Tuesday, 6 May 2014

ਮਈ ਦਿਵਸ ਦਾ ਇਤਿਹਾਸਕ ਪਿਛੋਕੜ

ਦਸਤਾਵੇਜ਼

ਮਈ ਦਿਵਸ ਦਾ ਇਤਿਹਾਸ 19ਵੀਂ ਸਦੀ ਦੇ ਅੱਠਵੇਂ ਦਹਾਕੇ ਤੋਂ ਸ਼ੁਰੂ ਹੋਇਆ। ਉਸ ਵੇਲੇ ਯੂਰਪ ਦੇ ਮੁਲਕਾਂ ਵਾਂਗ, ਅਮਰੀਕਾ ਵਿਚ ਵੀ ਮਜ਼ਦੂਰਾਂ ਅੰਦਰ ਵਿਆਪਕ ਬੇਚੈਨੀ ਫੈਲੀ ਹੋਈ ਸੀ। ਇਸ ਬੇਚੈਨੀ ਦੇ ਪ੍ਰਗਟਾਵੇ ਵਜੋਂ ਹੀ ਪਹਿਲੀ ਮਈ 1886 ਨੂੰ ਅਮਰੀਕਾ ਦੇ ਸਾਰੇ ਵੱਡੇ-ਵੱਡੇ ਸਨਅੱਤੀ ਸ਼ਹਿਰਾਂ ਵਿਚ, ਮਜ਼ਦੂਰਾਂ ਨੇ ਇਕ ਦਿਨ ਦੀ ਰੋਸ ਹੜਤਾਲ ਕੀਤੀ ਸੀ। ਇਸ ਹੜਤਾਲ ਦੀ ਮੁੱਖ ਮੰਗ ਸੀ 8 ਘੰਟੇ ਦੀ ਦਿਹਾੜੀ ਤੈਅ ਕਰਾਉਣਾ; ਕਿਉਂਕਿ ਉਸ ਵੇਲੇ ਮਜ਼ਦੂਰਾਂ ਤੋਂ 12-14 ਘੰਟੇ ਕੰਮ ਲੈਣਾ ਇਕ ਆਮ ਜਿਹੀ ਗੱਲ ਸੀ। ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ ਇਸ ਲੜਾਕੂ ਹੜਤਾਲ ਦਾ ਸਭ ਤੋਂ ਵੱਧ ਅਸਰ ਹੋਇਆ, ਜਿਥੇ ਕਿ ਹਜ਼ਾਰਾਂ ਮਜ਼ਦੂਰਾਂ ਨੇ ਇਸ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ। ਪੂੰਜੀਪਤੀਆਂ ਦੀ ਅਮਰੀਕਨ ਸਰਕਾਰ ਨੇ ਇਸ ਤੋਂ ਬੁਖ਼ਲਾ ਕੇ, ਆਪਣੇ ਖਾਸੇ ਅਨੁਸਾਰ, ਮਜ਼ਦੂਰਾਂ ਉੱਪਰ ਜਵਾਬੀ ਹਮਲਾ ਕਰਨ ਦਾ ਫੈਸਲਾ ਲਿਆ ਅਤੇ 3 ਮਈ ਨੂੰ ਹੜਤਾਲੀ ਮਜ਼ਦੂਰਾਂ ਦੀ ਹੋ ਰਹੀ ਇਕ ਪੁਰਅਮਨ ਮੀਟਿੰਗ ਉੱਪਰ ਪੁਲਸ ਵਲੋਂ ਵਹਿਸ਼ੀ ਜ਼ੁਲਮ ਢਾਹਿਆ ਗਿਆ। ਮਜ਼ਦੂਰਾਂ ਉੱਪਰ ਕੀਤੇ ਗਏ ਇਸ ਹਮਲੇ ਕਾਰਨ 6 ਮਜ਼ਦੂਰ ਸ਼ਹੀਦ ਹੋ ਗਏ। 
