(ਇਹ ਲੇਖ 'ਲੋਕ ਲਹਿਰ' ਦੇ ਸੰਪਾਦਕ ਮਰਹੂਮ ਸਾਥੀ ਸੁਹੇਲ ਸਿੰਘ ਵਲੋਂ ਉਘੇ ਤੇ ਮਿਸਾਲੀ ਕਮਿਊਨਿਸਟ ਆਗੂ ਕਾਮਰੇਡ ਕਿਸ਼ੋਰੀ ਲਾਲ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਲਿਖਿਆ ਗਿਆ ਸੀ। ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ-ਸੰਪਾਦਕੀ ਮੰਡਲ)
ਪੰਜਾਬ ਦੀ ਧਰਤੀ ਨੇ ਅਨੇਕਾਂ ਇਨਕਲਾਬੀ ਪੈਦਾ ਕੀਤੇ ਜਿਨ੍ਹਾਂ ਦੇਸ਼ ਦੀ ਆਜ਼ਾਦੀ ਦੇ ਘੋਲ ਵਿਚ ਹੱਸ-ਹੱਸਕੇ ਫਾਂਸੀਆਂ ਦੇ ਰੱਸੇ ਚੁੰਮੇ, ਆਪਣੀਆਂ ਜਵਾਨੀਆਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਬਿਤਾ ਦਿੱਤੀਆਂ। ਕਾਲੇ ਪਾਣੀਆਂ ਦੀ ਜੇਲ੍ਹ ਵੀ ਉਨ੍ਹਾਂ ਦੇ ਦ੍ਰਿੜ ਇਰਾਦੇ ਨੂੰ ਡੁਲਾ ਨਾਂ ਸਕੀ। ਪੰਡਿਤ ਕਿਸ਼ੋਰੀ ਲਾਲ ਉਹਨਾਂ ਇਨਕਲਾਬੀਆਂ ਅਤੇ ਯੋਧਿਆਂ ਵਿਚੋਂ ਸਨ।
ਪੰਡਿਤ ਕਿਸ਼ੋਰੀ ਲਾਲ ਸ਼ਹੀਦ ਭਗਤ ਸਿੰਘ ਦੇ ਸਾਥੀ ਸਨ ਅਤੇ ਉਹਨਾਂ ਨੇ ਨੌਜਵਾਨ ਭਾਰਤ ਸਭਾ ਵਿਚ ਸਰਗਰਮ ਕੰਮ ਕੀਤਾ। ਆਜ਼ਾਦੀ ਦੇ ਸੰਗਰਾਮ ਵਿਚ ਕੋਈ ਦੋ ਦਹਾਕੇ ਤੋਂ ਵੱਧ ਜੇਲ੍ਹ ਕੱਟੀ ਅਤੇ ਹੋਰ ਕਈ ਤਰ੍ਹਾਂ ਦੇ ਤਸੀਹੇ ਝੱਲੇ। ਫੇਰ ਦੇਸ਼ ਦੀ ਆਜਾਦੀ ਤੋਂ ਪਿਛੋਂ ਕਮਿਊਨਿਸਟ ਲਹਿਰ ਵਿਚ ਸ਼ਾਮਲ ਹੋ ਕੇ ਕਿਸਾਨਾਂ-ਮਜ਼ਦੂਰਾਂ ਦੇ ਸੰਘਰਸ਼ਾਂ ਦੀ ਅਗਵਾਈ ਕੀਤੀ ਅਤੇ ਕਈ ਵਾਰ ਕਾਂਗਰਸ ਦੀਆਂ ਜੇਲ੍ਹਾਂ ਵਿਚ ਵੀ ਗਏ।
ਪੰਡਿਤ ਕਿਸ਼ੋਰੀ ਲਾਲ ਸੀ.ਪੀ.ਆਈ.(ਐਮ) ਦੇ ਉਘੇ ਆਗੂਆਂ ਵਿਚੋਂ ਸਨ ਅਤੇ ਬੜੇ ਹੀ ਹਰਮਨ ਪਿਆਰੇ ਆਗੂ ਸਨ। ਆਪ ਦਾ ਜੀਵਨ ਕਈ ਪੱਖਾਂ ਤੋਂ ਲਾਸਾਨੀ ਸੀ। ਆਪਜੀ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਛੋਟੇ ਜਿਹੇ ਪਿੰਡ ਧਰਮਪੁਰ, ਜਿਹੜਾ ਕਿ ਤਲਵਾੜਾ-ਦੌਲਤਪੁਰ ਸੜਕ ਉਤੇ ਸਥਿਤ ਹੈ, ਵਿਖੇ ਹੋਇਆ। ਆਪ ਜੀ ਦੇ ਪਿਤਾ ਅਧਿਆਪਕ ਸਨ। ਦੱਸਵੀਂ ਪਾਸ ਕਰਨ ਪਿਛੋਂ ਪੰਡਤ ਜੀ ਨੂੰ ਡੀ.ਏ.ਵੀ. ਕਾਲਜ ਲਾਹੌਰ ਪੜ੍ਹਨ ਵਾਸਤੇ ਭੇਜ ਦਿੱਤਾ ਗਿਆ। ਇਹ ਉਹ ਸਮਾਂ ਸੀ, ਜਦੋਂ ਨੌਜਵਾਨ ਭਾਰਤ ਸਭਾ ਕਾਇਮ ਹੋ ਚੁੱਕੀ ਸੀ ਤੇ ਪੰਜਾਬ ਦੇ ਨੌਜਵਾਨ ਜਿਹੜੇ ਦੇਸ਼ ਦੀ ਅਜ਼ਾਦੀ ਲਈ ਤਾਂਘਦੇ ਸਨ, ਬੜੇ ਖੁਸ਼ੀ ਖੁਸ਼ੀ ਇਸ ਨੌਜਵਾਨ ਸਭਾ ਦਾ ਪੱਲਾ ਫੜ ਰਹੇ ਸਨ। ਇਸ ਨੌਜਵਾਨ ਸਭਾ ਦੇ ਅੰਦਰ ਇਕ ਹੋਰ ਕਰਾਂਤੀਕਾਰੀ ਸੰਗਠਨ ਸੀ, ਜਿਸ ਦਾ ਉਦੇਸ਼ 'ਕਰਾਂਤੀਕਾਰੀ' ਢੰਗਾਂ ਨਾਲ ਦੇਸ਼ ਨੂੰ ਆਜ਼ਾਦ ਕਰਨਾ ਸੀ। ਪੰਜਾਬ ਵਿਚੋਂ ਸ਼ਹੀਦ ਭਗਤ ਸਿੰਘ, ਉਸ ਦੇ ਮੁਖੀ ਆਗੂ ਸਨ। ਪੰਡਿਤ ਜੀ ਨੇ ਅਜੇ ਕਾਲਜ ਵਿਚ ਮਸਾਂ ਇਕ ਵਰ੍ਹਾ ਵੀ ਪੜ੍ਹਾਈ ਨਹੀਂ ਸੀ ਕੀਤੀ ਜਦੋਂ ਇਸ ਸੰਗਠਨ ਤੋਂ ਪ੍ਰਭਾਵਿਤ ਹੋ ਕੇ ਸ਼ਹੀਦ ਭਗਤ ਸਿੰਘ ਦੀ ਫੌਜ ਵਿਚ ਸ਼ਾਮਲ ਹੋ ਗਏ ਅਤੇ ਆਪਣੀਆਂ ਨਿੱਜੀ ਖੁਸ਼ੀਆਂ ਤੇ ਨਿੱਜੀ ਸੁਪਨੇ ਤਿਆਗ ਕੇ ਜ਼ਿੰਦਗੀ ਕੌਮੀ ਮੁਕਤੀ ਲਈ ਅਰਪਣ ਕਰਨ ਦੀ ਸਹੁੰ ਚੁੱਕ ਲਈ, ਜਿਹੜੀ ਸਹੁੰ ਕਈ ਇਨਕਲਾਬੀਆਂ ਨੇ ਫਾਂਸੀਆਂ ਦੇ ਰੱਸੇ ਚੁੰਮ ਕੇ ਪੁਗਾ ਦਿੱਤੀ। ਕਈਆਂ ਨੇ ਜੇਲ੍ਹਾਂ ਵਿਚ ਜੀਵਨ ਬਿਤਾ ਕੇ ਅਤੇ ਕਈ ਆਜ਼ਾਦੀ ਤੋਂ ਪਿਛੋਂ ਵੀ ਘੋਲਾਂ ਦੀ ਅਗਵਾਈ ਕਰਕੇ ਲੋਕ ਸੇਵਾ ਦੇ ਮੈਦਾਨ ਵਿਚ ਨਿੱਤਰੇ। ਪੰਡਿਤ ਕਿਸ਼ੋਰੀ ਲਾਲ ਨੂੰ ਇਸ ਗੱਲ ਦਾ ਮਾਣ ਹਾਸਲ ਰਿਹਾ ਕਿ ਪੌਣੀ ਸਦੀ ਦੇ ਇਨਕਲਾਬੀ ਜੀਵਨ ਵਿਚ ਇਕ ਦਿਨ ਵੀ ਐਸਾ ਨਾ ਹੋਵੇ, ਜਿਹੜਾ ਆਜ਼ਾਦੀ ਦੀ ਤਾਂਘ ਤੋਂ ਬਿਨਾਂ ਜਾਂ ਜਨਤਾ ਦੀ ਸੇਵਾ ਦੇ ਘੋਲਾਂ ਵਿਚ ਸਰਗਰਮ ਰਹਿਣ ਤੋਂ ਬਿਨਾ ਬਿਤਾਇਆ ਹੋਵੇ। ਉਹ 1929 ਵਿਚ ਸ਼ਹੀਦ ਭਗਤ ਸਿੰਘ ਨਾਲ ਲਾਹੌਰ ਸਾਜ਼ਿਸ ਕੇਸ ਵਿਚ ਸ਼ਾਮਲ ਸਨ ਅਤੇ ਬਾਕੀ ਸਾਰੇ ਸਾਥੀਆਂ ਦੇ ਮੁਕਾਬਲੇ ਵਿਚ ਉਮਰ ਵਿਚ ਛੋਟੇ ਸਨ। ਸਜਾ ਦਾ ਫੈਸਲਾ ਦੇਣ ਵਾਸਤੇ ਜੇਕਰ ਪੰਡਿਤ ਕਿਸ਼ੋਰੀ ਲਾਲ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ ਤਾਂ ਉਸਦਾ ਮੁੱਖ ਕਾਰਨ ਇਹ ਸੀ ਕਿ ਉਸਦੀ ਉਮਰ ਹਾਲੇ ਛੋਟੀ ਸੀ। ਇਸ ਲਈ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ।
ਅੱਜ ਇਹ ਇਤਿਹਾਸ ਦਾ ਹਿੱਸਾ ਹੈ ਕਿ ਭਗਤ ਸਿੰਘ ਤੇ ਉਸ ਦੇ ਸਾਥੀ ਯਰਕਾਊ ਲਹਿਰ ਵਿਚ ਹਿੱਸਾ ਲੈਂਦੇ ਹੋਏ ਅਕਤੂਬਰ ਇਨਕਲਾਬ ਤੋਂ ਪ੍ਰਭਾਵਤ ਹੋ ਰਹੇ ਸਨ ਤੇ ਮੁਕੱਦਮੇ ਦੇ ਦੌਰਾਨ ਉਹ ਇਸ ਸਿੱਟੇ ਉਤੇ ਪਹੁੰਚ ਚੁੱਕੇ ਸਨ ਕਿ ਨਾ ਤਾਂ ਜਨਸਮੂਹਾਂ ਨੂੰ ਮੈਦਾਨ ਵਿਚ ਉਤਾਰਨ ਤੋਂ ਬਿਨਾਂ ਆਜ਼ਾਦੀ ਹਾਸਲ ਕੀਤੀ ਜਾ ਸਕਦੀ ਹੈ ਤੇ ਨਾ ਹੀ ਮਜ਼ਦੂਰਾਂ-ਕਿਸਾਨਾਂ ਦਾ ਏਕਾ ਕਾਇਮ ਕੀਤੇ ਬਿਨਾਂ ਤੇ ਮਜ਼ਦੂਰ ਕਰਾਂਤੀਕਾਰੀ ਪਾਰਟੀ ਦੇ ਸੰਗਠਨ ਬਿਨਾਂ ਆਮ ਮਿਹਨਤਕਸ਼ ਜਨਤਾ ਆਜ਼ਾਦੀ ਦੇ ਸੁਪਨੇ ਪੂਰੇ ਕਰ ਸਕਦੀ ਹੈ। ਸ਼ਹੀਦ ਭਗਤ ਸਿੰਘ ਦਾ ਅਦਾਲਤ ਵਿਚ ਆਖਰੀ ਬਿਆਨ ਜਿਸ ਨੂੰ ਉਸ ਦੀ ਵਸੀਅਤ ਕਹਿੰਦੇ ਹਨ, ਇਸ ਗੱਲ ਦਾ ਪ੍ਰਤੀਕ ਹੈ। ਉਸ ਦੇ ਬਾਕੀ ਸਾਥੀ ਵੀ ਇਹਨਾਂ ਵਿਚਾਰਾਂ ਦੇ ਸਨ ਤੇ ਪੰਡਿਤ ਕਿਸ਼ੋਰੀ ਲਾਲ ਨੇ ਅਦਾਲਤ ਦੇ ਫੈਸਲੇ ਤੋਂ ਪਿਛੋਂ ਵਧੇਰੇ ਧਿਆਨ ਮਾਰਕਸਵਾਦ-ਲੈਨਿਨਵਾਦ ਦਾ ਅਧਿਐਨ ਕਰਨ ਵਿਚ ਲਾ ਦਿੱਤਾ ਸੀ, ਉਸ ਸਮੇਂ ਮਾਰਕਸਵਾਦ ਦਾ ਸਾਹਿਤ ਏਨੀ ਵੱਡੀ ਗਿਣਤੀ ਵਿਚ ਮੌਜੂਦ ਨਹੀਂ ਸੀ ਤਦ ਵੀ ਜਿਸ ਪਾਸਿਓਂ ਵੀ ਕੋਈ ਮਾਰਕਸਵਾਦੀ ਸਾਹਿਤ ਮਿਲ ਸਕਿਆ ਉਹਨਾਂ ਨੇ ਉਸਦਾ ਅਧਿਐਨ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਉਹਨਾਂ ਆਪਣੀ ਉਮਰ ਕੈਦ ਦਾ ਵਧੇਰੇ ਹਿੱਸਾ ਲਾਹੌਰ ਸੈਂਟਰਲ ਜੇਲ੍ਹ ਵਿਚ ਬਤੀਤ ਕੀਤਾ।
ਪੰਡਿਤ ਜੀ ਆਪਣੀ ਉਮਰ ਕੈਦ ਦੀ ਸ਼ਜਾ ਕਟਕੇ 1945 ਵਿਚ ਰਿਹਾ ਹੋਏ। ਰਿਹਾਈ ਪਿਛੋਂ ਆਪ ਘਰ ਨਾ ਗਏ ਸਗੋਂ ਸਿੱਧੇ ਕਮਿਊਨਿਸਟ ਪਾਰਟੀ ਦੇ ਦਫਤਰ (ਲਾਹੌਰ) ਗਏ ਤੇ ਉਥੇ ਪਾਰਟੀ ਸੈਕਟਰੀ ਤੋਂ ਆਪਣੀ ਡਿਊਟੀ ਲਗਾਵਾਕੇ ਪਾਰਟੀ ਦੇ ਹੋਲਟਾਈਮਰ ਵਜੋਂ ਕੰਮ ਕਰਨ ਲੱਗ ਪਏ।
