Tuesday 6 May 2014

ਆਈ.ਪੀ.ਐਲ. ਕ੍ਰਿਕਟ ਸਕੈਂਡਲ ਦੇ ਸੰਦਰਭ 'ਚ ਸਰਮਾਏਦਾਰੀ ਪ੍ਰਬੰਧ ਅਤੇ ਖੇਡਾਂ

ਬੋਧ ਸਿੰਘ ਘੁੰਮਣ

ਖੇਡਾਂ ਸਾਡੇ ਜੀਵਨ ਦਾ ਮੁੱਢ ਕਦੀਮਾਂ ਤੋਂ ਹੀ ਹਿੱਸਾ ਰਹੀਆਂ ਹਨ ਅਤੇ ਇਹਨਾਂ ਦਾ ਉਦੇਸ਼ ਸਰੀਰਕ ਤੇ ਮਾਨਸਿਕ ਵਿਕਾਸ, ਦਿਲ ਪ੍ਰਚਾਵਾਂ ਅਤੇ ਹੁਨਰ ਤੇ ਕਲਾ ਦਾ ਵਿਕਾਸ ਕਰਨਾ ਵੀ ਹੈ। ਲੰਮਾ ਸਮਾਂ ਲੋਕ ਇਹਨਾਂ ਨੂੰ ਇਸ ਦ੍ਰਿਸ਼ਟੀਕੋਣ ਤੋਂ ਹੀ ਵੇਖਦੇ ਆਏ ਹਨ। ਇਸ ਕਰਕੇ ਹੀ ਸਾਡੇ ਮੇਲਿਆਂ ਤੇ ਤਿਉਹਾਰਾਂ ਦੇ ਦੌਰਾਨ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ ਅਤੇ ਆਮ ਲੋਕਾਂ ਦੀਆਂ ਵੱਡੀਆਂ ਭੀੜਾਂ ਇਹਨਾਂ ਖੇਡਾਂ ਨਾਲ ਆਪਣੇ ਮਨ ਦੀ ਤ੍ਰਿਪਤੀ ਕਰਦੀਆਂ ਸਨ। ਖਿਡਾਰੀਆਂ ਨੂੰ ਵੱਧ ਤੋਂ ਵੱਧ ਮਾਮੂਲੀ ਜਿਹੀ ਰਕਮ ਜਾਂ ਕੋਈ ਤੋਹਫਾ (ਘਿਓ, ਕੱਪੜੇ, ਮਾਲੀ) ਉਹਨਾਂ ਦੇ ਹੁਨਰ ਦੀ ਕਦਰ ਵਜੋਂ ਦਿੱਤਾ ਜਾਂਦਾ ਸੀ। ਉਸ ਸਮੇਂ ਇਹ ਕੋਈ ਸੁਪਨੇ ਵਿਚ ਵੀ ਸੋਚ ਨਹੀਂ ਸੀ ਸਕਦਾ ਕਿ ਖੇਡਾਂ ਇਕ ਪੇਸ਼ਾ ਬਣ ਜਾਣਗੀਆਂ ਤੇ ਇਹ ਇਕ ਕਾਰੋਬਾਰ ਦੀ ਤਰ੍ਹਾਂ ਪੈਸੇ ਇਕੱਠੇ ਕਰਨ ਦਾ ਸਾਧਨ ਬਣ ਜਾਣਗੀਆਂ। ਜਗੀਰਦਾਰੀ ਯੁਗ ਤੱਕ, ਹੋਰ ਕਈ ਕਮਜ਼ੋਰੀਆਂ/ਤਰੁੱਟੀਆਂ ਦੇ ਬਾਵਜੂਦ, ਖੇਡਾਂ ਤੇ ਖਿਡਾਰੀ ਪੇਸ਼ੇ ਵਜੋਂ ਸਾਹਮਣੇ ਨਹੀਂ ਸਨ ਆਏ। ਇਸ ਦਾ ਇਕ ਲੰਮਾ ਇਤਿਹਾਸ ਹੈ, ਜੋ ਸਾਡੇ ਸਾਹਮਣੇ ਹੈ। 
ਲੋਕ ਆਪਣੇ ਪਿੰਡਾਂ ਤੇ ਸ਼ਹਿਰਾਂ ਦੇ  ਉਭਰਦੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ  ਰਾਸ਼ੀ ਇਕੱਠੀ ਕਰਕੇ ਦਿੰਦੇ ਸਨ ਤੇ ਉਹਨਾਂ ਦੀ ਹੌਸਲਾ ਅਫਜਾਈ ਕਰਦੇ ਸਨ। ਛਿੰਜਾਂ ਲੱਗਦੀਆਂ, ਢੋਲ ਵੱਜਦੇ, ਲੋਕ ਜੁੜਦੇ, ਹੁਨਰ 'ਤੇ ਤਾਲੀਆਂ ਵੱਜਦੀਆਂ, ਬੱਕਰੇ ਬੋਲਦੇ ਤੇ ਵਾਹ-ਵਾਹ ਦੀਆਂ ਅਵਾਜ਼ਾਂ ਆਉਂਦੀਆਂ। ਉਦੋਂ ਕਿਉਂਕਿ ਖੇਡਾਂ ਪੇਸ਼ਾ ਨਹੀਂ ਸਨ ਤੇ ਖਿਡਾਰੀ ਪੇਸ਼ਾਵਰ ਨਹੀਂ ਸਨ, ਖੇਡਾਂ 'ਚ ਬੇਈਮਾਨੀ ਤੇ ਹੇਰਾਫੇਰੀ ਦਾ ਰੋਲ ਬਹੁਤ ਨਾਮਾਤਰ ਸੀ। ਸਰਮਾਏਦਾਰੀ ਪ੍ਰਬੰਧ ਆਉਣ ਨਾਲ ਸਮਾਂ ਬਦਲ ਗਿਆ, ਜਿਸ ਨਾਲ ਹੀ ਖੇਡਾਂ ਦੇ ਕਲਚਰ ਤੇ ਤਾਣੇਬਾਣੇ 'ਚ ਵੀ ਤਬਦੀਲੀ ਆਉਂਦੀ ਗਈ। ਅੱਜ ਇਹ ਤਬਦੀਲੀ ਪ੍ਰਤੱਖ ਵੇਖੀ ਜਾ ਸਕਦੀ ਹੈ। 
ਸਰਮਾਏਦਾਰੀ ਦੇ ਦੌਰ 'ਚ ਖੇਡਾਂ 
ਇਸ ਪ੍ਰਬੰਧ 'ਚ ਖੇਡਾਂ ਨੂੰ ਇਕ ਪੇਸ਼ਾ ਬਣਾ ਦਿੱਤਾ ਗਿਆ ਅਤੇ ਖਿਡਾਰੀ ਪੇਸ਼ਾਵਰ ਬਣ ਗਏ। ਵਿਗਿਆਨ ਤੇ ਤਕਨਾਲੋਜੀ ਦੀ ਉਨਤੀ ਨਾਲ ਖੇਡਾਂ ਦੇ ਸਾਜੋ ਸਮਾਨ ਵਿਚ ਤੇ ਖੇਡ ਦੇ ਸਾਧਨਾਂ ਤੇ ਢੰਗਾਂ ਵਿਚ ਵਿਕਾਸ ਹੋਇਆ ਪਰ ਇਸ ਦਾ ਮਨੋਰਥ ਮਨ-ਪ੍ਰਚਾਵਾ ਤੇ ਸਰੀਰਕ ਵਿਕਾਸ ਨਾ ਰਹਿ ਕੇ ਪੇਸ਼ਾਵਰ ਬਣਾ ਦਿੱਤਾ ਗਿਆ। ਜਦੋਂ ਇਸ ਅਣਮਨੁੱਖੀ ਪ੍ਰਬੰਧ ਵਿਚ ਹਰ ਸ਼ੈਅ ਹੀ ਜਿਨਸ ਬਣਾ ਦਿੱਤੀ ਜਾਂਦੀ ਹੈ ਤੇ ਉਹ ਮੰਡੀ 'ਚ ਵੇਚੀ ਜਾਂਦੀ ਤੇ ਖਰੀਦੀ ਜਾਂਦੀ ਹੈ ਤਾਂ ਖੇਡਾਂ ਭਲਾ ਇਸ ਚੋਂ ਕਦੋਂ ਬਾਹਰ ਰਹਿ ਸਕਦੀਆਂ ਸਨ? ਖੇਡਾਂ ਵੀ ਜਿਨਸ ਬਣ ਗਈਆਂ ਅਤੇ ਇਹਨਾਂ ਨੇ ਆਪਣੀ ਆਭਾ ਗੁਆ ਲਈ। ਕਲਾ ਤੇ ਹੁਨਰ ਇਸ ਦਾ ਮੰਤਵ ਨਾ ਰਿਹਾ, ਸਗੋਂ ਇਹ ਇਕ ਵੱਡੀ ਕਮਾਈ ਕਰਨ ਦਾ ਪੇਸ਼ਾ ਬਣ ਗਈਆਂ ਅਤੇ ਫਿਰ ਹਰ ਹਾਲਤ 'ਚ ਜਿੱਤਣ ਲਈ ਇਸ ਵਿਚ ਹਰ ਤਰ੍ਹਾ ਦੇ ਧੋਖੇ ਭਰੇ ਤੇ ਭ੍ਰਿਸ਼ਟ ਢੰਗ ਤਰੀਕੇ ਦਾਖਲ ਹੋ ਗਏ। ਜਿੱਤਣ ਲਈ ਅਸਥਾਈ ਤਾਕਤ ਵਧਾਉਣ ਵਾਲੇ ਨਸ਼ੇ ਦਾਖ਼ਲ ਹੋ ਗਏ, ਜੋ ਸਰੀਰ ਲਈ ਤਾਂ ਘਾਤਕ ਹੁੰਦੇ ਸਨ ਪਰ ਇਸ ਦੀ ਵਰਤੋਂ ਨਾਲ ਅਸਥਾਈ ਤੌਰ 'ਤੇ ਕਾਰਗੁਜਾਰੀ (Performance) ਵਿਚ ਵਾਧਾ ਹੋ ਜਾਂਦਾ ਹੈ। ਅੰਪਾਇਰ ਤੇ ਰੈਫਰੀ ਖਰੀਦੋ-ਫਰੋਖ਼ਤ ਹੋਣ ਲੱਗ ਪਏ ਹਨ, ਜਿਸ ਨਾਲ ਹਾਰਨ ਵਾਲੇ ਵੀ ਜੇਤੂ ਬਣਾ ਦਿੱਤੇ ਜਾਂਦੇ ਹਨ। ਖਿਡਾਰੀ ਨਿਲਾਮ ਹੋਣ ਲੱਗ ਪਏ ਅਤੇ ਉਹ ਨਿਰੋਲ ਪੈਸੇ ਲਈ ਖੇਡਣ ਲੱਗ ਪਏ ਅਤੇ ਪੈਸੇ ਲਈ ਉਹ ਮੈਚ-ਫਿਕਸਿੰਗ ਵੀ ਕਰਨ ਲੱਗ ਪਏ-ਭਾਵ ਵਿਰੋਧੀ ਟੀਮ ਦੇ ਨਾਲ ਮਿਲ ਜਾਣਾ ਅਤੇ ਜਾਣ ਕੇ ਹਾਰ ਜਾਣਾ। ਪੇਸ਼ਾ ਬਣ ਜਾਣ ਨਾਲ ਲਗਭਗ ਸਭ ਖੇਡਾਂ 'ਚ ਹੀ ਬੇਈਮਾਨੀ ਦਾਖਲ ਹੋ ਗਈ ਅਤੇ ਨੈਤਿਕਤਾ ਵਿਚ ਵੱਡੀ ਪੱਧਰ 'ਤੇ ਨਿਘਾਰ ਆ ਗਏ ਜੋ ਸਮੇਂ  ਸਮੇਂ 'ਤੇ ਬੇਨਕਾਬ ਹੁੰਦੇ ਰਹਿੰਦੇ ਹਨ। 
ਕ੍ਰਿਕਟ ਦਾ ਆਈ.ਪੀ.ਐਲ. ਸਕੈਂਡਲ
ਜਦੋਂ ਚਾਰ ਚੁਫੇਰੇ ਨਿਘਾਰ, ਬੇਈਮਾਨੀ ਤੇ ਭਰਿਸ਼ਟਾਚਾਰ ਦਾ ਬੋਲਬਾਲਾ ਹੋਵੇ ਤਾਂ ਕ੍ਰਿਕਟ ਜਾਂ ਕੋਈ ਵੀ ਹੋਰ ਖੇਡ ਇਸ ਨਿਘਾਰ ਤੋਂ ਕਿਵੇਂ ਅਛੋਹ ਰਹਿ ਸਕਦੀ ਹੈ। ਇਸ ਖੇਡ ਨੂੰ ਜੋ ਦੁਨੀਆਂ ਦੇ ਕੁਝ ਕੁ ਹੀ ਦੇਸ਼ਾਂ ਵਿਚ ਖੇਡੀ ਜਾਂਦੀ ਹੈ, ਖਾਸ ਕਰਕੇ ਸਾਮਰਾਜੀ ਅਰਥ ਵਿਵਸਥਾ ਵਾਲੇ ਦੇਸ਼ਾਂ ਅਤੇ ਜਾਂ ਫਿਰ ਉਹਨਾਂ ਦੇਸ਼ਾਂ ਵਿਚ ਜੋ ਸਾਮਰਾਜੀ ਦੇਸ਼ਾਂ ਦੀਆਂ ਬਸਤੀਆਂ ਸਨ। ਭਾਰਤੀ ਉਪ-ਮਹਾਂਦੀਪ 'ਚ ਤਾਂ ਇਸ ਨੂੰ ਕਾਰਪੋਰੇਟ ਮੀਡੀਏ (ਇਲੈਕਟਰਾਨਿਕ ਤੇ ਪ੍ਰਿੰਟ ਦੋਹਾਂ ਨਹੀਂ) ਨੇ ਬਹੁਤ ਉਭਾਰਿਆ ਹੈ। ਇਹ ਇਕ ਤਰ੍ਹਾਂ ਦਾ ਜਨੂਨ ਬਣਾ ਦਿੱਤੀ ਗਈ ਹੈ। 
ਇੰਡੀਅਨ ਪਰੀਮੀਅਰ ਲੀਗ (IPL) ਦਾ ਗਠਨ 
ਇਸ ਨੂੰ ਜਨੂੰਨ ਬਣਾ ਦੇਣ ਤੋਂ ਬਾਅਦ ਇਸ 'ਚੋਂ ਵੱਧ ਤੋਂ ਵੱਧ ਪੈਸੇ ਕਮਾਉਣ ਲਈ ਇੱਥੇ IPL ਦਾ ਗਠਨ ਕੀਤਾ ਗਿਆ, ਜਿਸ ਵਿਚ ਦੁਨੀਆਂ ਭਰ ਦੇ ਕ੍ਰਿਕਟ ਖੇਡਣ ਵਾਲੇ ਦੇਸ਼ਾਂ ਦੇ ਖਿਡਾਰੀਆਂ ਦੀ ਮੰਡੀ ਲਾ ਕੇ, ਬੋਲੀ ਰਾਹੀਂ ਖਿਡਾਰੀ ਖਰੀਦ ਕੇ 8 ਕਲੱਬਾਂ 'ਚ ਖਿਡਾਏ ਜਾਂਦੇ ਹਨ। ਇਹਨਾਂ ਨੂੰ ਕਰੋੜਾਂ ਰੁਪਏ ਵਿਚ ਖਰੀਦਿਆਂ ਜਾਂਦਾ ਹੈ। ਉਹ ਸਾਲ 'ਚ ਇਕ ਟੂਰਨਾਮੈਂਟ IPL ਵਿਚ ਖੇਡਣ ਲਈ ਜੁੜਦੇ ਹਨ। ਪਰ ਇਸ ਭਰਿਸ਼ਟ ਸਮਾਜਕ ਪ੍ਰਬੰਧ ਵਿਚ, ਲਾਲਚ ਦੀ ਵੀ ਕੋਈ ਸੀਮਾ ਨਹੀਂ ਰਹਿੰਦੀ ਤੇ ਇਹ ਖਿਡਾਰੀ ਸੱਟੇਬਾਜਾਂ ਰਾਹੀਂ 'ਮੈਚ-ਫਿਕਸਿੰਗ' (ਇਕ ਤਰ੍ਹਾਂ ਦੀ ਨੂਰਾ ਕੁਸ਼ਤੀ) ਕਰਕੇ ਬੇਈਮਾਨੀ ਨਾਲ ਖੇਡਦੇ ਅਤੇ ਹਾਰ/ਜਿੱਤ ਜਾਂਦੇ ਹਨ ਅਤੇ ਲੋਕਾਂ ਨਾਲ ਵੀ ਠੱਗੀ ਕਰ ਜਾਂਦੇ ਹਨ। 
ਮੌਜੂਦਾ ਸਕੈਂਡਲ 
ਪਿਛਲੇ ਸਾਲ ਭਾਵ 2013 ਵਿਚ 'ਚੇਨੱਈ ਸੁਪਰ ਕਿੰਗਜ਼' ਤੇ 'ਰਾਜਸਥਾਨ ਰਾਇਲਜ਼' ਦੀਆਂ ਕਲੱਬਾਂ ਵਿਚ 'ਮੈਚ ਫਿਕਸਿੰਗ' ਦਾ ਇਕ ਵੱਡਾ ਸਕੈਂਡਲ ਬੇਨਕਾਬ ਹੋਇਆ ਹੈ। 'ਚੇਨੱਈ ਸੁਪਰ ਕਿੰਗਜ਼' ਦਾ ਮਾਲਕ ਤੇ ਭਾਰਤੀ ਕ੍ਰਿਕਟ ਬੋਰਡ ਦਾ ਪ੍ਰਧਾਨ ਐਨ. ਸਿਰੀਨਿਵਾਸਨ ਅਤੇ 'ਰਾਜਿਸਥਾਨ ਰਾਇਲਜ਼' ਕਲੱਬ ਦੇ ਮਾਲਕਾਂ ਵਿਚ ਇਕ ਪ੍ਰਸਿੱਧ ਫਿਲਮ ਐਕਟਰੈਸ ਦਾ ਪਤੀ ਰਾਜ ਕੁੰਦਰਾ  ਕੋ-ਓਨਰ ਵਜੋਂ ਸ਼ਾਮਲ ਹੈ। ਐਨ.ਸਿਰੀਨਵਾਸਨ, ਭਾਰਤੀ ਕ੍ਰਿਕਟ ਬੋਰਡ ਦਾ ਪ੍ਰਧਾਨ ਵੀ ਸੀ ਤੇ ਇਕ ਕਲੱਬ ਦਾ ਮਾਲਕ ਵੀ। ਉਸ ਨੇ ਕਲੱਬ ਵਿਚ ਆਪਣੇ ਜੁਆਈ ਗੁਰੂਨਾਥ ਮੈਅਪਨ ਨੂੰ ਇਸ ਕਲੱਬ ਦਾ 'ਟੀਮ ਪ੍ਰਿੰਸੀਪਲ' ਥਾਪਿਆ ਹੋਇਆ ਸੀ, ਜਿਸ ਦੀ ਟੀਮ ਦੇ ਹਰ ਫੈਸਲੇ ਤੱਕ ਪਹੁੰਚ ਹੁੰਦੀ ਸੀ। ਉਸ ਨੂੰ ਟੀਮ ਵਲੋਂ ਮੈਚ ਦੇ ਸਬੰਧ ਵਿਚ ਤਿਆਰ ਕੀਤੀ ਗੁਪਤ ਯੁੱਧਨੀਤੀ ਦਾ ਵੀ ਪਤਾ ਹੁੰਦਾ ਸੀ। ਇਸ ਲਈ ਗੁਰੂਨਾਥ ਮੈਅਪਨ ਨੇ ਆਪਣੇ ਕੁਝ ਵਾਕਫਕਾਰਾਂ ਰਾਹੀਂ ਸੱਟੇਬਾਜਾਂ ਨੂੰ ਭੇਤ ਦੱਸ ਦਿੱਤੇ, ਆਪਣੇ ਨਾਲ ਟੀਮ ਦੇ ਕੁੱਝ ਖਿਡਾਰੀ ਗੰਢ ਲਏ ਤੇ 'ਮੈਚ ਫਿਕਸਿੰਗ' ਵਿਚ ਗੁਰੂਨਾਥ ਮੈਅਪਨ ਤੋਂ ਇਲਾਵਾ ਖਿਡਾਰੀਆਂ ਤੇ ਹੋਰ ਵਿਚੋਲਿਆਂ ਨੇ ਵੀ ਵੱਡੀਆਂ ਰਕਮਾਂ ਰਿਸ਼ਵਤ ਵਜੋਂ ਸੱਟੇਬਾਜਾਂ ਕੋਲੋਂ ਪ੍ਰਾਪਤ ਕਰਨ ਲਈ ਭ੍ਰਿਸ਼ਟ ਵਿਧੀ ਅਪਣਾਈ। ਇਸ ਸਕੈਂਡਲ ਦੇ ਬੇਨਕਾਬ ਹੋਣ ਨਾਲ ਕਈ ਤੱਥ ਸਾਹਮਣੇ ਆਏ ਹਨ : 
