Tuesday 6 May 2014

ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਵਰਤਮਾਨ ਤੇ ਭਵਿੱਖੀ ਰਾਜਨੀਤਕ ਚਰਚਾ

ਮੰਗਤ ਰਾਮ ਪਾਸਲਾ

ਆਮ ਜਨਤਾ ਕਿਆਸ ਲਗਾਉਂਦੀ ਹੈ ਕਿ .........
1. ਕਾਂਗਰਸ ਤੇ ਇਸਦੇ ਭਾਈਵਾਲ ਆਪਣੇ ਦਸ ਸਾਲਾਂ ਦੇ ਸ਼ਾਸਨ ਕਾਲ ਦੌਰਾਨ ਸਾਮਰਾਜ ਭਗਤੀ, ਲੋਕ ਹਿੱਤਾਂ ਦੀ ਅਣਦੇਖੀ, ਧਨ ਕੁਬੇਰਾਂ ਦੀ ਚਾਕਰੀ, ਮਹਿੰਗਾਈ, ਬੇਕਾਰੀ ਅਤੇ ਮਣਾਂ ਮੂੰਹੀਂ ਕੀਤੇ ਭਰਿਸ਼ਟਾਚਾਰ ਸਦਕਾ ਨਮੋਸ਼ੀ ਭਰੀ ਹਾਰ ਦੇਖ ਸਕਦੇ ਹਨ। 

2. ਦੇਸ਼ ਪੱਧਰੀ, ਕਿਸੇ ਯੋਗ ਲੋਕ-ਪੱਖੀ ਰਾਜਨੀਤਕ ਤੇ ਆਰਥਿਕ ਮੁਤਬਾਦਲ ਦੀ ਅਣਹੋਂਦ ਕਾਰਨ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਤੇ ਇਸਦੇ ਸਹਿਯੋਗੀ ਦਲ ਯੂ.ਪੀ.ਏ. ਦੀ ਕੇਂਦਰੀ ਸਰਕਾਰ ਵਿਰੁੱਧ ਲੋਕਾਂ ਅੰਦਰ ਫੈਲੇ ਅਸੰਤੋਸ਼ ਦਾ ਲਾਹਾ ਲੈ ਕੇ ਲੋਕ ਸਭਾ ਮੈਂਬਰਾਂ ਦੀ ਗਿਣਤੀ ਪੱਖੋਂ, ਇਕ ਵੱਡੀ ਰਾਜਸੀ ਧਿਰ ਵਜੋਂ ਉਭਰ ਸਕਦੇ ਹਨ ਪ੍ਰੰਤੂ ਇਹ ਅੰਕੜਾ ਪੂਰਨ ਬਹੁਮੱਤ ਨਾਲੋਂ ਹੇਠਾਂ ਹੋਵੇਗਾ। 