ਨਿਹੱਥੇ ਮਜ਼ਦੂਰਾਂ ਉੱਪਰ ਪੁਲਿਸ ਦੀ ਇਸ ਬਰਬਰਤਾ ਭਰਪੂਰ ਕਾਰਵਾਈ ਵਿਰੁੱਧ ਰੋਸ ਪ੍ਰਗਟ ਕਰਨ ਲਈ ਅਗਲੇ ਦਿਨ, 4 ਮਈ ਨੂੰ, ਮਜ਼ਦੂਰਾਂ ਨੇ ਸ਼ਿਕਾਗੋ ਸ਼ਹਿਰ ਦੇ 'ਹੇਅ ਮਾਰਕੀਟ (ਘਾਹ-ਮੰਡੀ) ਚੌਕ ਵਿਚ ਇਕ ਵਿਸ਼ਾਲ ਪੁਰਅਮਨ ਰੋਸ ਮੁਜ਼ਾਹਰਾ ਜੱਥੇਬੰਦ ਕੀਤਾ। ਇਸ ਪੁਰਅਮਨ ਮੁਜ਼ਾਹਰੇ ਨੂੰ  ਤੋੜਨ ਲਈ ਹੰਕਾਰੇ ਹੋਏ ਹਾਕਮਾਂ ਨੇ ਭੜਕਾਹਟ ਦਾ ਹਥਕੰਡਾ ਵਰਤਿਆ ਅਤੇ ਮੁਜ਼ਾਹਰੇ ਵਿਚ ਇਕ ਬੰਬ ਸੁੱਟਿਆ ਗਿਆ, ਜਿਸ ਨਾਲ ਇਕ ਸਾਰਜੰਟ ਮਾਰਿਆ ਗਿਆ। ਇਸ ਤੋਂ ਬਾਅਦ ਪੁਲਿਸ, ਇਸ ਬਹਾਨੇ ਨੂੰ ਵਰਤਕੇ, ਪੁਰਅਮਨ ਮਜ਼ਦੂਰਾਂ ਦੇ ਜਲੂਸ ਉੱਪਰ ਬੁਰੀ ਤਰ੍ਹਾਂ ਟੁੱਟ ਪਈ। ਇਹ ਬੰਬ ਵਿਸਫੋਟ ਇਕ ਸੰਕੇਤ ਸੀ, ਜਿਸ ਤੋਂ ਪੁਲਿਸ ਨੇ ਅਤੇ ਸਥਾਨਕ ਫੌਜ ਦੀ ਟੁਕੜੀ ਨੇ, ਜਿਹੜੀ ਕਿ ਨੇੜੇ ਹੀ ਬਿਠਾਈ ਗਈ ਸੀ, ਮੁਜ਼ਾਹਰਾਕਾਰੀਆਂ ਉੱਪਰ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। 4 ਹੋਰ ਮਜ਼ਦੂਰ ਸ਼ਹੀਦ ਹੋ ਗਏ ਅਤੇ ਮੁੱਠਭੇੜ ਵਿਚ ਇਕ ਪੁਲਸੀਆ ਵੀ ਮਾਰਿਆ ਗਿਆ। 
ਇਸ ਖੂਨੀ ਘਟਨਾ ਉਪਰੰਤ ਨਾ ਸਿਰਫ਼ ਸ਼ਿਕਾਗੋ ਵਿਚ, ਜਿਹੜਾ ਕਿ ਇਸ ਰੋਸ ਲਹਿਰ ਦਾ ਕੇਂਦਰ ਸੀ, ਬਲਕਿ ਸਮੁੱਚੇ ਦੇਸ਼ ਵਿਚ ਸਰਕਾਰ ਵਲੋਂ ਹੜਤਾਲੀ ਮਜ਼ਦੂਰਾਂ, ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਆਗੂਆਂ, ਵਿਰੁੱਧ ਵਹਿਸ਼ੀ ''ਜਵਾਬੀ'' ਕਾਰਵਾਈ ਆਰੰਭੀ ਗਈ। ਸੈਂਕੜੇ ਮਜ਼ਦੂਰਾਂ ਨੂੰ ਗਰਿਫਤਾਰ ਕੀਤਾ ਗਿਆ। 8 ਆਗੂਆਂ ਉੱਪਰ, ਸ਼ਿਕਾਗੋ ਸ਼ਹਿਰ ਵਿਚ ਹੋਏ ਮੁਜ਼ਾਹਰੇ ਦੀ ਅਗਵਾਈ ਕਰਨ ਦੇ ਦੋਸ਼ ਹੇਠ, ਮੁਕੱਦਮਾ ਚਲਾਇਆ ਗਿਆ। 
ਇਸ ਮੁਕੱਦਮੇ ਦੌਰਾਨ ਪੂੰਜੀਪਤੀਆਂ ਦੀ ਸਰਕਾਰ ਵਲੋਂ ਮਜ਼ਦੂਰਾਂ ਦੇ ਵਿਰੁੱਧ ਜ਼ੋਰਦਾਰ ਭੰਡੀ ਪ੍ਰਚਾਰ ਕੀਤਾ ਗਿਆ। ਇਸ ਭੰਡੀ ਪ੍ਰਚਾਰ ਵਿਚ ਮਿਲ-ਮਾਲਕਾਂ ਨੇ ਪਾਣੀ ਵਾਂਗ ਪੈਸਾ ਰੋੜ੍ਹਿਆ। ਪੱਤਰਕਾਰ ਤੇ ਅਖ਼ਬਾਰਾਂ ਦੇ ਸੰਪਾਦਕ ਖਰੀਦੇ ਗਏ ਅਤੇ ਅਮਰੀਕਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਝੂਠੀਆਂ ਕਹਾਣੀਆਂ ਘੜ-ਘੜ ਕੇ ਸੁਣਾਈਆਂ ਗਈਆਂ। ਇਸ ਤਰ੍ਹਾਂ, ਸਾਰੇ ਦੇਸ਼ ਅੰਦਰ ਮਜ਼ਦੂਰ ਲਹਿਰ ਵਿਰੁੱਧ ਇਕ ਤਰ੍ਹਾਂ ਦੀ ਮਨੋਵਿਗਿਆਨਕ ਜੰਗ ਛੇੜੀ ਗਈ ਤਾਂ ਜੋ ਮਜ਼ਦੂਰ ਵਿਰੋਧੀ ਹਵਾ ਬੰਨ੍ਹੀ ਜਾਵੇ ਅਤੇ ਮਜ਼ਦੂਰ ਜਮਾਤ ਅਤੇ ਉਸ ਦੀਆਂ ਜੱਥੇਬੰਦੀਆਂ ਵਿਰੁੱਧ ਲੋਕ ਰਾਏ ਭੜਕਾਈ ਜਾਵੇ। 
ਐਪਰ ਮੁਕੱਦਮੇ ਦੌਰਾਨ, ਗ੍ਰਿਫਤਾਰ ਕੀਤੇ ਗਏ ਆਗੂਆਂ ਵਲੋਂ ਆਪਣੀ ਸਫਾਈ ਵਿਚ ਦਿੱਤੇ ਗਏ ਬਿਆਨਾਂ ਨਾਲ, ਇਹ ਮੁਕੱਦਮਾਂ ਮਜ਼ਦੂਰਾਂ ਵਿਰੁੱਧ ਨਹੀਂ ਬਲਕਿ ਪੂੰਜੀਵਾਦੀ ਪ੍ਰਨਾਲੀ ਵਿਰੁੱਧ ਇਕ ਲੋਕ-ਫਤਵੇ ਦਾ ਰੂਪ ਧਾਰਨ ਕਰ ਗਿਆ। ਮਜ਼ਦੂਰ ਆਗੂਆਂ ਨੇ ਆਪਣੀ ਸਫਾਈ ਦਾ ਪੱਖ ਪੇਸ਼ ਕਰਦਿਆਂ ਆਪਣੇ ਸਾਹਸ ਅਤੇ ਜਮਾਤੀ ਗੌਰਵ ਦਾ ਭਰਪੂਰ ਸਬੂਤ ਦਿੱਤਾ। ਉਨ੍ਹਾਂ ਨੇ ਨਾ ਸਿਰਫ ਆਪਣੇ ਨਿਰਦੋਸ਼ ਹੋਣ ਦੇ ਸਬੂਤ ਦਿੱਤੇ ਬਲਕਿ ਉਲਟਾ ਅਧਿਕਾਰੀਆਂ ਨੂੰ ਦੋਸ਼ੀਆਂ ਦੇ ਕਟਹਿਰੇ ਵਿਚ ਖੜ੍ਹੇ ਕਰ ਦਿੱਤਾ। ਜਿਹੜੇ ਆਗੂ ਗ੍ਰਿਫਤਾਰ ਨਹੀਂ ਸਨ ਕੀਤੇ ਜਾ ਸਕੇ, ਉਹ ਆਪ ਅਦਾਲਤ ਵਿਚ ਪੇਸ਼ ਹੋ ਕੇ ਆਪਣੇ ਸਾਥੀਆਂ ਦੇ ਨਾਲ ਜਾ ਖੜੋਏ। ਇਸਦੇ ਬਾਵਜੂਦ ਅਦਾਲਤ ਨੇ ਅਜਿਹਾ ਅਨਿਆਂਪੂਰਨ ਫੈਸਲਾ ਦਿੱਤਾ ਜਿਸਨੇ ਪੂੰਜੀਵਾਦੀ ਨਿਆਂ-ਪ੍ਰਣਾਲੀ ਦੇ ਨਿਰਪੱਖਤਾ ਦੇ ਮਖੌਟੇ ਨੂੰ ਲਾਹ ਕੇ ਉਸਦੇ ਅਸਲੀ ਜਮਾਤੀ ਖਾਸੇ ਨੂੰ ਬੁਰੀ ਤਰ੍ਹਾਂ ਬੇਪਰਦ ਕਰ ਦਿੱਤਾ ਅਤੇ ਬੁਰਜਵਾ ਜਮਹੂਰੀਅਤ ਦੇ ਸਮਾਨਤਾ ਦੇ ਲਬਾਦੇ ਨੂੰ ਵੀ ਲੀਰੋ-ਲੀਰ ਕਰ ਦਿੱਤਾ। ਭਾਵੇਂ ਕਿਸੇ ਵੀ ਆਗੂ ਦਾ ਬੰਬ ਧਮਾਕੇ ਲਈ ਦੋਸ਼ੀ ਹੋਣਾ ਸਾਬਤ ਨਹੀਂ ਹੋ ਸਕਿਆ ਪਰ ਫੇਰ ਵੀ 7 ਆਗੂਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਹ ਆਗੂ ਸਨ-ਅਲਬਰਟ ਪਾਰਸਨਜ਼, ਆਗਸਤ ਸਪਾਈਜ਼, ਸੈਮੂਅਲ ਫੀਲਡਜ਼, ਮਾਈਕਲ ਸ਼ਾਅਬ, ਲੂਈ ਕਿੰਗ, ਅਡੌਲਫ ਫਿਸ਼ਰ ਅਤੇ ਜਾਰਜ ਐਨਗਲ। ਅਠਵੇਂ ਆਗੂ, ਆਸਕਰ ਨੀਵ, ਨੂੰ 15 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਮੁਕੱਦਮੇਂ ਦੌਰਾਨ ਇਹ ਗੱਲ ਵੀ ਪ੍ਰਤੱਖ ਰੂਪ ਵਿਚ ਸਾਬਤ ਹੋ ਗਈ ਸੀ ਕਿ ਜਿਹਨਾਂ ਸਾਥੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਉਨ੍ਹਾਂ 'ਚੋਂ ਸਿਰਫ਼ ਦੋ ਹੀ ਸਨ ਜਿਹੜੇ ਕਿ 4 ਮਈ ਦੇ ਮੁਜ਼ਾਹਰੇ ਵਿਚ ਸ਼ਾਮਲ ਸਨ। 