4 'ਰਾਜਿਸਥਾਨ ਰਾਇਲਜ਼' ਤੇ 'ਚੇਨੱਈ ਸੁਪਰ ਕਿੰਗਜ਼' ਦੀਆਂ ਟੀਮਾਂ ਵਿਚ ਮੈਚ-ਫਿਕਸਿੰਗ ਦੇ ਸਕੈਂਡਲਾਂ ਦੀ ਪੜਤਾਲ ਲਈ 12-13 ਖਿਡਾਰੀਆਂ ਵਿਰੁੱਧ ਦਿੱਲੀ ਪੁਲਸ ਤੇ ਬੰਬਈ ਪੁਲਸ ਵਲੋਂ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਰਿਟਾਇਰਡ ਚੀਫ ਜਸਟਿਸ 'ਤੇ ਅਧਾਰਤ ਇਕ ਤਿੰਨ ਮੈਂਬਰੀ ਕਮੇਟੀ ਵਲੋਂ ਵੀ ਪੁੱਛ ਪੜਤਾਲ ਕੀਤੀ ਗਈ। 
4 ਇਸ ਰਿਪੋਰਟ ਵਿਚ ਖਿਡਾਰੀਆਂ ਤੋਂ ਇਲਾਵਾ IPL ਦੇ ਅਹੁਦੇਦਾਰਾਂ ਦੇ ਵਿਰੁੱਧ ਵੀ ਦੋਸ਼ ਅੰਕਿਤ ਕੀਤੇ ਗਏ ਹਨ। 
4 ਦਿੱਲੀ ਪੁਲਸ ਨੇ 'ਰਾਜਿਸਥਾਨ ਰਾਇਲਜ਼' ਦੇ ਤਿੰਨ ਕ੍ਰਿਕਟ ਖਿਡਾਰੀਆਂ ਐਸ.ਸਰੀਸਾਂਥ, ਅਜੀਤ ਚੰਡੀਲਾ ਅਤੇ ਅੰਕਿਤ ਚਵਾਨ ਦੇ ਨਾਂਅ ਦਰਜ਼ ਕੀਤੇ ਅਤੇ ਮੁੰਬਈ ਪੁਲਿਸ ਨੇ ਫਿਲਮ ਐਕਟਰ ਦਾਰਾ ਸਿੰਘ ਦੇ ਬੇਟੇ ਬਿੰਦੂ ਦਾਰਾ ਸਿੰਘ ਅਤੇ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਐਨ.ਸਿਰੀਨਿਵਾਸਨ ਦੇ ਜੁਆਈ ਗੁਰੂਨਾਥ ਮੈਅਪਨ ਦੀ ਮੈਚ ਫਿਕਸਿੰਗ ਦੇ ਮਾਮਲੇ 'ਚ ਸੱਟੇਬਾਜਾਂ ਨਾਲ ਮਿਲੀਭੁਗਤ ਦੱਸੀ। 
4 ਰਾਜਿਸਥਾਨ ਦੇ ਤਿੰਨੇ ਖਿਡਾਰੀ ਗ੍ਰਿਫਤਾਰ ਕਰ ਲਏ ਗਏ ਜੋ ਬਾਅਦ ਵਿਚ ਜਮਾਨਤ 'ਤੇ ਰਿਹਾਅ ਹੋ ਗਏ। 
4 ਤਿੰਨ ਸੱਟੇਬਾਜਾਂ ਤੇ ਵਿੰਦੂ ਦਾਰਾ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੋ ਬਾਅਦ ਵਿਚ ਜਮਾਨਤ 'ਤੇ ਰਿਹਾ ਹੋ ਗਿਆ। 