ਜਦੋਂ ਪੰਡਤ ਜੀ ਕੈਦ ਕੱਟਕੇ ਜੇਲ੍ਹ ਵਿਚੋਂ ਨਿਕਲੇ ਤਾਂ ਉਸ ਵੇਲੇ ਦੇ ਕਾਂਗਰਸ ਦੇ ਪ੍ਰਧਾਨ ਗੋਪੀ ਚੰਦ ਭਾਰਗੋ ਨੇ ਲਾਹੌਰ ਬਰੈਡਲੇ ਹਾਲ ਵਿਖੇ ਉਹਨਾਂ ਤੇ ਹੋਰ ਇਨਕਲਾਬੀਆਂ ਨੂੰ ਭੋਜ ਦਿੱਤਾ। ਇਸ ਭੋਜ ਵਿਚ ਗੋਪੀ ਚੰਦ ਨੇ ਪੰਡਿਤ ਜੀ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਪਰ ਪੰਡਿਤ ਜੀ ਨੇ ਇਹ ਸੱਦਾ ਠੁਕਰਾ ਦਿੱਤਾ। ਭੋਜ ਪਿਛੋਂ ਆਪ ਸਿੱਧੇ ਕਮਿਊਨਿਸਟ ਪਾਰਟੀ ਦੇ ਦਫਤਰ ਗਏ।
ਪੰਡਿਤ ਕਿਸ਼ੋਰੀ ਲਾਲ ਆਪਣੇ ਬਹੁਤ ਸਾਰੇ ਚੰਗੇ ਗੁਣਾਂ ਕਰਕੇ ਮਜ਼ਦੁਰਾਂ, ਨੌਜਵਾਨਾਂ, ਵਿਦਿਆਰਥੀਆਂ, ਬੁੱਧੀਜੀਵੀਆਂ ਅਤੇ ਮੁਲਾਜ਼ਮਾਂ ਲਈ ਸਦਾ ਹੀ ਉਤਸ਼ਾਹ ਦੇ ਪ੍ਰਤੀਕ ਬਣੇ ਰਹੇ। ਉਹਨਾਂ ਦੀ ਸਾਦਾ ਜ਼ਿੰਦਗੀ ਅਤੇ ਚੰਗੇ ਕਮਿਊਨਿਸਟਾਂ ਵਾਲੇ ਸ਼ਾਨਦਾਰ ਗੁਣ, ਸਭ ਨੂੰ ਹੀ ਪ੍ਰਭਾਵਤ ਕਰਦੇ ਸਨ।
ਜਦੋਂ 1953 ਵਿਚ ਗੋਆ ਦੀ ਆਜ਼ਾਦੀ ਬਾਰੇ ਕਮਿਊਨਿਸਟਾਂ ਵਲੋਂ ਇਕ ਜੱਥਾ ਭੇਜਿਆ ਗਿਆ ਸੀ ਤਾਂ ਉਸ ਜੱਥੇ ਦੀ ਅਗਵਾਈ ਪੰਡਿਤ ਕਿਸ਼ੋਰੀ ਲਾਲ ਨੇ ਕੀਤੀ ਸੀ। ਜੱਥੇ ਉਤੇ ਗੋਲੀ ਚੱਲਣ ਕਾਰਨ ਕਰਨੈਲ ਸਿੰਘ ਈਸੜੂ ਸ਼ਹੀਦ ਹੋ ਗਏ ਸਨ। ਪੰਡਿਤ ਕਿਸ਼ੋਰੀ ਲਾਲ ਇਕ ਅਜੇਹਾ ਨਾਮ ਹੈ ਜਿਹੜਾ ਆਜ਼ਾਦੀ ਸੰਗਰਾਮ ਦੇ ਇਤਿਹਾਸ ਵਿਚ ਅਤੇ ਕਮਿਊਨਿਸਟ ਲਹਿਰ ਦੇ ਇਤਿਹਾਸ ਵਿਚ ਸਦਾ ਚਮਕਦਾ ਰਹੇਗਾ।
