋਂ ਚਲਾਈ ਕੂੜ ਪ੍ਰਚਾਰ ਮੁਹਿੰਮ ਨੂੰ ਭਾਂਜ ਦਿੰਦੇ ਹੋਏ 1 ਕਰੋੜ ਦੇਸ਼ਵਾਸੀਆਂ ਨੇ ਇਸ ਮੁਹਿੰਮ ਵਿਚ ਦਸਖਤ ਕੀਤੇ ਸਨ। 
ਪਿਛਲੀ ਸਦੀ ਦੇ ਅੰਤਲੇ ਸਾਲ ਵਿਚ ਦੇਸ਼ ਵਿਚ ਖੱਬੇ ਪੱਖੀ ਰਾਸ਼ਟਰਪਤੀ ਮਰਹੂਮ ਹੂਗੋ ਸ਼ਾਵੇਜ਼ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਦੇਸ਼ ਦੇ ਮਿਹਨਤਕਸ਼ ਲੋਕਾਂ ਦੀਆਂ ਆਰਥਕ ਤੇ ਸਮਾਜਕ ਜੀਵਨ ਹਾਲਤਾਂ ਵਿਚ ਬਹੁਤ ਵੱਡਾ ਬਦਲਾਅ ਆਇਆ ਹੈ। ਪਿਛਲੇ 16 ਸਾਲਾਂ ਵਿਚ ਘੱਟੋ-ਘੱਟ ਤਨਖਾਹ ਵਿਚ 29 ਵਾਰ ਵਾਧਾ ਕੀਤਾ ਗਿਆ ਹੈ ਜਦੋਂਕਿ ਉਸ ਤੋਂ ਪਿਛਲੇ 24 ਸਾਲਾਂ ਵਿਚ ਸਿਰਫ 9 ਵਾਰ ਹੀ ਘੱਟੋ-ਘੱਟ ਉਜਰਤ ਵਧੀ ਸੀ। ਮਰਹੂਮ ਹੂਗੋ ਸ਼ਾਵੇਜ਼ ਵਲੋਂ 2012 ਵਿਚ ਪਾਸ ਕੀਤਾ ਗਿਆ ਕਿਰਤ ਕਾਨੂੰਨ ਜਿਹੜਾ ਕਿ 2013 ਵਿਚ ਲਾਗੂ ਹੋਇਆ ਸੀ ਨੇ ਤਾਂ ਕਿਰਤੀਆਂ ਦੇ ਹਿਤਾਂ ਦੀ ਰੱਖਿਆਂ ਦੇ ਪੱਖ ਵਿਚ ਵੱਡੀ ਪਲਾਂਘ ਪੁੱਟੀ ਹੈ ਅਤੇ ਇਹ ਕਾਨੂੰਨ ਦੇਸ਼ ਦੀ ਕਿਰਤ ਨੀਤੀ ਦਾ ਮੁੱਖ ਧੁਰਾ ਬਣ ਗਿਆ ਹੈ। ਇਸ ਨਵੇਂ ਕਿਰਤ ਕਾਨੂੰਨ ਵਿਚ ਪ੍ਰਤੀ ਹਫਤਾ ਵੱਧ ਤੋਂ ਵੱਧ 40 ਘੰਟੇ ਕੰਮ ਲੈਣ ਦੀ ਵਿਵਸਥਾ ਹੈ, ਕਿਰਤੀਆਂ ਨੂੰ ਗਲਤ ਢੰਗ ਨਾਲ ਨੌਕਰੀ ਤੋਂ ਕੱਢਣ ਦੇ ਨਾਲ ਨਾਲ ਆਉਟ ਸੋਰਸਿੰਗ ਰਾਹੀਂ ਕੰਮ ਕਰਵਾਉਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਸਭ ਕਿਰਤੀਆਂ ਨੂੰ ਸੇਵਾਮੁਕਤੀ ਤੋਂ ਬਾਅਦ ਪੈਨਸ਼ਨ ਦੀ ਗਾਰੰਟੀ ਕੀਤੀ ਗਈ ਹੈ, ਜਿਨ੍ਹਾਂ ਵਿਚ ਸਵੈ-ਰੁਜ਼ਗਾਰ ਵਾਲੇ ਅਤੇ ਘਰੇਲੂ ਕੰਮ ਕਰਦੇ ਲੋਕ ਵੀ ਸ਼ਾਮਲ ਹਨ। ਪ੍ਰਸੂਤੀ ਛੁੱਟੀ ਬਾਰੇ ਕਾਨੂੰਨ ਤਾਂ ਦੁਨੀਆਂ ਦਾ ਸਭ ਤੋਂ ਵਧੀਆ ਕਾਨੂੰਨ ਦਾ ਦਰਜਾ ਪ੍ਰਾਪਤ ਕਰ ਗਿਆ ਹੈ। ਮਾਂ ਨੂੰ ਬੱਚਾ ਜੰਮਣ ਤੋਂ ਪਹਿਲਾਂ 6 ਹਫਤਿਆਂ ਦੀ ਪ੍ਰਸੁਤਾ ਛੁੱਟੀ ਅਤੇ ਬੱਚੇ ਦੇ ਜਨਮ ਤੋਂ ਬਾਅਦ  29 ਦਿਨਾਂ ਦੀ ਛੁੱਟੀ ਦੇ ਨਾਲ-ਨਾਲ ਪਿਤਾ ਨੂੰ ਵੀ 2 ਹਫਤੇ ਦੀ ਛੁੱਟੀ ਮਿਲਦੀ ਹੈ। ਇਸ ਵਾਰ ਦਾ ਮਈ  ਦਿਵਸ ਇਸ ਕਾਨੂੰਨ ਦੇ ਸਬੰਧ ਵਿਚ ਇਸ ਲਈ ਵੀ ਖਾਸ ਸੀ, ਕਿਉਂਕਿ 2013 ਵਿਚ ਲਾਗੂ ਹੋਏ ਇਸ ਕਾਨੂੰਨ ਨੂੰ ਅਪ੍ਰੈਲ 2015 ਦੇ ਅੰਤ ਤੱਕ ਆਊਟ ਸੋਰਸਿੰਗ ਤੇ ਠੇਕੇਦਾਰੀ ਪ੍ਰਥਾ ਦੇ ਮਾਮਲੇ ਵਿਚ ਲਾਗੂ ਕਰਨ ਦੀ ਅੰਤਮ ਸੀਮਾ ਮਿੱਥੀ ਗਈ ਸੀ। 
ਇਨ੍ਹਾਂ ਮਈ ਦਿਵਸ ਦੇ ਜਸ਼ਨਾਂ ਵਿਚ ਸ਼ਾਮਲ ਇਕ ਮਜ਼ਦੂਰ ਕਾਰਕੁੰਨ ਇੰਦਰਾ ਬੋਲੀਵਾਰ ਦੇ ਸ਼ਬਦ ਕਿਰਤੀ ਜਮਾਤ ਦੀ ਚੇਤਨਾ ਦੇ ਉਚੇਰੇ ਪੱਧਰ ਦੀ ਸਪੱਸ਼ਟ ਰੂਪ ਵਿਚ ਤਸਦੀਕ ਕਰਦੇ ਹਨ-''ਅਸੀਂ ਇੱਥੇ ਕਿਰਤੀਆਂ ਦਾ ਦਿਨ ਮਨਾਉਣ ਲਈ ਇਕੱਠੇ ਹੋਏ ਹਾਂ, ਉਨ੍ਹਾਂ ਕਿਰਤੀਆਂ ਦਾ ਦਿਨ, ਜਿਹੜੇ ਪ੍ਰਤੀਬੱਧ ਹਨ, ਦੇਸ਼ ਭਗਤ ਹਨ, ਪਰ ਸਦੀਆਂ ਤੋਂ ਸ਼ੋਸ਼ਣ ਦਾ ਸ਼ਿਕਾਰ ਹਨ। ਪਰ ਅੱਜ ਅਸੀਂ ਚੇਤਨ ਹੋ ਚੁੱਕੇ ਹਾਂ ਇਨਕਲਾਬ ਪ੍ਰਤੀ ਅਤੇ ਇਨਕਲਾਬੀ ਪ੍ਰਕਿਰਿਆ ਦੀ ਰਖਵਾਲੀ ਲਈ ਮੋਢੇ ਨਾਲ ਮੋਢਾ ਜੋੜਕੇ ਖਲੋਤੇ ਹਾਂ।''

ਕਿਊਬਾ ਵਿਚ ਮਈ ਦਿਵਸ ਜਸ਼ਨਾਂ ਮੌਕੇ  ਵੈਨਜ਼ੁਏਲਾ ਨਾਲ ਇਕਮੁੱਠਤਾ ਦਾ ਪ੍ਰਗਟਾਵਾ 
ਅਮਰੀਕੀ ਸਾਮਰਾਜ ਦੇ ਗੁਆਂਢ ਵਸਦੇ ਸਮਾਜਵਾਦੀ ਦੇਸ਼ ਕਿਊਬਾ ਵਿਚ ਮਈ ਦਿਵਸ ਹਮੇਸ਼ਾ ਦੀ ਤਰ੍ਹਾਂ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਦੇਸ਼ ਦੀ ਰਾਜਧਾਨੀ ਹਵਾਨਾ ਵਿਚ ਹੋਏ ਮੁੱਖ ਸਮਾਗਮ ਦੀ ਪ੍ਰਧਾਨਗੀ ਦੇਸ਼ ਦੇ ਰਾਸ਼ਟਰਪਤੀ ਰਾਉਲ ਕਾਸਤਰੋ ਅਤੇ ਇਸ ਖਿੱਤੇ ਦੇ ਪ੍ਰਮੁੱਖ ਖੱਬੇ ਪੱਖੀ ਸੱਤਾ ਵਾਲੇ ਦੇਸ਼ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਸਾਂਝੇ ਰੂਪ ਵਿਚ ਸਮਾਜਵਾਦ ਦੀ ਉਸਾਰੀ ਲਈ ਇਕਮੁੱਠ (United in the construction of socialism)'' ਦੇ ਬੈਨਰ ਥੱਲੇ ਕੀਤੀ। ਇਸੇ ਲਈ ਇਸ ਵਾਰ ਦੇ ਮਈ ਦਿਵਸ ਜਸ਼ਨਾਂ ਦੀ ਖਾਸ ਅਹਿਮੀਅਤ ਬਣ ਗਈ, ਕਿਉਂਕਿ ਇਕ ਪਾਸੇ ਤਾਂ ਕਿਊਬਾ ਨਾਲ 50 ਸਾਲਾਂ ਦੀ ਦੁਸ਼ਮਣੀ ਤੋਂ ਬਾਅਦ ਅਮਰੀਕੀ ਸਾਮਰਾਜਵਾਦ ਗਲਬਾਤ ਕਰਨ ਲਈ ਅੱਗੇ ਵੱਧ ਰਿਹਾ ਹੈ। ਦੂਜੇ ਪਾਸੇ ਉਹੀ ਅਮਰੀਕਾ ਵੈਨਜ਼ੁਏਲਾ ਵਿਚ ਤੇਲ ਦੀਆਂ ਕੀਮਤਾਂ ਕੌਮਾਂਤਰੀ ਪੱਧਰ 'ਤੇ ਘੱਟਣ ਦੇ ਮੱਦੇਨਜ਼ਰ ਪੈਦਾ ਹੋਏ ਆਰਥਕ ਸੰਕਟ ਦਾ ਲਾਹਾ ਲੈਂਦੇ ਹੋਏ ਦੇਸ਼ ਵਿਚਲੀ ਸੱਜ ਪਿਛਾਖੜੀ ਧਿਰ ਨੂੰ ਹਰ ਤਰ੍ਹਾਂ ਦੀ ਮਦਦ ਦੇ ਕੇ ਖੱਬੇ ਪੱਖੀ ਸਰਕਾਰ ਨੂੰ ਅਸਥਿਰ ਕਰਨ ਦੇ ਯਤਨ ਕਰ ਰਿਹਾ ਹੈ ਅਤੇ ਨਾਲ ਹੀ ਵੈਨਜ਼ੁਏਲਾ ਨੂੰ ਅਮਰੀਕਾ ਦੀ ਸੁਰੱਖਿਆ ਲਈ ਖਤਰਾ ਗਰਦਾਨਦੇ ਹੋਏ ਆਦੇਸ਼ ਜਾਰੀ ਕਰਕੇ ਉਸ ਉਤੇ ਪਾਬੰਦੀਆਂ ਲਾਉਣ ਵੱਲ ਵੱਧ ਰਿਹਾ ਹੈ। 
ਹਵਾਨਾ ਵਿਚ ਹੋਈ ਰੈਲੀ ਦੇ ਇਕੋ ਇਕ ਬੁਲਾਰੇ ਕਿਊਬਨ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਉਲੀਸੇਸ ਗੁਈਲਾਰਟੇ ਨੇ ਆਪਣੇ ਸੰਬੋਧਨ ਵਿਚ ਦੋਹਾਂ ਪ੍ਰਮੁੱਖ ਮਸਲਿਆਂ ਬਾਰੇ ਆਪਣੇ ਦੇਸ਼ ਦਾ ਪੱਖ ਸਪੱਸ਼ਟ ਕੀਤਾ। ਉਨ੍ਹਾਂ ਅਮਰੀਕਾ ਨਾਲ ਸੁਖਾਵੇਂ ਹੁੰਦੇ ਸਬੰਧਾਂ ਬਾਰੇ ਕਿਹਾ-'ਕਿਊਬਾ ਤੇ ਅਮਰੀਕਾ ਦਰਮਿਆਨ ਰਾਜਦੂਤਕ ਸਬੰਧਾਂ ਨੂੰ ਮੁੜ ਸਥਾਪਤ ਕਰਨ ਲਈ ਕੁੱਝ ਕਦਮ ਪਹਿਲਾਂ ਲਏ ਜਾ ਚੁੱਕੇ ਹਨ, ਪਰ ਅਸੀਂ ਇਸ ਮਾਮਲੇ ਵਿਚ ਇਕ ਲੰਮਾ ਤੇ ਮੁਸ਼ਕਲ ਰਸਤਾ ਤੈਅ ਕਰਨਾ ਹੈ, ਜਿਸ ਵਿਚ ਸਾਡੇ ਦੇਸ਼ ਵਿਰੁੱਧ ਪਾਬੰਦੀਆਂ ਚੁੱਕਣਾ ਅਤੇ ਗੁਆਂਟਾਨਾਮੋ ਦੇ ਖੇਤਰ ਨੂੰ ਵਾਪਸ ਕਰਨਾ ਸ਼ਾਮਲ ਹੈ, ਜਿਸ ਉਤੇ ਅਮਰੀਕਾ ਵਲੋਂ ਕਬਜਾ ਕਰਕੇ ਆਪਣੇ ਫੌਜੀ ਅੱਡਾ ਸਥਾਪਤ ਕਰ ਲਿਆ ਗਿਆ ਹੈ।''
ਰਾਸ਼ਟਰਪਤੀ ਮਾਦੂਰੋ ਦੀ ਮਈ ਦਿਵਸ ਰੈਲੀ ਵਿਚ ਹਾਜ਼ਰੀ ਨੂੰ ਸਲਾਮ ਕਰਦਿਆਂ ਸਾਥੀ ਗੁਈਲਾਰਟੇ ਨੇ ਕਿਹਾ-''ਅਸੀਂ ਵੈਨਜ਼ੁਏਲਾ ਵਿਚ ਬਾਹਰੀ ਦਖਲ ਦੇ ਨਾਲ-ਨਾਲ ਉਸਨੂੰ ਅਸਥਿਰ ਕਰਨ ਵਾਲੀਆਂ ਸਭ ਤਰ੍ਹਾਂ ਦੀਆਂ ਕਾਰਵਾਈਆਂ, ਹਿੰਸਾ ਅਤੇ ਜੰਗ ਜਿਹੜੀ ਸੰਵਿਧਾਨਕ ਵਿਵਸਥਾ, ਪ੍ਰਭੂਸੱਤਾ ਆਜ਼ਾਦੀ ਤੇ ਵੈਨਜ਼ੁਏਲਾ ਦੇ ਲੋਕਾਂ ਦੇ ਸਵੈ-ਨਿਰਣੇ ਦੇ ਅਧਿਕਾਰ ਨੂੰ ਸੱਟ ਮਾਰਦੀਆਂ ਹਨ, ਦਾ ਪੂਰੀ ਦਿੜ੍ਹਤਾ ਨਾਲ ਵਿਰੋਧ ਕਰਦੇ ਹਾਂ।''
ਸਮੁੱਚੇ ਦੇਸ਼ ਵਿਚ ਮਈ ਦਿਵਸ ਰੈਲੀਆਂ ਵਿਚ 20 ਲੱਖ ਤੋਂ ਵੱਧ ਲੋਕਾਂ ਨੇ ਭਾਗ ਲਿਆ। ਹਵਾਨਾ ਵਿਚ ਹੋਈ ਰੈਲੀ ਦੀ ਅਗਵਾਈ ਅਮਰੀਕਾ ਤੋਂ ਤਬਾਦਲੇ ਅਧੀਨ ਰਿਹਾ ਹੋ ਕੇ ਆਏ ਉਨ੍ਹਾਂ ਪੰਜ ਕਿਊਬਾਈ ਨਾਗਰਿਕਾਂ ਨੇ ਕੀਤੀ ਜਿਨ੍ਹਾਂ ਨੂੰ ਅਮਰੀਕਾ ਨੇ ਕਈ ਸਾਲਾਂ ਤੋਂ ਜਸੂਸੀ ਕਰਨ ਦੇ ਅਪਰਾਧ ਅਧੀਨ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਸੀ। ਰੈਲੀ ਦੌਰਾਨ ਉਨ੍ਹਾਂ ਸਿਹਤ ਸੇਵਾਵਾਂ ਨਾਲ ਸਬੰਧਤ ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਕਾਮਿਆਂ ਦੇ ਗਰੁੱਪ ਦਾ ਵਿਸ਼ੇਸ਼ ਰੂਪ ਵਿਚ ਨਾਇਕਾਂ ਦੀ ਤਰ੍ਹਾਂ ਸਵਾਗਤ ਕੀਤਾ ਗਿਆ ਜਿਨ੍ਹਾਂ ਨੇ ਪੱਛਮੀ ਅਫਰੀਕਾ ਵਿਚ ਫੈਲੀ ਈਬੋਲਾ ਮਹਾਮਾਰੀ ਦੌਰਾਨ ਉਥੇ ਜਾ ਕੇ ਆਪਣੀਆਂ ਸੇਵਾਵਾਂ ਦਿੱਤੀਆਂ। ਉਹ ਦ੍ਰਿੜਤਾ, ਸਿਦਕਦਿਲੀ ਅਤੇ ਆਪਣੇ ਦੇਸ਼ ਪ੍ਰਤੀ ਪ੍ਰਤੀਬੱਧਤਾ ਦੇ ਮੁਜੱਸਮੇਂ ਦੇ ਰੂਪ ਵਿਚ ਲੋਕਾਂ ਸਾਹਮਣੇ ਪੇਸ਼ ਕੀਤੇ ਗਏ। 
ਇਸ ਰੈਲੀ ਦੇ ਸਭ ਤੋਂ ਵਿਸ਼ੇਸ਼ ਕਾਰਕੁੰਨ ਸਨ, 76 ਸਾਲਾਂ ਦੇ ਬਜ਼ੁਰਗ ਰੂਬੇਨ ਪੇਰੇਜ਼, ਜਿਹੜੇ ਸਾਥੀ ਫੀਡਲ ਕਾਸਟਰੋ ਨਾਲ ਰਲਕੇ ਬਾਤਿਸਤਾ ਦੀ ਡਿਕਟੇਟਰਸ਼ਿਪ  ਵਿਰੁੱਧ ਗੁਰੀਲਾ ਜੰਗ ਲੜਨ ਵਾਲੇ ਕੁੱਝ ਸਾਥੀਆਂ ਵਿਚੋਂ ਸਨ। ਉਨ੍ਹਾਂ ਦੀ ਆਪਣੇ ਇਰਾਦੇ ਪ੍ਰਤੀ ਦ੍ਰਿੜਤਾ ਉਨ੍ਹਾਂ ਦੇ ਸ਼ਬਦਾਂ ਤੋਂ ਜਾਹਿਰ ਹੁੰਦੀ ਹੈ-''ਮੈਂ ਆਪਣੇ ਅੰਤਮ ਸਾਹਾਂ ਤੱਕ ਹਰ ਸਾਲ ਮਈ ਦਿਵਸ ਰੈਲੀ ਵਿਚ ਸ਼ਾਮਲ ਹੋਵਾਂਗਾ। ਜੇਕਰ ਜ਼ਰੂਰੀ ਹੋਇਆ ਤਾਂ ਇਨਕਲਾਬ ਦੀ ਰੱਖੀ ਲਈ ਬੰਦੂਕ ਵੀ ਚੁੱਕਾਂਗਾ।''

ਬੋਲੀਵੀਆ ਵਿਚ ਮਈ ਦਿਵਸ ਮੌਕੇ ਘੱਟੋ-ਘੱਟ ਉਜਰਤਾਂ ਵਿਚ ਵਾਧਾ 