4 ਗੁਰੂ ਨਾਥ ਮੈਅਪਨ ਨੂੰ ਵੀ ਸੱਟੇਬਾਜ਼ੀ, ਸਾਜਸ਼ ਤੇ ਧੋਖਾਧੜੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਗ੍ਰਿਫਤਾਰੀ ਪਿਛੋਂ ਉਸ ਦੇ 'ਸਹੁਰਾ ਸਾਹਿਬ' ਐਨ. ਸ਼੍ਰੀਨਿਵਾਸਨ ਨੇ ਬਿਆਨ ਦਿੱਤਾ ਕਿ ਗੁਰੂਨਾਥ ਮੈਅਪਨ ਨਾ ਤਾਂ ਮਾਲਕ ਹੈ, ਨਾ ਹੀ ਪ੍ਰਿੰਸੀਪਲ ਹੈ, ਉਹ ਤਾਂ ਸਿਰਫ ਟੀਮ ਦੀ ਮੈਨੇਜਮੈਂਟ ਕਮੇਟੀ ਦਾ ਆਨਰੇਰੀ ਮੈਂਬਰ ਹੈ। 10 ਦਿਨ ਜੇਲ੍ਹ ਅੰਦਰ ਰਹਿਣ ਪਿਛੋਂ ਗੁਰੂਦਾਸ ਮੈਅਪਨ ਵੀ ਜਮਾਨਤ 'ਤੇ ਰਿਹਾ ਹੋ ਗਿਆ। 'ਚੇਨੱਈ ਸੁਪਰ ਕਿੰਗਜ਼' ਦੇ ਕਈ ਖਿਡਾਰੀ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਸਮੇਤ, ਮੈਚ ਫਿਕਸਿੰਗ ਦੇ ਸ਼ੱਕ ਦੇ ਘੇਰੇ ਵਿਚ ਹਨ ਅਤੇ ਪੜਤਾਲ ਹੋ ਰਹੀ ਹੈ। 
4 ਤਿੰਨ ਮੈਂਬਰੀ ਪੈਨਲ ਦੀ ਰਿਪੋਰਟ ਸੁਪਰੀਮ ਕੋਰਟ ਵਿਚ ਪੇਸ਼ ਕੀਤੀ ਗਈ ਤਾਂ 25 ਮਾਰਚ 2014 ਨੂੰ ਸੁਪਰੀਮ ਕੋਰਟ ਨੇ ਐਨ.ਸਿਰੀਨਿਵਾਸਨ ਨੂੰ ਕਿਹਾ ਕਿ ਜਾਂ ਤਾਂ ਉਹ ਆਪਣੇ ਪੱਧਰ 'ਤੇ ਹੀ ਕ੍ਰਿਕਟ ਬੋਰਡ ਦੇ ਪ੍ਰਧਾਨ ਦਾ ਆਪਣਾ ਅਹੁਦਾ ਤਿਆਗ ਦੇਵੇ ਤਾਂ ਜੁ ਸੱਟੇਬਾਜ਼ੀ ਤੇ ਮੈਚ ਫਿਕਸਿੰਗ ਦੇ ਦੋਸ਼ਾਂ ਦੀ ਸਹੀ ਤੇ ਨਿਰਪੱਖ ਢੰਗ ਨਾਲ ਪੜਤਾਲ ਹੋ ਸਕੇ। ਕੋਰਟ ਨੇ ਇਹ ਵੀ ਕਿਹਾ ਕਿ ਜੇ ਉਹ ਅਜਿਹਾ ਨਹੀਂ ਕਰਦਾ ਤਾਂ ਕੋਰਟ ਉਸ ਨੂੰ ਅਹੁਦਾ ਛੱਡਣ ਲਈ ਉਸ ਵਿਰੁੱਧ ਫੈਸਲਾ ਦੇਵੇਗਾ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਘਿਨਾਉਣੀ ਤੇ ਦੁਰਗੰਧਿਤ ਗੱਲ ਹੈ ਕਿ ਐਨ.ਸਿਰੀਨਿਵਾਸਨ ਅਜੇ ਵੀ ਭਾਰਤੀ ਕ੍ਰਿਕਟ ਬੋਰਡ ਦਾ ਪ੍ਰਧਾਨ ਹੈ। 
4 ਸੁਪਰੀਮ ਕੋਰਟ ਵਲੋਂ ਅਕਤੂਬਰ 2013 'ਚ ਜਸਟਿਸ (ਰਿਟਾਇਰਡ) ਮੁਕਲ ਮੁਦਗਲ ਦੀ ਅਗਵਾਈ 'ਚ ਬਣਾਈ ਕਮੇਟੀ ਨੇ ਆਪਣੀ ਰਿਪੋਰਟ ਫਰਵਰੀ 2014 'ਚ ਸੁਪਰੀਮ ਕੋਰਟ 'ਚ ਪੇਸ਼ ਕਰ ਦਿੱਤੀ ਹੈ ਅਤੇ ਇਹ ਅਜੇ ਇਹ ਨਸ਼ਰ ਨਹੀਂ ਕੀਤੀ ਗਈ।
