Saturday, 3 May 2014

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਮਈ 2014)

ਪੇਂਡੂ ਰੋਜ਼ਗਾਰ ਵਰਕਰਜ਼ ਯੂਨੀਅਨ ਦਾ ਗਠਨ  

ਕੇਂਦਰ ਸਰਕਾਰ ਵਲੋਂ 'ਮਹਾਤਮਾ ਗਾਂਧੀ ਨੈਸ਼ਨਲ ਰੂਰਲ ਰੋਜ਼ਗਾਰ ਗਰੰਟੀ ਐਕਟ' (ਮਨਰੇਗਾ) ਸਕੀਮ ਤਹਿਤ ਪਿੰਡਾਂ ਵਿਚ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਲਈ 100 ਦਿਨ ਦੇ ਰੋਜ਼ਗਾਰ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਪੰਜਾਬ ਅੰਦਰ ਇਹ ਯੋਜਨਾ ਫਰਵਰੀ 2006 ਤੋਂ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਵਿਚ ਕੰਮ ਕਰਨ ਵਾਲੇ ਕਾਮਿਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਪਿਛਲੇ ਦਿਨੀਂ 'ਪੇਂਡੂ ਰੁਜ਼ਗਾਰ ਵਰਕਰਜ਼ ਯੂਨੀਅਨ' ਦਾ ਗਠਨ ਕੀਤਾ ਗਿਆ ਹੈ। ਇਹ ਸਕੀਮ ਦੇਖਣ ਨੂੰ ਤਾਂ ਬਹੁਤ ਚੰਗੀ ਲੱਗਦੀ ਹੈ ਪ੍ਰੰਤੂ ਅਮਲੀ ਰੂਪ ਵਿਚ ਤੱਥ ਬਿਲਕੁਲ ਉਲਟ ਹਨ। ਸਕੀਮ ਦੇ ਤਹਿਤ ਹਰ ਰਾਸ਼ਨ ਕਾਰਡ ਮਗਰ ਇਕ ਮੈਂਬਰ ਨੂੰ ਸਾਲ ਵਿਚ 100 ਦਿਨ ਦਾ ਰੁਜ਼ਗਾਰ ਦੇਣਾ ਹੁੰਦਾ ਹੈ। ਮਜ਼ਦੂਰ ਨੂੰ 100 ਰੁਪਏ ਦਿਹਾੜੀ ਮਿਲਦੀ ਸੀ, ਫਿਰ ਇਹ ਵੱਧ ਕੇ 180 ਰੁਪਏ ਕੀਤੀ ਗਈ। ਇਸ ਕੰਮ ਦੀ ਦੇਖ ਰੇਖ ਕਰਨ, ਜਾਬ ਕਾਰਡ ਭਰਨ, ਹਾਜ਼ਰੀ ਲਗਾਉਣ ਅਤੇ ਰਿਪੋਰਟਾਂ ਭੇਜਣ ਲਈ ਹਰ ਪਿੰਡ ਵਿਚ ਮੇਟ ਰੱਖੇ ਗਏ ਜਿਹਨਾਂ ਨੂੰ ਪਹਿਲਾਂ 700 ਰੁਪਏ ਮਹੀਨਾ ਮਾਣ ਭੱਤਾ ਦਿੱਤਾ ਜਾਂਦਾ ਸੀ ਪ੍ਰੰਤੂ ਨਵੰਬਰ 2007 ਤੋਂ ਮਜ਼ਦੂਰਾਂ ਵਾਂਗ ਦਿਹਾੜੀ ਦਿੱਤੀ ਜਾਣ ਲੱਗੀ। ਹਾਲਤ ਇਹ ਹੈ ਕਿ ਕਿਸੇ ਵੀ ਮਜ਼ਦੂਰ ਨੂੰ 100 ਦਿਨ ਕੰਮ ਨਹੀਂ ਮਿਲ ਰਿਹਾ, ਕਿਉਂਕਿ ਪਿੰਡ ਵਿਚ ਸਾਰਾ ਸਾਲ ਕੰਮ ਨਹੀਂ ਚਲਦਾ। ਜਿਸਦੇ ਕਈ ਕਾਰਨ ਹਨ ਇਕ ਤਾਂ ਪਿੰਡ ਦੇ ਸਰਪੰਚ ਸਬੰਧਿਤ ਦਫਤਰ ਤੋਂ ਕੰਮ ਦੀ ਮੰਗ ਹੀ ਨਹੀਂ ਕਰਦੇ ਅਤੇ ਜੇਕਰ ਕਰਦੇ ਵੀ ਹਨ ਤਾਂ ਲਗਾਤਾਰ ਨਹੀਂ ਕੀਤੀ ਜਾਂਦੀ। ਕਈ ਸਰਪੰਚ ਜੋ ਕਿ ਸਿਆਸੀ ਆਗੂਆਂ ਦੀ ਪੂਛ ਬਣੇ ਹੋਏ ਹਨ ਉਹ ਗਰੀਬ ਵਰਗ ਦੇ ਲੋਕਾਂ ਲਈ ਇਸ ਤਰ੍ਹਾਂ ਕੰਮ ਦੀ ਮੰਗ ਕਰਨ ਨੂੰ ਆਪਣੀ ਹੱਤਕ ਸਮਝਦੇ ਹਨ। ਕਹਿਣ ਤੋਂ ਭਾਵ ਕਿ ਸਰਕਾਰ, ਸਰਕਾਰੀ ਅਦਾਰਿਆਂ ਤੋਂ ਲੈ ਕੇ ਪਿੰਡਾਂ ਦੀਆਂ ਪੰਚਾਇਤਾਂ ਤੱਕ ਇਸ ਪ੍ਰਤੀ ਸੁਹਿਰਦ ਨਹੀਂ ਹਨ। 
ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਸਾਥੀ ਮਹਿੰਦਰ ਸਿੰਘ ਖੈਰੜ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਇਹਨਾਂ ਮਜ਼ਦੂਰਾਂ, ਮੇਟਾਂ ਅਤੇ ਦਫਤਰੀ ਅਮਲੇ ਦੀ ਜਥੇਬੰਦੀ ਬਣਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਹ ਜਥੇਬੰਦੀ ਉਸ ਸਮੇਂ ਬਣਾਈ ਜਾ ਰਹੀ ਹੈ ਜਦੋਂ ਸਰਕਾਰਾਂ ਲੋਕਾਂ ਨੂੰ ਰੋਜ਼ਗਾਰ ਦੇ ਨਾਂਅ ਉਤੇ ਉਹਨਾਂ ਦਾ ਸ਼ੋਸ਼ਣ ਕਰ ਰਹੀਆਂ ਹਨ। ਮਹਿੰਗਾਈ ਛੜੱਪੇ ਮਾਰ ਕੇ ਵੱਧ ਰਹੀ ਹੈ, ਗਰੀਬ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਕਠਿਨ ਹੈ, ਬਿਜਲੀ ਦੇ ਰੇਟ ਦਿਨੋ ਦਿਨ ਵੱਧ ਰਹੇ ਹਨ, ਸਰਕਾਰ ਲੋਕਾਂ ਨੂੰ ਸਿਹਤ, ਸਿੱਖਿਆ, ਸਾਫ ਪਾਣੀ, ਆਵਾਜਾਈ, ਸਮਾਜਿਕ ਸੁਰੱਖਿਆ ਵਰਗੀਆਂ ਸਹੂਲਤਾਂ ਦੇਣ ਤੋਂ ਮੁਨਕਰ ਹੋ ਗਈ ਹੈ। ਅਜੇਹੇ ਹਾਲਾਤ ਵਿਚ ਜਥੇਬੰਦ ਹੋ ਕੇ ਸੰਘਰਸ਼ ਕਰਕੇ ਆਪਣੀ ਹੋਂਦ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਲਤਾੜੀ ਹੋਈ ਲੜਾਕੂ ਸ਼ਕਤੀ ਨੂੰ ਇਕੱਠਾ ਕਰਕੇ ਜਥੇਬੰਦ ਕਰਨ ਲਈ ਅਤੇ ਉਹਨਾਂ ਦੀਆਂ ਜੀਵਨ ਹਾਲਤਾਂ ਨੂੰ ਬਿਹਤਰ ਬਣਾਉਣ ਲਈ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਪਹਿਲਕਦਮੀ ਕੀਤੀ ਗਈ ਹੈ। 
