ਸੰਪਾਦਕੀ ਟਿੱਪਣੀ
ਸਾਡੇ ਦੇਸ਼ ਦਾ ਸੰਵਿਧਾਨ ਦੇਸ਼ ਅੰਦਰ ਧਰਮ ਨਿਰਪੱਖ (Secularism) 'ਤੇ ਅਧਾਰਤ ਰਾਜ ਸਥਾਪਤ ਕਰਨ ਦਾ ਹੋਕਾ ਦਿੰਦਾ ਹੈ। ਐਪਰ, ਇਥੋਂ ਦੀਆਂ ਵੱਡੇ ਅਜਾਰੇਦਾਰਾਂ ਤੇ ਭੂਮੀਪਤੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਸਰਮਾਏਦਾਰ, ਜਗੀਰਦਾਰ ਪਾਰਟੀਆਂ ਇਸ ਧਰਮ ਨਿਰਪੱਖਤਾ ਨੂੰ ਕੇਵਲ ਕਾਗਜ਼ਾਂ ਤੱਕ ਹੀ ਮੰਨਦੀਆਂ ਹਨ ਅਤੇ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਉਹ ਧਰਮ ਨਿਰਪੱਖਤਾ ਦੇ ਇਸ ਸਿਧਾਂਤ ਨੂੰ ਪੈਰਾਂ 'ਚ ਮਧੋਲਣ ਲਈ ਇਸ ਦੇ ਮਨਇੱਛਤ ਅਰਥ ਕੱਢ ਲੈਂਦੀਆਂ ਹਨ। ਉਹ ਧਰਮ ਨਿਰਪੱਖਤਾ ਨੂੰ ਇਸ ਦੇ ਅਸਲੀ ਅਰਥਾਂ ਵਿਚ ਕਿ 'ਧਰਮ ਦੀ ਸਿਆਸਤ ਤੇ ਰਾਜ ਵਿਚ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ' ਦੀ ਥਾਂ ਇਹ ਅਰਥ ਕੱਢਦੀਆਂ ਹਨ ਕਿ ਸਾਰੇ ਧਰਮਾਂ ਨੂੰ ਰਾਜਨੀਤੀ ਵਿਚ ਦਖ਼ਲ ਦੇਣ ਦੀ ਖੁੱਲ੍ਹ ਹੈ। ਉਂਝ ਤਾਂ ਕਾਂਗਰਸ ਸਮੇਤ ਬਾਕੀ ਦੀਆਂ ਸਾਰੀਆਂ ਹੀ ਸਰਮਾਏਦਾਰ-ਜਗੀਰਦਾਰ ਪਾਰਟੀਆਂ ਧਰਮ ਨੂੰ ਆਪਣੇ ਸੌੜੇ ਰਾਜਨੀਤਕ ਹਿੱਤਾਂ ਲਈ ਵਰਤਦੀਆਂ ਹਨ ਪਰ ਬੀ.ਜੇ.ਪੀ. ਇਸ ਦੀ ਸ਼ਰੇਆਮ ਮੁਦੱਈ ਹੈ ਅਤੇ ਉਹ ਇਸ ਦੀ ਬੜੀ ਹੀ ਨਿਡਰਤਾ ਤੇ ਢੀਠਤਾਈ ਨਾਲ ਵਰਤੋਂ ਕਰਦੀ ਹੈ।