4 ਐਨ. ਸਿਰੀਨਿਵਾਸਨ ਨੇ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਆਪਣਾ ਅਹੁਦਾ ਤਿਆਗ ਦਿੱਤਾ ਅਤੇ ਕੋਰਟ ਨੇ ਸੁਝਾਅ ਦਿੱਤਾ ਕਿ ਉਸ ਦੀ ਥਾਂ ਫਿਲਹਾਲ ਪ੍ਰਸਿੱਧ ਕ੍ਰਿਕਟਰ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ, ਸੁਨੀਲ ਗਵਾਸਕਰ ਨੂੰ ਨਿਯੁਕਤ ਕੀਤਾ ਜਾਵੇ। ਇਸ ਦੀ ਰੌਸ਼ਨੀ ਵਿਚ ਗਵਾਸਕਰ ਹੁਣ ਬਤੌਰ ਐਕਟਿੰਗ ਪ੍ਰਧਾਨ ਫੰਕਸ਼ਨ ਕਰ ਰਿਹਾ ਹੈ। 
ਬੋਲਬਾਲਾ ਅਜੇ ਵੀ ਐਨ. ਸਿਰੀਨਿਵਾਸਨ ਦਾ ਹੈ 
ਐਨ ਸਿਰੀਨਿਵਾਸਨ ਦੀ ਕ੍ਰਿਕਟ ਬੋਰਡ 'ਤੇ ਪਕੜ ਇੰਨੀ ਮਜ਼ਬੂਤ ਹੈ ਕਿ ਅਹੁਦੇ ਤੋਂ ਹਟਣ ਤੋਂ ਬਾਵਜੂਦ ਵੀ, ਬੋਲਬਾਲਾ ਉਸ ਦਾ ਹੀ ਹੈ ਤੇ ਸੁਨੀਲ ਗਵਾਸਕਰ ਸਿਰਫ ਕਾਗਜ਼ਾਂ 'ਚ ਹੀ ਪ੍ਰਧਾਨ ਹੈ। ਕ੍ਰਿਕਟ ਬੋਰਡ ਦੇ ਫੈਸਲੇ ਅਜੇ ਵੀ ਉਸ ਦੀ ਮਰਜੀ ਮੁਤਾਬਕ ਹੀ ਹੋ ਰਹੇ ਹਨ ਅਤੇ ਸੁਨੀਲ ਗਵਾਸਕਰ ਮਜ਼ਬੂਰ ਹੋ ਕੇ ਰਹਿ ਗਿਆ ਹੈ। ਕੁਝ ਕੁ ਮਹੀਨੇ ਪਹਿਲਾਂ ਭਾਰਤੀ ਕ੍ਰਿਕਟ ਦੇ ਇਕ ਸਾਬਕਾ ਖਿਡਾਰੀ ਤੇ ਮਹਾਨ ਬੱਲੇਬਾਜ਼ ਮਹਿੰਦਰ ਅਮਰਨਾਥ ਨੇ ਟੀਮ ਦੀ ਸੀਲੈਕਸ਼ਨ ਕਮੇਟੀ ਦੇ ਮੈਂਬਰ ਵਜੋਂ ਟੈਲੀਵਿਜ਼ਨ 'ਤੇ ਸ਼ਰੇਆਮ ਕਿਹਾ ਸੀ ਕਿ ਭਾਰਤੀ ਟੀਮ ਚੁਣਨ ਲਈ ਬਣਾਈ ਜਾਂਦੀ ਸੀਲੈਕਸ਼ਨ ਕਮੇਟੀ ਇਕ ਰਬੜ ਦੀ ਮੋਹਰ ਤੋਂ ਵੱਧ ਕੁਝ ਨਹੀਂ ਹੈ ਅਤੇ ਸਭ ਕੁੱਝ ਬੋਰਡ ਦਾ ਪ੍ਰਧਾਨ ਹੀ ਕਰਦਾ ਹੈ। ਇਹ ਗੱਲ ਸਭ ਦੇ ਸਾਹਮਣੇ ਹੈ ਕਿ ਹੁਣ ਭਾਰਤੀ ਟੀਮ ਲਈ ਚੋਣ ਕਰਨ ਸਮੇਂ 'ਚੇਨੱਈ ਸੁਪਰ ਕਿੰਗਜ਼' ਦੀ ਕਲੱਬ ਟੀਮ ਦੇ ਖਿਡਾਰੀਆਂ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ ਅਤੇ ਵਰਿੰਦਰ ਸਹਿਵਾਗ, ਗੌਤਮ ਗੰਭੀਰ ਤੇ ਹਰਭਜਨ ਸਿੰਘ ਵਰਗੇ ਵੱਡੇ ਖਿਡਾਰੀ ਟੀਮ ਤੋਂ ਬਾਹਰ ਰੱਖੇ ਜਾ ਰਹੇ ਹਨ। 