ਜਿਲੇ ਅੰਦਰ ਇਹਨਾਂ ਨੂੰ ਜਥੇਬੰਦ ਕਰਨਾ ਬਾਕੀ ਪੰਜਾਬ ਨਾਲੋਂ ਇਸ ਲਈ ਵੀ ਥੋੜਾ ਅਸਾਨ ਸੀ ਕਿਉਂਕਿ ਇਹ ਜਿਲੇ ਅੰਦਰ ਕੇਂਦਰ ਸਰਕਾਰ ਵਲੋਂ ਸਾਖਰਤਾ ਸਕੀਮ ਅਧੀਨ ਨਿਰੰਤਰ ਸਿੱਖਿਆ ਸਕੀਮ ਸ਼ੁਰੂ ਕਰਕੇ ਹਰ ਪਿੰਡ ਅੰਦਰ ਲਾਇਬਰੇਰੀਆਂ ਖੋਲੀਆਂ ਸਨ ਅਤੇ ਪ.ਸ.ਸ.ਫ. ਵਲੋਂ 'ਸਾਖਰਤਾ ਮੁਲਾਜ਼ਮ ਯੂਨੀਅਨ' ਦੇ ਨਾਂ ਹੇਠ ਜਥੇਬੰਦੀ ਬਣਾਈ ਗਈ ਸੀ। ਪ੍ਰੰਤੂ 2009 ਵਿਚ ਇਹ ਸਕੀਮ ਬੰਦ ਕਰ ਦਿੱਤੀ  ਗਈ। ਜਥੇਬੰਦੀ ਵਲੋਂ ਸੰਘਰਸ਼ਾਂ ਸਦਕਾ ਉਹਨਾਂ ਮੁਲਾਜ਼ਮਾਂ ਨੂੰ ਮੇਟ ਰਖਵਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਲਈ ਇਹਨਾਂ ਮੇਟਾਂ ਨੇ ਪ.ਸ.ਸ.ਫ. ਅਤੇ ਦਿਹਾਤੀ ਮਜ਼ਦੂਰ ਸਭਾ ਨਾਲ ਮਿਲਕੇ ਮਜ਼ਦੂਰਾਂ ਨੂੰ ਜਥੇਬੰਦ ਕੀਤਾ। ਜਥੇਬੰਦੀ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ, ਦਿਹਾੜੀ 350 ਰੁਪਏ ਕੀਤੀ ਜਾਵੇ, ਮੇਟਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿਚ ਲਿਆ ਕੇ ਮਾਣ ਭੱਤਾ ਦਿੱਤਾ ਜਾਵੇ। ਮਜ਼ਦੂਰਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਜਾਣ, ਕਾਨੂੰਨ ਅਨੁਸਾਰ ਪੰਜ ਪਿੰਡਾਂ ਮਗਰ ਇਕ ਗ੍ਰਾਮ ਰੋਜ਼ਗਾਰ ਸੇਵਕ ਰੱਖਿਆ ਜਾਵੇ, ਮਨਰੇਗਾ ਦਾ ਦਫਤਰ ਬੀ.ਡੀ.ਓ. ਦਫਤਰ ਤੋਂ ਅਲੱਗ ਕੀਤਾ ਜਾਵੇ, ਮੇਟਾਂ ਨੂੰ ਮੀਟਿੰਗਾਂ 'ਚ ਆਉਣ ਅਤੇ ਹੋਰ ਸਰਕਾਰੀ ਕੰਮਾਂ ਲਈ ਦਫਤਰ ਆਉਣ ਦਾ ਸਫਰੀ ਭੱਤਾ ਦਿੱਤਾ ਜਾਵੇ, ਸੋਸ਼ਲ ਅਡਿਟ ਜੋ ਕਿ ਕਿਸੇ ਐਨਜੀਓ ਰਾਹੀਂ ਕਰਵਾਇਆ ਜਾਂਦਾ ਹੈ, ਉਸਨੂੰ ਅਮਲੀ ਰੂਪ ਦਿੰਦੇ ਹੋਏ ਪਿੰਡ-ਪਿੰਡ ਅਜਲਾਸ ਕਰਵਾ ਕੇ ਕਰਵਾਇਆ ਜਾਵੇ, ਪਿੰਡ-ਪਿੰਡ ਕੰਮ ਵਾਲੀ ਥਾਂ 'ਤੇ ਪਾਣੀ ਦਾ ਵਾਟਰ ਕੂਲਰ ਰੱਖਿਆ ਜਾਵੇ, ਪਿੰਡਾਂ ਦੀ ਧੜੇਬੰਦੀ ਕਾਰਨ ਮੇਟਾਂ ਨੂੰ ਕੱਢਣਾ ਅਤੇ ਬਦਲਨਾ ਬੰਦ ਕੀਤਾ ਜਾਵੇ ਅਤੇ ਕੱਢੇ ਮੇਟਾਂ ਨੂੰ ਵਾਪਸ ਰੱਖਿਆ ਜਾਵੇ। 
ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਮਿਤੀ 23 ਮਾਰਚ ਨੂੰ ਸ਼ਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਵਿਖੇ ਪੇਂਡੂ ਰੋਜ਼ਗਾਰ ਵਰਕਰਜ਼ ਯੂਨੀਅਨ ਦੀ ਜੱਥੇਬੰਦਕ ਕਾਨਫਰੰਸ ਕਰਕੇ ਜਿਲਾ ਪੱਧਰੀ ਚੋਣ ਕੀਤੀ ਗਈ। ਇਸ ਮੌਕੇ ਜਿਲੇ ਭਰ ਤੋਂ ਮੇਟ ਅਤੇ ਮਜ਼ਦੂਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਕਾਨਫਰੰਸ ਨੂੰ ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਪ੍ਰਧਾਨ ਕਾਮਰੇਡ ਮਹਿੰਦਰ ਸਿੰਘ ਖੈਰੜ, ਸਾਖਰਤਾ ਮੁਲਾਜ਼ਮ ਯੂਨੀਅਨ ਦੇ ਜ਼ਿਲਾ ਜਨਰਲ ਸਕੱਤਰ ਅਨਿਲ ਕੁਮਾਰ ਨੇ ਸੰਬੋਧਨ ਕੀਤਾ। ਪੇਂਡੂ ਰੋਜ਼ਗਾਰ ਮੁਲਾਜ਼ਮ ਯੂਨੀਅਨ ਜ਼ਿਲਾ ਹੁਸ਼ਿਆਰਪੁਰ ਦੀ ਚੋਣ ਕੀਤੀ ਗਈ ਜਿਸ ਵਿਚ ਪ੍ਰਧਾਨ ਨਰਿੰਦਰ ਕੌਰ ਹੇੜੀਆਂ, ਮੀਤ ਪ੍ਰਧਾਨ ਸੁਰਿੰਦਰ ਕੌਰ ਡਾਡਾ, ਸਕੱਤਰ ਸੁਖਵਿੰਦਰ ਕੌਰ ਨੰਗਲ ਫਰੀਦ, ਕੈਸ਼ੀਅਰ ਬਲਰਾਜ ਕੁਮਾਰ ਮਸਕਾਰੇ, ਸਲਾਹਕਾਰ ਮਹਿੰਦਰ ਸਿੰਘ ਖੈਰੜ ਅਤੇ ਅਨਿਲ ਕੁਮਾਰ ਸਹਿਤ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। 