ਲਾਤੀਨੀ ਅਮਰੀਕਾ ਮਹਾਂਦੀਪ ਦੇ ਖੱਬੇ ਪੱਖੀ ਹਕੂਮਤ ਵਾਲੇ ਦੇਸ਼ ਬੋਲੀਵੀਆ ਵਿਚ ਵੀ ਮਈ ਦਿਵਸ ਪੂਰੀ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ। ਦੇਸ਼ ਦੇ ਰਾਸ਼ਟਰਪਤੀ ਈਵੋ ਮੋਰਾਲੇਜ ਨੇ ਇਸ ਦਿਨ ਦੇਸ਼ ਦੀ ਪ੍ਰਮੁੱਖ ਯੂਨੀਅਨ ''ਫੈਡਰਲ ਵਰਕਰਜ਼ ਯੂਨੀਅਨ ਆਫ ਲਾਈਟ ਐਂਡ ਫੋਰਸ'' ਦੇ ਰਾਜਧਾਨੀ ਲਾ ਪਾਜ ਵਿਖੇ ਨਵੇਂ ਬਣੇ ਹੈਡਕੁਆਰਟਰ ਦਾ ਉਦਘਾਟਨ ਕੀਤਾ।  ਇਸ ਮੌਕੇ ਉਨ੍ਹਾਂ ਦੇਸ਼ ਦੀ ਮਜ਼ਦੂਰ ਜਮਾਤ ਨੂੰ ਮੁਖਾਤਬ ਹੁੰਦਿਆਂ ਕਿਹਾ-''ਸਾਡੇ ਆਪਸ ਵਿਚ ਮਤਭੇਦ ਹਨ, ਜਿਨ੍ਹਾਂ ਉੱਤੇ ਅਜੇ ਅਸੀਂ ਫਤਿਹ ਹਾਸਲ ਕਰਨੀ ਹੈ। ਪਰ, ਸਾਡੇ ਲਈ, ਸਾਮਰਾਜਵਾਦ ਅਤੇ ਪੂੰਜੀਵਾਦ ਦਾ ਵਿਰੋਧ ਕਰਨ ਵਾਲਿਆਂ ਲਈ ਜਥੇਬੰਦ ਮਜ਼ਦੂਰ ਜਮਾਤ ਦਾ ਆਪਣੇ ਹੱਕਾਂ ਹਿਤਾਂ ਲਈ ਸੰਘਰਸ਼ ਸਭ ਤੋਂ ਪਹਿਲਾਂ ਅਤੇ ਸਰਵਉਚ ਹੈ''
ਸਾਥੀ ਮੋਰਾਲੇਜ ਨੇ ਇਸ ਮੌਕੇ ਕਿਰਤੀਆਂ ਲਈ ਤਨਖਾਹਾਂ ਵਿਚ ਵਾਧੇ ਦਾ ਵੀ ਐਲਾਨ ਕੀਤਾ। ਦੇਸ਼ ਵਿਚ ਘੱਟੋ-ਘੱਟ ਤਨਖਾਹ ਨੂੰ 15% ਵਧਾਂਦੇ ਹੋਏ, ਇਸਨੂੰ 208 ਅਮਰੀਕੀ ਡਾਲਰ ਤੋਂ 239 ਅਮਰੀਕੀ ਡਾਲਰ ਕਰ ਦਿੱਤਾ ਹੈ, ਇਸੇ ਤਰ੍ਹਾਂ ਬਾਕੀ ਤਨਖਾਹਾਂ ਵਿਚ 8.5% ਦਾ ਵਾਧਾ ਕੀਤਾ ਗਿਆ ਹੈ। ਸਾਥੀ ਮੋਰਾਲੇਜ ਨੇ 2005 ਵਿਚ ਸੱਤਾ ਸੰਭਾਲੀ ਸੀ। ਕੌਮਾਂਤਰੀ ਕਿਰਤ ਜਥੇਬੰਦੀ ਅਨੁਸਾਰ 2005 ਤੋਂ 2013 ਤੱਕ ਘੱਟੋ ਘੱਟ ਤਨਖਾਹ ਵਿਚ 104% ਦਾ ਅਸਲ ਵਾਧਾ ਕੀਤਾ ਗਿਆ ਸੀ, ਜਿਹੜਾ ਇਸ ਖੇਤਰ ਦੇ ਸਮੁੱਚੇ ਦੇਸ਼ਾਂ ਨਾਲੋਂ ਵਧੇਰੇ ਸੀ। 
ਪੇਸ਼ਕਸ਼ : ਰਵੀ ਕੰਵਰ

No comments:

Post a Comment