ਅਮਰੀਕੀ ਧੰਨਕੁਬੇਰਾਂ ਅਤੇ ਸਰਕਾਰ ਦੀ ਇਸ ਘੋਰ ਬੇਇਨਸਾਫੀ ਅਤੇ ਸ਼ਰਮਨਾਕ ਕਾਰਵਾਈ ਦਾ ਮਕਸਦ ਮਜ਼ਦੂਰਾਂ ਅੰਦਰ ਫੈਲੀ ਹੋਈ ਬੇਚੈਨੀ ਨੂੰ ਦਬਾਉਣਾ ਸੀ ਅਤੇ ਉਨ੍ਹਾਂ ਮਜ਼ਦੂਰਾਂ ਨੂੰ ਡਰਾਉਣਾ ਸੀ ਜਿਹੜੇ ਕਿ ਅਜੇ ਚੇਤਨ ਜਮਾਤੀ ਸੰਘਰਸ਼ ਕਰਨ ਦੀ ਪੱਧਰ ਤੱਕ ਸੁਚੇਤ ਨਹੀਂ ਸਨ ਹੋਏ। ਇਸ ਦੇ ਬਾਵਜੂਦ ਅਮਰੀਕਾ ਅਤੇ ਯੂਰਪ ਦੀਆਂ ਮਜ਼ਦੂਰ ਜੱਥੇਬੰਦੀਆਂ ਨੇ, ਅਤੇ ਕੁੱਝ ਅਗਾਂਹਵਧੂ ਅਮਰੀਕਨਾਂ ਨੇ ਵੀ, ਵੱਡੇ ਵੱਡੇ ਰੋਸ ਮੁਜ਼ਾਹਰੇ ਜੱਥੇਬੰਦ ਕੀਤੇ ਅਤੇ ਇਹ ਮੰਗ ਕੀਤੀ ਕਿ ਇਹ ਨਜ਼ਾਇਜ਼ ਸਜ਼ਾਵਾਂ ਮਨਸੂਖ਼ ਕੀਤੀਆਂ ਜਾਣ। ਪਰੰਤੂ ਅਮਰੀਕਣ ਸਰਕਾਰ ਵੱਲੋਂ ਇਹ ਸਾਰੀਆਂ ਅਪੀਲਾਂ/ਦਲੀਲਾਂ ਅਣਸੁਣੀਆਂ ਕਰ ਦਿੱਤੀਆਂ ਗਈਆਂ। ਕੇਵਲ ਫੀਲਡਜ਼ ਅਤੇ ਸ਼ਾਅਬ ਦੀਆਂ ਮੌਤ ਦੀਆਂ ਸਜ਼ਾਵਾਂ ਨੂੰ ਹੀ ਉਮਰ ਕੈਦ ਵਿਚ ਬਦਲਿਆ ਗਿਆ। ਲੂਈ ਕਿੰਗ ਦਾ ਜੇਲ੍ਹ ਵਿਚ ਹੀ ਦਿਹਾਂਤ ਹੋ ਗਿਆ ਅਤੇ ਬਾਕੀ 4 ਯੋਧਿਆਂ-ਅਲਬਰਟ ਪਾਰਸਨਜ਼, ਆਗਸਤ ਸਪਾਈਜ਼, ਜਾਰਜ ਐਨਗਲ ਅਤੇ ਅਡੌਲਫ ਫਿਸ਼ਰ ਨੂੰ 11 ਨਵੰਬਰ 1887 ਨੂੰ ਫਾਂਸੀ ਦੇ ਤਖ਼ਤੇ 'ਤੇ ਲਟਕਾਅ ਦਿੱਤਾ ਗਿਆ। ਇਨ੍ਹਾਂ ਚਾਰਾਂ ਹੀ ਬਹਾਦਰ ਮਜ਼ਦੂਰ ਆਗੂਆਂ ਨੇ ਹੱਸ-ਹੱਸ ਕੇ ਫਾਂਸੀ ਦੇ ਰੱਸੇ ਚੁੰਮੇ। ਫਾਂਸੀ ਦੇ ਤਖ਼ਤੇ ਵੱਲ ਵਧਦਿਆਂ ਸਪਾਈਜ਼ ਦੇ ਅੰਤਮ ਸ਼ਬਦ ਸਨ-
''ਇਕ ਸਮਾਂ ਆਵੇਗਾ, ਜਦੋਂ ਸਾਡੀ ਚੁੱਪ, ਸਾਡੇ ਸ਼ਬਦਾਂ ਨਾਲੋਂ ਜ਼ਿਆਦਾ ਬੋਲੇਗੀ।'' 