ਕਾਂਗਰਸ ਦੀ ਅਗਵਾਈ ਵਿਚ ਯੂ.ਪੀ.ਏ. ਦੀ ਪਿਛਲੇ 10 ਸਾਲਾਂ ਦੀ ਕੇਂਦਰੀ ਸਰਕਾਰ ਦੇ ਭਰਿਸ਼ਟਾਚਾਰ 'ਚ ਲਿਪਤ ਹੋਣ ਅਤੇ ਦੇਸ਼ ਅੰਦਰ ਸਾਮਰਾਜੀ ਨਿਰਦੇਸ਼ਤ ਨਵ-ਉਦਾਰਵਾਦੀ ਨੀਤੀਆਂ ਨੂੰ ਲਾਗੂ ਕਰਨ ਕਰਕੇ ਗਰੀਬੀ, ਮਹਿੰਗਾਈ ਤੇ ਬੇਰੁਜ਼ਗਾਰੀ ਵਿਚ ਵਿਸਫੋਟਕ ਵਾਧਾ ਹੋਣ ਕਾਰਨ, ਕਾਂਗਰਸ ਲੋਕ ਰੋਹ ਦ ਸ਼ਿਕਾਰ ਹੈ ਅਤੇ ਆਮ ਲੋਕ ਇਸ ਤੋਂ ਮੂੰਹ ਫੇਰ ਗਏ ਹਨ। ਇਸ ਦਾ ਲਾਹਾ ਲੈਣ ਲਈ ਇਸ ਮੌਕੇ ਨੂੰ ਬਹੁਤ ਢੁਕਵਾਂ ਸਮਝਦੇ ਹੋਏ, ਬੀ.ਜੇ.ਪੀ. ਨੇ ਆਰ.ਐਸ.ਐਸ. ਦੇ ਮੋਹਰੇ ਤੇ ਨੰਗੇ ਚਿੱਟੇ ਫਿਰਕਾਪ੍ਰਸਤ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਾਮਜ਼ਦ ਕਰ ਦਿੱਤਾ। ਬਸ ਫਿਰ ਕੀ ਸੀ? ਬੀ.ਜੇ.ਪੀ., ਸੰਘ ਪਰਿਵਾਰ ਤੇ ਐਨ.ਡੀ.ਏ. ਦੀਆਂ ਸਮਰਥੱਕ ਕੁਝ ਹੋਰ ਸ਼ਾਵਨਵਾਦੀ ਤੇ ਫਿਰਕਾਪ੍ਰਸਤ ਪਾਰਟੀਆਂ ਨੇ ਖੁੱਲ੍ਹੇ ਆਮ ਫਿਰਕੂ ਜ਼ਹਿਰ ਖਿਲਾਰਨ ਤੇ ਦੇਸ਼ ਦੇ ਲੋਕਾਂ ਨੂੰ ਧਰਮ ਦੇ ਆਧਾਰ 'ਤੇ ਵੰਡਣ ਦਾ ਕੰਮ ਵੱਡੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਫਿਰਕਾਪ੍ਰਸਤੀ ਦੇ ਗੰਦੇ ਹਥਿੱਆਰ ਰਾਹੀਂ ਦੇਸ਼ ਦੀ ਰਾਜਸੱਤਾ 'ਤੇ ਕਾਬਜ਼ ਕੀਤਾ ਜਾ ਸਕੇ। ਦੇਸ਼ ਅੰਦਰ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ, ਵਿਰੁੱਧ ਹਰ ਰੋਜ ਹੀ ਥਾਂ ਥਾਂ ਤੋਂ ਘਿਰਣਾ ਭਰੇ ਬਿਆਨ ਆ ਰਹੇ ਹਨ ਜਿਸ ਨਾਲ ਫਿਰਕੂ ਵੰਡ ਤਿੱਖੀ ਕਰਕੇ, ਫਿਰਕੂ ਧਰੁਵੀਕਰਨ ਕਰਕੇ ਸੱਤਾ ਪ੍ਰਾਪਤ ਕੀਤੀ ਜਾ ਸਕੇ। ਅਪ੍ਰੈਲ ਦੇ ਮਹੀਨੇ 'ਚ ਹੀ ਕੁਝ ਬਹੁਤ ਖਤਰਨਾਕ ਬਿਆਨ ਆਏ ਹਨ, ਜਿਹਨਾਂ ਦਾ ਨੋਟਿਸ ਲੈਣਾ ਬਹੁਤ ਜ਼ਰੂਰੀ ਹੈ :
ੲ ਨਰਿੰਦਰ ਮੋਦੀ ਦੇ ਸਭ ਤੋਂ ਨਜ਼ਦੀਕੀ ਤੇ ਭਰੋਸੇਯੋਗ ਨੇਤਾ, ਯੂ.ਪੀ. ਵਿਚ ਬੀ.ਜੇ.ਪੀ. ਦੇ ਚੋਣ ਇੰਚਾਰਜ ਅਤੇ ਐਲਾਨੀਆਂ ਫਿਰਕਾਪ੍ਰਸਤ ਅਮਿਤ ਸ਼ਾਹ ਨੇ 5 ਅਪ੍ਰੈਲ ਨੂੰ ਬਿਜਨੌਰ (ਯੂ.ਪੀ.) ਵਿਚ ਇਹ ਜ਼ਹਿਰੀਲਾ ਬਿਆਨ ਦਾਗਿਆ ਹੈ : ''ਯੂ.ਪੀ. ਦੀਆਂ ਆਮ ਚੋਣਾਂ ਪਿਛਲੇ ਸਾਲ ਮੁਜੱਫਰ ਨਗਰ ਦੇ ਦੰਗਿਆਂ ਦਾ ਅਪਮਾਨ ਦਾ ਬਦਲਾ ਲੈਣ ਦਾ ਇਕ ਮੌਕਾ ਹੈ।''
ੲ ਬਿਹਾਰ ਵਿਚ ਨਿਤੀਸ਼ ਕੁਮਾਰ ਸਰਕਾਰ 'ਚ ਮੰਤਰੀ ਰਹਿ ਚੁੱਕੇ, ਭਾਜਪਾ ਦੇ ਸੀਨੀਅਰ ਨੇਤਾ, ਨਰਿੰਦਰ ਮੋਦੀ ਦੇ ਬਹੁਤ ਨੇੜਲੇ ਲਫਟੈਨ ਅਤੇ ਨਵਾਦਾ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਗਿਰੀਰਾਜ ਸਿੰਘ ਨੇ 19 ਅਪ੍ਰੈਲ ਨੂੰ ਬਿਆਨ ਦਿੱਤਾ ਹੈ : ''ਨਰਿੰਦਰ ਮੋਦੀ ਦੇ ਵਿਰੋਧੀ ਪਾਕਿ-ਪ੍ਰਸਤ ਹਨ ਤੇ ਚੋਣਾਂ ਤੋਂ ਬਾਅਦ ਉਹਨਾਂ ਨੂੰ ਉਥੇ ਹੀ ਜਾਣਾ ਪਵੇਗਾ।''
ਪੂਰੀ ਨਿਡਰਤਾ ਨਾਲ ਬਿਨਾਂ ਕੋਈ ਪ੍ਰਵਾਹ ਕੀਤਿਆਂ, ਉਸ ਨੇ 20 ਅਪ੍ਰੈਲ ਨੂੰ ਆਪਣਾ ਫਿਰਕੂ ਜ਼ਹਿਰ ਉਗਲਦਿਆਂ ਇਕ ਹੋਰ ਜ਼ਹਿਰੀਲਾ ਬਿਆਨ ਦਾਗ ਦਿੱਤਾ : ''ਮੈਂ ਇਹ ਗੱਲ ਪਾਕਿ ਸਮਰਥੱਕ ਲੋਕਾਂ ਲਈ ਕਹੀ ਹੈ, ਕਿਉਂਕਿ ਚੋਣਾਂ 'ਚ ਨਰਿੰਦਰ ਮੋਦੀ ਦਾ ਵਿਰੋਧ ਕਰਕੇ ਕੁਝ ਲੋਕ ਪਾਕਿਸਤਾਨ ਦੇ ਹਿੱਤ 'ਚ ਕੰਮ ਕਰ ਰਹੇ ਹਨ। ਅਜਿਹੇ ਲੋਕਾਂ ਲਈ ਭਾਰਤ 'ਚ ਕੋਈ ਜਗ੍ਹਾ ਨਹੀਂ, ਉਹਨਾਂ ਨੂੰ ਉਥੇ ਹੀ ਚਲੇ ਜਾਣਾ ਚਾਹੀਦਾ ਹੈ।''
ੲ 21 ਅਪ੍ਰੈਲ ਨੂੰ ਵਿਸ਼ਵ ਹਿੰਦੂ ਪਰੀਸ਼ਦ ਦੇ ਕਾਰਜਕਾਰੀ ਪ੍ਰਧਾਨ ਅਤੇ ਆਰ.ਐਸ.ਐਸ. ਦੇ ਮੁੱਖ ਚਿਹਰਿਆਂ ਚੋਂ ਇਕ, ਪ੍ਰਵੀਨ ਤੋਗੜੀਆ ਨੇ ਗੁਜਰਾਤ ਦੇ ਭਾਵਨਗਰ ਵਿਚ ਬੇਹੱਦ ਭੜਕਾਊ ਤੇ ਜ਼ਹਿਰੀਲਾ ਬਿਆਨ ਦਾਗ ਦਿੱਤਾ। ਇਹ ਬਿਆਨ ਉਸ ਨੇ ਸ਼ਹਿਰ ਦੀ ਹਿੰਦੂ ਵਸੋਂ ਵਾਲੇ ਇਲਾਕੇ ਵਿਚ ਇਕ ਮੁਸਲਮਾਨ ਵਪਾਰੀ ਵਲੋਂ ਮਕਾਨ ਖਰੀਦਣ ਦੇ ਵਿਰੋਧ ਵਿਚ ਦਿੱਤਾ ਹੈ : ''ਹਿੰਦੂ ਬਹੁਲਤਾ ਵਾਲੇ ਇਲਾਕੇ ਵਿਚ ਮੁਸਲਮਾਨ ਨਾ ਆਉਣ।'' ਅਤੇ, ''ਉਸ ਘਰ 'ਤੇ ਜਬਰਦਸਤੀ ਕਬਜ਼ਾ ਕਰ ਲਓ, ਇਸ ਤੋਂ ਬਾਅਦ ਕਈ ਸਾਲਾਂ ਤੱਕ ਕੇਸ ਚਲਦਾ ਰਹੇਗਾ।''
ਇਸ ਫਿਰਕੂ ਨਾਗ ਨੇ ਮੁਸਲਿਮ ਪਰਵਾਰ ਨੂੰ ਖਰੀਦਿਆ ਹੋਇਆ ਇਹ ਮਕਾਨ 48 ਘੰਟਿਆਂ 'ਚ ਖਾਲੀ ਕਰਨ ਲਈ ਚਿਤਾਵਨੀ ਦਿੰਦੇ ਹੋਏ ਲੋਕਾਂ ਨੂੰ ਕਿਹਾ : ''ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਸ ਦੇ ਦਫਤਰ 'ਤੇ ਪੱਥਰ, ਟਾਇਰ ਤੇ ਟਮਾਟਰ ਲੈ ਕੇ ਪਹੁੰਚ ਜਾਓ। ਇਸ 'ਚ ਕੁਝ ਵੀ ਗਲਤ ਨਹੀਂ। ਰਾਜੀਵ ਗਾਂਧੀ ਦੇ ਕਾਤਲਾਂ ਨੂੰ ਵੀ ਫਾਂਸੀ ਨਹੀਂ ਹੋਈ ਹੈ, ਬਾਕੀ ਮਾਮਲਿਆਂ 'ਚ ਕੀ ਹੋਵੇਗਾ। ਅਸੀਂ ਪਹਿਲਾਂ ਵੀ ਅਜਿਹਾ ਕਰ ਚੁੱਕੇ ਹਾਂ।''
ੲ 21 ਅਪ੍ਰੈਲ ਦੀ ਰਾਤ ਨੂੰ ਮੁੰਬਈ 'ਚ ਬੀ.ਜੇ.ਪੀ. ਦੀ ਐਨ.ਡੀ.ਏ. 'ਚ ਪੱਕੀ ਭਾਈਵਾਲ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਰਾਮ ਦਾਸ ਕਦਮ ਨੇ, ਕਲਿਆਣਪੁਰ ਇਲਾਕੇ 'ਚ, ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ : ''ਅਗਸਤ 2011 'ਚ ਆਜ਼ਾਦ ਮੈਦਾਨ ਦੇ ਦੰਗਿਆਂ 'ਚ ਸ਼ਾਮਲ ਮੁਸਲਮਾਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਪਾਕਿਸਤਾਨ ਤੋਂ ਬਦਲਾ ਲੈਣਗੇ।'' ਉਸ ਨੇ ਅੱਗੇ ਹੋਰ ਕਿਹਾ, ''ਅਗਸਤ 2011 'ਚ ਪੁਲਸ ਦੀਆਂ ਗੱਡੀਆਂ ਅਤੇ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ, ਪੁਲਸ ਮਹਿਲਾ ਮੁਲਾਜ਼ਮਾਂ ਨਾਲ ਛੇੜਖਾਨੀ ਕਰਨ ਤੇ ਉਹਨਾਂ 'ਤੇ ਹਮਲਾ ਕਰਨ ਵਾਲੇ ਮੁਸਲਮਾਨਾਂ ਨੂੰ ਛੱਡਿਆ ਨਹੀਂ ਜਾਵੇਗਾ। ਸੱਤਾ 'ਚ ਆਉਣ 'ਤੇ, ਨਰਿੰਦਰ ਮੋਦੀ 6 ਮਹੀਨਿਆਂ ਅੰਦਰ ਪਾਕਿਸਤਾਨ ਨੂੰ ਨੇਸਤੋਨਾਬੂਦ ਕਰ ਦੇਣਗੇ।'' ਇਹ ਗੱਲ ਵਿਸ਼ੇਸ਼ ਤੌਰ 'ਤੇ ਨੋਟ ਕਰਨ ਵਾਲੀ ਹੈ ਕਿ ਜਦੋਂ ਰਾਮਦਾਸ ਕਦਮ ਇਹ ਜ਼ਹਿਰ ਉਗਲ ਰਿਹਾ ਸੀ ਤਾਂ ਨਰਿੰਦਰ ਮੋਦੀ ਖ਼ੁਦ ਸਟੇਜ 'ਤੇ ਮੌਜੂਦ ਸੀ। ਅਤੇ ਮੋਦੀ ਨੇ ਉਸ ਨੂੰ ਟੋਕਿਆ ਤੱਕ ਨਹੀਂ ਅਤੇ ਨਾ ਪਿਛੋਂ ਹੀ ਰਾਮਦਾਸ ਕਦਮ ਦੇ ਭਾਸ਼ਨ ਨੂੰ ਰੱਦ ਕੀਤਾ।
ਇਹ ਹਨ ਉਹ ਬਿਆਨ ਜੋ ਹਿਟਲਰ ਦੇ ਯਹੂਦੀਆਂ ਵਿਰੁੱਧ ਦਿੱਤੇ ਬਿਆਨਾਂ ਨਾਲ ਮੇਲ ਖਾਂਦੇ ਹਨ ਅਤੇ ਸਥਿਤੀ ਨੂੰ ਵਿਸਫੋਟਕ ਬਣਾ ਕੇ ਫਿਰਕਾਪ੍ਰਸਤੀ ਦੇ ਅਧਾਰ 'ਤੇ ਦੇਸ਼ ਦੇ ਲੋਕਾਂ ਦੀ ਵੰਡ ਕਰਕੇ ਵੋਟਾਂ ਬਟੋਰਨ ਦੇ ਗੰਦੇ ਮੰਤਵ ਨਾਲ ਦਿੱਤੇ ਗਏ ਹਨ। ਇਹਨਾਂ ਬਿਆਨਾਂ ਨੂੰ ਬੀ.ਜੇ.ਪੀ. ਨੇ ਜਾਂ ਤਾਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ ਅਤੇ ਜਾਂ ਫਿਰ ਸ਼ਹਿਦ ਵਰਗਾ ਮਿੱਠਾ ਵਿਰੋਧ ਜਤਾਉਣ ਦੀ ਕੋਸ਼ਿਸ਼ ਕੀਤੀ ਹੈ।
ਅਸੀਂ ਸਮਝਦੇ ਹਾਂ ਕਿ ਇਹ ਬਿਆਨ ਹਿੰਦੂਵਾਦੀ ਫਿਰਕੂ ਸੰਗਠਨਾਂ ਦੀ ਦੇਸ਼ ਦੀਆਂ ਸਮੂਹ ਘੱਟ ਗਿਣਤੀਆਂ ਨੂੰ ਦਿੱਤੀ ਖੁੱਲ੍ਹੀ ਚਨੌਤੀ ਤੇ ਧਮਕੀ ਹੈ ਜੋ ਭਾਰਤ ਨੂੰ ਇਕ ਧਰਮ ਅਧਾਰਤ ਦੇਸ਼ ਵਿਚ ਤਬਦੀਲ ਕਰਨ, ਦੀ ਗੰਦੀ ਤੇ ਖਤਰਨਾਕ ਖੇਡ ਖੇਡਣ ਵਿਚ ਰੁਝੇ ਹੋਏ ਹਨ। ਕਾਂਗਰਸ ਪਾਰਟੀ ਆਪਣੇ ਅਮਲਾਂ ਤੇ ਭਰਿਸ਼ਟਾਚਾਰ ਕਾਰਨ, ਨਮੋਸ਼ੀ ਭਰੀ ਹਾਰ 'ਤੇ ਪੁੱਜਣ ਕਰਕੇ ਇਸ ਦਾ ਟਾਕਰਾ ਨਹੀਂ ਕਰ ਰਹੀ ਅਤੇ ਦੇਸ਼ ਦੇ ਕਾਰਪੋਰੇਟ ਘਰਾਣੇ ਆਪਣੇ ਨਿੱਜੀ ਹਿੱਤਾਂ ਲਈ ਬੀ.ਜੇ.ਪੀ. ਨਾਲ ਨਾਪਾਕ ਗਠਜੋੜ ਬਣਾ ਕੇ ਨਰਿੰਦਰ ਮੋਦੀ ਦੇ ਹੱਕ ਵਿਚ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ।
ਅਸੀਂ ਪ੍ਰਾਂਤ ਦੇ ਸਮੂਹ ਜਮਹੂਰੀ ਤੇ ਦੇਸ਼ ਭਗਤ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਚੋਣਾਂ ਤੋਂ ਬਾਅਦ ਵੀ ਕਾਂਗਰਸ ਦੇ ਨਾਲ ਨਾਲ ਅਕਾਲੀ ਦਲ-ਭਾਜਪਾ ਵਿਰੁੱਧ ਜ਼ੋਰਦਾਰ ਵਿਚਾਰਧਾਰਕ ਤੇ ਰਾਜਨੀਤਕ ਵਿਰੋਧ ਜਾਰੀ ਰੱਖਣ ਅਤੇ ਸੰਘ ਪਰਿਵਾਰ ਵਲੋਂ ਦੇਸ਼ ਦੇ ਸਮੁੱਚੇ ਰਾਜਨੀਤਕ ਤੇ ਸਮਾਜਕ ਜੀਵਨ ਵਿਚ ਫਿਰਕੂ ਜਹਿਰ ਘੋਲਣ ਦੀ ਇਸ ਖਤਰਨਾਕ ਚਾਲ ਨੂੰ ਅਸਫਲ ਬਨਾਉਣ ਲਈ ਜਨਤਕ ਪ੍ਰਤੀਰੋਧ ਉਸਾਰਨ। ਸਾਡਾ ਜੁਝਾਰੂ ਆਪਾਵਾਰੂ ਅਤੇ ਧਰਮ ਨਿਰਪੱਖ ਤੇ ਦੇਸ਼ ਭਗਤੀ ਦਾ ਮਾਣਮੱਤਾ ਵਿਰਸਾ ਸਾਥੋਂ ਇਹ ਹੀ ਮੰਗ ਕਰਦਾ ਹੈ।
- ਬੋਧ ਸਿੰਘ ਘੁੰਮਣ
(24.4.2014)
No comments:
Post a Comment