Tuesday 6 May 2014

197ਵੇਂ ਜਨਮ ਦਿਵਸ 'ਤੇ ਮਹਾਨ ਮਾਰਕਸ ਨੂੰ ਯਾਦ ਕਰਦਿਆਂ

(ਉਘੇ ਮਾਰਕਸਵਾਦੀ ਬੁੱਧੀਜੀਵੀ ਮਰਹੂਮ ਸਾਥੀ ਸੁਰਜੀਤ ਗਿੱਲ ਵਲੋਂ ਸਾਥੀ ਕਾਰਲ ਮਾਰਕਸ ਬਾਰੇ ਲਿਖਿਆ ਗਿਆ ਲੇਖ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ।)

ਮਾਰਕਸਵਾਦ ਦੇ ਮਹਾਨ ਰਚੇਤਾ, ਦਾਰਸ਼ਨਿਕ ਤੇ ਵਿਗਿਆਨੀ ਕਾਰਲ ਮਾਰਕਸ ਦਾ ਜਨਮ 5 ਮਈ 1818 ਈ. ਨੂੰ ਜਰਮਨੀ ਦੇ ਇਕ ਕਸਬੇ ਵਿਚ, ਇਕ ਮੱਧ ਵਰਗੀ ਪਰਿਵਾਰ ਵਿਚ ਹੋਇਆ। ਉਹਨਾ ਨੇ ਜਰਮਨੀ ਦੀਆਂ ਵੱਖੋ-ਵੱਖ ਯੂਨੀਵਰਸਿਟੀਆਂ ਵਿਚ ਵਿਦਿਆ ਪ੍ਰਾਪਤ ਕੀਤੀ। ਮਾਪੇ ਉਸਨੂੂੰ ਵਕੀਲ ਬਣਾਉਣਾ ਚਾਹੁੰਦੇ ਸਨ, ਪਰੰਤੂ ਉਹਨਾ ਸਾਹਿਤ ਤੇ ਦਰਸ਼ਨ ਦੀ ਵਿੱਦਿਆ ਪ੍ਰਾਪਤ ਕੀਤੀ ਅਤੇ ਅੰਤ ਵਿਚ ਉਹ ਮਜ਼ਦੂਰ ਲਹਿਰ ਦਾ ਮਹਾਨ ਅਰਥ-ਸ਼ਾਸ਼ਤਰੀ ਤੇ ਉਸਰੱਈਆ ਹੋ ਨਿਬੜਿਆ।
ਮਾਰਕਸ ਤੋਂ ਪਹਿਲੇ ਵਿਦਵਾਨਾਂ, ਦਾਰਸ਼ਨਿਕਾਂ, ਅਰਥ ਸ਼ਾਸਤਰੀਆਂ ਤੇ ਧਾਰਮਿਕ ਆਗੂਆਂ ਨੇ ਵੀ ਗਰੀਬੀ ਦੀ ਗੱਲ ਤਾਂ ਕੀਤੀ ਸੀ, ਪਰੰਤੂ ਕਿਸੇ ਨੇ ਵੀ ਇਹਦੇ ਅਸਲ ਕਾਰਨ ਲੱਭਣ ਦੇ ਯਤਨ ਨਹੀਂ ਸਨ ਕੀਤੇ ਅਤੇ ਨਾ ਹੀ ਇਸ ਨੂੰ ਦੂਰ ਕਰਨ ਬਾਰੇ ਕੋਈ ਯੁਕਤੀ ਸੰਗਤ-ਸੁਝਾਅ ਦਿੱਤੇ ਸਨ। ਮਾਰਕਸ ਪਹਿਲਾ ਅਜਿਹਾ ਦਾਰਸ਼ਨਿਕ ਤੇ ਵਿਗਿਆਨੀ ਸੀ ਜਿਸਨੇ ਇਤਿਹਾਸ ਨੂੰ ਪੜਚੋਲਿਆ ਅਤੇ ਗਰੀਬੀ ਦੇ ਕਾਰਨਾਂ ਨੂੰ ਘੋਖਿਆ। ਉਹ ਇਸ ਸਿੱਟੇ ਤੇ ਪੁੱਜਿਆ ਕਿ ਗਰੀਬੀ ਦਾ ਮੂਲ ਕਾਰਨ ਨਿੱਜੀ ਜਾਇਦਾਦ ਦੀ ਅਸਾਵੀਂ ਵੰਡ ਤੇ ਕਿਰਤੀ ਵਰਗ ਦੀ ਕਮਾਈ  ਦੀ ਲੁੱਟ ਹੈ। ਉਸਨੇ ਪਹਿਲੀ ਵਾਰ ਸਾਧਨ-ਸੰਪਨ ਮਾਲਕਾਂ ਵੱਲੋਂ ਮਜ਼ਦੂਰਾਂ ਦੀ ਮਿਹਨਤ ਦਾ ਪੂਰਾ ਮੁੱਲ ਨਾ ਦੇਣ ਤੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੇ ਸਵਾਲ ਨੂੰ ਇਹ ਕਹਿ ਕੇ ਹੱਲ ਕੀਤਾ ਕਿ ਕਿਰਤੀ ਦੀ ਲੁੱਟ ਜਿੰਨੀ ਵੱਧ ਹੋਵੇਗੀ ਉਨਾਂ ਹੀ ਸਰਮਾਏਦਾਰਾਂ ਦਾ ਮੁਨਾਫਾ ਵੱਧ ਹੋਵੇਗਾ। ਉਸਨੇ ਸੁਝਾਅ ਦਿੱਤਾ ਕਿ ਜੇਕਰ ਪੈਦਾਵਾਰੀ ਦੇ ਸਾਧਨਾਂ ਦਾ ਸਮਾਜੀਕਰਨ ਕਰਕੇ ਮਜ਼ਦੂਰ ਨੂੰ ਉਸਦਾ ਹਿੱਸਾ ਕੰਮ ਅਨੁਸਾਰ ਦਿੱਤਾ ਜਾਵੇ ਤਾਂ ਸੰਸਾਰ ਵਿਚੋਂ ਅਸਾਵਾਂਪਨ ਦੂਰ ਹੋ ਸਕਦਾ ਹੈ ਅਤੇ ਸਾਂਝੀਵਾਲਤਾ 'ਤੇ ਆਧਾਰਿਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। 
ਮਾਰਕਸ ਨੇ ਆਪਣੇ ਜੀਵਨ ਵਿਚ ਮਜ਼ਦੂਰ ਵਰਗ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਰਹਿਣ ਕਾਰਨ ਢੇਰ ਸਾਰੇ ਦੁੱਖ ਝੱਲੇ। ਉਸ ਸਮੇਂ ਦੀਆਂ ਹਾਕਮ ਜਮਾਤਾਂ ਨੇ ਉਸਨੂੰ ਅਨੇਕਾਂ ਮਾਨਸਿਕ ਤੇ ਸਰੀਰਕ ਤਸੀਹੇ ਦਿੱਤੇ। ਉਹਨੂੰ ਇਕ ਦੇਸ਼ ਤੋਂ ਦੂਜੇ ਦੇਸ਼ ਜਾਣਾ ਪਿਆ, ਪਰੰਤੂ ਉਹ ਆਪਣੇ ਸਿਧਾਂਤ 'ਤੇ ਭਾਵ ਮਜ਼ਦੂਰ ਜਮਾਤ ਦੀ ਬੰਦਖਲਾਸੀ ਦੇ ਸਿਧਾਂਤ 'ਤੇ ਅਡੋਲ ਰਹਿ ਕੇ ਅੰਤਿਮ ਸਮੇਂ ਤੱਕ ਪਹਿਰਾ ਦਿੰਦਾ ਰਿਹਾ। ਇਕ ਪੱਖੋਂ ਉਹ ਖੁਸ਼ਕਿਸਮਤ ਸੀ ਕਿ ਉਸਨੂੰ ਇਸ ਮਹਾਨ ਕਾਰਜ ਵਿਚ ਦੋ ਅਜਿਹੇ ਸਾਥੀ ਮਿਲੇ ਜਿਨ੍ਹਾਂ ਨੇ ਇਸ ਜਾਨ-ਹੂਲਵੇਂ ਸੰਘਰਸ਼ ਵਿਚੋਂ ਹਰ ਤਰ੍ਹਾਂ ਦੀਆਂ ਤਕਲੀਫਾਂ ਝੱਲ ਕੇ ਵੀ ਸਦਾ ਉਸਦਾ ਸਾਥ ਨਿਭਾਇਆ। ਉਸਦੇ ਇਹਨਾਂ ਦੋ ਸਾਥੀਆਂ; ਚੋਂ ਇਕ ਸੀ : ਮਹਾਨ ਬੁੱਧੀਮਾਨ ਤੇ ਦਾਰਸ਼ਨਿਕ ਫਰੈਡਰਿਕ ਏਂਗਲਜ਼, ਜਿਹੜਾ ਕਿ ਉਹਦਾ ਮਿੱਤਰ ਵੀ ਸੀ, ਸਦਾ ਦੁੱਖ-ਸੁੱਖ ਵਿਚ ਉਹਦਾ ਸਾਥੀ ਵੀ ਰਿਹਾ ਤੇ ਉਸਦੇ ਤੁਰ ਜਾਣ ਉਪਰੰਤ  ਉਸਦੀ ਘਾਲਣਾ ਨੂੰ ਸੰਸਾਰ ਵਿਚ ਪ੍ਰਚਾਰਨ ਤੇ ਉਸਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਅੰਤਮ ਸਮੇਂ ਤੱਕ ਸੰਘਰਸ਼ ਕਰਦਾ ਰਿਹਾ। ਦੂਜੀ ਸੀ : ਉਸਦੀ ਜੀਵਨ ਸਾਥਣ ਉਸਦੀ ਪਤਨੀ ਜੈਨੀ, ਜਿਹੜੀ ਦਸ ਸਾਲ ਦੇ ਲੰਮੇਂ ਸੰਘਰਸ਼ ਉਪਰੰਤ ਉਸਦੀ ਪ੍ਰੇਮਕਾ ਤੋਂ ਜੀਵਨ ਸਾਥਣ ਬਣੀ, ਜਿਸਨੇ ਉਸਨੂੰ ਰੱਜ ਕੇ ਪਿਆਰ ਦਿੱਤਾ, ਉਸਦੇ ਕੰਮ ਵਿਚ ਸਹਾਇਕ ਬਣੀ ਤੇ ਕੁਝ ਇਕ ਸਮਿਆਂ 'ਤੇ ਉਸਨੂੰ ਮੁਸੀਬਤਾਂ ਹੱਥੋਂ ਡੋਲਣ ਤੋਂ ਵੀ ਬਚਾਇਆ। ਜੈਨੀ ਦਾ ਪਰਿਵਾਰ ਸ਼ਾਹੀ ਖਾਨਦਾਨ ਦੇ ਬਹੁਤ ਨੇੜੇ ਸੀ। ਉਹਦਾ ਇਕ ਭਰਾ ਜਰਮਨੀ ਦੇ ਇਕ ਸੂਬੇ ਦਾ ਵਜ਼ੀਰ ਸੀ। ਜੈਨੀ ਆਪ ਆਪਣੇ ਸ਼ਹਿਰ-ਤਰਾਇਰ ਦੀ ਸਭ ਤੋਂ ਸੋਹਣੀ ਕੁੜੀ ਸੀ। ਉਸ ਸਮੇਂ ਦੇ ਸ਼ਹਿਜਾਦੇ ਤੇ ਵੱਡੀਆਂ ਜਗੀਰਾਂ ਦੇ ਮਾਲਕ ਨੌਜਵਾਨ ਉਸ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸਨ, ਪਰੰਤੂ ਜੈਨੀ ਨੇ ਸਾਰਿਆਂ ਨੂੰ ਛੱਡ ਕੇ ਆਪਣੇ ਬਚਪਨ ਦੇ ਸਾਥੀ ਕਾਰਲ ਮਾਰਕਸ ਨੂੰ ਚੁਣਿਆ। ਮਾਰਕਸ ਦੇ ਵੱਡ-ਵਡੇਰੇ ਇਕ ਗੈਰ ਜਰਮਨ ਨਸਲ ਵਿਚੋਂ ਸਨ। ਉਹਨਾਂ ਦਾ ਪ੍ਰਭਾਵ ਮਾਰਕਸ 'ਤੇ ਵੀ ਪਿਆ। ਮਾਰਕਸ ਦਰਮਿਆਨੇ ਕੱਦ, ਠੁੱਲੇ ਨੈਣ-ਨਕਸ਼ਾਂ ਤੇ ਸੰਘਣੇ ਵਾਲਾਂ ਵਾਲਾ ਸੀ। ਜੈਨੀ ਉਹਦੇ ਸਰੀਰ ਦੀ ਥਾਂ ਉਹਦੀ ਬੌਧਿਕਤਾ, ਉਹਦੀ ਸਿਆਣਪ ਤੇ ਸੁਹਿਰਦਤਾ ਤੋਂ ਪ੍ਰਭਾਵਿਤ ਸੀ। ਇਸੇ ਲਈ ਉਹਨੇ ਉਸ ਲਈ ਆਪਣਾ ਜੀਵਨ ਕੁਰਬਾਨ ਕੀਤਾ। ਮਾਰਕਸ ਦੀ ਸ਼ਕਲ ਕਾਰਨ ਹੀ ਉਹਦੀਆਂ ਬੱਚੀਆਂ ਪਿਆਰ ਨਾਲ ਉਹਨੂੰ 'ਮੂਰ' ਕਿਹਾ ਕਰਦੀਆਂ ਸਨ, ਜਿਹੜੀ ਕਿ ਇਕ ਗੈਰ ਜਰਮਨ ਨਸਲ ਹੈ। ਮਾਰਕਸ ਮੁੱਢ ਵਿਚ ਚੰਗਾ ਕਵੀ ਤੇ ਲੇਖਕ ਸੀ। ਉਹਨੇ ਜੈਨੀ ਨੂੰ ਚਿੱਠੀਆਂ ਰਾਹੀਂ ਕਵਿਤਾਵਾਂ ਲਿਖਕੇ ਭੇਜੀਆਂ। ਪਰੰਤੂ ਆਪਣੇ ਸਮੇਂ ਦੇ ਰਾਜਸੀ ਤੇ ਦਾਰਸ਼ਨਿਕ ਵਿਚਾਰਾਂ ਦੇ ਪ੍ਰਭਾਵ ਅਧੀਨ ਉਹ ਬੌਧਿਕ ਤੌਰ ਤੇ ਵਿਕਾਸ ਕਰਦਾ ਗਿਆ ਤੇ ਆਪਣੇ ਚੌਗਿਰਦੇ ਤੋਂ ਵੀ ਪ੍ਰਭਾਵਿਤ ਹੁੰਦਾ ਰਿਹਾ। ਅਤੇ, ਅੰਤ ਵਿਚ ਉਹ ਇਕ ਪਦਾਰਥਵਾਦੀ ਦਾਰਸ਼ਨਿਕ ਬਣ ਗਿਆ। ਉਸ ਸਮੇਂ ਸੰਸਾਰ ਵਿਚ ਤੇ ਖਾਸ ਕਰਕੇ ਜਰਮਨੀ ਵਿਚ ਪਦਾਰਥਵਾਦ ਦੇ ਦਰਸ਼ਨ ਨੂੰ ਨਫਰਤ ਨਾਲ ਦੇਖਿਆ ਜਾਂਦਾ ਸੀ। ਹੌਲੀ-ਹੌਲੀ ਆਪਣੇ ਚਿੰਤਨ ਤੇ ਆਪਣੇ ਸਾਥੀਆਂ ਖਾਸ ਕਰਕੇ ਏਂਗਲਜ਼ ਦੀ ਸਹਾਇਤਾ ਨਾਲ ਉਹ ਮਜ਼ਦੂਰ ਜਮਾਤ ਦੀ ਬੰਦਖਲਾਸੀ ਦਾ ਮਹਾਨ ਸਿਧਾਂਤ, ਜਿਸ ਨੂੰ ਅੱਜ ਉਹਦੇ ਨਾਂਅ ਉੱਤੇ 'ਮਾਰਕਸਵਾਦ' ਕਿਹਾ ਜਾਂਦਾ ਹੈ, ਸਿਰਜਣ ਵਿਚ ਸਫਲ ਹੋ ਗਿਆ। ਵਿਰੋਧ ਵਿਕਾਸੀ ਪਦਾਰਥਵਾਦ ਅਤੇ ਇਤਿਹਾਸਿਕ ਪਦਾਰਥਵਾਦ ਇਸ ਸਿਧਾਂਤ ਦੇ ਦੋ ਪ੍ਰਮੁੱਖ ਅੰਗ ਹਨ। 
ਕੋਈ ਵੀ ਸਿਧਾਂਤ ਜਿਹੜਾ ਅਮਲ ਵਿਚ ਨਹੀਂ ਲਿਆਂਦਾ ਜਾ ਸਕਦਾ ਜਾਂ ਲਿਆਂਦਾ ਨਹੀਂ ਜਾਂਦਾ, ਉਹ ਭਾਵੇਂ ਕਿੰਨਾਂ ਵੀ ਮਹਾਨ ਕਿਉਂ ਨਾ ਹੋਵੇ, ਸਮਾਂ ਪਾ ਕੇ ਮੁਰਦਾ ਬਣ ਜਾਂਦਾ ਹੈ। ਪਰੰਤੂ ਮਾਰਕਸਵਾਦ ਕੇਵਲ ਦਰਸ਼ਨ ਹੀ ਨਹੀਂ ਇਕ ਵਿਗਿਆਨ ਵੀ ਹੈ। ਇਹ ਖਤਮ ਜਾਂ ਗੈਰ-ਪ੍ਰਸੰਗਿਕ ਨਹੀਂ ਹੋ ਸਕਦਾ ਕਿਉਂਕਿ ਵਿਗਿਆਨ ਸਦਾ ਸਮੇਂ ਅਨੁਸਾਰ ਵਿਕਾਸ ਕਰਦਾ ਹੈ। ਮਾਰਕਸ ਤੇ ਏਂਗਲਜ਼ ਨੇ ਮੁੱਢ ਤੋਂ ਹੀ ਆਪਣੇ ਵਿਗਿਆਨਕ ਦਰਸ਼ਨ ਨੂੰ ਅਮਲ ਵਿਚ ਲਿਆਉਣ ਲਈ ਜਥੇਬੰਦਕ ਯਤਨ ਵੀ ਕੀਤੇ। ਜਿਸਦੇ ਸਿੱਟੇ ਵਜੋਂ ਕਮਿਊਨਿਸਟ ਲੀਗ ਹੋਂਦ ਵਿਚ ਆਈ ਤੇ ਉਸਦੇ ਕਹਿਣ ਉੱਤੇ ਮਹਾਨ ਦਸਤਾਵੇਜ਼ ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ, 1848 ਵਿਚ ਲਿਖਿਆ ਤੇ ਪ੍ਰਕਾਸ਼ਿਤ ਕੀਤਾ ਗਿਆ। ਕਮਿਊਨਿਸਟ ਮੈਨੀਫੈਸਟੋ ਦੇ ਹੋਂਦ ਵਿਚ ਆਉਣ ਤੋਂ ਉਪਰੰਤ ਇਸਨੇ ਆਪਣਾ ਪ੍ਰਭਾਵ ਯੂਰਪ ਤੇ ਅਮਰੀਕਾ ਤੱਕ ਦੇ ਬੁੱਧੀਜੀਵੀਆਂ ਤੇ ਦਾਰਸ਼ਨਿਕਾਂ 'ਤੇ ਪਾਉਣਾ ਆਰੰਭ ਕੀਤਾ। ਇਸ ਤਰ੍ਹਾਂ ਸਰਮਾਏਦਾਰ, ਜਗੀਰਦਾਰ ਜਮਾਤਾਂ ਦੇ ਬੁੱਧੀਜੀਵੀਆਂ ਨੇ ਮੈਨੀਫੈਸਟੋ ਨੂੰ ਭਵਿੱਖ ਦੇ ਦੁਸ਼ਮਣ ਵਜੋਂ ਤੇ ਮਜ਼ਦੂਰ ਜਮਾਤ ਪੱਖੀ ਬੁੱਧੀਮਾਨਾਂ ਨੇ ਇਸਨੂੂੰ ਇਕ ਠੋਸ ਹਥਿਆਰ ਵਜੋਂ ਪਛਾਣ ਲਿਆ। ਹਾਕਮ ਜਮਾਤਾਂ ਨੇ ਇਸ ਮੈਨੀਫੈਸਟੋ ਵਿਚ ਦਰਜ ਸਮਾਜਿਕ-ਰਾਜਨੀਤਕ ਸਿਧਾਂਤ ਨੂੰ ਦਬਾਉਣ ਦੇ ਯਤਨ ਕੀਤੇ, ਪਰੰਤੂ ਇਹ ਮੁੜ-ਮੁੜ ਉਭਰਦਾ ਰਿਹਾ ਤੇ ਮਜ਼ਦੂਰ ਜਮਾਤ ਤੇ ਹੋਰ ਕਿਰਤੀ ਜਮਾਤਾਂ ਲਈ ਚਾਨਣ ਮੁਨਾਰਾ ਬਣ ਕੇ ਉਭਰਦਾ ਰਿਹਾ। ਅਤੇ ਅੰਤ ਵਿਚ ਸਾਰੇ ਸੰਸਾਰ ਵਿਚ ਫੈਲ ਗਿਆ। ਕਾਰਲ ਮਾਰਕਸ ਦੀ ਸੱਭ ਤੋਂ ਵੱਧ ਮਹਾਨ ਤੇ ਬਹੁਚਰਚਿਤ ਦੇਣ ਹੈ ਉਸ ਵਲੋਂ ਪੂੰਜੀਵਾਦੀ ਅਰਥ-ਵਿਵਸਥਾ ਦਾ ਕੀਤਾ ਗਿਆ ਵਿਗਿਆਨਕ ਵਿਸ਼ਲੇਸ਼ਨ ਜਿਹੜਾ ਕਿ ਪੂੰਜੀ (Capital) ਸਿਰਲੇਖ ਹੇਠ ਤਿੰਨ ਜਿਲਦਾਂ ਵਿਚ ਛਪੀ ਪੁਸਤਕ ਵਿਚ ਦਰਜ ਹੈ। 
ਮਾਰਕਸ ਨੂੰ ਆਪਣੇ ਜਨਮ ਤੋਂ ਹੀ ਆਪਣੇ ਵਿਰੋਧੀਆਂ ਤੇ ਕੁਰਾਹਿਆਂ ਵਿਰੁੱਧ ਲਗਾਤਾਰ ਲੜਨਾ ਪਿਆ। ਮਾਰਕਸ ਦੇ ਜੀਵਨ ਵਿਚ ਹੀ ਕਈ ਖੱਬੇ-ਸੱਜੇ ਕੁਰਾਹੇ ਉਸ ਲਈ ਵੰਗਾਰ ਬਣੇ। ਖਾਸ ਕਰਕੇ ਬਾਕੁਨਿਨ ਦੇ ਅਰਾਜਕਤਾਵਾਦ ਦੇ ਸਿਧਾਂਤ  ਨੇ ਇਸਨੂੰ ਢੇਰ ਸਾਰੀ ਹਾਨੀ ਪਹੁੰਚਾਈ, ਪਰੰਤੂ ਜਿੱਤ ਮਾਰਕਸਵਾਦ ਦੀ ਹੀ ਹੋਈ। ਮਾਰਕਸਵਾਦ, ਜਿਹੜਾ ਅਮਲ ਵਿਚ ਸੰਪੂਰਨਤਾ ਪ੍ਰਾਪਤ ਕਰ ਰਿਹਾ ਸੀ, ਦਾ ਪ੍ਰਭਾਵ ਜਗੀਰਦਾਰੀ ਵਿਰੋਧੀ ਤੇ ਸਰਮਾਏਦਾਰੀ ਵਿਰੋਧੀ ਲਹਿਰਾਂ 'ਤੇ ਪਿਆ। ਖਾਸ ਕਰਕੇ ਫਰਾਂਸ ਵਿਚ ਆਏ ਬੁਰਜਵਾ ਇਨਕਲਾਬ ਤੇ ਮਜ਼ਦੂਰ ਜਮਾਤ ਦੀ ਕਾਇਮ ਹੋਈ ਪਹਿਲੀ ਸਰਕਾਰ ਪੈਰਿਸ ਕਮਿਊਨ ਸਿੱਧੇ ਤੌਰ 'ਤੇ ਇਹਨਾਂ ਤੋਂ ਪ੍ਰਭਾਵਿਤ ਸੀ। ਮਾਰਕਸ ਪਿਛੋਂ ਏਂਗਲਜ਼ ਨੇ ਮਾਰਕਸਵਾਦ ਦੀ ਰਾਖੀ ਕੀਤੀ ਤੇ ਕੁਰਾਹਿਆਂ ਵਿਰੁੱਧ ਡਟ ਕੇ ਲੋਹਾ ਲਿਆ। ਉਸ ਉਪਰੰਤ ਰੂਸ ਵਿਚ ਜਨਮੇਂ ਮਹਾਂ ਮਾਰਕਸਵਾਦੀ ਦਾਰਸ਼ਨਿਕ 'ਵਲਾਦੀਮੀਰ ਲੈਨਿਨ' ਨੇ ਕੇਵਲ ਇਸ ਸਿਧਾਂਤ ਦੀ ਇਨਕਲਾਬੀ ਸ਼ੁੱਧਤਾ ਹੀ ਕਾਇਮ ਨਹੀਂ ਰੱਖੀ ਬਲਕਿ ਉਸਨੂੰ ਅਮਲ ਵਿਚ ਲਿਆ ਕੇ ਸੰਸਾਰ ਦਾ ਪਹਿਲਾ ਸਮਾਜਵਾਦੀ ਇਨਕਲਾਬ 1917 ਵਿਚ ਲਿਆ ਕੇ ਮਾਰਕਸਵਾਦ ਦੀ ਸਾਰਥਕਤਾ ਨੂੰ ਅਮਲੀ ਰੂਪ ਦੇ ਦਿੱਤਾ। 
ਸੋਵੀਅਤ ਇਨਕਲਾਬ ਉਪਰੰਤ ਸਾਰੇ ਸੰਸਾਰ ਵਿਚ ਮਾਰਕਸਵਾਦ ਬੜੀ ਤੇਜ਼ੀ ਨਾਲ ਫੈਲਿਆ। ਥਾਂ ਪੁਰ ਥਾਂ ਕਿਰਤੀ ਵਰਗ ਦੀਆਂ ਪਾਰਟੀਆਂ ਤੇ ਲਹਿਰਾਂ ਖੜੀਆਂ ਹੋਈਆਂ, ਕਈ ਇਨਕਲਾਬ ਆਏ, ਸਮਾਜਵਾਦ ਦੀ ਉਸਾਰੀ ਹੋਈ। ਵਿਕਸਿਤ ਦੇਸ਼ਾਂ ਤੋਂ ਬਿਨਾਂ ਸਾਮਰਾਜ ਅਧੀਨ ਬਸਤੀਆਂ ਤੇ ਅਵਿਕਸਿਤ ਦੇਸ਼ਾਂ ਵਿਚ,  ਮਾਰਕਸਵਾਦ ਦੇ ਪ੍ਰਭਾਵ ਅਧੀਨ ਸਾਮਰਾਜ ਵਿਰੋਧੀ ਕੌਮੀ ਅਜ਼ਾਦੀ ਦੀਆਂ ਲਹਿਰਾਂ ਉਠੀਆਂ ਤੇ ਕਈ ਦੇਸ਼ਾਂ ਵਿਚ ਲੋਕ ਜਮਹੂਰੀ ਇਨਕਲਾਬ ਸਫਲ ਹੋਏ। ਪਰੰਤੂ ਸਰਮਾਏਦਾਰ ਹਾਕਮ ਜਮਾਤ ਵੀ ਬਹੁਤ ਸ਼ਾਤਰ ਹੈ। ਉਸਨੇ ਆਪਣੇ ਜਮਾਤੀ ਹਿੱਤਾਂ ਪ੍ਰਤੀ ਪੂਰਨ ਤੌਰ ਤੇ ਚੌਕਸ ਰਹਿੰਦਿਆਂ ਰੂਸ ਦੇ ਸਮਾਜਵਾਦੀ ਪ੍ਰਬੰਧ ਨੂੰ ਤੇ ਮਜ਼ਦੂਰ ਵਰਗ ਦੀਆਂ ਲਹਿਰਾਂ ਨੂੰ ਢਾਅ ਲਾਉਣ ਵਿਚ ਹਾਲ ਦੀ ਘੜੀ ਸਫਲਤਾ ਪ੍ਰਾਪਤ ਕਰ ਲਈ। ਇਸ ਨਾਲ ਸਾਮਰਾਜ ਸਾਰੇ ਸੰਸਾਰ ਵਿਚ ਆਪਣਾ ਗਲਬਾ ਮਜ਼ਬੂਤ ਕਰਨ ਦਾ ਯਤਨ ਕਰ ਰਿਹਾ ਹੈ, ਪਰੰਤੂ ਸਾਮਰਾਜੀ ਸ਼ਕਤੀਆਂ ਤੇ ਸਰਮਾਏਦਾਰ ਪ੍ਰਬੰਧ ਸੰਸਾਰ ਦੇ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਵਿਚ ਅਸਫਲ ਹਨ। ਅਤੇ, ਸੰਸਾਰ ਵਿਚ ਭੁੱਖ-ਨੰਗ, ਬੇਕਾਰੀ ਤੇ ਗਰੀਬੀ ਵਿਚ ਨਿਰੰਤਰ ਭਾਰੀ ਵਾਧਾ ਹੋ ਰਿਹਾ ਹੈ। 
ਅੱਜ ਮਾਰਕਸ ਦੇ ਜਨਮ ਦਿਨ ਤੇ ਆਪਣੀ ਚੇਤਨਾ ਨੂੰ ਹੋਰ ਪ੍ਰਚੰਡ ਕਰਨ, ਮਹਾਨ ਲੈਨਿਨ ਦੇ ਦਰਸਾਏ ਅਮਲੀ ਰਾਹ 'ਤੇ ਚੱਲਕੇ ਵਿਸ਼ਾਲ ਜਨਤਕ ਏਕਾ ਉਸਾਰਨ ਤੇ ਸਾਮਰਾਜ ਦੇ ਨਵੇਂ ਹਮਲੇ, ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਦਾ ਵਿਰੋਧ ਕਰਨ ਦੀ ਲੋੜ ਹੈ। ਅੱਜ ਮਾਰਕਸਵਾਦ ਦੇ ਹਰ ਇਕ ਅਨੁਆਈ ਲਈ ਜ਼ਰੂਰੀ ਹੈ ਕਿ ਉਹ ਮਾਰਕਸਵਾਦ ਦਾ ਇਨਕਲਾਬੀ ਝੰਡਾ ਚੁੱਕ ਕੇ ਮੈਦਾਨ ਵਿਚ ਨਿਤਰੇ ਤੇ ਲੋਕ ਵਿਰੋਧੀ ਕਾਲੀਆਂ ਤਾਕਤਾਂ ਵਿਰੁੱਧ ਉਸਰ ਰਹੇ ਜਨਤਕ ਪ੍ਰਤੀਰੋਧ ਦਾ ਅਨਿਖੜਵਾਂ ਅੰਗ ਬਣ ਜਾਵੇ। 

No comments:

Post a Comment