ਜ਼ਿਲਾ ਹੁਸ਼ਿਆਰਪੁਰ ਦੇ ਵੱਖ ਵੱਖ ਬਲਾਕਾਂ ਵਿਚ ਇਕੱਠ ਕਰਕੇ ਇਸ ਯੂਨੀਅਨ ਦੀਆਂ ਬਲਾਕ ਪੱਧਰੀ ਇਕਾਈਆਂ ਦਾ ਗਠਨ ਕੀਤਾ ਗਿਆ।
ਬਲਾਕ ਗੜ੍ਹਸ਼ੰਕਰ : ਗਾਂਧੀ ਪਾਰਕ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਕੀਤੀ ਗਈ ਚੋਣ ਵਿਚ ਪ੍ਰਧਾਨ ਬਲਵੀਰ ਰਾਮ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਕੁਮਾਰ, ਮਹਿੰਦਰ ਕੌਰ, ਮੀਤ ਪ੍ਰਧਾਨ ਸੀਮਾ ਰਾਣੀ, ਰਜਿੰਦਰ ਸਿੰਘ, ਰਾਜ ਕੁਮਾਰ, ਜਨਰਲ ਸਕੱਤਰ ਕਮਲਜੀਤ ਕੌਰ, ਸਹਾਇਕ ਸਕੱਤਰ ਹਰਜਿੰਦਰ ਕੌਰ, ਰਾਜ ਰਾਣੀ, ਗੁਰਦੇਵ ਸਿੰਘ ਮੁੱਖ ਸਲਾਹਕਾਰ ਰਾਮਜੀ ਦਾਸ ਚੌਹਾਨ ਅਤੇ ਚਰਨਜੀਤ ਸਿੰਘ, ਕ੍ਰਿਸ਼ਨਾ ਦੇਵੀ, ਕੈਲਾਸ਼ ਰਾਣੀ, ਭੋਲੀ ਨੂੰ ਮੈਂਬਰ ਚੁਣਿਆ ਗਿਆ। 

ਬਲਾਕ ਮਾਹਿਲਪੁਰ : ਸਾਥੀ ਮਹਿੰਦਰ ਸਿੰਘ ਖੈਰੜ ਅਤੇ ਪ੍ਰਿੰਸੀਪਲ ਪਿਆਰਾ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੇ ਅੰਤ ਵਿਚ ਪੇਂਡੂ ਰੋਜ਼ਗਾਰ ਵਰਕਰਜ਼ ਯੂਨੀਅਨ ਬਲਾਕ ਮਾਹਿਲਪੁਰ ਦੀ ਚੋਣ ਕੀਤੀ ਗਈ। ਇਸ ਵਿਚ ਪ੍ਰਧਾਨ ਪਲਵਿੰਦਰ ਕੌਰ, ਸਕੱਤਰ ਜਸਵਿੰਦਰ ਕੌਰ ਚੰਦੇਲੀ, ਮੁੱਖ ਸਲਾਹਕਾਰ ਸਤਪਾਲ ਲੱਠ ਤੋਂ ਇਲਾਵਾ ਪਰਮਜੀਤ ਕੌਰ ਡਾਂਡੀਆ, ਭੁਪਿੰਦਰ ਬਾੜੀਆ, ਸਰੋਜ ਬਾਲਾ ਮਨੋਲੀਆ, ਪੁਸ਼ਪਾ ਰਾਣੀ ਬਾੜੀਆ ਖੁਰਦ, ਸੁਮੋਧ ਕੌਰ ਹਕੂਮਤਪੁਰ, ਰਜਿੰਦਰ ਕੌਰ, ਸ਼ੰਕਰ ਦਾਸ ਹਕੂਮਤਪੁਰ, ਗੁਰਮੀਤ ਕੌਰ ਨੂਰਪੁਰ, ਹੰਸ ਰਾਜ ਲਲਵਾਣ, ਬਲਜਿੰਦਰ ਕੌਰ ਨੀਤਪੁਰ ਨੂੰ ਮੈਂਬਰ ਚੁਣਿਆ ਗਿਆ। 