ਇਸ ਤਰ੍ਹਾਂ ਸ਼ੁਰੂ ਹੋਈ ਮਜ਼ਦੂਰ ਲਹਿਰ ਦੀ ਇਕ ਹੋਰ ਜੁਝਾਰੂ ਰਵਾਇਤ, ਸਾਂਝੇ ਮਜ਼ਦੂਰ ਕਾਜ਼ ਲਈ ਇਨਕਲਾਬੀ ਬਲੀਦਾਨ ਦੇਣ ਦੀ ਰਵਾਇਤ। ਦੂਜੇ ਪਾਸੇ, ਜਿਹਨਾਂ ਤਿੰਨ ਆਗੂਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਉਨ੍ਹਾਂ ਨੂੰ 1893 ਵਿਚ ਰਿਹਾਅ ਕਰ ਦਿੱਤਾ ਗਿਆ। ਕਿਉਂਕਿ  ਈਲੀਅਨਜ਼ ਪ੍ਰਾਂਤ, ਜਿਸ ਵਿਚ ਸ਼ਿਕਾਗੋ ਸ਼ਹਿਰ ਪੈਂਦਾ ਹੈ, ਦੇ ਗਵਰਨਰ ਨੂੰ ਇਹ ਸਵੀਕਾਰ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ ਕਿ ਇਨ੍ਹਾਂ ਆਗੂਆਂ ਉੱਪਰ ਲਾਏ ਗਏ ਜ਼ੁਰਮ ਸਾਬਤ ਨਹੀਂ ਸਨ ਹੋ ਸਕੇ ਅਤੇ ਫਾਂਸੀ ਚਾੜ੍ਹੇ ਗਏ ਆਗੂਆਂ ਦੀ ਤਰ੍ਹਾਂ, ਇਹ ਵੀ ਅਦਾਲਤ ਦੀ ਪੱਖਪਾਤੀ ਪਹੁੰਚ ਦੇ ਸ਼ਿਕਾਰ ਹੋਏ ਸਨ। ਇਸ ਤੋਂ ਬਿਨਾਂ, ਇਹ ਵੀ ਸਿੱਧ ਹੋ ਗਿਆ ਸੀ ਕਿ ਮੁਕੱਦਮੇ ਦੇ ਮੁੱਖ ਗਵਾਹ ਨੂੰ ਵੱਢੀ ਦਿੱਤੀ ਗਈ ਸੀ। ਇੰਝ, ਅਮਰੀਕੀ ਪੂੰਜੀਵਾਦੀ ਨਿਆਂ-ਪ੍ਰਣਾਲੀ ਦਾ ਭਾਂਡਾ, ਸਮੁੱਚੀ ਦੁਨੀਆਂ, ਸਾਹਮਣੇ, ਚੁਰਾਹੇ ਵਿਚ ਭੱਜ ਗਿਆ। 
ਕੌਮਾਂਤਰੀ ਕਿਰਤੀ ਲਹਿਰ ਵਲੋਂ ਸ਼ਿਕਾਗੋ ਦੇ ਇਸ ਮੁਕੱਦਮੇ ਨੂੰ 'ਹੇਅ ਮਾਰਕੀਟ ਕੇਸ' ਦਾ ਨਾਂਅ ਦਿੱਤਾ ਗਿਆ ਅਤੇ ਇਸ ਕੇਸ ਵਿਚ ਫਾਂਸੀ ਲਾ ਕੇ ਸ਼ਹੀਦ ਕੀਤੇ ਗਏ ਚਾਰ ਆਗੂਆਂ ਨੂੰ ਸ਼ਿਕਾਗੋ ਦੇ ਸ਼ਹੀਦ ਕਹਿ ਕੇ ਸਤਿਕਾਰ ਦਿੱਤਾ ਗਿਆ। ਝੂਠੇ ਕੇਸ ਪਾ ਕੇ ਸ਼ਹੀਦ ਕੀਤੇ ਗਏ ਇਨ੍ਹਾਂ ਆਗੂਆਂ ਦੀ ਸ਼ਹਾਦਤ ਨਾਲ ਦੁਨੀਆਂ ਭਰ ਦੇ ਮਜ਼ਦੂਰਾਂ ਵਿਚ ਵਿਆਪਕ ਰੋਹ ਭੜਕਿਆ। ਇਸ ਪਿਛੋਕੜ ਵਿਚ 1889 ਵਿਚ, ਪੈਰਿਸ ਵਿਖੇ ਹੋਈ, ਅੰਤਰ-ਰਾਸ਼ਟਰੀ ਵਰਕਿੰਗ ਮੈਨਜ਼ ਐਸੋਸੀਏਸ਼ਨ ਦੀ ਕਾਂਗਰਸ ਵਿਚ ਫੈਸਲਾ ਕੀਤਾ ਗਿਆ ਕਿ ਅਗਲੇ ਸਾਲ ਭਾਵ 1890 ਤੋਂ ਹਰ ਸਾਲ ਪਹਿਲੀ ਮਈ ਦੇ ਦਿਨ ਨੂੰ ਮਜ਼ਦੂਰ ਜਮਾਤ ਦੇ ਅੰਤਰ-ਰਾਸ਼ਟਰੀ ਇਕਮੁਠਤਾ ਦਿਵਸ ਵਜੋਂ ਮਨਾਇਆ ਜਾਇਆ ਕਰੇਗਾ। ਇੰਜ ਬੱਝਾ ਸੀ ਮੁੱਢ, ਮਜ਼ਦੂਰਾਂ ਦੇ ਇਸ ਲਹੂ ਭਿੱਜੇ ਇਨਕਲਾਬੀ ਕੌਮਾਂਤਰੀ ਦਿਹਾੜੇ ਦਾ। 
ਇਸ ਪਿਛੋਂ, ਦੁਨੀਆਂ ਭਰ ਦੇ ਮਜ਼ਦੂਰਾਂ ਲਈ ਪਹਿਲੀ ਮਈ ਦਾ ਦਿਨ, ਆਪਣੀਆਂ ਆਰਥਿਕ ਤੇ ਰਾਜਨੀਤਿਕ ਮੰਗਾਂ ਉਠਾਉਣ ਅਤੇ ਇਨਕਲਾਬੀ ਯੁੱਧਨੀਤਕ ਨਿਸ਼ਾਨੇ ਨੂੰ ਉਭਾਰਨ ਦਾ ਮੰਚ ਬਣ ਗਿਆ। ਇਸ ਦਿਨ ਮਜ਼ਦੂਰ ਜਮਾਤ, ਥਾਂ ਪੁਰ ਥਾਂ, ''ਦੁਨੀਆਂ ਭਰ ਦੇ ਮਜ਼ਦੂਰੋ ਇਕ ਹੋ ਜਾਓ'' ਦਾ ਨਾਅਰਾ ਬੁਲੰਦ ਕਰਕੇ ਆਪਣੀ ਕੌਮਾਂਤਰੀ ਇਕਮੁੱਠਤਾ ਦਾ ਪ੍ਰਗਟਾਵਾ ਕਰਦੀ ਹੈ। ਨਾਲ ਹੀ ਉਹ ਪਿਛਲੇ ਸਾਲ ਅੰਦਰ ਲੜੇ ਗਏ ਸੰਘਰਸ਼ਾਂ ਦਾ ਲੇਖਾ-ਜੋਖਾ ਕਰਦੀ ਹੈ ਅਤੇ ਨਵੇਂ ਕਾਰਜ ਤੇ ਨਵੇਂ ਰਾਜਸੀ ਦਿਸਹੱਦੇ ਨਿਰਧਾਰਤ ਕਰਦੀ ਹੈ। ਪਿਛਲੇ 125 ਸਾਲਾਂ ਤੋਂ  ਵੱਧ ਦੇ ਸਮੇਂ ਦੌਰਾਨ, ਮਈ ਦਿਵਸ ਨੇ ਮਜ਼ਦੂਰ ਲਹਿਰ ਨੂੰ ਵਿਕਸਿਤ ਕਰਨ ਅਤੇ ਵੱਡੀਆਂ ਵੱਡੀਆਂ ਮੱਲਾਂ ਮਾਰਨ ਦੇ ਯੋਗ ਬਣਾਉਣ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 
(ਅਲੈਗਜ਼ੈਂਡਰ ਟਰੈਕਟਬਰਗ ਵਲੋਂ ਲਿਖੇ ਗਏ ਕਿਤਾਬਚੇ 'ਮਈ ਦਿਵਸ ਦੇ ਇਤਹਾਸ' ਵਿਚ ਦਿੱਤੀ ਗਈ ਜਾਣਕਾਰੀ 'ਤੇ ਆਧਾਰਤ)

No comments:

Post a Comment