3. ਵੱਖ ਵੱਖ ਪ੍ਰਾਂਤਾਂ ਦੀਆਂ ਇਲਾਕਾਈ ਰਾਜਨੀਤਕ ਪਾਰਟੀਆਂ ਜਿਵੇਂ ਬਸਪਾ, ਸਪਾ, ਆਲ ਇੰਡੀਆ ਅੰਨਾ ਡੀ.ਐਮ.ਕੇ., ਡੀ.ਐਮ.ਕੇ., ਟੀ.ਐਮ.ਸੀ. ਬੀਜੂ ਜਨਤਾ ਦਲ, ਰਾਜਦ, ਟੀ.ਆਰ.ਐਸ., ਜਨਤਾ ਦਲ (ਯੂ) ਇਤਿਆਦਿ ਆਪੋ ਆਪਣੇ ਖੇਤਰਾਂ ਵਿਚ ਵੋਟਰਾਂ ਨੂੰ ਵੱਖ ਵੱਖ ਢੰਗਾਂ ਅਤੇ ਲੋਕ ਲੁਭਾਊ ਨਾਅਰਿਆਂ ਰਾਹੀਂ ਭਰਮਾ ਕੇ ਚੋਖੀਆਂ ਸੀਟਾਂ ਹਾਸਲ ਕਰ ਸਕਦੇ ਹਨ। ਪ੍ਰੰਤੂ ਇਨ੍ਹਾਂ ਦੇ ਗਠਜੋੜ ਰਾਹੀਂ ਕਾਇਮ ਹੋਇਆ ਨਾਮ ਨਿਹਾਦ 'ਤੀਸਰਾ ਮੋਰਚਾ' ਸੰਪੂਰਨ ਬਹੁਮਤ ਲੈ ਕੇ ਇਕੱਲਿਆਂ ਸਰਕਾਰ ਕਦਾਚਿੱਤ ਨਹੀ ਬਣਾ ਸਕੇਗਾ। ਇਹ ਦਲ ਸੱਤਾ ਵਿਚ ਹਿੱਸੇਦਾਰੀ ਪ੍ਰਾਪਤ ਕਰਨ ਲਈ ਭਾਜਪਾ (ਐਨ.ਡੀ.ਏ.) ਜਾਂ ਕਾਂਗਰਸ (ਯੂ.ਪੀ.ਏ.) ਵਿਚੋਂ ਕਿਸੋੇ ਧਿਰ ਦਾ ਵੀ ਪੱਲਾ ਫੜ ਸਕਦੇ ਹਨ, ਕਿਉਂਕਿ ਸੱਤਾ ਪ੍ਰਾਪਤ ਕਰਨ ਤੋਂ ਬਿਨਾਂ ਇਨ੍ਹਾਂ ਦਲਾਂ ਦਾ ਨਾਂ ਕੋਈ ਪੱਕਾ-ਠੱਕਾ ਸਿਧਾਂਤ ਹੈ ਤੇ ਨਾਂ ਹੀ ਕੋਈ ਹੋਰ ਨਿਸ਼ਾਨਾ। ਆਰਥਿਕ ਨੀਤੀਆਂ ਦੇ ਨਜ਼ਰੀਏ ਤੋਂ ਵੀ ਇਹ ਦਲ ਕਾਂਗਰਸ ਤੇ ਭਾਜਪਾ ਵਾਂਗਰ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਪੂਰੀ ਤਰ੍ਹਾਂ ਕੱਟੜ ਹਮਾਇਤੀ ਹਨ।

ਲੋਕਾਂ ਨੂੰ ਸਪੱਸ਼ਟ ਹੋ ਗਿਆ ਹੈ ਕਿ 
1. ਭਾਰਤੀ ਜਮਹੂਰੀਅਤ ਵੀ 'ਜਮਾਤੀ ਤਾਨਾਸ਼ਾਹੀ' ਦੀ ਹੀ ਇਕ ਵੰਨਗੀ ਹੈ। ਭਾਵ ਇਨਾਂ ਚੋਣਾਂ ਅੰਦਰ ਜਿਸ ਤਰ੍ਹਾਂ ਕਾਰਪੋਰੇਟ ਘਰਾਣਿਆਂ ਤੇ ਇਸਦੇ ਕੰਟਰੋਲ ਹੇਠਲਾ ਮੀਡੀਆ (ਇਲੈਕਟਰਾਨਿਕ ਤੇ ਪ੍ਰਿੰਟ ਦੋਹਾਂ ਹੀ) ਨੇ ਚੋਣਾਂ ਅੰਦਰ ਆਮ ਲੋਕਾਂ ਨਾਲ ਸਬੰਧਤ ਮੁੱਦਿਆਂ, ਤਬਾਹਕੁੰਨ ਆਰਥਿਕ ਨੀਤੀਆਂ ਤੇ ਜਨ ਸਮੂਹਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਅਣਦੇਖੀ ਕਰਕੇ ਆਪਣੇ ਜਮਾਤੀ ਪ੍ਰਤੀਪਾਲਕਾਂ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਉਪਰ ਕੇਂਦਰਤ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਹੈ, ਉਸ ਨਾਲ ਦੇਸ਼ ਅੰਦਰ ਲੋਟੂ ਜਮਾਤਾਂ ਦੀ ਸੇਵਾ ਹਿੱਤ ਕੰਮ ਕਰਦੀ 'ਜਮਹੂਰੀਅਤ' ਦਾ ਅਸਲ ਰੰਗ ਲੋਕਾਂ ਸਾਹਮਣੇ ਸਪੱਸ਼ਟ ਹੋ ਗਿਆ ਹੈ। 