ਬਲਾਕ ਹੁਸ਼ਿਆਰਪੁਰ : ਸਰਵ ਸਾਥੀ ਮਹਿੰਦਰ ਸਿੰਘ ਖੈਰੜ ਅਤੇ ਮਨਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਬੀ.ਡੀ.ਓ. ਬਲਾਕ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਚੁਣੀ ਗਈ ਟੀਮ ਵਿਚ ਪ੍ਰਧਾਨ ਜਸਵੀਰ ਕੌਰ ਨੂਰਤਲਾਈ, ਮੀਤ ਪ੍ਰਧਾਨ ਸਤਨਾਮ ਕੌਰ ਧਾਮੀਆ ਸਕੱਤਰ, ਬਲਰਾਜ ਸਿੰਘ ਮਸਕਾਰੇ, ਸਹਾਇਕ ਸਕੱਤਰ ਕੁਲਵਿੰਦਰ ਕੌਰ ਫਤਿਹਗੜ੍ਹ ਨਿਆੜਾ, ਸਲਾਹਕਾਰ ਮਹਿੰਦਰ ਖੈਰੜ, ਅਨਿਲ ਕੁਮਾਰ ਸਹਿਤ 13 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। 

ਬਲਾਕ ਹੁਸ਼ਿਆਰਪੁਰ-2 : ਜ਼ਿਲ੍ਹਾ ਪ੍ਰਧਾਨ ਨਰਿੰਦਰ ਕੌਰ ਹੇੜੀਆਂ ਦੀ ਪ੍ਰਧਾਨ ਹੇਠ ਬੀ.ਡੀ.ਓ. ਬਲਾਕ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਮਹਿੰਦਰ ਸਿੰਘ ਖੈਰੜ, ਪ.ਸ.ਸ.ਫ. ਆਗੂ ਮਨਜੀਤ ਸਿੰਘ ਸੈਣੀ, ਇੰਦਰਜੀਤ ਵਿਰਦੀ, ਅਨਿਲ ਕੁਮਾਰ ਨੇ ਸੰਬੋਧਨ ਕੀਤਾ। ਬਲਾਕ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ ਜਿਸ ਵਿਚ ਇੰਦਰਜੀਤ ਕੌਰ ਜਹਾਨਖੇਲਾਂ ਨੂੰ ਪ੍ਰਧਾਨ, ਸੁਰਜੀਤ ਕੌਰ ਡਾਡਾ ਨੂੰ ਮੀਤ ਪ੍ਰਧਾਨ, ਕੁਲਵੰਤ ਕੌਰ ਜਟਪੁਰ ਨੂੰ ਸਕੱਤਰ, ਜਸਕਰਨਜੀਤ ਕੌਰ ਮਹਿਤਪੁਰ ਨੂੰ ਵਿੱਤ ਸਕੱਤਰ ਸਹਿਤ 11 ਮੈਂਬਰੀ ਕਮੇਟੀ ਗਠਿਤ ਕੀਤੀ ਗਈ। 

ਬਲਾਕ ਟਾਂਡਾ : ਸਰਵਸਾਥੀ ਸੁਖਦੇਵ ਜਾਜਾ ਅਤੇ ਅਜੀਬ ਦਿਵੇਦੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਬਲਾਕ ਪੱਧਰੀ ਚੋਣ ਕੀਤੀ ਗਈ ਜਿਸ ਵਿਚ ਪ੍ਰਧਾਨ ਸੱਤਿਆ ਦੇਵੀ ਰਾਜਪਾਲ, ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਕੌਰ ਜਾਜਾ, ਸਕੱਤਰ ਸਰਬਜੀਤ ਕੌਰ ਮਸੀਤੀ, ਵਿੱਤ ਸਕੱਤਰ ਮਨਜੀਤ ਕੌਰ ਉਹੜਪੁਰ, ਮੁੱਖ ਸਲਾਹਕਾਰ ਸੁਖਦੇਵ ਜਾਜਾ, ਅਜੀਬ ਦਿਵੇਦੀ ਨੂੰ ਚੁਣਿਆ ਗਿਆ। 

ਬਲਾਕ ਭੂੰਗਾ : ਬੀ.ਡੀ.ਓ. ਦਫਤਰ ਭੂੰਗਾ ਵਿਖੇ ਬਲਾਕ ਪੱਧਰ ਚੋਣ ਕੀਤੀ ਗਈ। ਜਿਸ ਵਿਚ ਪ੍ਰਧਾਨ ਸੰਤੋਖ ਸਿੰਘ ਕੋਟਲੀ, ਮੀਤ ਪ੍ਰਧਾਨ ਊਸ਼ਾ ਰਾਣੀ ਰਾਮ ਟਟਵਾਲੀ, ਸਕੱਤਰ ਰਣਜੀਤ ਕੌਰ ਅੱਭੋਵਾਲ, ਸਹਾਇਕ ਸਕੱਤਰ ਜਸਵਿੰਦਰ ਸਿੰਘ ਨੂਰਪੁਰ, ਸਲਾਹਕਾਰ ਅਸ਼ੋਕ ਕੁਮਾਰ ਪੰਡੋਰੀ ਅਟਵਾਲ ਸਹਿਤ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। 