ਅਜਿਹੀ ਸਥਿਤੀ ਵਿਚ ਟੀਮ ਭਾਵਨਾ ਖਤਮ ਹੋ ਜਾਂਦੀ ਹੈ ਕਿਉਂਕਿ ਨਿੱਜੀ ਹਿੱਤ ਪ੍ਰਧਾਨ ਹੋ ਜਾਂਦੇ ਹਨ। ਖਿਡਾਰੀ ਇਕ ਟੀਮ ਵਜੋਂ ਨਹੀਂ ਖੇਡਦੇ ਅਤੇ ਜਿੱਤਾਂ ਵੀ ਹਾਰਾਂ ਵਿਚ ਬਦਲ ਜਾਂਦੀਆਂ ਹਨ। ਬੇਸਬਾਲ ਦੇ ਵਿਸ਼ਵ ਪ੍ਰਸਿੱਧ ਤੇ ਮਹਾਨ ਖਿਡਾਰੀ ਬੇਬ ਰੁੱਥ ਨੇ ਕਿਹਾ ਹੈ ਕਿ ''ਕੋਈ ਵੀ ਟੀਮ ਜਦੋਂ ਇਕਜੁੱਟ ਹੋ ਕੇ ਇਕ ਟੀਮ ਵਜੋਂ ਖੇਡਦੀ ਹੈ, ਕੇਵਲ ਇਹ ਹੀ ਉਸ ਦੀ ਸਫਲਤਾ ਦੀ ਜਾਮਨੀ ਹੁੰਦੀ ਹੈ। ਤੁਸੀਂ ਦੁਨੀਆਂ ਦੇ ਸਭ ਤੋਂ ਵੱਡੇ ਖਿਡਾਰੀਆਂ ਨੂੰ ਇਕੋ ਕਲੱਬ ਵਿਚ ਲੈ ਲਵੋ, ਪਰ ਜੇਕਰ ਉਹ ਇਕ ਟੀਮ ਵਜੋਂ ਨਹੀਂ ਖੇਡਦੇ ਤਾਂ ਉਹ ਕਲੱਬ ਇਕ ਦਮੜੀ ਦੀ ਵੀ ਨਹੀਂ ਰਹਿੰਦੀ।''
ਸਾਡੇ ਦੇਸ਼ ਵਿਚ ਖੇਡਾਂ, ਖਿਡਾਰੀਆਂ ਅਤੇ ਬੋਰਡ ਪ੍ਰਬੰਧਕਾਂ ਤੇ ਅਹੁਦੇਦਾਰਾਂ ਦਾ ਇਹ ਮੰਦਾ ਹਾਲ ਹੈ। ਅਜਿਹੀ ਸਥਿਤੀ ਵਿਚ ਖੇਡ ਤੇ ਖੇਡ ਭਾਵਨਾ ਕਿਵੇਂ ਪ੍ਰਫੁਲਤ ਹੋ ਸਕਦੀ ਹੈ। ਇਸ ਸਕੈਂਡਲ ਦੀ ਭਾਵੇਂ ਪੜਤਾਲ ਅਜੇ ਵੀ ਚਲ ਰਹੀ ਹੈ ਅਤੇ ਕੇਸ ਸੁਪਰੀਮ ਕੋਰਟ 'ਚ ਹੈ, ਪਰ ਸ਼ਾਇਦ ਹੀ ਕੋਈ ਅਸਰਦਾਇਕ ਕਾਰਵਾਈ ਹੋ ਸਕੇ। ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਤੇ ਪੱਖਪਾਤ ਨੇ ਸਾਡੇ ਖੇਡ ਕੱਲਚਰ ਨੂੰ ਭਾਰੀ ਸੱਟ ਲਾਈ ਹੋਈ ਹੈ ਅਤੇ ਇਹ ਹੀ ਕਾਰਨ ਹੈ ਕਿ 125 ਕਰੋੜ ਦੀ ਅਬਾਦੀ ਵਾਲਾ ਦੇਸ਼ ਉਲੰਪਿਕ ਮੁਕਾਬਲਿਆਂ ਵਿਚ ਇਕ ਗੋਲਡ ਮੈਡਲ ਵੀ ਪ੍ਰਾਪਤ ਕਰਨ ਦੇ ਯੋਗ ਨਹੀਂ ਰਹਿੰਦਾ। ਇਹ ਗੰਦ-ਮੰਦ ਇਸ ਪ੍ਰਬੰਧ ਦੀ ਪੈਦਾਵਾਰ ਹੈ ਅਤੇ ਇਸ ਨੇ ਇਸ ਦੇ ਨਾਲ ਹੀ ਨਰਕ ਨੂੰ ਜਾਣਾ ਹੈ।  

No comments:

Post a Comment