2 .ਆਰ.ਐਸ.ਐਸ. ਦੇ ਇਕ 'ਸਭਿਆਚਾਰਕ' ਤੇ 'ਦੇਸ਼ ਭਗਤ' ਸਮਾਜਿਕ ਸੰਗਠਨ ਹੋਣ ਦੇ ਪਾਖੰਡ ਨੂੰ ਇਨ੍ਹਾਂ ਲੋਕ ਸਭਾ ਚੋਣਾਂ ਨੇ ਪੂਰੀ ਤਰ੍ਹਾਂ ਨੰਗਿਆ ਕਰ ਦਿੱਤਾ ਹੈ ਕਿਉਂਕਿ ਨਰਿੰਦਰ ਮੋਦੀ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪ੍ਰਸਤਾਵਿਤ ਉਮੀਦਵਾਰੀ ਵਰਗੇ ਰਾਜਨੀਤਕ ਫੈਸਲੇ ਨੂੰ ਆਰ.ਐਸ.ਐਸ. ਨੇ ਹੀ ਸਿਰੇ ਚੜ੍ਹਾਇਆ ਹੈ। ਆਰ.ਐਸ.ਐਸ. ਵਰਕਰਾਂ ਨੂੰ ਨਰਿੰਦਰ ਮੋਦੀ ਦੇ ਹੱਕ ਵਿਚ ਪੂਰੀ ਸ਼ਕਤੀ ਨਾਲ ਨਿਤਰਨ ਦੀ ਹਦਾਇਤ ਨੇ, ਇਸਨੂੰ 'ਹਿੰਦੂ ਰਾਸ਼ਟਰ' ਕਾਇਮ ਕਰਨ ਦੇ ਨਿਸ਼ਾਨੇ ਲਈ ਕੰਮ ਕਰ ਰਹੇ ਇਕ ਅੱਤ ਫਿਰਕੂ ਰਾਜਨੀਤਕ ਸੰਗਠਨ ਵਜੋਂ ਉਘਾੜ ਕੇ ਪੇਸ਼ ਕਰ ਦਿੱਤਾ ਹੈ। 

3.  ਪੈਸਾ ਤੇ ਹੋਰ ਅਨੇਕਾਂ ਗੈਰਕਾਨੂੰਨੀ ਤੇ ਅਨੈਤਿਕ ਢੰਗਾਂ ਅਤੇ ਗੁੰਡਾ ਤੇ ਲੱਠਮਾਰ ਦਸਤਿਆਂ ਦੀ ਚੋਣਾਂ ਜਿੱਤਣ ਵਾਸਤੇ ਇਕ ਕਾਰਗਰ ਹਥਿਆਰ ਵਜੋਂ ਵਰਤੋਂ ਨੇ, ਮੌਜੂਦਾ ਲੋਕ ਰਾਜੀ ਪ੍ਰਣਾਲੀ ਦੀਆਂ ਜਮਾਤੀ ਸੀਮਾਵਾਂ ਤੇ ਭਵਿੱਖੀ ਗੰਭੀਰ ਚਣੌਤੀਆਂ ਨੂੰ ਲੋਕਾਂ ਸਾਹਮਣੇ ਵਧੇਰੇ ਉਜਾਗਰ ਕਰਕੇ ਰੱਖ ਦਿੱਤਾ ਹੈ।

ਸੁਹਿਰਦ ਤੇ ਚੇਤੰਨ ਲੋਕ ਚਾਹੁੰਦੇ ਸਨ, ਪ੍ਰੰਤੂ ਹੋ ਨਹੀਂ ਸਕਿਆ.....
1.  ਕਾਂਗਰਸ ਤੇ ਭਾਜਪਾ ਦੇ ਮੁਕਾਬਲੇ ਵਿਚ ਕੋਈ ਹਕੀਕੀ ਲੋਕ ਪੱਖੀ ਰਾਜਸੀ ਧਿਰ ਲੋਕ ਸਭਾ ਚੋਣਾਂ ਵਿਚ ਉਭਰ ਕੇ ਸਾਹਮਣੇ ਆਵੇ ਜੋ ਦੇਸ਼ ਨੂੰ ਮੌਜੂਦਾ ਸੰਤਾਪ ਵਿਚੋਂ ਕੱਢ ਕੇ ਲੋਕ ਮੁਖੀ ਵਿਕਾਸ ਦੇ ਰਾਹ ਪਾਵੇ ਤੇ ਮਿਹਨਤਕਸ਼ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਕਰਨ ਵਾਲੀਆਂ ਨੀਤੀਆਂ ਅਖਤਿਆਰ ਕਰੇ। 