ਬਲਾਕ ਹਾਜੀਪੁਰ : ਸਰਵਸਾਥੀ ਸੂਬਾ ਸਿੰਘ ਅਤੇ ਮੁਲਖ ਰਾਜ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਕੀਤੀ ਗਈ ਚੋਣ ਵਿਚ ਪ੍ਰਧਾਨ ਅਸ਼ੋਕ ਕੁਮਾਰ ਗੁਰਦਾਸਪੁਰ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਕੌਰ ਨਿਮੋਲੀ, ਮੀਤ ਪ੍ਰਧਾਨ ਸੁਰਿੰਦਰ ਕੌਰ ਗੇਰਾ, ਪ੍ਰਸਿੰਨ ਕੌਰ ਭਵਨਾਲ, ਸਕੱਤਰ ਸ਼ੋਭਾ ਦੱਤਾ ਵੀਰਭਾਨ, ਸਹਾਇਕ ਸਕੱਤਰ ਨੀਲਮ ਗਾਲੜੀਆ, ਵਿੱਤ ਸਕੱਤਰ ਬ੍ਰਹਮਜੋਤੀ ਅਮਲੋਹ, ਪ੍ਰੈਸ ਸਕੱਤਰ ਰਜਨੀ ਬਰੋਟਾ, ਸਹਾਇਕ ਕੈਸ਼ੀਅਰ ਪਰਮਜੀਤ ਕੌਰ ਅਰਵਾਲ, ਮੁਖ ਸਲਾਹਕਾਰ ਮੁਲਖਰਾਜ ਅਤੇ ਸੂਬਾ ਸਿੰਘ ਨੂੰ ਚੁਣਿਆ ਗਿਆ। ਰਿਪੋਰਟ : ਮਹਿੰਦਰ ਸਿੰਘ ਖੈਰੜ

ਦਿਹਾਤੀ ਮਜ਼ਦੂਰ ਸਭਾ ਵਲੋਂ ਬੀ ਡੀ ਪੀ ਓ ਦਫਤਰ ਵਿਖੇ ਧਰਨਾ
ਪਿਛਲੇ ਕਾਫੀ ਸਮੇਂ ਤੋਂ ਜਲੰਧਰ ਦੀ ਫਿਲੌਰ ਤਹਿਸੀਲ ਦੇ ਪਿੰਡ ਪੱਦੀ ਜਗੀਰ ਵਿਖੇ ਦਲਿਤਾਂ ਦੇ ਘਰਾਂ ਵਿੱਚ ਪੈ ਰਹੇ ਗੰਦੇ ਪਾਣੀ ਦੀ ਨਿਕਾਸੀ ਦੇ ਯੋਗ ਹੱਲ ਲਈ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਫਿਲੌਰ ਵੱਲੋਂ ਬੀ ਡੀ ਪੀ ਓ ਦਫਤਰ ਫਿਲੌਰ ਵਿਖੇ ਧਰਨਾ ਦਿੱਤਾ ਗਿਆ, ਜਿਸ ਵਿੱਚ ਸੈਂਕੜੇ ਮਜ਼ਦੂਰ ਔਰਤਾਂ ਅਤੇ ਦਲਿਤਾਂ ਨੇ ਸ਼ਿਰਕਤ ਕੀਤੀ। ਇਸ ਧਰਨੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਜਰਨੈਲ ਫਿਲੌਰ, ਮੇਜਰ ਫਿਲੌਰ ਅਤੇ ਤਰਸੇਮ ਲਾਲ ਸਾਬਕਾ ਸਰਪੰਚ ਨੇ ਕੀਤੀ ਅਤੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। 
ਇਸ ਸਮੇਂ ਆਪਣੇ ਸੰਬੋਧਨ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਨੇ  ਕਿਹਾ ਕਿ ਪ੍ਰਸ਼ਾਸਨ ਪੂਰੀ ਰਾਜਨੀਤਕ ਸ਼ਹਿ 'ਤੇ ਪਿੰਡ ਪੱਦੀ ਜਗੀਰ ਵਿਖੇ ਦਲਿਤਾਂ ਦੇ ਵਿਹੜਿਆਂ ਵਿੱਚ ਪਾਣੀ ਪਾ ਰਿਹਾ ਹੈ ਅਤੇ ਦੋਸ਼ੀ ਵਿਅਕਤੀਆਂ ਦੀ ਪੁਸ਼ਤ-ਪਨਾਹੀ ਕੀਤੀ ਜਾ ਰਹੀ ਹੈ। ਉਨ੍ਹਾ ਐਲਾਨ ਕੀਤਾ ਕਿ ਜਿੰਨਾ ਚਿਰ ਸਮੱਸਿਆ ਦਾ ਹੱਲ ਨਹੀਂ ਹੁੰਦਾ, ਧਰਨਾ ਜਾਰੀ ਰਹੇਗਾ। 
ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਆਗੂ ਰਾਮ ਸਰੂਪ ਸਰੋਏ ਅਤੇ ਹਰਮੇਸ਼ ਗੜ੍ਹਾ ਨੇ ਦਿਹਾਤੀ ਮਜ਼ਦੂਰ ਸਭਾ ਦੇ ਇਸ ਅੰਦੋਲਨ ਦੀ ਲਗਾਤਾਰ ਹਮਾਇਤ ਕਰਨ ਦਾ ਐਲਾਨ ਕੀਤਾ। ਇਕ ਮਤਾ ਪਾਸ ਕਰਕੇ ਥਾਣਾ ਗੁਰਾਇਆ ਦੇ ਐੱਸ ਐੱਚ ਓ ਦੀ ਇਸ ਮਸਲੇ ਵਿੱਚ ਬੇਲੋੜੀ ਦਖਲ-ਅੰਦਾਜ਼ੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇੱਕ ਹੋਰ ਮਤੇ ਰਾਹੀਂ ਦਲਿਤਾਂ 'ਤੇ ਹੋ ਰਹੇ ਸਮਾਜਕ ਵਿਤਕਰੇ ਦੀ ਨਿਖੇਧੀ ਵੀ ਕੀਤੀ ਗਈ। 
ਇਸ ਧਰਨੇ ਨੂੰ ਕਾਮਰੇਡ ਦੇਵ, ਸੁਰਿੰਦਰ ਲਾਖਾ, ਰਾਮ ਲਾਲ, ਨੌਜਵਾਨ ਆਗੂ ਭੁਪਿੰਦਰਪਾਲ, ਭਾਗ ਰਾਮ ਪੰਚ, ਸੁਰਿੰਦਰ ਕੌਰ ਪੰਚ, ਇਸਤਰੀ ਆਗੂ ਸੁਨੀਤਾ ਫਿਲੌਰ ਆਦਿ ਨੇ ਸੰਬੋਧਨ ਕੀਤਾ।