ਦੇਸ਼ ਦੀ ਆਜ਼ਾਦੀ ਪਿਛੋਂ ਆਪ ਨੇ ਛੇ ਸਾਲ ਕੈਦ ਕੱਟੀ ਅਤੇ ਦੋ ਸਾਲ ਮਫਰੂਰ ਰਹੇ। ਉਮਰ ਕੈਦ ਦੌਰਾਨ ਪੰਡਿਤ ਜੀ ਲਾਹੌਰ, ਨਵਾਂ ਮੁਲਤਾਨ, ਮਿੰਟਗੂਮਰੀ ਆਦਿ ਜੇਲ੍ਹਾਂ ਵਿਚ ਰਹੇ।
8 ਜੁਲਾਈ 1990 ਨੂੰ ਪੰਡਿਤ ਕਿਸ਼ੋਰੀ ਲਾਲ ਫਗਵਾੜਾ ਕਸਬੇ ਨੇੜੇ ਇਕ ਕਾਰ ਹਾਦਸੇ ਵਿਚ ਜਖ਼ਮੀ ਹੋ ਗਏ ਸਨ ਤੇ ਤਿੰਨ ਦਿਨਾਂ ਪਿਛੋਂ ਉਹਨਾਂ ਦੀ ਜਲੰਧਰ ਦੇ ਸਿਵਲ ਹਸਪਤਾਲ ਵਿਚ ਮੌਤ ਹੋ ਗਈ ਸੀ।
ਜੀਵਨ ਭਰ ਪੰਡਿਤ ਕਿਸ਼ੋਰੀ ਲਾਲ ਸੀ.ਪੀ.ਆਈ.(ਐਮ) ਦੀ ਪੰਜਾਬ ਰਾਜ ਕਮੇਟੀ ਦੇ ਮੈਂਬਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਸਨ। ਆਪ ਕਈ ਸਾਲ ਮਜ਼ਦੂਰਾਂ ਦੀ ਲੜਾਕੂ ਜਥੇਬੰਦੀ ਸੀ.ਆਈ.ਟੀ.ਯੂ. ਦੇ ਪ੍ਰਧਾਨ ਵੀ ਰਹੇ।
2 ਅਗਸਤ 1990 ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪੰਡਿਤ ਕਿਸ਼ੋਰੀ ਲਾਲ ਦਾ ਸ਼ਰਧਾਂਜਲੀ ਸਮਾਗਮ ਹੋਇਆ ਸੀ। ਇਸ ਮੌਕੇ ਉਤੇ 'ਰੋਜ਼ਾਨਾ ਲੋਕ ਲਹਿਰ' ਵਲੋਂ ਪੰਡਿਤ ਕਿਸ਼ੋਰੀ ਲਾਲ ਅੰਕ ਕੱਢਿਆ ਗਿਆ ਸੀ। ਉਸ ਅੰਕ ਵਿਚ ਪੰਡਿਤ ਕਿਸ਼ੋਰੀ ਲਾਲ ਦੇ ਜੀਵਨ ਅਤੇ ਸਰਗਰਮੀਆਂ ਸਬੰਧੀ ਕੋਈ ਇਕ ਦਰਜਨ ਦੇ ਕਰੀਬ ਲੇਖ ਛਪੇ ਸਨ ਜਿਨ੍ਹਾਂ ਵਿਚ ਉਹਨਾਂ ਦੀ ਸ਼ਖਸ਼ੀਅਤ ਉਹਨਾਂ ਦੇ ਇਨਕਲਾਬੀ ਜਜ਼ਬੇ, ਸਿਰੜ ਅਤੇ ਹੋਰ ਕਿਸੇ ਗੁਣਾਂ ਨੂੰ ਉਜਾਗਰ ਕੀਤਾ ਗਿਆ ਸੀ।
No comments:
Post a Comment