2.  ਦਿੱਲੀ ਚੋਣਾਂ ਵਿਚ ਕਾਂਗਰਸ ਤੇ ਭਾਜਪਾ ਦੇ ਮੁਕਾਬਲੇ ਵਿਚ ਉਭਰੀ ਨਵੀਂ ਰਾਜਨੀਤਕ ਪਾਰਟੀ 'ਆਪ' ਦੇਸ਼ ਪੱਧਰ ਉਪਰ ਖੱਬੀਆਂ ਤੇ ਦੂਸਰੀਆਂ ਜਮਹੂਰੀ ਸੰਘਰਸ਼ਸ਼ੀਲ ਸ਼ਕਤੀਆਂ ਨਾਲ ਹੱਥ ਮਿਲਾ ਕੇ ਇਕ ਸ਼ਕਤੀਸ਼ਾਲੀ ਤੀਸਰੀ ਧਿਰ ਉਭਾਰਨ ਵਿਚ ਹਾਂ-ਪੱਖੀ ਭੂਮਿਕਾ ਅਦਾ ਕਰੇ। 

3.  ਸਭ ਭਰਿਸ਼ਟ, ਫਿਰਕਾਪ੍ਰਸਤ, ਸਮਾਜ ਵਿਰੋਧੀ ਤੇ ਅਪਰਾਧੀ ਤੱਤਾਂ ਨੂੰ ਚੋਣਾਂ ਅੰਦਰ ਲੱਕ ਤੋੜਵੀਂ ਹਾਰ ਦਿੱਤੀ ਜਾਵੇ।

ਲੋਕਾਂ ਦਾ ਸੰਤਾਪ ਜੋ ਨਿਰੰਤਰ ਜਾਰੀ ਰਹਿਣਾ ਹੈ  .....
1. ਚੋਣਾਂ ਤੋਂ ਬਾਅਦ ਹੋਂਦ ਵਿਚ ਆਈ ਕਿਸੇ ਵੀ ਕੇਂਦਰੀ ਸਰਕਾਰ ਨੇ, ਮੌਜੂਦਾ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਨੂੰ ਤਿਆਗਣ ਦੀ ਥਾਂ ਇਹ ਸਗੋਂ ਹੋਰ ਵਧੇਰੇ ਜ਼ੋਰ ਨਾਲ ਲਾਗੂ ਕਰਨੀਆਂ ਹਨ ਕਿਉਂਕਿ ਇਨ੍ਹਾਂ ਨੀਤੀਆਂ ਨੂੰ ਥੰਮ੍ਹਣ ਵਾਲੀਆਂ ਸਾਮਰਾਜ ਵਿਰੋਧੀ ਖੱਬੇ-ਪੱਖੀ ਤਾਕਤਾਂ ਅਜੇ ਬਹੁਤ ਕਮਜ਼ੋਰ ਹਨ। ਸਾਮਰਾਜੀ ਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਪਹਿਲਾਂ ਵਾਂਗਰ ਜਾਰੀ ਰਹੇਗੀ। 

2. ਮਹਿੰਗਾਈ, ਬੇਕਾਰੀ, ਗਰੀਬੀ, ਭੁੱਖਮਰੀ ਨਾਲ ਸਮੁੱਚੇ ਕਿਰਤੀ ਲੋਕ ਵਧੇਰੇ ਝੰਬੇ ਜਾਣਗੇ। 

3. ਲੋਕ ਮਾਰੂ ਨੀਤੀਆਂ ਨੂੰ ਲਾਗੂ ਕਰਨ ਤੇ ਲੋਕ ਲਹਿਰਾਂ ਨੂੰ ਦਬਾਉਣ ਲਈ ਕੇਂਦਰੀ ਸਰਕਾਰ ਵਧੇਰੇ ਦਬਾਊ ਕਦਮ ਚੁਕਦੀ ਹੋਈ ਹੋਰ ਤਿੱਖੇ ਜ਼ਬਰ ਦਾ ਸਹਾਰਾ ਲਵੇਗੀ। 

ਲੋਕ, ਜੋ ਇਨਕਲਾਬੀ ਸਮਾਜਿਕ ਪਰਿਵਰਤਨ  ਦੀ ਤਮੰਨਾ ਕਰਦੇ ਹਨ, ਚਾਹੁੰਦੇ ਹਨ ਕਿ : 
1. ਹੋਂਦ ਵਿਚ ਆਉਣ ਵਾਲੀ ਨਵੀਂ ਕੇਂਦਰੀ ਸਰਕਾਰ ਦੀਆਂ ਧਨ ਕੁਬੇਰਾਂ ਪੱਖੀ ਸੰਭਾਵਿਤ ਲੋਕ ਮਾਰੂ ਨੀਤੀਆਂ ਦਾ ਵਿਸ਼ਾਲ ਜਨਤਕ ਪ੍ਰਤੀਰੋਧ ਰਾਹੀਂ ਡਟਵਾਂ ਮੁਕਾਬਲਾ ਕਰਨ ਲਈ ਹੁਣ ਤੋਂ ਹੀ ਜ਼ੋਰਦਾਰ ਤਿਆਰੀਆਂ ਅਰੰਭੀਆਂ ਜਾਣ। ਜਨਤਕ ਘੋਲਾਂ ਰਾਹੀਂ ਉਭਾਰਿਆ ਇਹ ਲੋਕ ਉਭਾਰ  ਹੀ ਮੌਜੂਦਾ ਰਾਜਨੀਤਕ ਤਾਕਤਾਂ ਦੇ ਤੋਲ ਨੂੰ ਹਾਂ-ਪੱਖੀ ਦਿਸ਼ਾ ਵਿਚ ਬਦਲ ਸਕਦਾ ਹੈ। 