ਮਨਰੇਗਾ ਮਜ਼ਦੂਰਾਂ ਵਲੋਂ ਰੋਸ ਧਰਨਾ 
ਜ਼ਿਲਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਦਿਹਾਤੀ ਮਜ਼ਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਭੋਲਾ ਸਿੰਘ ਕਲਾਲ ਮਾਜਰਾ ਤੇ ਭਾਨ ਸਿੰਘ ਸੰਘੇੜਾ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਸਬੰਧੀ ਬੀ.ਡੀ.ਪੀ.ਓ. ਦਫਤਰ ਮਹਿਲ ਕਲਾਂ ਵਿਖੇ ਰੋਸ ਧਰਨਾ ਦਿੱਤਾ ਗਿਆ ਅਤੇ ਇਸ ਤੋਂ ਪਹਿਲਾ ਅਨਾਜ ਮੰਡੀ ਮਹਿਲ ਕਲਾਂ ਤੋਂ ਔਰਤਾਂ ਤੇ ਮਰਦਾਂ ਦਾ ਚੋਖੀ ਗਿਣਤੀ ਵਿੱਚ ਰੋਸ ਮਾਰਚ ਕਰਦਾ ਹੋਇਆ ਕਾਫ਼ਲਾ ਸਥਾਨਕ ਦਫਤਰ ਵਿਖੇ ਪੁੱਜਾ। ਇਸ ਮੌਕੇ ਭੋਲਾ ਸਿੰਘ ਕਲਾਲ ਮਾਜਰਾ ਨੇ ਕੇਂਦਰ ਤੇ ਸੂਬਾ ਸਰਕਾਰਾਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ 67 ਸਾਲ ਰਾਜ ਕਰਨ ਵਾਲੀਆਂ ਧਿਰਾਂ ਨੇ ਮਜ਼ਦੂਰਾਂ ਨੂੰ ਸਲਾਨਾ ਪੱਕੇ ਰੁਜ਼ਗਾਰ ਦੇਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਅਤੇ ਨਰੇਗਾ ਕਾਨੂੰਨ ਨੂੰ ਲਾਗੂ ਨਾ ਕਰਕੇ ਸੂਬਾ ਸਰਕਾਰ ਤੇ ਅਫ਼ਸਰਸ਼ਾਹੀ ਵਲੋਂ ਮਜ਼ਦੂਰਾਂ ਨਾਲ ਧਰੋਹ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਵਿੱਦਿਆ,ਸਿਹਤ ਸਹੂਲਤਾਂ,ਰੁਜ਼ਗਾਰ ਤੇ ਸਬਸਿਡੀ ਵਾਲੀਆਂ ਰਾਸ਼ਨ ਵਸਤਾਂ ਆਦਿ ਖੋਹੀਆਂ ਜਾ ਰਹੀਆਂ ਹਨ। ਅੱਜ ਮਜ਼ਦੂਰਾਂ ਨੂੰ ਵਧ ਰਹੀ ਮਹਿੰਗਾਈ ਤੇ ਬੇਰੁਜ਼ਗਾਰੀ ਕਾਰਨ ਭੁੱਖੇ ਮਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। 
ਸਾਥੀ ਭਾਨ ਸਿੰਘ ਸੰਘੇੜਾ ਤੇ ਜਿਲ੍ਹਾ ਵਿੱਤ ਸਕੱਤਰ ਗੁਰਦੇਵ ਸਿੰਘ ਸਹਿਜੜਾ ਨੇ ਕਿਹਾ ਕਿ ਜਿਨਾਂ ਚਿਰ ਮਜ਼ਦੂਰਾਂ ਨੂੰ ਕੀਤੇ ਕੰਮ ਦੇ ਪੈਸੇ ਨਹੀਂ ਦਿੱਤੇ ਜਾਦੇ,ਮਜ਼ਦੂਰਾਂ ਨੂੰ ਡਰੇਨਾਂ ਦੀ ਸਫਾਈ ਦਾ ਕੰਮ ਨਹੀਂ ਦਿੱਤਾ ਜਾਂਦਾ ਤੇ ਪਿਛਲੇ ਚਾਰ ਮਹੀਨਿਆਂ ਦਾ  ਕਣਕ ਤੇ ਦਾਲ ਦਾ ਕੋਟਾ ਨਹੀ ਵੰਡਿਆ ਜਾਂਦਾ ਉਨਾਂ ਚਿਰ ਤੱਕ ਸੰਘਰਸ਼ ਜਾਰੀ ਰਹੇਗਾ। ਮਜ਼ਦੂਰਾਂ ਲਈ ਸਾਰਾ ਸਾਲ ਪੱਕੇ ਰੁਜ਼ਗਾਰ ਦੀ ਗਰੰਟੀ, ਮਹਿੰਗਾਈ ਦੇ ਹਿਸਾਬ ਨਾਲ 400 ਰੁਪਏ ਦਿਹਾੜੀ, ਜਾਬ ਕਾਰਡਾਂ 'ਤੇ ਹਾਜਰੀ ਲਾਉਣ, ਨੈਸ਼ਨਲ ਫੂਡ ਸਕਿਊਰਟੀ ਐਕਟ ਅਧੀਨ ਗਰੀਬ ਕਿਸਾਨਾਂ ਤੇ ਬੇਜ਼ਮੀਨੇ ਸਾਰੇ ਗਰੀਬਾਂ ਨੂੰ ਇੱਕ ਰੁਪਏ ਪ੍ਰਤੀ ਕਿਲੋ ਵਾਲ਼ੀ ਕਣਕ ਵੰਡਾਉਣ ਲਈ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ। ਉਨ੍ਹਾਂ ਨੇ ਮਜ਼ਦੂਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੱਕਾਂ ਦੀ ਪ੍ਰਾਪਤੀ ਵਾਸਤੇ ਮਜ਼ਦੂਰਾਂ ਨੂੰ ਦਿਹਾਤੀ ਮਜ਼ਦੂਰ ਸਭਾ ਜਥੇਬੰਦੀ ਨਾਲ ਜੁੜ ਕੇ ਵਿਸਾਲ ਏਕਤਾ ਬਣਾ ਕੇ ਸੰਘਰਸ਼ਾਂ ਦਾ ਪਿੜ ਮੱਲਣਾ ਪੈਣਾ ਹੈ । ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂ ਮਹੀਪਾਲ ਸਿੰਘ ਬਠਿੰਡਾ,ਅਮਰਜੀਤ ਸਿੰਘ ਕੁੱਕੂ, ਸੁਖਦੇਵ ਸਿੰਘ ਛੀਨੀਵਾਲ, ਪਿਆਰਾ ਸਿੰਘ ਮਹਿਲ ਖੁਰਦ, ਮਹਿੰਦਰ ਸਿੰਘ, ਬੁੱਧ ਸਿੰਘ ਛੀਨੀਵਾਲ ਖੁਰਦ, ਦਰਸ਼ਨ ਸਿੰਘ ਬਾਹਮਣੀਆਂ, ਸਧੂ੍ਰਰਾ ਸਿੰਘ ਲੋਹਗੜ੍ਹ, ਦਾਰਾ ਸਿੰਘ ਦਨੇਰ, ਬੀਬੀ ਰਾਣੀ ਕੌਰ ਸਹੌਰ, ਜਸਮੇਲ ਕੌਰ ਬੀਹਲਾ ਤੇ ਕੁਲਵਿੰਦਰ ਕੌਰ, ਉਜਾਗਰ ਸਿੰਘ ਗਹਿਲ, ਰੇਸ਼ਮ ਸਿੰਘ ਚੰਨਣਵਾਲ, ਲਾਭ ਕੌਰ ਤੇ ਬਲਜਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ। 

ਮਨਰੇਗਾ ਮਜਦੂਰਾਂ ਨੇ ਕੀਤਾ ਬੀ.ਡੀ.ਪੀ.ਓ. ਦਫਤਰ ਵਿਖੇ ਰੋਸ ਮੁਜ਼ਾਹਰਾ
ਸਰਦੂਲਗੜ੍ਹ ਨੇੜਲੇ ਪਿੰਡ ਰੋੜਕੀ ਦੇ ਮਨਰੇਗਾ ਮਜਦੂਰਾਂ ਨੇ 21 ਅਪ੍ਰੈਲ ਨੂੰ ਦਿਹਾਤੀ ਮਜਦੂਰ ਸਭਾ ਦੀ ਅਗਵਾਈ ਵਿੱਚ ਸਥਾਨਕ ਬੀ.ਡੀ.ਪੀ.ਓ ਦਫਤਰ ਵਿਖੇ ਜਬਰਦਸਤ ਰੋਸ ਮੁਜ਼ਾਹਰਾ ਕੀਤਾ। ਮਜਦੂਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਮਨਰੇਗਾ ਅਧੀਨ ਦਸ ਮਹੀਨੇ ਪਹਿਲਾਂ ਕੀਤੀ ਗਏ ਕੰਮ ਦੇ ਪੈਸੇ ਹਾਲੇ ਤੱਕ ਵੀ ਨਹੀਂ ਮਿਲੇ। ਮਜਦੂਰਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਕੰਮ ਦਾ ਕਾਫੀ ਹਿੱਸਾ ਰਿਕਾਰਡ ਵਿੱਚ ਦਰਜ ਕਰਕੇ ਉਨ੍ਹਾਂ ਦੀਆਂ ਹਾਜ਼ਰੀਆਂ ਵੀ ਨਹੀ ਲਾਈਆਂ ਗਈਆਂ।ਇਸ ਮੌਕੇ ਮਜਦੂਰਾਂ ਨੇ ਸਥਾਨਕ ਬਲਾਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪਿਆ । ਧਰਨੇ ਦੀ ਅਗਵਾਈ ਕਰ ਰਹੇ ਦਿਹਾਤੀ ਮਜਦੂਰ ਸਭਾ ਦੇ ਸੂਬਾ ਆਗੂ ਸਾਥੀ ਮਹੀਪਾਲ ਨੇ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਅੱਜ ਰੋਟੀ ਤੋਂ ਬੈਠੇ ਹਾਂ ਸਾਡੇ ਚੁੱਲ੍ਹੇ ਨਹੀਂ ਬਲ ਰਹੇ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਕੋਲ ਕਮਾਈ ਦਾ ਸਾਧਨ ਕੇਵਲ ਉਨ੍ਹਾਂ ਦੇ ਦੋ ਹੱਥ ਹਨ, ਇਹੋ ਉਨ੍ਹਾਂ ਦੀ ਫੈਕਟਰੀ ਹੈ। ਇਸ ਲਈ ਉਨ੍ਹਾਂ ਦਾ ਬਣਦਾ ਪੈਸਾ ਹਰ ਹਾਲ ਮਿਲਣਾ ਚਾਹੀਦਾ ਹੈ। ਜੇਕਰ ਜਲਦੀ ਹੀ ਮਜਦੂਰਾਂ ਨੂੰ ਉਨ੍ਹਾ ਦੀ ਮਿਹਨਤ ਦਾ ਪੈਸਾ ਨਾ ਦਿੱਤਾ ਗਿਆ ਤਾਂ ਇਸ ਦਫਤਰ ਦਾ ਘਿਰਾਉ ਕੀਤਾ ਜਾਵੇਗਾ ਜਿਸਦੀ ਜਿੰਮੇਵਾਰ ਸਬੰਧਤ ਮਹਿਕਮਾ ਅਤੇ ਪੰਜਾਬ ਸਰਕਾਰ ਸਿਰ ਹੋਵੇਗੀ। ਪੰਜਾਬ ਸਰਕਾਰ ਰਿਹਾਇਸ਼ੀ ਪਲਾਟ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਨ ਪੈਨਸ਼ਨ, ਆਸ਼੍ਰਿਤ ਪੈਨਸ਼ਨਾਂ ਅਤੇ 31000 ਰੁਪਏ ਸ਼ਗਨ ਸਕੀਮ, ਮੁਫਤ ਬਿਜਲੀ, ਪ੍ਰਾਈਵੇਟ ਸਕੂਲਾਂ 'ਚ ਐੱਸ.ਸੀ ਬੱਚਿਆਂ ਲਈ ਮੁਫਤ ਵਿੱਦਿਆ ਆਦਿ ਦੇ ਗਰੀਬਾਂ ਨਾਲ ਕੀਤੇ ਸਾਰੇ ਚੋਣ ਵਾਅਦਿਆਂ ਤੋ ਭੁੱਲ ਚੁੱਕੀ ਹੈ। ਉਨ੍ਹਾਂ ਐਲਾਨ ਕੀਤਾ ਕਿ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਵਾਢੀ ਪਿੱਛੋਂ ਸਥਾਨਕ ਬੀ.ਡੀ.ਪੀ.ਓ ਅਤੇ ਹੋਰ ਵਿਭਾਗਾਂ ਖਿਲਾਫ ਸਖਤ ਰੋਸ ਐਕਸ਼ਨ ਕੀਤਾ ਜਾਵੇਗਾ। 
ਇਸ ਮੌਕੇ ਦਿਹਾਤੀ ਮਜਦੂਰ ਸਭਾ ਦੇ ਆਗੂ ਕਸ਼ਮੀਰ ਸਿੰਘ, ਅੰਗਰੇਜ ਕੌਰ, ਸੁਖਦੇਵ ਸਿੰਘ ਅਤੇ ਮੰਦਰ ਸਿੰਘ ਰੋੜਕੀ, ਭਰਾਤਰੀ ਜੱਥੇਬੰਦੀ ਜਮਹੂਰੀ ਕਿਸਾਨ ਸਭਾ ਵੱਲੋਂ ਲਾਲ ਚੰਦ, ਸੀ.ਟੀ.ਯੂ. .ਵੱਲੋ ਨਰਿੰਦਰ ਸੋਮਾ ਨੇ ਵੀ ਸੰਬੋਧਨ ਕੀਤਾ। ਇਸ ਪਿੱਛੋਂ ਪ੍ਰਦਰਸ਼ਨਕਾਰੀ ਮਜਦੂਰ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਆਟਾ ਦਾਲ ਵੰਡਣ ਦੇ ਸੰਬੰਧ ਵਿੱਚ ਮਿਲੇ। ਜਦੋਂ ਇਸ ਸਬੰਧੀ ਬੀ.ਡੀ.ਪੀ.ਓ. ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਇਹ ਮਾਮਲਾ ਮੇਰੇ ਅੱਜ ਹੀ ਧਿਆਨ ਵਿੱਚ ਲਿਆਂਦਾ ਹੈ । ਮਜਦੂਰਾਂ ਦੇ ਖਾਤਾ ਨੰਬਰ ਗਲਤ ਹੋਣ ਕਰਕੇ ਮਜਦੂਰਾ ਕੋਲ ਉਨ੍ਹਾਂ ਦਾ ਪੈਸਾ ਨਹੀਂ ਪਹੁੰਚ ਸਕਿਆ। ਖਾਤਾ ਨੰਬਰ ਹੁਣ ਠੀਕ ਕਰਕੇ ਜਲਦੀ ਹੀ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਦੇ ਦਿੱਤਾ ਜਾਵੇਗਾ।