2. ਫਿਰਕਾਪ੍ਰਸਤੀ, ਅੰਨ੍ਹੀ ਕੌਮਪ੍ਰਸਤੀ, ਇਲਾਕਾਈ ਤੇ ਜਾਤੀਵਾਦੀ, ਛਾਵਨਵਾਦੀ ਵਿਚਾਰਧਾਰਾ ਦਾ ਵਿਚਾਰਧਾਰਕ ਤੇ ਰਾਜਨੀਤਕ ਖੇਤਰਾਂ ਵਿਚ ਖੱਬੇ ਪੱਖੀ ਤੇ ਜਮਹੂਰੀ ਪੈਂਤੜੇ ਤੋਂ ਜ਼ੋਰਦਾਰ ਵਿਰੋਧ ਕੀਤਾ ਜਾਵੇ। 

3. ਦੇਸ਼ ਦੀਆਂ ਸਮੂਹ ਖੱਬੀਆਂ ਧਿਰਾਂ ਨੂੰ ਮਿਲ ਬੈਠ ਕੇ ਖੱਬੀ ਲਹਿਰ ਦੇ ਕਮਜ਼ੋਰ ਹੋਣ ਦੇ ਕਾਰਨਾਂ ਨੂੰ ਘੋਖਣ ਅਤੇ ਇਨ੍ਹਾਂ ਨੂੰ ਦੂਰ ਕਰਕੇ ਇਕ ਸ਼ਕਤੀਸ਼ਾਲੀ ਇੰਨਕਲਾਬੀ ਲਹਿਰ ਉਸਾਰਨ ਦੇ ਢੰਗ ਤਰੀਕਿਆਂ ਬਾਰੇ ਡੂੰਘਾ ਵਿਚਾਰ ਵਟਾਂਦਰਾ ਤੁਰੰਤ ਆਰੰਭਣਾ ਚਾਹੀਦਾ ਹੈ। ਜਮਾਤੀ ਭਿਆਲੀ ਤੇ ਸੰਕੀਰਨਤਾਵਾਦੀ ਪਹੁੰਚ ਅਤੇ ਹਰ ਕਿਸਮ ਦੀ ਪਾਰਲੀਮਾਨੀ ਮੌਕਾਪ੍ਰਸਤੀ ਦੇ ਕੁਰਾਹੇ ਤੋਂ ਬਚਦਿਆਂ ਹੋਇਆਂ ਗੈਰ-ਪਾਰਲੀਮਾਨੀ ਸੰਘਰਸ਼ਾਂ ਉਪਰ ਟੇਕ ਰੱਖਕੇ ਦੇਸ਼ ਪੱਧਰੀ ਹਕੀਕੀ ਲੋਕ ਪੱਖੀ ਮੁਤਬਾਦਲ ਉਸਾਰਨ ਲਈ ਤੇਜ਼ੀ ਨਾਲ ਲੋੜੀਂਦੇ ਕਦਮ ਪੁੱਟਣ ਦੀ ਜ਼ਰੂਰਤ ਹੈ। ਆਪਸੀ ਵਿਚਾਰਧਾਰਕ ਤੇ ਰਾਜਸੀ ਮਤਭੇਦ ਰੱਖਦਿਆਂ ਹੋਇਆਂ ਵੀ ਘੋਲਾਂ ਦੇ ਪਿੜ ਵਿਚ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਇਕਜੁਟ ਹੋ ਕੇ ਜਨ ਸਮੂਹਾਂ ਦਾ ਸਮੱਰਥਨ ਤੇ ਵਿਸ਼ਵਾਸ ਹਾਸਲ ਕਰ ਸਕਦੀਆਂ ਹਨ। 

No comments:

Post a Comment