ਪੀ.ਐਸ.ਐਫ. ਵੱਲੋਂ ਗੁਰੂ ਨਾਨਕ ਦੇਵ 'ਵਰਸਿਟੀ ਦੇ ਵਾਈਸ ਚਾਂਸਲਰ ਦੇ ਦਫਤਰ ਦਾ ਘਿਰਾਓ
ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐੱਸ.ਐੱਫ) ਵੱਲੋਂ ਵਿਦਿਆਰਥੀਆਂ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਧੱਕੇ ਖਿਲਾਫ ਵਾਈਸ ਚਾਂਸਲਰ ਦੇ ਦਫਤਰ ਅੱਗੇ 17 ਅਪ੍ਰੈਲ ਨੂੰ ਪੀ.ਐੱਸ.ਐੱਫ. ਆਗੂ ਵਤਨਦੀਪ ਕੌਰ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ। 
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸਾਥੀ ਅਜੈ ਫਿਲੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਿੱਜੀਕਰਨ ਰਾਹੀਂ ਜਿਸ ਤਰ੍ਹਾਂ ਸਿੱਖਿਆ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਕੀਤਾ ਜਾ ਰਿਹਾ ਹੈ, ਉਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਇਸੇ ਦਿਸ਼ਾ ਵਿੱਚ ਚੱਲ ਰਹੀ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦੁਆਰਾ ਵਿਦਿਆਰਥੀਆਂ ਨਾਲ ਵੱਡੇ ਪੱਧਰ 'ਤੇ ਧੋਖਾ ਕੀਤਾ ਗਿਆ, ਕਿਉਂਕਿ ਬੀ.ਏ. ਭਾਗ ਦੂਜਾ ਦੇ ਬਹੁਤ ਜ਼ਿਆਦਾ ਵਿਦਿਆਰਥੀਆਂ ਨੂੰ ਰਾਜਨੀਤੀ ਸ਼ਾਸਤਰ ਵਿੱਚੋਂ ਜਾਣਬੁੱਝ ਕੇ ਫੇਲ੍ਹ ਕਰ ਦਿੱਤਾ ਗਿਆ ਅਤੇ ਸਿਰਫ 2-2 ਨੰਬਰ ਦਿੱਤੇ ਗਏ ਹਨ। ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਨੂੰ ਰਿ-ਚੈਕਿੰਗ ਦੀ ਫੀਸ ਭਰਨ ਦੀ ਗੱਲ ਕਹਿ ਰਹੀ ਹੈ, ਪਰ ਗਰੀਬ ਬੱਚੇ ਇਹ ਫੀਸ ਭਰਨ ਤੋਂ ਪੂਰੀ ਤਰ੍ਹਾਂ ਅਸਮਰਥ ਹਨ। ਇਸ ਮੌਕੇ ਜਦੋਂ ਵਿਦਿਆਰਥੀ ਆਗੂ ਵਾਈਸ ਚਾਂਸਲਰ ਅਜੈਬ ਸਿੰਘ ਬਰਾੜ ਨੂੰ ਮੰਗ ਪੱਤਰ ਦੇਣ ਲਈ ਗਏ ਤਾਂ ਵਾਈਸ ਚਾਂਸਲਰ ਨੇ ਵਿਦਿਆਰਥੀ ਆਗੂਆਂ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਵਾਈਸ ਚਾਂਸਲਰ ਦੇ ਇਸ ਵਤੀਰੇ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਸਰਬਜੀਤ ਸਿੰਘ ਹੈਰੀ ਨੇ ਕਿਹਾ ਕਿ ਸਭਾ ਇਸ ਮਸਲੇ 'ਤੇ ਵਿਦਿਆਰਥੀਆਂ ਨਾਲ ਪੂਰਾ ਸਹਿਯੋਗ ਕਰੇਗੀ ਅਤੇ ਸੰਘਰਸ਼ ਵਿਚ ਆਪਣਾ ਪੂਰਾ ਯੋਗਦਾਨ ਪਾਵੇਗੀ।

No comments:

Post a Comment